ਸਾਕੇ ‘ਤੇ ਸਿਆਸਤ: ਕੈਪਟਨ ਅਮਰਿੰਦਰ ਨੇ ਬਾਦਲ ਨੂੰ ਪਾਇਆ ਘੇਰਾ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸਾਕਾ ਨੀਲਾ ਤਾਰਾ ਅਤੇ ਸਿੱਖ ਕਤਲੇਆਮ ਦੇ ਮਾਮਲੇ ‘ਤੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਟੀæਵੀæ ਚੈਨਲ ਨਾਲ ਇੰਟਰਵਿਊ ਦੌਰਾਨ ਸਿੱਖ ਕਤਲੇਆਮ ਬਾਰੇ ਕੀਤੀਆਂ ਟਿੱਪਣੀਆਂ ਤੇ ਸਾਕਾ ਨੀਲਾ ਤਾਰਾ ਵੇਲੇ ਬਰਤਾਨਵੀ ਮਦਦ ਦੇ ਦਸਤਾਵੇਜ਼ ਨਸ਼ਰ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਬੁਰੀ ਤਰ੍ਹਾਂ ਘੇਰ ਲਿਆ ਸੀ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਕੀਤੇ ਖੁਲਾਸਿਆਂ ਮਗਰੋਂ ਅਕਾਲੀ ਦਲ ਦੀ ਗਿਣਤੀ-ਮਿਣਤੀ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸ਼ ਬਾਦਲ ਉਤੇ ਸਾਕਾ ਨੀਲਾ ਤਾਰਾ ਵਰਗੇ ਗੰਭੀਰ ਮੁੱਦੇ ਤੋਂ ਸਿਆਸੀ ਫ਼ਾਇਦਾ ਲੈਣ ਦੀ ਕੋਸ਼ਿਸ਼ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸ਼ ਬਾਦਲ ਨੇ ਇਸ ਸਾਕੇ ਤੋਂ ਪਹਿਲਾਂ ਤੇ ਬਾਅਦ ਵਿਚ ਕਈ ਵੱਡੀਆਂ ਗ਼ਲਤੀਆਂ ਕੀਤੀਆਂ, ਤੇ ਫਿਰ ਬਾਅਦ ਵਿਚ ਖ਼ੁਦ ਬਚਣ ਲਈ ਉੱਤਰ ਪ੍ਰਦੇਸ਼ ਦੇ ਬਾਜਪੁਰ ਦੇ ਫਾਰਮ ਹਾਊਸ ਵਿਚ ਜਾ ਕੇ ਲੁਕ ਗਏ ਜਿਹੜਾ ਹੁਣ ਉਤਰਾਖੰਡ ਵਿਚ ਹੈ। ਉਨ੍ਹਾਂ ਇਹ ਵੀ ਕਿਹਾ ਕਿ 1984 ਦੇ ਸਿੱਖ ਕਤਲੇਆਮ ਵਿਚ ਭਾਜਪਾ ਤੇ ਆਰæਐਸ਼ਐਸ਼ ਦੇ ਵਰਕਰਾਂ ਤੇ ਆਗੂਆਂ ਦੀ ਸ਼ਮੂਲੀਅਤ ਬਾਰੇ ਵੀ ਸ਼ ਬਾਦਲ ਦੀ ਖਾਮੋਸ਼ੀ ਹੈਰਾਨੀਜਨਕ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿੱਜੀ ਸਕੱਤਰ ਆਰæਕੇæ ਧਵਨ ਨੂੰ 25 ਅਪਰੈਲ 1984 ਨੂੰ ਲਿਖੀ ਚਿੱਠੀ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ਼ ਬਾਦਲ ਨੂੰ ਵੰਗਾਰਿਆ ਕਿ ਉਹ ਇਹ ਸਪਸ਼ਟ ਕਰੇ ਕਿ ਕੀ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਕੇਂਦਰ ਸਰਕਾਰ ਨਾਲ ਚੱਲ ਰਹੀ ਗੱਲਬਾਤ ਵਿਚ ਉਹ ਨਿੱਜੀ ਤੌਰ ‘ਤੇ ਸ਼ਾਮਲ ਸੀ ਜਾਂ ਨਹੀਂ? ਚਿੱਠੀ ਵਿਚ ਲਿਖਿਆ ਹੈ, “ਤੁਸੀਂ ਜਾਣਦੇ ਹੋ ਕਿ ਸਰਦਾਰ ਗੁਰਚਰਨ ਸਿੰਘ (ਟੌਹੜਾ) ਦੀ ਜਾਨ ਨੂੰ ਵੱਡਾ ਖ਼ਤਰਾ ਹੈ ਜਿਸ ਕਰ ਕੇ ਮੈਂ ਤੁਹਾਨੂੰ ਇਹ ਚਿੱਠੀ ਲਿਖ ਰਿਹਾ ਹਾਂ। ਸੰਤ ਜਰਨੈਲ ਸਿੰਘ (ਭਿੰਡਰਾਂਵਾਲੇ) ਪਿੱਛੇ ਹਟਣ ਵਾਲੇ ਨਹੀਂ ਤੇ ਮੈਂ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਦਾ ਹਾਂ ਕਿ ਸਾਨੂੰ ਉਹੀ ਕਰਨਾ ਪਵੇਗਾ ਜਿਸ ਦੀ ਅਸੀਂ ਪਹਿਲਾਂ ਵਿਉਂਤ ਬਣਾਈ ਸੀ ਤੇ ਸ਼ ਪ੍ਰਕਾਸ਼ ਸਿੰਘ ਬਾਦਲ ਇਸ ਬਾਰੇ ਤੁਹਾਨੂੰ ਪਹਿਲਾਂ ਹੀ ਤਫ਼ਸੀਲ ਵਿਚ ਦੱਸ ਚੁੱਕੇ ਹਨ। ਜਦੋਂ ਫੌਜ ਆਉਂਦੀ ਦੇਖੀ ਤਾਂ ਭਿੰਡਰਾਂਵਾਲੇ ਦੇ ਬਹੁਤੇ ਹਮਾਇਤੀ ਦੌੜ ਜਾਣਗੇ ਤੇ ਸੰਭਵ ਹੈ ਕਿ ਉਹ ਵੀ ਦੌੜ ਜਾਵੇ।”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 26 ਮਈ 1984 ਨੂੰ ਦਿੱਲੀ ਗੈਸਟ ਹਾਊਸ ਵਿਚ ਰੱਖੀ ਮੀਟਿੰਗ ਜਿਥੇ ਸ਼ ਬਾਦਲ ਆਪਣੇ ਦੋ ਸਾਥੀਆਂ ਨਾਲ ਤਿੰਨ ਕੇਂਦਰੀ ਮੰਤਰੀਆਂ ਨੂੰ ਮਿਲੇ ਸਨ, ਤੋਂ ਬਾਅਦ ਸ਼ ਬਾਦਲ ਦੇ ਦੋ ਸਾਥੀ ਤਾਂ ਤੁਰੰਤ ਪੰਜਾਬ ਲਈ ਰਵਾਨਾ ਹੋ ਗਏ ਜਦੋਂਕਿ ਸ਼ ਬਾਦਲ ਆਪ ਯੂæਪੀæ ਦੇ ਬਾਜਪੁਰ ਫਾਰਮ ਹਾਊਸ ਵਿਚ ਚਲੇ ਗਏ। ਪਹਿਲੀ ਜੂਨ 1984 ਨੂੰ ਪੁਲਿਸ ਤੇ ਸੀæਆਰæਪੀæਐਫ਼ ਨੇ ਸ੍ਰੀ ਦਰਬਾਰ ਸਾਹਿਬ ਨੂੰ ਘੇਰ ਲਿਆ ਸੀ। ਉਨ੍ਹਾਂ ਨੇ ਸ਼ ਬਾਦਲ ਨੂੰ ਸਵਾਲ ਕੀਤਾ ਹੈ ਕਿ ਉਹ ਇਨ੍ਹਾਂ ਹਾਲਾਤ ‘ਤੇ ਚੁੱਪ ਰਹੇ ਅਤੇ ਕਿਉਂ ਹਾਲਾਤ ਗੰਭੀਰ ਹੋ ਜਾਣ ਦੇ ਬਾਵਜੂਦ ਆਪਣੀ ਹਿੰਮਤ ਦਾ ਸਬੂਤ ਦਿੰਦਿਆਂ ਉਹ ਪੰਜਾਬ ਨਹੀਂ ਪਰਤੇ? ਉਨ੍ਹਾਂ ਮੁਤਾਬਕ ਸ਼ ਬਾਦਲ ਉਹ ਸਹੁੰ ਪੁਗਾਉਣ ਵਿਚ ਵੀ ਨਾਕਾਮ ਰਹੇ ਜਿਹੜੀ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆਪਣੇ ਸਾਥੀਆਂ ਨਾਲ ਖਾਧੀ ਸੀ ਕਿ ਉਹ ਕਿਸੇ ਵੀ ਫ਼ੌਜੀ ਆਪ੍ਰੇਸ਼ਨ ਦਾ ਸਾਹਮਣਾ ਕਰਨਗੇ ਤੇ ਫ਼ੌਜ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਤੋਂ ਰੋਕਣਗੇ, ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਬਾਦਲ ਨੇ ਬੀæਬੀæਸੀæ ਦੇ ਪੱਤਰਕਾਰਾਂ ਮਾਰਕ ਟੱਲੀ ਤੇ ਸਤੀਸ਼ ਜੈਕਬ ਤੱਕ ਦੇ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ ਸਨ ਜਿਹੜੇ ਇਸ ਸੱਚਾਈ ਦਾ ਸਬੂਤ ਹਨ।
ਕਾਂਗਰਸ ਆਗੂ ਨੇ ਸ਼ ਬਾਦਲ ਨੂੰ ਕਿਹਾ ਕਿ ਜਿਵੇਂ ਕੋਈ ਉਨ੍ਹਾਂ ਦੀਆਂ ਗ਼ਲਤੀਆਂ ਲਈ ਉਨ੍ਹਾਂ ਦੇ ਬੇਟੇ ਸੁਖਬੀਰ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਜਿਹੜੇ ਉਸ ਵੇਲੇ ਨੌਜਵਾਨ ਸਨ ਤੇ ਵਿਦੇਸ਼ੀ ਯੂਨੀਵਰਸਿਟੀ ਵਿਚ ਪੜ੍ਹ ਰਹੇ ਸਨ, ਉਹ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਸਾਕਾ ਨੀਲਾ ਤਾਰਾ ਲਈ ਮੁਆਫ਼ੀ ਮੰਗਣ ਲਈ ਨਹੀਂ ਕਹਿ ਸਕਦੇ ਜੋ ਉਸ ਵੇਲੇ ਸਿਰਫ਼ 13 ਸਾਲਾਂ ਦਾ ਸੀ। ਕੈਪਟਨ ਨੇ ਕਿਹਾ ਕਿ ਕਾਂਗਰਸੀਆਂ ਸਬੰਧੀ ਰਾਹੁਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਸਿੱਖ ਕਤਲੇਆਮ ਵਿਚ ਸ਼ਾਮਲ ਹੋ ਸਕਦੇ ਹਨ ਅਤੇ ਸ਼ ਬਾਦਲ ਹੁਣ ਉਨ੍ਹਾਂ ਦੇ ਨਾਂ ਦਿੱਤੇ ਜਾਣ ‘ਤੇ ਜ਼ੋਰ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ 31 ਅਕਤੂਬਰ 1984 ਦੀ ਰਾਤ ਦੰਗੇ ਸ਼ੁਰੂ ਹੋਣ ਤੋਂ ਬਾਅਦ ਇਕ ਤੋਂ ਤਿੰਨ ਨਵੰਬਰ ਤੱਕ ਦਿੱਲੀ ਵਿਚ ਸਨ ਤੇ ਉਨ੍ਹਾਂ ਸਾਰੇ ਸ਼ਰਨਾਰਥੀਆਂ ਕੋਲ ਗਏ ਸਨ ਜਿਨ੍ਹਾਂ ਨੇ ਦਿੱਲੀ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਸਹਾਰਾ ਲਿਆ ਹੋਇਆ ਸੀ। ਜਿਹੜੇ ਨਾਂ ਉਨ੍ਹਾਂ ਉਸ ਵੇਲੇ ਸੁਣੇ ਸਨ, ਉਹ ਐਚæਕੇæਐਲ਼ ਭਗਤ, ਧਰਮ ਦਾਸ ਸ਼ਾਸਤਰੀ, ਅਰਜਨ ਦਾਸ, ਲਲਿਤ ਮਾਕਨ ਤੇ ਸੱਜਣ ਕੁਮਾਰ ਸਨ ਪਰ ਇਨ੍ਹਾਂ ਵਿਚੋਂ ਪਹਿਲੇ ਚਾਰ ਹੁਣ ਨਹੀਂ ਰਹੇ; ਜਦਕਿ ਸੱਜਣ ਕੁਮਾਰ ਦਾ ਕੇਸ ਅਖੀਰਲੇ ਦੌਰ ਵਿਚ ਹੈ।
ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਭਾਜਪਾ ਤੇ ਆਰæਐਸ਼ਐਸ਼ ਆਗੂਆਂ ਦੀ ਭੂਮਿਕਾ ਦਾ ਖੁਲਾਸਾ ਕਰਦਿਆਂ ਕਿਹਾ ਕਿ ਭਾਜਪਾ ਤੇ ਆਰæਐਸ਼ਐਸ਼ ਆਗੂਆਂ ਵਿਚੋਂ ਉਨ੍ਹਾਂ ਨੂੰ ਰਾਮ ਕੁਮਾਰ ਜੈਨ, ਪ੍ਰੀਤਮ ਸਿੰਘ, ਰਾਮ ਚੰਦਰ ਗੁਪਤਾ ਦੇ ਨਾਂ ਦੱਸੇ ਗਏ ਜੋ ਦੰਗਿਆਂ ਵਿਚ ਸ਼ਾਮਲ ਸਨ ਪਰ ਸ਼ ਬਾਦਲ ਆਪਣੇ ਸਿਆਸੀ ਸਾਂਝੀਦਾਰ ਹੋਣ ਕਾਰਨ ਇਨ੍ਹਾਂ ਬਾਰੇ ਚੁੱਪ ਹਨ। ਉਨ੍ਹਾਂ ਨੇ ਕਿਹਾ ਕਿ 49 ਭਾਜਪਾ ਤੇ ਆਰæਐਸ਼ਐਸ਼ ਆਗੂਆਂ ਖ਼ਿਲਾਫ਼ 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ 14 ਮਾਮਲੇ ਦਰਜ ਹੋਏ ਸਨ।
ਉਨ੍ਹਾਂ ਕਿਹਾ ਕਿ ਉਦੋਂ ਸ਼ ਬਾਦਲ ਨੇ ਫ਼ੌਜ ਵਿਚ ਸ਼ਾਮਲ ਸਿੱਖਾਂ ਨੂੰ ਬਹੁਤ ਗ਼ੈਰ-ਜ਼ਿੰਮੇਵਾਰਾਨਾ ਢੰਗ ਨਾਲ ਬਗ਼ਾਵਤ ਕਰਨ ਲਈ ਕਿਹਾ ਸੀ, ਉਨ੍ਹਾਂ ਦੇ ਕਹਿਣ ‘ਤੇ ਕਈ ਸਿੱਖ ਸਿਪਾਹੀ ਬਗ਼ਾਵਤ ਕਰ ਗਏ ਤੇ 18 ਸਾਲਾਂ ਤੱਕ ਜੇਲ੍ਹਾਂ ਵਿਚ ਰਹੇ ਤੇ ਕਈ ਮਾਰੇ ਵੀ ਗਏ ਪਰ ਕੀ ਬਾਦਲ ਇਕ ਵੀ ਵਿਅਕਤੀ ਦਾ ਨਾਂ ਦੱਸ ਸਕਦੇ ਹਨ ਜਿਸ ਦੇ ਜੇਲ੍ਹ ਰਹਿਣ ਦੌਰਾਨ ਉਸ ਦੇ ਪਰਿਵਾਰ ਦੀ ਇਨ੍ਹਾਂ ਨੇ ਸਹਾਇਤਾ ਕੀਤੀ ਹੈ ਜਾਂ ਬਾਹਰ ਆਉਣ ਤੋਂ ਬਾਅਦ ਉਸ ਨੂੰ ਨੌਕਰੀ ਦਿੱਤੀ ਹੈ?
ਕੈਪਟਨ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਗਲਤ ਫੈਸਲਾ ਸੀ ਤੇ ਇਵੇਂ ਹੀ ਖਾੜਕੂਵਾਦ ਦੌਰਾਨ 35,000 ਨਿਰਦੋਸ਼ ਲੋਕਾਂ ਦਾ ਕਤਲੇਆਮ ਨਿੰਦਾਜਨਕ ਸੀ।
______________________________
ਕੈਪਟਨ ਦਾ ਪ੍ਰਚਾਰ ਝੂਠਾ: ਬਾਦਲ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 1984 ਵਿਚ ਹੋਏ ਸਾਕਾ ਨੀਲਾ ਤਾਰਾ ਦੌਰਾਨ ਯੂæਪੀæ ਦੇ ਬਾਜਪੁਰ ਸਥਿਤ ਫਾਰਮ ਹਾਊਸ ਵਿਚ ਜਾ ਕੇ ਲੁਕਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਦੇ ਦੋਸ਼ਾਂ ਵਿਚ ਰੱਤੀ ਭਰ ਵੀ ਸੱਚਾਈ ਨਹੀਂ ਹੈ ਅਤੇ ਕੈਪਟਨ ਕੂੜ ਪ੍ਰਚਾਰ ਕਰਕੇ 1984 ਦੇ ਦੰਗਿਆਂ ਲਈ ਜ਼ਿੰਮੇਵਾਰ ਕਾਂਗਰਸੀਆਂ ਨੂੰ ਬਚਾਉਣ ਤੇ ਲੋਕਾਂ ਦਾ ਦੂਜੇ ਪਾਸੇ ਧਿਆਨ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।
ਸਿੱਖ ਕਤਲੇਆਮ ਵਿਚ ਭਾਜਪਾ ਤੇ ਆਰæਐਸ਼ਐਸ਼ ਦੀ ਸ਼ਮੂਲੀਅਤ ਬਾਰੇ ਉਨ੍ਹਾਂ ਕਿਹਾ ਕਿ ਦੰਗੇ ਕਾਂਗਰਸੀਆਂ ਦੀ ਗਿਣੀ ਮਿਥੀ ਸਾਜ਼ਿਸ਼ ਦਾ ਨਤੀਜਾ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੁਝ ਕਾਂਗਰਸੀਆਂ ਦੇ ਸਿੱਖ ਕਤਲੇਆਮ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਕਰਨ ਨਾਲ ਹਾਈ ਕਮਾਂਡ ਨੂੰ ਭਾਜੜਾਂ ਪੈ ਗਈਆਂ ਹਨ। ਉਂਜ ਉਨ੍ਹਾਂ ਕਿਹਾ ਕਿ ਸਿੱਖ ਦੰਗਿਆਂ ਲਈ ਦੋਸ਼ੀ ਉਹ ਕਿਸੇ ਵੀ ਮੁਲਜ਼ਮ ਦੇ ਹੱਕ ਵਿਚ ਨਹੀਂ ਹਨ, ਭਾਵੇਂ ਉਹ ਉਨ੍ਹਾਂ ਦੀ ਭਾਈਵਾਲ ਪਾਰਟੀ ਦਾ ਕੋਈ ਆਗੂ ਕਿਉਂ ਨਾ ਹੋਵੇ।
______________________________
ਸਿੱਖ ਕਤਲੇਆਮ ਵਿਚ ਭਾਜਪਾ ਦਾ ਹੱਥ ਨਹੀਂ: ਸੁਖਬੀਰ
ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਭਾਜਪਾ ਆਗੂਆਂ ਦੇ ਵੀ ਸ਼ਾਮਲ ਹੋਣ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਹੁਣ ਤੱਕ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਬਿਠਾਏ ਅਨੇਕਾਂ ਕਮਿਸ਼ਨਾਂ ਤੇ ਕਮੇਟੀਆਂ ਦੀਆਂ ਰਿਪੋਰਟਾਂ ਵਿਚ ਕਦੇ ਕਿਸੇ ਭਾਜਪਾ ਆਗੂ ਦਾ ਨਾਂ ਨਹੀਂ ਆਇਆ, ਸਗੋਂ ਸਾਰੀਆਂ ਪੜਤਾਲਾਂ ਵਿਚ ਕਾਂਗਰਸ ਆਗੂਆਂ ਦੇ ਨਾਂ ਸਾਹਮਣੇ ਆਉਂਦੇ ਰਹੇ ਹਨ।
ਸ਼ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨੂੰ ਪੂਰੀ ਤਰ੍ਹਾਂ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਵਿਚ ਕੋਈ ਦਮ ਨਹੀਂ ਤੇ ਨਾ ਹੀ ਉਨ੍ਹਾਂ ਦੇ ਬਿਆਨਾਂ ਉਪਰ ਕੋਈ ਭਰੋਸਾ ਹੀ ਕਰ ਸਕਦਾ ਹੈ।
____________________________________
ਬਾਦਲ ਤੋਂ ਪੰਥ ਰਤਨ ਦੀ ਉਪਾਧੀ ਵਾਪਸ ਲਈ ਜਾਵੇ: ਖਹਿਰਾ
ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਉਨ੍ਹਾਂ ਦੀ ਪੰਥ ਰਤਨ ਦੀ ਉਪਾਧੀ ਵਾਪਸ ਲਈ ਜਾਵੇ ਕਿਉਂਕਿ ਉਨ੍ਹਾਂ ਨੇ ਸਾਕਾ ਨੀਲਾ ਤਾਰਾ ਸਮੇਂ ਜੇਲ੍ਹ ਵਿਚ ਹੋਣ ਦਾ ਗੁੰਮਰਾਹਕੁਨ ਬਿਆਨ ਦਿੱਤਾ ਹੈ। ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਕਿਤਾਬ ਰਾਹੀਂ ਹੀ ਸਪਸ਼ਟ ਹੋ ਗਿਆ ਸੀ ਕਿ ਸ਼ ਬਾਦਲ ਨੂੰ ਸਾਕੇ ਤੋਂ ਬਾਅਦ ਉਨ੍ਹਾਂ ਦੇ ਘਰੋਂ 10 ਜੂਨ 1984 ਦੀ ਸਵੇਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਉਨ੍ਹਾਂ ਨੂੰ ਬੀæਐਸ਼ਐਫ਼ ਦੇ ਜਹਾਜ਼ ਰਾਹੀਂ ਭੋਪਾਲ ਲਿਜਾਇਆ ਗਿਆ ਤੇ ਮੱਧ ਪ੍ਰਦੇਸ਼ ਦੇ ਛੋਟੇ ਜਿਹੇ ਹਿੱਲ ਸਟੇਸ਼ਨ ਪੰਚਮੜੀ ਦੇ ਗੈਸਟ ਹਾਊਸ ਵਿਚ ਠਹਿਰਾਇਆ ਗਿਆ ਸੀ। ਹੁਣ ਇਸ ਗੱਲ ਨੂੰ ਪੁਖਤਾ ਕਰਨ ਲਈ ਹੋਰ ਸਬੂਤ ਸਾਹਮਣੇ ਆ ਗਏ ਹਨ ਕਿ ਸਾਕੇ ਦੌਰਾਨ ਤੇ ਬਾਅਦ ਵਿਚ ਵੀ ਸ਼ ਬਾਦਲ ਆਮ ਵਾਂਗ ਵਿਚਰ ਰਹੇ ਸਨ। ਸ਼ ਖਹਿਰਾ ਨੇ ਇਕ ਫੋਟੋ ਜਾਰੀ ਕਰ ਕੇ ਦਾਅਵਾ ਕੀਤਾ ਕਿ ਸ਼ ਬਾਦਲ 3 ਜੂਨ 1984 ਨੂੰ ਗਿੱਦੜਬਾਹਾ ਹਲਕੇ ਦੇ ਪਿੰਡ ਗੁਰੀ ਸੰਗਾਰ ਦੇ ਜਥੇਦਾਰ ਰੂਪ ਸਿੰਘ ਦੀ ਰਿਹਾਇਸ਼ ਵਿਖੇ ਉਨ੍ਹਾਂ ਦੇ ਪੁੱਤਰ ਪ੍ਰਿਥੀ ਸਿੰਘ ਦੇ ਸ਼ਗਨ ਦੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਗਏ ਸਨ। ਫੋਟੋ ਵਿਚ ਉਹ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਵੀ ਨਜ਼ਰ ਆ ਰਹੇ ਹਨ। ਇਸ ਮੌਕੇ ਉਨ੍ਹਾਂ ਦਾ ਭਰਾ ਗੁਰਦਾਸ ਸਿੰਘ ਬਾਦਲ ਤੇ ਮੁਕਤਸਰ ਦੇ ਅਜ਼ਾਦੀ ਘੁਲਾਟੀਏ ਡਾæ ਕਿਹਰ ਸਿੰਘ ਸਿੱਧੂ ਨਾਲ ਬੈਠੇ ਨਜ਼ਰ ਆ ਰਹੇ ਹਨ।

Be the first to comment

Leave a Reply

Your email address will not be published.