ਕਦੇ ਪਰਜਾ ਵੀ ਬਦਲੀæææ?

ਕਾਨਾ ਸਿੰਘ
ਫੋਨ: 91-95019-44944
ਸੰਨ 1946 ਦਾ ਪਿਛਲੇਰਾ ਅੱਧ ਤੇ ਦਹਿਸ਼ਤ ਦਾ ਸਾਇਆ। ਪਿੰਡੀ ਤੇ ਉਸ ਦੇ ਗਰਾਵਾਂ ਮੋਹੜਿਆਂ ਵਿਚ ਅੱਗਾਂ ਲੱਗ ਰਹੀਆਂ ਸਨ। ਗੁਜਰਖਾਨ ਹਾਲੇ ਮਹਿਫ਼ੂਜ਼ ਸੀ।
ਚੁਫੇਰਿਓਂ ਅੱਗਾਂ ਦੀਆਂ ਲਾਟਾਂ ਤੇ ਜੋਸ਼ੀਲੇ ਨਾਅਰਿਆਂ ਦੀਆਂ ਆਵਾਜ਼ਾਂ ਵੇਖਣ-ਸੁਣਨ ਨੂੰ ਮਿਲਦੀਆਂ। ਨਾਲ ਵਾਲੇ ਗਰਾਂ, ਮੰਦ੍ਹਰੇ ਤੇ ਬੜਕੀ ਆਦਿ ਤੋਂ ਉਜੜੇ ਪਰਿਵਾਰ ਸਾਡੇ ਘਰ ਆਣ ਟਿਕੇ ਸਨ। ਖੁੱਲ੍ਹੇ ਰਾਸ਼ਨ ਤੋਂ ਇਲਾਵਾ ਆਲੂਆਂ ਦੀਆਂ ਬੋਰੀਆਂ ਵੀ ਘਰ ਵਿਚ ਸੁਟਾ ਦਿੱਤੀਆਂ ਗਈਆਂ। ਅਸਾਂ ਬਾਲਕਾਂ ਨੂੰ ਦੋਹਰੇ-ਤ੍ਰੇਹੜੇ ਕੱਪੜੇ ਪਵਾਏ ਜਾਂਦੇ ਤੇ ਹਰ ਇਕ ਦੇ ਬੋਝਿਆਂ ਵਿਚ ਸੁੱਕੇ ਮੇਵੇ ਤੇ ਰੁਪਏ ਵੀ, ਤਾਂ ਜੁ ਨੱਸ-ਭੱਜ ਦੀ ਬਿਪਤਾ ਆਣ ਵੇਲੇ ਹਰ ਇਕ ਕੋਲ ਆਪਣਾ ਕੁਝ ਤੋਸ਼ਾ ਹੋਵੇ।
ਸ਼ਹਿਰ ਵਿਚ ਹੀ ਵਸਦੀ ਮੇਰੀ ਜਿੰਦਰ ਭੈਣ ਜੀ ਨੇ ਅਗਸਤ ਵਿਚ ਬਾਲਕ ਨੂੰ ਜਨਮ ਦਿੱਤਾ। ਕਰਫਿਊ ਲੱਗੇ ਹੋਏ ਸਨ। ਜੀਜਾ ਜੀ ਕੋਲ ਪਾਸ ਹੁੰਦਾ ਸੀ ਮੈਨੂੰ ਲਿਜਾਣ ਲਈ। ਭੈਣ ਕੋਲ ਬਹਿੰਦੀ ਮੈਂ ਸਾਰਾ ਦਿਨ। ਇਨ੍ਹਾਂ ਦਿਨਾਂ ਦੀ ਇਕ ਗੱਲ ਅਸਲੋਂ ਨਹੀਂ ਵਿਸਰਦੀ।
ਡਿਓੜੀ ਵਿਚ ਮਾਂ ਆਪਣੇ ਰਾਂਗਲੇ ਚਰਖੇ, ਸੂਤ ਤੇ ਕੁਝ ਸ਼ਨੀਲ, ਸਾਟਨ ਦੇ ਟੋਟਿਆਂ ਦੀ ਗੰਢੜੀ ਜਿਹੀ ਨਾਲ ਬੈਠੀ ਹੋਈ ਸੀ, ਦੋ ਤਿੰਨ ਮੁਸਲਮਾਨੀਆਂ ਨਾਲ। ਉਹ ਚਰਖੇ ਦਾ ਭਾਅ ਬਣਾ ਰਹੀਆਂ ਸਨ ਤੇ ਮਾਂ ਦੀਆਂ ਅੱਖਾਂ ਛਲਕ-ਛਲਕ ਕਰ ਰਹੀਆਂ ਸਨ। ਉਪਰੋਂ ਬੇਜੀ ਆ ਗਏ।
“ਹੈਂ, Ḕਨਰਥ ਸਾਈਂ ਨਾ। ਤੂੰ ਚਰਖਾ ਵੇਚਣ ਲੱਗੀ ਏਂ? ਸਗਣਾਂ ਵਾਲਾ ਤੇਰਾ ਦਾਜਲ ਚਰਖਾæææ ਬਣਨੀਆਂ ਨੇ ਚੀਜਾਂ ਮੁੜ ਕੇæææ।”
ਬੇਜੀ ਨੇ ਭਬਕ ਮਾਰੀ। ਚੁਪ ਚੁਪੀਤੀ ਮਾਂ ਚਰਖਾ ਚੁੱਕ ਕੇ ਅੰਦਰ ਲੈ ਗਈ।
ਜਨਵਰੀ-ਫਰਵਰੀ 1947
ਰਾਵਲਪਿੰਡੀ ਅੱਗਾਂ ਦੀ ਲਪੇਟ ਵਿਚ ਸੀ। ਸ਼ਾਹਨੱਦਾਰ ਦੇ ਪੁਲ ਵਾਲੀ ਬਸਤੀ ਵਿਚ ਮੇਰਾ ਨਾਨਕਾ ਘਰ ਤੇ ਮਾਈ ਵੀਰੋ ਦੀ ਬੰਨ੍ਹੀ ਵਿਚ ਰਹਿੰਦੀ ਭੈਣ ਦੇ ਘਰ ਦੁਆਲੇ ਹਜੂਮਾਂ ਦੇ ਹਜੂਮ।
ਕੈਂਸਰ ਦੇ ਮਰੀਜ਼ ਮੇਰੇ ਨਾਨਾ ਜੀ ਬੇਸੁਰਤ ਪਏ ਸਨ। ਮਾਮੇ ਆਪਣੇ ਪਰਿਵਾਰਾਂ ਸਮੇਤ ਨਾਨਾ ਜੀ ਦਾ ਮੰਜਾ ਚੁੱਕ ਕੇ ਕਰਤਾਰਪੁਰ ਮੁਹੱਲੇ ਲੈ ਗਏ, ਮੋਹਣੀ ਮਾਸੀ ਦੇ ਘਰ। ਇਸ ਮੁਹੱਲੇ ਵਿਚ ਜ਼ਿਆਦਾ ਕਰ ਕੇ ਸਿੱਖ ਆਬਾਦੀ ਸੀ ਤੇ ਬਾਹਲੇ ਸਾਡੇ ਰਿਸ਼ਤੇਦਾਰ ਹੀ। ਗੁਜਰਖਾਨ ਦਾ ਜੰਮਪਲ ਹਾਸਰਸ ਕਵੀ, ਭਾਈਆ ਈਸ਼ਰ ਸਿੰਘ ਮੇਰੀ ਮਾਸੀ ਦਾ ਗੁਆਂਢੀ ਸੀ।
ਜਦੋਂ ਨਾਨਾ ਜੀ ਦਾ ਮੰਜਾ ਚੁੱਕਣ ਲੱਗੇ ਤਾਂ ਉਨ੍ਹਾਂ ਅੱਖ ਖੋਲ੍ਹੀ।
“ਕਿੱਥੇ ਲੈ ਜੁਲੇ ਹੋ?”
“ਮੋਹਣੀ ਨੇ ਘਰ।”
“ਹੱਛਾ, ਨੱਥ, ਖਸਮ ਨੇ ਹੱਥ।”
ਨਾਨਾ ਜੀ ਨੇ ਠੰਢਾ ਸਾਹ ਭਰਿਆ। ਅੱਖਾਂ ਵਹਿ ਤੁਰੀਆਂ। ਆਖ਼ਰੀ ਪਲਾਂ ‘ਤੇ ਧੀ ਦੇ ਘਰ ਸੁਆਸ ਛੱਡਣੇ! ਇਸ ਤੋਂ ਵੱਡਾ ਹੋਰ ਕੀ ਸਦਮਾ ਹੋ ਸਕਦਾ ਸੀ ਉਨ੍ਹਾਂ ਲਈ। ਮੋਹਣੀ ਮਾਸੀ ਦੇ ਘਰ ਹੀ ਉਨ੍ਹਾਂ ਪ੍ਰਾਣ ਤਿਆਗ ਦਿੱਤੇ ਤੇ ਉਥੇ ਵਿਹੜੇ ਵਿਚ ਹੀ ਕਰ ਦਿੱਤਾ ਗਿਆ ਉਨ੍ਹਾਂ ਦਾ ਸਸਕਾਰ।
ਕਤਲੇਆਮ, ਬਲਦੀਆਂ ਅੱਗਾਂ ਤੇ ਕਰਫ਼ੂਆਂ ਵਿਚ ਨਹੀਂ ਸਨ ਲੈ ਜਾ ਸਕੇ ਨਾਨਾ ਜੀ ਦੀ ਅਰਥੀ ਨੂੰ ਸ਼ਮਸ਼ਾਨ ਭੂਮੀ। ਪਿੰਡੀ ਨਿਵਾਸੀ, ਮਾਮਿਆਂ ਤੇ ਭੈਣਾਂ ਅਰ ਹੋਰ ਸਾਕ-ਸਬੰਧੀਆਂ ਨੇ ਪਿੰਡੀ ਛੋੜਨ ਦਾ ਫ਼ੈਸਲਾ ਕਰ ਲਿਆ। ਭਾਪਾ ਜੀ ਦੇ ਨਾ ਮੰਨਣ ਕਾਰਨ ਮਾਂ ਭਰਾਵਾਂ ਨਾਲ ਨਾ ਰਲੀ।
“ਰਾਜ ਬਦਲਨੇ ਹੀ ਆਏ ਨੁ। ਕਦੇ ਪਰਜਾ ਵੀ ਬਦਲੀæææ।”
ਦਾਦੀ ਦੀ ਵੀ ਇਹੋ ਦਲੀਲ ਸੀ। ਮਾਂ ਨੇ ਮੈਨੂੰ, ਮਾਨਾ ਨੂੰ ਤੇ ਭਗਤ ਵੀਰ ਨੂੰ ਮਾਮਿਆਂ ਨਾਲ ਪਟਿਆਲੇ ਤੋਰ ਦਿੱਤਾ। ਨਿੱਕੇ ਦੋਵੇਂ ਬਾਲਕ ਵੀਰ ਮਾਂ ਕੋਲ ਰਹਿ ਗਏ।
ਹੁਣ ਅਸੀਂ ਪਟਿਆਲੇ ਦੇ ਰਾਜੇ ਵੱਲੋਂ ਦੂਖ ਨਿਵਾਰਨ ਸਾਹਿਬ ਦੇ ਲਾਗੇ ਬਣਾਏ ਗਏ ਰਿਫਊਜੀ ਕੈਂਪ ਵਿਚ ਸਾਂ।
ਇਕੋ ਟੈਂਟ ਵਿਚ ਚਾਰ ਪੰਜ ਪਰਿਵਾਰ। ਚਾਰੇ ਪਾਸੇ ਅੰਬਾਂ ਦੇ ਬਾਗ਼। ਲੰਗਰ ਵਿਚ ਦੇਸੀ ਘਿਓ ਦੇ ਪਰਾਂਠੇ। ਦੁੱਧ ਦਹੀਂ ਦੀ ਕੋਈ ਕਮੀ ਨਾ। ਸਕੂਲ ਦਾ ਵੀ ਕੋਈ ਬੰਧਨ ਨਾ। ਧਰੱਚਿਆਂ ਦੇ ਧਰੱਚੇ ਅਸੀਂ ਬਾਲਕ ਕਦੇ ਰਾਜੇ ਦਾ ਕਿਲ੍ਹਾ ਵੇਖਣ ਤੁਰ ਪੈਂਦੇ ਤੇ ਕਦੇ ਮਹੱਲ।
ਸਾਡੇ ਲਈ ਤਾਂ ਮੌਜ ਹੀ ਮੌਜ ਸੀ।
ਵਿਸਾਖੀ ਵਾਲੇ ਦਿਨ ਸੰਤ ਭੈਣ ਜੀ ਨੇ ਆਪਣੇ ਕੁੱਛੜ ਦੇ ਬਾਲ ਨੂੰ ਖੰਡੇ ਦੀ ਕਢਾਈ ਵਾਲੇ ਕੋਰੇ ਸੁੱਚੇ ਚੋਲੇ ਵਿਚ ਦੂਖ ਨਿਵਾਰਨ ਦਾ ਅੰਮ੍ਰਿਤ ਛਕਾਇਆ।
ਇਹ ਸੀ ਬੱਚੇ ਲਈ ਜਲ ਦੇ ਪਹਿਲੇ ਘੁਟ ਦੀ ਰੀਤ।
ਇਕ ਅੱਧ ਮਹੀਨੇ ਵਿਚ ਹੀ ਮਾਂ ਪਾਲ ਵੀਰ ਜੀ ਨਾਲ ਫਰੀਦਕੋਟ ਆ ਗਈ। ਭਾਪਾ ਜੀ ਨੇ ਕੈਂਪਾਂ ਵਿਚ ਰਹਿਣ ਦੀ ਇਜਾਜ਼ਤ ਨਾ ਦਿੱਤੀ। ਇਸ ਲਈ ਪਾਲੀ ਵੀਰ ਨੇ ਰਾਜੇ ਦੇ ਮਹੱਲ ਅਤੇ ਗੁਰਦੁਆਰੇ ਦੇ ਵਿਚਕਾਰ ਵਾਲੀ ਬੰਦ ਗਲੀ ਵਿਚ ਕਿਰਾਏ ‘ਤੇ ਮਕਾਨ ਲੈ ਲਿਆ। ਘਰ ਦੀ ਜ਼ਿੰਮੇਵਾਰੀ ਹੁਣ ਸਤਾਰਾਂ ਸਾਲਾਂ ਦੇ ਕਿਸ਼ੋਰ ਪਾਲ ਵੀਰ ਜੀ ਉਤੇ ਸੀ। ਛੇਤੀ ਹੀ ਲਾਹੌਰ ਦੇ ਮੁਗ਼ਲ ਸਰਾਇ ਸਥਿਤ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਦੇ ਮੇਰੇ ਜੀਤ ਵੀਰ ਜੀ ਵੀ ਫਰੀਦਕੋਟ ਆ ਗਏ ਤੇ ਉਹ ਅਸਾਂ ਭੈਣਾਂ ਨੂੰ ਪਟਿਆਲਿਓਂ ਲੈ ਆਏ। ਹੁਣ ਸਾਰਾ ਪਰਿਵਾਰ ਇਕੱਠਾ ਸੀ, ਫਰੀਦਕੋਟ। ਭਾਪਾ ਜੀ ਅਜੇ ਵੀ ਪਿੱਛੇ ਸਨ, ਮੰਦ੍ਹਰੇ ਦੇ ਪਟਰੋਲ ਪੰਪ ਦੀ ਸੰਭਾਲ ਵਿਚ। ਫਰੀਦਕੋਟ ਦਾ ਘਰ ਐਨ ਰਾਜੇ ਦੇ ਮਹੱਲ ਦੇ ਸਾਹਮਣੇ ਸੀ। ਮਾਲਕ ਮਕਾਨ ਸੀ ਮਲਾਵਾ ਸਿੰਘ।
ਰਾਜੇ ਦੇ ਮਹੱਲ ‘ਚੋਂ ਉਡ ਉਡ ਮੋਰ ਸਾਡੇ ਘਰ ਦੇ ਬਨੇਰੇ ‘ਤੇ ਆ ਬਹਿੰਦੇ। ਦੁਪਹਿਰ ਤੇ ਸ਼ਾਮ ਵੇਲੇ ਸਾਨੂੰ ਘਰ ਦੀ ਛੱਤ ‘ਤੇ ਜਾਣ ਦੀ ਮਨਾਹੀ ਸੀ।
Ḕਦੁਪਹਿਰੇ ਰਾਜਾ ਸਾਹਿਬ ਧੁੱਪ ਸੇਕਦੇ ਨੇ, ਤੇ ਸ਼ਾਮੀ ਚਾਹ ਦਾ ਅਨੰਦ ਲੈਂਦੇ ਨੇ। ਇਸ ਲਈ ਗਲੀ ਦੀਆਂ ਛੱਤਾਂ ਉਪਰ ਨਹੀਂ ਚੜ੍ਹਨਾ।’ ਇਹ ਮਲਾਵਾ ਸਿੰਘ ਦੀ ਮਾਂ ਦਾ ਆਦੇਸ਼ ਸੀ।
ਘਰ ਦੇ ਸਾਹਮਣੇ ਰਾਜੇ ਦਾ ਵੀ ਘਰ ਹੋਵੇ- ਇਹ ਅਸਾਂ ਬਾਲਕਾਂ ਲਈ ਬੜੀ ਅਨੋਖੀ ਤੇ ਨਾ ਸਮਝ ਆਉਣ ਵਾਲੀ ਗੱਲ ਸੀ। ਰਾਜੇ ਦੇ ਬਿਸਤਰੇ ਮਖਮਲਾਂ ਦੇ ਹੋਣਗੇ ਤੇ ਭਾਂਡੇ ਸੋਨੇ ਚਾਂਦੀ ਦੇ, ਅਸੀਂ ਕਿਆਫੇ ਲਾਂਦੇ।
ਭਗਤ ਵੀਰ ਦੀ ਕਲਪਨਾ ਸਭ ਤੋਂ ਪਾਰ ਕਰ ਜਾਂਦੀ ਸੀ। ਉਹਨੂੰ ਗੁੜ ਬੜਾ ਚੰਗਾ ਲਗਦਾ ਸੀ ਤੇ ਮਾਂ ਉਸ ਨੂੰ ਗੁੜ ਖਾਣ ਤੋਂ ਬਹੁਤ ਵਰਜਦੀ, ਕਿਉਂਕਿ ਇਕ ਦੋ ਵੇਰਾਂ ਉਸ ਦੇ ਪੇਟੋਂ ਮਲ੍ਹਪ ਵੀ ਨਿਕਲੇ ਸਨ।
Ḕਰਾਜੇ ਨੇ ਸੌਣ-ਸੁਫ਼ੇ ਵਿਚ ਗੁੜ ਨੀਆਂ ਬੋਰੀਆਂ ਪਈਆਂ ਹੋਸਣ। ਪਲੰਘ ਨੇ ਦੋਏ ਪਾਸੇ ਤੈ ਰਾਜਾ ਪਾਸੇ ਪਰਤਨਿਆਂ ਗੁੜ ਨੀਆਂ ਭੇਲੀਆਂ ਕੀ ਚੱਕ ਮਾਰਨਾ ਹੋਸੀ। ਮੌਜਾਂ ਹੀ ਮੌਜਾਂ। ਹਿਤਨਾ ਗੁੜ? æææ ਰਾਜੇ ਕੀ ਤੈ ਫਿਰ ਨੀਂਦਰ ਹੀ ਨਾ ਆਨੀ ਹੋਸੀæææ ਹਾਇ ਵਿਚਾਰਾ ਰਾਜਾ। ਅੱਸ ਹੀ ਚੰਗੇ ਹਾਂ, ਘੋੜੇ ਵੇਚ ਕੇ ਸੌਨੇ ਹਾਂæææ।’ ਠਹਾਕਾ ਮਾਰ ਕੇ ਹੱਸਦਾ ਭਗਤ ਵੀਰ।
ਰਾਜੇ ਦੇ ਮਹੱਲ ਵਿਚੋਂ ਨਿਕਲਦੀ ਦੋ ਫੁੱਟ ਚੌੜੀ ਜਿਹੀ ਪਾਣੀ ਦੀ ਨਾਲੀ ਜਿਸ ਨੂੰ ਕੂਲ੍ਹ ਕਹਿੰਦੇ ਸਨ, ਰਾਜੇ ਦੇ ਬਾਗ਼ ਵਿਚ ਜਾ ਡਿਗਦੀ। ਮੈਂ ਇਸ ਕੂਲ੍ਹ ਵਿਚ ਸਾਰਾ ਦਿਨ ਜਾਂਘੀਏ ਬਨੈਨ ਵਿਚ ਡੁਬਕੀਆਂ ਮਾਰਦੀ ਨਹਾਂਦੀ ਰਹਿੰਦੀ।
ਬੰਦ ਗਲੀ ਦੇ ਅੰਤ ਵਿਚ ਇਕ ਪਿਸ਼ੌਰੀ ਪਰਿਵਾਰ ਵੀ ਆਣ ਟਿਕਿਆ ਸੀ। ਉਹ ਕੋਈ ਤਗੜੇ ਸ਼ਾਹੂਕਾਰ ਲਗਦੇ ਸਨ। ਕੁੜੀਆਂ ਨੇ ਰੰਗ ਬਰੰਗੇ ਖੁੱਲ੍ਹੇ ਰੇਸ਼ਮੀ ਸ਼ਰਾਰੇ ਪਾਏ ਹੁੰਦੇ। ਦੋ ਦੋ ਗੁੱਤਾਂ ਵਾਲੀਆਂ ਕੁੜੀਆਂ ਨੇ ਲੰਮੀਆਂ ਲੰਮੀਆਂ ਕੱਜਲ ਦੀਆਂ ਧਾਰੀਆਂ ਕੱਢੀਆਂ ਹੁੰਦੀਆਂ।
ਸੁਰਖ ਪਰੀਆਂ ਜਿਹੀਆਂ ਪਠਾਣੀ ਕੁੜੀਆਂ ਜਦੋਂ ਗਲੀ ‘ਚੋਂ ਲੰਘਦੀਆਂ ਤਾਂ ਸਿੱਧੀਆਂ-ਸਾਦੀਆਂ ਗੁਆਂਢਣਾਂ ਨੱਕ-ਮੂੰਹ ਸੰਗੋੜਦੀਆਂ, “ਕੌਣ ਕਹਿੰਦਾ ਹੈ ਇਹ ਲੁੱਟੇ-ਪੁੱਟੇ ਨੇ। ਇਹ ਤਾਂ ਸਾਨੂੰ ਲੁੱਟਣ ਆਏ ਨੇ।”
ਦਰਅਸਲ ਉਹ ਪਿਸ਼ੌਰੀਏ ਵੀ ਸਾਡੇ ਵਾਂਗ ਡਰਦੇ ਮਾਰੇ ਹੀ ਆਏ ਸਨ ਵਕਤੀ ਤੌਰ ‘ਤੇ ਵੇਲਾ ਲੰਘਾਣ। ਜਿਹੜੇ ਵੀ ਏਦਾਂ ਬਟਵਾਰੇ ਤੋਂ ਚੰਦ ਮਹੀਨੇ ਪਹਿਲਾਂ ਆ ਗਏ, ਉਹ ਲੋੜੀਂਦੀ ਪੂੰਜੀ ਦਾ ਜੁਗਾੜ ਕਰ ਕੇ ਹੀ ਆਏ ਸਨ।
ਗੁਆਂਢ ਵਿਚ ਵਸਦੇ ਮੁਸਲਮਾਨ ਪਰਿਵਾਰਾਂ ਦਾ ਖ਼ੌਫ਼ ਵੇਖ ਵੇਖ ਕੇ ਮਾਂ ਦਾ ਦਿਲ ਭਰ ਆਉਂਦਾ। ਉਨ੍ਹਾਂ ਦੀਆਂ ਤੀਵੀਆਂ ਵੀ ਘਰ ਦਾ ਸਾਮਾਨ ਵੇਚ ਰਹੀਆਂ ਸਨ।
ਥਾਪੀ, ਬਾਲਟੀ, ਬਿੰਡਾ, ਛੱਜ, ਮੰਜੀਆਂ, ਦਰੀਆਂ, ਕੁਰਸੀ, ਪੀੜ੍ਹੀ ਖਰੀਦ ਕੇ ਮਾਂ ਨੇ ਮੁੜ ਗ੍ਰਹਿਸਥੀ ਅਰੰਭੀ।
ਅਸੀਂ ਪੋਠੋਹਾਰੀਏ, ਪਿਸ਼ੌਰੀਏ ਤਾਂ ਪੱਕੇ ਮਾਸਾਹਾਰੀ ਸਾਂ; ਤਿੱਤਰ ਬਟੇਰਾਂ ਦੇ ਸ਼ੌਕੀਨ। ਏਥੇ ਮੁਸਲਮਾਨ ਗੁਆਂਢਣਾਂ ਤੋਂ ਦੋ ਦੋ ਆਨੇ ਦਾ ਕੁੱਕੜ ਮਿਲ ਜਾਂਦਾ। ਰੋਜ਼ ਹੀ ਪੱਕਦਾ। ਇਸ ਗੱਲੋਂ ਵੀ ਮਲਾਵਾ ਸਿੰਘ ਦੀ ਮਾਂ ਔਖੀ ਹੁੰਦੀ। ਉਨ੍ਹਾਂ ਦੇ ਘਰ ਤਾਂ ਇਕੋ ਦਾਲ ਪੱਕਦੀ ਹਫ਼ਤਿਆਂ ਬੱਧੀ, ਤੇ ਜੇ ਕਦੀ ਮੁਰਗਾ ਰਿਝਦਾ ਤਾਂ ਵੀ ਆਖਦੇ, “ਅੱਜ ਮੁਰਗੇ ਦੀ ਦਾਲ ਬਣਾਈ ਹੈ।”

ਇਕ ਸੁਹਾਵਣੀ ਯਾਦ
ਅਠ੍ਹਾਰਾਂ ਸਾਲਾਂ ਦੇ ਜਵਾਨ, ਪਾਲ ਵੀਰ ਜੀ ਲਈ ਫਰੀਦਕੋਟ ਵਿਚ ਵਿਹਲੇ ਰਹਿ ਕੇ ਵਕਤ ਗੁਜ਼ਾਰਨਾ ਡਾਢਾ ਔਖਾ ਸੀ। ਵਤਨ ਵਿਚ ਉਨ੍ਹਾਂ ਨੌਵੀਂ ਵਿਚ ਹੀ ਪੜ੍ਹਾਈ ਛੱਡ ਦਿੱਤੀ। ਸਾਲਾਨਾ ਇਮਤਿਹਾਨ ਦੇ ਦਿਨਾਂ ਵਿਚ ਉਨ੍ਹਾਂ ਨੂੰ ਟਾਈਫਾਈਡ ਹੋ ਗਿਆ ਸੀ। ਫੇਲ੍ਹ ਹੋ ਕੇ ਉਹ ਛੋਟੇ ਭਰਾ ਨਾਲ ਇਕੋ ਜਮਾਤ ਵਿਚ ਹੋ ਗਏ। ਨਮੋਸ਼ੀ ਜਰ ਨਾ ਸਕੇ। ਸਕੂਲ ਜਾਣਾ ਛੋੜ ਦਿੱਤਾ। ਮਾਪਿਆਂ ਦੀਆਂ ਅਣਗਿਣਤ ਕੋਸ਼ਿਸ਼ਾਂ ਬੇਕਾਰ ਗਈਆਂ। ਵਿਹਲੇ ਪੁੱਤਰ ਨੂੰ ਪਟਰੋਲ ਪੰਪ ‘ਤੇ ਬਿਠਾਣਾ ਪਿਆ। ਉਹ ਦੋ ਤਿੰਨ ਸਾਲਾਂ ਤੋਂ ਚੰਗੀ ਤਰ੍ਹਾਂ ਬਿਜ਼ਨਸ ਸੰਭਾਲ ਰਹੇ ਸਨ। ਹੁਣ ਫਰੀਦਕੋਟ ਵਿਚ ਵਿਹਲਾ ਨੱਢਾ ਕੀਕੂੰ ਵਕਤ ਗੁਜ਼ਾਰੇ!
ਮਈ, ਜੂਨ। ਭੱਠ ਗਰਮੀ ਦੇ ਦਿਨ।
ਪਾਲ ਵੀਰ ਜੀ ਨੇ ਨਿੰਬੂ ਅਤੇ ਖੰਡ ਖਰੀਦ ਕੇ ਬਾਲਟੀ ਸ਼ਿਕੰਜਵੀ ਦੀ ਤਿਆਰ ਕੀਤੀ। ਠੰਢੀ ਬਰਫ਼ ਸ਼ਿਕੰਜਵੀ ਦੀ ਬਾਲਟੀ, ਤੇ ਨਾਲ ਬਾਲਟੀ ਪਾਣੀ ਦੀ ਸਣੇ ਦੋ ਗਲਾਸਾਂ ਦੇ। ਉਨ੍ਹਾਂ ਮੈਨੂੰ ਵੀ ਨਾਲ ਤੋਰ ਲਿਆ। ਸੜਕ ਕਿਨਾਰੇ। ਟਕੇ ਟਕੇ ਦਾ ਗਲਾਸ। ਮੇਰਾ ਕੰਮ ਸੀ ਜੂਠੇ ਗਲਾਸ ਧੋਣਾ।
Ḕਆਓ ਜੀ, ਆਓ ਜੀ
ਆਓ ਪਿਆਸ ਬੁਝਾਓ ਜੀ।’
ਪਾਲ ਵੀਰ ਜੀ ਹੋਕਰਾ ਦੇਣ ਲੱਗੇ। ਖੇਡ ਖੇਡ ਵਿਚ ਮੈਂ ਵੀ ਨਾਲ ਸੁਰ ਮਿਲਾਂਦੀ। ਇਕ ਦੋ ਘੰਟਿਆਂ ਵਿਚ ਹੀ ਬਾਲਟੀ ਖਾਲੀ ਹੋ ਗਈ। ਪੂਰੀ ਵਿਕਰੀ ਮਗਰੋਂ ਪਾਲ ਵੀਰ ਜੀ ਨੇ ਹਿਸਾਬ ਕੀਤਾ। ਪੂਰਾ ਇਕ ਆਨੇ ਦਾ ਮੁਨਾਫ਼ਾ ਹੋਇਆ ਸੀ। ਉਸ ਆਨੇ ਦਾ ਅੱਧ, ਟਕਾ ਵੀਰ ਜੀ ਨੇ ਮੈਨੂੰ ਦਿੱਤਾ। ਟਕਾ ਯਾਨਿ ਅੱਜ ਦੇ ਤਿੰਨ ਪੈਸੇ ਜਿਨ੍ਹਾਂ ਬਦਲੇ ਕੋਲ ਹੀ ਵੇਚ ਰਹੇ ਭਾਈ ਕੋਲੋਂ ਮੈਂ ਜਾਮੁਨਾਂ ਦਾ ਪੁੜਾ ਖਰੀਦ ਕੇ ਰੂਹ ਤ੍ਰਿਪਤਾਈ।
“ਤੈੱਨ ਜਾਮਨ ਚੰਗੇ ਲਗਨੇ ਨੁ?” ਦੂਜੇ ਦਿਨ ਪਾਲ ਵੀਰ ਜੀ ਨੇ ਪੁੱਛਿਆ।
“ਹਾਂ, ਬਹੂੰ ਚੰਗੇ।” ਮੇਰਾ ਉੱਤਰ ਸੀ।
ਪਾਲ ਵੀਰ ਜੀ ਨੇ ਉਸੇ ਵੇਲੇ ਸੇਰ ਜਾਮਨ ਖਰੀਦ ਲਿਆਂਦੇ ਟਕੇ ਟਕੇ ਦੇ ਪੁੜੇ ਵੇਚਣ ਲਈ। ਅੱਜ ਉਨ੍ਹਾਂ ਦਾ ਕੰਮ ਸੀ ਅਖ਼ਬਾਰ ਦੇ ਕਾਗਜ਼ ਦਾ ਪੁੜਾ ਬਣਾ ਕੇ ਜਾਮਨ ਭਰਨੇ, ਤੇ ਮੇਰਾ ਕੰਮ ਸੀ ਜਾਮਨਾਂ ‘ਤੇ ਲੂਣ ਛਿੜਕਣਾ।
ਰਾਅ ਜਾਮਨ ਵਾਹ ਜਾਮਨ
ਕਾਲੇ ਕਾਲੇ ਸ਼ਾਹ ਜਾਮਨ
ਅਸਾਂ ਸੁਰ ਮਿਲਾਈ। ਇਹ ਤਜਰਬਾ ਵੀ ਠੀਕ ਰਿਹਾ। ਮੁਨਾਫ਼ੇ ਦਾ ਅੱਧ, ਯਾਨਿ ਪੂਰਾ ਆਨਾ ਮੈਂ ਖੱਟਿਆ।
ਵਤਨਾਂ ਵਿਚ ਮੇਰੇ ਵੀਰਾਂ ਦਾ ਲਿਬਾਸ ਕਮੀਜ਼ ਪਜਾਮਾ ਹੀ ਸੀ। ਇਥੇ ਸਥਾਨਕ ਨੱਢਿਆਂ ਦੀ ਦੇਖਾ-ਦੇਖੀ ਪਾਲ ਵੀਰ ਜੀ ਨੇ ਬਨੈਨ ਤੇ ਲਾਚੇ ਨਾਲ ਨਵਾਂ ਹੀ ਰੂਪ ਕੱਢ ਲਿਆ। ਉਹ ਮਾਂ ਤੋਂ ਖੁੱਲ੍ਹੇ ਪੈਸੇ ਮੰਗਣ, ਸੌ ਦੋ ਸੌ ਜਾਂ ਵੱਧ ਕੋਈ ਨਵਾਂ ਕੰਮ ਸ਼ੁਰੂ ਕਰਨ ਲਈ ਤੇ ਮਾਂ ਦਾ ਦਿਲ ਨਾ ਮੰਨੇ ਕਿ ਉਸ ਦਾ ਪੁੱਤਰ ਰੇੜ੍ਹੀ ਜਾਂ ਫੜ੍ਹੀ ਦਾ ਕੋਈ ਛੋਟਾ ਕੰਮ ਕਰੇ। ਉਸ ਪੈਸੇ ਦੇਣ ਤੋਂ ਆਨਾ ਕਾਨੀ ਕੀਤੀ। ਵੀਰ ਜੀ ਚੁੱਪ-ਚੁਪੀਤੇ ਬਾਹਰ ਨਿਕਲ ਗਏ। ਰਾਤੀਂ ਮੁੜੇ ਹੀ ਨਾ। ਮਾਂ ਰੋਵੇ। ਕੁਰਲਾਵੇ। ਦੋ ਦਿਨ ਲੰਘ ਗਏ। ਪਤਾ ਲੱਗਾ ਪਾਲ ਵੀਰ ਜੀ ਨੇ ਗੁਜਰਖਾਨ ਤੋਂ ਹੀ ਆਏ ਹੋਏ ਚੌਧਰੀਆਂ ਦੇ ਢਾਬੇ ‘ਤੇ ਨੌਕਰੀ ਕਰ ਲਈ ਹੈ। ਭੱਠ ਗਰਮੀ ਵਿਚ ਤਪਦੇ ਤੰਦੂਰ ‘ਤੇ ਰੋਟੀਆਂ ਲਾਹੁੰਦੇ ਪੁੱਤਰ ਨੂੰ ਵੇਖਣ ਗਈ ਮਾਂ ਰੋ ਰੋ ਬੇਹਾਲ।
“ਆ ਜਾ ਪੁੱਤਰ, ਮਾਂ ਸਦਕੇ। ਜਿਤਨੇ ਪੈਸੇ ਆਖਸੇਂ ਦੇਸਾਂ।” ਮਾਂ ਨੇ ਵਾਸਤਾ ਪਾਇਆ। ਮੈਂ ਵੀ ਨਾਲ ਸਾਂ।
“ਵੀਰ ਜੀ, ਘਾਰ ਜੁੱਲੋ ਅੱਸ ਫਿਰ ਸ਼ਿਕੰਜਵੀ ਵੇਚਸੀਏ।” ਹੰਝੂਓ-ਹੰਝੂ ਮੈਂ ਤਰਲਾ ਪਾਇਆ।
“ਤੁਸ ਜਾਓ ਮੈਂ ਆਨਾ ਪਿਆਂ।” ਵੀਰ ਜੀ ਨੇ ਮੇਰੀ ਪਿੱਠ ਥਾਪੜੀ।
ਦੂਜੇ ਦਿਨ ਪਾਲ ਵੀਰ ਜੀ ਨੇ ਰੇੜ੍ਹੀ ਖਰੀਦੀ। ਦੇਸੀ ਸਾਬਣ ਖਰੀਦਿਆ ਤੇ ਗਲੀਓ-ਗਲੀ ਹੋਕਰਾ ਦੇਣ ਲੱਗੇ।
ਕਹਿਰਾਂ ਦੀ ਗਰਮੀ, ਨੰਗੀਆਂ ਬਾਹਵਾਂ, ਬਨੈਨ ਤੇ ਲਾਚੇ ਵਿਚ ਰੇੜ੍ਹੀ ਧੱਕਦੇ ਪੁੱਤਰ ਨੂੰ ਤੱਕ ਤੱਕ ਮਾਂ ਦਾ ਕਲੇਜਾ ਫਟੇ ਪਰ ਕੀ ਕਰੇ? ਪੁੱਤਰ ‘ਤੇ ਧੰਦੇ ਦਾ ਭੂਤ ਸਵਾਰ ਸੀ।
ਹਫ਼ਤਾ ਭਰ ਰੇੜ੍ਹੀ ਚਲਦੀ ਰਹੀ। ਕੜਕਦੀ ਧੁੱਪ ਵਿਚ ਸਾਬਣ ਸੁੱਕਦਾ ਗਿਆ। ਸੁੱਕ ਕੇ ਹੌਲਾ ਹੁੰਦਾ ਗਿਆ। ਇਸ ਕੰਮ ਵਿਚ ਪਾਲ ਵੀਰ ਜੀ ਨੂੰ ਨੁਕਸਾਨ ਹੋਇਆ।
“ਤੁਸਾਂ ਸਾਬਣ ਨੇ ਧੰਦੇ ਵਿਚ ਮੈੱਨ ਭਾਈਵਾਲ ਨਹੀਂ ਨਾ ਬਣਾਇਆ, ਤਾਂ ਹੀ ਤੁਸਾਂ ਕੀ ਘਾਟਾ ਪਿਐ।” ਮੈਂ ਪਾਲ ਵੀਰ ਜੀ ਨੂੰ ਚਿੜ੍ਹਾਂਦੀ।
ਰੇੜ੍ਹੀ ਤਾਂ ਹੈ ਹੀ ਸੀ ਆਪਣੀ। ਜਿਹੜੇ ਪੈਸੇ ਵੱਟਣ ਹੋਏ, ਉਨ੍ਹਾਂ ਨਾਲ ਪਾਲ ਵੀਰ ਜੀ ਨੇ ਮੁੜ ਮਾਲ ਪਾ ਲਿਆ। ਇਹ ਸਨ ਬਨੈਨਾ ਤੇ ਤੋਲੀਏ। ਕੰਘੀ ਪੱਟੀ ਸਵਾਰ, ਨੀਲੇ ਫਰਾਕ ਵਿਚ ਮੈਂ ਵੀ ਪਾਲ ਵੀਰ ਜੀ ਦੇ ਨਾਲ ਸਾਂ ਹੁਣ। ਹੋਕਰਾ ਲਗਦਾ, “ਇਹ ਦਿੱਲੀ ਦੇ ਤੁਹਫ਼ੇ ਆ ਗਏ ਜੀ, ਚਲ ਵਧੀਆ ਬਨੈਨਾਂ।”
“ਦਿੱਲੀ ਦੇ ਤੁਹਫ਼ੇ ਆ ਗਏ ਜੀ”, ਲੰਮੀ ਹੇਕ ਨਾਲ ਪਾਲ ਵੀਰ ਜੀ ਬੋਲਦੇ ਤੇ “ਚਲ ਵਧੀਆ ਬਨੈਨਾਂ” ਲੰਮੀ ਹੇਕ ਮੈਂ ਲਾਉਂਦੀ। ਸੜਕੋ-ਸੜਕ ਗਲੀਓ-ਗਲੀ। ਇਹ ਸਾਡਾ ਵਾਹ-ਵਾਹ ਦਿਲਚਸਪ ਤਜਰਬਾ ਰਿਹਾ। ਇਸ ਧੰਦੇ ਵਿਚ ਸਾਨੂੰ ਨਫ਼ਾ ਹੋਇਆ ਜਾਂ ਨੁਕਸਾਨ, ਕੁਝ ਯਾਦ ਨਹੀਂ।
ਹੁਣ ਤੱਕ ਪਟਿਆਲੇ ਤੋਂ ਸੰਤ ਭੈਣ ਜੀ ਵੀ ਪਰਿਵਾਰ ਸਮੇਤ ਫਰੀਦਕੋਟ ਆ ਗਈ। ਇਕੋ ਹੀ ਕਮਰੇ ਵਾਲਾ ਇਹ ਘਰ ਛੋਟਾ ਪੈਂਦਾ ਸੀ। ਸੋ, ਸ਼ਹਿਰ ਦੇ ਬਾਹਰਵਾਰ ਸ਼ਾਇਦ ਬਲਬੀਰ ਬਸਤੀ ਸੀ ਉਸ ਮੁਹੱਲੇ ਦਾ ਨਾਂ, ਵੱਡਾ ਮਕਾਨ ਕਿਰਾਏ ‘ਤੇ ਲੈ ਲਿਆ। ਇਕ ਕਮਰੇ ਵਿਚ ਭੈਣ ਜੀ, ਜੀਜਾ ਜੀ ਤੇ ਉਨ੍ਹਾਂ ਦੇ ਦੋ ਪੁੱਤਰ ਤੇ ਇਕ ਕਮਰੇ ਵਿਚ ਮਾਂ ਅਸਾਂ ਬਾਲਕਾਂ ਸਮੇਤ।
ਸ਼ਾਇਦ ਜੂਨ ਜੁਲਾਈ ਦਾ ਮਹੀਨਾ ਹੋਣੈ। ਮੁਸਲਮਾਨ ਪਰਿਵਾਰਾਂ ਦਾ ਕਾਫ਼ਲਾ ਤੁਰ ਪਿਆ ਸੀ ਹੱਦ ਪਾਰ ਕਰਨ ਲਈ। ਰਾਜੇ ਦੇ ਸੁਰੱਖਿਆ ਸਿਪਾਹੀ ਨਾਲ ਸਨ। ਸੰਤ ਭੈਣ ਜੀ ਦੀ ਰਖਵਾਲੀ ਹੇਠਾਂ ਪਰਿਵਾਰ ਨੂੰ ਛੱਡ ਕੇ ਮਾਂ ਗੱਡੀ ਚੜ੍ਹ ਗਈ ਗੁਜਰਖਾਨ ਲਈ, ਭਾਪਾ ਜੀ ਨੂੰ ਲੈਣ। ਉਹ ਹਾਲਾਂ ਵੀ ਮੰਦ੍ਹਰੇ ਹੀ ਸਨ। ਪਟਰੋਲ ਪੰਪ ‘ਤੇ। ਜਾ ਪਹੁੰਚੀ ਮਾਂ ਤੇ ਫੈਸਲਾ ਸੁਣਾ ਦਿੱਤਾ, “ਜੇ ਨਾਲ ਜੁਲਨੇ ਹੋ ਹੁਣੇ, ਹਿਸੇ ਵੇਲੇ; ਤਾਂ ਠੀਕ ਹੈ। ਨਹੀਂ ਤੇ ਮੈਂ ਵੀ ਹਿੱਥੋਂ ਨਹੀਂ ਹਿਲਣਾ। ਟੱਬਰ ਤੁਸਾਂ ਨਾ ਜੀਵੇ, ਮਰੇ। ਮੈੱਨ ਕੇ।”
ਭਾਪਾ ਜੀ ਨੇ ਬਥੇਰੀ ਟਿਲ ਲਾਈ। ਮਾਂ ਟੱਸ ਤੋਂ ਮੱਸ ਨਾ ਹੋਈ। ਪਟਰੋਲ ਪੰਪ ਦੀਆਂ ਚਾਬੀਆਂ ਭਾਪਾ ਜੀ ਨੇ ਗੁਆਂਢੀਆਂ ਨੂੰ ਪਕੜਾਈਆਂ ਤੇ ਤੁਰ ਪਏ ਮਾਂ ਨਾਲ। ਉਨ੍ਹਾਂ ਦੀ ਜੇਬ ਵਿਚ ਤਿੰਨ ਸੌ ਰੁਪਏ ਹੀ ਸਨ। ਮਾਲ ਗੱਡੀਆਂ ਅਤੇ ਸਵਾਰੀ ਗੱਡੀਆਂ ‘ਤੇ ਚੜ੍ਹਦੇ ਲਹਿੰਦੇ, ਬਚਦੇ-ਬਚਾਂਦੇ ਉਹ ਪੁੱਜ ਹੀ ਗਏ ਅੱਠ ਦਸ ਦਿਨਾਂ ਵਿਚ ਫਰੀਦਕੋਟ।

Be the first to comment

Leave a Reply

Your email address will not be published.