ਜਲੰਧਰ: ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੋਈ ਖ਼ਤੋ-ਕਿਤਾਬਤ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਰਾਜਨੀਤਕ ਧਿਰਾਂ ਇਸ ਨੂੰ ਜ਼ੋਰ-ਸ਼ੋਰ ਨਾਲ ਉਠਾ ਰਹੀਆਂ ਹਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸ੍ਰੀਮਤੀ ਇੰਦਰਾ ਗਾਂਧੀ ਨੂੰ ਢਾਈ ਸਫ਼ਿਆਂ ਦਾ ਹੱਥ-ਲਿਖਤ ਪੱਤਰ ਭੇਜਿਆ ਸੀ ਜਿਸ ਵਿਚ ਸੰਤ ਭਿੰਡਰਾਂਵਾਲੇ ਨੇ ਇੰਦਰਾ ਗਾਂਧੀ ਨੂੰ ਚੇਤਾਵਨੀ ਦਿੱਤੀ ਸੀ। ਇਸ ਖ਼ਤ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਨੂੰ ਉਦਾਹਰਣਾਂ ਦੇ ਕੇ ਲਿਖਿਆ ਸੀ ਤੇ ਇਸ ਖ਼ਤ ਦੀ ਸ਼ਬਦਾਵਲੀ ਵੀ ਬੜੀ ਸਖ਼ਤ ਲਹਿਜੇ ਵਾਲੀ ਸੀ। ਇਹ ਖ਼ਤ 19 ਫਰਵਰੀ, 1983 ਨੂੰ ਲਿਖਿਆ ਗਿਆ ਸੀ ਜਿਸ ਦੇ ਜਵਾਬ ਵਿਚ ਇੰਦਰਾ ਗਾਂਧੀ ਨੇ ਵੀ ਸੰਤ ਭਿੰਡਰਾਂਵਾਲੇ ਨੂੰ 21 ਫਰਵਰੀ, 1983 ਨੂੰ ਲਿਖੇ ਪੱਤਰ ਵਿਚ ਸਤਿਕਾਰਯੋਗ ਸੰਤ ਕਹਿੰਦਿਆਂ ਸੰਬੋਧਨ ਕੀਤਾ ਸੀ। ਇਸ ਖ਼ਤ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਪਹੁੰਚਾਉਣ ਦੀ ਪੁਸ਼ਟੀ ਕਰਦਿਆਂ ਭਰਪੂਰ ਸਿੰਘ ਬਲਬੀਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਖ਼ਤ ਲਿਖਿਆ ਸੀ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਸ਼ੁਰੂ ਵਿਚ ਇਸ ਗੱਲ ਦੀ ਧਾਰਨੀ ਸੀ ਕਿ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰ ਲਿਆ ਜਾਵੇ। ਉਨ੍ਹਾਂ ਸਿੱਖ ਆਗੂਆਂ ‘ਤੇ ਵੀ ਉਂਗਲੀ ਕੀਤੀ ਕਿ ਜਿਥੇ ਪ੍ਰਧਾਨ ਮੰਤਰੀ ਦੇ ਸਲਾਹਕਾਰਾਂ ਵਿਚ ਉਹ ਲੋਕ ਸ਼ਾਮਲ ਸਨ ਜਿਹੜੇ ਮਸਲੇ ਨੂੰ ਉਲਝਾਉਣ ਵਿਚ ਲੱਗੇ ਰਹੇ। ਇਸੇ ਤਰ੍ਹਾਂ ਹੀ ਸਮਝੌਤੇ ਲਈ ਜਾਣ ਵਾਲੇ ਸਿੱਖ ਆਗੂ ਵੀ ਹਰ ਵਾਰ ਆਪਣੀਆਂ ਮੰਗਾਂ ਬਾਰੇ ਥਿੜਕਦੇ ਰਹੇ। ਭਰਪੂਰ ਸਿੰਘ ਬਲਬੀਰ ਨੇ ਕਿਹਾ ਕਿ ਪੰਜਾਬ ਦੀਆਂ ਮੰਗਾਂ ਲੈ ਕੇ ਜਾਣ ਵਾਲੀ ਅਕਾਲੀ ਲੀਡਰਸ਼ਿਪ ਨੂੰ ਬਹੁਤੀ ਸਮਝ ਨਹੀਂ ਸੀ ਕਿ ਉਹ ਮਾਮਲੇ ਨੂੰ ਕਿਸ ਢੰਗ ਨਾਲ ਹੱਲ ਕਰਵਾਉਣ ਲਈ ਅੱਗੇ ਤੋਰਨ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਇਸ ਲੀਡਰਸ਼ਿਪ ਵਿਚ ਵੀ ਉਹ ਜਥੇਦਾਰ ਸ਼ਾਮਲ ਸਨ ਜਿਹੜੇ ਮਸਲੇ ਨੂੰ ਹੱਲ ਹੀ ਨਹੀਂ ਸੀ ਕਰਾਉਣਾ ਚਾਹੁੰਦੇ।
_______________________________________
ਸੰਤ ਭਿੰਡਰਾਂਵਾਲੇ ਦਾ ਖਤ
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਆਪਣਾ ਖ਼ਤ ਸ਼ੁਰੂ ਕਰਦਿਆਂ ਲਿਖਿਆ ਸੀ ਕਿ, ‘ੴ ਸਤਿਗੁਰ ਪ੍ਰਸਾਦਿ।। ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ਸੈਫ ਸਰੋਹੀ ਸੈਥੀ ਯਹੈ ਹਮਾਰੈ ਪੀਰ।।।੩। ਰਾਜਨੀਤੀ ਪੱਖ ਤੋਂ ਹਿੰਦੁਸਤਾਨ ਦੇ ਪ੍ਰਮੁੱਖ ਸੇਵਾਦਾਰ ਬੀਬੀ ਇੰਦਰਾ ਜੀ, ਤੁਹਾਡੇ ਬੋਲ਼ੇ ਕੰਨਾਂ ਤਕ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਤੋਂ, ਸਿੱਖ ਦੁਖੀ ਹਿਰਦਿਆਂ ਦੀ ਆਵਾਜ਼ ਪਹੁੰਚਾਉਣ ਵਾਸਤੇ ਚਿੱਠੀ ਦੁਆਰਾ ਮੈਂ ਆਪਣਾ ਵਿਚਾਰ ਪ੍ਰਗਟ ਕਰ ਰਿਹਾ ਹਾਂ। ਭਾਵੇਂ ‘ਬੋਲ਼ੇ ਕੰਨਾਂ’ ਦਾ ਅੱਖਰ ਸੁਣ ਕੇ ਤੁਹਾਨੂੰ ਕੁਝ ਮਹਿਸੂਸ ਹੋਵੇਗਾ ਕਿ ਕਿਹੋ ਜਿਹੀ ਭਾਸ਼ਾ ਵਰਤੀ ਹੈ ਪਰ ਮੈਂ ਬੋਲ਼ੇਪਨ ਦੀ ਸਿੱਧਤਾ ਵਾਸਤੇ ਕੁਝ ਵਿਚਾਰ ਦੱਸਣੇ ਜ਼ਰੂਰੀ ਸਮਝਦਾ ਹਾਂ, ਧਿਆਨ ਨਾਲ ਪੜ੍ਹ ਲੈਣਾ।
ਖ਼ਤ ਵਿਚ ਉਨ੍ਹਾਂ ਕੇਂਦਰ ਦੀ ਸਰਕਾਰ ਨੂੰ ਬੋਲ਼ੇਪਨ ਦੀ ਸਰਕਾਰ ਦੱਸਿਆ ਹੈ ਤੇ ਨਾਲ ਹੀ ਕਿਹਾ ਕਿ ਸਿੱਖਾਂ ਨੂੰ ਪੰਜਾਬੀ ਬੋਲਣ ਵਾਸਤੇ, ਪੰਜਾਬੀ ਸੂਬਾ ਲੈਣ ਵਾਸਤੇ, ਸ੍ਰੀ ਹਰਿਮੰਦਰ ਸਾਹਿਬ ਵਿਖੇ ਟਰਾਂਸਮੀਟਰ ਲਾਉਣ ਵਾਸਤੇ, ਸਿੱਖ ਇਕ ਵੱਖਰੀ ਕੌਮ ਕਹਾਉਣ ਵਾਸਤੇ, ਧਾਰਮਿਕ ਸਥਾਨਾਂ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ ਤੇ ਆਪਣੇ ਧਾਰਮਿਕ ਚਿੰਨ੍ਹ ਨੂੰ ਪ੍ਰਪੱਕਤਾ ਸਹਿਤ ਧਾਰਨ ਕਰਨ ਵਾਸਤੇ, ਆਜ਼ਾਦੀ ਤੋਂ ਪਿੱਛੋਂ ਦੋ ਲੱਖ ਤੋਂ ਵੱਧ ਕੈਦ ਤੇ ਭਾਰੀ ਗਿਣਤੀ ਵਿਚ ਸ਼ਹੀਦੀਆਂ ਪਾ ਕੇ ਵੀ ਤੁਹਾਡੇ ਬੋਲ਼ੇ ਕੰਨਾਂ ਤੱਕ ਆਵਾਜ਼ ਨਹੀਂ ਪੁੱਜੀ।
ਉਨ੍ਹਾਂ ਖ਼ਤ ਵਿਚ ਇਹ ਵੀ ਲਿਖਿਆ ਕਿ ਸਿੱਖ ਹਮੇਸ਼ਾ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਾ ਹੈ ਤੇ ਸਬਰ ਨਾਲ ਕਰਾਂਗੇ ਪਰ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਜਦੋਂ ਸਬਰ ਦਾ ਪਿਆਲਾ ਭਰ ਜਾਵੇ ਤਦੋਂ ਸਿੱਖਾਂ ਨੂੰ ਮਜਬੂਰ ਹੋ ਕੇ ਆਪਣਾ ਹੱਕ ਲੈਣ ਵਾਸਤੇ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨ ਕੇ ‘ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ।। ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ’ ਦੇ ਅਨੁਸਾਰ ਚੱਲਣਾ ਪੈਂਦਾ ਹੈ, ਪਰ ਇਸ ‘ਤੇ ਚੱਲਣ ਵਾਸਤੇ ਅਜੇ ਸਾਡਾ ਕੋਈ ਇਰਾਦਾ ਨਹੀਂ ਹੈ ਪਰ ਜੇ ਕੁਰਸੀ ਦੇ ਨਸ਼ੇ ਵਿਚ ਇਸੇ ਤਰ੍ਹਾਂ ਸਿੱਖਾਂ ਨਾਲ ਅੱਤਿਆਚਾਰ ਹੁੰਦਾ ਰਿਹਾ ਤਾਂ ਇਸ ਨੂੰ ਹੁਣ ਬਹੁਤ ਸਾਲ ਜਾਂ ਮਹੀਨੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਆਪਣੇ ਖ਼ਤ ਦੇ ਅਖੀਰ ਵਿਚ ਲਿਖਿਆ ਕਿ ਸਿੱਖ ਵਿਦਿਆਰਥੀ ਨੂੰ ਨਜ਼ਰਬੰਦ ਕਰਨਾ, ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲ ਮੁੱਖ ਮੰਤਰੀ ਪੰਜਾਬ, ਐਸ਼ਪੀæ ਡੀæਆਰæ ਭੱਟੀ, ਡੀæਆਈæਜੀæ ਮਾਂਗਟ ਪਟਿਆਲਾ ਤੇ ਇਨ੍ਹਾਂ ਦੇ ਸਾਥੀਆਂ ਨੂੰ ਡੀæਸੀæ ਹੁਕਮ ਰੂਪੀ ਖੰਭਾਂ ਹੇਠ ਲੁਕਾਉਣਾ, ਬੋਲ਼ੇ ਤੇ ਗੂੰਗੇਪਨ ਦੀ ਪ੍ਰਤੱਖ ਮਿਸਾਲ ਹੈ। ਇਹ ਸੰਖੇਪ ਵਿਚ ਦੱਸਿਆ ਹੈ। ਸਮਾਂ ਆਉਣ ‘ਤੇ ਵਿਸਥਾਰ ਨਾਲ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਬਾਰੇ ਦੱਸਾਂਗਾ। -ਜਰਨੈਲ ਸਿੰਘ ਖਾਲਸਾ (19-2-83)
Leave a Reply