ਹੁਣ ਸੰਯੁਕਤ ਰਾਸ਼ਟਰ ਚਲਾਏ ਭਾਰਤ ਤੇ ਬਰਤਾਨੀਆ ਖਿਲਾਫ ਮੁਕੱਦਮਾ

ਚੰਡੀਗੜ੍ਹ: ਸ੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਦੇ ਫ਼ੌਜੀ ਹਮਲੇ ਵਿਚ ਬਰਤਾਨੀਆ ਵੱਲੋਂ ਭਾਰਤ ਸਰਕਾਰ ਦੀ ਮਦਦ ਕਰਨ ਦੇ ਮਾਮਲੇ ‘ਤੇ ਸੰਤ ਸਮਾਜ ਸੰਯੁਕਤ ਰਾਸ਼ਟਰ ਨੂੰ ਪੱਤਰ ਲਿਖ ਕੇ ਭਾਰਤ ਤੇ ਬਰਤਾਨੀਆ ਖਿਲਾਫ਼ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੇ ਦੋਸ਼ ਵਿਚ ਮੁਕੱਦਮਾ ਦਰਜ ਕਰਨ ਦੀ ਅਪੀਲ ਕਰੇਗਾ।
ਜ਼ਿਕਰਯੋਗ ਹੈ ਕਿ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਫੌਜੀ ਹਮਲੇ ਦੌਰਾਨ ਬਰਤਾਨੀਆ ਸਰਕਾਰ ਵੱਲੋਂ ਹਮਲੇ ਬਾਰੇ ਸੁਝਾਅ ਦੇਣ ਦਾ ਖੁਲਾਸਾ ਕੀਤੇ ਜਾਣ ਮਗਰੋਂ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਸਖ਼ਤ ਵਿਰੋਧ ਕਰਦਿਆਂ ਨਿਖੇਧੀ ਕੀਤੀ ਗਈ ਹੈ। ਹਾਲ ਹੀ ਵਿਚ ਇਹ ਖੁਲਾਸਾ ਹੋਇਆ ਕਿ ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਭਾਰਤ ਸਰਕਾਰ ਵੱਲੋਂ ਬਰਤਾਨੀਆ ਸਰਕਾਰ ਕੋਲੋਂ ਸਹਿਯੋਗ ਲਿਆ ਗਿਆ ਸੀ। ਇਹ ਖੁਲਾਸਾ ਹੋਣ ਮਗਰੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਮਾਮਲੇ ਦੀ ਜਾਂਚ ਕਰਵਾਈ ਗਈ ਹੈ ਜਿਸ ਵਿਚ ਇਹ ਤੱਥ ਸਾਹਮਣੇ ਆਏ ਹਨ ਕਿ ਹਮਲੇ ਤੋਂ ਕੁਝ ਮਹੀਨੇ ਪਹਿਲਾਂ ਬਰਤਾਨੀਆ ਸਰਕਾਰ ਨੇ ਭਾਰਤ ਸਰਕਾਰ ਦੀ ਮੰਗ ‘ਤੇ ਹਮਲੇ ਦਾ ਸੁਝਾਅ ਦਿੱਤਾ ਸੀ ਪਰ ਉਸ ਵੱਲੋਂ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਫੌਜੀ ਮਦਦ ਮੁਹੱਈਆ ਨਹੀਂ ਕੀਤੀ ਗਈ ਸੀ। ਸੰਤ ਸਮਾਜ ਤੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਬਰਤਾਨੀਆ ਨੇ ਭਾਰਤੀ ਫ਼ੌਜ ਦੀ ਸ੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਦੇ ਫ਼ੌਜੀ ਹਮਲੇ ਦੌਰਾਨ ਮਦਦ ਕਰਕੇ ਸਿੱਖ ਕੌਮ ਨਾਲ ਘੋਰ-ਵਿਸ਼ਵਾਸਘਾਤ ਕੀਤਾ ਹੈ ਜਿਸ ਨੂੰ ਇਤਿਹਾਸ ਕਦੇ ਵੀ ਮੁਆਫ਼ ਨਹੀਂ ਕਰੇਗਾ। ਸ੍ਰੀ ਦਰਬਾਰ ਸਾਹਿਬ ‘ਤੇ ਗੁਰਪੁਰਬ ਵਾਲੇ ਦਿਨ ਹਮਲੇ ਵਿਚ ਹਜ਼ਾਰਾਂ ਬੇਗੁਨਾਹ ਸ਼ਰਧਾਲੂਆਂ, ਬਜ਼ੁਰਗਾਂ ਤੇ ਬੱਚਿਆਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਜਿਸ ਵਿਚ ਭਾਰਤ ਦੀ ਮਦਦ ਕਰਕੇ ਬਰਤਾਨੀਆ ਨੇ ਸਿੱਖਾਂ ਨਾਲ ਸਦੀਆਂ ਪੁਰਾਣੀ ਜ਼ੁਲਮਾਂ ਦੀ ਕਹਾਣੀ ਨੂੰ ਮੁੜ ਦੁਹਰਾਇਆ ਹੈ।
ਉਨ੍ਹਾਂ ਕਿਹਾ ਕਿ ਸਿੱਖ ਹਾਲੇ ਭੁੱਲੇ ਨਹੀਂ ਹਨ ਕਿ ਬਰਤਾਨੀਆ ਨੇ ਹੀ ਸਿੱਖਾਂ ਕੋਲੋਂ ਧੋਖੇ ਨਾਲ ਰਾਜ ਖੋਹਿਆ ਸੀ ਤੇ ਸਿੱਖਾਂ ਦੇ ਅੰਤਮ ਸ਼ਾਸਕ ਮਹਾਰਾਜਾ ਦਲੀਪ ਸਿੰਘ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਕਰਵਾ ਕੇ ਇਸਾਈ ਬਣਾਇਆ ਸੀ। ਬਰਤਾਨੀਆ ਦੀ ਅਜੋਕੀ ਉੱਨਤੀ ਵਿਚ ਵੀ ਸਿੱਖਾਂ ਦਾ ਲਾਮਿਸਾਲ ਯੋਗਦਾਨ ਹੈ। ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਇਹ ਵੀ ਆਖਿਆ ਕਿ ਬਰਤਾਨੀਆ ਨੂੰ ਤੁਰੰਤ ਸਿੱਖ ਕੌਮ ਕੋਲ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਸ ਦੀ ਆਖ਼ਰ ਅਜਿਹੀ ਕੀ ਮਜਬੂਰੀ ਸੀ ਕਿ ਉਸ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ‘ਤੇ ਭਾਰਤੀ ਫ਼ੌਜ ਦੇ ਹਮਲੇ ਵਿਚ ਸ਼ਮੂਲੀਅਤ ਕੀਤੀ ਸੀ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਬਰਤਾਨੀਆ ਸਰਕਾਰ ਦੀ ਇਸ ਕਾਰਵਾਈ ਨਾਲ ਸਿੱਖ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਬਰਤਾਨੀਆ ਵਿਚ ਇਸ ਵੇਲੇ ਵੱਡੀ ਗਿਣਤੀ ਵਿਚ ਸਿੱਖ ਭਾਈਚਾਰਾ ਵਸਿਆ ਹੋਇਆ ਹੈ ਜਿਨ੍ਹਾਂ ਨੇ ਉਸ ਮੁਲਕ ਦੀ ਤਰੱਕੀ ਲਈ ਆਪਣਾ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਆਖਿਆ ਕਿ ਬਰਤਾਨੀਆ ਕੋਲੋਂ ਅਜਿਹੀ ਕਿਸੇ ਕਾਰਵਾਈ ਵਿਚ ਸ਼ਮੂਲੀਅਤ ਦੀ ਆਸ ਨਹੀਂ ਸੀ। ਉਨ੍ਹਾਂ ਕਿਹਾ ਕਿ ਬਰਤਾਨੀਆ ਸਰਕਾਰ ਇਸ ਬਾਰੇ ਬਿਨਾਂ ਸ਼ਰਤ ਸਿੱਖ ਭਾਈਚਾਰੇ ਕੋਲੋਂ ਮੁਆਫੀ ਮੰਗੇ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਨੇ ਵੀ ਇਸ ਖੁਲਾਸੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਹਰਿਮੰਦਰ ਸਾਹਿਬ ‘ਤੇ ਫੌਜੀ ਹਮਲਾ ਕਾਂਗਰਸ ਦੀ ਸੋਚੀ ਸਮਝੀ ਸਾਜ਼ਿਸ਼ ਸੀ ਜਿਸ ਬਾਰੇ ਕਾਂਗਰਸ ਵੱਲੋਂ ਹੁਣ ਤਕ ਇਹ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਇਹ ਅਚਨਚੇਤੀ ਤੇ ਮੌਕੇ ਦੀ ਕਾਰਵਾਈ ਸੀ। ਉਨ੍ਹਾਂ ਨੇ ਵੀ ਮੰਗ ਕੀਤੀ ਹੈ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਇਸ ਕਾਰਵਾਈ ਲਈ ਸਿੱਖ ਕੌਮ ਕੋਲੋਂ ਮੁਆਫੀ ਮੰਗਣ।
_________________________________________
ਸ਼੍ਰੋਮਣੀ ਕਮੇਟੀ ਵੱਲੋਂ ਅਲੋਚਨਾ
ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬਰਤਾਨੀਆ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੌਜੀ ਹਮਲਾ ਕਰਨ ਬਾਰੇ ਭਾਰਤ ਸਰਕਾਰ ਨੂੰ ਸੁਝਾਅ ਦੇਣਾ ਮੰਦਭਾਗੀ ਗੱਲ ਹੈ। ਉਨ੍ਹਾਂ ਆਖਿਆ ਕਿ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਕਹਾਉਣ ਵਾਲੀ ਬਰਤਾਨੀਆ ਸਰਕਾਰ ਨੂੰ ਧਾਰਮਿਕ ਅਸਥਾਨ ‘ਤੇ ਫੌਜੀ ਹਮਲਾ ਕਰਨ ਦਾ ਸੁਝਾਅ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਜਦੋਂ ਜੂਨ 1984 ਵਿਚ ਇਹ ਫੌਜੀ ਹਮਲਾ ਹੋਇਆ ਸੀ, ਉਸ ਵੇਲੇ ਸ਼ਹੀਦੀ ਗੁਰਪੁਰਬ ਸੀ ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਣ ਲਈ ਆਈਆਂ ਹੋਈਆਂ ਸਨ। ਅਚਨਚੇਤੀ ਹੋਈ ਫੌਜੀ ਕਾਰਵਾਈ ਕਾਰਨ ਸੈਂਕੜਿਆਂ ਦੀ ਗਿਣਤੀ ਵਿਚ ਸ਼ਰਧਾਲੂ ਫੌਜੀ ਗੋਲੀਆਂ ਨਾਲ ਮਾਰੇ ਗਏ ਸਨ ਜਿਨ੍ਹਾਂ ਵਿਚ ਔਰਤਾਂ, ਬੱਚੇ ਤੇ ਬਜ਼ੁਰਗ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਬਰਤਾਨੀਆ ਸਰਕਾਰ ਨੂੰ ਇਹ ਸੁਝਾਅ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਆਪਣੇ ਮੁਲਕ ਦੀ ਆਜ਼ਾਦੀ ਲਈ ਸਿੱਖਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਸੀ।

Be the first to comment

Leave a Reply

Your email address will not be published.