ਚੋਣ ਕਮਿਸ਼ਨ ਵੱਲੋਂ ਪੰਜਾਬ ਅਤਿ ਸੰਵੇਦਨਸ਼ੀਲ ਕਰਾਰ

ਚੰਡੀਗੜ੍ਹ: ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਪੰਜਾਬ ਨੂੰ ਅਤਿ ਸੰਵੇਦਨਸ਼ੀਲ ਮੰਨਿਆ ਹੈ। ਕਮਿਸ਼ਨ ਨੇ ਚੋਣ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਇਸ ਸਰਹੱਦੀ ਸੂਬੇ ਵਿਚੋਂ ਸਰਕਾਰ ਵਿਰੁੱਧ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਮਿਲ ਰਹੀਆਂ ਹਨ। ਕਮਿਸ਼ਨ ਨੇ ਸੂਬੇ ਨੂੰ ਵਧੇਰੇ ਵਾਦ ਵਿਵਾਦ ਵਾਲਾ ਮੰਨਦਿਆਂ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਵੀ ਕਿਹਾ ਹੈ। ਪੰਜਾਬ ਵਿਚ ਲੋਕ ਸਭਾ ਦੀਆਂ 13 ਸੀਟਾਂ ਲਈ ਵੋਟਾਂ ਮਈ ਮਹੀਨੇ ਦੇ ਪਹਿਲੇ ਹਫ਼ਤੇ ਪੈਣ ਦੇ ਆਸਾਰ ਹਨ। ਚੋਣਾਂ ਇਕੋ ਗੇੜ ਵਿਚ ਹੋਣਗੀਆਂ।
ਅਧਿਕਾਰੀਆਂ ਮੁਤਾਬਕ ਚੋਣਾਂ ਦਾ ਐਲਾਨ ਫਰਵਰੀ ਮਹੀਨੇ ਦੇ ਅੰਤ ਵਿਚ ਹੋ ਸਕਦਾ ਹੈ। ਕਮਿਸ਼ਨ ਨੇ ਪੰਜ ਸੰਸਦੀ ਹਲਕਿਆਂ ਬਠਿੰਡਾ, ਪਟਿਆਲਾ, ਅੰਮ੍ਰਿਤਸਰ, ਗੁਰਦਾਸਪੁਰ ਤੇ ਸੰਗਰੂਰ ਨੂੰ ਖ਼ਰਚੇ ਦੇ ਪੱਖ ਤੋਂ ਸੰਵੇਦਨਸ਼ੀਲ ਮੰਨਦਿਆਂ ਇਨ੍ਹਾਂ ਹਲਕਿਆਂ ‘ਤੇ ਵਿਸ਼ੇਸ਼ ਨਜ਼ਰ ਰੱਖਣ ਲਈ ਵੀ ਕਿਹਾ ਹੈ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਨੇ ਪੰਜਾਬ ਦੇ ਮੁਖ ਚੋਣ ਅਧਿਕਾਰੀ ਵੀæਕੇ ਸਿੰਘ ਨਾਲ ਮੀਟਿੰਗ ਦੌਰਾਨ ਕਿਹਾ ਹੈ ਕਿ ਸੂਬੇ ਦੀ ਅਫ਼ਸਰਸ਼ਾਹੀ ਹਾਕਮ ਪਾਰਟੀ ਦੇ ਜ਼ਿਆਦਾ ਹੀ ਪ੍ਰਭਾਵ ਹੇਠ ਹੈ ਤੇ ਚੋਣਾਂ ਨਿਰਪੱਖ ਹੋਣ ‘ਤੇ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਹੈ।ਕਮਿਸ਼ਨ ਦਾ ਮੰਨਣਾ ਹੈ ਕਿ ਪਿਛਲੀਆਂ ਲੋਕ ਸਭਾ ਤੇ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਪੰਜਾਬ ਵਿਚ ਹੋਈਆਂ ਹਨ। ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਤਿੰਨ ਵਿਧਾਨ ਸਭਾ ਹਲਕਿਆਂ ਮਗਰ ਇਕ ਤੇ ਕੁੱਲ 42 ਨਿਗਰਾਨ ਤਾਇਨਾਤ ਕੀਤੇ ਜਾਣਗੇ। ਇਸੇ ਤਰ੍ਹਾਂ 13 ਪੁਲਿਸ ਅਤੇ 13 ਖ਼ਰਚਾ ਨਿਗਰਾਨ ਲਾਏ ਜਾਣਗੇ। ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ‘ਤੇ ਵੋਟਾਂ ਵਾਲੇ ਦਿਨ ਵੀਡੀਓਗ੍ਰਾਫੀ ਹੋਵੇਗੀ। ਕਮਿਸ਼ਨ ਵੱਲੋਂ ਅਧਿਕਾਰੀਆਂ ਦੇ ਤਬਾਦਲਿਆਂ ਬਾਰੇ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਚੋਣ ਕਮਿਸ਼ਨ ਨੇ ਵੋਟਾਂ ਵਾਲੇ ਦਿਨ ਸਿਆਸੀ ਪਾਰਟੀਆਂ ਦਾ ਪ੍ਰਭਾਵ ਖ਼ਤਮ ਕਰਨ ਲਈ ਪੋਲਿੰਗ ਬੂਥਾਂ ‘ਤੇ ਵੋਟਰਾਂ ਲਈ ਪੀਣ ਵਾਲੇ ਪਾਣੀ ਤੇ ਛਾਂ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ। ਕਮਿਸ਼ਨ ਵੱਲੋਂ ਵੋਟਰਾਂ ਖਾਤਰ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਦਾ ਫ਼ੈਸਲਾ ਪਹਿਲੀ ਵਾਰੀ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੋਟਰਾਂ ਨੂੰ ਵੋਟ ਨੰਬਰ ਦੀ ਪਰਚੀ ਵੀ ਕਮਿਸ਼ਨ ਦੇ ਮੁਲਾਜ਼ਮਾਂ ਵੱਲੋਂ ਮੁਹੱਈਆ ਕਰਾਈ ਗਈ ਸੀ ਜਿਸ ਕਾਰਨ ਰਾਜਸੀ ਪਾਰਟੀਆਂ ਦਾ ਗਲਬਾ ਕਾਫ਼ੀ ਘਟਿਆ ਸੀ।
_________________________________
ਕਮਿਸ਼ਨ ਨੇ ਸੁਮੇਧ ਸੈਣੀ ਬਾਰੇ ਮੰਗੀ ਰਿਪੋਰਟ
ਪੰਜਾਬ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਵਿਰੁਧ ਚੱਲ ਰਹੇ ਫ਼ੌਜਦਾਰੀ ਮੁਕੱਦਮੇ ‘ਤੇ ਚੋਣ ਕਮਿਸ਼ਨ ਨੇ ਸੂਬੇ ਦੇ ਗ੍ਰਹਿ ਵਿਭਾਗ ਤੋਂ ਰਿਪੋਰਟ ਤਲਬ ਕਰ ਲਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਸੂਬਾਈ ਚੋਣ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਪੁਲਿਸ ਮੁਖੀ ਖ਼ਿਲਾਫ਼ ਆਈ ਸ਼ਿਕਾਇਤ ਦੀ ਘੋਖ ਕਰਕੇ ਰਿਪੋਰਟ ਤੁਰੰਤ ਦਿੱਤੀ ਜਾਵੇ। ਕਮਿਸ਼ਨ ਵੱਲੋਂ ਇਸ ਬਾਰੇ ਮੁੱਖ ਸਕੱਤਰ ਰਾਕੇਸ਼ ਸਿੰਘ ਨੂੰ ਪੱਤਰ ਲਿਖਦਿਆਂ ਸ਼ਿਕਾਇਤਾਂ ਤੇ ਸਬੂਤ ਵੀ ਨਾਲ ਭੇਜੇ ਗਏ ਹਨ। ਪੁਲਿਸ ਮੁਖੀ ਖ਼ਿਲਾਫ਼ ਕਮਿਸ਼ਨ ਨੂੰ ਦੋ ਸ਼ਿਕਾਇਤਾਂ ਮਿਲੀਆਂ ਹਨ ਤੇ ਨਵੀਂ ਦਿੱਲੀ ਦੀ ਸੀæਬੀæਆਈ ਅਦਾਲਤ ਵਿਚ ਚਲਦੇ ਮਾਮਲੇ ਦਾ ਹਵਾਲਾ ਦਿੰਦਿਆਂ ਸ੍ਰੀ ਸੈਣੀ ਦੇ ਤਬਾਦਲੇ ਦੀ ਮੰਗ ਕੀਤੀ ਗਈ ਹੈ।

Be the first to comment

Leave a Reply

Your email address will not be published.