ਸਾਕਾ ਨੀਲਾ ਤਾਰਾ: ਕੈਪਟਨ ਨੇ ਬਾਦਲ ਨੂੰ ਖੁੱਲ੍ਹੀ ਬਹਿਸ ਲਈ ਵੰਗਾਰਿਆ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸਾਕਾ ਨੀਲਾ ਤਾਰਾ ਲਈ ਕੇਂਦਰ ਸਰਕਾਰ ਦੇ ਫੈਸਲੇ ਨੂੰ ਸਹਿਮਤੀ ਦੇਣ ਦੇ ਮਾਮਲੇ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਸੂਤੇ ਘਿਰ ਗਏ ਹਨ। ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਇਸ ਮੁੱਦੇ ਨੂੰ ਕਾਂਗਰਸ ਖ਼ਿਲਾਫ਼ ਵਰਤਦਾ ਆ ਰਿਹਾ ਸੀ ਪਰ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੁਲਾਸਿਆਂ ਨੇ ਅਕਾਲੀ ਦਲ ਨੂੰ ਇਸ ਮੁੱਦੇ ‘ਤੇ ਚੁੱਪ ਕਰਵਾ ਦਿੱਤਾ ਹੈ। ਹੁਣ ਸ਼ ਬਾਦਲ ਇਸ ਮੁੱਦੇ ‘ਤੇ ਬੋਲਣ ਤੋਂ ਗੁਰੇਜ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਇਸ ਮੁੱਦੇ ‘ਤੇ ਬੇਸ਼ੱਕ ਵਿਉਂਤਬੱਧ ਢੰਗ ਨਾਲ ਆਪਣੇ ਬਚਾਅ ਦੀ ਕੋਸ਼ਿਸ਼ ਕੀਤੀ ਪਰ ਕੈਪਟਨ ਨੇ ਸ਼ ਬਾਦਲ ਨੂੰ ਇਸ ਮੁੱਦੇ ‘ਤੇ ਖੁੱਲ੍ਹੀ ਬਹਿਸ ਲਈ ਵੰਗਾਰ ਕੇ ਚੁੱਪ ਕਰਵਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਕਾਰਵਾਈ ਸ਼ ਪ੍ਰਕਾਸ਼ ਸਿੰਘ ਬਾਦਲ ਦੀ ਸਹਿਮਤੀ ਨਾਲ ਹੋਈ ਸੀ। ਇਸ ਬਾਰੇ ਕੈਪਟਨ ਨੇ ਮੀਡੀਆ ਸਾਹਮਣੇ ਕਈ ਸਬੂਤ ਵੀ ਪੇਸ਼ ਕੀਤੇ ਜਿਸ ਬਾਰੇ ਸ਼੍ਰੋਮਣੀ ਅਕਾਲੀ ਦਲ ਕੋਈ ਪੁਖਤਾ ਸਪਸ਼ਟੀਕਰਨ ਨਹੀਂ ਦੇ ਸਕਿਆ।
ਕੈਪਟਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਪੀæਵੀæ ਨਰਸਿਮ੍ਹਾ ਰਾਓ ਨਾਲ 28 ਮਾਰਚ 1984 ਨੂੰ ਹੋਈ ਮੀਟਿੰਗ ਵਿਚ ਸ਼ ਬਾਦਲ ਨੇ ਸੰਤ ਭਿੰਡਰਾਂਵਾਲੇ ਦੀਆਂ ਸਰਗਰਮੀਆਂ ਕਾਰਨ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਕਾਰਵਾਈ ਲਈ ਸਹਿਮਤੀ ਦਿੱਤੀ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਸਪਸ਼ਟ ਕਰਨ ਕਿ ਉਨ੍ਹਾਂ ਕਿਸ ਮਕਸਦ ਨਾਲ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਕੈਪਟਨ ਨੇ ਇਹ ਵੀ ਦਾਅਵਾ ਕੀਤਾ ਕਿ ਪਹਿਲੀ ਜੂਨ 1984 ਨੂੰ ਜਦੋਂ ਪੁਲਿਸ ਤੇ ਸੀæਆਰæਪੀæਐਫ਼ ਦੇ ਜਵਾਨਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਸੀ, ਉਸ ਦਿਨ ਸ਼ ਬਾਦਲ ਆਪਣੇ ਪਿੰਡ ਵਿਚ ਸਨ। ਅਗਲੇ ਦਿਨ ਇਸ ਮੁੱਦੇ ‘ਤੇ ਹੋਈ ਅਕਾਲੀ ਦਲ ਤੇ ਸਿੱਖ ਆਗੂਆਂ ਦੀ ਮੀਟਿੰਗ ਵਿਚ ਵੀ ਸ਼ ਬਾਦਲ ਹਾਜ਼ਰ ਨਹੀਂ ਹੋਏ ਸਨ।
ਇਸੇ ਦੌਰਾਨ ਕਾਂਗਰਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸ਼ ਪ੍ਰਕਾਸ਼ ਸਿੰਘ ਬਾਦਲ ਵੱਲੋਂ 17 ਸਾਲ ਜੇਲ੍ਹ ਕੱਟਣ ਦੇ ਕੀਤੇ ਜਾ ਰਹੇ ਦਾਅਵੇ ਝੂਠੇ ਹਨ। ਉਨ੍ਹਾਂ ਨੇ ਮਸਾਂ 40 ਮਹੀਨੇ ਕੈਦ ਕੱਟੀ ਹੈ। ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਮਰਹੂਮ ਪਿਤਾ ਤੇ ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ, ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸਿਮਰਨਜੀਤ ਸਿੰਘ ਮਾਨ ਨੇ ਸ਼ ਬਾਦਲ ਤੋਂ ਵੱਧ ਸਿਆਸੀ ਜੇਲ੍ਹ ਕੱਟੀ ਹੈ। ਸਾਲ 1984 ਤੋਂ ਲੈ ਕੇ 1997 ਤੱਕ ਪੰਜਾਬ ਦੇ ਗੜਬੜੀ ਵਾਲੇ ਕੇਵਲ 13 ਸਾਲ ਬਣਦੇ ਹਨ ਕਿਉਂਕਿ ਸ਼ ਬਾਦਲ 1997 ਵਿਚ ਮੁੱਖ ਮੰਤਰੀ ਬਣ ਗਏ ਸਨ। ਇਸ ਤਰ੍ਹਾਂ ਸ਼ ਬਾਦਲ ਵੱਲੋਂ 17 ਸਾਲ ਸਿਆਸੀ ਜੇਲ੍ਹ ਕੱਟਣ ਦੇ ਦਾਅਵੇ ਮਜ਼ਾਕ ਹਨ।
ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਅਜਿਹਾ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹਰ ਪਾਸਿਓਂ ਸੱਚੇ ਹੋਣ ਦੀ ਫਿਰਾਕ ਵਿਚ ਹਨ। ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਡਾæ ਦਲਜੀਤ ਸਿੰਘ ਚੀਮਾ ਨੇ ਕੈਪਟਨ ਦੇ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਤੋਂ ਸਪਸ਼ਟ ਹੋ ਗਿਆ ਹੈ ਕਿ ਉਹ ਮੀਡੀਆ ਵਿਚ ਸਾਕਾ ਨੀਲਾ ਤਾਰਾ ਦਾ ਵਿਰੋਧ ਕਰ ਕੇ ਆਪਣੇ ਆਪ ਨੂੰ ‘ਸੱਚਾ’ ਸਿੱਖ ਕਹਾਉਣਾ ਲੋਚ ਰਹੇ ਹਨ। ਇਹ ਵੀ ਸਪਸ਼ਟ ਹੋ ਗਿਆ ਹੈ ਕਿ ਇਕ ਕਾਂਗਰਸੀ ਵਜੋਂ ਉਹ ਗਾਂਧੀ ਪਰਿਵਾਰ ਦੇ ਅਕਸ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਨ।
ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਨੂੰ ਹੋਰ ਹਵਾ ਨਹੀਂ ਦੇਣਾ ਚਾਹੁੰਦਾ ਪਰ ਕਾਂਗਰਸ ਲੋਕ ਸਭਾ ਚੋਣਾਂ ਵਿਚ ਇਸ ਦਾ ਲਾਹਾ ਲੈਣਾ ਚਾਹੁੰਦੀ ਹੈ। ਕੈਪਟਨ ਦੇ ਖੁਲਾਸਿਆਂ ਮਗਰੋਂ ਸਿੱਖ ਹਲਕਿਆਂ ਵਿਚ ਵੀ ਇਸ ਮਸਲੇ ‘ਤੇ ਸਥਿਤੀ ਸਪਸ਼ਟ ਕੀਤੇ ਜਾਣ ਦੀ ਗੱਲ ਸ਼ੁਰੂ ਹੋਈ ਹੈ। ਕਈ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ ਹੈ। ਬੇਸ਼ੱਕ ਸਾਕਾ ਨੀਲਾ ਤਾਰਾ ਦਾ ਦਾਗ ਕਾਂਗਰਸ ਕਦੇ ਨਹੀਂ ਧੋ ਸਕਦੀ ਪਰ ਕੈਪਟਨ ਦੇ ਹੱਲਿਆਂ ਨਾਲ ਅਕਾਲੀ ਦਲ ਵੀ ਬੁਖਲਾ ਗਿਆ ਹੈ ਤੇ ਇਸ ਮਾਮਲੇ ‘ਤੇ ਚੁੱਪ ਰਹਿਣ ਨੂੰ ਹੀ ਬਿਹਤਰ ਸਮਝ ਰਿਹਾ ਹੈ।

Be the first to comment

Leave a Reply

Your email address will not be published.