ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ

ਗੁਰਨਾਮ ਕੌਰ ਕੈਨੇਡਾ
ਪਿਛਲੇ ਲੇਖ ਵਿਚ ਗੁਰੂ ਨਾਨਕ ਸਾਹਿਬ ਦੇ ਇਸਤਰੀ ਨੂੰ ਬਰਾਬਰ ਦੇ ਮਾਨਵੀ ਅਧਿਕਾਰ ਦੇਣ ਦੇ ਸਿਧਾਂਤ ਦਾ ਜ਼ਿਕਰ ਹੋਇਆ ਸੀ। ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਇਸ ਸੰਸਾਰ ਤੇ ਹਰ ਮਨੁੱਖ ਨੂੰ ਮੋਹ-ਮਮਤਾ ਲੱਗੀ ਹੋਈ ਹੈ। ਕੋਈ ਵੀ ਇਸ ਤੋਂ ਬਚਿਆ ਹੋਇਆ ਨਹੀਂ ਹੈ। ਜੇ ਕੋਈ ਐਸਾ ਮਨੁੱਖ ਹੈ ਤਾਂ ਉਹ ਵੱਖਰਾ ਕਰਕੇ ਦਿਖਾਉ। ਕਹਿਣ ਤੋਂ ਭਾਵ ਬਹੁਤ ਵਿਰਲੇ ਇਨਸਾਨ ਹਨ ਜੋ ਇਸ ਮਮਤਾ ਤੋਂ ਬਚੇ ਹੋਏ ਹਨ। ਗੁਰੂ ਸਾਹਿਬ ਅੱਗੇ ਕਹਿੰਦੇ ਹਨ ਕਿ ਹਰ ਮਨੁੱਖ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਲੇਖਾ ਵੀ ਆਪ ਹੀ ਦੇਣਾ ਪੈਂਦਾ ਹੈ। ਇਹ ਸੰਸਾਰ ਸਥਾਈ ਨਹੀਂ ਹੈ ਅਰਥਾਤ ਹਰ ਮਨੁੱਖ ਨੇ ਇੱਕ ਦਿਨ ਇੱਥੋਂ ਜਾਣਾ ਹੀ ਹੈ, ਫਿਰ ਕਿਉਂ ਅਹੰਕਾਰ ਵਿਚ ਆ ਕੇ ਕਿਸੇ ਨੂੰ ਮੰਦਾ ਕਹਿਣਾ ਹੈ? ਕੇਵਲ ਇਹ ਅੱਖ਼ਰ ਅਰਥਾਤ ਉਪਦੇਸ਼ ਪੜ੍ਹ ਕੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ ਅਤੇ ਮੂਰਖ ਨਾਲ ਝਗੜਨਾ ਨਹੀਂ ਚਾਹੀਦਾ (ਕਿਉਂਕਿ ਜਿਸ ਨੂੰ ਸਮਝ ਹੀ ਨਹੀਂ ਹੈ ਉਸ ਨਾਲ ਮੱਥਾ ਮਾਰਨ ਦਾ ਕੀ ਫ਼ਾਇਦਾ?),
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ॥
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ॥
ਮੰਦਾ ਕਿਸੇ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥
ਮੂਰਖੈ ਨਾਲਿ ਨ ਲੁਝੀਐ॥੧੯॥ (ਪੰਨਾ ੪੭੩)
ਗੁਰੂ ਨਾਨਕ ਸਾਹਿਬ ਨੇ ਮਨੁੱਖ ਦੇ ਮਨੁੱਖ ਨਾਲ ਆਪਸੀ ਪ੍ਰੇਮ, ਭਾਈਚਾਰਕ-ਸਾਂਝ ਵਾਲੇ ਵਰਤਾਰੇ ਦਾ ਉਪਦੇਸ਼ ਦਿੱਤਾ ਹੈ। ਮਿੱਠਾ ਬੋਲਣ ਨੂੰ ਉਨ੍ਹਾਂ ਨੇ ਗੁਣਾਂ ਦਾ ਤੱਤ ਸਾਰ ਮੰਨਿਆ ਹੈ। ਮਿੱਠਾ ਬੋਲਣ ਦੇ ਵਿਪਰੀਤ ਕੌੜਾ ਜਾਂ ਫਿੱਕਾ ਬੋਲਣਾ ਹੈ। ਹਉਮੈ ਨੂੰ ਗੁਰਮਤਿ ਦਰਸ਼ਨ ਵਿਚ ਨਕਾਰਿਆ ਗਿਆ ਹੈ। ਫਿੱਕਾ ਜਾਂ ਕੌੜਾ ਬੋਲਣਾ ਮਨੁੱਖ ਦੇ ਅੰਹਕਾਰੀ ਹੋਣ ਦਾ ਲੱਛਣ ਹੈ ਜਦ ਕਿ ਮਿੱਠਾ ਬੋਲਣਾ ਹਲੀਮੀ ਦਾ ਪ੍ਰਤੀਕ ਹੈ। ਆਸਾ ਦੀ ਵਾਰ ਵਿਚ ਹੀ ਤੇਰ੍ਹਵੀਂ ਪਉੜੀ ਤੋਂ ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਨੇ ‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁḔ ਦੀ ਗੱਲ ਕੀਤੀ ਹੈ। ਇਸ ਸਲੋਕ ਵਿਚ ਬਾਬਾ ਨਾਨਕ ਨੇ ਫਿੱਕਾ ਅਰਥਾਤ ਕੌੜਾ ਬੋਲਣ ਨੂੰ ‘ਤਨੁ ਮਨੁ ਫਿਕਾ ਹੋਇḔ ਕਿਹਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜੋ ਮਨੁੱਖ ਰੁੱਖਾ ਅਤੇ ਕੌੜਾ ਬੋਲਦੇ ਹਨ, ਉਨ੍ਹਾਂ ਦੇ ਮਨ ਅਤੇ ਸਰੀਰ ਉਤੇ ਵੀ ਉਸ ਰੁੱਖੇ ਵਰਤਾਰੇ ਦਾ ਅਸਰ ਹੁੰਦਾ ਹੈ। ਰੁੱਖਾ ਬੋਲਣ ਕਰਕੇ ਅਜਿਹਾ ਮਨੁੱਖ ਆਮ ਲੋਕਾਂ ਵਿਚ ਵੀ ਰੁੱਖੇ ਮਨੁੱਖ ਵਜੋਂ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਉਸ ਦੇ ਰੁੱਖੇ ਬੋਲਾਂ ਨੂੰ ਹੀ ਯਾਦ ਕਰਦੇ ਹਨ। ਅਜਿਹੇ ਮਨੁੱਖ ਦੇ ਅੰਦਰੋਂ ਪ੍ਰੇਮ ਸੁੱਕ ਜਾਂਦਾ ਹੈ ਅਤੇ ਉਹ ਅਕਾਲ ਪੁਰਖ ਦੀ ਦਰਗਾਹ ਵਿਚ ਵੀ ਰੱਦ ਹੋ ਜਾਂਦਾ ਹੈ ਭਾਵ ਉਸ ਨੂੰ ਉਥੇ ਵੀ ਮਾਨਤਾ ਨਹੀਂ ਮਿਲਦੀ ਅਤੇ ਉਸ ਨੂੰ ਫਿਟਕਾਰ ਹੀ ਮਿਲਦੀ ਹੈ। ਰੁੱਖੇ ਮਨੁੱਖ ਨੂੰ ਮੂਰਖ ਹੀ ਆਖਣਾ ਚਾਹੀਦਾ ਹੈ (ਸਿਆਣਾ ਮਨੁੱਖ ਦੂਸਰਿਆਂ ਨਾਲ ਸਿਆਣਪ ਵਾਲਾ ਵਤੀਰਾ ਅਪਨਾਉਂਦਾ ਹੈ)। ਪ੍ਰੇਮ ਤੋਂ ਸੱਖਣੇ ਮਨੁੱਖ ਦੀ ਬੇਇੱਜ਼ਤੀ ਹੀ ਹੁੰਦੀ ਹੈ ਕਿਉਂਕਿ ਉਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ,
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ॥
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥੧॥ (ਪੰਨਾ ੪੭੩)
ਮਨੁੱਖ ਨੂੰ ਸਿਰਫ ਬਾਹਰੀ ਤੌਰ ‘ਤੇ ਹੀ ਮਿੱਠਾ ਨਹੀਂ ਬੋਲਣਾ ਚਾਹੀਦਾ ਬਲਕਿ ਉਸ ਦੇ ਅੰਦਰ ਵੀ ਸੱਚ ਹੋਣਾ ਚਾਹੀਦਾ ਹੈ। ਕਹਿਣ ਦਾ ਭਾਵ ਹੈ ਕਿ ਜੇ ਮਨ ਦੇ ਅੰਦਰ ਖੋਟ ਹੋਵੇ ਅਤੇ ਬਾਹਰੋਂ ਵਰਤਾਰਾ ਵਧੀਆ ਹੋਵੇ, ਇਹ ਗੱਲ ਵੀ ਚੰਗੀ ਨਹੀਂ। ਗੁਰੂ ਨਾਨਕ ਸਾਹਿਬ ਅਗਲੇ ਸਲੋਕ ਵਿਚ ਦੱਸਦੇ ਹਨ ਕਿ ਜਿਹੜੇ ਮਨੁੱਖ ਮਨ ਦੇ ਤੌਰ ‘ਤੇ ਤਾਂ ਝੂਠੇ ਹੁੰਦੇ ਹਨ ਪਰ ਬਾਹਰੋਂ ਚੰਗੇ ਹੋਣ ਦਾ ਢੌਂਗ ਰਚਾ ਰੱਖਦੇ ਹਨ, ਅਜਿਹੇ ਮਨੁੱਖਾਂ ਨੇ ਝੂਠੀ ਇੱਜ਼ਤ ਬਣਾਈ ਹੁੰਦੀ ਹੈ। ਸੰਸਾਰਕ ਤੌਰ ‘ਤੇ ਉਹ ਚੰਗੇ ਹੋਣ ਦਾ ਦਿਖਾਵਾ ਕਰ ਰਹੇ ਹੁੰਦੇ ਹਨ ਪਰ ਅਸਲ ਵਿਚ ਚੰਗੇ ਹੁੰਦੇ ਨਹੀਂ; ਉਹ ਭਾਵੇਂ ਅਠਾਹਠ ਤੀਰਥਾਂ ਉਤੇ ਜਾ ਕੇ ਇਸ਼ਨਾਨ ਕਰ ਲੈਣ ਪਰ ਇਸ ਬਾਹਰੀ ਇਸ਼ਨਾਨ ਨਾਲ ਉਨ੍ਹਾਂ ਦੇ ਅੰਦਰ ਦੀ ਕਪਟ ਦੀ ਮੈਲ ਨਹੀਂ ਧੋਤੀ ਜਾਂਦੀ। ਜਿਨ੍ਹਾਂ ਦੇ ਅੰਦਰ ਪੱਟ ਹੈ ਭਾਵ ਕੋਮਲਤਾ ਅਤੇ ਪ੍ਰੇਮ ਹੈ, ਉਹ ਬਾਹਰੋਂ ਭਾਵੇਂ ਗੁੱਦੜ ਹਨ ਅਰਥਾਤ ਉਨ੍ਹਾਂ ਦਾ ਵਤੀਰਾ ਬਾਹਰੋਂ ਭਾਵੇਂ ਖੁਰਦਰਾ ਹੈ, ਦੁਨੀਆਂ ਵਿਚ ਉਨ੍ਹਾਂ ਬੰਦਿਆਂ ਨੁੰ ਨੇਕ ਗਿਣਿਆ ਜਾਂਦਾ ਹੈ। ਕਹਿਣ ਦਾ ਅਰਥ ਹੈ ਕਿ ਮਨੁੱਖ ਦਾ ਅੰਦਰੋਂ ਚੰਗੇ ਹੋਣਾ, ਸਾਫ਼-ਦਿਲ ਹੋਣਾ ਜ਼ਿਆਦਾ ਮਾਅਨੇ ਰੱਖਦਾ ਹੈ। ਅਜਿਹੇ ਮਨੁੱਖਾਂ ਦਾ ਅਕਾਲ ਪੁਰਖ ਨਾਲ ਪ੍ਰੇਮ ਬਣਿਆ ਹੁੰਦਾ ਹੈ ਅਤੇ ਉਨ੍ਹਾਂ ਦਾ ਮਨ ਅਕਾਲ ਪੁਰਖ ਦੇ ਦਰਸ਼ਨ-ਦੀਦਾਰੇ ਕਰਨ ਵੱਲ ਲੱਗਿਆ ਰਹਿੰਦਾ ਹੈ। ਉਹ ਮਨੁੱਖ ਪਰਵਰਦਗਾਰ ਦੇ ਪ੍ਰੇਮ ਵਿਚ ਰੰਗੇ ਹੋਏ ਕਦੇ ਹੱਸਦੇ ਹਨ ਅਤੇ ਕਦੇ ਰੋਂਦੇ ਹਨ, ਕਦੇ ਚੁੱਪ ਵੀ ਕਰ ਜਾਂਦੇ ਹਨ। ਉਹ ਪਰਮਾਤਮ-ਪ੍ਰੇਮ ਵਿਚ ਹੀ ਸਭ ਕੁਝ ਕਰਦੇ ਹਨ ਅਤੇ ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ। ਉਨ੍ਹਾਂ ਨੂੰ ਉਸ ਸੱਚੇ ਮਾਲਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਦੀ ਮੁਥਾਜੀ ਨਹੀਂ ਹੁੰਦੀ। ਅਜਿਹੇ ਮਨੁੱਖ ਆਪਣਾ ਜੀਵਨ-ਸਫ਼ਰ ਤਹਿ ਕਰਦੇ ਹੋਏ ਅਕਾਲ ਪੁਰਖ ਦੇ ਦਰ ਤੋਂ ਨਾਮ-ਦਾਤ ਦੀ ਖ਼ੁਰਾਕ ਹੀ ਮੰਗਦੇ ਹਨ, ਜਦੋਂ ਰੱਬ ਦੀ ਬਖ਼ਸ਼ਿਸ਼ ਨਾਲ ਮਿਲਦੀ ਹੈ ਉਦੋਂ ਹੀ ਖਾਂਦੇ ਹਨ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਭਰੋਸਾ ਹੁੰਦਾ ਹੈ ਕਿ ਅਕਾਲ ਪੁਰਖ ਆਪ ਹੀ ਫ਼ੈਸਲਾ ਕਰਨ ਵਾਲਾ ਹੈ ਅਤੇ ਆਪ ਹੀ ਲੇਖਾ ਲਿਖਣ ਵਾਲਾ ਹੈ। ਹਰ ਤਰ੍ਹਾਂ ਦੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਸ ਦੇ ਦਰ ‘ਤੇ ਹੁੰਦਾ ਹੈ। ਉਹ ਅਕਾਲ ਪੁਰਖ ਹਰ ਇਨਸਾਨ ਕੋਲੋਂ ਉਸ ਦੇ ਕੀਤੇ ਹੋਏ ਕੰਮਾਂ ਦਾ ਲੇਖਾ ਮੰਗਦਾ ਹੈ। ਮੰਦੇ ਮਨੁੱਖਾਂ ਨੂੰ ਆਪਣੇ ਕੀਤੇ ਹੋਏ ਮਾੜੇ ਕਰਮਾਂ ਦੀ ਸਜ਼ਾ ਜ਼ਰੂਰ ਮਿਲਦੀ ਹੈ ਅਤੇ ਉਹ ਕੋਹਲੂ ਵਿਚ ਪੀੜੇ ਗਏ ਤਿਲਾਂ ਦੀ ਤਰ੍ਹਾਂ ਆਪਣੇ ਕੀਤੇ ਕਰਮਾਂ ਦੀ ਪੀੜ ਸਹਿੰਦੇ ਹਨ,
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥
ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ॥ (ਪੰਨਾ ੪੭੩)
ਅਗਲੀ ਪਉੜੀ ਵਿਚ ਗੁਰੂ ਸਾਹਿਬ ਮਨੁੱਖ ਨੂੰ ਆਪਣਾ ਜੀਵਨ ਸਫ਼ਲਾ ਕਰਨ ਲਈ ਆਪ ਹੀ ਉਦਮ ਕਰਨ ਦਾ ਉਪਦੇਸ਼ ਦਿੰਦੇ ਹਨ। ਉਹ ਦੱਸਦੇ ਹਨ ਕਿ ਅਕਾਲ ਪੁਰਖ ਨੇ ਆਪ ਹੀ ਇਸ ਸੰਸਾਰ ਦੀ ਰਚਨਾ ਕੀਤੀ ਹੈ ਅਤੇ ਆਪ ਹੀ ਇਸ ਦੇ ਅੰਦਰ ਜੀਵਨ-ਰੌਂ ਪਾ ਰੱਖੀ ਹੈ। ਆਪਣੇ ਇਸ ਸੰਸਾਰ ਨੂੰ ਪੈਦਾ ਕਰਕੇ ਜੀਵਾਂ ਦਾ ਚੰਗੇ-ਮੰਦੇ ਹੋਣਾ ਵੀ ਆਪ ਹੀ ਦੇਖ ਅਤੇ ਸੰਭਾਲ ਰਿਹਾ ਹੈ। ਹਰ ਜੀਵ ਜੋ ਇਸ ਸੰਸਾਰ ‘ਤੇ ਪੈਦਾ ਹੁੰਦਾ ਹੈ ਉਸ ਨੇ ਆਪਣੀ ਵਾਰੀ ਨਾਲ ਆਪਣਾ ਕਰਮ ਕਰਕੇ ਇਸ ਸੰਸਾਰ ਤੋਂ ਕੂਚ ਕਰ ਜਾਣਾ ਹੈ, ਜੋ ਜਨਮਦਾ ਹੈ ਉਸ ਨੇ ਆਪਣੀ ਵਾਰੀ ਨਾਲ ਤੁਰ ਵੀ ਜਾਣਾ ਹੈ। ਗੁਰੂ ਸਾਹਿਬ ਨੇ ਮਨੁੱਖ ਨੂੰ ਉਸ ਪਰਵਰਦਗਾਰ ਨੂੰ ਹਮੇਸ਼ਾ ਯਾਦ ਰੱਖਣ ਲਈ ਕਿਹਾ ਹੈ ਜਿਸ ਨੇ ਉਸ ਨੂੰ ਪੈਦਾ ਕਰਕੇ ਜੀਵਨ ਬਖ਼ਸ਼ਿਸ਼ ਕੀਤਾ ਹੈ, ਜਿੰਦ ਅਤੇ ਪ੍ਰਾਣ ਦਿੱਤੇ ਹਨ। ਜਦੋਂ ਤੱਕ ਸਰੀਰ ਅਤੇ ਉਸ ਵਿਚ ਪ੍ਰਾਣ ਹਨ ਮਨੁੱਖ ਨੂੰ ਆਪਣੇ ਹੱਥਾਂ ਨਾਲ ਹੀ ਆਪਣਾ ਕਾਰਜ ਸਵਾਰਨ ਦਾ ਉਪਦੇਸ਼ ਕੀਤਾ ਹੈ, ਆਪਣੇ ਲਈ ਆਪ ਉਦਮ ਕਰਨ ਦੀ ਸਿੱਖਿਆ ਦਿੱਤੀ ਹੈ,
ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ॥
ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ॥
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ॥
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥੨੦॥ (ਪੰਨਾ ੪੭੩-੭੪)
ਅਗਲਾ ਸਲੋਕ ਦੂਸਰੀ ਨਾਨਕ ਜੋਤਿ ਗੁਰੂ ਅੰਗਦ ਦੇਵ ਜੀ ਦਾ ਹੈ। ਇਸ ਸਲੋਕ ਵਿਚ ਗੁਰੂ ਸਾਹਿਬ ਦੱਸਦੇ ਹਨ ਕਿ ਇਹ ਕਿਹੋ ਜਿਹੀ ਆਸ਼ਕੀ ਜਾਂ ਪ੍ਰੇਮ ਹੈ ਕਿ ਕੋਈ ਆਪਣੇ ਪ੍ਰੀਤਮ ਨੂੰ ਛੱਡ ਕੇ ਕਿਸੇ ਹੋਰ ਵਿਚ ਆਪਣਾ ਮਨ ਲਗਾ ਲਵੇ। ਅਜਿਹੇ ਇਸ਼ਕ ਨੂੰ ਸੱਚਾ ਇਸ਼ਕ ਨਹੀਂ ਆਖਿਆ ਜਾ ਸਕਦਾ। ਸੱਚਾ ਆਸ਼ਕ ਉਸ ਮਨੁੱਖ ਨੂੰ ਕਿਹਾ ਜਾਂਦਾ ਹੈ ਜੋ ਹਰ ਸਮੇਂ ਆਪਣੇ ਪਿਆਰੇ ਦੀ ਯਾਦ ਵਿਚ ਲੱਗਾ ਰਹਿੰਦਾ ਹੈ ਅਰਥਾਤ ਜੋ ਮਾਇਆਵੀ ਮੋਹ ਨੂੰ ਛੱਡ ਕੇ ਉਸ ਅਕਾਲ ਪੁਰਖ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ। ਅਸਲੀ ਪ੍ਰੇਮੀ ਉਹ ਹੀ ਹੈ ਜੋ ਉਸ ਦੇ ਕੀਤੇ ਹਰ ਕੰਮ ਨੂੰ ਚੰਗਾ ਕਰਕੇ ਜਾਣੇ ਅਰਥਾਤ ਉਸ ਦੇ ਭਾਣੇ ਵਿਚ ਵਿਚਰੇ। ਜੋ ਮਨੁੱਖ ਉਸ ਵੱਲੋਂ ਕੀਤੇ ਚੰਗੇ ਕੰਮ ‘ਤੇ ਤਾਂ ਖੁਸ਼ ਹੋਵੇ ਪਰ ਮਾੜੇ ਕੰਮ ਅਰਥਾਤ ਦੁੱਖ ਨੂੰ ਦੇਖ ਕੇ ਕਹੇ ਕਿ ਇਹ ਚੰਗਾ ਨਹੀਂ ਕੀਤਾ, ਉਹ ਵੀ ਸੱਚਾ ਪ੍ਰੇਮੀ ਜਾਂ ਆਸ਼ਕ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਹਿਸਾਬ-ਕਿਤਾਬ ਵਿਚ ਪੈਂਦਾ ਹੈ ਭਾਵ ਗਿਣਤੀਆਂ ਗਿਣ ਗਿਣ ਕੇ ਪਿਆਰ ਦੀ ਸਾਂਝ ਪਾਉਂਦਾ ਹੈ,
ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ॥
ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ॥
ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ॥
ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ॥੧॥ (ਪੰਨਾ ੪੭੪)
ਮਨ ਵਿਚ ਦਵੈਤ ਦੀ ਭਾਵਨਾ ਲੈ ਕੇ ਅਕਾਲ ਪੁਰਖ ਪ੍ਰਤੀ ਪ੍ਰੇਮ ਦਾ ਪ੍ਰਗਟਾਵਾ ਕਰਨ ਵਾਲੇ ਵਿਅਕਤੀ ਪ੍ਰਤੀ ਹੀ ਗੁਰੂ ਅੰਗਦ ਦੇਵ ਜੀ ਦਾ ਅਗਲਾ ਸਲੋਕ ਵੀ ਹੈ। ਇਸ ਵਿਚ ਉਹ ਦੱਸਦੇ ਹਨ ਕਿ ਜਿਹੜਾ ਮਨੁੱਖ ਆਪਣੇ ਮਾਲਕ ਅਕਾਲ ਪੁਰਖ ਦੇ ਹੁਕਮ ਅੱਗੇ ਕਦੇ ਤਾਂ ਸਿਰ ਝੁਕਾਉਂਦਾ ਹੈ ਅਰਥਾਤ ਉਸ ਦੇ ਕੀਤੇ ਨੂੰ ਮਿੱਠਾ ਕਰਕੇ ਮੰਨਦਾ ਹੈ, ਪਰ ਕਦੇ ਉਸ ਦੇ ਕੀਤੇ ਹੋਏ ‘ਤੇ ਇਤਰਾਜ਼ ਕਰਦਾ ਹੈ, ਕਿੰਤੂ-ਪ੍ਰੰਤੂ ਕਰਦਾ ਹੈ, ਉਹ ਮਨੁੱਖ ਉਸ ਮਾਲਕ ਦੀ ਰਜ਼ਾ ਵਿਚ ਤੁਰਨ ਤੋਂ ਉਕਾ ਹੀ ਖੁੰਝਿਆ ਹੋਇਆ ਤੁਰਿਆ ਜਾ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਸਿਰ ਨਿਵਾਉਣਾ ਅਤੇ ਇਤਰਾਜ਼ ਕਰਨਾ-ਦੋਵੇਂ ਹੀ ਝੂਠੇ ਹਨ, ਇਨ੍ਹਾਂ ਵਿਚੋਂ ਕੋਈ ਗੱਲ ਵੀ ਮਾਲਕ ਦਰਵਾਜ਼ੇ ‘ਤੇ ਕਬੂਲ ਨਹੀਂ ਹੁੰਦੀ। ਕਹਿਣ ਤੋਂ ਭਾਵ ਹੈ ਕਿ ਉਸ ਦੀ ਕਰਨੀ ਤੇ ਇਤਰਾਜ਼ ਵੀ ਕਰਨਾ ਹੈ ਅਤੇ ਉਸ ਅੱਗੇ ਸਿਰ ਵੀ ਨਿਵਾਉਣਾ ਹੈ, ਇਹ ਦੋਵੇਂ ਗੱਲਾਂ ਵਿਰੋਧਾਭਾਸੀ ਹਨ, ਦੋਵੇਂ ਗੱਲਾਂ ਸੱਚੀਆਂ ਨਹੀਂ ਹੋ ਸਕਦੀਆਂ,
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਈ॥੨॥ (ਪੰਨਾ ੪੭੪)
ਅਗਲੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਇਹ ਗੱਲ ਸਮਝਾਉਂਦੇ ਹਨ ਕਿ ਜਿਸ ਅਕਾਲ ਪੁਰਖ ਦਾ ਸਿਮਰਨ ਕੀਤਿਆਂ, ਜਿਸ ਨੂੰ ਯਾਦ ਰੱਖਿਆਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਉਸ ਸੁਆਮੀ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਹਰ ਮਨੁੱਖ ਨੂੰ ਉਸ ਦੇ ਕੀਤੇ ਹੋਏ ਕਰਮਾਂ ਦਾ ਫਲ ਆਪ ਹੀ ਭੋਗਣਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਦੋਂ ਮਨੁੱਖ ਨੇ ਆਪਣੇ ਕੀਤੇ ਹੋਏ ਕੰਮਾਂ ਦਾ ਫਲ ਆਪ ਹੀ ਭੋਗਣਾ ਹੈ ਤਾਂ ਫੇਰ ਮਨੁੱਖ ਨੂੰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ ਜਿਸ ਦਾ ਉਸ ਨੂੰ ਫਲ ਵੀ ਮਾੜਾ ਭੋਗਣਾ ਪਵੇ। ਮਾੜਾ ਕੰਮ ਮਨੁੱਖ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਚੰਗੀ ਵਿਚਾਰ ਵਾਲੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਮਾੜੇ ਕੰਮਾਂ ਦਾ ਨਤੀਜਾ ਵੀ ਮਾੜਾ ਹੀ ਨਿਕਲਦਾ ਹੈ। ਇਸ ਲਈ ਮਨੁੱਖ ਨੂੰ ਚੰਗੇ ਕੰਮਾਂ ਲਈ ਉਦਮ ਕਰਨਾ ਚਾਹੀਦਾ ਹੈ ਤਾਂ ਕਿ ਉਸ ਦਾ ਪ੍ਰੇਮ ਅਕਾਲ ਪੁਰਖ ਨਾਲ ਬਣਿਆ ਰਹੇ, ਉਸ ਦੀ ਪ੍ਰੀਤ ਨਾ ਟੁੱਟੇ। ਮਨੁੱਖ ਦਾ ਜਨਮ ਔਖੀ ਪ੍ਰਾਪਤੀ ਹੈ ਇਸ ਲਈ ਇਸ ਨੂੰ ਸਫਲ ਬਣਾਉਣ ਵਾਲੀ ਘਾਲ ਕਮਾਈ ਕਰਨੀ ਚਾਹੀਦੀ ਹੈ,
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹਾਲੀਐ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥
ਕਿਛੁ ਲਾਹੇ ਉਪਰਿ ਘਾਲੀਐ॥੨੧॥ (ਪੰਨਾ ੪੭੪)
ਇਸ ਤੋਂ ਅਗਲਾ ਸਲੋਕ ਵੀ ਗੁਰੂ ਅੰਗਦ ਦੇਵ ਜੀ ਦਾ ਹੈ। ਇਸ ਵਿਚ ਵੀ ਨੌਕਰ ਅਤੇ ਮਾਲਕ ਦੇ ਰਿਸ਼ਤੇ ਦੀ ਉਦਾਹਰਣ ਰਾਹੀਂ ਮਨੁੱਖ ਦੀ ਅਕਾਲ ਪੁਰਖ ਪ੍ਰਤੀ ਸੇਵਾ-ਭਾਵਨਾ ਦੀ ਗੱਲ ਕੀਤੀ ਹੈ। ਕਿਸੇ ਦੀ ਚਾਕਰੀ ਕਰਨ ਵਿਚ ਆਕੜ ਨਹੀਂ ਚਲਦੀ ਕਿਉਂਕਿ ਦੋਵਾਂ ਗੱਲਾਂ ਦਾ ਕੋਈ ਮੇਲ ਨਹੀਂ ਹੈ। ਗੁਰੂ ਅੰਗਦ ਦੇਵ ਜੀ ਅਨੁਸਾਰ ਜੇ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਵੀ ਕਰੇ ਅਤੇ ਉਸ ਦੇ ਸਾਹਮਣੇ ਆਕੜ ਵਾਲੀਆਂ ਗੱਲਾਂ ਵੀ ਕਰੀ ਜਾਵੇ ਅਤੇ ਇਹੋ ਜਿਹੀਆਂ ਗੱਲਾਂ ਮਾਲਕ ਦੇ ਸਾਹਮਣੇ ਬਹੁਤੀਆਂ ਕਰੇ ਤਾਂ ਮਾਲਕ ਅਜਿਹੇ ਨੌਕਰ ‘ਤੇ ਖੁਸ਼ ਨਹੀਂ ਹੁੰਦਾ, ਅਜਿਹਾ ਨੌਕਰ ਮਾਲਕ ਦੀ ਖੁਸ਼ੀ ਹਾਸਲ ਨਹੀਂ ਕਰ ਸਕਦਾ। ਜਿਸ ਤਰ੍ਹਾਂ ਮਾਲਕ ਦੀ ਖੁਸ਼ੀ ਪ੍ਰਾਪਤ ਕਰਨ ਲਈ ਨੌਕਰ ਨੂੰ ਆਪਣਾ ਆਪ ਮਿਟਾ ਕੇ ਸੇਵਾ ਕਰਨੀ ਪੈਂਦੀ ਹੈ, ਇਸੇ ਤਰ੍ਹਾਂ ਜੋ ਮਨੁੱਖ ਆਪਣਾ ਆਪ ਮਿਟਾ ਕੇ ਅਕਾਲ ਪੁਰਖ ਦੀ ਸੇਵਾ ਕਰਦੇ ਹਨ, ਉਹ ਹੀ ਉਸ ਦੇ ਦਰਵਾਜ਼ੇ ‘ਤੇ ਆਦਰ ਅਤੇ ਸਤਿਕਾਰ ਪਾਉਂਦੇ ਹਨ। ਅਜਿਹੀ ਭਾਵਨਾ ਨਾਲ ਸੇਵਾ ਕਰਨ ਵਾਲਾ ਮਨੁੱਖ ਹੀ ਆਪਣੇ ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿਚ ਉਹ ਲੱਗਾ ਹੋਇਆ ਹੈ। ਆਪਣਾ ਆਪ ਗੁਆ ਕੇ ਹੀ ਮਾਲਕ ਦੇ ਦਰ ‘ਤੇ ਕਬੂਲ ਹੋ ਸਕੀਦਾ ਹੈ,
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ॥
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ॥
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ॥
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ॥੧॥ (ਪੰਨਾ ੪੭੪)
ਇਸੇ ਸੰਦਰਭ ਵਿਚ ਅਗਲਾ ਸਲੋਕ ਫਿਰ ਗੁਰੂ ਅੰਗਦ ਦੇਵ ਦਾ ਹੈ ਜਿਸ ਵਿਚ ਤਰਕ ਸਿਰਜਿਆ ਹੈ ਕਿ ਜਿਸ ਕਿਸਮ ਦਾ ਕਾਰਨ ਹੋਵੇਗਾ ਉਸ ਤੋਂ ਕਾਰਜ ਵੀ ਉਹੋ ਜਿਹਾ ਹੀ ਪੈਦਾ ਹੋਵੇਗਾ ਅਰਥਾਤ ਜਿਸ ਕਿਸਮ ਦੇ ਮਨੁੱਖ ਕਰਮ ਕਰੇਗਾ ਉਸ ਨੂੰ ਉਸ ਦਾ ਫਲ ਵੀ ਉਹੋ ਜਿਹਾ ਹੀ ਮਿਲੇਗਾ। ਜੇ ਬੀਜੀਏ ਕੁਝ ਹੋਰ ਅਤੇ ਫਲ ਦੀ ਆਸ ਕਿਸੇ ਹੋਰ ਦੀ ਕਰੀਏ, ਇਹ ਤਰਕ-ਸੰਗਤ ਨਹੀਂ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਜੋ ਕੁਝ ਮਨੁੱਖ ਦੇ ਮਨ ਵਿਚ ਹੁੰਦਾ ਹੈ ਉਹੀ ਬਾਹਰ ਦਿੱਸ ਆਉਂਦਾ ਹੈ, ਪ੍ਰਗਟ ਹੁੰਦਾ ਹੈ। ਭਾਵ ਜਿਹੋ ਜਿਹੀ ਕਿਸੇ ਦੀ ਨੀਯਤ ਹੁੰਦੀ ਹੈ, ਉਸ ਨੂੰ ਮੁਰਾਦ ਵੀ ਉਹੋ ਜਿਹੀ ਹੀ ਮਿਲਦੀ ਹੈ, ਫਲ ਵੀ ਉਹੋ ਜਿਹਾ ਹੀ ਪ੍ਰਾਪਤ ਹੁੰਦਾ ਹੈ। ਜੇ ਮਨ ਦੇ ਅੰਦਰ ਕੁਝ ਹੋਰ ਹੋਵੇ ਅਤੇ ਬਾਹਰ ਮਨੁੱਖ ਕੁਝ ਹੋਰ ਮੰਗੇ ਜਾਂ ਭਾਲੇ ਇਹ ਵਿਅਰਥ ਹੈ। ਇਹ ਹੈਰਾਨੀ ਵਾਲੀ ਅਤੇ ਅਨੋਖੀ ਗੱਲ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ ਪਰ ਉਸ ਦਾ ਫਲ ਅੰਮ੍ਰਿਤ ਦੇ ਰੂਪ ਵਿਚ ਭਾਲਦਾ ਹੈ ਜੋ ਕਿ ਸੰਭਵ ਨਹੀਂ ਹੈ,
ਜੋ ਜੀਇ ਹੋਇ ਸੁ ਉਗਵੈ ਮੁਹਿ ਕਾ ਕਹਿਆ ਵਾਉ॥
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ॥੨॥ (ਪੰਨਾ ੪੭੪)

Be the first to comment

Leave a Reply

Your email address will not be published.