ਨਵੀਂ ਦਿੱਲੀ: ਲੋਕ ਸਭਾ ਵਿਚ ਭਾਰੀ ਰੌਲੇ-ਰੱਪੇ, ਪ੍ਰਦਰਸ਼ਨ ਤੇ ਹੰਗਾਮੇ ਵਿਚਕਾਰ ਆਂਧਰਾ ਪ੍ਰਦੇਸ਼ ਨੂੰ ਤੋੜ ਕੇ 29ਵਾਂ ਸੂਬਾ ਤਿਲੰਗਾਨਾ ਬਣਾਉਣ ਬਾਰੇ ਇਤਿਹਾਸਕ ਬਿੱਲ ਪਾਸ ਹੋ ਗਿਆ। ਇਸ ਮਾਮਲੇ ‘ਤੇ ਸਦਨ ‘ਚ ਬਹੁਤ ਖੱਪ ਪਈ ਪਰ ਕਾਂਗਰਸ ਅਤੇ ਭਾਜਪਾ ਨੇ ਇਸ ਮਾਮਲੇ ਉਪਰ ਇਕਜੁੱਟਤਾ ਦਾ ਪ੍ਰਗਟਾਵਾ ਕਰ ਕੇ ਇਸ ਬਿਲ ਨੂੰ ਪਾਸ ਕਰਵਾ ਦਿੱਤਾ। ਉਂਝ ਹੈਰਾਨੀ ਇਸ ਗੱਲ ਦੀ ਵੀ ਹੋਈ ਕਿ ਬਿੱਲ ਪਾਸ ਹੋਣ ਮਗਰੋਂ ਕਾਂਗਰਸ ਅਤੇ ਭਾਜਪਾ ਨੇ ਇਕ-ਦੂਜੇ ਉਤੇ ਦੋਗਲੀ ਖੇਡ ਖੇਡਣ ਦੇ ਦੋਸ਼ ਲਗਾਏ। ਆਂਧਰਾ ਪ੍ਰਦੇਸ਼ ਦੇ ਕਾਂਗਰਸੀ ਮੁੱਖ ਮੰਤਰੀ ਕਿਰਨ ਕੁਮਾਰ ਰੈਡੀ ਜੋ ਸੂਬਾ ਤੋੜਨ ਦੇ ਵਿਰੁੱਧ ਸਨ, ਅਸਤੀਫਾ ਦੇਣ ਲਈ ਤਿਆਰ ਬੈਠੇ ਹਨ।
ਆਂਧਰਾ ਪ੍ਰਦੇਸ਼ ਪੁਨਰਗਠਨ ਬਿੱਲ 2014 ਜੋ ਕਾਫੀ ਸਮੇਂ ਤੋਂ ਲਟਕਿਆ ਹੋਇਆ ਸੀ, ਨੂੰ ਜਦੋਂ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਸਮਰਥਨ ਦੇ ਦਿੱਤਾ ਤਾਂ ਹੋਰ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਇਸ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਇਸ ਨੂੰ 38 ਸੋਧਾਂ ਨਾਲ ਪਾਸ ਕੀਤਾ ਗਿਆ ਤੇ ਹੁਣ ਇਹ ਪਾਸ ਹੋਣ ਲਈ ਰਾਜ ਸਭਾ ਵਿਚ ਜਾਵੇਗਾ। ਇਹ ਬਿੱਲ ਹੇਠਲੇ ਸਦਨ ਵਿਚੋਂ ਪਾਸ ਕਰਵਾਉਣ ਲਈ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਪੇਸ਼ ਕੀਤਾ ਅਤੇ 90 ਮਿੰਟਾਂ ਵਿਚ ਇਹ ਪਾਸ ਹੋਇਆ। ਇਸ ਦੌਰਾਨ ਭਾਰੀ ਰੌਲਾ-ਰੱਪਾ ਤੇ ਹੰਗਾਮਾ ਹੋਇਆ। ਆਂਧਰਾ ਪ੍ਰਦੇਸ਼ ਨੂੰ ਵੰਡਣ ਖ਼ਿਲਾਫ਼ ਮੈਂਬਰਾਂ ਨੇ ਕਾਰਵਾਈ ਵਿਚ ਭਾਰੀ ਵਿਘਨ ਪਾਇਆ ਜਿਸ ਕਾਰਨ ਸਦਨ ਦੀ ਕਾਰਵਾਈ ਤਿੰਨ ਵਾਰ ਉਠਾਉਣੀ ਪਈ। ਬਿੱਲ ‘ਤੇ ਹੋਈ ਸੰਖੇਪ ਚਰਚਾ ‘ਤੇ ਸਿਰਫ ਸ੍ਰੀ ਸ਼ਿੰਦੇ, ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਤੇ ਤਿਲੰਗਾਨਾ ਤੋਂ ਸੀਨੀਅਰ ਕਾਂਗਰਸੀ ਨੇਤਾ ਤੇ ਕੇਂਦਰੀ ਮੰਤਰੀ ਜੈਪਾਲ ਰੈਡੀ ਨੇ ਆਪਣੀ ਗੱਲ ਰੱਖੀ। ਸ੍ਰੀਮਤੀ ਸਵਰਾਜ ਨੇ ਟੀæਵੀæ ‘ਤੇ ਸਿੱਧਾ ਪ੍ਰਸਾਰਨ ਰੋਕਣ ‘ਤੇ ਸੁਆਲ ਖੜ੍ਹੇ ਕੀਤੇ ਤੇ ਸਪੀਕਰ ਮੀਰਾ ਕੁਮਾਰ ਵੱਲੋਂ ਪ੍ਰਸਾਰਨ ਰੋਕਣ ਦੇ ਹੁਕਮ ਦੀ ਆਲੋਚਨਾ ਕੀਤੀ। ਵੀæਐਸ਼ਆਰæ ਕਾਂਗਰਸ ਦੇ ਮੁਖੀ ਜਗਨਮੋਹਨ ਰੈਡੀ ਜਿਨ੍ਹਾਂ ਨੂੰ ਬੀਤੇ ਹਫਤੇ ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ, ਨੇ ਆਂਧਰਾ ਪ੍ਰਦੇਸ਼ ਬੰਦ ਦਾ ਸੱਦਾ ਦਿੱਤਾ ਹੈ।
ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਸਰਕਾਰ ਉਪਰ ਤਿਲੰਗਾਨਾ ਬਿਲ ਬਾਰੇ ਦੋਹਰਾ ਰਵੱਈਆ ਅਪਨਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬਿਲ ਪੇਸ਼ ਕਰਨ ਸਮੇਂ ਜਾਣ-ਬੁੱਝ ਕੇ ਕਾਰਵਾਈ ਦਾ ਸਿੱਧਾ ਪ੍ਰਸਾਰਨ ਰੋਕਿਆ ਗਿਆ ਅਤੇ ਬਹਿਸ ਵੀ ਨਹੀਂ ਕਰਵਾਈ ਗਈ। ਭਾਜਪਾ ਨੂੰ ਸੋਧਾਂ ਪੇਸ਼ ਕਰਨ ਦਾ ਮੌਕਾ ਵੀ ਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਹੁਣ ਰਾਜ ਸਭਾ ਵਿਚ ਬਿਲ ਪੇਸ਼ ਕਰਨ ਸਮੇਂ ਸੋਧਾਂ ਪੇਸ਼ ਕਰੇਗੀ। ਉਨ੍ਹਾਂ ਤਿਲੰਗਾਨਾ ਪੱਖੀਆਂ ਨੂੰ ਕਿਹਾ ਕਿ ਉਹ ਸਾਰਾ ਸਿਹਰਾ ਸਰਕਾਰ ਸਿਰ ਨਾ ਬੰਨ੍ਹਣ। ਉਨ੍ਹਾਂ (ਸੁਸ਼ਮਾ) ਦਾ ਵੀ ਇਸ ਬਿਲ ਨੂੰ ਪਾਸ ਕਰਾਉਣ ਵਿਚ ਯੋਗਦਾਨ ਹੈ।
Leave a Reply