ਹਰਪਾਲ ਸਿੰਘ ਪੰਨੂ
ਫੋਨ: 91-94642-51454
ਅੱਜ ਅਰਵਿੰਦ ਕੇਜਰੀਵਾਲ ਦਾ ਨਾਮ ਦੁਨੀਆਂ ਵਿਚ ਜਾਣਿਆ ਪਛਾਣਿਆ ਹੋ ਗਿਆ ਹੈ। ਇਹ ਨਾਮ ਕ੍ਰਿਸ਼ਮੇ ਵਾਂਗ ਇਕ ਸਾਲ ਵਿਚ ਪੈਦਾ ਹੋਇਆ, ਪ੍ਰਵਾਨ ਚੜ੍ਹਿਆ ਅਤੇ ਉਡਣ ਲੱਗਾ। ਹਾਫਿਜ਼ ਸ਼ੀਰਾਜ਼ੀ ਦਾ ਸ਼ਿਅਰ ਹੈ, “ਮੁੱਦਤ ਤੋਂ ਇਕ ਭੁਲੇਖਾ ਇਧਰ ਉਧਰ ਭਟਕਦਾ ਫਿਰਦਾ ਸੀ। ਰੱਬ ਨੇ ਕਿਹਾ, ਹੋ ਜਾ। ਭੁਲੇਖਾ ਸੱਚ ਹੋ ਗਿਆ।”
ਪਿਛਲੇ ਸਮਿਆਂ ਵਿਚ ਜਹਾਜ਼ ਚਲਾਉਣ ਦੀ ਟ੍ਰੇਨਿੰਗ ਤੋਂ ਪਹਿਲਾਂ ਗਲਾਈਡਿੰਗ ਸਿਖਾਈ ਜਾਂਦੀ ਸੀ। ਜਹਾਜ਼ ਵਿਚ ਇੰਜਣ ਹੈ, ਇੰਜਣ ਦੀ ਤਾਕਤ ਨਾਲ ਉਹ ਪਹਿਲਾਂ ਦੌੜੇਗਾ ਫਿਰ ਹਵਾ ਵਿਚ ਉਪਰ ਉਠ ਕੇ ਉਡੇਗਾ। ਗਲਾਈਡਰ ਬਿਨਾ ਇੰਜਣ ਵਾਲਾ ਜਹਾਜ਼ ਹੈ। ਹਵਾ ਨਹੀਂ ਚਲਦੀ ਤਾਂ ਬੱਚੇ ਡੋਰ ਹੱਥ ਵਿਚ ਫੜਕੇ ਦੌੜਦੇ ਹਨ ਤੇ ਪਤੰਗ ਉਡ ਪੈਂਦਾ ਹੈ। ਗਲਾਈਡਰ ਨੂੰ ਖਿਚ ਕੇ ਜੀਪ ਜਹਾਜ਼-ਘਰ ਦੇ ਪਰਲੇ ਸਿਰੇ ‘ਤੇ ਲੈ ਜਾਂਦੀ ਹੈ। ਉਸ ਦੇ ਅਗਲੇ ਸਿਰੇ ‘ਤੇ ਹੁੱਕ ਵਿਚ ਸਟੀਲ ਦੀ ਰੱਸੀ ਫਸਾ ਦਿੱਤੀ ਜਾਂਦੀ ਹੈ। ਉਸ ਰੱਸੀ ਨੂੰ ਮਸ਼ੀਨ ਆਪਣੇ ਵੱਲ ਤੇਜ਼ੀ ਨਾਲ ਖਿਚਣ ਲਗਦੀ ਹੈ। ਗਲਾਈਡਰ ਪਹਿਲਾਂ ਦੌੜਦਾ ਹੈ, ਫਿਰ ਉਚਾ ਉਠਦਾ ਹੈ। ਇਕ ਖਾਸ ਉਚਾਈ ‘ਤੇ ਪਾਈਲਟ ਰੱਸੀ ਨੂੰ ਹੁੱਕ ਵਿਚੋਂ ਕੱਢ ਦਿੰਦਾ ਹੈ। ਸਹਿਜੇ ਸਹਿਜੇ ਉਡਦਾ ਗਲਾਈਡਰ ਜਹਾਜ਼-ਘਰ ਦੁਆਲੇ ਚੱਕਰ ਕਟਦਾ ਹੋਇਆ ਹੇਠ ਆ ਉਤਰਦਾ ਹੈ। ਫਲਾਇੰਗ ਨਾਲੋਂ ਮੈਨੂੰ ਗਲਾਈਡਿੰਗ ਇਸ ਕਰਕੇ ਵਧੀਆ ਲਗਦੀ ਹੁੰਦੀ ਕਿਉਂਕਿ ਇਸ ਵਿਚ ਇੰਜਣ ਦਾ ਸ਼ੋਰ, ਥਰਥਰਾਹਟ ਬਿਲਕੁਲ ਨਹੀਂ। ਮੈਂ ਆਪਣੇ ਨਿਗਰਾਨ ਕੈਪਟਨ ਪਾਇਲਟ ਨੂੰ ਇਕ ਦਿਨ ਕਿਹਾ, ਸਰ, ਕਿੰਨਾ ਚੰਗਾ ਹੁੰਦਾ ਜੇ ਗਲਾਈਡਿਰ ਜਹਾਜ਼-ਘਰ ਦੀ ਪਰਿਕਰਮਾ ਕਰਨ ਦੀ ਬਜਾਇ ਦੂਰ ਦੁਰਾਡੇ ਜਾ ਸਕਦਾ ਹੁੰਦਾ। ਕੈਪਟਨ ਨੇ ਕਿਹਾ, ਚਲਾ ਜਾਂਦੈ। ਆਪਣੇ ਚੀਫ ਸਾਹਿਬ ਦਿੱਲੀ, ਅੰਮ੍ਰਿਤਸਰ ਗਲਾਈਡ ਅਕਸਰ ਲੈ ਜਾਂਦੇ ਹਨ। ਪੁੱਛਣ ‘ਤੇ ਮੈਨੂੰ ਕੈਪਟਨ ਨੇ ਦੱਸਿਆ, ਇਹ ਸੰਭਵ ਹੈ।
ਤੁਸੀਂ ਦੇਖਿਆ ਹੋਵੇਗਾ ਗਿਰਝਾਂ ਗੋਲ ਦਾਇਰੇ ਵਿਚ ਉਡਦੀਆਂ ਹੋਈਆਂ ਬਿਨਾ ਖੰਭ ਹਿਲਾਏ ਅਸਮਾਨ ਵਿਚ ਬਹੁਤ ਉਚੀਆਂ ਚਲੀਆਂ ਜਾਂਦੀਆਂ ਹਨ। ਬਗੈਰ ਖੰਭ ਫੜਫੜਾਏ ਉਡਣਾ ਗਲਾਈਡਿੰਗ ਹੈ। ਹੁੰਦਾ ਇਹ ਹੈ ਕਿ ਇਧਰ-ਉਧਰ ਉਡਦੀਆਂ ਹੋਈਆਂ ਉਹ ਵਰੋਲਾ (ਥਰਮਲ) ਲੱਭ ਲੈਂਦੀਆਂ ਹਨ। ਚੱਕਰ ਵਿਚ ਘੁੰਮਦੀ ਹੋਈ ਜਿਹੜੀ ਹਵਾ ਗਰਮ ਹੋ ਕੇ ਉਪਰ ਉਠਣ ਲੱਗੇ, ਉਸ ਨੂੰ ਵਰੋਲਾ ਕਿਹਾ ਜਾਂਦਾ ਹੈ। ਸਿਖਲਾਈਯਾਫਤਾ ਪੰਛੀ ਵਰੋਲਾ ਲੱਭ ਕੇ ਬਿਨਾ ਕਿਸੇ ਤਰੱਦਦ ਉਪਰ ਦੂਰ ਤੱਕ ਉਡ ਸਕਦਾ ਹੈ। ਗਲਾਈਡਰ ਵਿਚਲਾ ਪਾਈਲਟ ਜੇ ਵਰੋਲਾ ਲੱਭਣ ਵਿਚ ਕਾਮਯਾਬ ਹੈ ਤਾਂ ਬਹੁਤ ਉਚਾ ਜਾ ਸਕਦਾ ਹੈ। ਉਪਰ ਹਵਾਵਾਂ ਹਰੇਕ ਦਿਸ਼ਾ ਵਿਚ ਵਗਦੀਆਂ ਹਨ। ਮਨਚਾਹੀ ਦਿਸ਼ਾ ਲੱਭ ਕੇ ਬਿਨਾ ਇੰਜਣ ਮੰਜ਼ਲ ‘ਤੇ ਪੁੱਜਣਾ ਸੰਭਵ ਹੈ।
ਕੇਜਰੀਵਾਲ ਕੋਲ ਨਵੀਨਤਮ ਵਿਦਿਆ ਤਾਂ ਹੈ ਹੀ, ਉਸ ਕੋਲ ਸਾਧੂਆਂ ਵਾਲਾ ਸੰਜਮ, ਤਿਆਗ ਅਤੇ ਦੂਰੰਦੇਸ਼ੀ ਵੀ ਹੈ। ਉਸ ਨੇ ਜਦੋਂ ਆਮ ਆਦਮੀ ਪਾਰਟੀ ਬਣਾਈ, ਲੋਕ ਪਾਰਟੀ ਦੇ ਨਾਮ ਉਪਰ ਹੱਸੇ। ਇਹ ਕੀ ਪਾਰਟੀ ਹੋਈ ਜਿਸ ਦਾ ਨਾਮ ਹੀ ਜ਼ਬਾਨ ਉਪਰ ਨਹੀਂ ਚੜ੍ਹਦਾ। ਇਸ ਪਾਰਟੀ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾ ਜਿੱਤੀਆਂ ਤਾਂ ਦੁਨੀਆਂ ਨੇ ਸਾਰਥਕ ਲਹਿਰ ਦੀ ਝੁਣਝਣੀ ਪ੍ਰਤੀਤ ਕੀਤੀ। ਕੀ ਅਜਿਹਾ ਕੁਝ ਅਚਾਨਕ ਵਾਪਰ ਗਿਆ?
ਅਚਾਨਕ ਕੁਝ ਨਹੀਂ ਵਾਪਰਦਾ। ਹਾਲਾਤ ਸਹਿਜੇ ਸਹਿਜੇ ਰਿਝਦੇ, ਪਕਦੇ ਅਤੇ ਕੜ੍ਹਦੇ ਹਨ। ਇਕ ਪਾਸੇ ਸ਼ਹੀਦ ਭਗਤ ਸਿੰਘ ਸੀ ਜਿਹੜਾ ਚਾਹੁੰਦਾ ਸੀ ਅੱਖ ਦੀ ਝਪਕ ਵਿਚ ਦੇਸ ਆਜ਼ਾਦ ਹੋਵੇ, ਦੂਜੇ ਪਾਸੇ ਮਹਾਤਮਾ ਗਾਂਧੀ ਸੀ ਜਿਸ ਨੂੰ ਕਾਹਲੀ ਨਹੀਂ ਸੀ ਪਰ ਅੰਗਰੇਜ਼ ਚਲੇ ਜਾਣ, ਮਨਸ਼ਾ ਸੀ। ਸਤਾਹਟ ਸਾਲ ਪਹਿਲਾਂ ਦੋਵਾਂ ਦਾ ਸੁਫਨਾ ਸਾਕਾਰ ਹੋਇਆ। ਦੇਸ ਆਜ਼ਾਦ ਹੋਇਆ, ਪਰ ਇਹ ਕੇਹੀ ਆਜ਼ਾਦੀ ਮਿਲੀ? ਇਬਨਿ ਇੰਸ਼ਾ ਇਸ ਆਜ਼ਾਦੀ ਉਪਰ ਵਿਅੰਗ ਕਰਦਿਆਂ ਲਿਖਦਾ ਹੈ, ਪਹਿਲਾਂ ਅਸੀਂ ਗੁਲਾਮ ਸਾਂ, ਹੁਣ ਆਜ਼ਾਦ ਹਾਂ। ਪਹਿਲਾਂ ਭ੍ਰਿਸ਼ਟਾਚਾਰ ਬਹੁਤ ਸੀ, ਹੁਣ ਬਿਲਕੁਲ ਨਹੀਂ ਹੈ। ਪਹਿਲਾਂ ਬੇਰੁਜ਼ਗਾਰੀ ਬੜੀ ਸੀ, ਹੁਣ ਹਰੇਕ ਬੰਦਾ ਕੰਮ ‘ਤੇ ਲੱਗਾ ਹੋਇਆ ਹੈ। ਪਹਿਲਾ ਗਰੀਬਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਸੀ, ਹੁਣ ਗਰੀਬਾਂ ਦੀ ਪੁੱਛ ਪ੍ਰਤੀਤ ਏਨੀ ਵਧ ਗਈ ਹੈ ਕਿ ਉਹ ਤੰਗ ਆਏ ਹੋਏ ਕਹਿਦੇ ਹਨ, ਹੁਣ ਸਾਡਾ ਖਹਿੜਾ ਛੱਡ ਕੇ ਅਮੀਰਾਂ ਦੀ ਪੁੱਛ ਪ੍ਰਤੀਤ ਕਰੋ।
ਜੈ ਪ੍ਰਕਾਸ਼ ਨਾਰਾਇਣ ਜਾਂ ਅੱਨਾ ਹਜ਼ਾਰੇ ਅਚਾਨਕ ਨਹੀਂ ਪ੍ਰਗਟ ਹੋਏ। ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਜਿਵੇਂ ਮੁਲਕ ਦਾ ਸਾਹ ਘੁੱਟ ਦਿੱਤਾ ਸੀ, ਉਸ ਵਿਚੋਂ ਸ਼੍ਰੀ ਜੈਪ੍ਰਕਾਸ਼ ਨਾਰਾਇਣ ਨੇ ਪ੍ਰਗਟ ਹੋਣਾ ਹੀ ਹੋਣਾ ਸੀ। ਦੇਸ ਥੋਕ ਪੈਮਾਨੇ ‘ਤੇ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਨਿੱਘਰ ਗਿਆ ਤਾਂ ਅੱਨਾ ਹਜ਼ਾਰੇ ਨੇ ਆਉਣਾ ਹੀ ਆਉਣਾ ਸੀ। ਜੈ ਪ੍ਰਕਾਸ਼ ਅਤੇ ਅੱਨਾ-ਦੋ ਬੰਦਿਆਂ ਦੇ ਨਾਮ ਨਹੀਂ ਹਨ, ਮਾਯੂਸੀ ਵਿਚੋਂ ਨਿਕਲਣ ਦੇ ਇਛੁਕ ਭਾਰਤੀਆਂ ਵਲੋਂ ਘੜੇ ਇਹ ਸੰਕੇਤ ਹਨ। ਮਹਾਤਮਾ ਗਾਂਧੀ ਨੇ ਉਮਰ ਭਰ ਕਾਂਗਰਸ ਰਾਹੀਂ ਇਸ ਲਈ ਅੰਦੋਲਨ ਨਹੀਂ ਚਲਾਇਆ ਸੀ ਕਿ ਕਾਂਗਰਸ ਦੀ ਪ੍ਰਧਾਨ ਇਟਲੀ ਦੀ ਜੰਮਪਲ ਸ਼੍ਰੀਮਤੀ ਸੋਨੀਆਂ ਗਾਂਧੀ ਹੋਵੇ ਜਾਂ ਕਿ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਅਤੇ ਕੁਨਬਾਪਰਵਰੀ ਦੀ ਦਲਦਲ ਵਿਚ ਡੁੱਬ ਜਾਏ।
ਲੰਮੀ ਭੁੱਖ ਹੜਤਾਲ ਰਾਹੀਂ ਅੱਨਾ ਹਜ਼ਾਰੇ ਨੇ ਦੇਸ਼ ਨੂੰ ਇਕ ਮੰਚ ‘ਤੇ ਲੈ ਆਂਦਾ ਪਰ ਅੱਨਾ ਸਿਆਸਤਦਾਨ ਨਹੀਂ ਹੈ। ਬਗੈਰ ਸਿਆਸਤ ਦੇ ਦੇਸ਼ ਵਿਚ ਤਬਦੀਲੀ ਨਹੀਂ ਆ ਸਕਦੀ। ਭਾਫ ਨੂੰ ਇਕ ਸਿਲਸਿਲੇ ਵਿਚ ਬੰਨ੍ਹ ਕੇ ਰੇਲ ਗੱਡੀ ਖਿੱਚੀ ਜਾਏਗੀ। ਅਰਵਿੰਦ ਕੇਜਰੀਵਾਲ ਨੇ ਉਹ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।
ਕੇਜਰੀਵਾਲ ਦੀ ਪਾਰਟੀ ਅਨੁਸ਼ਾਸਿਤ ਨਹੀਂ, ਕੇਜਰੀਵਾਲ ਕੋਲ ਲੰਮਾ ਸਿਆਸੀ ਤਜ਼ਰਬਾ ਨਹੀਂ, ਕੇਜਰੀਵਾਲ ਗਲਤੀਆਂ ਕਰ ਰਿਹਾ ਹੈ, ਇਹ ਸਭ ਕਥਨ ਸਹੀ ਹਨ। ਜੋ ਉਸ ਕੋਲ ਹੈ, ਉਹ ਹੋਰ ਪਾਰਟੀਆਂ ਵਿਚ ਨਹੀਂ, ਉਹ ਹੈ ਸਵੱਛ ਇਖਲਾਕ। ਰਾਬਿੰਦਰਨਾਥ ਟੈਗੋਰ ਅਤੇ ਮਹਾਤਮਾਂ ਗਾਂਧੀ ਦੇ ਖਿਆਲ ਮਿਲਦੇ ਨਹੀਂ ਸਨ ਤਾਂ ਵੀ ਇਕ ਦੂਜੇ ਦੇ ਸ਼ੁਭਚਿੰਤਕ ਸਨ। ਟੈਗੋਰ ਨੇ ਗਾਂਧੀ ਜੀ ਨੂੰ ਇਕ ਖਤ ਵਿਚ ਲਿਖਿਆ, ਮਹਾਤਮਾ ਜੀ, ਤੁਹਾਡੀ ਕਦਰ ਮੈਂ ਇਸ ਕਰਕੇ ਨਹੀਂ ਕਰਦਾ ਕਿ ਤੁਸੀਂ ਵੱਡੇ ਸਿਆਸਤਦਾਨ ਹੋ। ਦੁਨੀਆਂ ਵਿਚ ਤੁਹਾਡੇ ਨਾਲੋਂ ਵੱਡੇ ਸਿਆਸਤਦਾਨ ਮੇਰੇ ਮਿੱਤਰ ਹਨ। ਤੁਹਾਡੀ ਇਸ ਕਰਕੇ ਇੱਜ਼ਤ ਕਰਦਾ ਹਾਂ ਕਿਉਂਕਿ ਤੁਸੀਂ ਇਕੱਲੇ ਹਿੰਦੁਸਤਾਨੀ ਹੋ ਜਿਸ ਨੂੰ ਪਤਾ ਲੱਗ ਗਿਐ ਕਿ ਗੁਲਾਮ, ਮਾਲਕ ਹੇਠੋਂ ਨਿਕਲ ਕੇ ਉਦੋਂ ਆਜ਼ਾਦ ਹੋਏਗਾ ਜਦੋਂ ਗੁਲਾਮ ਦਾ ਇਖਲਾਕ ਮਾਲਕ ਦੇ ਇਖਲਾਕ ਤੋਂ ਉਚਾ ਹੋ ਜਾਵੇਗਾ। ਤੁਸੀਂ ਆਪਣੇ ਆਪ ਨੂੰ ਠੀਕ ਕਰ ਲਿਆ ਹੈ, ਦੇਸ ਨੂੰ ਠੀਕ ਕਰ ਰਹੇ ਹੋ। ਤੁਹਾਡੀ ਵਿਜੇ ਹੋਵੇਗੀ।
ਇਸ ਵਕਤ ਦੇਸ ਅੰਧਕਾਰ ਵਿਚੋਂ ਨਿਕਲਣ ਦਾ ਇੱਛੁਕ ਹੈ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਭ੍ਰਿਸ਼ਟ ਵੀ ਹਨ, ਫਿਰਕਾਪ੍ਰਸਤ ਵੀ। ਟੈਲੀਵਿਜ਼ਨ ਵਿਚਲੀਆਂ ਗੱਲਾਂ ਤੋਂ ਅਜਿਹਾ ਪ੍ਰਭਾਵ ਦਿਲ ਉਪਰ ਪੈਂਦਾ ਹੈ ਜਿਵੇਂ ਭਾਜਪਾ ਕਾਂਗਰਸ ਨੂੰ ਕਹਿ ਰਹੀ ਹੋਵੇ, ਤੁਸੀਂ ਸਿੱਖਾਂ ਨੂੰ ਵੱਢਿਆ ਟੁੱਕਿਆ, ਅਸੀਂ ਮੁਸਲਮਾਨਾਂ ਨੂੰ ਮਾਰ ਲਿਆ ਤਾਂ ਇਤਰਾਜ਼ ਕਿਉਂ? ਘੱਟ ਗਿਣਤੀ ਭਾਈਚਾਰੇ ਇਨ੍ਹਾਂ ਪਾਰਟੀਆਂ ਦੀ ਖਾਧ ਖੁਰਾਕ ਹੋ ਗਈਆਂ ਹਨ।
ਕਾਂਗਰਸ ਆਪਣੇ ਭਾਰ ਨਾਲ ਆਪੇ ਡੁੱਬਣ ਜਾ ਰਹੀ ਹੈ। ਇਸ ਵਕਤ ਅਰਵਿੰਦ ਕੇਜਰੀਵਾਲ ਭਾਰਤੀ ਜਨਤਾ ਪਾਰਟੀ ਵਾਸਤੇ ਖਤਰੇ ਦੀ ਘੰਟੀ ਹੈ। ਕੇਜਰੀਵਾਲ ਗਲਤ ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਸਕਦਾ ਹੈ, ਕੇਜਰੀਵਾਲ ਦੇ ਸਹੀ ਬੰਦੇ ਗਲਤੀਆਂ ਕਰਨਗੇ ਪਰ ਜੇ ਕੇਜਰੀਵਾਲ ਸਹੀ ਰਿਹਾ, ਸਭ ਸਹੀ ਹੋਵੇਗਾ, ਜੇ ਉਹ ਖੁਦ ਧੁਰੇ ਤੋਂ ਇਧਰ ਉਧਰ ਹਿਲੇਗਾ ਤਾਂ ਸਹੀ ਵੀ ਗਲਤ ਹੋ ਜਾਣਗੇ। ਲੀਡਰ ਠੀਕ ਹੈ ਤਾਂ ਹੇਠਲਾ ਕਾਡਰ ਥਿਰ ਹੋ ਜਾਇਆ ਕਰਦਾ ਹੈ।
ਦੇਸ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਅਨਪੜ੍ਹਤਾ ਵਿਚੋਂ ਨਿਕਲਣ ਦਾ ਇੱਛੁਕ ਹੈ। ਘੱਟ ਗਿਣਤੀਆਂ ਸੁਰੱਖਿਅਤ ਜ਼ਿੰਦਗੀ ਬਤੀਤ ਕਰਨਾ ਚਾਹੁੰਦੀਆਂ ਹਨ। ਇਸ ਵਕਤ ਤੱਕ ਕੇਜਰੀਵਾਲ ਨੇ ਸਾਬਤ ਕੀਤਾ ਹੈ ਕਿ ਉਹ ਇਨ੍ਹਾਂ ਮਸਲਿਆਂ ਤੋਂ ਨਾ ਕੇਵਲ ਵਾਕਫ ਹਨ, ਮੁਸ਼ਕਲਾਂ ਦੂਰ ਕਰਨ ਦੇ ਇੱਛੁਕ ਵੀ ਹਨ। ਉਨ੍ਹਾਂ ਨੂੰ ਵਰੋਲਾ ਮਿਲ ਗਿਆ ਹੈ, ਦਿਸ਼ਾ ਮਿਲ ਗਈ ਹੈ। ਪੁਸ਼ਤੈਨੀ ਹਕੂਮਤਾਂ ਤੋਂ ਦੁਖੀ ਹੋ ਕੇ ਹਰੀ ਸਿੰਘ ਦਿਲਬਰ ਨੇ ਲਿਖਿਆ ਸੀ,
ਵੱਡੇ ਘਰਾਂ ਦੇ ਕਾਕੇ ਵੜ ਗਏ
ਏਸ ਤਰ੍ਹਾਂ ਸਰਕਾਰਾਂ ਅੰਦਰ।
ਵੜਦੇ ਜਿਵੇਂ ਰੇਸ਼ਮੀ ਨਾਲੇ
ਖੱਦਰ ਦੀਆਂ ਸਲਵਾਰਾਂ ਅੰਦਰ।
Leave a Reply