ਕਿਸੇ ਤਣ ਪੱਤਣ ਨਹੀਂ ਲੱਗ ਰਿਹਾ ਨਾਨਕਸ਼ਾਹੀ ਕੈਲੰਡਰ ਵਿਵਾਦ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਨਾਨਕਸ਼ਾਹੀ ਕੈਲੰਡਰ ਬਾਰੇ ਚੱਲ ਰਿਹਾ ਵਿਵਾਦ ਮੁੜ ਭਖਣ ਲੱਗ ਪਿਆ ਹੈ ਪਰ ਸ਼੍ਰੋਮਣੀ ਕਮੇਟੀ ਅਤੇ ਸਿੰਘ ਸਹਿਬਾਨ ਇਸ ਵਿਵਾਦ ਦਾ ਹੱਲ ਕੱਢਣ ਦੀ ਬਜਾਏ ਇਸ ਮਾਮਲੇ ਨੂੰ ਮੁੜ ਠੰਢੇ ਬਸਤੇ ਵਿਚ ਪਾਉਣ ਨੂੰ ਤਰਜੀਹ ਦੇ ਰਹੇ ਹਨ। ਸਿੱਖ ਜਥੇਬੰਦੀਆਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬਿਕਰਮੀ ਕੈਲੰਡਰ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲਾਉਂਦਿਆਂ ਅਕਾਲ ਤਖ਼ਤ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਇਸ ਬਾਰੇ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਪੰਥਕ ਧਿਰਾਂ ਦੀ ਰਾਏ ਲਈ ਜਾਵੇ। ਕਈ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਚ ਮੁੜ ਸੋਧ ਕਰ ਕੇ ਇਸ ਨੂੰ ਬਿਕਰਮੀ ਕੈਲੰਡਰ ਬਣਾਉਣਾ ਸਾਜ਼ਿਸ਼ ਦਾ ਹਿੱਸਾ ਹੈ ਤੇ ਇਹ ਕਾਰਵਾਈ ਆਰæਐਸ਼ਐਸ਼ ਦੇ ਪ੍ਰਭਾਵ ਹੇਠ ਕੀਤੀ ਜਾ ਰਹੀ ਹੈ।
ਜਥੇਬੰਦੀਆਂ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਆਰæਐਸ਼ਐਸ਼ ਦੇ ਪ੍ਰਭਾਵ ਹੇਠ ਜਥੇਦਾਰਾਂ ‘ਤੇ ਦਬਾਅ ਬਣਾ ਕੇ ਇਹ ਕਾਰਵਾਈ ਕਰਵਾ ਰਹੀ ਹੈ। ਵਿਦੇਸ਼ਾਂ ਵਿਚ ਬੈਠੇ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਤਾਂ ਪਹਿਲਾਂ ਹੀ 2010 ਵਿਚ ਸੋਧ ਕੇ ਜਾਰੀ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਰੱਦ ਕਰ ਦਿੱਤਾ ਗਿਆ ਸੀ ਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦਿੱਤੀ ਗਈ ਹੈ। ਉਸ ਮੁਤਾਬਕ ਹੀ ਗੁਰਪੁਰਬ ਤੇ ਹੋਰ ਤਿਥ-ਤਿਉਹਾਰ ਮਨਾਏ ਜਾ ਰਹੇ ਹਨ।
ਨਾਨਕਸ਼ਾਹੀ ਕੈਲੰਡਰ ਬਾਰੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਇਸ ਵਿਚ ਸੋਧ ਬਾਰੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਆਪੋ-ਆਪਣੇ ਸੁਝਾਅ ਭੇਜੇ ਹਨ। ਕੁਝ ਜਥੇਬੰਦੀਆਂ ਇਸ ਨੂੰ ਮੂਲ ਰੂਪ ਵਿਚ ਬਿਕਰਮੀ ਕੈਲੰਡਰ ਵਜੋਂ ਹੀ ਲਾਗੂ ਕਰਨ ਦੇ ਹੱਕ ਵਿਚ ਹਨ ਅਤੇ ਕੁਝ ਇਸ ਵਿਚ ਕੀਤੀਆਂ ਸੋਧਾਂ ਨੂੰ ਖਤਮ ਕਰ ਕੇ ਇਸ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਰੂਪ ਵਿਚ ਲਾਗੂ ਕਰਨ ਦੇ ਹੱਕ ਵਿਚ ਹਨ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜਥੇਬੰਦੀਆਂ ਦੇ ਸੁਝਾਵਾਂ ਨੂੰ ਘੋਖਿਆ ਜਾਵੇਗਾ।
ਚੇਤੇ ਰਹੇ ਕਿ ਆਪਣੀ ਵੱਖਰੀ ਹੋਂਦ, ਪਛਾਣ, ਰੀਤ ਤੇ ਵਿਹਾਰ ਦਰਸਾਉਣ ਅਤੇ ਆਪਣੇ ਵਿਸ਼ੇਸ਼ ਦਿਵਸ ਮਨਾਉਣ ਬਾਰੇ ਭਰਮ-ਭੁਲੇਖਾ ਦੂਰ ਕਰਨ ਹਿੱਤ ਸਿੱਖਾਂ ਵੱਲੋਂ ਹੋਂਦ ਵਿਚ ਲਿਆਂਦਾ ਗਿਆ ਨਾਨਕਸ਼ਾਹੀ ਕੈਲੰਡਰ ਮੌਜੂਦਾ ਹਾਲਤ ਵਿਚ ਕੌਮ ਨੂੰ ਇਕਜੁੱਟ ਕਰਨ ਦੀ ਥਾਂ ਖਿੰਡਾਉਣ ਦਾ ਜ਼ਰੀਆ ਬਣ ਰਿਹਾ ਹੈ। 2003 ਵਾਲੇ ਕੈਲੰਡਰ ਦੇ ਹਮਾਇਤੀ ਸਿੱਖਾਂ, 2010 ਦੇ ਸੋਧੇ ਹੋਏ ਕੈਲੰਡਰ ਨੂੰ ਮੰਨਣ ਵਾਲਿਆਂ ਅਤੇ ਪੁਰਾਣੇ ਬਿਕਰਮੀ ਕੈਲੰਡਰ ਦੇ ਹੱਕ ਵਿਚ ਬੋਲਣ ਵਾਲਿਆਂ ਦੇ ਰੂਪ ਵਿਚ ਕਈ ਧਿਰਾਂ ਬਣ ਗਈਆਂ ਹਨ। ਵਿਸ਼ਵੀ ਜ਼ਿਓਰਜੀਅਨ ਜਾਂ ਰੋਮਨ (ਈਸਵੀ) ਕੈਲੰਡਰ ਤੇ ਬਿਕਰਮੀ ਕੈਲੰਡਰ ਦੀ ਮਿਥ ਚੰਦਰਮਾ ਚਾਲ ਤੋਂ ਅਲੱਗ, 1998-99 ਵਿਚ ਕੈਨੇਡੀਅਨ ਸਿੱਖ ਸ਼ ਪਾਲ ਸਿੰਘ ਪੁਰੇਵਾਲ ਨੇ ਸੂਰਜ ਚਾਲ ਨਾਲ ਸਿੱਖਾਂ ਦਾ ਵੱਖਰਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਸੀ ਜਿਸ ਦੀ ਸ਼ੁਰੂਆਤ 1469 ਈਸਵੀ ਤੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਤੋਂ ਤੈਅ ਕੀਤੀ ਗਈ। ਸ਼ ਪੁਰੇਵਾਲ ਦਾ ਤਰਕ ਸੀ ਕਿ ਬਿਕਰਮੀ ਕੈਲੰਡਰ ਅਨੁਸਾਰ ਗੁਰੂ ਸਹਿਬਾਨ ਦੇ ਵਿਸ਼ੇਸ਼ ਪੁਰਬ ਤੇ ਸੰਗਰਾਂਦਾਂ ਦੀ ਤਰੀਕ ਹਰ ਵਰ੍ਹੇ ਬਦਲ ਜਾਂਦੀ ਸੀ ਤੇ ਇਸ ਨਾਲ ਕਈ ਵਾਰ ਅਸਪਸ਼ਟ ਹਾਲਤ ਪੈਦਾ ਹੋ ਜਾਂਦੀ ਹੈ, ਜਿਵੇਂ 1982 ਵਿਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਇਕੋ ਦਿਨ 22 ਦਸੰਬਰ ਨੂੰ ਆ ਗਏ ਸਨ।
ਸ਼ ਪੁਰੇਵਾਲ ਵੱਲੋਂ ਪੇਸ਼ ਕੀਤੇ ਕਲੰਡਰ ਨੂੰ 2003 ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਨਤਾ ਤਾਂ ਮਿਲ ਗਈ ਪਰ ਲੋਕਾਂ ਦੇ ਮਨ ਵਿਚ ਵਸੇ ਰੋਮਨ ਕੈਲੰਡਰ ਨਾਲ ਇਸ ਦਾ ਤਾਲਮੇਲ ਸਹੀ ਨਾ ਬਣਿਆ ਜਿਸ ਨਾਲ ਰੋਮਨ ਸਾਲਾਂ ਵਿਚ ਕੁਝ ਗੁਰਪੁਰਬ ਦੋਹਰੀ ਵਾਰ ਆ ਗਏ ਤੇ ਕੁਝ ਪੂਰੇ ਸਾਲ ਵਿਚ ਇਕ ਵਾਰ ਵੀ ਨਹੀਂ ਆਏ। ਇਸ ਤੋਂ ਇਲਾਵਾ ਆਮ ਸਿੱਖਾਂ ਵਿਚ ਵਿਸ਼ੇਸ਼ ਦਿਹਾੜਿਆਂ ਪ੍ਰਤੀ ਭੰਬਲਭੂਸਾ ਬਰਕਰਾਰ ਰਿਹਾ ਜਿਸ ਦਾ ਕਾਰਨ ਤਖਤ ਸ੍ਰੀ ਹਜ਼ੂਰ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਤੇ ਸੰਤ ਸਮਾਜ ਵੱਲੋਂ ਬਿਕਰਮੀ ਕੈਲੰਡਰ ਅਨੁਸਾਰ ਹੀ ਗੁਰੂ ਪੁਰਬ ਮਨਾਉਣਾ ਜਾਰੀ ਰੱਖਣਾ ਵੀ ਸਮਝਿਆ ਗਿਆ ਜਦਕਿ ਵਿਦੇਸ਼ੀ ਸਿੱਖ ਜਥੇਬੰਦੀਆਂ ਸਮੇਤ ਕੁਝ ਸਥਾਨਕ ਸਿੱਖ ਨਾਨਕਸ਼ਾਹੀ ਕੈਲੰਡਰ ਨੂੰ ਹੂ-ਬ-ਹੂ ਲਾਗੂ ਕਰਨ ਦੇ ਹਮਾਇਤੀ ਸਨ।
ਸੱਤ ਸਾਲ ਬਾਅਦ ਮੁੜ ਸਿੱਖ ਧਿਰਾਂ ਵਿਚ ਏਕੇ ਦੀ ਮਨਸ਼ਾ ਨਾਲ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਹਿਮਤੀ ਨਾਲ ਕਮੇਟੀ ਬਣਾਈ ਗਈ ਜਿਸ ਨੇ ਨਾਨਕਸ਼ਾਹੀ ਕੈਲੰਡਰ ਵਿਚ ਕੁਝ ਵਿਸ਼ੇਸ਼ ਸੋਧਾਂ ਕਰਨ ਦਾ ਸੁਝਾਅ ਦਿੱਤਾ। ਇਸ ਦੌਰਾਨ 2010 ਵਿਚ ਇਹ ਸੋਧਾਂ ਜਿਨ੍ਹਾਂ ਵਿਚ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਤੇ ਜੋਤੀ ਜੋਤ ਸਮਾਉਣ ਦਿਵਸ, ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਤੇ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਪੁਰਾਣੀ ਬਿਕਰਮੀ ਵਿਧੀ ਅਨੁਸਾਰ ਹੀ ਪੱਕੇ ਕਰ ਦਿੱਤੇ ਗਏ।
ਇਸ ਨਾਲ ਵਿਦੇਸ਼ੀ ਸਿੱਖ ਜਥੇਬੰਦੀਆਂ ਵਿਚ ਰੋਸ ਪੈਦਾ ਹੋ ਗਿਆ ਤੇ ਉਨ੍ਹਾਂ ਇਹ ਦਿਵਸ ਮੂਲ ਨਾਨਕਸ਼ਾਹੀ ਕੈਲੰਡਰ (2003) ਅਨੁਸਾਰ ਹੀ ਮਨਾਉਣੇ ਜਾਰੀ ਰੱਖੇ ਜਿਸ ਨਾਲ ਮੁੜ ਦੁਬਿਧਾ ਬਣ ਗਈ। ਪਿਛਲੇ ਸਾਲ ਪਾਕਿਸਤਾਨ ਵਿਚ ਮਨਾਏ ਗਏ ਵਿਸ਼ੇਸ਼ ਧਾਰਮਿਕ ਦਿਹਾੜਿਆਂ ਮੌਕੇ ਵੀ ਸਿੱਖ ਸੰਗਤ ਦੋ ਹਿੱਸਿਆਂ ਵਿਚ ਵੰਡੀ ਨਜ਼ਰ ਆਈ। ਹੁਣ ਜਦੋਂ ਸੰਤ ਸਮਾਜ ਵੱਲੋਂ ਮੁੜ ਬਿਕਰਮੀ ਕੈਲੰਡਰ ਨੂੰ ਹੀ ਲਾਗੂ ਕੀਤੇ ਜਾਣ ਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗ ਸਬੰਧੀ ਉਠੀ ਚਰਚਾ ਉਪਰੰਤ ਨਾਨਕਸ਼ਾਹੀ ਕੈਲੰਡਰ (ਮੂਲ) ਦੇ ਹਮਾਇਤੀ ਸਿੱਖਾਂ ਵੱਲੋਂ ਤਖਤ ਸਾਹਿਬ ਵਿਖੇ ਕੈਲੰਡਰ ਰੱਦ ਕਰਨ ਦਾ ਵਿਰੋਧ ਦਰਜ ਕਰਾਇਆ ਗਿਆ ਹੈ ਤਾਂ ਇਸ ਦੌਰਾਨ ਸਿੰਘ ਸਾਹਿਬਾਨ ਦੀ ਬੈਠਕ ‘ਚ ਮਾਮਲੇ ਨੂੰ ਫਿਲਹਾਲ ਠੰਢੇ ਬਸਤੇ ਵਿਚ ਪਾਉਣ ਨੂੰ ਹੀ ਤਰਜੀਹ ਦਿੱਤੀ ਗਈ ਹੈ।

Be the first to comment

Leave a Reply

Your email address will not be published.