ਅੰਮ੍ਰਿਤਸਰ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੀ ਰਸੋਈ ਵਾਸਤੇ ਬਣਾਈ ਜਾ ਰਹੀ ਅਤਿ-ਆਧੁਨਿਕ ਇਮਾਰਤ ਦਾ ਕੰਮ ਠੇਕੇ ‘ਤੇ ਕਰਵਾਏ ਜਾਣ ਦਾ ਵਿਰੋਧ ਕੀਤਾ ਹੈ। ਢਾਡੀ ਸਭਾ ਨੇ ਵਿਰੋਧ ਵਜੋਂ ਮੋਟਰਸਾਈਕਲਾਂ ‘ਤੇ ਰੋਸ ਮਾਰਚ ਵੀ ਕੱਢਿਆ। ਇਸੇ ਤਰ੍ਹਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਸ ਵਿਰੋਧ ਨੂੰ ਬੇਲੋੜਾ ਰੋਸ ਕਰਾਰ ਦਿੰਦਿਆਂ ਸੰਗਤਾਂ ਨੂੰ ਅਜਿਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਲਈ ਆਖਿਆ। ਗੌਰਤਲਬ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੀ ਰਸੋਈ ਦੀ ਅਤਿ-ਆਧੁਨਿਕ ਇਮਾਰਤ ਬਣਾਈ ਜਾ ਰਹੀ ਹੈ। ਇਸ ਇਮਾਰਤ ਦੀ ਉਸਾਰੀ ਦਾ ਕੰਮ ਇਕ ਵੱਡੀ ਕੰਪਨੀ ਕੋਲੋਂ ਠੇਕੇ ‘ਤੇ ਕਰਾਇਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਢਾਡੀ ਸਭਾ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਢਾਡੀ ਸਭਾ ਦੇ ਮੁਖੀ ਬਲਦੇਵ ਸਿੰਘ ਐਮæਏ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਦੀ ਅਗਵਾਈ ਹੇਠ ਭਾਈ ਗੁਰਦਾਸ ਹਾਲ ਤੋਂ ਅਰੰਭ ਹੋਇਆ। ਸਭਾ ਦੇ ਮੁਖੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਘਰ ਨਾਲ ਸਬੰਧਤ ਇਹ ਇਮਾਰਤ ਠੇਕੇ ‘ਤੇ ਬਣਾਈ ਜਾ ਰਹੀ ਹੈ ਜਿਸ ਨੂੰ ਬਣਾਉਣ ਵਾਲੇ ਗ਼ੈਰ ਪੰਜਾਬੀ ਹਨ ਤੇ ਉਹ ਉਸਾਰੀ ਸਮੇਂ ਸਿਗਰਟ ਤੇ ਤੰਬਾਕੂ ਦੀ ਵੀ ਵਰਤੋਂ ਕਰ ਰਹੇ ਹਨ ਜੋ ਮਰਿਆਦਾ ਦੀ ਵੱਡੀ ਉਲੰਘਣਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਘਰ ਦੀਆਂ ਇਮਾਰਤਾਂ ਸ਼ੁਰੂ ਤੋਂ ਹੀ ਕਾਰ ਸੇਵਾ ਰਾਹੀਂ ਬਣਾਉਣ ਦਾ ਸਿਧਾਂਤ ਰਿਹਾ ਹੈ ਜਿਸ ਵਿਚ ਸੰਗਤਾਂ ਵੱਲੋਂ ਯੋਗਦਾਨ ਪਾਇਆ ਜਾਂਦਾ ਹੈ। ਗੁਰੂ ਘਰ ਦੇ ਲੰਗਰ ਨਾਲ ਸਬੰਧਤ ਇਸ ਇਮਾਰਤ ਨੂੰ ਸਿਧਾਂਤਾਂ ਦੀ ਉਲੰਘਣਾ ਕਰਕੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰੀ ਪ੍ਰਣਾਲੀ ਰਾਹੀਂ ਹੋ ਰਹੇ ਇਸ ਕੰਮ ਨੂੰ ਕਾਰ ਸੇਵਾ ਰਾਹੀਂ ਕਰਵਾਇਆ ਜਾਵੇ।
ਇਸ ਦੌਰਾਨ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗੁਰੂ ਘਰ ਦੀਆਂ ਇਮਾਰਤਾਂ ਸ਼ੁਰੂ ਤੋਂ ਹੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਉਸਾਰੀਆਂ ਜਾਂਦੀਆਂ ਰਹੀਆਂ ਹਨ ਤੇ ਕਦੇ ਵੀ ਠੇਕਾ ਆਧਾਰ ‘ਤੇ ਉਸਾਰੀ ਨਹੀਂ ਕਰਾਈ ਗਈ ਹੈ। ਉਨ੍ਹਾਂ ਸਾਕਾ ਨੀਲਾ ਤਾਰਾ ਤੋਂ ਬਾਅਦ ਅਕਾਲ ਤਖ਼ਤ ਦੀ ਉਸਾਰੀ ਸਰਕਾਰੀ ਹੁਕਮਾਂ ‘ਤੇ ਸੰਤਾ ਸਿੰਘ ਵੱਲੋਂ ਕਰਵਾਏ ਜਾਣ ਦੀ ਮਿਸਾਲ ਦਿੰਦਿਆਂ ਆਖਿਆ ਕਿ ਉਸ ਵੇਲੇ ਵੀ ਸੰਗਤਾਂ ਨੇ ਸਰਕਾਰੀ ਉਸਾਰੀ ਦਾ ਵਿਰੋਧ ਕੀਤਾ ਸੀ। ਉਨ੍ਹਾਂ ਆਖਿਆ ਕਿ ਜੇਕਰ ਅੱਜ ਠੇਕੇ ‘ਤੇ ਕੰਮ ਦੇ ਕੇ ਗੁਰੂ ਘਰ ਦੀਆਂ ਇਮਾਰਤਾਂ ਬਣਵਾਉਣਾ ਜਾਇਜ਼ ਹੈ ਤਾਂ ਉਸ ਵੇਲੇ ਸਰਕਾਰੀ ਆਦੇਸ਼ਾਂ ‘ਤੇ ਬਣੀ ਅਕਾਲ ਤਖ਼ਤ ਦੀ ਇਮਾਰਤ ਕਿਵੇਂ ਗ਼ਲਤ ਸੀ। ਇਸ ਤੋਂ ਪਹਿਲਾਂ ਸ੍ਰੀ ਗੁਰੂ ਹਰਿਗੋਬਿੰਦ ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਆਦਿ ਇਮਾਰਤਾਂ ਠੇਕੇ ‘ਤੇ ਬਣਵਾਈਆਂ ਗਈਆਂ ਸਨ ਜਿਨ੍ਹਾਂ ਦੀ ਉਸਾਰੀ ਹਲਕੇ ਦਰਜੇ ਦੀ ਸੀ ਤੇ ਜਿਨ੍ਹਾਂ ਨੂੰ ਮਗਰੋਂ ਕਾਰ ਸੇਵਾ ਰਾਹੀਂ ਠੀਕ ਕੀਤਾ ਗਿਆ।
_______________________
ਕਾਰ ਸੇਵਾ ਨਾ ਕਰਵਾਉਣ ‘ਤੇ ਮਰਨ ਵਰਤ ਦਾ ਐਲਾਨ
ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐਮæਏ ਨੇ ਐਲਾਨ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਇਮਾਰਤ ਦਾ ਕੰਮ ਕਾਰ ਸੇਵਾ ਵਾਲੇ ਬਾਬਿਆਂ ਨੂੰ ਨਾ ਸੌਂਪਿਆ ਗਿਆ ਤਾਂ ਉਹ 17 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਮਰਨ ਵਰਤ ਸ਼ੁਰੂ ਕਰਨਗੇ।
ਉਨ੍ਹਾਂ ਕਿਹਾ ਕਿ ਢਾਡੀ ਸਭਾ ਵੱਲੋਂ ਇਸੇ ਬਾਰੇ ਭਾਈ ਗੁਰਦਾਸ ਹਾਲ ਵਿਖੇ ਇਕ ਸੈਮੀਨਾਰ ਰੱਖਿਆ ਗਿਆ ਸੀ ਪਰ ਆਖਰੀ ਮੌਕੇ ਸ਼੍ਰੋਮਣੀ ਕਮੇਟੀ ਨੇ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਆਖਿਆ ਕਿ ਸੈਮੀਨਾਰ ਬਾਰੇ ਤਿੰਨ ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨੂੰ ਬੇਨਤੀ ਪੱਤਰ ਦਿੱਤਾ ਗਿਆ ਸੀ ਪਰ ਉਨ੍ਹਾਂ ਉਸ ਵੇਲੇ ਹਾਲ ਦੇਣ ਤੋਂ ਮਨਾ ਨਹੀਂ ਕੀਤਾ ਸੀ। ਹੁਣ ਐਨ ਆਖਰੀ ਮੌਕੇ ਪ੍ਰਬੰਧਕਾਂ ਨੇ ਇਹ ਕਹਿ ਕੇ ਹਾਲ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਥੇ ਪਹਿਲਾਂ ਹੀ ਹੋਰ ਪ੍ਰੋਗਰਾਮਾਂ ਲਈ ਹਾਲ ਦਿੱਤੇ ਹੋਏ ਹਨ।
_____________________________________________________
ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਸੰਗਤਾਂ: ਮੱਕੜ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਢਾਡੀ ਬਲਦੇਵ ਸਿੰਘ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਵਧੇਰੇ ਇਮਾਰਤਾਂ ਜਿਨ੍ਹਾਂ ਵਿਚ ਘਿਉ ਮੰਡੀ ਨੇੜੇ ਕੁੜੀਆਂ ਦਾ ਸਕੂਲ, ਸ਼ਹੀਦੀ ਯਾਦਗਾਰ, ਗੁਰਦੁਆਰਾ ਥੜ੍ਹਾ ਸਾਹਿਬ, ਧਰਮ ਪ੍ਰਚਾਰ ਕਮੇਟੀ ਦੇ ਦਫਤਰ ਦੀ ਇਮਾਰਤ ਤੇ ਦੁੱਖ ਭੰਜਨੀ ਬੇਰੀ ਅਖੰਡ ਪਾਠ ਦੇ ਕਮਰੇ ਕਾਰ ਸੇਵਾ ਵਾਲੇ ਬਾਬਿਆਂ ਰਾਹੀਂ ਹੀ ਬਣਵਾਈਆਂ ਗਈਆਂ ਹਨ। ਲੰਗਰ ਘਰ ਦੀ ਇਮਾਰਤ ਜਿਸ ਨੂੰ ਅਤਿ-ਆਧੁਨਿਕ ਬਣਾਇਆ ਜਾ ਰਿਹਾ ਹੈ, ਦੀ ਉਸਾਰੀ ਤੈਅ ਸਮੇਂ ਵਿਚ ਮੁਕੰਮਲ ਕਰਨ ਦੀ ਮਨਸ਼ਾ ਨਾਲ ਇਹ ਕਾਰਜ ਠੇਕੇ ‘ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਖੇ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਲੰਗਰ ਛਕਣ ਲਈ ਆਉਂਦੇ ਹਨ, ਇਸ ਲਈ ਇਸ ਇਮਾਰਤ ਦੀ ਉਸਾਰੀ ਦਾ ਕੰਮ ਛੇਤੀ ਮੁਕੰਮਲ ਕਰਨ ਦੀ ਲੋੜ ਹੈ।
Leave a Reply