ਮਨੁੱਖ ਹੋਣ ਦਾ ਸਵਾਲ ਅਤੇ ਚਿੰਤਕ

ਆਵਾਗਵਣ ਵਿਚਾਰਧਾਰਕ ਸੁਪਨਸਾਜ਼ੀ ਦੇ ਖਤਰੇ-2
ਰੂਸੀ ਇਨਕਲਾਬ ਦੇ ਆਗੂ ਲਿਓਨ ਤ੍ਰਾਤਸਕੀ ਬਾਰੇ ਚੱਲ ਰਹੀ ਬਹਿਸ ਦੌਰਾਨ ਅਸੀਂ ਪ੍ਰਭਸ਼ਰਨਦੀਪ ਸਿੰਘ ਦੇ ਵਿਚਾਰ ਛਾਪੇ ਸਨ। ਆਪਣੇ ਇਸ ਲੇਖ ਵਿਚ ਪ੍ਰਭਸ਼ਰਨਦੀਪ ਸਿੰਘ ਨੇ ਪਹਿਲਾਂ ਛਪੇ ਇਕ ਲੇਖ ਦੇ ਆਧਾਰ ‘ਤੇ ਗੁਰਦਿਆਲ ਸਿੰਘ ਬੱਲ ਉਤੇ ਬੜੇ ਤਿੱਖੇ ਵਿਅੰਗ-ਬਾਣ ਚਲਾਏ ਸਨ। ਜਵਾਬ ਵਿਚ ਗੁਰਦਿਆਲ ਸਿੰਘ ਬੱਲ ਨੇ ਲੰਮਾ ਪ੍ਰਤੀਕਰਮ ਲਿਖ ਭੇਜਿਆ ਹੈ। ਇਸ ਲੇਖ ਵਿਚ ਸੰਸਾਰ ਪੱਧਰ ਉਤੇ ਚੱਲੇ ਵਿਚਾਰਧਾਰਕ ਭੇੜਾਂ ਬਾਰੇ ਵੀ ਭਰਪੂਰ ਚਰਚਾ ਹੈ। ਸੰਸਾਰ ਭਰ ਵਿਚ ਚੱਲੀਆਂ ਅਹਿਮ ਬਹਿਸਾਂ ਵਿਚ ਵੀ ਸਾਰਾ ਜ਼ੋਰ, ਜ਼ਿੰਦਗੀ ਨੂੰ ਸੁਹਾਵਣੀ ਬਣਾਉਣ ਵੱਲ ਸੇਧਤ ਰਿਹਾ ਹੈ। ਸਪਸ਼ਟ ਕਰ ਦਈਏ, ਲੇਖਕ ਦੇ ਵਿਚਾਰਾਂ ਨਾਲ ਅਦਾਰਾ ਪੰਜਾਬ ਟਾਈਮਜ਼ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਇਸ ਲੇਖ ਦੇ ਪ੍ਰਤੀਕਰਮ ਵਿਚ ਆਏ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ

ਗੁਰਦਿਆਲ ਬੱਲ (ਕੈਨੇਡਾ)
ਫੋਨ: 647-982-6091
ਬਿਰਤਾਂਤ ਨੂੰ ਅੱਗੇ ਤੋਰਨ ਤੋਂ ਪਹਿਲਾਂ ਅਸੀਂ ਵੇਖਾਂਗੇ ਕਿ ਮਿਸ਼ੈਲ ਫੂਕੋ ਜੋ ਐਨਲਾਈਟਨਮੈਂਟ ਕਾਲ ਦੇ ਚਿੰਤਨ ਅਤੇ ਉਸ ਦੇ ਨਾਲ ਹੀ ਕਾਰਲ ਮਾਰਕਸ ਦੀ ਸਾਰੀ ਵਿਚਾਰਧਾਰਾ ਨੂੰ ਬੇਕਿਰਕ ਅੰਦਾਜ਼ ਵਿਚ ਕਾਂਟੇ ਹੇਠ ਲਿਆਉਂਦਾ ਹੈ। ਸਮੁੱਚੀ ਕਮਿਊਨਿਸਟ ਚਿੰਤਨ ਧਾਰਾ ਨੂੰ ਇਨਸਾਨੀ ਸੁਤੰਤਰਤਾ ਲਈ ਅਤਿਅੰਤ ਘਾਤਕ ਕਰਾਰ ਦਿੰਦਾ ਹੈ। ਉਹ 1978 ਵਿਚ ਮੁਲਾਣਿਆਂ ਦੇ ਟੋਟਲਿਟੇਰੀਅਨ ਏਜੰਡੇ ਨਾਲ ਸਹਿਮਤ ਕਿੰਜ ਤੇ ਕਿਉਂ ਹੋ ਜਾਂਦਾ ਹੈ ਭਲਾ? ਉਹ ਸਾਲ 1978 ਵਿਚ ਇਰਾਨ ਜਾਂਦਾ ਹੈ। ਇਹ ਉਹ ਸਮਾਂ ਹੈ ਜਦੋਂ ਪੰਜਾਬ ਵਿਚ ਖੂਨੀ ਨਿਰੰਕਾਰੀ ਕਾਂਡ ਤੋਂ ਬਾਅਦ ਦਲਬੀਰ ਸਿੰਘ ਨੇ ਦਮਦਮੀ ਟਕਸਾਲ ਦੇ ਹੈਡਕੁਆਰਟਰ ਚੌਕ ਮਹਿਤੇ ਉਚੇਚੇ ਤੌਰ ‘ਤੇ ਪੁੱਜ ਕੇ, ਸੰਤ ਭਿੰਡਰਾਂਵਾਲਿਆਂ ਨਾਲ ਦਸ ਘੰਟੇ ਲੰਮੀ ਮੁਲਾਕਾਤ ਕੀਤੀ ਸੀ। ਪੈਰਿਸ ਪਰਤ ਕੇ ਸਈਅਦ ਕੁਤਬਜਾਦੇ ਅਤੇ ਬਾਨੀ ਸਦਰ ਵਰਗੇ ਖੱਬੇ ਪੱਖੀ ਨੌਜਵਾਨ ਮੁਸਲਿਮ ਚਿੰਤਕਾਂ ਦੇ ਸਹਿਯੋਗ ਨਾਲ ਮਿਸ਼ੈਲ ਫੂਕੋ ਮੁਲਾਣਿਆਂ ਦੇ ਰਹਿਬਰ ਆਇਤਉਲਾ ਖੋਮੀਨੀ ਨਾਲ ਘੰਟਿਆਂ ਲੰਮੀ ਮੁਲਾਕਾਤ ਕਰਦਾ ਹੈ। ਆਪਣੀ ਵਿਚਾਰਧਾਰਕ ਸ਼ੁਹਰਤ ਦੀ ਸਿਖਰ ‘ਤੇ ਖੜ੍ਹਾ ਸਾਡੇ ਸਮਿਆਂ ‘ਚ ਇਨਸਾਨੀ ਸਵੈ-ਮਾਣ ਦਾ ਸਭ ਤੋਂ ਮਹਾਨ ਮੁਦੱਈ ਆਇਤਉਲਾ ਖੋਮੀਨੀ ਨੂੰ ਮਿਲ ਕੇ ਦਲਬੀਰ ਸਿੰਘ ਵਾਂਗ ਬਾਗੋ-ਬਾਗ ਹੋ ਜਾਂਦਾ ਹੈ। ਫੂਕੋ ਨੂੰ ਰੈਡੀਕਲ ਇਸਲਾਮ ਰਾਹੀਂ ਇਨਸਾਨ ਦੀ ਹੋਣੀ ਸੰਵਾਰਨ ਲਈ ਨਵਾਂ ਵਿਚਾਰ ਜਨਮ ਲੈਂਦਾ ਮਾਲੂਮ ਹੁੰਦਾ ਹੈ।
ਖੋਮੀਨੀ ਨੂੰ ਮਿਲਣ ਦੇ ਤੁਰੰਤ ਬਾਅਦ ਹੀ ਪੂਰਬੀ ਚਿੰਤਨ ਦੇ ਹੋਰ ਜਲਵੇ ਵੇਖਣ ਲਈ ਉਹ ਜਪਾਨ ਜਾਂਦਾ ਹੈ। ਇਕ ਪ੍ਰਾਚੀਨ ਬੋਧੀ ਮੰਦਰ ਦੀ ਰਹੱਸਮਈ ਕਲਾਤਮਿਕ ਆਭਾ ਨੂੰ ਵੇਖ ਕੇ ਨਿਹਾਲ ਹੁੰਦਾ ਹੈ ਅਤੇ ਆਖਦਾ ਹੈ ਕਿ ਬਸਤੀਵਾਦ ਦੇ ਖਾਤਮੇ ਨਾਲ ਪੱਛਮੀ ਚਿੰਤਨ ਦੀ ਧੜਕਣ ਰੁਕ ਗਈ ਹੈ। ਇਨਸਾਨੀ ਸਭਿਅਤਾ ਦੇ ਅਗਲੇਰੇ ਪੜਾਅ ਲਈ ਨਵਾਂ ਚਿੰਤਨ ਅੱਗੇ ਤੋਂ ਹੁਣ ਪੱਛਮ ਤੋਂ ਬਾਹਰ ਹੀ ਪੈਦਾ ਹੋਵੇਗਾ, ਤੇ ਜਾਂ ਫਿਰ ਇਹ ਪੱਛਮ ਤੇ ਪੂਰਬ ਦੇ ਸੰਵਾਦ ਵਿਚੋਂ ਜਨਮੇਗਾ ਜਿਸ ਅੰਦਰ ਨਿਸ਼ਚਿਤ ਰੂਪ ਵਿਚ ਪੂਰਬ ਦੀ ਪ੍ਰਭੂਸੱਤਾ ਹੋਵੇਗੀ। ਫੂਕੋ ਨੂੰ ਇਰਾਨ ਅੰਦਰ ਨਵੀਂ ਰੂਹਾਨੀ ਰਾਜਨੀਤੀ ਦਾ ਆਗਾਜ਼ ਹੁੰਦਾ ਨਜ਼ਰ ਆਉਂਦਾ ਹੈ ਜੋ ਭਿਆਨਕ ਭ੍ਰਾਂਤੀ ਸੀ।
ਮਿਸ਼ੈਲ ਫੂਕੋ ਚੂੰਕਿ ਨੀਤਸ਼ੇ ਅਤੇ ਉਸ ਦੇ ਚਰਚਿਤ ਪੈਰੋਕਾਰ ਜਾਰਜ ਬਤਾਈ ਜਿਸ ਦਾ ਜ਼ਿਕਰ ਡਾæ ਗੁਰਭਗਤ ਸਿੰਘ ਵੀ ਪੂਰਨ ਸ਼ਰਧਾ ਨਾਲ ਵਾਰ-ਵਾਰ ਕਰਦੇ ਹਨ, ਤੋਂ ਬੇਹੱਦ ਤੇ ਗਲਤ ਅੰਦਾਜ਼ ਵਿਚ ਪ੍ਰਭਾਵਿਤ ਸੀ। ਸੋ, ਇਰਾਨੀ ਇਨਕਲਾਬ ਦੇ ਮਸੀਹਾਈ ਏਜੰਡੇ ‘ਚੋਂ ਮੁਕਤੀ ਭਾਲਣ ਦੀ ਕੁਤਾਹੀ ਤਾਂ ਉਸ ਕਰਨੀ ਹੀ ਕਰਨੀ ਸੀ। ਮੁਲਾਣਿਆਂ ਨੇ ਇਨਕਲਾਬ ਦੀ ਸਫਲਤਾ ਪਿਛੋਂ ਡਾਕਟਰ ਬਜਾਰਗਨ ਤੋਂ ਬਾਅਦ ਅਣਸਰਦੀ ਨੂੰ ਬਾਨੀ ਸਦਰ ਨੂੰ ਮੁਲਕ ਦੀ ਸਰਕਾਰ ਦਾ ਮੁਖੀ ਵੀ ਬਣਾਈ ਰੱਖਿਆ ਪਰ ਦੋ-ਢਾਈ ਵਰ੍ਹੇ ਪਿਛੋਂ ਹੀ ਮੁਲਾਣਿਆਂ ਨੂੰ ਹਰ ਤਰ੍ਹਾਂ ਦੇ ਜਮਹੂਰੀਅਤ-ਪਸੰਦ ਅਨਸਰਾਂ ਨਾਲ ਬੁਰਛਾਗਰਦੀ ਨਾਲ ਨਜਿੱਠਣ ਤੋਂ ਰੋਕਣ ਵਿਚ ਨਾਕਾਮ ਰਹਿਣ ਕਰ ਕੇ ਕੁਝ ਸਮੇਂ ਲਈ ਬਾਨੀ ਸਦਰ ਤਾਂ ਜਾਨ ਬਚਾ ਕੇ ਦੇਸ਼ ਵਿਚੋਂ ਭੱਜ ਨਿਕਲਣ ਵਿਚ ਸਫਲ ਹੋ ਜਾਂਦਾ ਹੈ ਪਰ ਵਿਦੇਸ਼ ਮੰਤਰੀ ਸਈਅਦ ਕੁਤਬਜਾਦੇ ਵਿਰੁਧ ਉਨ੍ਹਾਂ ਨੇ ਖੁੱਲ੍ਹਾ ਮੁਕੱਦਮਾ ਚਲਾਇਆ ਅਤੇ ਉਸੇ ਵਕਤ ਚੌਕ ਵਿਚ ਲਿਆ ਕੇ ਸ਼ਰੇਆਮ ਫਾਂਸੀ ਉਪਰ ਲਟਕਾ ਦਿੱਤਾ। ਵਿਚਾਰਧਾਰਕ ਗੈਰ-ਜ਼ਿੰਮੇਵਾਰੀ ਦੀ ਸਜ਼ਾ ਇਨ੍ਹਾਂ ਸੱਜਣਾਂ ਨੇ ਭੁਗਤੀ ਹੀ ਭੁਗਤੀ, ਸਾਧਾਰਨ ਇਰਾਨੀ ਅਵਾਮ ਨੂੰ ਵੀ ਬਲਦੀ ਦੇ ਬੁੱਥੇ ਧੱਕ ਦਿੱਤਾ ਜਿਸ ਦੇ ਵੇਰਵੇ ਅਜ਼ਰ ਨਫ਼ੀਸੀ ਅਤੇ ਹੋਰ ਅਨੇਕਾਂ ਚਿੰਤਕਾਂ ਨੇ ਵਿਸਥਾਰ ਵਿਚ ਦਿੱਤੇ ਹਨ।
ਹੁਣ ਲਗਦੇ ਹੱਥ ਫੂਕੋ ਅਤੇ ਉਸ ਦੇ ਸਮਕਾਲੀ ਦੈਰਿਦਾ ਦੇ ਗੁਰੂ ਮਾਰਟਿਨ ਹਾਈਡੇਗਰ ਦੀ ਵੀ ਸੁਣ ਲਵੋ। ਹਾਈਡੇਗਰ ਸ਼ੁਰੂ ਵਿਚ ਨਾਜ਼ੀਆਂ ਦਾ ਨੰਗਾ ਚਿੱਟਾ ਸਮਰਥਕ ਸੀ। ਜ਼ਰਾ ਵੇਖੋ, ਇਹ ਸੱਜਣ ਤਮਾਸ਼ੇ ਕਿੱਦਾਂ-ਕਿੱਦਾਂ ਦੇ ਕਰਦੇ ਹਨ। ਹਾਈਡੇਗਰ ਯੂਰਪੀ ਸਭਿਅਤਾ ਦੇ ਮੌਜੂਦਾ ‘ਪਤਨ’ ਦੀ ਨਿਸ਼ਾਨਦੇਹੀ ਕਰਦਿਆਂ ਅਨਲਾਈਟਨਮੈਂਟ ਦੇ ਕਰੀਟੀਕ ਤੱਕ ਹੀ ਆਪਣੇ-ਆਪ ਨੂੰ ਮਹਿਦੂਦ ਨਹੀਂ ਰੱਖਦਾ। ਬੜੇ ਲੋਕ ਮੰਨਦੇ ਹਨ ਕਿ ਹਾਈਡੇਗਰ, ਹੈਰਾਕਲਾਈਟਸ ਤੋਂ ਬਾਅਦ ਪੱਛਮ ਦਾ ਸਭ ਤੋਂ ਪ੍ਰਮਾਣਿਕ ਚਿੰਤਕ ਹੈ। ਆਪਣੀ ਇਸੇ ਕਿਸਮ ਦੀ ਸ਼ੋਭਾ ਅਤੇ ਸਵੀਕ੍ਰਿਤੀ ਦੇ ਆਸਰੇ ਉਹ ਸਿਰੇ ਦੀ ਬੇ-ਸਿਰਪੈਰ ਗੱਪ ਛੱਡਦਾ ਹੈ ਕਿ ਪੱਛਮ ਦਾ ਰੂਹਾਨੀ ਪਤਨ ‘ਓਸਵਾਲਡ ਸਪੈਂਗਲਰ ਦੇ ਡੈਕਲਾਈਨ ਆਫ ਦਿ ਵੈਸਟ’ ਨਾਂ ਦੇ ਵਿਸ਼ਾਲ ਗ੍ਰੰਥ ਦੇ ਰਚਨਾ ਕਾਲ ਤੱਕ ਆਉਂਦਿਆਂ ਨਹੀਂ ਹੋਇਆ-ਅਖੇ, ਇਹ ਭਾਣਾ ਤਾਂ ਪਲੈਟੋ ਅਤੇ ਅਰਸਤੂ ਦੇ ਚਿੰਤਨ ਨਾਲ ਹੀ ਵਾਪਰ ਗਿਆ ਸੀ। ਤਰਕ ਦੀ ਪ੍ਰਧਾਨਤਾ ਸਥਾਪਤ ਕਰ ਕੇ ਸਾਰਾ ਬੇੜਾ ਗਰਕ ਅਫਲਾਤੂਨ ਹੀ ਕਰ ਗਿਆ ਸੀ। ਇਸੇ ਕਰ ਕੇ ਜੀਵਨ ਨੂੰ ਰੂਹਾਨੀ ਆਭਾ ਮੰਡਲ ਪ੍ਰਦਾਨ ਕਰਨ ਵਾਲੇ ਸਭ ਦੈਵੀ ਲੋਕ ਉਦੋਂ ਹੀ, ਮੁੜ ਕਦੀ ਵੀ ਵਾਪਸ ਨਾ ਪਰਤਣ ਲਈ ਅਸਮਾਨ ਵੱਲ ਉਡਣੇ ਸ਼ੁਰੂ ਹੋ ਗਏ ਸਨ।
ਮਾਰਟਿਨ ਹਾਈਡੇਗਰ ਪੱਛਮੀ ਚਿੰਤਨ ਨੂੰ ਇਕਪਾਸੜ ਤਰਕ ਦੀ ਨਿਰੰਕੁਸ਼ਤਾ ਤੋਂ ਆਜ਼ਾਦ ਕਰਵਾਉਣ ਅਤੇ ਇਸ ਨੂੰ ਸੋਧ ਕੇ ਸਿਹਤਮੰਦ ਲੀਹਾਂ ‘ਤੇ ਲਿਆਉਣ ਲਈ ਵੱਡੇ ਦਾਰਸ਼ਨਿਕ ਪ੍ਰੋਜੈਕਟ ਦੇ ਨਿਰਮਾਣ ਦਾ ਬੀੜਾ ਚੁੱਕਦਾ ਹੈ। ਸਾਲ 1928 ਵਿਚ ‘ਬੀਇੰਗ ਐਂਡ ਟਾਈਮ’ ਦੇ ਸਿਰਲੇਖ ਹੇਠਲੀ ਉਸ ਦੀ ਚਰਚਿਤ ਦਾਰਸ਼ਨਿਕ ਪੁਸਤਕ ਪ੍ਰਕਾਸ਼ਤ ਹੋਈ। ਜਲਦੀ ਬਾਅਦ ਹੀ ਅਡੋਲਫ ਹਿਟਲਰ ਦੀ ਅਗਵਾਈ ਹੇਠ ਨਾਜ਼ੀਆਂ ਦਾ ਟੋਲਾ ਤਾਕਤ ਵਿਚ ਆ ਗਿਆ। ਉਸ ਨੇ ਸਾਲ 1933 ਵਿਚ ਆਪਣੀ ਤਾਕਤ ਨੂੰ ਪੁਰਨ ਰੂਪ ਵਿਚ ਪ੍ਰਮਾਣਤ ਕਰਵਾਉਣ ਲਈ ਚੋਣਾਂ ਕਰਵਾਈਆਂ ਜੋ ਨਾਜ਼ੀ ਕਾਲ ਦੀਆਂ ਅੰਤਿਮ ਚੋਣਾਂ ਸਾਬਤ ਹੋ ਜਾਂਦੀਆਂ ਹਨ। ਹੁਣ ਪੱਛਮੀ ਚਿੰਤਨ ਨੂੰ ਰੀਪੇਅਰ ਕਰਨ ਦਾ ਦਾਈਆ ਬੰਨ੍ਹਣ ਵਾਲਾ ਇਹ ਚਿੰਤਕ ਜ਼ਰਾ ਵੇਖੋ ਕੀ ਕਰਦਾ ਹੈ? ਨਾਜ਼ੀਆਂ ਨੇ ਇਸ ਸਮੇਂ ਤੱਕ ਨਵੇਂ ਚਿੰਤਨ ਦੀ ਸਿਰਜਣਾ ਨੂੰ ਨਿਰਦੇਸ਼ ਕਰਨ ਖਾਤਰ ਉਸ ਨੂੰ ਯੂਨੀਵਰਸਿਟੀ ਰੈਕਟਰ ਬਣਾ ਦਿੱਤਾ ਹੋਇਆ ਹੈ। ਤੇ ਇਹ ਚਿੰਤਕ ਪੂਰਨ ਬੇਹਯਾਈ ਨਾਲ ਆਪਣੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਗਰੇਟ ਫੂਹਰਰ (ਹਿਟਲਰ) ਦੇ ਹੱਕ ਵਿਚ ਵੋਟਾਂ ਪਾਉਣ/ਪਵਾਉਣ ਲਈ ਚਾਂਈਂ-ਚਾਂਈਂ ਤੜਕੇ ਹੀ ਬੂਥ ਉਪਰ ਜਾ ਖੜ੍ਹਾ ਹੁੰਦਾ ਹੈ। ਹਿਊਗੋ ਓਟ ਨਾਂ ਦੇ ਚਿੰਤਕ ਨੇ 500 ਪੰਨਿਆਂ ‘ਤੇ ਫੈਲੀ ਹੋਈ ‘ਹਾਈਡੇਗਰ: ਏ ਪੋਲੀਟੀਕਲ ਲਾਈਫ’ ਨਾਂ ਦੀ ਆਪਣੀ ਅਹਿਮ ਪੁਸਤਕ ਵਿਚ ਮਾਰਟਿਨ ਹਾਈਡੇਗਰ ਦੀ ਇਸ ਬੇਹਯਾਈ ਨੂੰ ਅਨੇਕਾਂ ਕੋਨਿਆਂ ਤੋਂ ਬੇਪਰਦ ਕੀਤਾ ਹੈ। ਇਹ ਕਿਤਾਬ ਮਹਾਂ-ਚਿੰਤਕਾਂ ਦੀ ਸੁਪਨੇਸਾਜ਼ੀ ਦੇ ਖ਼ਤਰਨਾਕ ਨਤੀਜਿਆਂ ਨੂੰ ਸਮਝਣ ਲਈ ਬੇਹੱਦ ਜ਼ਰੂਰੀ ਹੈ ਕਿ ਉਹ ਅਜਿਹੇ ਕੌਤਕ ਕਿਵੇਂ ਕਰ ਜਾਂਦੇ ਹਨ।
ਇਕ ਵਾਰ ਹਾਈਡੇਗਰ ਆਪਣੇ ਮਿੱਤਰ ਅਤੇ ਜਰਮਨੀ ਦੇ ਦੂਜੇ ਮਹਾਨ ਚਿੰਤਕ ਕਾਰਲ ਜੈਸਪਰਸ ਨੂੰ ਮਿਲਣ ਲਈ ਉਸ ਦੇ ਘਰ ਜਾਂਦਾ ਹੈ। ਸ਼ਾਮ ਦਾ ਵਕਤ ਹੈ, ਦੋਵੇਂ ਦਾਰਸ਼ਨਿਕ ਸੈਰ ਕਰ ਰਹੇ ਹਨ। ਜੈਸਪਰਸ ਨਾਸਤਿਕ ਹੋਂਦਵਾਦੀ ਹੈ। ਉਹ ਨਾਜ਼ੀਆਂ ਦੇ ਕਿਸੇ ਤਾਜ਼ਾ ਫਰਮਾਨ ਬਾਰੇ ਹਾਈਡੇਗਰ ਕੋਲ ਆਪਣੀ ਚਿੰਤਾ ਜ਼ਾਹਰ ਕਰਦਾ ਹੈ। ਹਾਈਡੇਗਰ ਉਸ ਦੀ ਗੱਲ ਨੂੰ ਸੰਜੀਦਗੀ ਨਾਲ ਲੈਣ ਦੀ ਬਜਾਏ ਉਸ ਨੂੰ ਫੂਹਰਰ (ਹਿਟਲਰ) ਦੀਆਂ ਬਾਹਾਂ ਦੀ ਅਸਾਧਾਰਨ ਲੰਬਾਈ ਬਾਰੇ ਦੱਸਦਾ ਹੈ। ਇਹ ਕਹਾਣੀ ਹਾਈਡੇਗਰ ਦੀ ਰਾਜਨੀਤੀ ਨਾਲ ਸਬੰਧਿਤ ਹੈ ਜਿਸ ਦਾ ਵਿਸਥਾਰ ਕਿਤਾਬਾਂ ਵਿਚ ਕਈ ਥਾਈਂ ਦਰਜ ਹੈ। ਬੇਸ਼ਰਮੀ ਦੀ ਛੇਕੜ ਉਦੋਂ ਹੁੰਦੀ ਹੈ ਜਦੋਂ ਨਾਜ਼ੀਆਂ ਦੇ ਤਸੀਹਾ ਕੈਂਪਾਂ ਦੀ ਸਾਰੀ ਦਰਦਨਾਕ ਕਹਾਣੀ ਪੂਰੀ ਤਰ੍ਹਾਂ ਸਾਹਮਣੇ ਆ ਜਾਣ ਦੇ ਬਾਵਜੂਦ ਹਾਈਡੇਗਰ ਆਪਣੀ ਉਸ ਬੇਹਯਾਈ ਤੋਂ ਤੌਬਾ ਕਰਨ ਲਈ ਤਿਆਰ ਨਹੀਂ ਹੁੰਦਾ। ਉਲਟਾ ਸਾਲ 1976 ‘ਚ ਮਰਦੇ ਦਮ ਤੱਕ ਆਪਣੀ ਹੀ ਧੁਨ ਵਿਚ ਪੱਛਮੀ ਚਿੰਤਨ ਦੀ ਪਰੰਪਰਾ ਦੀ ਸ਼ੁਰੂਆਤ ਵਿਚ ਹੀ ਪਲੈਟੋ ਅਤੇ ਅਰਸਤੂ ਵੱਲੋਂ ਖਰਾਬੇ ਦੇ ਰਾਹ ਪਾਏ ਪੱਛਮੀ ਚਿੰਤਨ ਨੂੰ ਰੀਪੇਅਰ ਕਰਦਾ ਚਲਿਆ ਜਾਂਦਾ ਹੈ।
ਉਸ ਸਮੇਂ ਦੌਰਾਨ ਇਹੋ ਕੰਜਰਖਾਨਾ ਫੂਕੋ ਦਾ ਇਕ ਹੋਰ ਰਹਿਨੁਮਾ ਫਰਾਂਸੀਸੀ ਚਿੰਤਕ ਜਾਰਜ ਬਤਾਈ ਕਰਦਾ ਹੈ। ਉਹ ਤਜਰਬੇ ਦੀਆਂ ਅੰਤਮ ਸਿਖ਼ਰਾਂ ਛੂਹ ਕੇ ਜਿਉਣ ਦੇ ਇਨਸਾਨ ਦੇ ਅਧਿਕਾਰ ਦੀ ਪੈਰਵੀ ਦੇ ਨਾਂ ਹੇਠ ਜਾਣੇ-ਅਣਜਾਣੇ ਨਾਜ਼ੀਆਂ ਦੀ ਅਣਮਨੁੱਖੀ ਜ਼ਾਲਮਾਨਾ ਬੇਹੂਦਗੀ ਨੂੰ ਤਰਕ ਮੁਹੱਈਆ ਕਰ ਦਿੰਦਾ ਹੈ। ਅਸਲ ਵਿਚ ਪੱਛਮ ਵਿਚ ਉਸ ਸਮੇਂ ਇਸ ਕਿਸਮ ਦੇ ਲਿਖਾਰੀ ਦੋ-ਚਾਰ ਹੀ ਨਹੀਂ ਸਨ, ਬਲਕਿ 20ਵੀਂ ਸਦੀ ਦੇ ਮੁਢਲੇ 3-4 ਦਹਾਕਿਆਂ ਦੌਰਾਨ ਇਸ ਤਰ੍ਹਾਂ ਦੇ ਚਿੰਤਕਾਂ ਦੀ ਹਨ੍ਹੇਰੀ ਆਈ ਹੋਈ ਸੀ। ਇਸ ਬਾਰੇ ‘ਕਲਚਰਲ ਓਰਿਜਿਨਜ਼ ਆਫ ਫਾਸਿਜ਼ਮ ਇਨ ਜਰਮਨੀ’ ਵਿਚ ਬਹੁਤ ਵਧੀਆ ਵੇਰਵੇ ਹਨ। ਨਾਜ਼ੀਆਂ ਨੇ ਜਿਸ ਕਿਸਮ ਦੀ ‘ਵਿਸਮਾਦੀ ਪੂੰਜੀ’ ਨਾਲ ਭਰਪੂਰ ਆਭਾ-ਮੰਡਲ ਯੂਰਪ ਵਿਚ ਲਿਆਂਦਾ, ਉਸ ਨੂੰ ਸਾਰਿਆਂ ਨੇ ਵੇਖ ਹੀ ਲਿਆ ਹੈ।
ਨਾਜ਼ੀਆਂ ਨੇ ਯੂਰਪ ਦੀ ਧਰਤੀ ਉਪਰ ਆਪਣੇ ਹੀ ਅੰਦਾਜ਼ ਵਿਚ ‘ਨਵੀਂ ਸਭਿਅਤਾ’ ਦੀ ਉਸਾਰੀ ਦੇ ਨਾਂ ‘ਤੇ ਭਿਆਨਕ ਵਹਿਸ਼ਤ ਦਾ ਨੰਗਾ ਨਾਚ ਜਦੋਂ ਸ਼ੁਰੂ ਕੀਤਾ ਤਾਂ ਅਜਿਹੇ ਸਾਰੇ ਦਾਰਸ਼ਨਿਕ ਖੁੱਡਾਂ ਵਿਚ ਦੁਬਕ ਕੇ ਦੜ ਗਏ ਸਨ। ਬਤਾਈ ਨੇ 1939 ਤੋਂ ਬਾਅਦ ਕਈ ਵਰ੍ਹੇ ਚੁੱਪ ਵੱਟੀ ਰੱਖੀ ਸੀ। ਉਸ ਦੇ ਨੀਤਸ਼ੇ ਦੇ ਚਿੰਤਨ ਨੂੰ ਹਰ ਤਰਾਂ੍ਹ ਦੇ ਫ਼ਾਸ਼ੀਵਾਦ ਦੇ ਵਿਰੋਧ ਵਿਚ ਖਰਾ ਦਰਸਾਉਣ ਦੇ ਦਾਅਵਿਆਂ ‘ਤੇ ਆਧਾਰਤ ਲੇਖਾਂ ਦੀ ਪੁਸਤਕ ਕੁਝ ਵਰ੍ਹੇ ਪਹਿਲਾਂ ਪੰਜਾਬ ਵਿਚ ਆਈ ਹੈ। ਬਤਾਈ ਦਾ ਚਿੰਤਨ ਨਿਰਸੰਦੇਹ ਬੜਾ ਕੰਪਲੈਕਸ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਜਾਰਜ ਬਤਾਈ ਆਪਣੀ ਪ੍ਰੇਰਨਾ ਦੇ ਸੋਮੇ ਨੀਤਸ਼ੇ ਦੇ ਚਿੰਤਨ ਦੇ ਉਨ੍ਹਾਂ ਕਾਲੇ ਖੱਪਿਆਂ ਤੋਂ ਜ਼ਰਾ ਵੀ ਚੌਕਸ ਨਹੀਂ ਹੈ ਜਿਨਾਂ ਨੂੰ ਵਰਤ ਕੇ ਨਾਜ਼ੀ ਉਸ ਨੂੰ ਆਪਣੇ ਹੱਕ ਵਿਚ ਭੁਗਤਾਉਣ ਵਿਚ ਸਫਲ ਹੋਏ। ਇਸ ਕਿਸਮ ਦੇ ਖੱਪੇ ਉਸ ਨੇ ਆਪਣੇ ਅਰਾਜਕ ਚਿੰਤਨ ਅੰਦਰ ਬੜੀ ਮੌਜ ਨਾਲ ਛੱਡੇ ਹੋਏ ਹਨ।
ਹੁਣ ਇਕ ਵਾਰ ਫਿਰ ਮਿਸ਼ੇਲ ਫੂਕੋ ਵੱਲ ਪਰਤੀਏ। ਫੂਕੋ ਜਿਸ ਨੂੰ ਕਈ ਸੱਜਣ ਪਲੈਟੋ ਤੋਂ ਬਾਅਦ ਪੱਛਮ ਦਾ ਸਭ ਤੋਂ ਅਹਿਮ ਚਿੰਤਕ ਮੰਨਦੇ ਹਨ, ਨੇ ਹਾਈਡੇਗਰ ਜਾਂ ਜਾਰਜ ਬਤਾਈ ਵਰਗੇ ਚਿੰਤਕਾਂ ਦੀਆਂ ਕੁਤਾਹੀਆਂ ਤੋਂ ਕੱਖ ਵੀ ਕਿਉਂ ਨਾ ਸਿੱਖਿਆ? ਇਹੀ ਕੰਮ ਫੂਕੋ ਤੋਂ ਪਹਿਲਾਂ ਟੀæਐਸ਼ ਇਲੀਅਟ ਦੇ ਉਸਤਾਦ ਅਜ਼ਰਾ ਪਾਊਂਡ ਨੇ ਕੀਤਾ ਸੀ। ਉਸ ਨੂੰ ਮਸੋਲਿਨੀ ਵਰਗੇ ਚਬਲ ਇਨਸਾਨ ਦੀ ਅਗਵਾਈ ਹੇਠ ਇਤਾਲਵੀ ਫ਼ਾਸ਼ੀਵਾਦ ਅੰਦਰ ਨਵੀਂ ਤੇ ਨਰੋਈ ਸਭਿਅਤਾ ਦਾ ਆਗਾਜ਼ ਹੁੰਦਾ ਨਜ਼ਰ ਆਉਣ ਲੱਗ ਪਿਆ ਸੀ। ਉਹ ਕਈ ਵਰ੍ਹੇ ਰੋਮ ਦੇ ਰੇਡੀਓ ਤੋਂ ਉਸ ਦੇ ਸੋਹਲੇ ਗਾਉਂਦਾ ਰਿਹਾ। ਹੈ ਨਾ ਕਮਾਲ ਦੀ ਗੱਲ! ਮੈਨੂੰ ਇਕਦਮ ਡਾæ ਗੁਰਭਗਤ ਸਿੰਘ ਯਾਦ ਆ ਗਏ ਹਨ। ਉਹ ਸਿੱਖ ਧਰਮ ਨੂੰ ਉਤਰ-ਆਧੁਨਿਕ ਚਿੰਤਨ ਦੀਆਂ ਐਨਕਾਂ ਨਾਲ ਪੜ੍ਹਨ ਦੀ ਕੋਸ਼ਿਸ਼ ਕਰਦਿਆਂ ਜਾਰਜ ਬਤਾਈ ਦੀਆਂ ਲਿਖਤਾਂ ਦਾ ਜ਼ਿਕਰ ਵਾਰ-ਵਾਰ ਕਰਦੇ ਹਨ। ਅਜ਼ਰਾ ਪਾਉਂਡ ਨੂੰ ਵੀ ਉਹ ਸੁਤੰਤਰਤਾ ਦਾ ਮਹਾਨ ਸ਼ਾਇਰ ਮੰਨਦੇ ਹਨ। ‘ਟਰਾਂਸ-ਕਲਚਰਲ ਪੋਇਟਕਸ: ਏ ਕੰਪੈਰੇਟਿਵ ਸਟੱਡੀ ਆਫ਼ ਅਜ਼ਰਾ ਪਾਉਂਡ’ਜ਼ ਕੈਟੋ ਐਂਡ ਗੁਰੂ ਗੋਬਿੰਦ ਸਿੰਘ’ਜ਼ ਬਚਿੱਤਰ ਨਾਟਕ’ ਨਾਂ ਦੀ ਆਪਣੀ ਪੁਸਤਕ ਵਿਚ ਉਨਾਂ੍ਹ ਨੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਨੂੰ ਅਜ਼ਰਾ ਪਾਉਂਡ ਦੀ ਰਚਨਾ ਨਾਲ ਜੋੜ ਕੇ ਬੜਾ ਹੀ ਵਿਚਿੱਤਰ ਉਪਰਾਲਾ ਕੀਤਾ ਹੈ। ਪ੍ਰੋæ ਹਰਿੰਦਰ ਸਿੰਘ ਮਹਿਬੂਬ ਇਸ ਕਿਤਾਬ ਤੋਂ ਬਹੁਤ ਹੈਰਾਨ ਸਨ। ਹੁਣ ਜਿਹੜੇ ਅੱਥਰੇ ਸੱਜਣ ਨਵੇਂ-ਨਵੇਂ ਸਿਧਾਂਤ ਘੜਨ ਦੇ ਜੋਸ਼ ਵਿਚ 20ਵੀਂ ਸਦੀ ਦੇ ਸ਼ੁਰੂ ਦੀ ਅਕਾਲੀ ਸਰਗਰਮੀ ਨੂੰ ਮਹਿਜ਼ ਅਨੁਵਾਦ ਦੀ ਰਾਜਨੀਤੀ ਦੱਸੀ ਜਾਂਦੇ ਹਨ ਅਤੇ ਉਦੋਂ ਦੇ ਅਕਾਲੀ ਨੇਤਾਵਾਂ ਦੇ ਬੱਬਰਾਂ ਵਿਰੁਧ ਜਾਰੀ ਕੀਤੇ ਫਤਵੇ ਨੂੰ ਸਿਰੇ ਦਾ ਸ਼ਰਮਨਾਕ ਦੱਸਦੇ ਹਨ, ਉਨ੍ਹਾਂ ਨੂੰ ਇਨ੍ਹਾਂ ਵਰਤਾਰਿਆਂ ਵੱਲ ਧਿਆਨ ਜ਼ਰੂਰ ਹੀ ਧਰ ਲੈਣਾ ਚਾਹੀਦਾ ਹੈ।
ਇਥੇ ਲਾਹੌਰ ਦੇ ਜੰਮਪਲ ਤੇ ਇੰਗਲੈਂਡ ਦੇ ਚਿੰਤਕ ਜ਼ਿਆਉਦੀਨ ਸਰਦਾਰ ਦਾ ਚੇਤਾ ਆ ਗਿਆ ਹੈ। ਉਹ ਲਾਹੌਰ ਵਿਚ ਪੈਦਾ ਹੁੰਦਾ ਹੈ ਪਰ ਆਪਣੀ ਪੜ੍ਹਾਈ ਉਹ ਇੰਗਲੈਂਡ ਵਿਚ ਰਹਿੰਦਿਆਂ ਮੁਕੰਮਲ ਕਰਦਾ ਹੈ। ਉਹ ਆਪਣੇ ਮਾਂ ਪਿਉ ਤੋਂ ਲੈ ਕੇ ਦੁਨੀਆਂ ਭਰ ਦੇ ਮੁਸਲਿਮ ਭਾਈਚਾਰੇ ਨਾਲ ਬਾਈ ਕਰਮਜੀਤ ਸਿੰਘ ਦੀ ਤਰਜ਼ ‘ਤੇ ਹੀ ਜੁੜਿਆ ਹੋਇਆ ਹੈ। 19ਵੀਂ ਤੇ 20ਵੀਂ ਸਦੀ ਦੇ ਹੋਰ ਅਨੇਕਾਂ ਏਸ਼ੀਆਈ ਚਿੰਤਕਾਂ ਵਾਂਗ ਉਸ ਨੂੰ ਮੁਸਲਿਮ ਭਾਈਚਾਰੇ ਦੇ ਪਤਨ ਦਾ ਡਾਢਾ ਦੁੱਖ ਹੈ ਅਤੇ ਉਹ ਵੀ ਸ਼ੁਰੂ-ਸ਼ੁਰੂ ਵਿਚ ਇਸ ਦੀ ਮੁਕਤੀ ਦੇ ਪ੍ਰੋਜੈਕਟ ਨੂੰ ਪੱਛਮ ਦੇ ਵਿਰੋਧ ਵਿਚ ਖੜ੍ਹਾ ਹੋ ਕੇ ਵਿਉਂਤਣ ਦੀ ਕੋਸ਼ਿਸ਼ ਕਰਦਾ ਹੈ। ਜ਼ਿਆਉਦੀਨ ਸਰਦਾਰ ਦਾ ਇਤਕਾਦ ਹੈ ਕਿ ਮੁਸਲਿਮ ਭਾਈਚਾਰੇ ਦਾ ਸਭਿਆਚਾਰਕ ਪਿਛੋਕੜ ਬੇਹੱਦ ਅਮੀਰ ਹੈ ਅਤੇ ਜ਼ਰੂਰਤ ਮਹਿਜ਼ ਇਸ ਵਿਰਸੇ ਦੀ ਅਮੀਰੀ ਨੂੰ ਨਵੇਂ ਸਿਰਿਉਂ ਸਾਹਮਣੇ ਲਿਆਉਣ ਦੀ ਹੈ। ਉਹ ਮਲੇਸ਼ੀਆ, ਤੁਰਕੀ, ਅਰਬ ਜਗਤ ਅਤੇ ਆਪਣੀ ਮਾਂ ਭੂਮੀ ਪਾਕਿਸਤਾਨ ਅੰਦਰ ਇਸੇ ਕਿਸਮ ਦੀ ਕੋਸ਼ਿਸ਼ ਕਰਨ ਵੱਲ ਰੁਚਿਤ ਅਨੇਕਾਂ ਮੁਸਲਿਮ ਚਿੰਤਕਾਂ ਨਾਲ ਸੰਵਾਦ ਰਚਾਉਂਦਾ ਹੈ। ‘ਸ਼ੈਤਾਨ ਦੀਆਂ ਆਇਤਾਂ’ ਵਾਲੇ ਸਲਮਾਨ ਰਸ਼ਦੀ ਨਾਲ ਉਸ ਦਾ ਵਿਰੋਧ ਹੈ ਪਰ ਆਇਤਉਲਾ ਖੋਮੀਨੀ ਦੇ ਫਤਵੇ ਵਾਲਾ ਰਸਤਾ ਉਸ ਨੂੰ ਸਿਰੇ ਦਾ ਵਿਨਾਸ਼ਕਾਰੀ ਪ੍ਰਤੀਤ ਹੁੰਦਾ ਹੈ। ਉਸ ਦਾ ਵਿਸ਼ਵਾਸ ਹੈ ਕਿ ਰਸ਼ਦੀ ਦੇ ਹਮਲੇ ਦਾ ਜਵਾਬ ਪ੍ਰਵਚਨ ਦੇ ਪੱਧਰ ‘ਤੇ ਉਸ ਨਾਲੋਂ ਕਿਤੇ ਵੱਧ ਸਸ਼ਕਤ ਪ੍ਰਵਚਨ ਕਰ ਕੇ ਸਹਿਜੇ ਹੀ ਦਿੱਤਾ ਜਾ ਸਕਦਾ ਹੈ ਅਤੇ ਉਹ ਇਹ ਕੰਮ ਕਰਦਾ ਵੀ ਹੈ ਪਰ ਅਖੀਰ ਉਸ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ।
ਥੁੱਕਾਂ ਨਾਲ ਵੜੇ ਕਦੋਂ ਪੱਕਦੇ ਹਨ ਭਲਾ? ਵਿਰਸੇ ਦੀਆਂ ਜੜ੍ਹਾਂ ਤਲਾਸ਼ਣ ਅਤੇ ਬਾਅਦ ਵਿਚ ਕਿਧਰੇ ਵੀ ਕੋਈ ਗੱਲ ਜਦੋਂ ਬਣਦੀ ਨਹੀਂ ਦਿਸਦੀ ਤਾਂ ਆਪਣਾ ਮੋਹ-ਭੰਗ ਹੋਣ ਦੀ ਕਥਾ ਜ਼ਿਆਉਦੀਨ ਸਰਦਾਰ ਨੇ ਆਪਣੀ ਪੁਸਤਕ ‘ਡੈਸਪੀਰੇਟਲੀ ਸੀਕਿੰਗ ਪੈਰਾਡਾਈਜ਼: ਜਰਨੀ ਆਫ ਏ ਸਕੈਪਟੀਕਲ ਮੁਸਲਿਮ’ ਵਿਚ ਬੜੇ ਹੀ ਰੌਚਕ ਅੰਦਾਜ਼ ਵਿਚ ਸੁਣਾਈ ਹੈ। ਇਸ ਵਿਚ ਵਿਰਸੇ ਅਤੇ ਵਰਤਮਾਨ ਦੀ ਡਾਇਲੈਕਟਿਕ ਦਾ ਬਿਰਤਾਂਤ ਬਹੁਤ ਪੀਡਾ ਹੈ। ਪੱਛਮ ਨੇ ਆਹ ਕਰ ਦਿੱਤਾ, ਅਹੁ ਕਰ ਦਿੱਤਾ; ਐਨਲਾਈਟਨਮੈਂਟ ਨੇ ਭੱਠਾ ਬਿਠਾ ਦਿੱਤਾ ਜਾਂ ਮਾਡਰੈਨਿਟੀ ਨੇ ਭੱਠਾ ਬਿਠਾ ਦਿੱਤਾæææ ਇਸ ਕਿਸਮ ਦੇ ਢਕਵੰਜ ਬਥੇਰੇ ਹੋ ਚੁੱਕੇ। ਇਸ ਕਿਸਮ ਦੇ ਸੱਜਣ ਇਹ ਕਿਉਂ ਨਹੀਂ ਦੱਸਦੇ ਕਿ ਆਟੋਮਾਨ ਦੀ ਸਲਤਨਤ 13ਵੀਂ-14ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ ਕਾਇਮ ਰਹੀ। ਉਥੇ ਨਾ ਕੋਈ ਪੱਛਮੀ ਪ੍ਰਭਾਵ ਸੀ, ਨਾ ਉਨ੍ਹਾਂ ਮਾਡਰੈਨਿਟੀ ਨੂੰ ਨੇੜੇ ਫਟਕਣ ਦਿੱਤਾ ਅਤੇ ਨਾ ਉਥੇ ਐਨਲਾਈਟਨਮੈਂਟ ਚਿੰਤਨ ਦਾ ਹੀ ਕੋਈ ਦੂਸ਼ਤ ਪ੍ਰਭਾਵ ਪਿਆ। ਇਨਸਾਨ ਦੀ ਹਾਲਤ ਉਨ੍ਹਾਂ ਬਦ ਤੋਂ ਬਦਤਰ ਬਣਾਈ ਰੱਖੀ। ਉਨ੍ਹਾਂ ਦਾ ਬੇੜਾ ਕਿਵੇਂ ਤੇ ਕਿਉਂ ਗਰਕਿਆ, ਇਸ ਬਾਰੇ ਅਜਿਹੇ ਸੱਜਣਾਂ ਦੀ ਆਖਰ ਕੀ ਰਾਏ ਹੈ? ਮੱਧਯੁਗ ਦੇ ਚੀਨ ਦੇ ਅੰਦਰੂਨੀ ਹਾਲਾਤ ਜਾਂ 19ਵੀਂ ਸਦੀ ਦੇ ਰੂਸ ਦੀ ਦੁਰਦਸ਼ਾ ਲਈ ਕਿਹੜਾ ਮਾਡਰੈਨਿਟੀ ਜਾਂ ਕਿਹੜਾ ਐਨਲਾਈਟਨਮੈਂਟ ਚਿੰਤਨ ਜ਼ਿੰਮੇਵਾਰ ਸੀ? ਅਜਿਹੇ ਸੱਜਣਾਂ ਨੂੰ ਖੁਦ ਪੱਛਮ ਦੇ ਹਜ਼ਾਰ ਵਖਰੇਵੇਂ ਨਜ਼ਰ ਕਿਉਂ ਨਹੀਂ ਆਉਂਦੇ। ਫਿਰ ਇਹ ਵੀ ਹੈ ਕਿ ਗਿਆਨਵਾਦ ਦੀ ਲਹਿਰ ਦੇ ਹਜ਼ਾਰਾਂ ਚਿੰਤਕ ਕੀ ਇਕੋ ਤਰ੍ਹਾਂ ਦੇ ਸਨ? ਰੂਸੋ ਅਤੇ ਵਾਲਟੇਅਰ ਵਰਗੇ ਮੋਢੀ ਚਿੰਤਕਾਂ ਦੇ ਚਿੰਤਨ ਵਿਚ ਜੋ ਜ਼ਮੀਨ-ਅਸਮਾਨ ਦਾ ਅੰਤਰ ਹੈ, ਉਸ ਬਾਰੇ ਇਨ੍ਹਾਂ ਦੀ ਕੀ ਰਾਏ ਹੈ? ਕੀ ਇੰਗਲੈਂਡ ਅੰਦਰ ਗਿਆਨਵਾਦੀ ਲਹਿਰ ਦਾ ਸਾਰਾ ਚੱਕਰ ਫਰਾਂਸੀਸੀ ਚਿੰਤਕਾਂ ਤੋਂ ਮੂਲੋਂ ਹੀ ਭਿੰਨ ਨਹੀਂ ਸੀ? ਇੰਗਲੈਂਡ ਅੰਦਰ ਅਜਿਹੇ ਚਿੰਤਨ ਬਾਰੇ ਗਰਟਰੂਡ ਹਿਮਲਫਾਰਥ ਨੇ 2004 ਵਿਚ ‘ਦਿ ਰੋਡਜ਼ ਟੂ ਮਾਡਰੈਨਿਟੀ’ ਨਾਂ ਦੀ ਛੋਟੀ ਜਿਹੀ ਪਰ ਬੜੀ ਹੀ ਮੁੱਲਵਾਨ ਕਿਤਾਬ ਵਿਚ ਅਜਿਹੇ ਅੰਤਰ ਦੀ ਨਿਸ਼ਾਨਦੇਹੀ ਸੁਚੱਜੇ ਤਰੀਕੇ ਨਾਲ ਕੀਤੀ ਹੋਈ ਹੈ। ਇਹ ਸੱਜਣ ਅਜਿਹੇ ਅੰਤਰਾਂ ਵੱਲ ਧਿਆਨ ਧਰਦੇ ਕਿਉਂ ਨਹੀਂ ਹਨ?
ਤਸੱਲੀ ਵਾਲੀ ਗੱਲ ਹੈ ਕਿ ਜ਼ਿਆਉਦੀਨ ਸਰਦਾਰ ਵਿਰਸੇ ਅਤੇ ਧਰਮ ਪ੍ਰਤੀ ਆਪਣੇ ਮੁਢਲੇ ਹੇਰਵੇ ਦੀ ਜਕੜ ਵਿਚੋਂ ਬਾਹਰ ਆ ਜਾਂਦਾ ਹੈ। ਉਸ ਦੀ ਲਿਖਤ ਨਮੂਨਾ ਦੇਖਣਾ ਹੋਵੇ ਤਾਂ ਨੈੱਟ ਤੋਂ ‘ਟੱਚਡ ਆਫ ਵੰਡਰ’ ਸਿਰਲੇਖ ਹੇਠਲਾ ਲੇਖ ਦੇਖਿਆ ਜਾ ਸਕਦਾ ਹੈ। ਕੁਰਾਨ ਦੀ ਉਸ ਦੀ ਪੜ੍ਹਤ ਤੋਂ ਬਲਿਹਾਰੇ ਜਾਣ ਨੂੰ ਜੀ ਕਰਦਾ ਹੈ। ਧਰਮ ਦੀ ਸਾਰਥਿਕਤਾ ਦੀ ਗੱਲ ਕਰਨ ਵਾਲੇ ਹਰ ਸੱਜਣ ਨੂੰ ਉਸ ਦੀਆਂ ਲਿਖਤਾਂ ‘ਤੇ ਨਿਗ੍ਹਾ ਮਾਰਨੀ ਚਾਹੀਦੀ ਹੈ। ਪਾਲ ਡੁਮੇਲਾ ਵੱਲੋਂ ਸੰਪਾਦਤ ਪੁਸਤਕ ‘ਟੱਚਡ’ ਵਿਚਲੇ ‘ਟੱਚਡ ਆਫ ਵੰਡਰ’ ਵਾਲੇ ਲੇਖ ਵਿਚ ਧਰਮ ਅਤੇ ਕਲਾ ਦੇ ਨੇੜਲੇ ਰਿਸ਼ਤੇ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਉਹ ਵਿਸਮਾਦ ਨੂੰ ਅਨੁਭਵ ਕਰਨ ਅਤੇ ਇਸ ਨੂੰ ਮਾਣਨ ਦੀ ਸਮਰੱਥਾ ਨੂੰ ਇਨਸਾਨੀ ਹਸਤੀ ਦੀ ਕੇਂਦਰੀ ਚੂਲ ਮੰਨਦਾ ਹੈ ਅਤੇ ਦੱਸਦਾ ਹੈ ਕਿ ਕਿੰਝ ਧਰਮ ਅਤੇ ਕਲਾ ਆਦਮੀ ਦੀ ਇਸੇ ਚਾਹਤ ਦਾ ਪਰਤੌ ਹਨ। ਸਾਡੇ ਬਜ਼ੁਰਗ ਵੀ ਤਾਂ ਵਿਸਮਾਦੀ ਬਿਰਹਾ ਨੂੰ ਸੁਲਤਾਨ ਮੰਨਦੇ ਹਨ ਅਤੇ ਸਭ ਨੂੰ ਪਤਾ ਹੈ ਕਿ ਬਿਰਹਾ ਦੇ ਅਨੁਭਵ ਤੋਂ ਸੱਖਣੀ ਹਸਤੀ ਨੂੰ ਉਨ੍ਹਾਂ ਨੇ ਕਿਸ ਤਰ੍ਹਾਂ ਦੀ ਸੰਗਿਆ ਦਿੱਤੀ ਹੈ।
ਜ਼ਿਆਉਦੀਨ ਸਰਦਾਰ ਵਿਰਾਸਤੀ ਹੇਰਵੇ ਦੀ ਜਕੜ ਤੋਂ ਬਾਹਰ ਨਿਕਲ ਗਿਆ ਹੈ, ਫਿਰ ਵੀ ਉਸ ਨਾਲ ਮਾੜਾ ਜਿਹਾ ਇਤਰਾਜ਼ ਇਹ ਹੈ ਕਿ ਪੱਛਮ-ਪੱਛਮ ਵਾਲੀ ਮੁਹਾਰਨੀ ਅਜੇ ਤੱਕ ਉਸ ਤੋਂ ਵੀ ਛੱਡੀ ਨਹੀਂ ਗਈ। ਇਸ ਪ੍ਰਥਾਏ ‘ਪੋਸਟ ਮਾਡਰਨਿਜ਼ਮ ਐਂਡ ਦਿ ਅਦਰ: ਨਿਊ ਇੰਪੀਰੀਅਲਿਜ਼ਮ ਆਫ ਦਾ ਵੈਸਟਰਨ ਕਲਚਰ’ ਵਾਲੀ ਕਿਤਾਬ ਦੇ ਸਿਰਲੇਖ ਨਾਲ ਹੀ ਬਿੱਲੀ ਛਾਲ ਮਾਰ ਕੇ ਬਾਹਰ ਆ ਜਾਂਦੀ ਹੈ। ਆਖਰ, ਚਿੰਤਕ ਚਿੰਤਕ ਹੁੰਦਾ ਹੈ ਅਤੇ ਉਹ ਪੂਰਬੀ, ਪੱਛਮੀ, ਹਿੰਦੂ ਜਾਂ ਸਿੱਖ ਚਿੰਤਕ ਨਹੀਂ ਹੁੰਦਾ। ਜ਼ਿਆਉਦੀਨ ਸਿਰੇ ਦਾ ਕੁਚੱਜਾ ਦੋਸ਼ ਲਾਉਂਦਿਆਂ ਕਹਿੰਦਾ ਹੈ ਕਿ ਪੱਛਮ ਦਾ ਉਤਰ-ਆਧੁਨਿਕ ਚਿੰਤਨ ਹਾਸ਼ੀਏ ‘ਤੇ ਧੱਕੇ ਗੈਰ-ਪੱਛਮੀ ਲੋਕਾਂ ਦੀ ਮੁਕਤੀ ਲਈ ਹਾਅ ਦਾ ਨਾਅਰਾ ਮਾਰਨ ਦੀ ਆੜ ਹੇਠ ਮਹਿਜ਼ ਉਨ੍ਹਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਨ੍ਹਾਂ ਨੂੰ ਦੁਬੇਲ ਬਣਾਈ ਰੱਖਣ ਦੀ ਸਾਜ਼ਿਸ਼ ਮਾਤਰ ਹੈ। ਇੱਦਾਂ ਦੀਆਂ ਜਭਲੀਆਂ ਠੀਕ ਨਹੀਂ। ਸਾਡੇ ਮਿਸ਼ੈਲ ਫੂਕੋ ਅਤੇ ਯਾਕ ਦੈਰਿਦਾ ਨਾਲ ਹਜ਼ਾਰ ਵਖਰੇਵੇਂ ਤੇ ਸ਼ਿਕਵੇ ਹੋ ਸਕਦੇ ਹਨ ਪਰ ਇਨ੍ਹਾਂ ਚਿੰਤਕਾਂ ਦੀਆਂ ਲਿਖਤਾਂ ਵਿਚੋਂ ਕਿਸੇ ਕਿਸਮ ਦੀ ਸਾਜ਼ਿਸ਼ ਭਾਲਣ ਵਾਲੀ ਪਹੁੰਚ ‘ਤੇ ਤਾਂ ਰੋਇਆ ਹੀ ਜਾ ਸਕਦਾ ਹੈ।
ਜ਼ਿਆਉਦੀਨ ਸਰਦਾਰ ਨਾਲ ਇਸ ਕਿਸਮ ਦੇ ਬੁਨਿਆਦੀ ਪਰ ਦੋਸਤਾਨਾ ਵਖਰੇਵੇਂ ਦੇ ਬਾਵਜੂਦ ਪਵਿੱਤਰ ਕੁਰਾਨ ਦੀਆਂ ਆਇਤਾਂ ਨੂੰ ਜਿਸ ਅਕੀਦਤ ਅਤੇ ਪਿਆਰ ਨਾਲ ਉਹ ਪੜ੍ਹਦਾ ਹੈ ਅਤੇ ਹਜ਼ਰਤ ਮੁਹੰਮਦ ਦੇ ਸੰਦੇਸ਼ਾਂ ਦੀ ਅਜੋਕੀ ਪ੍ਰਸੰਗਿਕਤਾ ਨੂੰ ਜਿਸ ਅੰਦਾਜ਼ ਵਿਚ ਉਹ ਸਥਾਪਤ ਕਰਦਾ ਹੈ, ਉਹ ਧੰਨ ਹੈ। ਮਨ ਚਾਹੁੰਦਾ ਹੈ ਕਿ ਭਾਅ ਜੀ ਕਰਮਜੀਤ ਸਿੰਘ (ਪੰਜਾਬੀ ਟ੍ਰਿਬਿਊਨ ਦੇ ਸਾਬਕਾ ਅਸਿਸਟੈਂਟ ਐਡੀਟਰ) ਅਤੇ ਪਾਲੇ ਦੇ ਦੂਜੇ ਪਾਸੇ ਖੜ੍ਹੇ ਸਾਡੇ ਹੋਰ ਮਿੱਤਰ ਸਾਡੇ ਆਪਣੇ ਗੁਰੂ ਸਾਹਿਬਾਨ ਦੀ ਮਹਾਨ ਬਾਣੀ ਨੂੰ ਉਸੇ ਅੰਦਾਜ਼ ਵਿਚ ਜਰਾ ਪੜ੍ਹਨ ਦੀ ਕੋਸ਼ਿਸ਼ ਕਰ ਕੇ ਦੇਖਣ, ਤਬੀਅਤ ਠੰਢੀ-ਠਾਰ ਹੋ ਜਾਵੇਗੀ।
ਵਿਰਸੇ ਦੀਆਂ ਸ਼ਾਨਾਂ ਪ੍ਰਤੀ ਹੇਰਵੇ ਦੀ ਅਤਿਅੰਤ ਖਤਰਨਾਕ ਬਿਮਾਰੀ ਤੋਂ ਪੀੜਤ ਏਸ਼ੀਆਈ ਖਿੱਤੇ ਦੇ ਹਰ ਚਿੰਤਕ ਨੂੰ ਲਾਹੌਰ ਦੇ ਜੰਮਪਲ ਅਤੇ ਅੱਜ ਕੱਲ੍ਹ ਟੋਰਾਂਟੋ ਰਹਿੰਦੇ ਪੱਤਰਕਾਰ, ਚਿੰਤਕ ਤਾਰਿਕ ਫਤਹਿ ਦੀ ‘ਚੇਜਿੰਗ ਏ ਮੀਰਾਜ’ ਨਾਂ ਦੀ ਪੁਸਤਕ ‘ਤੇ ਹਰ ਹਾਲਤ ਵਿਚ ਨਜ਼ਰ ਮਾਰਨੀ ਚਾਹੀਦੀ ਹੈ। ਉਸ ਨੇ ਪੈਗੰਬਰ ਮੁਹੰਮਦ ਦੇ ਦੇਹਾਂਤ ਤੋਂ ਤੁਰੰਤ ਬਾਅਦ ਦੇ ਸਮੇਂ ਤੋਂ ਲੈ ਕੇ 20ਵੀਂ ਸਦੀ ਤੱਕ ਇਸਲਾਮੀ ਚਿੰਤਨ ਦੀ ਅਮਲੀ ਹਕੀਕਤ ਨੂੰ ਕਮਾਲ ਦੇ ਅੰਦਾਜ਼ ਵਿਚ ਬੇਪਰਦ ਕੀਤਾ ਹੈ। ਮੁਹੰਮਦ ਇਕਬਾਲ ਵਰਗੇ ਇਸਲਾਮ ਦੀਆਂ ਸ਼ਾਨਾਂ ਦੇ ਜਜ਼ਬਾਤੀ ਢਾਡੀ ਅਤੇ ਉਸ ਵਰਗੇ ਹੋਰ ਅਨੇਕਾਂ ਚਿੰਤਕਾਂ ਨਾਲੋਂ ਉਸ ਦੀ ਪਹੁੰਚ ਮੂਲੋਂ ਹੀ ਵੱਖਰੀ ਹੈ। ਉਹ ਇਸਲਾਮੀ ਵਿਰਸੇ ਦੀਆਂ ਸ਼ਾਨਾਂ ਬਾਰੇ ਸਭ ਮਿੱਥਾਂ ਨੂੰ ਚੀਰਦਾ ਚਲਾ ਜਾਂਦਾ ਹੈ।
ਹੁਣ ਇਕ ਵਾਰ ਮੁੜ ਪ੍ਰਭਸ਼ਰਨਦੀਪ ਸਿੰਘ ਵੱਲ ਪਰਤਿਆ ਜਾਵੇ। ਪ੍ਰਭਸ਼ਰਨਦੀਪ ਨਾਲ ਪਿਛਲੇ ਤਿੰਨ ਵਰ੍ਹਿਆਂ ਦੌਰਾਨ ਪਹਿਲਾਂ ਪਟਿਆਲੇ ਰਹਿੰਦਿਆਂ ਅਤੇ ਫਿਰ ਇਥੇ ਟੋਰਾਂਟੋ ਆ ਕੇ ਅਕਸਰ ਫੋਨ ਉਪਰ ਗੱਲਬਾਤ ਹੁੰਦੀ ਰਹੀ ਹੈ। ਸਭ ਤੋਂ ਤਾਜ਼ਾ ਅਤੇ ਕਰੀਬ ਦੋ ਘੰਟੇ ਲੰਮੀ ਗੱਲਬਾਤ ਉਸ ਵੱਲੋਂ ‘ਪੰਜਾਬ ਟਾਈਮਜ਼’ ਰਾਹੀਂ ਮੇਰੇ ਉਪਰ ਬਰਸਾਏ ਅਗਨਬਾਣ ਤੋਂ ਮਹਿਜ਼ 10 ਜਾਂ 15 ਕੁ ਦਿਨ ਪਹਿਲਾਂ ਹੀ ਹੋਈ ਸੀ। ਗੱਲਬਾਤ ਦਾ ਕੇਂਦਰੀ ਪ੍ਰਸੰਗ ਇਹ ਸੀ ਕਿ ਪ੍ਰਭਸ਼ਰਨਦੀਪ, ਪ੍ਰੋæਅਰਵਿੰਦਪਾਲ ਸਿੰਘ ਮੰਡੇਰ ਦੇ ਚਿੰਤਨ ਤੋਂ ਕਾਇਲ ਹੈ ਅਤੇ ਉਸ ਉਪਰ ਅਜੇ ਪਿੱਛੇ ਜਿਹੇ ਹੀ ਚੰਡੀਗੜ੍ਹ ਦੇ ਉਘੇ ਸਿੱਖ ਚਿੰਤਕ ਗੁਰਦਰਸ਼ਨ ਸਿੰਘ ਢਿਲੋਂ ਨੇ 40-50 ਪੰਨਿਆਂ ਦਾ ਲੰਮਾ ਲੇਖ ਲਿਖ ਕੇ ਤਕੜਾ ਹਮਲਾ ਬੋਲਿਆ ਹੋਇਆ ਹੈ। ਇਸ ਹਮਲੇ ਬਾਰੇ ਮੈਨੂੰ ਭਾਅ ਜੀ ਕਰਮਜੀਤ ਸਿੰਘ ਨੇ ਪਹਿਲਾਂ ਹੀ ਦੱਸਿਆ ਹੋਇਆ ਸੀ। ਪ੍ਰਭਸ਼ਰਨਦੀਪ ਨਾਲ ਹੀਗਲੀਅਨ ਦਰਸ਼ਨ ਪੱਛਮੀ ਐਨਲਾਈਟਨਮੈਂਟ ਚਿੰਤਨ ਅਤੇ ਸਾਹਿਤ ਅੰਦਰ ਰੁਮਾਂਟਿਕ ਲਹਿਰ ਆਦਿ ਅਨੇਕਾਂ ਵਿਸ਼ਿਆਂ ‘ਤੇ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ ਅਸੀਂ ਲੰਮੀਆਂ ਗੱਲਾਂ ਕੀਤੀਆਂ। ਉਸ ਨੇ ਮੈਨੂੰ ਪ੍ਰੋæ ਢਿਲੋਂ ਦਾ ਲੇਖ ਨੈੱਟ ਉਪਰ ਭੇਜਣ ਦਾ ਵਾਅਦਾ ਕੀਤਾ। ਮੈਂ ਉਸ ਨੂੰ ਆਪਣਾ ਖਦਸ਼ਾ ਦੱਸਿਆ ਕਿ ਅਰਵਿੰਦਪਾਲ ਸਿੰਘ ਮੰਡੇਰ ਨੇ ‘ਰਿਲੀਜਨ ਐਂਡ ਸਪੈਕਟਰਜ਼ ਆਫ ਦੀ ਵੈਸਟ’ ਕਿਤਾਬ ਲਿਖੀ ਤਾਂ ਆਪਣੇ ਸਿੱਖ ਭਾਈਚਾਰੇ ਖਾਤਰ ਹੈ ਪਰ ਭਾਈਚਾਰੇ ਦੇ ਵਿਦਵਾਨਾਂ ‘ਚੋਂ ਕਿਸੇ ਨੂੰ ਉਸ ਦੀ ਕਿਤਾਬ ਦੇ ਪ੍ਰਸੰਗਾਂ ਦਾ ਭੇਤ ਨਹੀਂ ਹੈ। ਇਸ ਲਈ ਉਨ੍ਹਾਂ ਦੇ ਗੇੜ ਵਿਚ ਉਸ ਦੀ ਗੱਲ ਆਉਣੀ ਨਹੀਂ ਹੈ। ਕਾਰਨ ਇਹ ਵੀ ਹੈ ਕਿ ਪ੍ਰੋæ ਮੰਡੇਰ ਆਧੁਨਿਕ ਪੱਛਮੀ ਚਿੰਤਨ, ਖਾਸ ਕਰ ਕੇ ਮਾਰਟਿਨ ਹਾਈਡੇਗਰ, ਦੈਰਿਦਾ, ਯੱਕ ਲਾਕਾਂ ਅਤੇ ਮਿਸ਼ੈਲ ਫੂਕੋ ਦੇ ਸਿਧਾਂਤਾਂ ਨਾਲ ਚੰਗੀ ਤਰ੍ਹਾਂ ਲੈਸ ਹੈ। ਸਾਡੇ ਲੋਕਾਂ ਨੂੰ ਦੈਰਿਦਾ ਦਾ ਚੰਗੀ ਤਰਾਂ੍ਹ ਪਤਾ ਕੋਈ ਨਹੀਂ ਹੈ। ਉਹ ਪ੍ਰੋæ ਗੁਰਦਰਸ਼ਨ ਸਿੰਘ ਢਿਲੋਂ ਦੇ ਲੇਖ ਦੀਆਂ ਸੀਮਾਵਾਂ ਦੱਸ ਰਿਹਾ ਸੀ ਅਤੇ ਇਸ ਨੁਕਤੇ ‘ਤੇ ਸਾਡੀ ਪੂਰਨ ਸਹਿਮਤੀ ਵੀ ਸੀ।
ਪ੍ਰਭਸ਼ਰਨਦੀਪ ਨੇ ਵਾਅਦੇ ਅਨੁਸਾਰ ਢਿਲੋਂ ਸਾਹਿਬ ਦਾ ਲੰਮਾ ਲੇਖ ਭੇਜ ਦਿੱਤਾ। ਪੜ੍ਹ ਕੇ ਦੁੱਖ ਹੋਇਆ। ਉਨ੍ਹਾਂ ਉਹੀ ਮੁਹਾਰਨੀ ਫੜੀ ਹੋਈ ਹੈ ਜਿਹੜੀ ਸਿੱਖ ਵਿਦਵਾਨਾਂ ਨੇ ਪਿਛਲੇ 30-40 ਵਰ੍ਹਿਆਂ ਤੋਂ ਡਾæ ਹਿਊ ਮੈਕਲੌਡ ਦੇ ਨਿਰੰਤਰ ਪਰ ਬੇਸਿਰ-ਪੈਰ ਵਿਰੋਧ ਵਿਚ ਅਰੰਭੀ ਹੋਈ ਹੈ। ਉਹੋ ਪੱਛਮ-ਪੱਛਮ ਅਤੇ ਅਮਰੀਕੀ ਯੂਨੀਵਰਸਿਟੀਆਂ ਦੀ ਸਿੱਖ ਧਰਮ ਵਿਰੁਧ ਸਾਜ਼ਿਸ਼ ਦੀ ਸ਼ੋਰੀਲੀ ਫਤਵੇਬਾਜ਼ੀ! ਸਮਝ ਨਹੀਂ ਆਉਂਦੀ ਕਿ ਬਘਿਆੜ ਦਾ ਕਿਧਰੇ ਨਾਮੋ-ਨਿਸ਼ਾਨ ਵੀ ਨਹੀਂ, ਤੇ ਇਹ ਸੱਜਣ ‘ਬਘਿਆੜ ਆਇਆ, ਬਘਿਆੜ ਆਇਆ’ ਕੂਕ ਰਹੇ ਹਨ।
ਇਸ ਬਾਰੇ ਪ੍ਰੋæ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਹ ਨਹੀਂ ਕਹਿੰਦੇ ਕਿ ਮੰਡੇਰ ਦੇ ਪ੍ਰਵਚਨ ਦਾ ਕੋਈ ਕਰੀਟਿਕ ਹੋ ਨਹੀਂ ਸਕਦਾ, ਬਲਕਿ ਹੋ ਸਕਦਾ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਪ੍ਰੋæ ਮੰਡੇਰ ਨੇ ਸਿੱਖ ਧਾਰਮਿਕ ਚਿੰਤਨ ਦੀ ਸਾਰਥਿਕਤਾ ਦੀ ਨਿਸ਼ਾਨਦੇਹੀ ਕਰਨ ਲਈ ਹਾਈਡੇਗਰ, ਦੈਰਿਦਾ ਜਾਂ ਯੱਕ ਲਾਕਾਂ ਆਦਿ ਜਿਨ੍ਹਾਂ ਪੱਛਮੀ ਚਿੰਤਕਾਂ ਦੇ ਪ੍ਰਵਰਗ ਇਸਤੇਮਾਲ ਕੀਤੇ ਹਨ, ਉਹ ਸਾਰੇ ਮੂਲ ਰੂਪ ਵਿਚ ਨਾਸਤਿਕ ਸਨ। ਉਹ ਰੱਬ ਜਾਂ ਰੱਬ ਵਰਗੇ ਕਿਸੇ ਵੀ ਕੇਂਦਰ ਤੋਂ ਇਨਕਾਰੀ ਸਨ। ਹਾਈਡੇਗਰ ਬੀਇੰਗ ਦੀ ਗੱਲ ਕਰਦਾ ਹੈ ਬਲਕਿ ਹੁਣ ਤੱਕ ਕੋਈ 100 ਦੇ ਕਰੀਬ ਛਪੀਆਂ ਉਸ ਦੀਆਂ ਸਾਰੀਆਂ ਕਿਤਾਬਾਂ ਵਿਚ ਉਪਲਬਧ ਉਸ ਦਾ ਚਿੰਤਨ ‘ਬੀਇੰਗ’ ਦੇ ਰਹੱਸ ਨੂੰ ਖੋਲ੍ਹਣ ‘ਤੇ ਕੇਂਦਰਿਤ ਹੈ ਪਰ ਹਾਈਡੇਗਰ ਦੀ ‘ਬੀਇੰਗ’ ਦਾ ਸ਼ੰਕਰ ਦੇ ਬ੍ਰਹਮ ਵਰਗੇ ਕਿਸੇ ਕੇਂਦਰੀ ਪ੍ਰਵਰਗ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਅਜਿਹੇ ਚਿੰਤਕਾਂ ਦੇ ਕੰਨਸੈਪਚੂਅਲ ਟੂਲ-ਬਾਕਸ ਨਾਲ ਸਿੱਖ ਧਰਮ ਚਿੰਤਨ ਦੇ ਮਰਮ ਨੂੰ ਭੇਦਿਆ ਨਹੀਂ ਜਾ ਸਕਦਾ।
ਜੇ ਕਿਸੇ ਵਿਦਵਾਨ ਸੱਜਣ ਨੇ ਅਰਵਿੰਦਪਾਲ ਸਿੰਘ ਮੰਡੇਰ ਵਿਰੁਧ ਖੰਡਾ ਖਿੱਚਣਾ ਹੈ ਤਾਂ ਇਸ ਬੁਨਿਆਦੀ ਨੁਕਤੇ ‘ਤੇ ਵਾਰ ਕਰ ਕੇ ਹੀ ਸ਼ੁਰੂਆਤ ਕੀਤੀ ਜਾ ਸਕਦੀ ਹੈ; ਇਸ ਤਰ੍ਹਾਂ ਕਰ ਕੇ ਬਿਲਕੁਲ ਵੀ ਨਹੀਂ ਕਿ ਜਿਹੜਾ ਪ੍ਰੋਜੈਕਟ ਮੀਰ ਮੰਨੂ ਕੋਲੋਂ ਵਿਚਾਲੇ ਰਹਿ ਗਿਆ ਸੀ, ਉਸ ਨੂੰ ਮੁਕੰਮਲ ਕਰਨ ਲਈ ਪੱਛਮੀ ਯੂਨੀਵਰਸਿਟੀਆਂ ਕਿਸੇ ਵੱਡੀ ਸਾਜ਼ਿਸ਼ ਤਹਿਤ ਸਿੱਖਾਂ ਵਿਰੁਧ ਮੈਕਲੌਡ, ਹਰਜੋਤ ਉਬਰਾਏ, ਪਸ਼ੌਰਾ ਸਿੰਘ ਅਤੇ ਹੁਣ ਪ੍ਰੋæ ਅਰਵਿੰਦਪਾਲ ਸਿੰਘ ਮੰਡੇਰ ਨੂੰ ਬੀਂਡੀਂ ਜੋੜ ਕੇ ਜੁੱਟੀਆਂ ਹੋਈਆਂ ਹਨ। ਪ੍ਰੋæ ਭੁਪਿੰਦਰ ਸਿੰਘ ਬਹੁਤ ਦਾਨੇ ਚਿੰਤਕ ਹਨ, ਜ਼ਰਾ ਜਿੰਨੀ ਵੀ ਸ਼ੋਰੀਲੀ ਜਾਂ ਉਚੀ ਸੁਰ ਵਿਚ ਕੁਝ ਕਹਿੰਦਿਆਂ ਮੈਂ ਉਨ੍ਹਾਂ ਨੂੰ ਕਦੀ ਸੁਣਿਆ ਨਹੀਂ। ਓਪਰੇਸ਼ਨ ਬਲਿਊ ਸਟਾਰ ਦਾ ਹੋਰ ਅਨੇਕਾਂ ਸੰਵੇਦਨਸ਼ੀਲ ਲੋਕਾਂ ਵਾਂਗ ਪ੍ਰੋæ ਭਪਿੰਦਰ ਸਿੰਘ ਦੇ ਮਨ ‘ਤੇ ਵੀ ਗਹਿਰਾ ਸਦਮਾ ਲੱਗਿਆ ਅਤੇ ਉਨ੍ਹਾਂ ਨੇ ਉਸੇ ਸਮੇਂ ਤੋਂ ਅਧਿਐਨ ਦੇ ਹੋਰ ਖੇਤਰਾਂ ਨੂੰ ਛੱਡ ਕੇ ਆਪਣਾ ਸਾਰਾ ਧਿਆਨ ਹਿੰਦੋਸਤਾਨ ਦੀ ਧਰਤੀ ਉਪਰ ਸ੍ਰੀ ਗੁਰੂ ਨਾਨਕ ਦੇ ਅਵਤਰਨ ਦੇ ਰੈਸ਼ਨੇਲ ਅਤੇ ਸਿੱਖ ਧਰਮ ਦੇ ਸਮਾਜਿਕ-ਰਾਜਨੀਤਕ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਨ ਉੱਪਰ ਕੇਂਦਰਿਤ ਕਰ ਦਿੱਤਾ ਸੀ। ਕਈ ਵਰ੍ਹਿਆਂ ਦੇ ਨਿਰੰਤਰ ਚਿੰਤਨ ਦੇ ਬਾਅਦ ‘ਰਾਜ ਕਰੇਗਾ ਖ਼ਾਲਸਾ’ ਸਿਰਲੇਖ ਹੇਠ ਉਨ੍ਹਾਂ ਸੰਖੇਪ ਜਿਹਾ ਜੋ ਮਜ਼ਮੂਨ ਲਿਖਿਆ, ਉਸ ਵਿਚ ਕੋਈ ਸ਼ਬਦ ਤਾਂ ਕੀ, ਕਾਮਾ ਬਿੰਦੀ ਵੀ ਫਾਲਤੂ ਨਹੀਂ ਹੈ। ਸਪਸ਼ਟ ਬਿਆਨੀ ਵਿਚ ਉਹ ਆਪਣੀ ਮਿਸਾਲ ਆਪ ਹਨ। ਉਨ੍ਹਾਂ ਦੇ ਨਿਰਣੇ ਅਨੁਸਾਰ ਸਿੱਖ ਧਰਮ ਦੀ ਧੁਰ ਰੂਹ ਅੰਦਰ ਸਰਬੱਤ ਦੇ ਭਲੇ ਦੀ ਗੱਲ ਹੈ, ਹਜ਼ਾਰ ਵਖਰੇਵਿਆਂ ਦੇ ਬਾਵਜੂਦ ਵੱਖ-ਵੱਖ ਧਰਮਾਂ ਤੇ ਫਿਰਕਿਆਂ ਦੇ ਵਿਰੋਧ ਦਾ ਨਹੀਂ; ਬਲਕਿ ਆਪਸੀ ਸਹਿਯੋਗ ਤੇ ਸਵੀਕ੍ਰਿਤੀ ਦਾ ਸੰਦੇਸ਼ ਹੈ। ਹੋਰ ਧਿਰਾਂ ਵਾਂਗ ਸਿੱਖ ਭਾਈਚਾਰਕ ਪ੍ਰਭੂਸੱਤਾ ਬਾਰੇ ਪਾਕਿਸਤਾਨ ਜਾਂ ਇਜ਼ਰਾਇਲ ਵਰਗੇ ਕਿਸੇ ਖਿੱਤੇ ਦੀ ਕਲਪਨਾ ਜਾਂ ਜੱਦੋ-ਜਹਿਦ ਦੇ ਸੱਦੇ ਵਾਲੀ ਕੋਈ ਗੱਲ ਨਹੀਂ ਹੈ। ਉਹ ਬੜੀ ਹੀ ਧੀਮੀ ਸੁਰ ਵਿਚ ਦੱਸ ਰਹੇ ਸਨ ਕਿ ਗੁਰਦਰਸ਼ਨ ਸਿੰਘ ਢਿਲੋਂ ਦਾ ਲੇਖ ਉਨ੍ਹਾਂ ਨੇ ਵੀ ਪੜ੍ਹਿਆ ਹੈ। ਅਜਿਹੇ ਲੇਖ ਨੂੰ ਪੜ੍ਹ ਕੇ ਪ੍ਰੋæ ਮੰਡੇਰ ਤਾਂ ਇਹ ਹੀ ਕਹੇਗਾ ਕਿ ਭਾਊ, ਮੇਰੀ ਵਿਆਖਿਆ ਠੀਕ ਜਾਂ ਗਲਤ ਹੋ ਸਕਦੀ ਹੈ ਪਰ ਉਹ ਸਾਰਾ ਕੁਝ ਤਾਂ ਮੈਂ ਕਿਧਰੇ ਕਿਹਾ ਹੀ ਨਹੀਂ ਹੈ ਜੋ ਢਿਲੋਂ ਸਾਹਿਬ ਤੁਸੀਂ ਮੇਰੇ ਬਾਰੇ ਦੱਸੀ ਜਾ ਰਹੇ ਹੋæææ।
ਸੋ, ਪ੍ਰੋæ ਮੰਡੇਰ ਦੀ ਅਕਾਦਮਿਕ ਯੋਗਤਾ ਵਾਲੇ ਨੁਕਤੇ ‘ਤੇ ਜ਼ਾਹਰ ਹੈ ਕਿ ਪ੍ਰਭਸ਼ਰਨਦੀਪ ਸਿੰਘ ਨਾਲ ਮੇਰੀ ਸਹਿਮਤੀ ਹੀ ਸੀ ਪਰ ਬਾਕੀ ਲਗਭਗ ਸਾਰੇ ਨੁਕਤਿਆਂ ‘ਤੇ ਪੂਰਨ ਅਸਹਿਮਤੀ ਸੀ। ਉਹ ਕਿਹੜੇ ਨੁਕਤੇ ਹਨ ਜਿਨ੍ਹਾਂ ‘ਤੇ ਇਸ ਅਤਿਅੰਤ ਉਤਸ਼ਾਹੀ ਨੌਜਵਾਨ ਸਿੱਖ ਚਿੰਤਕ ਨਾਲ ਸਾਡੀ ਸਹਿਮਤੀ ਨਹੀਂ ਹੈ, ਤੇ ਕਦੀ ਹੋ ਸਕੇਗੀ ਵੀ ਨਹੀਂ। ਇਹ ਦੱਸਣ ਲਈ ਪ੍ਰਭਸ਼ਰਨਦੀਪ ਨਾਲ ਹੋਈ ਤਾਜ਼ਾ ਫੋਨ ਵਾਰਤਾ ਤੋਂ 15-20 ਦਿਨ ਪਹਿਲਾਂ ਹੋਈ ਉਤਨੀ ਹੀ ਲੰਮੀ-ਚੌੜੀ ਫੋਨ ਵਾਰਤਾ ਵੱਲ ਪਰਤਣਾ ਪਵੇਗਾ। ਪ੍ਰਭਸ਼ਰਨਦੀਪ ਉਸ ਦਿਨ ਵੀ ਹੀਗਲ ਅਤੇ ਐਨਲਾਈਟਨਮੈਂਟ ਦੀਆਂ ਸੀਮਾਵਾਂ ਬਾਰੇ ਕੁਝ ਗੱਲਾਂ ਕਰ ਰਿਹਾ ਸੀ। ਮੈਂ ਉਸ ਨੂੰ ਪੂਰੇ ਪਿਆਰ ਅਤੇ ਸਤਿਕਾਰ ਨਾਲ ਉਸ ਤਰ੍ਹਾਂ ਦਾ ‘ਕੱਚ ਮਾਰਨ’ ਤੋਂ ਵਰਜਿਆ ਸੀ। ਮੈਂ ਉਸ ਨੂੰ ਅਜਿਹਾ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਪੱਛਮੀ ਗਿਆਨਵਾਦੀ ਚਿੰਤਨਧਾਰਾ ਬਾਰੇ ਕੋਈ ਵੀ ਸਾਰਥਿਕ ਸਮਝ ਬਣਾਉਣ ਲਈ ਪੱਛਮ ਦੇ ਮੱਧਕਾਲ ਦੇ ਸਮਾਜਿਕ ਇਤਿਹਾਸਕ ਕਰਮ ਦੀ ਸਮਝ ਬੇਹੱਦ ਜ਼ਰੂਰੀ ਹੈ।
15ਵੀਂ ਜਾਂ 16ਵੀਂ ਸਦੀ ਤੱਕ ਪੱਛਮ ਵਿਚ ਵਾਲਟੇਅਰ ਜਾਂ ਰੂਸੋ ਵਰਗੇ ਕਿਸੇ ਚਿੰਤਕ ਜਾਂ ਚਿੰਤਨ ਬਾਰੇ ਤਸੱਵਰ ਤੱਕ ਵੀ ਕੀਤਾ ਨਹੀਂ ਜਾ ਸਕਦਾ ਸੀ। ਗੱਲ ਕੋਈ ਪਿਛੋਂ ਕਰਦਾ ਸੀ, ਅਗਲੇ ਕੁਫਰ ਦਾ ਇਲਜ਼ਾਮ ਲਗਾ ਕੇ ਫਾਹੇ ਪਹਿਲਾਂ ਟੰਗ ਦਿੰਦੇ ਸਨ। ਧਰਮ ਦੇ ਨਾਂ ‘ਤੇ ਅਸਹਿਣਸ਼ੀਲਤਾ ਦੀ ਅਜਿਹੀ ਹਨ੍ਹੇਰਗਰਦੀ ਮੱਚੀ ਹੋਈ ਸੀ। ਇਸ ਹਨ੍ਹੇਰਗਰਦੀ ਦਾ ਮੋਟਾ ਜਿਹਾ ਅੰਦਾਜ਼ਾ ਜੇ ਕਿਸੇ ਲਗਾਉਣਾ ਹੋਵੇ ਤਾਂ ਉਹ ਜ਼ਿਆਦਾ ਨਹੀਂ ਤਾਂ ਘੱਟੋ-ਘੱਟ ਪੀਟਰ ਐਚæ ਵਿਲੀਅਮ ਦੀ ਕਿਤਾਬ ‘ਯੌਰਪਸ ਟਰੈਜਡੀ: ਏ ਹਿਸਟਰੀ ਆਫ ਥਰਟੀ ਯੀਅਰਜ਼ ਵਾਰ’ ਪੜ੍ਹੇ। ਕਿਤਾਬ ਪੜ੍ਹਦਿਆਂ ਹੈਰਾਨੀ ਹੁੰਦੀ ਹੈ ਕਿ ਸੰਨ 1618 ਤੋਂ ਲੈ ਕੇ 1648 ਤੱਕ ਸਪੇਨ, ਜਰਮਨੀ ਤੋਂ ਲੈ ਕੇ ਡੈਨਮਾਰਕ, ਸਵੀਡਨ, ਪੋਲੈਂਡ ਤੇ ਰੂਸ ਤੱਕ ਪੱਛਮੀ ਯੂਰਪ ਦੇ ਸਾਰੇ ਰਜਵਾੜਿਆਂ ਨੂੰ ਆਖਰ ਝੱਲ ਕੀ ਕੁੱਦਿਆ ਸੀ ਕਿ ਉਹ ਪੂਰੇ 30 ਸਾਲ ਇਕ-ਦੂਜੇ ਦੇ ਡੱਕਰੇ ਕਿਉਂ ਕਰਦੇ ਚਲੇ ਗਏ ਸਨ? ਇਨ੍ਹਾਂ ਭਿਆਨਕ ਲੜਾਈਆਂ ਨੂੰ ਧਰਮ ਯੁੱਧਾਂ ਦਾ ਨਾਂ ਦਿੱਤਾ ਜਾਂਦਾ ਹੈ ਪਰ ਕਿਤਾਬ ਪੜ੍ਹਦਿਆਂ ਇਹ ਬਿਲਕੁਲ ਪਤਾ ਨਹੀਂ ਲੱਗਦਾ ਕਿ ਉਥੇ ਧਰਮ ਦੀ ਰਾਖੀ ਵਾਲੀ ਕਿਹੜੀ ਗੱਲ ਸੀ। ਧਰਮ ਦੇ ਨਾਂ ‘ਤੇ ਇਕ-ਦੂਜੇ ਦੇ ਡੱਕਰੇ ਕਰ-ਕਰ ਯੂਰਪ ਦੀ ਰਜਵਾੜਾਸ਼ਾਹੀ ਜਦੋਂ ਹਾਰ-ਹੁੱਟ ਗਈ ਸੀ ਤਾਂ ਕਿਤੇ ਜਾ ਕੇ ਉਨ੍ਹਾਂ ਨੂੰ ਧਰਮ ਤੇ ਰਾਜਨੀਤੀ ਨੂੰ ਵੱਖਰਾ ਕਰਨ ਵਾਲੇ ਚਿੰਤਕਾਂ ਨੂੰ ਸਹਿਣ ਕਰਨ ਜਾਂ ਉਨ੍ਹਾਂ ਦੀ ਸਲਾਹ ਵੱਲ ਕੰਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਚਿੰਤਕਾਂ ਦੀ ਸਮਝ ‘ਤੇ ਰੋਣ ਆਉਂਦਾ ਹੈ ਜੋ ਸਾਨੂੰ ਇਹ ਦੱਸਦੇ ਹਨ ਕਿ ਮੱਧਯੁਗ ਵਿਚ ਰੂਹਾਨੀ ਆਭਾ ਮੰਡਲ ਕਾਇਮ ਸੀ। ਪਰੀਆਂ ਅਤੇ ਦੇਵਤੇ ਅਜੇ ਆਦਮੀ ਦੀ ਜਾਤ ਦੇ ਕਰੀਬ ਸਨ ਅਤੇ ਉਨ੍ਹਾਂ ਨੇ ਇਨਸਾਨ ਦਾ ਸਾਥ ਸਾਲ 1750 ਤੋਂ ਪਿਛੋਂ ਐਨਲਾਈਟਨਮੈਂਟ ਚਿੰਤਨ ਦਾ ਡਗਾ ਵੱਜਣ ਤੋਂ ਬਾਅਦ ਛੱਡਿਆ ਸੀ। ਸਾਰੇ ਯੂਰਪ ਅੰਦਰ 15ਵੀਂ, 16ਵੀਂ ਅਤੇ 17ਵੀਂ ਸਦੀ ਦੌਰਾਨ ਬੇਸਿਰ-ਪੈਰ ਕਤਲੋਗਾਰਤ ਤਾਂ ਹੁੰਦੀ ਰਹੀ ਸੀ, ਪਰ ਪਰੀਆਂ-ਦੇਵਤੇ ਉਥੇ ਕਿੱਥੇ ਸਨ? ਤੇ ਆਮ ਲੋਕਾਈ ‘ਤੇ ਕਿਸ ਕਿਸਮ ਦੀ ਮਿਹਰ ਕਰ ਰਹੇ ਸਨ?
ਪ੍ਰਭਸ਼ਰਨਦੀਪ ਨਾਲ ਫੋਨ ਵਾਰਤਾ ਦੌਰਾਨ ਮੈਂ ਉਸ ਨੂੰ ਮੇਰੀ ਗੈਬਰੀਲ ਦੀ ‘ਲਵ ਐਂਡ ਕੈਪੀਟਲ’ ਸਿਰਲੇਖ ਹੇਠਲੀ ਕਾਰਲ ਮਾਰਕਸ ਦੀ ਜੀਵਨੀ ਪੜ੍ਹਨ ਲਈ ਆਖਿਆ ਸੀ ਅਤੇ ਇਸ ਦੇ ਨਾਲ ਹੀ ਰਾਬਰਟ ਫਿਸਕ ਦੀ ‘ਗਰੇਟ ਵਾਰ ਫਾਰ ਸਿਵਲਾਈਜੇਸ਼ਨ’ ਦੀ ਕਿਤਾਬ ਵਿਚੋਂ ਤੁਰਕਾਂ ਹੱਥੋਂ 16 ਲੱਖ ਤੋਂ ਵੀ ਵੱਧ ਆਰਮੀਨੀਅਨ ਇਸਾਈਆਂ ਦੇ ਭਿਆਨਕ ਕਤਲੇਆਮ ਬਾਰੇ 10ਵਾਂ ਕਾਂਡ ਪਹਿਲ ਦੇ ਆਧਾਰ ‘ਤੇ ਪੜ੍ਹਨ ਦੀ ਸਲਾਹ ਦਿੱਤੀ ਸੀ। ਮੈਂ ਹੈਰਾਨ ਸਾਂ ਅਤੇ ਆਪਣੀ ਕਾਮਯਾਬੀ ‘ਤੇ ਅਤਿਅੰਤ ਪ੍ਰਸੰਨ ਵੀ, ਕਿ ਪ੍ਰਭਸ਼ਰਨਦੀਪ ਨੂੰ ਜਾਣਨ ਜਾਂ ਉਸ ਨਾਲ ਵਿਚਰਨ ਵਾਲੇ ਅਨੇਕਾਂ ਸੱਜਣਾਂ ਵੱਲੋਂ ਉਸ ਬਾਰੇ ਦਿੱਤੀ ਸੰਦੇਹੀ ਜਾਣਕਾਰੀ ਨੂੰ ਗਲਤ ਸਾਬਤ ਕਰਦਿਆਂ ਉਸ ਨੇ ਮੇਰੀ ਗੱਲ ਮੰਨ ਹੀ ਨਹੀਂ ਲਈ ਸੀ, ਬਲਕਿ ਉਸ ਕਿਤਾਬ ਦੀ ਦੱਸ ਪਾਉਣ ਲਈ ਵਾਰ-ਵਾਰ ਮੇਰਾ ਧੰਨਵਾਦ ਵੀ ਕੀਤਾ। ਉਸ ਨੇ 10ਵਾਂ ਕਾਂਡ ਪੜ੍ਹ ਲਿਆ ਸੀ ਅਤੇ ਆਪਣੇ ਛੋਟੇ ਭਾਈ ਨੂੰ ਵੀ ਉਹ ਚੈਪਟਰ ਪੜ੍ਹਾ ਦਿੱਤਾ ਸੀ।
ਹੁਣ ਮੈਂ ਦੱਸਣਾ ਚਾਹਾਂਗਾ ਕਿ ਪ੍ਰਭਸ਼ਰਨਦੀਪ ਨੇ 10ਵਾਂ ਚੈਪਟਰ ਕਿੰਜ ਪੜ੍ਹਿਆ ਅਤੇ ਮੈਨੂੰ ਕੱਚਾ ਤੇ ਸ਼ਰਮਸਾਰ ਕਿੰਜ ਕੀਤਾ? ਉਸ ਗੱਲਬਾਤ ਦੌਰਾਨ ਅਜੇ ਹੈਰਾਨੀ ਭਰੀ ਖੁਸ਼ੀ ਦੇ ਅਹਿਸਾਸ ‘ਚੋਂ ਬਾਹਰ ਨਿਕਲਿਆ ਹੀ ਨਹੀਂ ਸਾਂ ਕਿ ਉਤਸ਼ਾਹੀ ਚਿੰਤਕ ਨੇ ਇਹ ਆਖ ਕੇ ਮੇਰੀ ਸਾਰੀ ਫੂਕ ਕੱਢ ਦਿੱਤੀ ਕਿ ਹਿੰਦੂ ਬਹੁਤ ਬਦ ਹੈ, ਇਹ ਮੌਕਾ ਮਿਲਦਿਆਂ ਹੀ ਸਮੁੱਚੀ ਸਿੱਖ ਕੌਮ ਨੂੰ ਉਸੇ ਬੇਰਹਿਮੀ ਨਾਲ ਮਾਰੇਗਾ ਜਿਸ ਤਰ੍ਹਾਂ ਤੁਰਕਾਂ ਨੇ ਸੰਨ 1916 ਵਿਚ ਆਰਮੀਨੀਅਨ ਕੌਮ ਨੂੰ ਮਾਰਿਆ। ਮੈਂ ਪ੍ਰਭਸ਼ਰਨਦੀਪ ਦੀ ਉਸ ਅਲੋਕਾਰ ਪੜ੍ਹਤ ਬਾਰੇ ਸੁਣ ਕੇ ਇਕ ਵਾਰ ਤਾਂ ਸੁੰਨ ਜਿਹਾ ਹੀ ਹੋ ਕੇ ਰਹਿ ਗਿਆ ਸਾਂ।
ਆਰਮੀਨੀਅਨ ਨਸਲਕੁਸ਼ੀ ਦੀ ਕਹਾਣੀ ਭਲਾ ਹੈ ਕੀ? ਆਟੋਮਾਨ ਤੁਰਕੀ ਵਿਚ ਯੰਗ ਟਰਕ ਦੀ ਅਗਵਾਈ ਹੇਠ ਇਨਕਲਾਬ 1908 ਵਿਚ ਆ ਗਿਆ ਸੀ। 1914 ‘ਚ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋਈ ਤਾਂ ਤੁਰਕੀ ਜਰਮਨੀ ਦੇ ਹੱਕ ਵਿਚ ਯੁੱਧ ਵਿਚ ਸ਼ਰੀਕ ਹੋ ਗਿਆ। ਜ਼ਾਰ ਨਿਕੋਲਸ ਦੀ ਅਗਵਾਈ ਵਿਚ ਰੂਸ ਦੂਜੇ ਪਾਸੇ ਤੋਂ ਯੁੱਧ ਵਿਚ ਸ਼ਾਮਲ ਸੀ। ਯੰਗ ਟਰਕ ਨੇਤਾਵਾਂ ਨੂੰ ਰੂਸੀ ਸਰਹੱਦ ਨਾਲ ਲਗਦੇ ਆਰਮੀਨੀਅਨ ਇਸਾਈ ਵਸੋਂ ਵਾਲੇ ਖੇਤਰ ਬਾਰੇ ਖਤਰਾ ਸੀ ਕਿ ਯੁੱਧ ਦੇ ਕਿਸੇ ਮੁਕਾਮ ‘ਤੇ ਜਾ ਕੇ ਉਹ ਆਟੋਮਾਨ ਤੁਰਕਾਂ ਨਾਲ ਗੱਦਾਰੀ ਕਰ ਕੇ ਕਿਧਰੇ ਰੂਸੀਆਂ ਨਾਲ ਨਾ ਮਿਲ ਜਾਵੇ। ਇਸ ਕਿਸਮ ਦੇ ਮਨੋਕਲਪਿਤ ਖਤਰੇ ਦੀ ਕਿਸੇ ਵੀ ਸੰਭਾਵਨਾ ਨੂੰ ਖਾਰਜ ਕਰਨ ਲਈ ਉਨ੍ਹਾਂ ਨੇ ਕੀਤਾ ਇਹ ਕਿ ਸਮੁੱਚੀ ਇਸਾਈ ਵਸੋਂ ਦਾ ਸਫਾਇਆ ਕਰਨ ਦਾ ਬਿਗਲ ਵਜਾ ਦਿੱਤਾ। ਇਕ ਮਹੀਨੇ ਤੋਂ ਵੀ ਥੋੜ੍ਹੇ ਅਰਸੇ ਵਿਚ 16 ਲੱਖ ਤੋਂ ਵੀ ਵੱਧ ਆਰਮੀਨੀਅਨ ਇਸਾਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਰਾਬਰਟ ਫਿਸਕ ਨੇ ਆਪਣੀ ਕਿਤਾਬ ਦੇ ਦਸਵੇਂ ਕਾਂਡ ਵਿਚ ਇਸ ਕਤਲੇਆਮ ਦੀ ਦਰਦਨਾਕ ਕਥਾ ਵਿਸਥਾਰ ਨਾਲ ਦੱਸੀ ਹੋਈ ਹੈ।
ਮੈਂ ਇਸ ਚੈਪਟਰ ਦੀ ਪੜ੍ਹਤ ਲਈ ਮਨਾ ਕੇ ਉਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਦਿੱਲੀ ਦੇ ਦੰਗੇ ਭਾਰਤੀ ਇਤਿਹਾਸ ਅੰਦਰ ਬੜੀ ਮਨਹੂਸ ਘਟਨਾ ਸਨ, ਕੋਈ ਰੌਲਾ ਹੀ ਨਹੀਂ ਹੈ। ਮੇਰਾ ਸਦਾ ਹੀ ਇਹ ਵਿਸ਼ਵਾਸ ਰਿਹਾ ਹੈ ਕਿ ਇਨਸਾਨੀ ਜ਼ਿੰਦਗੀ ਕੁਦਰਤ ਦਾ ਸਭ ਤੋਂ ਹੁਸੀਨ ਕ੍ਰਿਸ਼ਮਾ ਹੈ ਅਤੇ ਕਦੀ ਵੀ ਕਿਸੇ ਬੇਗੁਨਾਹ ਆਦਮੀ ਦੀ ਜਾਨ ਕਦੀ ਵੀ, ਕਿਸੇ ਵੀ ਸ਼ਰਤ ‘ਤੇ ਵੀ ਨਾ ਲਈ ਜਾਵੇ। ਦਿੱਲੀ ਦੇ ਦੰਗਿਆਂ ਵਰਗੀ ਕੁਲਹਿਣੀ ਘਟਨਾ ਕਿਸੇ ਵੀ ਸੂਰਤ ਵਿਚ ਵੀ ਨਹੀਂ ਵਾਪਰਨੀ ਚਾਹੀਦੀ ਸੀ ਅਤੇ ਜੇ ਅਜਿਹਾ ਭਾਣਾ ਵਾਪਰ ਗਿਆ ਸੀ ਤਾਂ ਦੋਸ਼ੀਆਂ ਨੂੰ ਸਜ਼ਾਵਾਂ ਹਰ ਹਾਲ ਵਿਚ ਮਿਲਣੀਆਂ ਚਾਹੀਦੀਆਂ ਸਨ। ਦੋਸ਼ੀਆਂ ਨੂੰ ਸਜ਼ਾਵਾਂ ਜੇ ਨਹੀਂ ਮਿਲੀਆਂ ਤਾਂ ਇਹ ਸਿਰੇ ਦੀ ਬਦਨਸੀਬ ਗੱਲ ਹੈ ਪਰ ਘੱਟੋ-ਘੱਟ ਭਾਰਤ ਦੇਸ਼ ਅੰਦਰ ਇਤਨਾ ਤਾਂ ਹੈ ਹੀ, ਕਿ ਸੱਜਣ ਕੁਮਾਰ ਵਰਗੇ ਰਾਖਸ਼ ਪਿਛਲੇ 30 ਵਰ੍ਹਿਆਂ ਤੋਂ ਦੋਸ਼ੀਆਂ ਵਾਲੇ ਕਟਹਿਰੇ ਵਿਚ ਦੁਬਕੇ ਖੜ੍ਹੇ ਰਹੇ ਹਨ।
ਇਸ ਦੇ ਮੁਕਾਬਲੇ ਤੁਰਕਾਂ ਦੀ ਕਹਾਣੀ ਸੁਣ ਲਵੋ। ਪਹਿਲੇ ਵਿਸ਼ਵ ਯੁੱਧ ਤੋਂ ਕੁਝ ਹੀ ਵਰ੍ਹਿਆਂ ਪਿੱਛੋਂ ਤੁਰਕੀ ਦੇ ਸ਼ਾਸਨ ‘ਤੇ ਕਮਾਲ ਅਤਾ ਤੁਰਕ ਪਾਸ਼ਾ ਕਾਬਜ਼ ਹੋ ਗਿਆ ਜਿਸ ਨੂੰ 20ਵੀਂ ਸਦੀ ਵਿਚ ਮੁਸਲਿਮ ਜਗਤ ਦਾ ਸਭ ਤੋਂ ਰੋਸ਼ਨ ਦਿਮਾਗ ਸ਼ਾਸਕ ਮੰਨਿਆ ਜਾਂਦਾ ਹੈ। ਕਮਾਲ ਪਾਸ਼ਾ ਸਾਲ 1922 ਵਿਚ ਸੱਤਾ ‘ਤੇ ਕਾਬਜ਼ ਹੋਇਆ ਅਤੇ 1938 ਵਿਚ ਉਹ ਸਵਰਗ ਸਿਧਾਰ ਗਿਆ। 15 ਵਰ੍ਹਿਆਂ ਦੇ ਉਸ ਦੇ ਸ਼ਾਸਨ ਕਾਲ ਦੌਰਾਨ ਅਤੇ ਉਸ ਤੋਂ ਪੂਰੇ 70 ਵਰ੍ਹੇ ਬਾਅਦ ਤੱਕ ਤੁਰਕੀ ਵਿਚ ਆਰਮੀਨੀਅਨ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਤਾਂ ਪਾਸੇ, ਉਸ ਬਾਰੇ ਜ਼ਬਾਨ ਤੱਕ ਖੋਲ੍ਹਣ ‘ਤੇ ਵੀ ਪਾਬੰਦੀ ਸੀ। ਉਸ ਮਨਹੂਸ ਕਤਲੇਆਮ ਦਾ ਜ਼ਿਕਰ ਤੱਕ ਕਰਨ ਵਾਲੇ ਆਦਮੀ ਨੂੰ ਸਿੱਧਾ ਹੀ ਜਹੱਨਮ ਰਸੀਦ ਕਰ ਦਿੱਤਾ ਜਾਂਦਾ ਸੀ, ਤੇ ਜਾਂ ਫਿਰ ਉਮਰ ਭਰ ਜੇਲ੍ਹ ਦੀ ਸਜ਼ਾ ਤਾਂ ਪੱਕੀ ਹੁੰਦੀ ਹੀ ਹੁੰਦੀ ਸੀ।
ਕਮਾਲ ਪਾਸ਼ਾ ਦੀ ਮੌਤ ਤੋਂ ਕਰੀਬ 70 ਸਾਲ ਪਿਛੋਂ ਆ ਕੇ ਟੇਨਰ ਆਕਮ ਨਾਂ ਦੇ ਚਿੰਤਕ ਨੇ ‘ਏ ਸ਼ੇਮਫੁੱਲ ਐਕਟ: ਦਿ ਆਰਮੀਨੀਅਨ ਜੈਨੋਸਾਈਡ ਐਂਡ ਕੁਐਸਚਨ ਆਫ ਤੁਰਕਿਸ਼ ਰਿਸਪਾਂਸੇਬਿਲਟੀ’ (2007) ਸਿਰਲੇਖ ਹੇਠ ਇਸ ਕਤਲੇਆਮ ਬਾਰੇ ਪੁਸਤਕ ਲਿਖਣ ਦਾ ਹੌਸਲਾ ਕੀਤਾ। ਭਾਅ ਜੀ ਕਰਮਜੀਤ ਸਿੰਘ ਨੇ ‘ਗਰੇਟ ਵਾਰ ਫਾਰ ਸਿਵਲਾਈਜੇਸ਼ਨ’ ਦੇ 10ਵੇਂ ਕਾਂਡ ਦੇ 8-10 ਪੰਨੇ ਪੜ੍ਹ ਕੇ ਮੈਨੂੰ ਇਹ ਸਵਾਲ ਪੁੱਛਿਆ ਸੀ ਕਿ ਬੱਲ ਯਾਰ, ਇਸ ਗੁਨਾਹ ਵਿਚ ਕਮਾਲ ਪਾਸ਼ਾ ਦਾ ਵੀ ਹੱਥ ਹੈਗਾ ਸੀ? ਇਸ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਜਗ੍ਹਾ ਉਸ ਨੂੰ ਆਕਮ ਵਾਲੀ ਕਿਤਾਬ ਛਪਣ ਤੋਂ ਅਗਲੇ ਸਾਲ, 2008 ਵਿਚ ਗਾਈਲਜ਼ ਮਿਲਟਨ ਦੁਆਰਾ ‘ਪੈਰਾਡਾਈਜ ਲੌਸਟ: ਸਮਿਰਨਾ 1922’ ਸਿਰਲੇਖ ਹੇਠ ਲਿਖੀ ਕਿਤਾਬ ਪੜ੍ਹਨ ਲਈ ਆਖਿਆ ਸੀ। ਦਰਅਸਲ ਇਹ ਕਿਤਾਬ ਹਰ ਬਾ-ਜ਼ਮੀਰ ਇਨਸਾਨ ਨੂੰ ਪੜ੍ਹਨੀ ਚਾਹੀਦੀ ਹੈ ਤਾਂ ਕਿ ਉਸ ਨੂੰ ਇਲਮ ਰਹੇ ਕਿ ਕਿਸੇ ਵੀ ਗੈਰ-ਜ਼ਿੰਮੇਵਾਰ ਸੁਪਨੇਸਾਜ਼ ਰਾਜਨੀਤਕ ਦਾ ਕੋਈ ਏਜੰਡਾ ਉਸ ਦੇ ਆਪਣੇ ਲੋਕਾਂ ਲਈ ਕਿਹੜੀ ਕਿਸਮ ਦੀ ਭਿਆਨਕ ਬਰਬਾਦੀ ਦਾ ਬਾਇਸ ਕਿਸੇ ਸਮੇਂ ਵੀ ਸਾਬਤ ਹੋ ਸਕਦਾ ਹੈ।
(ਚਲਦਾ)

Be the first to comment

Leave a Reply

Your email address will not be published.