ਛਿੱਤਰ ਦੀ ਢਹਿੰਦੀ ਕਲਾ

ਬਲਜੀਤ ਬਾਸੀ
ਨਿਰੁਕਤੀ ਜਾਂ ਨਿਰੁਕਤ-ਸ਼ਾਸਤਰ ਉਹ ਵਿਸ਼ਾ ਹੈ ਜਿਸ ਅਧੀਨ ਅਸੀਂ ਕਿਸੇ ਸ਼ਬਦ ਦਾ ਮੁਢਲਾ ਰੂਪ ਤੇ ਇਸ ਦੇ ਪਸਾਰ ਦੀ ਖੋਜ ਕਰਦੇ ਹਾਂ। ਇਸ ਵਿਚ ਕਈ ਨੇਮਾਂ ਤੋਂ ਇਲਾਵਾ ਅਨੁਮਾਨ ਤੋਂ ਵੀ ਕੰਮ ਲਿਆ ਜਾਂਦਾ ਹੈ। ਨਵੇਂ ਤੱਥਾਂ ਜਾਂ ਵਧੇਰੇ ਤਰਕਸ਼ੀਲ ਅਨੁਮਾਨਾਂ ਦੀ ਰੋਸ਼ਨੀ ਵਿਚ ਇਸ ਦੇ ਨਤੀਜੇ ਨਿਰੰਤਰ ਅਪਡੇਟ ਕਰਨੇ ਪੈਂਦੇ ਹਨ। ਕੁਝ ਸਮਾਂ ਪਹਿਲਾਂ ਅਸੀਂ ḔਛਿੱਤਰḔ ਸ਼ਬਦ ਬਾਰੇ ਲਿਖਿਆ ਸੀ। ਪਰ ਹੁਣ ਮੈਨੂੰ ਉਹ ਤਸੱਲੀਬਖਸ਼ ਨਹੀਂ ਲੱਗਾ। ਇਸ ਦੇ ਧਾਤੂ ਬਾਰੇ ਪੁਨਰ-ਵਿਚਾਰ ਕੀਤਾ ਤਾਂ ਕਹਾਣੀ ਹੋਰ ਲੱਗੀ। ਇਸ ਲਈ ਇਸ ਨੂੰ ਨਵੇਂ ਰੂਪ ਵਿਚ ਪੇਸ਼ ਕਰ ਰਿਹਾ ਹਾਂ। -ਲੇਖਕ

ਜੇ ਮੇਰੀ ਕਿਸੇ ਬੱਜਰ ਗਲਤੀ ਕਾਰਨ ਕੋਈ ਸੂਟਿਡ-ਬੂਟਿਡ ਬੰਦਾ ਮੈਨੂੰ ਧਮਕੀ ਦੇਵੇ, “ਛਿੱਤਰ ਲਾਵਾਂਗਾ ਤੇਰੇ!” ਤਾਂ ਮੈ ਉਸ ਨੂੰ ਫੱਟ ਜਵਾਬ ਦੇਵਾਂਗਾ, “ਲਾ ਕੇ ਦਿਖਾਲ, ਤੇਰੇ ਕੋਲ ਛਿੱਤਰ ਹੈ ਹੀ ਨਹੀ।” ਉਹ ਭਾਵੇਂ ਮੈਨੂੰ ਆਪਣੇ ਬੂਟ ਦੀ ਨੋਕ ਦਿਖਾਲਣ ਲੱਗ ਪਵੇ ਪਰ ਬੂਟ ਛਿੱਤਰ ਨਹੀਂ ਹਨ। ਹਾਂ, ਇਹ ਸੱਚਾਈ ਜ਼ਰੂਰ ਹੈ ਕਿ ਅੱਜ ਕੱਲ੍ਹ ਖੜਕ-ਮੱਸਿਆ ਹਰ ਤਰ੍ਹਾਂ ਦੇ ਬੂਟਾਂ, ਚੱਪਲਾਂ, ਸੈਂਡਲਾਂ ਜਾਂ ਪੈਰ ਵਿਚ ਕਿਸੇ ਵੀ ਅੜਾਉਣ ਵਾਲੀ ਸ਼ੈਅ ਨਾਲ ਕਰ ਦਿੱਤੀ ਜਾਂਦੀ ਹੈ। ਛਿੱਤਰ ਫੇਰਨ ਵਾਲਾ ਬੰਦਾ ਉਚੇ ਜੋੜਾਂ ਤੇ ਵਧੀਆ ਜੋੜਿਆਂ ਵਾਲਾ ਹੁੰਦਾ ਹੈ, ਉਸ ਦੇ ਸ਼ੂਅਰੈਕ ਵਿਚ ਘਿਸਿਆਰੇ ਛਿੱਤਰ ਹੁੰਦੇ ਹੀ ਕਿਥੇ ਹਨ। ਨਾਲੇ ਹੁਣ ਤਾਂ ਪੁਲਿਸ ਵੀ ਅਕਸਰ ਹੀ ਮੁਜਰਮਾਂ ਦੀ ਛਿੱਤਰ-ਪਰੇਡ ਕਰਦੀ ਹੈ। ਕਈ ਫਿਟ-ਲਾਹਣਤੀਆਂ ਦਾ ‘ਸੌ ਛਿੱਤਰ ਪੈਣ ਇਹੋ ਜਿਹੇ ਦੇ’ ਗਾਲ ਸੁਣ ਕੇ ਹੀ ਛੁਟਕਾਰਾ ਹੋ ਜਾਦਾ ਹੈ, ਕਈਆਂ ਨੂੰ ਸਿਰਫ ਛਿੱਤਰ ਦਿਖਾਲੇ ਹੀ ਜਾਂਦੇ ਹਨ, ਕਈਆਂ ‘ਤੇ ਚੁੱਕ ਲਏ ਜਾਂਦੇ ਹਨ, ਕਈ ਹੋਰਨਾਂ ਦੇ ਭੇਂਅ ਭੇਂਅ ਕੇ ਵਜਾਏ ਜਾਂਦੇ ਹਨ। ਮਜਨੂੰਆਂ, ਪਖੰਡੀ ਸਾਧਾਂ, ਚਰੋਟਿਆਂ, ਇਥੋਂ ਤੱਕ ਕਿ ਹੁਣ ਤਾਂ ਸਿਆਸਤਦਾਨਾਂ ਦੀ ਵੀ ਅਕਸਰ ਹੀ ਛਿਤਰ-ਪੌਲਾ ਹੁੰਦੀ ਰਹਿੰਦੀ ਹੈ। ਘੋਰ ਬੇਸ਼ਰਮਾਂ ਦੇ ਛਿਤਰੌਲ ਫਿਰਦੇ ਹਨ। ਸਭ ਤੋ ਵਧ ਜ਼ਲਾਲਤ ਉਨ੍ਹਾਂ ਦੀ ਹੁੰਦੀ ਹੈ ਜੋ ਸੌ ਛਿੱਤਰ ਵੀ ਖਾਂਦੇ ਹਨ, ਸੌ ਗੰਢੇ ਵੀ ਪਰ ਮੁੜ ਦੰਡ ਦੇ ਭਾਗੀ ਬਣੇ ਰਹਿੰਦੇ ਹਨ।
ਕਿਸੇ ਦੀ ਸ਼ਾਬਦਿਕ ਲਾਹ ਪਾਹ ਦੇ ਭਾਵ ਦਰਸਾਉਣ ਲਈ ਵੀ ‘ਉਸ ਦੇ ਖੂਬ ਛਿੱਤਰ ਪਏ’ ਮੁਹਾਵਰਾ ਵਰਤ ਲਿਆ ਜਾਂਦਾ ਹੈ। ਜ਼ਰਾ ਸੋਚਿਆ ਜਾਵੇ, ਕੀ ਛਿੱਤਰ ਕਿਸੇ ਦੇ ਮਾਰਨ ਲਈ ਹੀ ਰੱਖੇ ਹੋਏ ਹਨ, ਹੋਰ ਕਿਸੇ ਕੰਮ ਦੇ ਨਹੀ? ਸਪਾਟ ਸ਼ਬਦਾਂ ਵਿਚ, ਕੀ ਛਿੱਤਰ ਸ਼ਬਦ ਮਾਰਨ ਵਾਲੀ ਜੁੱਤੀ ਲਈ ਹੀ ਵਰਤਿਆ ਜਾਦਾ ਹੈ? ਪੈਰੀ ਜੁੱਤੀ ਪਾਉਣ ਲੱਗੇ ਅਸੀਂ ਕਿAੁਂ ਨਹੀਂ ਕਹਿੰਦੇ, “ਲਿਆਈਂ ਭਾਗਵਾਨੇ ਮੇਰੇ ਛਿੱਤਰ।” ਕੀ ਸਾਡਾ ਸਮਾਜ ਏਨਾ ਐਸ਼ਪ੍ਰਸਤ ਹੋ ਗਿਆ ਹੈ ਕਿ ਮਾਰਨ ਲਈ ਹੋਰ ਤੇ ਪਹਿਨਣ ਲਈ ਹੋਰ ਚਰਨਦਾਸੀਆਂ ਰੱਖਦਾ ਫਿਰਦਾ ਹੈ?
ਅਸਲ ਵਿਚ ਛਿੱਤਰ ਸ਼ਬਦ ਕਿਸੇ ਜ਼ਮਾਨੇ ਵਿਚ ਆਮ ਜੁੱਤੀ ਲਈ ਹੀ ਵਰਤਿਆ ਜਾਂਦਾ ਸੀ ਪਰ ਹੌਲੀ ਹੌਲੀ ਇਸ ਦੇ ਅਰਥ ਪਤਿਤ ਹੋ ਗਏ ਤੇ ਇਹ ਸਾਬਤ ਜੁੱਤੀ ਤੋਂ ਅਜਿਹੀ ਜੁੱਤੀ ਦੇ ਅਰਥਾਂ ਦਾ ਧਾਰਨੀ ਬਣ ਗਿਆ ਜਿਸ ਵਿਚ ਛੇਕ ਹੀ ਛੇਕ ਹੋਣ। ਇਸ ਗੱਲ ਦਾ ਸਬੂਤ ਹੈ, ‘ਟੁੱਟੇ ਹੋਏ ਛਿੱਤਰ’ ਵਾਕੰਸ਼। ਕੋਈ ਕਿਸੇ ਝਗੜੇ ਆਦਿ ਦਾ ਬਹੁਤਾ ਹੀ ਵਾਧਾ ਕਰੇ ਤਾਂ ਅਸੀਂ ਆਖ ਦਿੰਦੇ ਹਾਂ ਕਿ ਉਹ ਤਾਂ ਟੁੱਟੇ ਛਿੱਤਰ ਵਾਂਗ ਵਧੀ ਹੀ ਜਾਂਦਾ ਹੈ। ਸਮਾਂ ਪਾ ਕੇ ਇਸ ਵਾਕੰਸ਼ ਤੋਂ ਟੁੱਟਾ ਸ਼ਬਦ ਟੁੱਟ ਗਿਆ ਤੇ ਛਿੱਤਰ ਆਪਣੇ ਆਪ ਵਿਚ ਹੀ ਟੁੱਟੀ ਜਾਂ ਛੇਕਾਂ ਵਾਲੀ ਜੁੱਤੀ ਦਾ ਅਰਥਾਵਾਂ ਬਣ ਗਿਆ। ਅਜਿਹੀ ਜੁੱਤੀ ਤੋਂ ਹੋਰ ਤਾਂ ਕੋਈ ਕੰਮ ਲਿਆ ਨਹੀਂ ਜਾ ਸਕਦਾ, ਇਹ ਮਾਰਨ ਦੇ ਹੀ ਕੰਮ ਆ ਸਕਦੀ ਹੈ। ਦਰਅਸਲ ਭਾਵੇਂ ਆਮ ਜੁੱਤੀ ਹੀ ਮਾਰੀ ਜਾਂਦੀ ਹੈ ਪਰ ਇਸ ਦੀ ਟੁੱਟੇ ਛਿੱਤਰ ਵਜੋਂ ਕਲਪਨਾ ਕਰਕੇ। ਕਿਸੇ ਨੂੰ ਲਾਹਣਤ ਪਾਉਣੀ ਹੋਵੇ, ਉਸ ਦੇ ਸਿਰ ‘ਤੇ ਪੈਰਾਂ ਚ ਪਾਉਣ ਵਾਲੀ ਚੀਜ਼ ਮਾਰੋ ਤੇ ਮਾਰੋ ਵੀ ਉਹ ਜੁੱਤੀ ਜੋ ਨਖਿਧ ਹੋਵੇ, ਜੋ ਪਾ ਪਾ ਕੇ ਹੰਢਾਈ, ਚਿੱਬਿਆਈ, ਠਿੱਬਿਆਈ, ਘਸਾਈ ਤੇ ਫਿਰ ਛੇਕੋ-ਛੇਕ ਕਰਕੇ ਕੋਠੜੀ ‘ਚ ਸਿੱਟ-ਪਸਿੱਟੀ ਕੀਤੀ ਹੋਈ ਹੋਵੇ। ਕੌਣ ਨਹੀਂ ਜਾਣਦਾ ਕਿ ਜੇ ਪਹਿਨਣਯੋਗ ਜੁੱਤੀ ਨਾਲ ਕਿਸੇ ਦੀ ਭੁਗਤ ਸਵਾਰੀ ਜਾਵੇ ਤਾਂ ਲਗਾਤਾਰ ਚੁਭਦੀਆਂ ਤੇ ਖੁਭਦੀਆਂ ਹੱਡੀਆਂ ਕਾਰਨ ਇਹ ਜ਼ਾਰ ਜ਼ਾਰ ਹੋ ਕੇ ਛਿੱਤਰ ਹੀ ਬਣ ਜਾਵੇਗੀ। ਭਲਾ ਕੌਣ ਅਜਿਹਾ ਘਾਟੇਵੰਦ ਸੌਦਾ ਕਰੇਗਾ?
ਜਿਸ ਤਨ ਲਾਗੇ ਸੋ ਤਨ ਜਾਣੇ ਦੇ ਮਹਾਵਾਕ ਅਨੁਸਾਰ ਸਮੇਂ ਦੇ ਬੀਤਣ ਨਾਲ ਛਿੱਤਰ ਖਾਣ ਵਾਲਾ ਵੀ ਕੌੜ ਖਾਣ ਲੱਗ ਪਿਆ। ਉਹ ਮੁਕਾਬਲੇ ਵਿਚ ਅੜਨ ਲੱਗ ਗਿਆ, ਉਸ ਨੇ ਬਰਾਬਰ ਦੀ ਜੁੱਤੀ ਚੱਕ ਲਈ। ਅਜਿਹੀ ਸਥਿਤੀ ਲਈ ਸਾਡੇ ਤਰਸਭਾਵੀ ਸਮਾਜ ਨੇ ਸ਼ਰਮੋਂ-ਕੁਸ਼ਰਮੀਂ ਸ਼ਬਦ ਯੁਗਮ ਘੜ ਲਿਆ, ਛਿੱਤਰੋ-ਛਿੱਤਰੀ ਅਰਥਾਤ ਪਹਿਲੇ ਨੇ ਦੂਜੇ ਦੇ ਜੁੱਤੀਆ ਮਾਰੀਆਂ ਤੇ ਦੂਜੇ ਨੇ ਪਹਿਲੇ ਦੇ। ਮਾਰੂ ਹਥਿਆਰਾਂ ਦੀ ਗੈਰਹਾਜ਼ਰੀ ਵਿਚ ਇਹ ਲੜਾਈ ਦੀ ਇੰਤਹਾ ਹੈ ਜਿਸ ਨੂੰ ਹਿੰਦੀਨੁਮਾ ਪੰਜਾਬੀ ਵਿਚ ‘ਘਾਤਕ ਸ਼ਸਤਰਾਂ ਦੀ ਅਣਉਪਸਥਿਤੀ ਵਿਚ ਇਹ ਭਿੜੰਤ ਦੀ ਚਰਮ ਸੀਮਾ ਹੈ’ ਕਿਹਾ ਜਾ ਸਕਦਾ ਹੈ।
ਚਲੋ, ਟੁੱਟੇ ਛਿੱਤਰ ਵਾਂਗ ਗੱਲ ਦਾ ਕੀ ਵਧਾਉਣਾ, ਇਸ ਦੇ ਅਰਥ ਵਿਨਾਸ਼ ਵੱਲ ਝਾਤੀ ਮਾਰੀਏ। ਕੁਝ ਨਿਰੁਕਤਕਾਰਾਂ ਦਾ ਵਿਚਾਰ ਹੈ ਕਿ ਛਿੱਤਰ ਸ਼ਬਦ ਦਾ ਧਾਤੂ ‘ਛਿਦ’ ਹੈ ਜਿਸ ਦਾ ਅਰਥ ਕੱਟਣਾ, ਪਾੜਨਾ, ਲਾਪਰਨਾ, ਛੇਕ ਕਰਨਾ ਆਦਿ ਹੈ। ਸਪੱਸ਼ਟ ਹੈ ਕਿ ਛਿੱਤਰ ਨੂੰ ਟੁੱਟੀ, ਛੇਕਾਂ ਵਾਲੀ ਵਸਤੂ ਸਮਝ ਕੇ ਇਸ ਸ਼ਬਦ ਦਾ ਇਸ ਧਾਤੂ ਨਾਲ ਨਾਤਾ ਜੋੜਿਆ ਗਿਆ ਹੈ। ਪਰ ਅਸਲ ਵਿਚ ਅਜਿਹਾ ਨਹੀਂ ਹੈ। ਛਿੱਤਰ ਦਾ ਕਿਸੇ ਵੇਲੇ ਆਪਣੇ ਆਪ ਵਿਚ ਸਾਬਤ ਸਬੂਤ ਜੁੱਤੀ ਦਾ ਰੁਤਬਾ ਸੀ। ਛਿੱਤਰ ਸ਼ਬਦ ਦਾ ਪ੍ਰਾਕਿਰਤ ਰੂਪ ‘ਛਿਤਰੂ’ ਹੈ। ਬਹੁਤ ਸਾਰੇ ਸ੍ਰੋਤਾਂ ਨੇ ਇਸ ਦਾ ਮੂਲ ਸੰਸਕ੍ਰਿਤ ‘ਛਦ’ ਦੱਸਿਆ ਹੈ ਜਿਸ ਦਾ ਭਾਵ ਢਕਣਾ, ਕੱਜਣਾ, ਲਪੇਟਣਾ, ਸੁਰੱਖਿਆ ਦੇਣਾ ਆਦਿ ਹੁੰਦਾ ਹੈ। ਛਿੱਤਰ ਜਾਂ ਜੁੱਤੀ ਕੀ ਹੈ? ਇਹ ਚਮੜੇ ਆਦਿ ਦਾ ਇਕ ਅਜਿਹਾ ਲਿਬਾਸ ਹੈ ਜੋ ਸਾਡੇ ਪੈਰਾਂ ਨੂੰ ਢਕਦਾ ਹੈ, ਲਪੇਟਦਾ ਹੈ ਅਤੇ ਇਨ੍ਹਾਂ ਨੂੰ ਮੌਸਮ ਜਾਂ ਧਰਤੀ ਦੀ ਕਰੜਾਈ ਤੋਂ ਬਚਾਉਂਦਾ ਹੈ। ਛਿੱਤਰ ਦੀ ਢਹਿੰਦੀ ਕਲਾ ਦੇਖੋ, ਬੰਦੇ ਦੇ ਪੈਰਾਂ ਨੂੰ ਬਚਾਉਣ ਦੇ ਸਾਧਨ ਤੋਂ ਚਲ ਕੇ ਇਹ ਬੰਦੇ ਦਾ ਮਾੜ੍ਹ ਪੋਲਾ ਕਰਨ ਦਾ ਹਥਿਆਰ ਬਣ ਗਿਆ ਹੈ।
ਖੈਰ, ‘ਛਦ’ ਧਾਤੂ ਤੋਂ ਹੋਰ ਕਈ ਜਾਣੇ ਪਛਾਣੇ ਸ਼ਬਦਾਂ ਦੀ ਉਤਪਤੀ ਹੋਈ ਹੈ ਜਿਨ੍ਹਾਂ ਵਿਚ ਢਕਣ ਦੇ ਭਾਵ ਹਨ। ਇਨ੍ਹਾਂ ਵਿਚੋਂ ਸਭ ਤੋਂ ਅਹਿਮ ਹੈ, ਚਾਦਰ। ਗੁਰਬਾਣੀ ਵਿਚ ਛਾਦਨ ਅਤੇ ਛਾਦਿ ਸ਼ਬਦ ਵਸਤਰ ਲਈ ਵਰਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਛੱਤ, ਛੱਤਣਾ, ਛਤੜਾ, ਛੰਨ, ਛੱਪਰ, ਛਤੀਰੀ, ਛੱਤਾ, ਛਤਰੀ, ਛੱਤਰਪਤੀ ਆਦਿ ਸ਼ਬਦ ਵੀ ‘ਛਦ’ ਧਾਤੂ ਦੇ ਢਕਣ, ਕੱਜਣ ਆਦਿ ਦੇ ਭਾਵਾਂ ਨਾਲ ਮੇਲ ਖਾਂਦੇ ਹਨ। ਬਹੁਤ ਸਾਰੇ ਸ਼ਬਦਾਂ ਦੀ ਫਿਰ ਕਦੇ ਚਰਚਾ ਕਰਾਂਗੇ।
ਬੋਲ ਚਾਲ ਦੀ ਭਾਸ਼ਾ ਵਿਚ ਦਰਵਾਜ਼ੇ ਤਾਕੀਆਂ ਨੂੰ ਲਾਉਣ ਵਾਲੀ ਇਕ ਕਿਸਮ ਦੀ ਕੁੰਡੀ ਦਾ ਨਾਂ ਹੀ ਛਿੱਤਰ-ਕੁੰਡੀ ਚੱਲ ਪਿਆ ਹੈ। ਇਸ ਚਿਟਕਣੀ ਦੇ ਆਧਾਰ ਦੀ ਸ਼ਕਲ ਜੁੱਤੀ ਨਾਲ ਮਿਲਦੀ ਹੁੰਦੀ ਹੈ। ਸ਼ਾਇਦ ਇਹ ਸ਼ਬਦ ਤਰਖਾਣ ਭਰਾਵਾਂ ਨੇ ਘੜਿਆ ਹੈ। ਕਈ ਬੰਦਿਆਂ ਦੇ ਨਾਂ ਛਿੱਤਰ ਮੱਲ, ਛਿੱਤਰ ਸਿੰਘ ਮਿਲਦੇ ਹਨ। ਸੁਖਾਂ-ਲੱਧੇ ਬੱਚੇ ਨੂੰ ਈਰਖਾਲੂ ਨਜ਼ਰਾਂ ਤੋ ਬਚਾਉਣ ਲਈ ਅਜਿਹੇ ਨਾਂ ਰੱਖੇ ਜਾਂਦੇ ਹਨ। ਇਸੇ ਮੰਤਵ ਅਧੀਨ ਨਜ਼ਰਬੱਟੂ ਦੀ ਤਰ੍ਹਾਂ ਆਲੀਸ਼ਾਨ ਘਰ ਦੇ ਬਨੇਰੇ ‘ਤੇ ਵੀ ਛਿੱਤਰ ਟੰਗ ਦਿੱਤੇ ਜਾਦੇ ਹਨ। ਕਹਿੰਦੇ ਹਨ, ਛਿੱਤਰ ਸੁੰਘਾਉਣ ਨਾਲ ਮਿਰਗੀ ਦਾ ਦੌਰਾ ਹਟ ਜਾਂਦਾ ਹੈ। ਸਿੱਧੀ ਗੱਲ ਹੈ, ਛਿੱਤਰ ਦੇਖ ਕੇ ਮਿਰਗੀ ਤਾਂ ਕੀ ਮਿਰਗ ਵੀ ਦੌਰੇ ‘ਤੇ ਜਾਣ ਤੋਂ ਤੌਬਾ ਕਰੇਗਾ। ਮਿਰਗ ਕੋਈ ਆਦਮੀਆਂ ਦੀ ਤਰ੍ਹਾਂ ਢੀਠ ਜਾਨਵਰ ਤਾਂ ਹੈ ਨਹੀਂ। ਅੰਗਰੇਜ਼ਾਂ ਨੇ ਸਾਡੇ ਲਾਠੀਆਂ ਵੀ ਵਰ੍ਹਾਈਆਂ ਤੇ ਨਾਲ ਹੀ ਸਾਨੂੰ ਲਾਠੀ-ਚਾਰਜ, ਡੰਡਾ-ਚਾਰਜ ਜਿਹੇ ਸ਼ਬਦ ਵੀ ਦਿੱਤੇ। ਪਰ ਛਿੱਤਰ ਤੋਂ ਹੋਰ ਸਮਾਸ ਬਣਾਉਣ ਲੱਗਿਆਂ ਅਸੀਂ ਨਾਲ ‘ਚਾਰਜ’ ਨਹੀਂ ਬਲਕਿ ਅੰਗਰੇਜ਼ਾਂ ਦਾ ਇਕ ਹੋਰ ਧੌਂਸਕਾਰੀ ਸ਼ਬਦ ਚੁੱਕਿਆ ‘ਪਰੇਡ’। ਲਾਠੀ-ਚਾਰਜ ਅੰਧਾ-ਧੁੰਦ ਕੀਤੀ ਜਾਂਦੀ ਹੈ ਪਰ ਛਿੱਤਰ ਪਰੇਡ-ਆਰਾਮ ਨਾਲ, ਗਿਣ ਗਿਣ ਕੇ, ਪਰੇਡ ਦੀ ਤਰ੍ਹਾਂ, ਏਕ ਦੋ।

Be the first to comment

Leave a Reply

Your email address will not be published.