ਟੋਰਾਂਟੋ: ਕੈਨੇਡਾ ਦੀ ਕੰਸਰਵੇਟਿਵ ਸਰਕਾਰ ਮੁਲਕ ਦੇ ਨਾਗਰਿਕਤਾ ਐਕਟ ਵਿਚ ਵੱਡੀਆਂ ਤਬਦੀਲੀਆਂ ਕਰਨ ਦੇ ਰੌਂਅ ਵਿਚ ਹੈ। ਇਸ ਬਾਰੇ ਪਾਰਲੀਮੈਂਟ ਵਿਚ ਮਤਾ ‘ਸੀ-24’ ਪੇਸ਼ ਕੀਤਾ ਗਿਆ ਹੈ। ਇਸ ਮਤੇ ਦੀਆਂ ਕੁਝ ਮਦਾਂ ਬਾਰੇ ਪਤਾ ਲੱਗਾ ਹੈ ਕਿ ਕੈਨੇਡੀਅਨ ਨਾਗਰਿਕ ਬਣਨ ਲਈ ਆਵਾਸੀਆਂ ਲਈ ਹੋਰ ਸ਼ਰਤਾਂ ਤੇ ਨਿਯਮ ਰੱਖੇ ਗਏ ਹਨ ਜਿਸ ਨਾਲ ਅਜਿਹੇ ਕੇਸ ਨਿਬੜਨ ਨੂੰ ਲੰਮਾ ਸਮਾਂ ਲੱਗਿਆ ਕਰੇਗਾ। ਆਵਾਸ ਮੰਤਰੀ ਕ੍ਰਿਸ ਅਲੈਗਜੈਂਡਰ ਨੇ ਬੀਤੇ ਦਿਨ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡੀਅਨ ਨਾਗਰਿਕਤਾ ਸਿਰਫ਼ ਪਾਸਪੋਰਟ ਸਹੂਲਤ ਹੀ ਨਹੀਂ ਸਗੋਂ ਮੁਲਕ ਦੀਆਂ ਇਤਿਹਾਸਕ ਕਦਰਾਂ ਕੀਮਤਾਂ ਤੇ ਜ਼ਿੰਮੇਵਾਰੀਆਂ ਦੀ ਸਹੁੰ ਵੀ ਹੈ। 1977 ਤੋਂ ਬਣੇ ਨਾਗਰਿਕਤਾ ਐਕਟ ਵਿਚ ਅਜਿਹੀਆਂ ਸੋਧਾਂ ਪਹਿਲੀ ਵਾਰ ਹੋਣ ਜਾ ਰਹੀਆਂ ਹਨ। ਨਵੇਂ ਪ੍ਰਸਤਾਵਿਤ ਕਾਨੂੰਨ ਤਹਿਤ ਪਰਮਾਨੈਂਟ ਰੈਜ਼ੀਡੈਂਟ (ਪੀ।ਆਰæ) ਨੂੰ ਛੇ ਵਿਚੋਂ ਚਾਰ ਸਾਲ ਕੈਨੇਡਾ ਵਿਚ ਰਹਿਣਾ ਸਾਬਤ ਕਰਨਾ ਪਏਗਾ ਜੋ ਅੱਜਕੱਲ੍ਹ ਚਾਰ ਵਿਚੋਂ ਤਿੰਨ ਸਾਲ ਹੈ।
ਪੀ।ਆਰæ ਨੂੰ 183 ਦਿਨ ਸਰੀਰਕ ਤੌਰ ‘ਤੇ ਕੈਨੇਡਾ ਵਿਚ ਰਹਿਣਾ ਹੋਏਗਾ ਤੇ ਇਨਕਮ ਟੈਕਸ ਦੇਣਾ ਪਵੇਗਾ। ਨਾਗਰਿਕਤਾ ਲਈ ਭਾਸ਼ਾਵਾਂ ਤੇ ਜਾਣਕਾਰੀ ਟੈਸਟ ਵੀ ਔਖੇ ਕੀਤੇ ਜਾਣਗੇ। ਮੰਤਰੀ ਮੁਤਾਬਕ ਨਵੇਂ ਕਾਨੂੰਨ ਤਹਿਤ ਨਾਗਰਿਕਤਾ ਅਰਜ਼ੀਆਂ ਦਾ ਨਿਬੇੜਾ ਤੇਜ਼ ਹੋਵੇਗਾ। ਅੱਜਕੱਲ੍ਹ ਇਹ ਬੈਕਲਾਗ 3 ਲੱਖ 20 ਹਜ਼ਾਰ ਅਰਜ਼ੀਆਂ ਦਾ ਹੈ। ਮੰਤਰੀ ਨੇ ਕਿਹਾ ਕਿ ਅਗਲੇ ਦੋ ਸਾਲਾਂ ਤੱਕ ਨਾਗਰਿਕਤਾ ਅਰਜ਼ੀ ਦਾ ਨਿਬੇੜਾ ਇਕ ਸਾਲ ਵਿਚ ਵਿਚ ਹੋ ਜਾਇਆ ਕਰੇਗਾ ਜੋ ਅੱਜਕੱਲ੍ਹ ਤਿੰਨ ਸਾਲ ਤੱਕ ਲਮਕ ਜਾਂਦਾ ਹੈ।
ਅਤਿਵਾਦ, ਜਾਸੂਸੀ ਤੇ ਕੈਨੇਡਾ ਨਾਲ ਮਤਭੇਦ ਵਾਲੇ ਮੁਲਕ ਦੇ ਲੋਕਾਂ ਦੇ ਪਾਸਪੋਰਟ ਖੋਹਣ ਦਾ ਅਧਿਕਾਰ ਵੀ ਇਹ ਕਾਨੂੰਨ ਦੇਵੇਗਾ। ਨਵਾਂ ਕਾਨੂੰਨ ਵਿਦੇਸ਼ੀ ਅਪਰਾਧੀਆਂ ਤੇ ਦੋਸ਼ੀਆਂ ਨੂੰ ਕੈਨੇਡਿਆਈ ਨਾਗਰਿਕਤਾ ਲੈਣ ਤੋਂ ਵੀ ਰੋਕੇਗਾ। ਮੌਜੂਦਾ ਕਾਨੂੰਨ ਤਹਿਤ ਸਿਰਫ਼ ਖਾਸ ਸਥਾਨਕ ਅਪਰਾਧਾਂ ਦੇ ਮਾਮਲੇ ਵਿਚ ਹੀ ਅਜਿਹੇ ਕਦਮ ਚੁੱਕੇ ਜਾਂਦੇ ਹਨ। ਦੂਜੇ ਪਾਸੇ ਆਵਾਸੀਆਂ ਵਿਚ ਇਨ੍ਹਾਂ ਨਵੀਆਂ ਸੋਧਾਂ ਨੂੰ ਲੈ ਕੇ ਵਿਰੋਧ ਪਾਇਆ ਜਾ ਰਿਹਾ ਹੈ। ਟੋਰਾਂਟੋ ਵਿਚ ਆਵਾਸੀ ਨਿੱਜ-ਵਕਾਲਤ ਗਰੁੱਪ ਦੀ ਮੋਢੀ ਅਰੀਆਨਾ ਅਡੀਬਰਾਡ ਅਨੁਸਾਰ ਇਹ ਆਵਾਸੀਆਂ ਨੂੰ ਸਜ਼ਾ ਦੇਣ ਦੇ ਤੁਲ ਹੈ। ਇਰਾਨ ਦੇ ਪਿਛੋਕੜ ਦੀ ਅਰੀਆਨਾ ਸਮਝਦੀ ਹੈ ਕਿ ਕੈਨੇਡਾ ਸਰਕਾਰ ਆਵਾਸੀਆਂ ਨੂੰ ਨਾਗਰਿਕਾਂ ਵਾਲੇ ਹੱਕ ਤੇ ਸਹੂਲਤਾਂ ਤੋਂ ਵਾਂਝਾ ਰੱਖਣਾ ਚਾਹੁੰਦੀ ਹੈ।
________________________________________________
ਜਣੇਪਾ ਟੂਰਿਜ਼ਮ ‘ਤੇ ਲੱਗੇਗੀ ਲਗਾਮ
ਟੋਰਾਂਟੋ: ਕੈਨੇਡਾ ਦਾ ਆਵਾਸ ਮਹਿਕਮਾ ਇਸ ਮਾਮਲੇ ਤੋਂ ਵੀ ਭਲੀ-ਭਾਂਤ ਜਾਣੂ ਹੈ ਕਿ ਅਨੇਕਾਂ ਲੋਕ ਇਥੇ ਸਿਰਫ ਬੱਚੇ ਪੈਦਾ ਕਰਨ ਹੀ ਆਉਂਦੇ ਹਨ। ਇਸ ਤੋਂ ਵੱਧ ਉਨ੍ਹਾਂ ਦਾ ਇਸ ਮੁਲਕ ਨਾਲ ਕੋਈ ਲਗਾਅ ਨਹੀਂ ਹੁੰਦਾ। ਕੈਨੇਡਾ ਦੇ ਆਵਾਸ ਮੰਤਰੀ ਕ੍ਰਿਸ ਅਲੈਗਜ਼ੈਂਡਰ ਨੇ ਸੰਕੇਤ ਦਿੱਤੇ ਹਨ ਕਿ ਉਹ ਇਸ ਮੁੱਦੇ ‘ਤੇ ਜਲਦੀ ਹੀ ਸੂਬਾਈ ਸਰਕਾਰਾਂ ਨਾਲ ਮਿਲ ਕੇ ਕੋਈ ਢੁੱਕਵਾਂ ਰਾਹ ਲੱਭਣ ਲਈ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਆਵਾਸੀਆਂ ਵੱਲੋਂ ਕੈਨੇਡਾ ਦੀ ਧਰਤੀ ‘ਤੇ ਪਹੁੰਚ ਕੇ ਬੱਚੇ ਜੰਮਣਾ ਤੇ ਚਲੇ ਜਾਣਾ ਵੀ ਵਿਚਾਰਨਯੋਗ ਮਾਮਲਾ ਹੈ। ਇਨ੍ਹਾਂ ਲੋਕਾਂ ਦਾ ਕੈਨੇਡਾ ਨਾਲ ਕੋਈ ਮਜ਼ਬੂਤ ਰਿਸ਼ਤਾ ਨਹੀਂ ਜੁੜਦਾ ਬਲਕਿ ਉਨ੍ਹਾਂ ਦਾ ਮੰਤਵ ਆਪਣੀ ਔਲਾਦ ਨੂੰ ਕੈਨੇਡੀਅਨ ਨਾਗਰਿਕਤਾ ਦਿਵਾਉਣਾ ਹੀ ਹੁੰਦਾ ਹੈ। ਇਸ ਮੁੱਦੇ ਨੂੰ ਮੰਤਰੀ ਨੇ ਆਪਣੇ ਨਾਗਰਿਕਤਾ ਸੋਧ ਬਿੱਲ ਵਿੱਚ ਤਾਂ ਨਹੀਂ ਸ਼ਾਮਲ ਕੀਤਾ ਪਰ ਇਸ ਨੂੰ ਵੱਖਰੇ ਤੌਰ ‘ਤੇ ਨਜਿੱਠਣ ਦਾ ਵਿਚਾਰ ਬਣਾਇਆ ਹੈ। ਕੈਨੇਡੀਅਨ ਨਾਗਰਿਕਤਾ ਐਕਟ ਵਿਚ ਸੋਧਾਂ ਕਰਨ ਵਾਲਾ ਮਤਾ ਬੀਤੇ ਦਿਨ ਪਾਰਲੀਮੈਂਟ ਵਿਚ ਪੇਸ਼ ਕੀਤਾ ਗਿਆ ਹੈ।
Leave a Reply