ਗੁਲਜ਼ਾਰ ਸਿੰਘ ਸੰਧੂ
ਫਿਲਮ Ḕਤੇਰਾ ਮੇਰਾ ਕੀ ਰਿਸ਼ਤਾḔ ਤੇ Ḕਹਮ ਦਿਲ ਦੇ ਚੁਕੇ ਸਨਮḔ ਦੀ ਸਕਰਿਪਟ ਲਿਖਣ ਵਾਲਾ ਅਤੇ ਗੁਲਜ਼ਾਰ ਦੀ ਫ਼ਿਲਮ ḔਮਾਚਿਸḔ ਵਿਚ ਆਜੜੀ ਦਾ ਰੋਲ ਕਰਨ ਵਾਲਾ ਅਮਰੀਕ ਗਿੱਲ ḔਕਿਰਪਾਨḔ ਨਾਂ ਦੀ ਨਵੀਂ ਫ਼ਿਲਮ ਵਿਚ ਨਿਰਦੇਸ਼ਕ ਬਣ ਕੇ ਨਿਤਰਿਆ ਹੈ। ਗੁਰਾਂ ਕੋਲੋਂ ਬਖਸ਼ੀਸ਼ ਵਿਚੋਂ ਮਿਲ ਇਕ ਜੱਦੀ-ਪੁਸ਼ਤੀ ਕਿਰਪਾਨ ਨੂੰ ਕੋਹਿਨੂਰ ਹੀਰੇ ਵਰਗੀ ਮੁਲਵਾਨ ਤੇ ਪਰਿਵਾਰ ਦੀ ਅਣਖ ਬਣਾ ਕੇ ਪੇਸ਼ ਕਰਨ ਵਿਚ ਘੜੀ ਗਈ ਇਹ ਕਹਾਣੀ ਸੱਚ-ਮੁੱਚ ਹੀ ਅੰਤਾਂ ਦੀ ਫਿਲਮੀ ਹੈ। ਨਿੱਤ ਨਵੀਆਂ ਲੜਾਈਆਂ ਲੜਨ ਵਾਲੇ ਤੇ ਗੁਰੂ ਸਾਹਿਬਾਨ ਦਾ ਥਾਪੜਾ ਪ੍ਰਾਪਤ ਕਈ ਪੰਜਾਬੀ ਪਰਿਵਾਰ ਅੱਜ ਤੱਕ ਆਪਣੇ ਘਰਾਂ ਵਿਚ ਗੁਰੂ ਦੀ ਬਖਸ਼ਿਸ਼ ਵਾਲੀਆਂ ਵਸਤਾਂ ਨੂੰ ਪੀੜ੍ਹੀਓ ਪੀੜ੍ਹੀ ਸੰਭਾਲੀ ਬੈਠੇ ਹਨ। ਕਹਾਣੀ ਦਾ ਨਾਇਕ ਬੀਰੂ ਵਿਦਿਆ ਪ੍ਰਾਪਤੀ ਦੇ ਦਿਨਾਂ ਵਿਚ ਹੀ ਅਜਿਹੀ ਸੰਗਤ ਵਿਚ ਪੈ ਜਾਂਦਾ ਹੈ ਕਿ ਉਸ ਨੂੰ ਆਪਣੇ ਦਾਦੇ-ਪੜਦਾਦੇ ਦੀ ਸੂਰਮਗਤੀ ਦਾ ਉਕਾ ਹੀ ਅਹਿਸਾਸ ਨਹੀਂ ਹੁੰਦਾ। ਉਂਜ ਉਸ ਦੇ ਵਿਅਕਤਿਤਵ ਵਿਚ ਅਜਿਹੇ ਗੁਣ ਹਨ ਕਿ ਉਸ ਦੇ ਨਾਲ ਪੜ੍ਹਨ ਵਾਲੇ ਮੁੰਡੇ ਤੇ ਕੁੜੀਆਂ ਉਸ ਨੂੰ ਪਿਆਰ ਕਰਦੇ ਹਨ। ਆਪਣੇ ਨਿੱਜੀ ਗੁਣਾਂ ਨੂੰ ਚੰਗੇ ਪਾਸੇ ਵਰਤਣ ਦੀ ਥਾਂ ਉਹ ਆਪਣੇ ਗੁਣਾਂ ਨੂੰ ਵਿੱਦਿਆ ਵਿਸਾਰਨ ਤੇ ਨਸ਼ੇ ਪਿਆਰਨ ਦੇ ਲੇਖੇ ਲਾ ਦਿੰਦਾ ਹੈ। ਉਸ ਦੇ ਹੱਥੋਂ ਸੀਰਤ ਵਰਗੀਆਂ ਉਹ ਕੁੜੀਆਂ ਵੀ ਜਿਹੜੀਆਂ ਉਸ ਦੇ ਅੰਦਰਲੇ ਗੁਣਾਂ ਨੂੰ ਪਛਾਣਦੀਆਂ ਹਨ, ਉਸ ਤੋਂ ਬੇਮੁੱਖ ਹੋ ਕੇ ਚੰਗੀ ਵਿਦਿਆ ਪ੍ਰਾਪਤ ਕਰਕੇ ਵੱਡੀਆਂ ਅਫਸਰ ਬਣਦੀਆਂ ਹਨ।
ਇਹ ਸਬੱਬ ਦੀ ਗੱਲ ਹੈ ਕਿ ਉਹ ਇੰਗਲੈਂਡ ਜਾ ਕੇ ਆਪਣੀਆਂ ਘਾਟਾਂ ਦੇ ਬਾਵਜੂਦ ਜੈਸਮੀਨ ਨਾਂ ਦੀ ਕੁੜੀ ਨੂੰ ਭਾ ਜਾਂਦਾ ਹੈ ਜਿਸ ਦੀ ਇਕ ਅਜਿਹੇ ਬਜ਼ੁਰਗ ਨਾਲ ਜਾਣ-ਪਛਾਣ ਹੈ ਜਿਸ ਦੇ ਮਨ ਵਿਚ ਬੀਰੂ ਦੇ ਦਾਦਾ ਅਰਜਣ ਸਿੰਘ ਤੇ ਪੜਦਾਦਾ ਗੁਰਮੁਖ ਸਿੰਘ ਦੀ ਬੜੀ ਇੱਜ਼ਤ ਹੈ। ਉਸ ਦੀ ਸੁਹਬਤ ਵਿਚ ਬੀਰੂ ਨਸ਼ਾ ਪਾਣੀ ਹੀ ਨਹੀਂ ਤਿਆਗਦਾ, ਆਪਣੇ ਦਾਦਾ ਜੀ ਕੋਲੋਂ ਖੁੱਸੀ ਤੇ ਬਰਤਾਨਵੀ ਅਜਾਇਬ ਘਰ ਵਿਚ ਕੈਦ ਹੋਈ ਕਿਰਪਾਨ ਨੂੰ ਆਪਣੇ ਪਿਤਾ (ਕੁਲਭੂਸ਼ਣ ਖਰਬੰਦਾ) ਦੀ ਨਜ਼ਰ ਕਰਨ ਵਿਚ ਸਫਲ ਹੋ ਜਾਂਦਾ ਹੈ।
ਕਿਰਪਾਨ ਦੀ ਕਹਾਣੀ ਵਰਤਮਾਨ ਪੀੜ੍ਹੀ ਨੂੰ ਮੱਤ ਅਤੇ ਉਸ ਤੋਂ ਪਹਿਲੀ ਪੀੜ੍ਹੀ ਨੂੰ ਆਦਰ-ਮਾਣ ਦੇਣ ਵਾਲੀ ਹੈ। ਵਿਦੇਸ਼ ਬੈਠੇ ਪੰਜਾਬੀਆਂ ਨੂੰ ਸਭ ਤੋਂ ਵੱਧ। ਇੱਕ ਹੋਰ ਖੂਬੀ ਇਸ ਫਿਲਮ ਦਾ ਸਾਫ਼ ਤੇ ਸੁੱਚੀ ਹੋਣਾ ਹੈ। ਨਾਚ ਗਾਣੇ ਵੀ ਸਾਫ਼ ਤੇ ਸੁੱਚੇ ਵਾਰਤਾਲਾਪ ਵੀ। ਇੱਕ ਹੋਰ ਖੂਬੀ ਇਹ ਕਿ ਆਦਿ ਤੋਂ ਅੰਤ ਤੱਕ ਇਹ ਫ਼ਿਲਮ ਸੱਚੇ ਤੇ ਸੁੱਚੇ ਰਿਸ਼ਤਿਆਂ ਦੀ ਪੇਸ਼ਕਾਰੀ ਕਰਦੀ ਹੈ। ਨੌਜਵਾਨਾਂ ਨੂੰ ਵਿਦਿਆ ਤੇ ਵੱਡਿਆਂ ਨੂੰ ਆਪਣੀ ਪਛਾਣ ਬਣਾਈ ਰਖਣ ਦਾ ਹੋਕਾ ਦੇਣ ਵਾਲੀ। ਅਨੰਦਪੁਰ ਸਾਹਿਬ ਤੋਂ ਦੂਰ ਬੈਠੇ ਪੰਜਾਬੀ ਤਾਂ ਇਸ ਫਿਲਮ ਵਿਚੋਂ ਹੋਲਾ ਮਹੱਲਾ ਦਾ ਰੰਗ ਵੀ ਮਾਣ ਸਕਦੇ ਹਨ।
ਮੇਰੇ ਲਈ ਤਾਂ ਇਹ ਪਹਿਲੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਹੀ ਮੇਰਾ ਮਿੱਤਰ ਨਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੁਨੀਤਾ ਧੀਰ ਤੇ ਪਰਮੀਸ਼ ਵਰਮਾ ਅਤੇ ਸਾਹਿਬ ਸਿੰਘ ਨਾਟਕਕਾਰ ਦੀ ਬੇਟੀ ਮਲਿਕਾ ਸਿੰਘ ਤੇ ਉਸ ਦੀ ਮੰਮੀ ਰੋਜ਼ੀ ਦਾ ਇਸ ਵਿਚ ਕੰਮ ਕਰਦੇ ਹੋਣਾ ਵੀ ਖਿੱਚ ਦਾ ਕਾਰਨ ਸੀ। ਜੇ ਨਿਰਦੇਸ਼ਕ ਨੇ ਥੋੜ੍ਹਾ ਧਿਆਨ ਦਿੱਤਾ ਹੁੰਦਾ ਤਾਂ ਰੋਸ਼ਨ ਪ੍ਰਿੰਸ ਦਾ ਰੋਲ ਹੋਰ ਨਿਖਰ ਸਕਦਾ ਸੀ। ਕੁਲ ਮਿਲਾ ਕੇ ਅਮਰੀਕ ਗਿੱਲ ਨੂੰ ਸਾਫ਼ ਸੁਥਰੀ ਫਿਲਮ ਪੇਸ਼ ਕਰਨ ਲਈ ਵਧਾਈ।
ਕਵੀ ਪਾਸ਼ ਦੇ ਹਿੱਸੇ ਦਾ ਘਾਹ: ਪਿਛਲੇ ਦਿਨੀਂ ਮੈਨੂੰ ਸੰਗੀਤਾ ਗੁਪਤਾ ਵਲੋਂ ਤਿਆਰ ਕੀਤੀ ਪਾਸ਼ ਦੀਆਂ ਕਵਿਤਾਵਾਂ ਦੀ ਨਾਟਕੀ ਪੇਸ਼ਕਾਰੀ ਵੇਖਣ ਦਾ ਅਵਸਰ ਮਿਲਿਆ। Ḕਮੈਂ ਘਾਹ ਹਾਂḔ ਸਿਰਲੇਖ ਵਾਲੀ ਕਵਿਤਾ ਨੂੰ ਧੁਰਾ ਬਣਾ ਕੇ ਕਵੀ ਦੀ ਸ਼ਖਸੀਅਤ ਅਤੇ ਉਸ ਦੇ ਜੀਵਨ ਦਰਸ਼ਨ ਨੂੰ ਪੇਸ਼ ਕਰਨ ਵਾਲੀ ਸੁੱਚੀ ਪੇਸ਼ਕਾਰੀ।
ਮੈਂ ਘਾਹ ਹਾਂ, ਮੈਂ ਮਰਾਂਗਾ ਨਹੀਂ,
ਬੰਬ ਸਿੱਟ ਦਿਓ ਭਾਵੇਂ ਵਿਸ਼ਵ ਵਿਦਿਆਲੇ Ḕਤੇ।
ਬਣਾ ਦਿਓ ਹਰ ਹੋਸਟਲ ਮਲਬੇ ਦਾ ਢੇਰ,
ਸੁਹਾਗਾ ਫੇਰ ਦਿਓ ਬੇਸ਼ਕ ਸਾਡੀਆਂ ਝੁੱਗੀਆਂ Ḕਤੇ।
ਪਰ ਮੈਨੂੰ ਕੀ ਕਰੋਗੇ-ਮੈਂ ਘਾਹ ਹਾਂ,
ਹਰ ਚੀਜ਼ ਨੂੰ ਢਕ ਲਵਾਂਗਾ
ਹਰ ਢੇਰ Ḕਤੇ ਉਗ ਆਵਾਂਗਾ
ਮੈਂ ਮਰਾਂਗਾ ਨਹੀਂ।
ਮੇਰੀ ਕਵਿਤਾ ਢੇਰ ਤੱਕ ਜ਼ਿੰਦਾ ਰਹੇਗੀ
ਕਿਉਂਕਿ ਇਹ ਸਮੁੱਚੀ ਜ਼ਿੰਦਗੀ ਨਾਲ
ਇਸ਼ਕ ਦੀ ਕਵਿਤਾ ਹੈ।
ਸੰਗੀਤਾ ਦੀ ਪੇਸ਼ਕਾਰੀ ਕਵੀ ਦੇ ਸੱਚ ਉਤੇ ਮੁਹਰ ਲਾਉਂਦੀ ਹੈ। ਉਹ ਮਰਿਆ ਨਹੀਂ ਤੇ ਘਾਹ ਵਾਂਗ ਉਗ ਆਇਆ ਹੈ ਤੇ ਉਗਦਾ ਰਹੇਗਾ। ਪਾਸ਼ ਦੀ ਕਵਿਤਾ ਵਿਚਲੇ ਰੂਪਕ ਤੇ ਚਿੰਨ ਬੜੇ ਜਾਨਦਾਰ ਹਨ। ਹੱਥਾਂ ਬਾਰੇ ਉਸ ਦਾ ਇਹ ਲਿਖਣਾ Ḕਹੱਥ ਨਿਰੇ ਜੋੜਨ ਲਈ ਨਹੀਂ ਹੁੰਦੇ, ਗਿੱਚੀਆਂ ਮਰੋੜਨ ਲਈ ਵੀ ਹੁੰਦੇ ਹਨḔ ਇਸੇ ਧਾਰਨਾ ਨੂੰ ਉਜਾਗਰ ਕਰਦਾ ਹੈ। ਪਾਸ਼ ਸ਼ਬਦਾਂ ਨੂੰ ਨਵੇਂ ਅਰਥ ਦੇਣ ਵਾਲਾ ਕਵੀ ਸੀ। ਉਸ ਦੀ ਕਵਿਤਾ ਵਿਚਲੇ ਸ਼ਬਦਾਂ ਤੇ ਉਨ੍ਹਾਂ ਦੇ ਅਰਥਾਂ ਦੀ ਗੂੰਜ ਸਮੇਂ ਸਥਾਨ ਦੀਆਂ ਸੀਮਾਵਾਂ ਟੱਪ ਕੇ ਧਰਤੀ ਤੋਂ ਆਕਾਸ਼ ਵਲ ਸਫ਼ਰ ਕਰਨ ਵਾਲੀ ਹੈ। ਜਿਵੇਂ,
ਪੁਲਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ,
ਸਭ ਤੋਂ ਖਤਰਨਾਕ ਹੁੰਦੈ
ਸਾਡੇ ਸੁਪਨਿਆਂ ਦਾ ਮਰ ਜਾਣਾ।
ਸੰਗੀਤਾ ਖੁਦ ਵੀ ਜਾਨਦਾਰ ਅਭਿਨੇਤਰੀ ਹੈ। ਉਸ ਦੇ ਬੋਲਾਂ ਰਾਹੀਂ ਪਾਸ਼ ਦੇ ਸੁਪਨਿਆਂ ਦਾ ਜਿਉਂਦੇ ਰਹਿਣਾ ਘਾਹ ਦਾ ਮੁੜ ਮੁੜ ਉਗਣਾ ਬਹੁਤ ਚੰਗਾ ਲਗਦਾ ਹੈ। ਕੁਝ ਇਸੇ ਤਰ੍ਹਾਂ ਜਿਵੇਂ ਕੁਲਵੰਤ ਸਿੰਘ ਵਿਰਕ ਦੀ ਪ੍ਰਸਿੱਧ ਕਹਾਣੀ ḔਖੱਬਲḔ ਰਾਹੀਂ ਮਨੁੱਖੀ ਰਿਸ਼ਤਿਆਂ ਦਾ ਬੱਲ ਕਾਇਮ ਰਹਿਣਾ। ਵਿਰਕ, ਪਾਸ਼ ਤੇ ਸੰਗੀਤਾ ਜ਼ਿੰਦਾਬਾਦ!
ਅੰਤਿਕਾ: (ਦਰਸ਼ਨ ਸਿੰਘ ਹੀਰ)
ਪਿਆਰ ਦੀ ਆਦਤ ਵਧ ਕੇ ਘਟਦਾ
ਤੇ ਫਿਰ ਵਧਦਾ ਕੁਝ ਚਿਰ ਘਟ ਕੇ।
ਬਿਰਧ ਹੋ ਗਿਆ ਯੁਵਕ ਪ੍ਰੇਮੀ
ਬਿਰਹਾ ਦੀ ਇਕ ਰਾਤ ਹੀ ਕੱਟ ਕੇ।
Leave a Reply