ਕੌਮੀ ਅਖੰਡਤਾ ਨੂੰ ਖਤਰੇ ਕਾਰਨ ਵਾਪਰਿਆ ਸਾਕਾ ਨੀਲਾ ਤਾਰਾ?

ਚੰਡੀਗੜ੍ਹ: ਸਾਕਾ ਨੀਲਾ ਤਾਰਾ ਨੂੰ ਲੈ ਕੇ ਸਿਆਸਤ ਫਿਰ ਗਰਮ ਹੋ ਗਈ ਹੈ। ਲੋਕ ਸਭਾ ਚੋਣਾਂ ਨੇੜੇ ਦੇਖਦਿਆਂ ਸਿਆਸਤਦਾਨਾਂ ਨੇ ਲਾਹਾ ਲੈਣ ਲਈ ਇਕ ਦੂਜੇ ‘ਤੇ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ ਹੈ। ਜੂਨ 1984 ਵਿਚ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਕਿਹੜਾ ਆਗੂ ਕਿਥੇ ਸੀ ਤੇ ਕਿਸ ਨਾਲ ਗੱਲਬਾਤ ਕਰ ਰਿਹਾ ਸੀ, ਇਸ ਬਾਰੇ ਮੀਡੀਆ ਵਿਚ ਸਵਾਲ ਦਾਗੇ ਜਾ ਰਹੇ ਹਨ।
ਭਾਰਤ ਸਰਕਾਰ ਵੱਲੋਂ 10 ਜੁਲਾਈ, 1984 ਵਿਚ ਜਾਰੀ ਕੀਤੇ ਗਏ ‘ਪੰਜਾਬ ਅੰਦੋਲਨ ਬਾਰੇ ਵ੍ਹਾਈਟ ਪੇਪਰ’ ਵਿਚ ਕੇਂਦਰ ਸਰਕਾਰ ਨੇ ਆਪਣਾ ਪੱਖ ਦੱਸਦਿਆਂ ਸਾਕਾ ਨੀਲਾ ਤਾਰਾ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਹੈ। ਵਿਵਾਦਤ ਕਾਰਵਾਈ ਨੂੰ ਸਹੀ ਠਹਿਰਾਉਂਦਿਆਂ ਵ੍ਹਾਈਟ ਪੇਪਰ ਵਿਚ ਕਿਹਾ ਗਿਆ ਹੈ ਕਿ ਦਰਬਾਰ ਸਾਹਿਬ ਅੰਦਰ ਮੌਜੂਦ ਧੜਿਆਂ ਦੀਆਂ ਵੱਖਵਾਦੀ ਕਾਰਵਾਈਆਂ ਡਰਾਉਣੀਆਂ ਸਨ। ਸਰਕਾਰ ਨੂੰ ਯਕੀਨ ਹੋ ਗਿਆ ਸੀ ਕਿ ਦੇਸ਼ ਦੀ ਸੁਰੱਖਿਆ, ਏਕਤਾ ਤੇ ਅਖੰਡਤਾ ਨੂੰ ਪੈਦਾ ਚੁਣੌਤੀ ਦਾ ਮੁਕਾਬਲਾ ਸੁਧਾਰ, ਅਮਨ ਤੇ ਕਾਨੂੰਨ ਦੀਆਂ ਏਜੰਸੀਆਂ ਨਹੀਂ ਕਰ ਸਕਦੀਆਂ। ਅਜਿਹੇ ਹਾਲਾਤ ਨੂੰ ਦੇਖਦਿਆਂ ਫੌਜ ਸੱਦਣ ਦਾ ਫੈਸਲਾ ਲਿਆ ਗਿਆ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 2 ਜੂਨ, 1984 ਨੂੰ ‘ਕੌਮ ਦੇ ਨਾਮ ਪ੍ਰਸਾਰਣ’ ਵਿਚ ਅਗਲੇ ਦਿਨ ਹੋਣ ਵਾਲੇ ਆਪਰੇਸ਼ਨ ਬਾਰੇ ਕੋਈ ਸੰਕੇਤ ਤੱਕ ਨਹੀਂ ਦਿੱਤੇ ਸਨ। ਪੰਜਾਬ ਤੇ ਚੰਡੀਗੜ੍ਹ ਕਰਫਿਊ ਲਾ ਦਿੱਤਾ ਗਿਆ ਸੀ ਤੇ ਤਿੰਨ ਜੂਨ ਨੂੰ ਫੌਜ ਦਰਬਾਰ ਸਾਹਿਬ ਅੰਦਰ ਦਾਖਲ ਹੋਈ ਸੀ। ਸ੍ਰੀਮਤੀ ਇੰਦਰਾ ਗਾਂਧੀ ਨੇ ਸਗੋਂ ਅਕਾਲੀ ਦਲ ਨੂੰ ਤਿੰਨ ਜੂਨ ਨੂੰ ਹੋਣ ਵਾਲੇ ਪ੍ਰਦਰਸ਼ਨ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ। ਵ੍ਹਾਈਟ ਪੇਪਰ ਵਿਚ ਕੇਂਦਰ ਸਰਕਾਰ ਵੱਲੋਂ 1983 ਤੇ 1984 ਦੌਰਾਨ ਲੜੀਵਾਰ ਮੀਟਿੰਗਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਸਤੰਬਰ 1981 ਤੇ ਨਵੰਬਰ 1981 ਵਿਚ ਅਕਾਲੀ ਦਲ ਵੱਲੋਂ ਰੱਖੀਆਂ ਗਈਆਂ ਮੰਗਾਂ ‘ਤੇ ਵਿਚਾਰ-ਵਟਾਂਦਰਾ ਸੀ। ਇਸ ਵਿਚ ਪੰਜਾਬ ਦੇ ਮੁੱਖ ਆਗੂਆਂ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਤੇ ਸੁਰਜੀਤ ਸਿੰਘ ਬਰਨਾਲਾ ਸਮੇਤ ਹੋਰ ਕਈ ਆਗੂਆਂ ਨਾਲ ਨੌਂ ਗੁਪਤ ਮੀਟਿੰਗਾਂ ਦਾ ਜ਼ਿਕਰ ਵੀ ਹੈ। ਇਹ ਤਿੰਨੋਂ ਆਗੂ ਵੱਖੋ-ਵੱਖਰੇ ਸਮੇਂ ‘ਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਤੇ ਬਲਵੰਤ ਸਿੰਘ ਰਾਮੂਵਾਲੀਆ ਦੇ ਨਾਂ ਵੀ ਗੱਲਬਾਤ ਵਾਲੀ ਸੂਚੀ ਵਿਚ ਸ਼ਾਮਲ ਹਨ। ਸ਼ ਟੌਹੜਾ ਹੁਣ ਦੁਨੀਆਂ ‘ਤੇ ਨਹੀਂ ਰਹੇ। ਕੇਂਦਰ ਸਰਕਾਰ ਵੱਲੋਂ ਮੀਟਿੰਗਾਂ ਦੌਰਾਨ ਪੀæਵੀæ ਨਰਸਿਮਹਾ ਰਾਓ, ਪ੍ਰਣਬ ਮੁਖਰਜੀ, ਆਰæ ਵੈਂਕਟਰਮਨ, ਪੀæਸੀæ ਸੇਠੀ ਤੇ ਸ਼ਿਵ ਸ਼ੰਕਰ (ਤਤਕਾਲੀ ਕੇਂਦਰੀ ਮੰਤਰੀ), ਰਾਜੀਵ ਗਾਂਧੀ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੀæਸੀæ ਅਲੈਗਜ਼ੈਂਡਰ, ਕੈਬਨਿਟ ਸਕੱਤਰ ਸੀਨੀਅਰ ਕ੍ਰਿਸ਼ਨਾ ਸਵਾਮੀ, ਕੇਂਦਰੀ ਗ੍ਰਹਿ ਸਕੱਤਰ ਐਮæ ਐਮæਕੇæ ਵਲੀ, ਟੀæਐਨæ ਚਤੁਰਵੇਦੀ ਤੇ ਹੋਰ ਹਾਜ਼ਰ ਸਨ। ਆਖਰੀ ਗੁਪਤ ਮੀਟਿੰਗ ਸਾਕਾ ਨੀਲਾ ਤਾਰਾ ਤੋਂ ਅੱਠ ਦਿਨ ਪਹਿਲਾਂ 26 ਮਈ, 1984 ਨੂੰ ਹੋਈ ਸੀ।
_____________________________________________
ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼
ਚੰਡੀਗੜ੍ਹ: ਵਾਈਟ ਪੇਪਰ ਵਿਚ ਕਿਹਾ ਗਿਆ ਹੈ ਕਿ ਫੌਜ ਸੱਦਣ ਦੇ ਇਕ ਹਫਤੇ ਪਹਿਲਾਂ ਤੱਕ ਸਰਕਾਰ ਨੇ ਅਕਾਲੀ ਦਲ ਨਾਲ ਗੱਲਬਾਤ ਰਾਹੀਂ ਸਮਝੌਤੇ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਪਹਿਲਾਂ ਵਾਂਗ ਅੜੇ ਰਹੇ। ਵਾਈਟ ਪੇਪਰ ਮੁਤਾਬਕ ਅਕਾਲੀਆਂ ਦੀ ਮਜਬੂਰੀ ਵੀ ਸਾਹਮਣੇ ਆ ਗਈ ਸੀ। ਪੰਜਾਬ ਵਿਚ ਅਕਾਲੀ ਦਲ ਵੱਲੋਂ 1981 ਵਿਚ ਰੱਖੀਆਂ ਮੰਗਾਂ ਦੀ ਸਮੱਸਿਆ ਨਹੀਂ ਸੀ ਪਰ ਵੱਖਵਾਦੀ ਤੇ ਦੇਸ਼ ਵਿਰੋਧੀ ਲਹਿਰ ਦੇ ਸਰਗਰਮ ਹੋਣ ਨਾਲ ਮੁਸ਼ਕਲ ਵਧ ਗਈ ਸੀ। ਅਕਾਲੀ ਲੀਡਰਸ਼ਿਪ ਨੇ ਪਹਿਲ ਕੀਤੀ ਤੇ ਉਨ੍ਹਾਂ ਅੰਦੋਲਨ ਨੂੰ ਆਪਣੇ ਹੱਥਾਂ ਵਿਚੋਂ ਨਿਕਲ ਜਾਣ ਦਿੱਤਾ। ਸਰਕਾਰ ਵੱਲੋਂ ਪੇਸ਼ ਕਿਸੇ ਵੀ ਯੋਗ ਹੱਲ ਨੂੰ ਸਵੀਕਾਰ ਕਰਨ ਵਿਚ ਉਨ੍ਹਾਂ ਦਿਲਚਸਪੀ ਨਹੀਂ ਦਿਖਾਈ।ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਦੋ ਜੂਨ ਨੂੰ ਕੌਮ ਦੇ ਨਾਂ ਪ੍ਰਸਾਰਣ ਵਿਚ ਉਨ੍ਹਾਂ ਅਕਾਲੀ ਦਲ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਸਰਕਾਰ ਵੱਲੋਂ ਮੰਨਣ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਮੰਦਭਾਗੀ ਗੱਲ ਹੈ ਕਿ ਅੰਦੋਲਨ ਦੀ ਲੀਡਰਸ਼ਿਪ ‘ਤੇ ਖਾੜਕੂਆਂ ਦੇ ਗੁੱਟ ਨੇ ਕਬਜ਼ਾ ਕਰ ਲਿਆ ਹੈ। ਜਿਹੜੇ ਕਤਲ, ਭੰਨ-ਤੋੜ ਤੇ ਲੁੱਟ ਦੀਆਂ ਕਾਰਵਾਈਆਂ ਨਾਲ ਸਭ ਕੁਝ ਹਾਸਲ ਕਰਨਾ ਚਾਹੁੰਦੇ ਹਨ। ਸੂਬੇ ਵਿਚ ਵੱਡੇ ਪੱਧਰ ‘ਤੇ ਹਿੰਸਾ ਤੇ ਦਹਿਸ਼ਤਵਾਦ ਦਾ ਜ਼ੋਰ ਹੋ ਗਿਆ ਹੈ। ਅਕਾਲੀ ਦਲ ਵੱਲੋਂ 1981 ਵਿਚ ਮੰਗਾਂ ਦੇ ਐਲਾਨ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਨੇ ਅਕਾਲੀ ਦਲ ਨਾਲ 16 ਅਕਤੂਬਰ, 1981 ਤੇ ਪੰਜ ਅਪਰੈਲ, 1984 ਵਿਚਕਾਰ ਕਈ ਮੀਟਿੰਗਾਂ ਕੀਤੀਆਂ। ਇਨ੍ਹਾਂ ਵਿਚ ਸ਼ ਬਾਦਲ, ਬਰਨਾਲਾ ਤੇ ਟੌਹੜਾ ਤੋਂ ਇਲਾਵਾ ਹਰਚੰਦ ਸਿੰਘ ਲੌਂਗੋਵਾਲ ਵੀ ਹਾਜ਼ਰ ਸਨ। ਹੋਰਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਸਮੇਤ 24 ਜਨਵਰੀ, 1983 ਤੇ 2 ਫਰਵਰੀ, 1984 ਵਿਚਕਾਰ ਵੀ ਮੀਟਿੰਗਾਂ ਹੋਈਆਂ ਸਨ। ਵਾਈਟ ਪੇਪਰ ਅਕਾਲੀ ਦਲ ‘ਤੇ ਦੋਸ਼ ਲਾਇਆ ਗਿਆ ਹੈ ਕਿ 6 ਫਰਵਰੀ 1984 ਵਿਚ ਉਹ ਇਨ੍ਹਾਂ ਮੀਟਿੰਗਾਂ ਦਾ ਬਾਈਕਾਟ ਕਰ ਗਏ ਸਨ।
___________________
ਬਾਦਲ ਨੇ ਪੂਰਿਆ ਸੀ ਸਾਕਾ ਨੀਲਾ ਤਾਰਾ ਦਾ ਪੱਖ: ਕੈਪਟਨ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਲਾਸਾ ਕੀਤਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗ੍ਰਹਿ ਮੰਤਰੀ ਪੀæਵੀ ਨਰਸਿਮ੍ਹਾ ਰਾਓ ਦੀ 28 ਮਾਰਚ, 1984 ਨੂੰ ਹੋਈ ਮੁਲਾਕਾਤ ਦੌਰਾਨ ਹਰਿਮੰਦਰ ਸਾਹਿਬ ‘ਤੇ ਫ਼ੌਜੀ ਕਾਰਵਾਈ ਬਾਰੇ ਵੀ ਚਰਚਾ ਹੋਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸ਼ ਬਾਦਲ ਨੇ ਉਸ ਵੇਲੇ ਦੇ ਕੇਂਦਰੀ ਗ੍ਰਹਿ ਮੰਤਰੀ ਨਾਲ ਗੁਪਤ ਮੀਟਿੰਗ ਕਰਕੇ ਫ਼ੌਜੀ ਕਾਰਵਾਈ ਦੀ ਮਦਦ ਕੀਤੀ ਸੀ।
ਉਨ੍ਹਾਂ ਕਿਹਾ ਕਿ ਸ਼ ਬਾਦਲ ਨੂੰ ਇਸ ਮਹੱਤਵਪੂਰਨ ਮਾਮਲੇ ‘ਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਸ਼ ਬਾਦਲ ਨੂੰ ਲਿਖੀ ਖੁੱਲ੍ਹੀ ਚਿੱਠੀ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਹੈ ਕਿ 28 ਮਾਰਚ, 1984 ਨੂੰ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਪੀæਵੀ ਨਰਸਿਮ੍ਹਾ ਰਾਓ ਨਾਲ ਮੁਲਾਕਾਤ ਕੀਤੀ ਸੀ। ਇਹ ਮੀਟਿੰਗ ਨਵੀਂ ਦਿੱਲੀ ਦੇ ਇਕ ਗੈਸਟ ਹਾਊਸ ਵਿਚ ਹੋਈ ਸੀ। ਪੰਜਾਬ ਐਜੀਟੇਸ਼ਨ ਬਾਰੇ ਭਾਰਤ ਸਰਕਾਰ ਦਾ ਵਾਈਟ ਪੇਪਰ ਨਵੀਂ ਦਿੱਲੀ ਵਿਚ 10 ਜੁਲਾਈ, 1984 ਨੂੰ ਛਪਿਆ ਸੀ।
ਇਸ ਮੀਟਿੰਗ ਦਾ ਵਿਸ਼ਾ ਸ੍ਰੀ ਦਰਬਾਰ ਸਾਹਿਬ ਦੀ ਸਥਿਤੀ ‘ਤੇ ਉਨ੍ਹਾਂ ਦੇ ਫਿਕਰ ਨੂੰ ਪ੍ਰਗਟਾਉਣਾ ਸੀ ਤੇ ਭਾਰਤ ਸਰਕਾਰ ਨੂੰ ਫ਼ੌਜੀ ਕਾਰਵਾਈ ਕਰਨ ਲਈ ਕਹਿਣਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸ਼ ਬਾਦਲ ਨੂੰ ਖ਼ੁਦ ਇਸ ਮੁੱਦੇ ‘ਤੇ ਸਫ਼ਾਈ ਦੇਣ ਨੂੰ ਕਿਹਾ ਹੈ ਤੇ ਕਿਹਾ ਕਿ ਖ਼ੁਦ ਨੂੰ ਬਚਾਉਣ ਲਈ ਉਹ ਆਪਣੇ ਓæਐਸ਼ਡੀਜ਼ ਤੇ ਬੁਲਾਰਿਆਂ ਨੂੰ ਨਾ ਵਰਤਣ। ਸ਼ ਬਾਦਲ ਨੂੰ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਯਾਦ ਦਿਵਾਉਂਦਿਆਂ ਕੈਪਟਨ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ 25 ਅਪਰੈਲ, 1984 ਨੂੰ ਸੰਤ ਹਰਚੰਦ ਸਿੰਘ ਲਾਗੋਵਾਲ ਨੇ ਪ੍ਰਧਾਨ ਮੰਤਰੀ ਦੇ ਨਿੱਜੀ ਸਕੱਤਰ ਨੂੰ ਪੱਤਰ ਲਿਖਿਆ।
ਉਨ੍ਹਾਂ ਕਿਹਾ ਕਿ ਸ਼ ਬਾਦਲ ਸੈਕਟਰ 9, ਚੰਡੀਗੜ੍ਹ ਦੇ ਆਪਣੇ ਨਿਵਾਸ ਤੋਂ 11-12 ਦੀ ਰਾਤ ਨੂੰ 2æ30 ਵਜੇ ਗ੍ਰਿਫ਼ਤਾਰ ਹੋਏ, ਨਾ ਕਿ 10 ਨੂੰ। ਉਨ੍ਹਾਂ ਇਸ ਤੋਂ ਪਹਿਲਾਂ 11 ਤਾਰੀਖ਼ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ। ਜਦੋਂ ਪੁਲਿਸ ਆਈ ਸੀ ਤਾਂ ਆਪਣੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦੇਣ ਲਈ ਵੱਡੀ ਗਿਣਤੀ ਵਿਚ ਲੋਕਾਂ ਨੂੰ ਟੈਲੀਫ਼ੋਨ ਕਰਕੇ ਸੱਦ ਲਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸ਼ ਬਾਦਲ ਨੂੰ ਇਨ੍ਹਾਂ ਦੋਸ਼ਾਂ ‘ਤੇ ਸਫ਼ਾਈ ਦੇਣ ਨੂੰ ਕਿਹਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫੇਰ ਦੁਹਰਾਇਆ ਹੈ ਕਿ 1984 ਵਿਚ ਸਾਕਾ ਨੀਲਾ ਤਾਰਾ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦਾ ਸਟੈਂਡ ਸਭ ਦੇ ਸਾਹਮਣੇ ਹੈ। ਉਨ੍ਹਾਂ ਨੂੰ ਅਕਾਲੀਆਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਜਿਸ ਬਾਰੇ ਪੂਰਾ ਪੰਜਾਬ, ਖਾਸ ਕਰਕੇ ਸਿੱਖ ਸਮਾਜ ਚੰਗੀ ਤਰ੍ਹਾਂ ਜਾਣੂ ਹੈ। ਉਨ੍ਹਾਂ ਨੇ ਸ਼ ਬਾਦਲ ‘ਤੇ ਅਤਿਵਾਦੀਆਂ ਨਾਲ ਸਿੱਧੇ ਸਬੰਧਾਂ ਦੇ ਦੋਸ਼ ਵੀ ਲਾਏ।

Be the first to comment

Leave a Reply

Your email address will not be published.