ਤਸਵੀਰ ਦੇ ਦੋਵੇਂ ਪਾਸੇ-ਕਿਸ਼ਤ ਤੀਜੀ

ਫਰਾਂਸ ਦੇ ਸੰਸਾਰ ਪ੍ਰਸਿੱਧ ਲੇਖਕ ਮੋਪਾਸਾਂ (5 ਅਗਸਤ 1850-6 ਜੁਲਾਈ 1893) ਦੀ ਸ਼ਾਹਕਾਰ ‘ਬੂਲ ਦਿ ਸੂਫ’ ਨਾਂ ਦੀ ਕਹਾਣੀ ਕਈ ਨਾਂਵਾਂ, ‘ਬਾਲ ਆਫ ਫੈਟ’, ‘ਬਟਰਬਾਲ’, ‘ਡੰਪਲਿੰਗ’ ਹੇਠ ਅਨੁਵਾਦ ਹੋਈ ਹੈ। ਮੋਪਾਸਾਂ ਦੀ ਇਹ ਕਹਾਣੀ ਪਹਿਲੀ ਵਾਰ ਅਪਰੈਲ 1880 ਵਿਚ ਛਪੀ ਸੀ। ਪੰਜਾਬੀ ਦੇ ਪ੍ਰਸਿੱਧ ਨਾਵਲਿਸਟ ਸਵਰਗੀ ਨਾਨਕ ਸਿੰਘ ਨੇ ਇਸ ਕਹਾਣੀ ਦਾ ਅਨੁਵਾਦ ‘ਤਸਵੀਰ ਦੇ ਦੋਵੇਂ ਪਾਸੇ’ ਸਿਰਲੇਖ ਤਹਿਤ ਕੀਤਾ ਸੀ। ਕਹਾਣੀ ਕਹਿਣ ਵਿਚ ਮੋਪਾਸਾਂ ਦੀ ਕੋਈ ਰੀਸ ਨਹੀਂ। ਮੁਸੀਬਤ ਵਿਚ ਕਿਵੇਂ ਊਚ-ਨੀਚ, ਅਮੀਰੀ-ਗਰੀਬੀ ਭੁਲਾ ਕੇ ਬੰਦਾ ਸਿਰਫ ਇਨਸਾਨ ਰਹਿ ਜਾਂਦਾ ਹੈ, ਕਹਾਣੀ ਵਿਚ ਇਹ ਬਿਰਤਾਂਤ ਲਾਜਵਾਬ ਹੈ। ਕਹਾਣੀ ਦਸ ਯਾਤਰੂਆਂ ਦੁਆਲੇ ਘੁੰਮਦੀ ਹੈ। ਇਸ ਕਹਾਣੀ ਦਾ ਘੇਰਾ ਅੰਬਰ ਜਿੱਡਾ ਹੈ। ਕੋਈ ਮੋਪਾਸਾਂ ਵਰਗਾ ਲੇਖਕ ਹੀ ਕਹਾਣੀ ਦੀ ਇੰਨੀ ਵੱਡੀ ਹਲਾਈਂ ਵਗਲ ਸਕਦਾ ਸੀ। ਪੇਸ਼ ਹੈ ਕਹਾਣੀ ਦੀ ਅਗਲੀ ਕਿਸ਼ਤ। -ਸੰਪਾਦਕ

ਮੂਲ ਲੇਖਕ: ਮੋਪਾਸਾਂ
ਤਰਜਮਾ: ਨਾਨਕ ਸਿੰਘ
ਮੁਸਾਫ਼ਰਾਂ ਨੇ ਸਵੇਰੇ ਅੱਠ ਵਜੇ ਟੁਰਨ ਦਾ ਫੈਸਲਾ ਕਰ ਲਿਆ ਸੀ। ਇਸੇ ਫੈਸਲੇ ਅਨੁਸਾਰ ਸਾਰੇ ਵੱਡੇ ਵੇਲੇ ਉਠਦੇ ਹੀ ਖਾਣ ਕਮਰੇ ਵਿਚ ਜਾ ਪਹੁੰਚੇ। ਉਨ੍ਹਾਂ ਦੀ ਘੋੜਾ-ਗੱਡੀ ਸਾਹਮਣੇ ਵਿਹੜੇ ਵਿਚ ਖੜੋਤੀ ਸੀ ਜਿਸ ਦੀ ਛੱਤ ਉਤੇ ਬਰਫ਼ ਦਾ ਉਚਾ ਢੇਰ ਉਸਰਿਆ ਹੋਇਆ ਸੀ। ਘੋੜਿਆਂ ਅਤੇ ਗੱਡੀਵਾਨ ਦਾ ਅਜੇ ਕੋਈ ਥਹੁ-ਪਤਾ ਨਹੀਂ ਸੀ। ਉਨ੍ਹਾਂ ਵਿਚੋਂ ਕਈਆਂ ਨੇ ਇਧਰ-ਉਧਰ ਫਿਰ ਕੇ ਗੱਡੀਵਾਨ ਨੂੰ ਆਵਾਜ਼ਾਂ ਮਾਰੀਆਂ ਪਰ ਉਹ ਕਿਤੇ ਨਾ ਦਿਸਿਆ। ਸਾਰੇ ਬੜੇ ਕਾਹਲੇ ਪਏ ਹੋਏ ਹਨ, ਅੱਗੇ ਕੱਲ੍ਹ ਦੇ ਸਫ਼ਰ ਨੇ ਹੀ ਉਨ੍ਹਾਂ ਨੂੰ ਘੱਟ ਪ੍ਰੇਸ਼ਾਨ ਨਹੀਂ ਸੀ ਕੀਤਾ। ਜੇ ਅੱਜ ਵੀ ਲੇਟ ਹੋ ਗਏ ਤਾਂ ਹਾਵਰੇ ਪਹੁੰਚਣ ਵਿਚ ਫ਼ਿਰ ਉਨੀ ਦਿੱਕਤ ਆਵੇਗੀ, ਇਸੇ ਖਿਆਲ ਨਾਲ ਉਹ ਸਾਰੇ ਗਲੀਆਂ-ਬਾਜ਼ਾਰਾਂ ਵਿਚ ਫਿਰਦੇ ਹੋਏ ਗੱਡੀਵਾਨ ਨੂੰ ਢੂੰਡਣ ਲੱਗੇ।
ਅਖੀਰ ਉਹ ਇਕ ਚੌਕ ਵਿਚ ਜਾ ਪਹੁੰਚੇ ਜਿਸ ਦੇ ਇਕ ਪਾਸੇ ਗਿਰਜਾ ਸੀ। ਇਸ ਦੇ ਸੱਜੇ ਹੱਥ ਨੀਵੀਆਂ ਛੱਤਾਂ ਵਾਲੇ ਮਕਾਨ ਸਨ। ਘਰਾਂ ਵਿਚ ਕੁਝ ਜਰਮਨ ਸਿਪਾਹੀ ਵੀ ਮੌਜੂਦ ਸਨ। ਪਹਿਲਾ ਸਿਪਾਹੀ ਜਿਹੜਾ ਇਨ੍ਹਾਂ ਨੂੰ ਦਿਸਿਆ, ਉਹ ਆਲੂ ਛਿੱਲ ਰਿਹਾ ਸੀ। ਅੱਗੇ ਜਾ ਕੇ ਦੂਜਾ, ਨਾਈ ਦੀ ਦੁਕਾਨ ਵਿਚ ਝਾੜੂ ਦੇ ਰਿਹਾ ਸੀ। ਤੀਜਾ ਰੋਂਦੇ ਹੋਏ ਫਰਾਂਸੀਸੀ ਬੱਚੇ ਨੂੰ ਚੁੱਪ ਕਰਾਉਣ ਲਈ ਉਹਨੂੰ ਆਪਣੀਆਂ ਬਾਹਾਂ Ḕਤੇ ਝੂਟੇ ਦੇ ਰਿਹਾ ਸੀ। ਰਿਸ਼ਟ-ਪੁਸ਼ਟ ਪੇਂਡੂ ਤੀਵੀਆਂ ਜਿਨ੍ਹਾਂ ਦੇ ਪਤੀ ਲੜਾਈ ਵਿਚ ਗਏ ਹੋਏ ਸਨ, ਇਸ਼ਾਰਿਆਂ ਰਾਹੀਂ ਆਪਣੇ ਆਗਿਆਕਾਰ ਜੇਤੂਆਂ ਨੂੰ ਕੰਮ-ਧੰਦਾ ਸਮਝਾ ਰਹੀਆਂ ਹਨ। ਇਕ ਸਿਪਾਹੀ ਤਾਂ ਆਪਣੀ ਮੇਜ਼ਬਾਨ ਬੁਢੜੀ ਦੇ ਭਾਂਡੇ ਵੀ ਮਾਂਜ ਰਿਹਾ ਸੀ।
ਕਾਊਂਟ ਨੂੰ ਇਹ ਵੇਖ ਕੇ ਬੜਾ ਅਸਚਰਜ ਹੋਇਆ। ਉਹਨੇ ਗਿਰਜੇ ਵਿਚੋਂ ਬਾਹਰ ਆਉਂਦੇ ਹੋਏ ਬੁੱਢੇ ਪੇਂਡੂ ਅਹਿਲਕਾਰ ਨੂੰ ਇਸ ਬਾਰੇ ਪੁੱਛਿਆ। ਬੁੱਢੇ ਨੇ ਉਤਰ ਵਿਚ ਕਿਹਾ, “ਸੱਚਮੁੱਚ ਇਹ ਲੋਕ ਬੜੇ ਈ ਭਲੇ-ਮਾਣਸ ਨੇ। ਜਰਮਨਾਂ ਨੂੰ ਲੋਕੀਂ ਐਵੇਂ ਭੰਡਦੇ ਨੇ। ਵੇਖੋ ਖਾਂ, ਕਿਵੇਂ ਫਰਮਾਬਰਦਾਰੀ ਨਾਲ ਕੰਮ ਕਰ ਰਹੇ ਨੇ। ਕੋਈ ਕਹਿ ਸਕਦਾ ਹੈ ਕਿ ਇਹ ਲੋਕ ਫੌਜੀ ਨੇ? ਇਹ ਦੱਸਦੇ ਨੇ ਕਿ ਲੜਾਈ Ḕਚ ਇਨ੍ਹਾਂ ਦੀ ਕੋਈ ਦਿਲਚਸਪੀ ਨਹੀਂ। ਸਾਡੇ ਵਾਂਗ ਇਹ ਵੀ ਸ਼ਾਂਤੀ ਦੇ ਚਾਹਵਾਨ ਨੇ। ਸੱਚ ਪੁੱਛੋ ਤਾਂ ਇਨ੍ਹਾਂ ਦੇ ਆਉਣ ਨਾਲ ਸਾਨੂੰ ਰੱਤੀ ਭਰ ਤਕਲੀਫ ਨਹੀਂ ਹੋਈ। ਵਿਚਾਰੇ ਸਾਡਾ ਕੀ ਵਿਗਾੜਦੇ ਨੇ। ਸਾਡੇ ਲੋਕਾਂ ਨਾਲ ਰਲ ਕੇ ਇਹ ਬਿਲਕੁਲ ਉਸੇ ਤਰ੍ਹਾਂ ਦਿਲ ਲਾ ਕੇ ਕੰਮ ਰਹੇ ਨੇ ਜਿਕਣ ਆਪਣੇ ਘਰੀਂ ਕਰਦੇ ਹੋਣਗੇ।”
ਕਾਰਨੂਟੇਡ, ਮਾਲਕਾਂ ਤੇ ਗੁਲਾਮਾਂ ਵਿਚਾਲੇ ਇਹ ਪ੍ਰੇਮ ਸਬੰਧ ਪੈਦਾ ਹੋਇਆ ਵੇਖ ਕੇ ਖਿਝ ਰਿਹਾ ਸੀ। ਉਹ ਆਪਣੇ ਸਾਥੀਆਂ ਨਾਲੋਂ ਨਿੱਖੜ ਕੇ ਮੁੜ ਹੋਟਲ ਵੱਲ ਚਲਾ ਗਿਆ। ਇਹ ਦ੍ਰਿਸ਼ ਦੇਖਣ ਨਾਲੋਂ ਉਹ ਆਪਣੇ-ਆਪ ਨੂੰ ਹੋਟਲ ਦੇ ਕਮਰੇ ਵਿਚ ਬੰਦ ਕਰ ਦੇਣਾ ਵਧੇਰੇ ਚੰਗਾ ਸਮਝਦਾ ਸੀ। ਲੋਸ਼ੀਓ ਨੇ ਹਾਸੇ ਨਾਲ ਕਿਹਾ, “ਉਹ ਲੋਕ ਦੇਸ਼ ਨੂੰ ਨਵੇਂ ਸਿਰਿਉਂ ਆਬਾਦ ਕਰ ਰਹੇ ਨੇ।”
ਕੈਰੇ ਨੇ ਗੰਭੀਰਤਾ ਨਾਲ ਕਿਹਾ, “ਇਨ੍ਹਾਂ ਜਰਮਨਾਂ ਨੇ ਜੋ ਵੀ ਸਾਡਾ ਨੁਕਸਾਨ ਕੀਤਾ ਸੀ, ਉਸ ਨੂੰ ਸੇਵਾ ਟਹਿਲ ਰਾਹੀਂ ਪੂਰਾ ਕਰ ਰਹੇ ਨੇ।”
ਪਰ ਉਹ ਗੱਡੀਵਾਨ ਅਜੇ ਤੱਕ ਕਿਤੇ ਦਿਖਾਈ ਨਹੀਂ ਸੀ ਦਿੱਤਾ। ਅਖੀਰ ਲੱਭਦਿਆਂ-ਲੱਭਦਿਆਂ ਉਹ ਇਕ ਹੋਰ ਹੋਟਲ ਵਿਚੋਂ ਮਿਲਿਆ। ਉਥੇ ਉਹ ਅਫ਼ਸਰ ਦੇ ਚਪੜਾਸੀਆਂ ਨਾਲ ਬੈਠਾ ਗੱਪਾਂ ਮਾਰ ਰਿਹਾ ਸੀ।
ਕਾਊਂਟ ਨੇ ਉਸ ਨੂੰ ਪੁੱਛਿਆ, “ਕਿਉਂ ਭਈ ਭਲਿਆ ਮਾਣਸਾ! ਤੈਨੂੰ ਅੱਠ ਵਜੇ ਗੱਡੀ ਜੋੜਨ ਲਈ ਨਹੀਂ ਸੀ ਕਿਹਾ?”
ਉਹ ਬੋਲਿਆ, “ਜਨਾਬ! ਕਿਹਾ ਤਾਂ ਤੁਸਾਂ ਜ਼ਰੂਰ ਸੀ, ਤੇ ਮੈਂ ਗੱਡੀ ਜੋੜਨ ਦਾ ਇਕਰਾਰ ਵੀ ਕੀਤਾ ਸੀ ਪਰ ਉਸ ਤੋਂ ਬਾਅਦ ਮੈਨੂੰ ਇਕ ਹੋਰ ਹੁਕਮ ਮਿਲ ਗਿਆ ਸੀ।”
“ਕਿਹਾੜਾ ਹੁਕਮ?”
“ਕਿ ਗੱਡੀ ਬਿਲਕੁਲ ਨਾ ਜੋੜੀ ਜਾਏ।”
“ਕਿਸ ਨੇ ਦਿੱਤਾ ਤੈਨੂੰ ਇਹ ਹੁਕਮ?”
“ਜਰਮਨ ਅਫ਼ਸਰ ਨੇ ਜਨਾਬ।”
“ਪਰ ਇਸ ਹੁਕਮ ਦੀ ਵਜ੍ਹਾ?”
“ਜੀ ਇਹ ਤਾਂ ਮੈਨੂੰ ਪਤਾ ਨਹੀਂ। ਉਸੇ ਕੋਲੋਂ ਜਾ ਕੇ ਪਤਾ ਕਰ ਲਓ। ਮੈਂ ਤਾਂ ਇਹੋ ਜਾਣਦਾਂ ਕਿ ਜਦ ਤੱਕ ਹਾਕਮ ਵੱਲੋਂ ਹੁਕਮ ਨਾ ਮਿਲੇ, ਮੈਂ ਗੱਡੀ ਨਹੀਂ ਜੋੜ ਸਕਦਾ।”
“ਉਹਨੇ ਆਪ ਤੈਨੂੰ ਇਹ ਹੁਕਮ ਦਿੱਤੈ?”
“ਨਹੀਂ ਜਨਾਬ! ਹੋਟਲ ਦੇ ਮਾਲਕ ਨੇ ਮੈਨੂੰ ਉਸ ਦਾ ਹੁਕਮ ਸੁਣਾਇਆ ਸੀ।”
“ਕਦੋਂ?”
“ਰਾਤੀਂæææ ਜਦੋਂ ਮੈਂ ਸੌਣ ਲੱਗਾ ਸਾਂ।”
ਸਾਰੇ ਆਦਮੀ ਦੁਖੀ ਤੇ ਪ੍ਰੇਸ਼ਾਨ ਹੋ ਕੇ ਮੁੜ ਆਏ। ਹੋਟਲ ਵਿਚ ਪਹੁੰਚ ਕੇ ਉਨ੍ਹਾਂ ਨੇ ਹੋਟਲ ਦੇ ਮਾਲਕ ਫਲੇਮਬੀ ਨੂੰ ਲੱਭਣਾ ਸ਼ੁਰੂ ਕੀਤਾ, ਪਰ ਉਸ ਦੇ ਨੌਕਰ ਨੇ ਦੱਸਿਆ ਕਿ ਦਮੇ ਕਾਰਨ ਉਹ ਦਸ ਵਜੇ ਤੋਂ ਪਹਿਲਾਂ ਬਿਸਤਰੇ ਵਿਚੋਂ ਨਹੀਂ ਉਠਦਾ ਹੁੰਦਾ, ਤੇ ਨਾ ਹੀ ਕੋਈ ਉਸ ਨੂੰ ਜਗਾ ਸਕਦਾ ਹੈ, ਛੁਟ ਹੋਟਲ ਨੂੰ ਅੱਗ ਲੱਗ ਜਾਣ ਤੋਂ। ਮਾਲਕ ਨੇ ਸਖ਼ਤ ਮਨਾਹੀ ਕੀਤੀ ਹੋਈ ਏ।
ਨਿਰਾਸ਼ਾ ਵਧਦੀ ਜਾ ਰਹੀ ਸੀ। ਹੁਣ ਅਫ਼ਸਰ ਨੂੰ ਮਿਲਣ ਤੋਂ ਬਿਨਾਂ ਕੋਈ ਵਾਹ ਨਹੀਂ ਸੀ। ਅਫ਼ਸਰ ਕਿਤੇ ਦੂਰ ਵੀ ਨਹੀਂ ਸੀ, ਇਸੇ ਹੋਟਲ ਵਿਚ ਉਤਰਿਆ ਹੋਇਆ ਸੀ, ਪਰ ਉਸ ਨਾਲ ਮੁਲਾਕਾਤ ਕਰਨੀ ਖਾਲਾ ਜੀ ਦਾ ਵਾੜਾ ਨਹੀਂ ਸੀ। ਅਖੀਰ ਪੁੱਛ-ਪੜਤਾਲ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਗੈਰ-ਫੌਜੀ ਕੰਮਾਂ ਲਈ ਮੁਲਾਕਾਤ ਕਰਨੀ ਹੋਵੇ ਤਾਂ ਕੇਵਲ ਫਲੇਮਬੀ ਰਾਹੀਂ ਹੋ ਸਕਦੀ ਹੈ; ਕਿਉਂਕਿ ਨਵੇਂ ਕਾਨੂੰਨ ਅਨੁਸਾਰ ਇਸ ਇਲਾਕੇ ਲਈ ਇਹ ਅਧਿਕਾਰ ਉਸੇ ਨੂੰ ਦਿੱਤਾ ਗਿਆ ਸੀ।
ਲਾਚਾਰ ਹੋ ਕੇ ਅੱਜ ਦਾ ਸਫ਼ਰ ਮੁਲਤਵੀ ਕਰਨਾ ਪਿਆ। ਸਭ ਆਪੋ-ਆਪਣੇ ਕਮਰਿਆਂ ਵਿਚ ਜਾ ਲੇਟੇ। ਕਾਰਨੂਟੇਡ ਰਸੋਈ ਦੀ ਅੰਗੀਠੀ ਲਾਗੇ ਬੈਠ ਗਿਆ। ਉਸ ਦੇ ਸਾਹਮਣੇ ਅੱਗ ਤੇਜ਼ੀ ਨਾਲ ਬਲ ਰਹੀ ਸੀ। ਸਾਹਮਣੇ ਵਾਲੀ ਛੋਟੀ ਤਰਪਾਈ ਉਤੇ ਬੀਅਰ ਦੀ ਬੋਤਲ ਖੁੱਲ੍ਹੀ ਪਈ ਸੀ। ਉਹ ਪਾਈਪ ਦੇ ਸੂਟੇ ਲਾਉਂਦਾ ਵਿਚ ਵਿਚ, ਗਲਾਸ ਚੁੱਕ ਕੇ ਘੁੱਟ ਭਰੀ ਜਾ ਰਿਹਾ ਸੀ, ਤੇ ਮੁੱਛਾਂ ਉਤੇ ਜੰਮੀ ਹੋਈ ਝੱਗ ਜੀਭ ਨਾਲ ਚੱਟੀ ਜਾਂਦਾ ਸੀ।
ਲੋਸ਼ੀਓ ਸੈਰ-ਸਪਾਟੇ ਲਈ ਬਾਹਰ ਚਲਾ ਗਿਆ, ਤੇ ਉਥੇ ਜਾ ਕੇ ਉਹ ਸ਼ਰਾਬ ਦੇ ਵਪਾਰੀਆਂ ਨਾਲ ਸੌਦਾ-ਪੱਤਾ ਜੋੜਨ ਲੱਗਾ। ਕਾਊਂਟ ਤੇ ਮਿੱਲ ਮਾਲਕ, ਰਾਜਨੀਤਕ ਮਾਮਲਿਆਂ ਬਾਰੇ ਬਹਿਸ ਕਰਨ ਲੱਗੇ। ਉਨ੍ਹਾਂ ਵਿਚਕਾਰ ਫਰਾਂਸ ਦੇ ਭਵਿਖ ਬਾਰੇ ਗੱਲਾਂ ਹੋ ਰਹੀਆਂ ਸਨ। ਕਾਊਂਟ ਕਹਿੰਦਾ, ਇਸ ਦੇਸ਼ ਦਾ ਸੁਧਾਰ Ḕਅਰਲੀਅਨ’ ਰਾਜਵੰਸ਼ ਰਾਹੀਂ ਹੋਵੇਗਾ, ਪਰ ਇਸ ਦੇ ਵਿਰੋਧ ਵਿਚ ਕੱਪੜੇ ਦਾ ਵਪਾਰੀ ਕਹਿੰਦਾ ਸੀ, “ਨਹੀਂ, ਕਿਸੇ ਅਗੰਮੀ ਸ਼ਕਤੀ ਦੁਆਰਾ ਇਸ ਦੇਸ਼ ਦਾ ਸੰਕਟ ਦੂਰ ਹੋਵੇਗਾ। ਜਦ ਵਿਦੇਸ਼ੀ ਜ਼ੁਲਮਾਂ ਦਾ ਬੇੜਾ ਪਾਪਾਂ ਦੇ ਬੋਝ ਨਾਲ ਭਰ ਜਾਵੇਗਾ, ਤਾਂ ਇਸ ਨੂੰ ਡੋਬਣ ਲਈ ਰੱਬ Ḕਜੋਨ ਆਫ ਆਰਕ’ ਜਾਂ ਨਪੋਲੀਅਨ ਬੋਨਾਪਾਰਟ ਵਰਗਾ ਕੋਈ ਸੂਰਬੀਰ ਆਪਣੇ ਆਪ ਭੇਜ ਦੇਵੇਗਾ। ਜੇ ਕਦੀ ਅੱਜ ਸਾਡਾ ਰਾਜ ਕੁਮਾਰ ਇਤਨੀ ਛੋਟੀ ਉਮਰ ਦਾ ਨਾ ਹੁੰਦਾ, ਤਾਂ ਕੀ ਸਾਡੇ ਦੇਸ਼ ਦੀ ਇਹੋ ਹਾਲਤ ਹੁੰਦੀ?” ਕਾਰਨੂਟੇਡ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਇਸ ਤਰ੍ਹਾਂ ਮੁਸਕਰਾਇਆ ਜਿਵੇਂ ਫ਼ਰਾਂਸ ਦੀ ਕਿਸਮਤ ਦੀ ਕੁੰਜੀ ਉਸੇ ਦੇ ਹੱਥ ਵਿਚ ਹੈ। ਉਹਦੇ ਪਾਈਪ ਦਾ ਖੁਸ਼ਬੋਦਾਰ ਧੂੰਆਂ ਸਾਰੇ ਕਮਰੇ ਵਿਚ ਫੈਲਿਆ ਹੋਇਆ ਸੀ।
ਘੜੀ ਨੇ ਜਿਉਂ ਹੀ ਦਸ ਵਜਾਏ, ਫਲੇਮਬੀ ਉਥੇ ਆ ਹਾਜ਼ਰ ਹੋਇਆ। ਸਾਰਿਆਂ ਨੇ ਬੜੀ ਬੇਸਬਰੀ ਨਾਲ ਉਸ ਨੂੰ ਘੇਰ ਲਿਆ, ਤੇ ਉਸ ਉਤੇ ਸਵਾਲਾਂ ਦੀ ਵਾਛੜ ਸ਼ੁਰੂ ਕਰ ਦਿੱਤੀ।
ਫਲੇਮਬੀ ਨੇ ਕੁਝ ਤੈਸ਼ ਵਿਚ ਉਤਰ ਦਿੱਤਾ, “ਅਫ਼ਸਰ ਨੇ ਮੈਨੂੰ ਅੱਜ ਦੇ ਦਿਨ ਲਈ ਤੁਹਾਡੀ ਗੱਡੀ ਰੋਕ ਰੱਖਣ ਦਾ ਹੁਕਮ ਦਿੱਤਾ ਹੈ, ਤੇ ਬਿਨਾਂ ਉਸ ਦਾ ਨਵਾਂ ਹੁਕਮ ਪ੍ਰਾਪਤ ਕੀਤੇ ਤੁਸੀਂ ਨਹੀਂ ਜਾ ਸਕਦੇ। ਬੱਸ ਕਿ ਹੋਰ ਕੁਝ ਪੁੱਛਣਾ ਜੇ?”
ਇਸ ਤੋਂ ਬਾਅਦ ਸਾਰਿਆਂ ਨੇ ਅਫ਼ਸਰ ਨਾਲ ਮੁਲਾਕਾਤ ਦੀ ਖਾਹਿਸ਼ ਪ੍ਰਗਟ ਕੀਤੀ। ਕਾਊਂਟ ਨੇ ਆਪਣਾ ਮੁਲਾਕਾਤੀ ਕਾਰਡ ਉਸ ਨੂੰ ਭੇਜਿਆ। ਉਸੇ ਕਾਰਡ ਉਤੇ ਕੈਰੇ ਨੇ ਵੀ ਆਪਣੇ ਦਸਤਖ਼ਤ ਕਰ ਦਿੱਤੇ। ਕੋਈ ਇਕ ਘੰਟੇ ਬਾਅਦ ਜਰਮਨ ਅਫ਼ਸਰ ਦਾ ਹੁਕਮ ਆਇਆ ਕਿ ਉਹ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਲਗਭਗ ਇਕ ਵਜੇ ਉਨ੍ਹਾਂ ਨੂੰ ਮਿਲ ਸਕਦਾ ਹੈ।
ਰੋਟੀ ਵੇਲੇ ਫਿਰ ਸਾਰੇ ਇਕੋ ਮੇਜ਼ ਦੁਆਲੇ ਜੁੜ ਬੈਠੇ। ਤੀਵੀਆਂ ਸਾਰੀਆਂ ਹੀ ਸੁਸਤ ਘਬਰਾਈਆਂ ਹੋਈਆਂ ਸਨ। ਖਾਸ ਕਰ ਕੇ ਮਾਰਗਰੇਟ ਦਾ ਚਿਹਰਾ ਤਾਂ ਬਹੁਤ ਹੀ ਉਤਰਿਆ ਹੋਇਆ ਸੀ।
ਰੋਟੀ ਖਾਣ ਤੋਂ ਬਾਅਦ ਉਹ ਕਾਫੀ ਪੀ ਰਹੇ ਸਨ ਕਿ ਅਫਸਰ ਦਾ ਅਰਦਲੀ ਆ ਪਹੁੰਚਾ। ਦੋਵੇਂ ਸੱਜਣ ਛੇਤੀ ਨਾਲ ਉਠ ਕੇ ਮੁਲਾਕਾਤ ਲਈ ਤਿਆਰ ਹੋ ਪਏ, ਤੇ ਤੀਜਾ ਲੋਸ਼ੀਓ ਵੀ ਇਨ੍ਹਾਂ ਦੇ ਨਾਲ ਰਲ ਗਿਆ। ਜਦ ਇਨ੍ਹਾਂ ਤਿੰਨਾਂ ਨੇ ਕਾਰਨੂਟੇਡ ਨੂੰ ਵੀ ਨਾਲ ਚੱਲਣ ਲਈ ਕਿਹਾ, ਤਾਂ ਉਸ ਨੇ ਬੜੇ ਘਮੰਡ ਨਾਲ ਉਤਰ ਦਿੱਤਾ ਕਿ ਜਰਮਨਾਂ ਨਾਲ ਮੁਲਾਕਾਤ ਕਰਨ ਵਿਚ ਉਹ ਆਪਣੀ ਤੇ ਆਪਣੇ ਦੇਸ਼ ਦੀ ਹੱਤਕ ਸਮਝਦਾ ਹੈ। ਤੇ ਜਦ ਉਹ ਤਿੰਨੇ ਚਲੇ ਗਏ ਤਾਂ ਕਾਰਨੂਟੇਡ ਫ਼ਿਰ ਉਸੇ ਅੰਗੀਠੀ ਲਾਗੇ ਡੱਠੀ ਹੋਈ ਤਿਰਪਾਈ ਅੱਗੇ ਜਾ ਬੈਠਾ, ਤੇ ਹੋਟਲ ਦੇ ਨੌਕਰ ਨੂੰ ਉਸ ਨੇ ਇਕ ਹੋਰ ਬੋਤਲ ਲਿਆਉਣ ਲਈ ਕਿਹਾ।
ਤਿੰਨੇ ਆਦਮੀ ਪੌੜੀਆਂ ਚੜ੍ਹ ਕੇ ਉਪਰਲੀ ਗੈਲਰੀ ਵਿਚ ਪਹੁੰਚੇ ਜਿਥੋਂ ਉਨ੍ਹਾਂ ਨੂੰ ਮੁਲਾਕਾਤੀ ਕਮਰੇ ਵਿਚ ਜਿਹੜਾ ਸਭ ਤੋਂ ਵੱਧ ਸਜਿਆ ਹੋਇਆ ਸੀ, ਲਿਜਾਇਆ ਗਿਆ।
ਅੰਦਰ ਵੜਦਿਆਂ ਹੀ ਉਨ੍ਹਾਂ ਦੀ ਨਜ਼ਰ ਉਸੇ ਕੱਲ੍ਹ ਵਾਲੇ ਅਫ਼ਸਰ Ḕਤੇ ਪਈ ਜਿਹੜਾ ਬੜੀ ਐਂਠ ਨਾਲ ਲੱਤਾਂ ਫੈਲਾਈ ਆਰਾਮ ਨਾਲ ਕੁਰਸੀ ‘ਤੇ ਵਿਛਿਆ ਹੋਇਆ ਸੀ। ਇਸ ਵੇਲੇ ਉਹ ਚੀਨੀ ਬਣਤਰ ਦਾ ਲੰਮਾ ਹੁੱਕਾ ਪੀ ਰਿਹਾ ਸੀ। ਉਸ ਨੇ ਗਲ ਵਿਚ ਪਸ਼ਮੀਨੇ ਦਾ ਕੀਮਤੀ ਚੋਗਾ ਪਹਿਨਿਆ ਹੋਇਆ ਸੀ। ਇਉਂ ਜਾਪਦਾ ਸੀ ਜਿਸ ਤਰ੍ਹਾਂ ਇਹ ਸਭ ਚੀਜ਼ਾਂ ਕਿਸੇ ਪੁਰਾਤਨ ਰਈਸ ਦੇ ਉਜੜੇ ਹੋਏ ਮਕਾਨ ਵਿਚੋਂ ਚੁਰਾ ਕੇ ਲਿਆਂਦੀਆਂ ਗਈਆਂ ਹਨ।
ਅਫ਼ਸਰ ਨਾ ਤਾਂ ਆਪਣੇ ਥਾਂ ਤੋਂ ਹਿਲਿਆ, ਤੇ ਨਾ ਹੀ ਉਸ ਦੇ ਮੂੰਹੋਂ ਸਵਾਗਤ ਦਾ ਕੋਈ ਸ਼ਬਦ ਨਿਕਲਿਆ; ਬਲਕਿ ਉਸ ਨੇ ਆਉਣ ਵਾਲਿਆਂ ਵੱਲ ਤੱਕਣ ਦੀ ਵੀ ਲੋੜ ਨਾ ਸਮਝੀ। ਸ਼ਾਇਦ ਇਸ ਵਰਤਾਰੇ ਤੋਂ ਉਹ ਆਪਣੇ ਜੇਤੂ ਹੋਣ ਦਾ ਸਬੂਤ ਦੇਣਾ ਚਾਹੁੰਦਾ ਸੀ। ਇਹੋ ਜਿਹੇ ਸਮੇਂ ਅਕਸਰ ਹੁੰਦਾ ਹੈ।
ਜਦ ਤਿੰਨਾਂ ਨੂੰ ਉਸ ਦੇ ਪਿੱਛੇ ਖੜੋਤਿਆਂ ਦੋ ਤਿੰਨ ਮਿੰਟ ਹੋ ਗਏ, ਤਾਂ ਉਸ ਨੇ ਬੜੇ ਸਹਿਜ ਭਾ ਪਾਸਾ ਮੋੜ ਕੇ ਟੁੱਟੀ-ਭੱਜੀ ਫਰੈਂਚ ਵਿਚ ਉਨ੍ਹਾਂ ਨੂੰ ਪੁੱਛਿਆ, “ਕੀ ਚਾਹੁੰਦੇ ਹੋ ਤੁਸੀਂ?”
ਕਾਊਂਟ ਨੇ ਡਰਦਿਆਂ-ਡਰਦਿਆਂ ਬੇਨਤੀ ਕੀਤੀ, “ਅਸੀਂ ਆਪਣੇ ਰੁਕੇ ਹੋਏ ਸਫ਼ਰ ਦੀ ਆਗਿਆ ਮੰਗਣ ਆਏ ਹਾਂ।”
“ਨਹੀਂ।” ਕੇਵਲ ਇਤਨਾ ਕਹਿ ਕੇ ਅਫ਼ਸਰ ਨੇ ਮੂੰਹ ਦੂਜੇ ਪਾਸੇ ਮੋੜ ਲਿਆ।
ਕਾਊਂਟ ਨੇ ਖੰਘੂਰਾ ਮਾਰ ਕੇ ਫਿਰ ਕਿਹਾ, “ਪਰ ਕੀ ਸਾਨੂੰ ਇਸ ਦਾ ਕਾਰਨ ਦੱਸਿਆ ਜਾ ਸਕਦਾ ਹੈ?”
“ਹਾਂ! ਇਸ ਦਾ ਕਾਰਨ ਸਿਰਫ਼ ਇਹੋ ਹੈ ਕਿ ਮੈਂ ਨਹੀਂ ਚਾਹੁੰਦਾ ਤੁਸੀਂ ਜਾਓ।”
ਕਾਊਂਟ ਨੇ ਐਤਕੀਂ ਜ਼ਰਾ ਤਗੜੀ ਆਵਾਜ਼ ਵਿਚ ਕਿਹਾ, “ਸ੍ਰੀਮਾਨ ਜੀ, ਮੈਂ ਤੁਹਾਡਾ ਧਿਆਨ ਇਸ ਗੱਲ ਵੱਲ ਦਿਵਾਣਾ ਚਾਹੁੰਦਾ ਹਾਂ ਕਿ ਤੁਹਾਡੇ ਜਰਨੈਲ ਨੇ ਸਾਨੂੰ ਹਾਵਰੇ ਜਾਣ ਲਈ ਰਾਹਦਾਰੀ ਦਿੱਤੀ ਹੋਈ ਹੈ। ਨਾਲੇ ਅਸਾਂ ਐਸਾ ਕੋਈ ਕੰਮ ਨਹੀਂ ਕੀਤਾ ਜਿਸ ਕਾਰਨ ਸਾਡੇ ਨਾਲ ਇਹ ਸਖ਼ਤੀ ਕੀਤੀ ਜਾਵੇ।”
“ਬਹਿਸ ਦੀ ਲੋੜ ਨਹੀਂ।” ਅਫਸਰ ਕ੍ਰੋਧ ਵਿਚ ਬੋਲਿਆ, “ਮੇਰੇ ਹੁਕਮ ਵਿਰੁਧ ਕੋਈ ਸੁਣਾਈ ਨਹੀਂ ਹੋ ਸਕਦੀ। ਬੱਸ, ਹੁਣ ਤੁਸੀਂ ਇਸ ਕਮਰੇ ਵਿਚੋਂ ਜਾ ਸਕਦੇ ਹੋ।”
ਸਾਰਿਆਂ ਨੇ ਝੁਕ ਨੇ ਸਲਾਮ ਕੀਤੀ, ਤੇ ਕਮਰੇ ਵਿਚੋਂ ਬਾਹਰ ਨਿਕਲ ਆਏ।
ਦੁਪਹਿਰ ਬੜੀ ਮੁਸ਼ਕਲ ਨਾਲ ਕੱਟੀ। ਅਫ਼ਸਰ ਦੀ ਇਸ ਬੇਰੁਖੀ ਦੀ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਸਮਝ ਨਹੀਂ ਸੀ ਆ ਰਹੀ। ਉਨ੍ਹਾਂ ਦੇ ਦਿਮਾਗ਼ ਵਿਚ ਕਈ ਕਿਸਮ ਦੇ ਖਿਆਲ ਪੈਦਾ ਹੋ ਰਹੇ ਸਨ।
ਇਕ ਵਾਰੀ ਫਿਰ ਡਾਇਨਿੰਗ ਰੂਮ ਵਿਚ ਇਕੱਠੇ ਹੋ ਕੇ ਉਨ੍ਹਾਂ ਨੇ ਇਸ ਮਾਮਲੇ Ḕਤੇ ਵਿਚਾਰ ਕਰਨੀ ਸ਼ੁਰੂ ਕੀਤੀ। ਵਾਲ ਦੀ ਖੱਲ ਉਤਾਰੀ ਜਾਣ ਲੱਗੀ, “ਮਤੇ ਸਾਨੂੰ ਨਜ਼ਰਬੰਦ ਕਰ ਲਿਆ ਗਿਆ ਹੋਵੇæææ ਕਿਤੇ ਸ਼ਰਾਬ ਦੇ ਠੇਕੇਦਾਰ ਨੇ ਤਾਂ ਨਹੀਂ ਕੋਈ ਗਬਨ ਕੀਤਾæææ ਮਤੇ ਸਾਡੀ ਸਾਰਿਆਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇæææ ਕੀ ਪਤਾ ਕੋਰਟ ਮਾਰਸ਼ਲ ਕਰ ਕੇ ਗੋਲੀ ਨਾਲ ਉਡਾ ਦਿੱਤੇ ਜਾਈਏ।”
ਸੋਚ ਸੋਚ ਕੇ ਉਹ ਅਖੀਰ ਇਸ ਨਤੀਜੇ Ḕਤੇ ਪੁੱਜੇ ਕਿ ਜਦ ਤੱਕ ਉਸ ਅਫ਼ਸਰ ਨੂੰ ਸੋਨੇ ਦੀਆਂ ਥੈਲੀਆਂ ਨਾਲ ਮਾਲਾ-ਮਾਲ ਨਾ ਕੀਤਾ ਜਾਵੇ, ਤਦ ਤਕ ਬਚਣ ਦੀ ਕੋਈ ਆਸ ਨਹੀਂ। ਹੁਣ ਉਹ ਤਿੰਨੇ ਸ੍ਰੀਮਾਨ ਕੋਈ ਐਸਾ ਬਹਾਨਾ ਢੂੰਡਣ ਲੱਗੇ ਜਿਸ ਤੋਂ ਉਹ ਆਪਣੀ ਅਮੀਰੀ ਨੂੰ ਲੁਕਾ ਕੇ ਆਪਣੇ ਆਪ ਨੂੰ ਗਰੀਬ ਪ੍ਰਗਟ ਕਰ ਸਕਣ। ਲੋਸ਼ੀਓ ਨੇ ਆਪਣੀ ਘੜੀ ਦੀ ਸੋਨੇ ਦੀ ਚੇਨ ਉਤਾਰ ਕੇ ਜੇਬ ਵਿਚ ਰੱਖ ਲਈ। ਕੈਰੇ ਨੇ ਝਟਪਟ ਆਪਣਾ ਸਿਲਕੀ ਸੂਟ ਉਤਾਰ ਕੇ ਪੁਰਾਣਾ ਓਵਰਕੋਟ ਪਾ ਲਿਆ। ਕਾਊਂਟ ਦੀ ਉਂਗਲ ਵਿਚ ਹੀਰੇ ਦੀ ਮੁੰਦਰੀ ਸੀ, ਉਸ ਨੇ ਲਾਹ ਕੇ ਕਾਊਂਟੈਸ ਦੇ ਹਵਾਲੇ ਕਰ ਦਿੱਤੀ।
ਜਿਉਂ-ਜਿਉਂ ਰਾਤ ਨੇੜੇ ਆਉਂਦੀ ਗਈ, ਸਾਰਿਆਂ ਦਾ ਡਰ ਵਧਦਾ ਹੀ ਗਿਆ।
ਰਾਤੀਂ ਇਕ ਵਾਰੀ ਫਿਰ ਫਲੇਮਬੀ ਨੇ ਦਰਸ਼ਨ ਦਿੱਤੇ, ਤੇ ਆਉਂਦਾ ਹੀ ਬੜੀ ਸਖ਼ਤੀ ਨਾਲ ਕਹਿਣ ਲੱਗਾ, “ਜਰਮਨ ਅਫ਼ਸਰ ਨੇ ਮਿਸ ਮਾਰਗਰੇਟ ਨੂੰ ਪੁੱਛ ਭੇਜਿਆ ਹੈ ਕਿ ਉਸ ਨੇ ਅਜੇ ਤੱਕ ਆਪਣਾ ਖਿਆਲ ਬਦਲਿਆ ਹੈ ਕਿ ਨਹੀਂ।”
ਮਾਰਗਰੇਟ ਮੁਰਦੇ ਵਾਂਗ ਪੀਲੀ ਪੈ ਗਈ, ਪਰ ਝੱਟ ਹੀ ਕ੍ਰੋਧ ਨਾਲ ਅੱਗ-ਬਗੋਲਾ ਹੋ ਗਈ, ਤੇ ਲੰਮੇ-ਲੰਮੇ ਸਾਹ ਲੈਂਦੀ ਹੋਈ ਬੋਲੀ, “ਮਿਹਰਬਾਨੀ ਕਰ ਕੇ ਉਸ ਬਦਮਾਸ਼ ਕੁੱਤੇ ਨੂੰ ਕਹਿ ਦਿਓ ਕਿ ਮੈਂ ਉਸ ਦੇ ਮੂੰਹ Ḕਤੇ ਥੁੱਕਣ ਨੂੰ ਵੀ ਤਿਆਰ ਨਹੀਂ। ਜਾਓ, ਬੱਸ ਹੋਰ ਮੈਥੋਂ ਕੁਝ ਨਾ ਪੁੱਛਣਾ।”
ਗੁੱਸੇ ਵਿਚ ਬੁੜ-ਬੁੜਾਉਂਦਾ ਤੇ ਖੰਘਦਾ ਹੋਇਆ ਹੋਟਲ ਵਾਲਾ ਬਾਹਰ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਸਾਰਿਆਂ ਨੇ ਮਾਰਗਰੇਟ ਨੂੰ ਘੇਰ ਲਿਆ, ਤੇ ਉਸ ਉਤੇ ਵੰਨ-ਸਵੰਨੇ ਪ੍ਰਸ਼ਨ ਕਰਨ ਲੱਗੇ। ਮਾਰਗਰੇਟ ਨੇ ਅਫਸਰ ਨਾਲ ਹੋਈ ਰਾਤ ਵਾਲੀ ਮੁਲਾਕਾਤ ਬਾਰੇ ਅਜੇ ਤਕ ਉਨ੍ਹਾਂ ਨੂੰ ਕੁਝ ਨਹੀਂ ਸੀ ਦੱਸਿਆ, ਨਾ ਹੀ ਫਟਕਾਰ ਖਾਣ ਤੋਂ ਬਾਅਦ ਉਹ ਮੁੜ ਕੇ ਪੁੱਛਣ ਦੀ ਹਿੰਮਤ ਕਰ ਸਕੇ ਸਨ। ਇਸ ਵੇਲੇ ਉਨ੍ਹਾਂ ਦੀ ਪੁੱਛਣ ਦੀ ਤੀਬਰਤਾ ਜਾਗ ਉਠੀ। ਸਾਰੇ ਹੀ ਮਿੰਨਤਾਂ ਤਰਲੇ ਕਰਨ ਲੱਗੇ।
ਮਾਰਗਰੇਟ ਪਹਿਲਾਂ ਤਾਂ ਕੁਝ ਨਾ ਦੱਸਣ Ḕਤੇ ਹੀ ਅੜੀ ਰਹੀ, ਪਰ ਛੇਤੀ ਹੀ ਜਦ ਉਸ ਦਾ ਗੁੱਸਾ ਕੁਝ ਠੰਢਾ ਹੋਇਆ, ਤਾਂ ਉਹ ਬੋਲੀ, “ਉਹ ਕੀ ਚਾਹੁੰਦਾ ਹੈ? ਉਹ ਚਾਹੁੰਦਾ ਹੈ, ਰਾਤੀਂ ਮੈਨੂੰ ਆਪਣੇ ਪਾਸ ਰੱਖਣਾ।” ਇਹ ਵਾਕ ਮਾਰਗਰੇਟ ਨੇ ਇਤਨੇ ਕੜਕ ਕੇ ਕਹੇ ਕਿ ਸਾਰਾ ਕਮਰਾ ਗੂੰਜ ਉਠਿਆ।
ਸੁਣ ਕੇ ਸਾਰਿਆਂ ਦਾ ਗੁੱਸਾ ਓੜਕ ਦੀ ਹੱਦ ਤਕ ਪਹੁੰਚ ਗਿਆ। ਕਾਰਨੂਟੇਡ ਨੇ ਬੀਅਰ ਦੀ ਬੋਤਲ ਫ਼ਰਸ਼ ‘ਤੇ ਪਟਕਾ ਮਾਰੀ। ਉਸ ਕਮੀਨੇ ਜਰਮਨ ਵਿਰੁਧ ਸਾਰੇ ਭੜਕ ਉਠੇ। ਸਾਰੇ ਹੀ ਉਸ ਦੁਸ਼ਟ ਪਾਸੋਂ ਬਦਲਾ ਲੈਣ ਲਈ ਤਿਲਮਿਲਾਉਣ ਲੱਗੇ। ਮਾਰਗਰੇਟ ਨੂੰ ਜਿਹੜਾ ਬਲੀਦਾਨ ਕਰਨਾ ਪੈ ਰਿਹਾ ਸੀ, ਉਸ ਵਿਚ ਹੱਥ ਵਟਾਉਣ ਲਈ ਸਾਰੇ ਹੀ ਤਿਆਰ ਹੋ ਖਲੋਤੇ। ਬ੍ਰਹਮਚਾਰਨੀਆਂ ਜਿਹੜੀਆਂ ਕੇਵਲ ਰੋਟੀ ਖਾਣ ਵੇਲੇ ਹੀ ਨਜ਼ਰੀਂ ਆਉਂਦੀਆਂ ਸਨ, ਤੇ ਹੁਣ ਵੀ ਰਸੋਈ ਵਿਚੋਂ ਰੋਟੀਆਂ ਦੀ ਖੁਸ਼ਬੋ ਆਉਣ ਤੇ ਹੀ Ḕਰੋਟੀ ਵੇਲਾ ਹੋ ਗਿਆ’ ਸਮਝ ਕੇ ਆਈਆਂ ਸਨ, ਸਿਰ ਸੁੱਟ ਕੇ ਬੈਠ ਗਈਆਂ। ਦੋਹਾਂ ਵਿਚੋਂ ਕਿਸੇ ਦੇ ਮੂੰਹੋਂ ਵੀ ਕੁਝ ਨਾ ਨਿਕਲਿਆ। ਸ਼ਾਇਦ ਉਹ ਦਿਲ ਹੀ ਦਿਲ ਵਿਚ ਇਸ ਸੰਕਟ ਦੀ ਨਵਿਰਤੀ ਲਈ ਪ੍ਰਾਰਥਨਾ ਕਰ ਰਹੀਆਂ ਹੋਣ!
ਇਨ੍ਹਾਂ ਹੀ ਸੋਚਾਂ-ਵਿਚਾਰਾਂ ਵਿਚ ਰੋਟੀ ਦਾ ਵੇਲਾ ਹੋ ਗਿਆ। ਅੱਜ ਰੋਟੀ ਖਾਂਦਿਆਂ ਬੋਲਿਆ ਘੱਟ ਗਿਆ, ਪਰ ਸੋਚਿਆ ਬਹੁਤਾ ਗਿਆ।
ਰੋਟੀ ਖਾ ਕੇ ਤੀਵੀਆਂ ਆਪੋ-ਆਪਣੇ ਕਮਰਿਆਂ ਵਿਚ ਜਾ ਕੇ ਸੌਂ ਗਈਆਂ ਤੇ ਆਦਮੀਆਂ ਨੇ ਪਾਈਪ ਧੁਖਾ ਲਏ। ਸਾਰਿਆਂ ਨੇ ਤਾਸ਼ ਖੇਡਣ ਦੇ ਬਹਾਨੇ ਹੋਟਲ ਵਾਲੇ ਨੂੰ ਵੀ ਸੱਦ ਕੇ ਨਾਲ ਸ਼ਾਮਲ ਕਰ ਲਿਆ। ਅਸਲ ਵਿਚ ਉਹ ਉਸ ਪਾਸੋਂ ਕੁਝ ਭੇਤ ਲੈਣਾ ਚਾਹੁੰਦੇ ਸਨ, ਤਾਂ ਜੋ ਉਨ੍ਹਾਂ ਨੂੰ ਅਫ਼ਸਰ ਦੀ ਅਸਲ ਨੀਤੀ ਦਾ ਪਤਾ ਲੱਗ ਸਕੇ।
ਤਾਸ਼ ਸ਼ੁਰੂ ਹੋਈ। ਫਲੇਮਬੀ ਵੀ ਇਸ ਵਿਚ ਹਿੱਸਾ ਲੈ ਰਿਹਾ ਸੀ। ਸਾਰੇ ਆਪੋ-ਆਪਣੇ ਥਾਂ ਹੋਰ-ਹੋਰ ਗੱਲਾਂ ਛੇੜ ਕੇ ਫਲੇਮਬੀ ਦੇ ਅੰਦਰੋਂ ਕੋਈ ਭੇਤ ਕੱਢਣ ਲਈ ਟਿੱਲ ਲਾ ਥੱਕੇ, ਪਰ ਉਹ ਵੀ ਕੱਚੀਆਂ ਗੋਲੀਆਂ ਨਹੀਂ ਸੀ ਖੇਡਿਆ ਹੋਇਆ। ਤਾਸ਼ ਦੀਆਂ ਸਰਾਂ ਤੋਂ ਛੁੱਟ ਉਹ ਹੋਰ ਕਿਸੇ ਗੱਲ ਵੱਲ ਧਿਆਨ ਹੀ ਨਹੀਂ ਸੀ ਦੇ ਰਿਹਾ, ਸਗੋਂ ਬਰਾਬਰ ਕਹੀ ਜਾਂਦਾ ਸੀ, “ਗੱਲਾਂ ਛੱਡੋ, ਤੇ ਖੇਡ ਵੱਲ ਧਿਆਨ ਦਿਓ।” ਤੇ ਆਪ ਉਸ ਦਾ ਧਿਆਨ ਖੇਡ ਵਿਚ ਇਤਨਾ ਖੁਭਿਆ ਜਾਪਦਾ ਸੀ ਕਿ ਉਸ ਨੂੰ ਖੰਘਣਾ ਵੀ ਕੁਝ ਚਿਰ ਲਈ ਭੁੱਲ ਗਿਆ। ਇਸ ਨਾ ਖੰਘਣ ਦਾ ਨਤੀਜਾ ਇਹ ਹੋਇਆ ਕਿ ਉਸ ਦੀ ਛਾਤੀ ਵਿਚ ਘੋਰੜੂ ਵਾਂਗ ਬਲਗਮ ਬੋਲਣ ਲੱਗ ਪਈ। ਉਸ ਦੀ ਫ਼ੇਫੜਿਆਂ ਦੀ ਹਰ ਇਕ ਹਰਕਤ ਤੋਂ ਦਮੇ ਦਾ ਰੰਗ ਪ੍ਰਗਟ ਹੋ ਰਿਹਾ ਸੀ। ਉਸ ਦੇ ਸਵਾਸਾਂ ਵਿਚੋਂ ਠੀਕ ਉਸੇ ਤਰ੍ਹਾਂ ਦੀ ਘਰ-ਘਰਾਂਦੀ ਆਵਾਜ਼ ਨਿਕਲਦੀ ਸੀ, ਜਿਵੇਂ ਛੋਟੇ ਕੁੱਕੜ ਦੀ ਬਾਂਗ ਦੇਣ ਵੇਲੇ।
ਉਸ ਦੀ ਵਹੁਟੀ ਸੱਦਣ ਆਈ। ਸ਼ਾਇਦ ਉਸ ਨੂੰ ਨੀਂਦਰ ਆ ਗਈ ਸੀ, ਪਰ ਫਲੇਮਬੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਸੋ, ਵਿਚਾਰੀ ਖਪਦੀ-ਖਿਝਦੀ ਮੁੜ ਗਈ। ਜਾਣ ਲੱਗੀ ਵਹੁਟੀ ਨੂੰ ਉਹਨੇ ਪਿਛੋਂ ਆਵਾਜ਼ ਦੇ ਕੇ ਕਿਹਾ, “ਮੇਰੀ ਬੋਤਲ ਅੰਗੀਠੀ ਕੋਲ ਰੱਖ ਦੇਈਂ।” ਤੇ ਆਪ ਉਹ ਫਿਰ ਖੇਡ ਵਿਚ ਲੱਗ ਗਿਆ।
ਜਦ ਸਾਰੇ ਸਮਝ ਗਏ ਕਿ ਇਸ ਪੁਰਾਣੇ ਪਾਪੀ ਦੇ ਮੂੰਹੋਂ ਮਤਲਬ ਦੀ ਕੋਈ ਗੱਲ ਨਿਕਲਣ ਦੀ ਆਸ ਨਹੀਂ, ਤਾਂ ਉਹ ਵੀ ਨੀਂਦਰ ਦਾ ਬਹਾਨਾ ਕਰ ਕੇ ਉਠ ਖੜੋਤੇ।
(ਚਲਦਾ)

Be the first to comment

Leave a Reply

Your email address will not be published.