ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਚੋਣਾਂ ਵਿਚ ਲਾਹਾ ਲੈਣ ਲਈ ਇਕ ਟੀæਵੀæ ਚੈਨਲ ਨੂੰ ਦਿੱਤੀ ਇੰਟਰਵਿਊ ਨੇ ਸਿਆਸਤ ਵਿਚ ਅਜਿਹਾ ਉਬਾਲ ਲਿਆਂਦਾ ਕਿ ਇਹ ਕਈ ਹਫਤਿਆਂ ਪਿਛੋਂ ਵੀ ਜਿਉਂ ਦਾ ਤਿਉਂ ਬਰਕਰਾਰ ਹੈ; ਖਾਸ ਕਰ ਪੰਜਾਬ ਦੀ ਸਿਆਸਤ ਨੂੰ ਤਾਂ ਇਸ ਨੇ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਨਵੰਬਰ 1984 ਵਿਚ ਸਿੱਖ ਕਤਲੇਆਮ ਬਾਰੇ ਰਾਹੁਲ ਦਾ ਬਿਆਨ ਹੌਲੀ-ਹੌਲੀ ਫੈਲ ਕੇ ਸ੍ਰੀ ਅਕਾਲ ਸਾਹਿਬ ਉਤੇ ਹਮਲੇ ਤੱਕ ਜਾ ਅੱਪੜਿਆ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਭਖੇ ਹੋਏ ਮੁੱਦੇ ਤੋਂ ਲਾਹਾ ਲੈਣ ਲਈ ਪੂਰੀ ਜਾਨ ਲਾ ਦਿੱਤੀ, ਹਾਲਾਂਕਿ ਖੁਦ ਇਸ ਦੇ ਆਗੂਆਂ ਦੀ ਉਸ ਦੌਰ ਦੀ ਭੂਮਿਕਾ ਸਦਾ ਸ਼ੱਕ ਦੇ ਘੇਰੇ ਵਿਚ ਰਹੀ ਹੈ। ਹੋਰ ਤਾਂ ਹੋਰ, ਅਕਾਲੀ ਦਲ ਦੀ ਭਾਈਵਾਲ ਧਿਰ ਭਾਰਤੀ ਜਨਤਾ ਪਾਰਟੀ ਵੀ ਇਨ੍ਹਾਂ ਮੁੱਦਿਆਂ ਉਤੇ ਕਾਂਗਰਸ ਖਿਲਾਫ ਕਿੱਲ੍ਹਦੀ ਨਜ਼ਰ ਆਈ ਹੈ। ਪੰਜਾਬ ਤੇ ਸਿੱਖਾਂ ਦੇ ਮਸਲਿਆਂ ਬਾਰੇ ਇਸ ਪਾਰਟੀ ਦੀ ਪਹੁੰਚ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਕੋਈ ਸ਼ੱਕ ਹੈ ਪਰ ਇਸ ਮਾਮਲੇ ‘ਤੇ ਫਸੀ ਕਾਂਗਰਸ ਨੂੰ ਠਿੱਬੀ ਲਾਉਣ ਲਈ ਇਹ ਪਾਰਟੀ ਵੀ ਪਿੱਛੇ ਨਹੀਂ ਰਹੀ ਹੈ। ਕਾਂਗਰਸੀ ਤੇ ਅਕਾਲੀ ਆਗੂ ਇਕ-ਦੂਜੇ ਉਤੇ ਦੂਸ਼ਣਾਂ ਦੀ ਝੜੀ ਲਾ ਰਹੇ ਹਨ ਅਤੇ ਖੁਦ ਨੂੰ ਸੱਚੇ ਸਾਬਤ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਇਸ ਤੋਂ ਪਹਿਲਾਂ ਸਾਕਾ ਨੀਲਾ ਤਾਰਾ ਦੀ ਕਥਿਤ ਯੋਜਨਾ ਵਿਚ ਬਰਤਾਨਵੀ ਸਰਕਾਰ ਦੀ ਭਾਈਵਾਲੀ ਦਾ ਮਾਮਲਾ ਜ਼ੋਰ ਫੜ ਚੁੱਕਿਆ ਸੀ। ਕੁੱਲ ਮਿਲਾ ਕੇ ਸ੍ਰੀ ਅਕਾਲ ਤਖਤ ਉਤੇ ਹਮਲੇ ਦਾ ਮੁੱਦਾ ਇਕ ਵਾਰ ਫਿਰ ਵੱਖ-ਵੱਖ ਪਾਰਟੀਆਂ ਅਤੇ ਮੀਡੀਆ ਵਲੋਂ ਵੱਡੇ ਪੱਧਰ ਉਤੇ ਉਭਾਰਿਆ ਗਿਆ ਹੈ। ਰਤਾ ਕੁ ਘੋਖ ਨਾਲ ਦੇਖਿਆ ਜਾਵੇ ਤਾਂ ਇਹ ਮੁੱਦਾ ਵਿਚਾਰਨ ਦੇ ਮਾਮਲੇ ਵਿਚ ਸਭ ਧਿਰਾਂ ਦੀ ਪਹੁੰਚ ਇਕਪਾਸੜ ਹੀ ਦਿਖਾਈ ਦਿੱਤੀ ਹੈ। ਇਸ ਮੁੱਦੇ ਨੂੰ ਸੰਜੀਦਾ ਢੰਗ ਨਾਲ ਵਿਚਾਰਨ ਅਤੇ ਇਸ ਨਾਲ ਜੁੜੇ ਸਾਰੇ ਪੱਖਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਿਸੇ ਨੇ ਵੀ ਨਹੀਂ ਕੀਤੀ। ਇਹੀ ਕਾਰਨ ਹੈ ਕਿ ਇਤਨਾ ਮਹੱਤਵਪੂਰਨ ਮੁੱਦਾ ਕੁਝ ਦਿਨਾਂ-ਹਫਤਿਆਂ ਦੀ ਜ਼ਬਰਦਸਤ ਉਥਲ-ਪੁਥਲ ਤੋਂ ਬਾਅਦ ਆਖਰਕਾਰ ਬਿਨਾਂ ਕਿਸੇ ਖਾਸ ਸਿੱਟੇ ਦੇ, ਫਿਰ ਓਹਲੇ ਹੋ ਜਾਂਦਾ ਹੈ। ਅਜੇ ਤੱਕ ਤਾਂ ਇਹ ਵੀ ਨਿਸ਼ਾਨਦੇਹੀ ਨਹੀਂ ਕੀਤੀ ਜਾ ਸਕੀ ਕਿ ਉਸ ਦੌਰ ਵਿਚ ਕਿਹੜੇ-ਕਿਹੜੇ ਆਗੂਆਂ ਜਾਂ ਪਾਰਟੀਆਂ ਦੀ ਕੋਤਾਹੀ ਕਾਰਨ ਹਾਲਾਤ ਆਖਰ ਕਿਸ ਤਰ੍ਹਾਂ ਪਲੀਤੇ ਵੱਲ ਖਿੱਚੇ ਗਏ, ਤੇ ਵਿੰਹਦਿਆਂ-ਵਿੰਹਦਿਆਂ ਹੱਥੋਂ ਵੀ ਨਿਕਲ ਗਏ। ਉਸ ਵੇਲੇ ਸ਼ੁਰੂ ਹੋਏ ਦੂਸ਼ਣਾਂ ਦਾ ਸਿਲਸਿਲਾ ਅੱਜ ਤੱਕ ਜਾਰੀ ਹੈ ਅਤੇ ਦੂਸ਼ਣਾਂ ਦੀ ਇਹ ਸਿਆਸਤ ਮਸਲੇ ਦੀ ਜੜ੍ਹ ਤੱਕ ਅਪੜਨ ਵਿਚ ਸਦਾ ਹੀ ਅੜਿੱਕਾ ਬਣਦੀ ਰਹੀ ਹੈ। ਇਨ੍ਹਾਂ ਸਾਰੇ ਹਾਲਾਤ ਦਾ ਸਭ ਤੋਂ ਵੱਧ ਲਾਹਾ, ਮੌਕੇ ਦਾ ਲਾਭ ਉਠਾਉਣ ਲਈ ਤਹੂ ਧਿਰਾਂ ਲੈਂਦੀਆਂ ਹਨ। ਅੱਜ ਕੱਲ੍ਹ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਨਿਤ ਦਿਨ ਸਾਹਮਣੇ ਆ ਰਹੀ ਹੈ, ਉਸ ਤੋਂ ਇਹੀ ਸਾਬਤ ਹੁੰਦਾ ਹੈ।
ਉਸ ਦੌਰ ਦੀ ਇਕ ਹਕੀਕਤ ਇਹ ਸੀ ਕਿ ਅਕਾਲੀ ਦਲ ਦੀ ਤਾਕਤ ਸਾਲ-ਦਰ-ਸਾਲ, ਲਗਾਤਾਰ ਵਧ ਰਹੀ ਸੀ ਅਤੇ ਕਾਂਗਰਸ ਅਕਾਲੀਆਂ ਦੀ ਇਸ ਚੜ੍ਹਤ ਤੋਂ ਡਾਢੀ ਔਖੀ ਸੀ। ਆਪਣੀ ਫਿਤਰਤ ਮੁਤਾਬਕ ਇਸ ਨੇ ਕੋਈ ਕੋਝੀ ਚਾਲ ਚੱਲਣੀ ਹੀ ਸੀ, ਇਹ ਤੈਅ ਹੀ ਸੀ। ਸੰਸਾਰ ਭਰ ਦਾ ਇਤਿਹਾਸ, ਸੱਤਾਧਾਰੀਆਂ ਦੀਆਂ ਅਜਿਹੀ ਚਾਲਾਂ ਨਾਲ ਭਰਿਆ ਪਿਆ ਹੈ। ਕਾਂਗਰਸ ਦੀਆਂ ਇਨ੍ਹਾਂ ਚਾਲਾਂ ਦਾ ਮੁਕਾਬਲਾ ਇਕ ਜੁੱਟ ਤੇ ਇਕ ਜਾਨ ਹੋ ਕੇ, ਅਤੇ ਨਾਲ ਹੀ ਉਸ ਨਾਲੋਂ ਵੀ ਵੱਧ ਬੌਧਿਕ ਬੁਲੰਦੀ ਨਾਲ ਕਰਨਾ ਸਮੇਂ ਦੀ ਮੰਗ ਸੀ। ਕੋਝੀ ਸਿਆਸਤ ਨੂੰ ਹਰਾਉਣ ਲਈ ਹੋਰ ਕੋਈ ਤਰੀਕਾ ਅੱਜ ਤੱਕ ਈਜਾਦ ਨਹੀਂ ਹੋਇਆ ਹੈ। ਸਾਂਝੀ ਰਣਨੀਤੀ ਦੇ ਨਾਲ-ਨਾਲ ਮਿੱਤਰਾਂ ਅਤੇ ਦੁਸ਼ਮਣਾਂ ਦੀ ਸਹੀ ਨਿਸ਼ਾਨਦੇਹੀ ਨੇ ਹੀ ਸੱਤਾਧਾਰੀਆਂ ਨੂੰ ਚਿਤ ਕਰਨਾ ਸੀ ਪਰ ਉਸ ਵੇਲੇ ਦੇ ਦੌਰ ਉਤੇ ਤਰਦੀ ਜਿਹੀ ਨਿਗ੍ਹਾ ਮਾਰਦਿਆਂ ਵੀ ਐਨ ਸਪਸ਼ਟ ਹੋ ਜਾਂਦਾ ਹੈ ਕਿ ਸੱਤਾਧਾਰੀਆਂ ਖਿਲਾਫ ਲਾਮਬੰਦੀ ਦੀ ਰੂਪ-ਰੇਖਾ ਕਿੰਜ ਖੱਖੜੀਆਂ ਹੋ ਰਹੀ ਸੀ। ਸੱਤਾ ਧਿਰ ਨੇ ਇਸ ਕਮਜ਼ੋਰੀ ਦਾ ਹੀ ਸਭ ਤੋਂ ਵੱਧ ਫਾਇਦਾ ਉਠਾਇਆ ਅਤੇ ਆਹਮੋ-ਸਾਹਮਣੀ ਟੱਕਰ ਨੂੰ ਤਿਕੋਣੀ ਟੱਕਰ ਵਿਚ ਬਦਲ ਦਿੱਤਾ। ਉਸ ਵੇਲੇ ਦੀ ਖੁੰਝੀ ਅਕਾਲੀ ਸਿਆਸਤ ਅੱਜ ਤੱਕ ਪੈਰਾਂ ਸਿਰ ਨਹੀਂ ਹੋ ਸਕੀ। ਸ਼ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਭਾਵੇਂ ਇਕ ਵਾਰ ਨਹੀਂ, ਕਈ ਵਾਰ ਸੱਤਾ ਵਿਚ ਆ ਗਿਆ ਅਤੇ ਅੱਜ ਵੀ ਇਹ ਸੱਤਾ ਵਿਚ ਹੈ, ਪਰ ਸਿੱਖੀ ਦੇ ਸਰਬੱਤ ਦੇ ਭਲੇ ਵਾਲੇ ਸਿਧਾਂਤ ਨੂੰ ਇਹ ਦਲ ਚਿਰਾਂ ਦਾ ਤਿਲਾਂਜਲੀ ਦੇ ਚੁੱਕਾ ਹੈ। ਇਸ ਦਲ ਦੇ ਆਗੂਆਂ ਨੇ ਤਾਂ ਇਕ ਤਰ੍ਹਾਂ ਸਿਆਸਤ ਦਾ ਕਾਇਆ-ਕਲਪ ਹੀ ਕਰ ਦਿੱਤਾ ਹੈ। ਇਸ ਕਾਇਆ-ਕਲਪ ਵਿਚ ਇਨ੍ਹਾਂ ਆਗੂਆਂ ਅਤੇ ਇਨ੍ਹਾਂ ਦੇ ਚਹੇਤਿਆ ਦਾ ਕਾਇਆ-ਕਲਪ ਤਾਂ ਹੋਇਆ ਹੈ, ਪਰ ਸਿੱਖੀ ਅਤੇ ਪੰਜਾਬੀਅਤ ਨੂੰ ਜੋ ਢਾਹ ਲੱਗੀ ਹੈ, ਉਸ ਦੀ ਭਰਪਾਈ ਸ਼ਾਇਦ ਦਹਾਕਿਆਂ ਤੱਕ ਹੋਣੀ ਵੀ ਸੰਭਵ ਨਹੀਂ ਜਾਪ ਰਹੀ। ਜ਼ਾਹਿਰ ਹੈ ਕਿ ਚੋਣਾਂ ਜਿੱਤਣ ਦੀ ਸਿਆਸਤ ਨੇ ਸਿਆਸਤ ਦੇ ਅਸਲ ਮਕਸਦ ਨੂੰ ਲਾਂਭੇ ਕਰ ਨਿੱਜੀ ਹਿਤਾਂ ਵਾਲੇ ਮਾਮਲਿਆਂ ਨੂੰ ਤਰਜੀਹਾਂ ਦੇਣ ਲਈ ਰਾਹ ਖੋਲ੍ਹ ਦਿੱਤਾ ਹੈ। ਇਹ ਤੱਥ ਕਿਸੇ ਇਕ-ਅੱਧ ਧੜੇ ਜਾਂ ਸਿਰਫ ਸੱਤਾਧਾਰੀ ਧੜੇ ਉਤੇ ਹੀ ਨਹੀਂ ਢੁੱਕਦਾ, ਚੋਣ ਸਿਆਸਤ ਦੇ ਇਸ ਹਮਾਮ ਵਿਚ ਸਭ ਨੰਗੇ ਹਨ। ਇਨ੍ਹਾਂ ਧਿਰਾਂ ਤੋਂ ਔਖੇ ਹੋਏ ਲੋਕ ਬਦਲ ਲੱਭ ਰਹੇ ਹਨ ਪਰ ਲੱਭ ਨਹੀਂ ਰਿਹਾ। ਸ਼ਾਇਦ ਇਸੇ ਕਰ ਕੇ ਜਦੋਂ ਆਮ ਆਦਮੀ ਪਾਰਟੀ ਵਰਗੀ ਕੋਈ ਧਿਰ ਦੋ ਕਦਮ ਵੀ ਅਗਾਂਹ ਪੁੱਟਦੀ ਹੈ, ਤਾਂ ਲੋਕ ਆਪ-ਮੁਹਾਰੇ ਪਿਛੇ ਤੁਰਨ ਲਗਦੇ ਹਨ। ਹੋਰ ਧਿਰਾਂ ਅਤੇ ਇਨ੍ਹਾਂ ਦੀ ਗੈਰ-ਸੰਜੀਦਗੀ ਨੂੰ ਲੋਕ ਪਹਿਲਾਂ ਹੀ ਬਹੁਤ ਪਰਖ ਚੁੱਕੇ ਹਨ। ਪੰਜਾਬ ਵੀ ਇਸ ਤੋਂ ਵੱਖਰਾ ਨਹੀਂ। ਅੱਜ ਲੋੜ ਅਜਿਹੀਆਂ ਧਿਰਾਂ ਦੀ ਹੈ ਜਿਹੜੀਆਂ ਪੂਰੀ ਦਿਆਨਤਦਾਰੀ ਨਾਲ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਹੱਥ ਲੈਣ। ਇਸ ਸੂਰਤ ਵਿਚ ਫਿਰ ਮੁੱਖਧਾਰਾ ਵਾਲੀਆਂ ਪਾਰਟੀਆਂ ਉਨ੍ਹਾਂ ਨੂੰ ਚੋਣਾਂ ਦਾ ਖਾਜਾ ਵੀ ਨਹੀਂ ਬਣਾ ਸਕਣਗੀਆਂ।
Leave a Reply