ਗੁਲਜ਼ਾਰ ਸਿੰਘ ਸੰਧੂ
ਲੁਧਿਆਣਾ ਦੇ ਜੰਮੇ ਜਾਏ ਤੇ ਅਮਰੀਕਾ ਦੇ ਨਿਊ ਜਰਸੀ ਖੇਤਰ ਵਿਚ ਵੱਡੀ ਪੱਧਰ ‘ਤੇ ਸੁਗੰਧੀਆਂ ਅਤੇ ਹੋਟਲਾਂ ਦੇ ਕੰਮ ਵਿਚ ਰੁੱਝੇ ਅਨਿਲ ਮੋਂਗਾ ਨੇ ਸਰਹਿੰਦ ਨਹਿਰ ਦੇ ਕੰਢੇ ਦੋਰਾਹਾ ਨੇੜੇ ਇਕ Ḕਡਰੀਮ ਐਂਡ ਬੀਊਟੀ ਚੈਰੀਟੇਬਲ ਟਰਸਟḔ ਸਥਾਪਤ ਕੀਤਾ ਹੈ। ਇਸ ਨਾਲ ਉਸ ਨੇ ਆਪਣੇ ਜੱਦੀ ਪੁਸ਼ਤੀ ਜ਼ਿਲ੍ਹਾ ਲੁਧਿਆਣਾ ਤੋਂ ਹੀ ਨਹੀਂ ਪੰਜਾਬ ਦੇ ਕੋਨੇ ਕੋਨੇ ਤੋਂ ਮਹਿਮਾ ਖੱਟੀ ਹੈ। ਜਰਨੈਲੀ ਸੜਕ ਤੋਂ ਮਸਾਂ ਇੱਕ ਫਰਲਾਂਗ ਦੀ ਵਿੱਥ ਉਤੇ ਰਾਮਪੁਰ ਨੂੰ ਜਾਂਦੀ ਸੜਕ ਦੇ ਕੰਢੇ ਪੰਦਰਾਂ ਏਕੜ ਭੂਮੀ ਵਿਚ ਮੁਖ ਦਫਤਰ ਖੋਲ੍ਹ ਕੇ ਇਸ ਟਰਸਟ ਨੇ ਬਹੁਤ ਵਧੀਆ ਕੰਮ ਵਿੱਢੇ ਹਨ। ਸਮਰਾਲਾ ਚੌਕ ਉਤੇ ਹਜ਼ਾਰ ਬਾਰਾਂ ਸੌ ਬੰਦਿਆਂ ਨੂੰ ਬ੍ਰਹਮ ਭੋਜ ਵਰਤਾਉਂਦਿਆਂ ਦੋ ਦਹਾਕੇ ਹੋਣ ਵਾਲੇ ਹਨ। ਇਸ ਹੀ ਚੌਕ ‘ਤੇ 35 ਬਿਸਤਰਿਆਂ ਦਾ ਕਰਮਾ ਨਾਂ ਦਾ ਹਸਪਤਾਲ ਚਾਲੂ ਕੀਤਿਆਂ ਡੇਢ ਦਹਾਕਾ ਤੇ ਲੋੜਵੰਦ ਬੱਚਿਆਂ ਲਈ ਕੰਪਿਊਟਰ ਦੀ ਤਕਨੀਕੀ ਸਿਖਾਈ ਤੇ ਅੰਗਰੇਜ਼ੀ ਭਾਸ਼ਾ ਦੀ ਵਿਦਿਆ ਦਾ ਪ੍ਰਬੰਧ ਕੀਤਿਆਂ ਅੱਧਾ ਦਹਾਕਾ। ਬੱਚਿਆਂ ਦੀ ਸਿਖਲਾਈ ਤੇ ਵਿਦਿਆ ਦਾ ਪ੍ਰਬੰਧ ਸਮਰਾਲਾ ਚੌਕ ਤੱਕ ਹੀ ਸੀਮਤ ਨਹੀਂ ਇਸ ਦਾ ਇੱਕ ਸੈਂਟਰ ਜਲੰਧਰ ਵਿਚ ਹੈ ਤੇ ਇਕ ਦੋਰਾਹਾ ਵਾਲੇ ਮੁਖ ਦਫਤਰ ਵਿਚ। ਕੁਝ ਬੱਚਿਆਂ ਨੂੰ ਦਿੱਤੀ ਨਵੀਂ ਵਿਦਿਆ ਦੇ ਆਧਾਰ ‘ਤੇ ਉਨ੍ਹਾਂ ਨੂੰ ਟਰੱਸਟ ਵਿਚ ਨੌਕਰੀ ਵੀ ਦਿੱਤੀ ਗਈ ਹੈ।
ਸਮਰਾਲਾ ਤਹਿਸੀਲ ਦੀ ਖੰਨਾ-ਸੰਘੋਲ ਸੜਕ ਉਤੇ ਪੈਂਦਾ ਕੋਟਲਾ ਬਡਲਾ ਮੇਰਾ ਨਾਨਕਾ ਪਿੰਡ ਹੋਣ ਕਾਰਨ ਮੈਨੂੰ ਇਨ੍ਹਾਂ ਖੈਰਾਤੀ ਪ੍ਰਾਜੈਕਟਾਂ ਦੀ ਸੂਹ ਤਾਂ ਮਿਲਦੀ ਰਹਿੰਦੀ ਸੀ ਪਰ ਪਿਛਲੇ ਹਫਤੇ ਤੱਕ ਪੂਰਨ ਜਾਣਕਾਰੀ ਪ੍ਰਾਪਤ ਕਰਨ ਦਾ ਸਬੱਬ ਨਹੀਂ ਸੀ ਬਣਿਆ। ਹੁਣ ਜਦੋਂ ਮੈਂ ਆਪਣੀ ਉਮਰ ਦੇ ਨੌਵੇਂ ਦਹਾਕੇ ਵਿਚ ਪ੍ਰਵੇਸ਼ ਕਰਨ ਲੱਗਾ ਹਾਂ ਤਾਂ ਮੈਨੂੰ ਚੇਤੇ ਆਇਆ ਕਿ ਮੇਰੇ ਮਿੱਤਰ ਤੇ ਖੇਤੀ ਯੂਨੀਵਰਸਿਟੀ, ਲੁਧਿਆਣਾ ਵਿਚ ਮੇਰੇ ਕੁਲੀਗ ਰਹਿ ਚੁੱਕੇ ਡਾæ ਸਰਦਾਰਾ ਸਿੰਘ ਜੌਹਲ ਨੇ ਕੁਝ ਵਰ੍ਹੇ ਪਹਿਲਾਂ ਇੱਕ ਵਧੀਆ ਸਹੂਲਤਾਂ ਵਾਲੇ ਸੀਨੀਅਰ ਸਿਟੀਜ਼ਨ ਭਵਨ ਨਾਲ ਸਬੰਧਤ ਹੋਣ ਦੀ ਗੱਲ ਕੀਤੀ ਸੀ। ਆਪਣੀ ਉਮਰ ਦੇ ਕਈ ਮਿੱਤਰ ਪਿਆਰਿਆਂ ਨੂੰ ਲਾਚਾਰ ਹੋਇਆਂ ਵੇਖ ਕੇ ਜਿਹੜੇ ਸਭ ਕੁਝ ਹੁੰਦਿਆਂ ਸੁੰਦਿਆਂ ਆਪਣੇ ਆਪ ਨੂੰ ਨਹੀਂ ਸੰਭਾਲ ਸਕਦੇ, ਮੈਨੂੰ ਡਾæ ਜੌਹਲ ਚੇਤੇ ਆਏ। ਉਨ੍ਹਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਉਹ ਸੁੰਦਰ ਸਹੂਲਤਾਂ ਵੱਲੋਂ ਅਦਭੁੱਤ ਭਵਨ ਉਪਰੋਕਤ ਟਰੱਸਟ ਵੱਲੋਂ ਹੀ ਸਥਾਪਤ ਕੀਤਿਆਂ ਦੋ ਸਾਲ ਹੋ ਚੁੱਕੇ ਹਨ।
200 ਕਮਰੇ ਬਣ ਚੁੱਕੇ ਹਨ ਤੇ ਉਨ੍ਹਾਂ ਵਿਚੋਂ 52 ਕਮਰਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਉਹ ਸਭ ਸਹੂਲਤਾਂ ਮਿਲ ਰਹੀਆਂ ਹਨ ਜਿਹੜੀਆਂ ਵਿਦੇਸ਼ਾਂ ਵਿਚ ਬਣੇ ਉਚ ਕੋਟੀ ਦੇ ਸਥਾਨਾਂ ਵਿਚ ਮਿਲਦੀਆਂ ਹਨ। ਡਾਕਟਰੀ ਸਹੂਲਤਾਂ ਹੀ ਨਹੀਂ ਸਿਹਤਮੰਦ ਖਾਣਾ, ਸਾਫ ਸੁਥਰੇ ਬਿਸਤਰੇ, ਵਸਤਰਾਂ ਦੀ ਧੁਲਾਈ ਦਾ ਯੋਗ ਪ੍ਰਬੰਧ, ਘੁੰਮਣ-ਫਿਰਨ ਤੇ ਇਧਰ-ਉਧਰ ਜਾਣ ਲਈ ਏਅਰ ਕੰਡੀਸ਼ਨ ਬੱਸ, ਯੋਗ ਲਾਇਬਰੇਰੀ, ਫਿਲਮਾਂ ਵੇਖਣ ਅਤੇ ਤਾਸ਼, ਕੈਰਮ, ਚੈਸ ਜਾਂ ਟੇਬਲ ਟੈਨਿਸ ਖੇਡਣ ਦੀਆਂ ਸਹੂਲਤਾਂ। ਨਹਿਰ ਦਾ ਕੰਢਾ, ਖੁੱਲ੍ਹਾ ਡੁੱਲ੍ਹਾ ਪੌਣ ਪਾਣੀ ਤੇ ਹਰ ਪਾਸਿਓਂ ਪੂਰਨ ਸੁਰੱਖਿਆ। ਡਾæ ਸਰਦਾਰਾ ਸਿੰਘ ਜੌਹਲ ਇਸ ਟਰੱਸਟ ਦੇ ਸਲਾਹਕਾਰ ਹੀ ਨਹੀਂ ਵਿਸ਼ਵਾਸ ਪਾਤਰ ਵੀ ਹਨ। ਉਨ੍ਹਾਂ ਦੇ ਜਾਣੂ ਦਸ ਸਕਦੇ ਹਨ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਚਲਦਾ ਹਰ ਪ੍ਰਾਜੈਕਟ ਵਧੀਆ ਹੀ ਹੁੰਦਾ ਹੈ। ਹੋਰ ਜਾਣਕਾਰੀ ਲਈ ਮੋਬਾਈਲ ਨੰਬਰ 91-92166-98524 ਹੈ। ਪਰ ਅਸਲੀਅਤ ਜਾਨਣ ਲਈ ਉਥੇ ਜਾਣਾ ਹੀ ਯੋਗ ਹੈ। ਭਵਨ ਦਾ ਨਾਂ ਹੈਵਨਲੀ ਪੈਲੇਸ (ਸਵਰਗੀ ਮਹਿਲ) ਹੈ। ਦੋਰਾਹਾ-ਰਾਮਪੁਰ ਸੜਕ ਉਤੇ।
ਅਫਗਾਨਾਂ ਤੇ ਭਾਰਤੀਆਂ ਵਿਚ ਖੇਤੀ ਵਿਦਿਆ ਦੀ ਸਾਂਝ: ਅਫਗਾਨਿਸਤਾਨ ਦੀ ਕਰਜ਼ਈ ਸਰਕਾਰ ਨੇ ਕੰਧਾਰ ਵਿਖੇ ਖੇਤੀਬਾੜੀ ਸਾਇੰਸ ਤੇ ਤਕਨਾਲੋਜੀ ਯੂਨੀਵਰਸਿਟੀ ਸਥਾਪਤ ਕਰਨ ਵਾਸਤੇ ਭਾਰਤ ਤੋਂ ਤਕਨੀਕੀ ਤੇ ਮਾਲੀ ਸਹਾਇਤਾ ਲਈ ਹੈ। ਉਹ ਵੀ ਭਾਰਤ ਵਾਂਗ ਖੇਤੀ ਪ੍ਰਧਾਨ ਦੇਸ਼ ਹੈ। 80 ਪ੍ਰਤੀਸ਼ਤ ਵਸੋਂ ਖੇਤੀ ਆਧਾਰਤ ਧੰਦਿਆਂ ਉਤੇ ਗੁਜ਼ਾਰਾ ਕਰਦੀ ਹੈ। ਭਾਰਤ ਵਿਚ ਦੇਸ਼ ਵੰਡ ਤੋਂ ਪਿੱਛੋਂ 54 ਖੇਤੀ ਵਿਸ਼ਵ ਵਿਦਿਆਲੇ ਸਥਾਪਤ ਹੋ ਚੁੱਕੇ ਹਨ। ਦੇਸ਼ ਵੰਡ ਤੋਂ ਪਹਿਲਾਂ ਅਖੰਡ ਹਿੰਦੁਸਤਾਨ ਵਿਚ 1907 ਨੂੰ ਸਥਾਪਤ ਹੋਇਆ ਲਾਇਲਪੁਰ ਵਾਲਾ ਖੇਤੀਬਾੜੀ ਕਾਲਜ ਏਨਾ ਪ੍ਰਸਿੱਧ ਸੀ ਕਿ ਇੱਕ ਸਮੇਂ ਸੁਤੰਤਰ ਭਾਰਤ ਦੇ ਲਗਭਗ ਅੱਧੇ ਰਾਜਾਂ ਦੇ ਖੇਤੀ ਨਿਰਦੇਸ਼ਕ ਇਸ ਕਾਲਜ ਦੇ ਪੜ੍ਹੇ ਹੋਏ ਪੰਜਾਬੀ ਸਨ। ਅਖੰਡ ਹਿੰਦੁਸਤਾਨ ਵਿਚ ਖੇਤੀ ਵਿਦਿਆ ਨੂੰ ਪਹਿਚਾਨਣ ਵਾਲਾ ਬੰਬਈ ਤੇ ਮੱਧ ਭਾਰਤੀ ਸੂਬਿਆਂ ਦਾ ਡਾਇਰੈਕਟਰ ਜਨਰਲ, ਖੇਤੀਬਾੜੀ ਬੰਬਈ ਨਿਵਾਸੀ ਮਿਸਟਰ ਕੇਟਿੰਗਜ਼ ਸੀ ਜਿਸ ਨੇ ਪ੍ਰਸ਼ਾਸਨ ਸੇਵਾ ਦੇ ਉਮੀਦਵਾਰਾਂ ਲਈ ਵੀ ਖੇਤੀ ਵਿਦਿਆ ਲਾਜ਼ਮੀ ਹੋਣ ਦੀ ਮੰਗ ਕੀਤੀ ਸੀ।
ਤਾਲਿਬਾਨ ਦਾ ਗੜ੍ਹ ਰਹਿ ਚੁੱਕਿਆ ਕੰਧਾਰ ਦਾ ਖੇਤਰ ਭਾਰਤ ਦੇ ਯੋਗਦਾਨ ਨੂੰ ਕਿਵੇਂ ਲੈਂਦਾ ਹੈ ਇਹ ਤਾਂ ਸਮੇਂ ਨੇ ਦੱਸਣਾ ਹੈ। ਇਸ ਵੇਲੇ ਭਾਰਤ ਦੀਆਂ ਵਖ ਵਖ ਸੰਸਥਾਵਾਂ ਵਿਚ 614 ਅਫਗਾਨੀ ਵਿਦਿਆਰਥੀ ਖੇਤੀ ਵਿਦਿਆ ਪ੍ਰਾਪਤੀ ਕਰ ਰਹੇ ਹਨ। ਅੱਗੇ ਤੋਂ ਕੰਧਾਰ ਵਾਲੀ ਖੇਤੀ ਯੂਨੀਵਰਸਿਟੀ ਅਜਿਹੀ ਵਿਦਿਆ ਦੀ ਲੋੜਾਂ ਅਫਗਾਨਿਸਤਾਨ ਵਿਚ ਹੀ ਪੂਰੀਆਂ ਕਰ ਸਕੇਗੀ।
ਅੰਤਿਕਾ: (ਸ਼ਿਵ ਨਾਥ)
ਖੇਤਰ ਕੁਲ ਪੰਜਾਬ ਦਾ ਪੰਜਾਬੀ ਬੋਲੀ,
ਜਿਸ ਵਿਚ ਸ਼ੇਖ ਫਰੀਦ ਨੇ ਖੰਡ ਮਿਸ਼ਰੀ ਘੋਲੀ।
ਬੁਲ੍ਹੇ ਸ਼ਾਹ ਫਕੀਰ ਨੂੰ ਕਿਹੜਾ ਨਾ ਜਾਣੇ,
ਜੋ ਇਸ਼ਕ ਹਕੀਕੀ ਵਾਲੜੀ ਸਭ ਰਮਜ਼ ਪਛਾਣੇ।
ਸੱਸੀ ਹਾਸ਼ਮ ਸ਼ਾਹ ਦੀ ਜਦ ਆਵੇ ਅੱਗੇ,
ਆਪਣਾ ਜੁੱਸਾ ਭੱਠ ਵਾਂਗ ਤਪਦਾ ਜਿਹਾ ਲੱਗੇ।
ਇਹ ਬੋਲੀ ਸਾਨੂੰ ਜਾਨ ਤੋਂ ਹੈ ਵੱਧ ਪਿਆਰੀ,
ਅਸੀਂ ਰਖਣਾ ਚਾਹੀਏ ਸਾਂਭ ਕੇ ਸਾਰੀ ਦੀ ਸਾਰੀ।
Leave a Reply