ਜਥੇਦਾਰ ਨੰਦਗੜ੍ਹ ਤੇ ਬਾਬਾ ਧੁੰਮਾ ਹੋਏ ਆਹਮੋ-ਸਾਹਮਣੇ

ਤਲਵੰਡੀ ਸਾਬੋ: ਫਤਿਹਗੜ੍ਹ ਸਾਹਿਬ ਵਿਚ ਸ਼ਹੀਦੀ ਜੋੜ ਮੇਲੇ ਦੇ ਸਮਾਪਤੀ ਸਮਾਗਮਾਂ ਮੌਕੇ ਪੁਰਾਤਨ ਮਰਿਆਦਾ ਦੀ ਉਲੰਘਣਾ ਕਰਨ ਸਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਅਕਾਲ ਤਖ਼ਤ ‘ਤੇ ਤਲਬ ਕਰਕੇ ਤਨਖਾਹ ਲਾਏ ਜਾਣ ਦੇ ਉਠਾਏ ਗਏ ਮੁੱਦੇ ਤੋਂ ਬਾਅਦ ਛਿੜਿਆ ਵਿਵਾਦ ਹੁਣ ਸ਼ਬਦੀ ਜੰਗ ਦਾ ਰੂਪ ਧਾਰਦਾ ਜਾ ਰਿਹਾ ਹੈ।
ਗਿਆਨੀ ਬਲਵੰੰਤ ਸਿੰਘ ਨੰਦਗੜ੍ਹ ਨੇ ਕਿਹਾ ਹੈ ਕਿ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਵਿਸ਼ਵ ਭਰ ਦੇ ਸਿੱਖਾਂ ਦੀ ਏਕਤਾ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਗੋਂ ਉਨ੍ਹਾਂ ਨੂੰ ਦਮਦਮੀ ਟਕਸਾਲ ਦੇ ਆਪਣੇ ਜਥੇ ਮਹਿਤਾ, ਗਿਆਨੀ ਮੋਹਨ ਸਿੰਘ ਜਥਾ ਭਿੰਡਰਾਂ ਤੇ ਭਾਈ ਰਾਮ ਸਿੰਘ ਦੇ ਧੜਿਆਂ ਵਿਚਾਲੇ ਏਕਤਾ ਕਰਵਾਉਣ ਬਾਰੇ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕ ਛੋਟੇ ਜਿਹੇ ਧੜੇ ਦੇ ਮੁਖੀ ਨੂੰ ਸਮੁੱਚੇ ਪੰਥ ਬਾਰੇ ਨਿਰਣੇ ਲੈਣ ਦਾ ਕੋਈ ਅਧਿਕਾਰ ਨਹੀਂ।
ਉਨ੍ਹਾਂ ਨੇ ਬਾਬਾ ਧੁੰਮਾ ਨੂੰ ਇਹ ਸੱਚਾਈ ਯਾਦ ਰੱਖਣ ਦੀ ਨਸੀਹਤ ਦਿੱਤੀ ਕਿ ਜਦ ਉਹ ਮਹਿਤਾ ਜਥੇ ਦੇ ਮੁਖੀ ਬਣੇ ਸਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਉਨ੍ਹਾਂ ਨੂੰ ਮਾਨਤਾ ਨਹੀਂ ਦਿੱਤੀ ਗਈ ਸੀ। ਸਗੋਂ ਇਨ੍ਹਾਂ ਪੰਥ ਨੁਮਾਇੰਦਾ ਸੰਸਥਾਵਾਂ ਤੇ ਜਥੇਬੰਦੀਆਂ ਨੇ ਭਾਈ ਰਾਮ ਸਿੰਘ ਨੂੰ ਦਮਦਮੀ ਟਕਸਾਲ ਦੇ ਮੁਖੀ ਵਜੋਂ ਦਸਤਾਰਾਂ ਭੇਟ ਕੀਤੀਆਂ ਸਨ।
ਗਿਆਨੀ ਨੰਦਗੜ੍ਹ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ, ਗਿਆਨੀ ਕਰਤਾਰ ਸਿੰਘ ਤੇ ਸੰਤ ਜਰਨੈਲ ਸਿੰਘ ਖ਼ਾਲਸਾ ਨੇ ਕਦੇ ਵੀ ਅਕਾਲ ਤਖ਼ਤ ਵੱਲੋਂ ਪ੍ਰਮਾਣਿਤ ਮਰਿਆਦਾ ਦੀ ਉਲੰਘਣਾ ਜਾਂ ਵਿਰੋਧ ਨਹੀਂ ਕੀਤਾ ਸਗੋਂ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਵਰਜਿਆ। ਉਨ੍ਹਾਂ ਆਪਣੇ ਜਥੇ ਦੀ ਮਰਿਆਦਾ ਜਾਂ ਸੋਚ ਸਮੁੱਚੇ ਸਿੱਖ ਜਗਤ ਉਪਰ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਹਰਨਾਮ ਸਿੰਘ ਧੁੰਮਾ ਉਸੇ ਪੰਥਪ੍ਰਸਤ ਦਮਦਮੀ ਟਕਸਾਲ ਦੇ ਇਕ ਧੜੇ ਦੇ ਮੁਖੀ ਬਣ ਕੇ ਪਹਿਲਾਂ ਰਹਿ ਚੁੱਕੇ ਟਕਸਾਲ ਦੇ ਮੁਖੀਆਂ ਵੱਲੋਂ ਪੰਥਕ ਮਸਲਿਆਂ ਬਾਰੇ ਅਪਣਾਈ ਨੀਤੀ ਦੀ ਉਲੰਘਣਾ ਕਰਕੇ ਪੰਥ ਵਿਚ ਦੁਵਿਧਾ ਤੇ ਫੁੱਟ ਪਾਉਣ ਲਈ ਤਤਪਰ ਹਨ।
ਉਨ੍ਹਾਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਬਾਬਾ ਧੁੰਮਾ ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਵੱਲੋਂ ਸਿਰਜੇ ਅਕਾਲ ਤਖ਼ਤ ਦੇ ਬਰਾਬਰ ਕਮੇਟੀਆਂ ਬਣਾ ਕੇ ਅਕਾਲ ਤਖ਼ਤ ਨੂੰ ਵੰਗਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਗਿਆਨੀ ਨੰਦਗੜ੍ਹ ਨੇ ਬਾਬਾ ਧੁੰਮਾ ਨੂੰ ਦਮਦਮੀ ਟਕਸਾਲ ਦੇ ਪਿਛੋਕੜ ਤੋਂ ਸੇਧ ਤੇ ਪ੍ਰੇਰਣਾ ਲੈ ਕੇ ਪੰਥਕ ਮਸਲਿਆਂ ਬਾਰੇ ਉਸਾਰੂ ਪਹੁੰਚ ਅਪਨਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ ਪੰਥ ਵਿਚ ਏਕਤਾ ਤੇ ਪਿਆਰ ਬਰਕਰਾਰ ਰਹਿ ਸਕੇ।
__________________________________________
ਸੰਤ ਸਮਾਜ ਵੱਲੋਂ ਸਵਾਲਾਂ ਦੀ ਵਾਛੜ
ਮੁਹਾਲੀ: ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਫਤਹਿਗੜ੍ਹ ਸਾਹਿਬ ਵਿਖੇ ਦਸੰਬਰ 2013 ਵਿਚ ਮਨਾਏ ਗਏ ਸ਼ਹੀਦੀ ਜੋੜ ਮੇਲੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ‘ਤੇ ਪੁਰਾਤਨ ਮਰਿਯਾਦਾ ਨੂੰ ਭੰਗ ਕਰਨ ਦੇ ਦੋਸ਼ ਲਾਉਣ ਦਾ ਸੰਤ ਸਮਾਜ ਨੇ ਗੰਭੀਰਤਾ ਨਾਲ ਨੋਟਿਸ ਲਿਆ ਹੈ। ਉਧਰ, ਰਾਜ ਸਰਕਾਰ, ਸ਼੍ਰੋਮਣੀ ਕਮੇਟੀ ਤੇ ਸਿੱਖ ਸੰਸਥਾਵਾਂ ਦੇ ਆਗੂ ਇਸ ਤਾਜ਼ਾ ਵਿਵਾਦ ਨੂੰ ਲੈ ਕੇ ਕਾਫੀ ਚਿੰਤਤ ਹਨ। ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਮੀਤ ਪ੍ਰਧਾਨ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸਕੱਤਰ ਜਨਰਲ ਬਾਬਾ ਹਰੀ ਸਿੰਘ ਰੰਧਾਵਾ ਵਾਲੇ, ਜਨਰਲ ਸਕੱਤਰ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ ਤੇ ਬਾਬਾ ਸੁਖਚੈਨ ਸਿੰਘ ਧਰਮਪੁਰਾ ਨੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ‘ਤੇ ਜੁਆਬੀ ਹਮਲਾ ਕਰਦਿਆਂ ਜਥੇਦਾਰ ਵੱਲੋਂ ਦਿੱਤੇ ਬਿਆਨ ਨੂੰ ਪੰਥ ਵਿਚ ਅਰਾਜਕਤਾ ਫੈਲਾ ਕੇ ਸਿੱਖ ਕੌਮ ਵਿਚ ਵੰਡੀਆਂ ਪਾਉਣ ਤੇ ਪੰਥ ਦੋਖੀਆਂ ਨੂੰ ਸ਼ਹਿ ਦੇਣਾ ਕਰਾਰ ਦਿਤਾ ਹੈ।ਉਨ੍ਹਾਂ ਕਿਹਾ ਕਿ ਫਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ‘ਤੇ ਅਨੰਦ ਸਾਹਿਬ ਦਾ ਪਾਠ ਨਾ ਕਰਨਾ, ਦੇਗ ਨਾ ਵਰਤਾਉਣ ਵਾਲੀ ਗੱਲ ਦਮਦਮੀ ਟਕਸਾਲ ਦੇ ਸਿਰ ਮੜ੍ਹਨ ਦਾ ਯਤਨ ਕਰਨ ਬਾਰੇ ਸਮੁੱਚੀ ਕੌਮ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ। ਸੰਤ ਸਮਾਜ ਨੇ ਕਿਹਾ ਕਿ 2012 ਵਿਚ ਸ਼ਹੀਦੀ ਜੋੜ ਮੇਲੇ ‘ਤੇ ਜਦੋਂ ਜਥੇਦਾਰ ਨੰਦਗੜ੍ਹ ਖ਼ੁਦ ਇਸ ਨਗਰ ਕੀਰਤਨ ਵਿਚ ਸ਼ਾਮਲ ਸਨ। ਉਸ ਸਮੇਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਨੇ ਅਨੰਦ ਸਾਹਿਬ ਦਾ ਪਾਠ ਕਰਨ ਤੋਂ ਸਾਫ਼ ਮਨਾ ਕੀਤਾ ਤੇ ਦੇਗ ਚੁਕਵਾਉਂਦਿਆਂ ਇਹ ਦਲੀਲ ਦਿੱਤੀ ਗਈ ਸੀ ਕਿ ਫਤਹਿਗੜ੍ਹ ਸਾਹਿਬ ਦੇ ਇਸ ਨਗਰ ਕੀਰਤਨ ਦੀ ਇਹ ਪ੍ਰੰਪਰਾ ਨਹੀਂ ਹੈ ਕਿਉਂਕਿ ਉਨ੍ਹਾਂ ਬਹੁਤ ਲੰਮਾ ਸਮਾਂ ਬਤੌਰ ਹੈੱਡ ਗ੍ਰੰਥੀ ਇਥੇ ਸੇਵਾ ਨਿਭਾਈ ਹੈ। ਅੱਜ ਨੰਦਗੜ੍ਹ ਸਾਹਿਬ ਕੌਮ ਨੂੰ ਜੁਆਬ ਦੇਣ ਕਿ ਉਸ ਸਮੇਂ ਅਜਿਹੀ ਕਿਹੜੀ ਮਜਬੂਰੀ ਵਿਚ ਉਹ ਚੁੱਪ ਸਨ ਤੇ ਅੱਜ ਕਿਸ ਮਜਬੂਰੀ ਵਿਚ ਸ਼ਹੀਦੀ ਜੋੜ ਮੇਲੇ ਦੇ ਕਰੀਬ ਤਿੰਨ ਮਹੀਨੇ ਬੀਤ ਜਾਣ ਮਗਰੋਂ ਉਨ੍ਹਾਂ ਨੂੰ ਮਰਿਆਦਾ ਯਾਦ ਆ ਗਈ ਹੈ।

Be the first to comment

Leave a Reply

Your email address will not be published.