ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਕਈ ਦਿਨਾਂ ਬਾਅਦ ਨਿੱਘੀ ਧੁੱਪ ਨੇ ਧਰਤੀ ਤੋਂ ਧੁੰਦ ਦੀ ਚਾਦਰ ਉਤਾਰ ਦਿੱਤੀ ਸੀ। ਧੁੱਪ ਦਾ ਅਨੰਦ ਮਾਣਨ ਲਈ ਸਾਰੇ ‘ਪੱਕੇ ਦਰਵਾਜ਼ੇ’ ਇਕੱਠੇ ਹੋਣ ਲੱਗੇ। ਚੜ੍ਹਦੇ ਪਾਸੇ ਵਲ ਕਾਫ਼ੀ ਰੌਣਕ ਹੋ ਗਈ। ਚਾਹ ਪੀਣਿਆਂ ਦਾ ਪਰੀਤਾ ਤੇਜ਼ ਕਦਮਾਂ ਨਾਲ ਅੱਗਿਉਂ ਲੰਘਦਾ ਦੇਖ ਕੇ ਬਚਨਾ ਤਾਇਆ ਬੋਲਿਆ, “ਉਏ ਪਰੀਤਿਆ! ਕਿਵੇਂ ਬਿਨ-ਬਰੇਕਾਂ ਕੀਲੀ ਦੱਬੀ ਜਾਨਾਂ। ਆ ਜਾ, ਧੁੱਪ ਸੇਕ ਲੈ।”
“ਤਾਇਆ, ਵਿਹੜੇ ਚੱਲਿਆਂ ਝੋਟੇ ਦਾ ਪਤਾ ਕਰਨ। ਰਾਤ ਦਾ ਧਨੌਲੇ ਵਾਲੀ ਮੱਝ ਨੇ ੜਾਹਟ ਪਾਇਆ ਹੋਇਐ।” ਪਰੀਤਾ ਰੁਕਦਾ ਹੋਇਆ ਬੋਲਿਆ।
“ਝੋਟਾ ਤਾਂ ਤੇਰੇ ਗੁਆਂਢ ਸੀ, ਉਥੇ ਗੇੜਾ ਕਢਾ ਲਿਆਉਂਦਾ।” ਤਾਏ ਨੇ ਕਿਹਾ।
“ਤਾਇਆ, ਉਨ੍ਹਾਂ ਦਾ ਝੋਟਾ ਨਸ਼ਈ ਹੈ। ਉਹਦੇ ਵੱਸ ਦੀ ਗੱਲ ਨਹੀਂ ਰਹੀ।” ਪਰੀਤੇ ਨੇ ਮੂੰਹ ਸੂਰਜ ਵੱਲ ਕਰਦਿਆਂ ਕਿਹਾ।
“ਝੋਟਾ ਨਸ਼ਈ! ਬੰਦੇ ਤਾਂ ਸੁਣੇ ਸੀ, ਹੁਣ ਪਸ਼ੂ ਵੀ ਨਸ਼ੇ ‘ਤੇ ਲੱਗ ਗਏ ਨੇ।” ਮੱਲ ਬਾਬਾ ਬੋਲਿਆ।
“ਬਾਬਾ! ਮੱਝ ਚੋਣ ਲਈ ਦੁੱਧ ਵਾਸਤੇ ਟੀਕੇ ਲਾਏ ਜਾਂਦੇ ਆ। ਬਲਦਾਂ ਨੂੰ ਗੱਡੀਆਂ ਅੱਗੇ ਜੋੜਨ ਤੋਂ ਪਹਿਲਾਂ ਉਨ੍ਹਾਂ ਦੇ ਸੰਘ ਵਿਚ ਸ਼ਰਾਬ ਸੁੱਟੀ ਜਾਂਦੀ ਐ। ਕੁੱਕੜ ਨੂੰ ਭਾਰਾ ਕਰਨ ਲਈ ਟੀਕੇ ਲਾਏ ਜਾਂਦੇ ਆ। ਹੋਰ ਸੁਣ ਲਓæææ ਕੱਦੂ, ਬਤਾਊਂ ਦੀਆਂ ਜੜ੍ਹਾਂ ਵਿਚ ਵੀ ਟੀਕੇ ਲਾਏ ਜਾਂਦੇ ਆ ਤਾਂ ਕਿ ਉਹ ਛੇਤੀ ਖਾਣ ਵਾਲੇ ਹੋਣ ਜਾਣ।” ਪਾਖਰ ਕਾ ਦੀਪਾ ਬੋਲਿਆ।
“ਵਾਹਿਗੁਰੂ, ਵਾਹਿਗੁਰੂ ਭਾਈ! ਪਰਮਾਤਮਾ ਭਲੀ ਕਰੀਂ।” ਮੱਲ ਬਾਬੇ ਨੇ ਦੋਵੇਂ ਹੱਥ ਜੋੜਦਿਆਂ ਕਿਹਾ।
“ਉਏ ਮੁੰਡਿਆ, ਆਹ ਅਖ਼ਬਾਰ ਕੀ ਕਹਿੰਦਾ? ਸਾਨੂੰ ਵੀ ਕੁਝ ਸੁਣਾ ਦੇ।” ਅਰਜੁਨ ਬਾਬਾ ਦੀਪੇ ਦੇ ਹੱਥ ਵਿਚ ਅਖ਼ਬਾਰ ਦੇਖ ਕੇ ਬੋਲਿਆ।
“ਬਾਬਾ ਜੀ! ਤੁਹਾਡੀ ਪਾਰਟੀ ਦੀ ਚੜ੍ਹਾਈ ਆ ਹੁਣ। ਭੋਲਾ ਪਾਰਟੀ ਦਾ ਗੁਣ-ਗਾਣ ਕਰੀ ਜਾਂਦਾ। ਉਹ ਕਹਿੰਦਾ, ਮੈਨੂੰ ਤਾਂ ਸਾਜ਼ਿਸ਼ ਅਧੀਨ ਫਸਾਇਆ ਜਾ ਰਿਹਾ। ਵੱਡੇ ਵਪਾਰੀ ਤਾਂ ਲੀਡਰ ਨੇ, ਤੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਨਸ਼ਾ ਵੇਚਦੀਆਂ।” ਦੀਪਾ ਬਾਬੇ ਦੀ ਪਾਰਟੀ ਦੇ ਕਾਰਨਾਮੇ ਸੁਣਾਉਂਦਾ ਬੋਲਿਆ।
“ਦੀਪਿਆ! ਜਦੋਂ ਸਬਜ਼ੀ ਵੇਚਣ ਵਾਲਾ ਆਉਂਦੈ, ਤਾਂ ਤੀਵੀਆਂ ਸਬਜ਼ੀ ਦਾ ਅਸਮਾਨੀਂ ਚੜ੍ਹਿਆ ਭਾਅ ਸੁਣ ਕੇ ਅੰਦਰ ਵੜ ਜਾਂਦੀਆਂ। ਤੇ ਨੌਜਵਾਨਾਂ ਨੂੰ ਕੌਣ ਕਹਿੰਦਾ ਕਿ ਤੁਸੀਂ ਐਨੇ ਮਹਿੰਗੇ ਨਸ਼ੇ ਖਰੀਦੋ। ਵੇਚਣ ਵਾਲਾ ਬੇਸ਼ੱਕ ਤੁਹਾਡੇ ਬੂਹੇ ਅੱਗੇ ਖੜ੍ਹ ਕੇ ਕੁਝ ਵੀ ਵੇਚਦਾ ਹੋਵੇ। ਤੁਸੀਂ ਭਾਅ ਅਤੇ ਲੋੜ ਮੁਤਾਬਕ ਹੀ ਕੁਝ ਖਰੀਦੋਂਗੇ। ਉਹ ਤੁਹਾਡੇ ਨਾਲ ਧੱਕਾ ਨਹੀਂ ਕਰੇਗਾ। ਫਿਰ ਨਸ਼ਿਆਂ ਵਾਲੇ ਤੁਹਾਨੂੰ ਕਿਵੇਂ ਧੱਕੇ ਨਾਲ ਦੇਈ ਜਾਂਦੇ ਆ?” ਅਕਾਲੀ ਰਾਮ ਸਿਉਂ ਬੋਲਿਆ।
“ਕੋਈ ਕਿਸੇ ਦੇ ਮੂੰਹ ਵਿਚ ਨਹੀਂ ਆ ਕੇ ਪਾਉਂਦਾ। ਪਹਿਲਾਂ ਸਾਨੂੰ ਆਪਣੇ ਘਰ, ਮੁਹੱਲੇ ਤੇ ਪਿੰਡ ਪੱਧਰ ‘ਤੇ ਮਜ਼ਬੂਤ ਹੋਣਾ ਚਾਹੀਦਾ। ਪਿੰਡ ਦਾ ਏਕਾ ਹੋ ਜਾਵੇ, ਤਾਂ ਮੰਗਤਾ ਵੀ ਪਿੰਡ ਵਿਚ ਨਹੀਂ ਵੜ ਸਕਦਾ।” ਕਾਮਰੇਡ ਆਪਣੀ ਸੁਣਾ ਗਿਆ।
“ਚਲੋ ਛੱਡੋ ਯਾਰ! ਤੁਸੀਂ ਆਪਣੇ ਸਿੰਗ ਨਾ ਫਸਾ ਲਿਓ। ਹੋਰ ਸੁਣਾਓ ਕੋਈ ਹਾਸੇ-ਮਜ਼ਾਕ ਵਾਲੀ ਗੱਲ।” ਪਰੀਤੇ ਨੇ ਅਗਲੀ ਗੱਲ ਤੋਰੀ।
“ਲੈ ਫਿਰ ਪਰੀਤਿਆ! ਸੁਣ ਲੈ ਜਦੋਂ ਆਹ ਦੀਪੇ ਦਾ ਬਾਪੂ ਅੱਡ ਹੋਇਆæææ ਪਹਿਲੀ ਵਾਰੀ ਕਣਕ ਬੀਜੀ। ਕਣਕ ਨੂੰ ਸੁਸਰੀ ਲੱਗੀ ਹੋਈ ਸੀ। ਕਣਕ ਪੂਰੀ ਹਰੀ ਨਾ ਹੋਈ। ਦੀਪੇ ਦਾ ਬਾਪੂ ਕਹਿੰਦਾ, ਆਪਾਂ ਕਣਕ ਦੁਬਾਰਾ ਬੀਜ ਦਿੰਨੇ ਆਂ। ਅੱਗਿਉਂ ਦੀਪੇ ਦਾ ਦਾਦਾ ਬੋਲਿਆ, ‘ਉਏ ਵੱਡਿਆ ਕਿਰਸਾਨਾ। ਜੇ ਮੁਰਦੇ ਨਾਲ ਮੁਰਦਾ ਪਾ ਦੇਵਾਂਗੇ, ਉਹ ਦੋਵੇਂ ਪੰਡਾਂ ਨ੍ਹੀਂ ਚੁੱਕਣ ਲੱਗੇ, ਕਿ ਹੁਣ ਦੋ ਹੋ ਗਏ ਹਾਂ। ਪਹਿਲਾਂ ਵੀ ਸੁਸਰੀ ਲੱਗੀ ਕਣਕ ਬੀਜ ਦਿੱਤੀ, ਮੁੜ ਉਹੀ ਗਲਤੀ ਕਰਨ ਲੱਗਿਆਂ। ਸੋਧਿਆ ਤੇ ਜਾਨਦਾਰ ਬੀਜ ਹੀ ਪੈਦਾਇਸ਼ ਦੀ ਗਰੰਟੀ ਹੁੰਦਾ’।” ਬਾਬਾ ਅਰਜਨ ਦੀਪੇ ਦੇ ਬਾਪੂ ਤੇ ਦਾਦੇ ਦੀ ਸੁਣਾ ਗਿਆ।
“ਪਰੀਤੇ ਦੇ ਤਾਏ ਦੀ ਸੁਣ ਲਓ, ਇਕ ਵਾਰੀ ਅਸੀਂ ਸਰਪੰਚ ਦੇ ਗੱਭਰੂ ਸਾਲੇ ਦੀ ਮਕਾਣ ਚਲੇ ਗਏ। ਸੱਥ ਵਿਚ ਪਹੁੰਚੇ, ਤਾਂ ਅੱਗੇ ਕਹਿਰ ਦੀ ਮੌਤ ਨੇ ਸਾਰਿਆਂ ਦੇ ਚਿਹਰੇ ਉਦਾਸ ਕੀਤੇ ਹੋਏ। ਅਸੀਂ ਵੀ ਹੱਥ ਜੋੜ ਫਤਿਹ ਬੁਲਾ ਕੇ ਬੈਠ ਗਏ। ਦਸ-ਪੰਦਰਾਂ ਮਿੰਟ ਚੁੱਪ ਛਾਈ ਰਹੀ, ਦੋਹਾਂ ਪਾਸਿਆਂ ਤੋਂ ਕੋਈ ਨਾ ਬੋਲਿਆ। ਪਰੀਤੇ ਦੇ ਤਾਏ ਨੂੰ ਹੋਰ ਤਾਂ ਕੁਝ ਸੁੱਝਿਆ ਨਹੀਂ, ਬੋਲ ਪਿਆ, ‘ਅੱਜ ਕੱਲ੍ਹ ਕੁਛ ਨਹੀਂ ਪਤਾ ਲਗਦਾ, ਕੀ ਹੋਣਾ ਆ। ਰਾਤ ਸਾਡੇ ਪਿੰਡ ਵਾਲੀ ਸੇਮ ਤੋਂ ਕੋਈ ਕਿੱਕਰ ਵੱਢ ਕੇ ਲੈ ਗਿਆ।’ ਦੋਵੇਂ ਪਾਸੇ ਹੈਰਾਨ! ਬਈ, ਆਹ ਕਿਹੋ ਜਿਹਾ ਬੰਦਾ ਲਿਆਏ ਆ ਨਾਲ। ਇੱਥੇ ਗੱਭਰੂ ਜਵਾਨ ਮਰਿਆ ਹੈ, ਇਹਨੂੰ ਸੇਮ ਵਾਲੀ ਕਿੱਕਰ ਦਾ ਫਿਕਰ ਐ।” ਮੱਲ ਬਾਬੇ ਨੇ ਪਰੀਤੇ ਦੇ ਤਾਏ ਦੀ ਸਿਆਣਪ ਸੁਣਾਈ।
“ਬਾਬਾ ਜੀ! ਤੁਹਾਡਾ ਮਤਲਬ, ਜੇ ਮੂੰਹ ਨਹੀਂ ਚੰਗਾ ਤਾਂ ਬੰਦਾ ਗੱਲ ਤਾਂ ਚੰਗੀ ਕਰ ਲਵੇ। ਜੇ ਗੱਲ ਵੀ ਚੰਗੀ ਨਹੀਂ ਕਰਨੀ ਤਾਂ ਚੁੱਪ ਈ ਵੱਟ ਲਵੇ।” ਦੀਪਾ ਬੋਲਿਆ।
“ਫਿਰ ਭਾਈ ਦੋ ਮਹੀਨਿਆਂ ਬਾਅਦ ਦੀਪੇ ਦੀ ਤਾਈ ਮਰ’ਗੀ। ਅਸੀਂ ਤਾਈ ਦੇ ਪੇਕੇ ਮਕਾਣ ਗਏ। ਸਾਰੇ ਚਾਹ-ਪਾਣੀ ਪੀ ਕੇ ਬੈਠ ਗਏ। ਕੋਈ ਨਾ ਬੋਲਿਆ। ਕਿਸੇ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ। ਜਿਹੋ ਜਿਹੇ ਗਏ, ਵਾਪਸ ਮੁੜ ਆਏ।” ਦੀਪੇ ਦਾ ਤਾਇਆ ਬੋਲਿਆ।
“ਤਾਇਆ, ਯਾਨਿ ਜਿਹੋ ਜਿਹੀ ਥਾਂ ਜਾਈਏ, ਉਹੋ ਜਿਹੀ ਗੱਲਬਾਤ ਕਰੀਏ। ਬਹੁਤੀ ਚੁੱਪ ਵੱਟੀ ਵੀ ਦੁੱਖ ਦਿੰਦੀ ਹੈ ਜਿਵੇਂ ਸਾਡੇ ਵੋਟਰ ਸਰਕਾਰ ਦੀ ਧਰਨੇ ਰੂਪੀ ਮਕਾਣ ‘ਤੇ ਜਾ ਕੇ ਚੁੱਪ ਵੱਟ ਜਾਂਦੇ ਹਨ।” ਦੀਪਾ ਫਿਰ ਗੱਲ ਟਿਕਾਣੇ ਦੀ ਕਰਦਾ ਬੋਲਿਆ।
“ਆਹ ਬਚਨੇ ਨੂੰ ਇਕ ਸਾਲ ਭਾਈ ਕੋਈ ਸੀਰੀ ਨਾ ਲੱਭੇ। ਸਭ ਨੂੰ ਇਸ ਦੇ ਅੜਬ ਸੁਭਾਅ ਦਾ ਪਤਾ ਸੀ। ਅਗਾਂਹ ਦੀ ਅਗਾਂਹ ਤਲਵੰਡੀ ਦੇ ਕਿਸੇ ਬੰਦੇ ਕੋਲ ਗੱਲ ਪਹੁੰਚ ਗਈ। ਉਸ ਬੰਦੇ ਦਾ ਸੁਭਾਅ ਵੀ ਬਚਨੇ ਵਰਗਾ ਸੀ। ਉਹ ਭਾਈ ਘਰ ਪੁੱਛ ਕੇ ਬਚਨੇ ਕੋਲ ਆ ਗਿਆ। ਬਚਨੇ ਨੇ ਆਪਣੇ ਤਜਰਬੇ ਅਤੇ ਸੁਭਾਅ ਦੇ ਪੁਲ ਬੰਨ੍ਹ ਦਿੱਤੇ। ਅੱਗਿਉਂ ਬੰਦਾ ਪੂਰਾ ਹੰਢਿਆ ਹੋਇਆ ਸੀ। ਕਹਿੰਦਾ, ਸਰਦਾਰਾ! ਜੋ ਕੁਝ ਮਰਜ਼ੀ ਕਹੀ ਜਾæææ ਸੱਚ ਤਾਂ ਇਹ ਹੈ ਕਿ ਤੈਨੂੰ ਕੋਈ ਮਿਲਦਾ ਨਹੀਂ, ਤੇ ਮੈਨੂੰ ਕਿਸੇ ਨੇ ਰੱਖਿਆ ਨਹੀਂ। ਬੱਸ, ਲੰਗੇ ਨੂੰ ਮੀਣਾ ਵੀਹ ਕੋਹ ਪਾ ਕੇ ਮਿਲ ਗਿਆ।” ਮੱਲ ਬਾਬਾ ਆਪਣੀ ਛੱਡ ਗਿਆ।
“ਤਾਇਆ, ਫਿਰ ਉਹ ਸੀਰੀ ਕਿੰਨੇ ਸਾਲ ਤੇਰੇ ਨਾਲ ਲਵਾ ਗਿਆ ਸੀ।” ਪਰੀਤੇ ਨੇ ਬਚਨੇ ਤਾਏ ਨੂੰ ਪੁੱਛਿਆ।
“ਪਰੀਤਿਆ! ਸੱਪ ਨਾਲ ਸੱਪ ਲੜੇ, ਤੇ ਜ਼ਹਿਰ ਕੀਹਨੂੰ ਚੜ੍ਹੇ। ਇਕ ਸਾਲ ਤਾਂ ਅਸੀਂ ਇਕ-ਦੂਜੇ ਨੂੰ ਸਮਝਣ-ਸਮਝਾਉਣ ਵਿਚ ਲੰਘਾ ਦਿੱਤਾ। ਦੂਜੇ ਸਾਲ ਮੈਂ ਆਪਣੇ ਸੁਭਾਅ ਵਿਚ ਨਰਮੀ ਲਿਆਂਦੀ। ਫਿਰ ਕੀ, ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਵਟਾਉਣ ਲੱਗਿਆ। ਉਸ ਨੇ ਵੀ ਨਰਮ ਸੁਰਾਂ ਕਰ ਲਈਆਂ। ਫਿਰ ਸਾਡੀ ਜੱਟ-ਸੀਰੀ ਵਾਲੀ ਨਹੀਂ, ਸਗੋਂ ਭਰਾਵਾਂ ਵਾਲੀ ਜੁੱਟੀ ਪੈ ਗਈ। ਗੱਲ ਮੁਕਾ, ਉਹ ਕਹਿੰਦਾ ਮੈਂ ਕਿਸੇ ਹੋਰ ਨਾਲ ਰਲਣਾ ਨਹੀਂ, ਤੇ ਮੈਂ ਕਿਹਾ, ਮੈਂ ਕਿਸੇ ਹੋਰ ਨੂੰ ਰਲਾਉਣਾ ਨਹੀਂ।” ਬਚਨਾ ਤਾਇਆ ਸੱਚ ਸੁਣਾ ਗਿਆ।
“ਤਾਇਆ, ਤੇਰੇ ਕਹਿਣ ਨਾਲ ਮੈਨੂੰ ਉਹ ਸੀਰੀ ਬੜਾ ਮਹਾਨ ਬੰਦਾ ਲੱਗਿਆæææ ਨਹੀਂ ਤਾਂ ਸਾਡੇ ਅੱਜ ਦੇ ਲੀਡਰ ਤਾਂ ਇਕ-ਦੂਜੇ ਦਲ ਵਿਚ ਰਲਣ ਲੱਗੇ ਇਕ ਮਿੰਟ ਨਹੀਂ ਲਾਉਂਦੇ। ਚਾਹੇ ਕੋਈ ਇਕ ਦਲ ਵਿਚ 10-15 ਸਾਲ ਰਿਹਾ ਹੋਵੇ, ਜਦੋਂ ਦੂਜੇ ਦਲ ਨੇ ਟਿਕਟ ਦੀ ਬੁਰਕੀ ਸੁੱਟੀ, ਉਸ ਅੱਗੇ ਪੂਛ ਹਿਲਾ ਦਿੰਦੇ ਹਨ। ਵੋਟਰ ਤਾਂ ਫਿਰ ਪੱਗ ਦੇਖ ਹੀ ਪਾਰਟੀ ਪਛਾਣਦੇ ਹਨ ਕਿ ਕਬੂਤਰ ਨੇ ਰੰਗ ਬਦਲ ਕੇ ਛੱਤਰੀ ਵੀ ਬਦਲ ਲਈ ਹੈ। ਜਿਸ ਖੁੱਡੇ ਵਿਚੋਂ ਆਇਆ, ਉਸ ਨੂੰ ਹੀ ਭੰਡੀ ਜਾਂਦਾ ਕਿ ਹੁਣ ਮੇਰਾ ਉਥੇ ਦਮ ਘੁੱਟਣ ਲੱਗ ਪਿਆ ਸੀ।” ਦੀਪਾ ਸੀਰੀ ਦੀ ਗੱਲ ਨਾਲ ਹੋਰ ਵੀ ਸੁਣਾ ਗਿਆ।
“ਮੈਂ ਸੁਣਿਆ, ਕੱਲ੍ਹ ਦਾ ਰੱਤਾ ਬੋਲਾ ਅਮਰੀਕਾ ਤੋਂ ਆਇਆ ਹੋਇਐ।” ਪਰੀਤੇ ਨੇ ਸਾਰਿਆਂ ਵੱਲ ਨਿਗ੍ਹਾ ਮਾਰੀ।
“ਮੈਂ ਦੇਖਿਆ ਸੀ, ਵੱਡਾ ਸਾਰਾ ਕੋਟ ਪਾਈ ਜਾਂਦਾ ਸੀ ਸ਼ੇਖੂਪੁਰੇ ਵਾਲੇ ਰਾਹ ਵੱਲ।” ਬਾਬੇ ਕਾ ਜੀਤਾ ਜਿਵੇਂ ਨੀਂਦ ਵਿਚੋਂ ਉਠਿਆ ਬੋਲਿਆ ਹੋਵੇ। ਨਿੱਘੀ ਜਿਹੀ ਧੁੱਪ ਨੇ ਉਸ ਦੀ ਅੱਖ ਲਾ ਦਿੱਤੀ ਸੀ।
“ਬਈ ਸੁਣਿਆ, ਉਹ ਮੋਟੇ ਡਾਲਰ ਬਣਾਉਂਦਾ।” ਮੱਲ ਬਾਬਾ ਐਨਕ ਉਤਾਰਦਾ ਬੋਲਿਆ।
“ਮੋਟੇ ਡਾਲਰ ਬਣਦੇ ਕਰ ਕੇ ਤਾਂ ਕੋਠੀ ਦਾ ਕੰਮ ਇਕ ਦਿਨ ਵੀ ਨਹੀਂ ਰੁਕਿਆ। ਆਹ ਇਧਰਲੇ ਵਿਚਾਰੇ ਤਾਂ ਰੇਤਾ ਬਜਰੀ ਕਰ ਕੇ ਵਿਚਾਲੇ ਹੀ ਅਟਕੇ ਹੋਏ ਹਨ। ਗਰੀਬ ਬੰਦਾ ਕਿਥੋਂ ਮਕਾਨ ਬਣਾ ਲਊ? ਜਿੰਨੇ ਦਾ ਸੀਮਿੰਟ ਲੱਗਦਾ, ਉਨੇ ਦਾ ਹੀ ਰੇਤਾ।” ਜੀਤਾ ਅੱਖ ਮਲਦਾ ਬੋਲਿਆ।
“ਇਹ ਰੱਤਾ ਬੋਲਾ ਕਰਦਾ ਕੀ ਹੈ ਉਥੇ?” ਮੱਲ ਬਾਬਾ ਹੈਰਾਨੀ ਨਾਲ ਬੋਲਿਆ।
“ਬਾਬਾ, ਇਹ ਇੱਥੋਂ ਤਾਂ ਗਿਆ ਸੀ ਆਪਣੀ ਧੀ ਰਾਣੀ ਕੋਲ ਕੈਲੀਫੋਰਨੀਆ। ਧੀ ਨੇ ਅਗਾਂਹ ਨਿਊ ਯਾਰਕ ਵੱਲ ਤੋਰ ਦਿੱਤਾ ਕਿ ਉਥੇ ਕਿਸੇ ਪੰਪ ‘ਤੇ ਗੈਸ ਪਾਉਣ ਲੱਗ ਜਾਊ। ਰੱਤਾ ਬੋਲਾ ਗੱਲਾਂ ਦਾ ਜੁਗਾੜੀ ਪਹਿਲਾਂ ਹੀ ਸੀ, ਉਥੇ ਇਸ ਨੂੰ ਇਕ ਪੰਪ ‘ਤੇ ਰਾਤਾਂ ਨੂੰ ਕੰਮ ਮਿਲ ਗਿਆ। ਚਾਰ ਸੌ ਡਾਲਰ ਹਫ਼ਤੇ ਦਾ, ਰਹਿਣ ਨੂੰ ਗੈਸ ਸਟੇਸ਼ਨ ਦੇ ਮਾਲਕ ਨੇ ਚਾਰ ਮੁੰਡਿਆਂ ਨੂੰ ਮਕਾਨ ਲੈ ਕੇ ਦਿੱਤਾ ਸੀ, ਉਥੇ ਹੀ ਰੱਤਾ ਬੋਲਾ ਵਾੜ ਦਿੱਤਾ, ਤੇ ਬਾਕੀ ਗੱਲ ਰੋਟੀ-ਟੁੱਕ ਦੀ; ਰੱਤੇ ਬੋਲੇ ਨੇ ਉਹ ਵੀ ਛੇਤੀ ਜੁਗਾੜ ਕਰ ਲਿਆæææ ਡੇਢ ਕੁ ਮੀਲ ‘ਤੇ ਗੁਰਦੁਆਰਾ ਸੀ। ਰੱਤੇ ਬੋਲੇ ਨੇ ਗ੍ਰੰਥੀ ਸਿੰਘ ਨੂੰ ਜਾ ਫਤਿਹ ਬੁਲਾਈ। ਪਿੰਡਾਂ ਦੀਆਂ ਸਕੀਰੀਆਂ ਕੱਢ ਕੇ ਬੈਠਣ ਨੂੰ ਥਾਂ ਬਣਾ ਲਿਆ। ਫਿਰ ਕੀ ਸੀ, ਸਵੇਰਿਓਂ ਕੰਮ ਤੋਂ ਹਟ ਕੇ ਸਿੱਧਾ ਗੁਰਦੁਆਰੇ ਜਾ ਪਹੁੰਚਦਾ। ਪਹਿਲਾਂ ਮੱਥਾ ਟੇਕ ਕੇ ਬੁੱਕ ਦੇਗ ਦਾ ਛਕ ਲੈਂਦਾ, ਫਿਰ ਸਵੇਰ ਦੀਆਂ ਖਾ ਕੇ ਸ਼ਾਮ ਦੀਆਂ ਲੜ ਬੰਨ੍ਹ ਲਿਆਉਂਦਾ। ਘਰੇ ਆ ਕੇ ਦੋ ਪੈਗ ਪੀ ਕੇ ਸੌਂ ਜਾਂਦਾ। ਜੇ ਨਾਲ ਦੇ ਮੁੰਡੇ ਕਹਿੰਦੇ, ਬਾਬਾ ਤੜਕਾ ਕੱਟ ਦੇ ਸਬਜ਼ੀ ਬਣਾ ਲਈਏ। ਅੱਗਿਉਂ ਘੁੰਨਾ ਜਿਹਾ ਹੋ ਕੇ ਕਹਿੰਦਾ, ‘ਬਈ ਸ਼ੇਰੋ, ਮੈਨੂੰ ਤਾਂ ਭੁੱਖ ਨਹੀਂ, ਤੁਸੀਂ ਆਪਣੇ ਜੋਗੀ ਬਣਾ ਲਓ। ਗੱਲ ਮਕਾਓ, ਰੱਤੇ ਬੋਲੇ ਦਾ ਇਕ ਡਾਲਰ ਦਾ ਵੀ ਖਰਚਾ ਨਹੀਂ। ਜਿੰਨੇ ਬਣਾਉਂਦਾ, ਇੱਧਰ ਮੁੰਡੇ ਨੂੰ ਭੇਜੀ ਜਾਂਦਾ। ਤਾਈਂਓ ਤਾਂ ਸਾਰੇ ਕਹਿੰਦੇ ਨੇ, ਬਈ ਜੱਗੇ ਨੇ ਚੰਗਾ ਬਾਪੂ ਜੰਮਿਆ ਹੈ ਜਿਹੜਾ ਪੁੱਤ ਦਾ ਪੂਰਾ ਖਿਆਲ ਰੱਖਦਾ।” ਪਰੀਤੇ ਨੇ ਰੱਤੇ ਬੋਲੇ ਦੀ ਸਾਰੀ ਜਾਣਕਾਰੀ ਬੋਲ ਸੁਣਾਈ।
“ਪਰੀਤਿਆ, ਤੈਨੂੰ ਸਾਰਾ ਕੁਝ ਕਿਵੇਂ ਪਤੈ?” ਦੀਪਾ ਨੇੜੇ ਹੁੰਦਾ ਬੋਲਿਆ।
“ਦੀਪੇ ਯਾਰ! ਤੂੰ ਸਾਨੂੰ ਐਵੇਂ ਹੀ ਜਾਣਦਾਂ। ਸਾਨੂੰ ਵੀ ਸਾਰੀ ਜਾਣਕਾਰੀ ਹੈ। ਤੂੰ ਸਾਨੂੰ ਅਨਪੜ੍ਹ ਹੀ ਸਮਝਦੈਂ।” ਪਰੀਤੇ ਨੇ ਪਰਨਾ ਖੋਲ੍ਹ ਕੇ ਦੁਬਾਰਾ ਬੰਨ੍ਹਦਿਆਂ ਜਵਾਬ ਦਿੱਤਾ।
“ਉਏ ਸ਼ੇਰੋ! ਰੱਤੇ ਬੋਲੇ ਨੂੰ ਵੀ ਵੱਡੇ ਬਾਬੇ ਵਾਂਗ ਬੰਦਾ ਬੰਨ੍ਹਣਾ ਆਉਂਦਾ। ਕਦੇ ਨਰਮੀ ਨਾਲ, ਕਦੇ ਗਰਮੀ ਨਾਲ। ਜਿਸ ਕੋਲ ਇਹ ਕਲਾ ਹੈ, ਉਹ ਨਾ ਆਪ ਭੁੱਖਾ ਮਰਦਾ ਹੈ, ਨਾ ਪੁੱਤ ਭੁੱਖਾ ਮਰਨ ਦਿੰਦਾ ਹੈ। ਰੱਤਾ ਬੋਲਾ ਵੀ ਆਪਣੇ ਪੁੱਤ ਨੂੰ ਡਾਲਰ ਜੋੜ ਕੇ ਦੇਈ ਜਾਂਦਾ, ਤੇ ਵੱਡਾ ਬਾਬਾ ਵੀ ਇੰਜ ਕਰਦਾ ਹੈ। ਫਰਕ ਇੰਨਾ ਕੁ ਹੈ ਕਿ ਰੱਤਾ ਬੋਲਾ ਲੰਗਰ ਵੱਲ ਹੋ ਗਿਆ, ਤੇ ਵੱਡਾ ਬਾਬਾ ਗੋਲਕ ਵੱਲ ਹੋਇਆ ਹੋਇਆ।” ਮੁਨਸ਼ੀ ਨੇ ਵੀ ਆਉਂਦਿਆਂ ਸਾਰ ਹਾਜ਼ਰੀ ਲਵਾਈ।
“ਮੁਨਸ਼ੀ! ਆਹ ਵੱਡਾ ਬਾਬਾ ਕਿਹੜੈ?” ਪਰੀਤਾ ਅਣਜਾਣ ਜਿਹਾ ਬਣਦਾ ਬੋਲਿਆ।
“ਪਰੀਤਿਆ, ਜਾਣ ਕੇ ਖਿੱਲਾਂ ਲੈਣੀਆਂ ਨੇ, ਸਮਝਣ ਵਾਲੇ ਤਾਂ ਸਮਝ ਗਏ।” ਮੁਨਸ਼ੀ ਨੇ ਪਰੀਤੇ ਵੱਲ ਗੋਲ ਕਰਦਿਆਂ ਕਿਹਾ।
“ਬਾਬਾ! ਐਤਕੀਂ ਫਿਰ ਤੁਹਾਡਾ ਸਾਲ ਲੰਘ ਗਿਆ। ਹੁਣ ਗੱਲ ਅਗਲੇ ਸਾਲ ‘ਤੇ ਜਾ ਪਈ। ਅਸੀਂ ਤਾਂ ਸੋਚਿਆ ਸੀ, ਬਾਬਾ ਐਤਕੀਂ ਜਲੇਬੀਆਂ ਖੁਆ ਜਾਊਗਾ।” ਦੀਪਾ ਮੱਲ ਬਾਬੇ ਨੂੰ ਕਹਿਣ ਲੱਗਾ।
“ਦੀਪਿਆ! ਮੈਨੂੰ ਚਾਰ ਸਾਲ ਜਿਉਂ ਲੈਣ ਦੇ। ਜੇ ਤੂੰ ਜਲੇਬੀਆਂ ਖਾਣੀਆਂ, ਤਾਂ ਮੁੱਲਾਂਪੁਰੋਂ ਖੁਆ ਲਿਆਉਂਨਾ।” ਮੱਲ ਬਾਬਾ ਬੋਲਿਆ।
“ਕਰ ਲੋ ਗੱਲ! ਬਾਬਾ ਤਾਂ ਚਾਰ ਸਾਲ ਉਮਰ ਵਧਾ ਗਿਆ।” ਪਰੀਤਾ ਹੱਸਦਾ ਕਹਿਣ ਲੱਗਾ।
“ਉਏ ਬਾਬੇ ਦੇ ਕਹਿਣ ਦਾ ਮਤਲਬ ਐ ਕਿ ਵੱਡਾ ਬਾਬਾ ਤੁਹਾਡੇ ਅੱਗੇ ਹੱਥ ਜੋੜ ਕੇ ਇਕੋ ਵਾਰੀ ਵਧਾਉਂਦਾ ਹੋਇਆ ਪੰਜ ਪੂਰੀਆਂ ਕਰਨ ਮਗਰ ਪਿਆ ਹੈ, ਸਾਡਾ ਬਾਬਾ ਚਾਰ ਸਾਲ ਵੀ ਨਾ ਵਧਾਵੇ?” ਦੀਪਾ ਫਿਰ ਬਾਬੇ ਵੱਲ ਦੀ ਗੱਲ ਕਰ ਗਿਆ।
“ਬਾਬਾ ਇਕ ਗੱਲ ਹੋਰ ਐæææ ਐਤਕੀਂ ਵੋਟਾਂ ਵੇਲੇ ਅਸੀਂ ਪਿੰਡ ਵਿਚ ਨਸ਼ਾ-ਪੱਤਾ ਵੰਡਣ ਨਹੀਂ ਦੇਣਾ। ਪੂਰਾ ਡੱਟ ਕੇ ਖੜ੍ਹਨੈਂ। ਜੇ ਸਾਨੂੰ ਇਸ ਕਾਰਜ ਲਈ ਸ਼ਹੀਦੀ ਵੀ ਪਾਉਣੀ ਪਈ, ਤਾਂ ਅਸੀਂ ਆਹ ਤਿੰਨੇ ਬਾਬੇ ਸ਼ਹੀਦ ਕਰਵਾਉਣ ਤੋਂ ਪਿੱਛੇ ਨਹੀਂ ਹਟਾਂਗੇ।” ਪਰੀਤਾ ਪੂਰਾ ਖਿੜਦਾ ਬੋਲਿਆ।
“ਤੁਹਾਡੇ ਸਾਰਿਆਂ ਕੋਲੋਂ ਕੁਝ ਨਹੀਂ ਜੇ ਹੋਣਾ! ਸਭ ਗੱਲਾਂ ਵਾਲੇ ਈ ਹੋ। ‘ਪਿੰਡਾਂ ਅਗਾਂਹ ਪੁੱਤਾਂ ਪਿਛਾਂਹ’ ਵਾਲੀ ਧਾਰਨਾ ਦੇ ਮਾਲਕ ਹੋ ਤੁਸੀਂ। ਬਾਬੇ ਸ਼ਹੀਦ ਨਾ ਕਰਵਾਓ, ਆਪਣੇ ਬੱਚੇ ਬਚਾ ਲਵੋ। ਅਸੀਂ ਹਿੱਕ ਤਾਣ ਕੇ ਵੀ ਦੇਖ ਲਿਆ, ਤੇ ਮੋਢੇ ਬੰਦੂਕਾਂ ਪਾ ਕੇ ਵੀ ਦੇਖ ਲਿਆæææ ਲੋੜ ਹੈ ਸਾਨੂੰ ਏਕਤਾ ਦੀ, ਇੱਕਠੇ ਹੋ ਕੇ ਹੰਭਲਾ ਮਾਰਨ ਦੀ। ਨਹੀਂ ਤਾਂ ਸਾਡੇ ਬੱਚੇ ਕੁਝ ਹੋਰ ਹੀ ਇਤਿਹਾਸ ਪੜ੍ਹਿਆ ਕਰਨਗੇ।” ਕਾਮਰੇਡ ਕਹਿ ਕੇ ਤੁਰ ਗਿਆ। ਬਾਕੀ ਯਾਰ ਸੋਚੀਂ ਪੈ ਗਏ।
Leave a Reply