ਸਰਕਾਰ ਖਿਲਾਫ ਮੁੜ ਡਟੀ ਨਵਜੋਤ ਕੌਰ ਸਿੱਧੂ

ਚੰਡੀਗੜ੍ਹ: ਮੁੱਖ ਸੰਸਦੀ ਸਕੱਤਰ (ਸਿਹਤ) ਡਾæ ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ਦੇ ਤੰਬਾਕੂ ਤੋਂ ਵੈਟ ਘੱਟ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਵਾਪਸ ਨਾ ਲਏ ਜਾਣ ਦੀ ਸੂਰਤ ਵਿਚ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਜਨਤਕ ਹਿੱਤ ਪਟੀਸ਼ਨ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਨੂੰ ਪੱਤਰ ਭੇਜ ਕੇ ਪੰਦਰਾਂ ਦਿਨਾਂ ਤੱਕ ਜਵਾਬ ਦੇਣ ਦੀ ਮੰਗ ਕੀਤੀ ਹੈ।
ਡਾæ ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵੈਟ ਘੱਟ ਕਰਨ ਦੀ ਮਦ ਮੰਤਰੀ ਮੰਡਲ ਵਿਚ ਰੱਖਣ ਤੋਂ ਪਹਿਲਾਂ ਵੀ ਇਸ ਦਾ ਲਿਖ਼ਤੀ ਵਿਰੋਧ ਕੀਤਾ ਸੀ। ਸ਼ਾਇਦ ਸਿਹਤ ਵਿਭਾਗ ਨੇ ਮੁੱਖ ਮੰਤਰੀ ਨੂੰ ਇਸ ਮਦ ਬਾਰੇ ਠੀਕ ਢੰਗ ਨਾਲ ਸੂਚਨਾ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਤੰਬਾਕੂ ਨਾਲ ਭਾਰਤ ਵਿਚ ਹਰ ਸਾਲ ਦਸ ਲੱਖ ਲੋਕ ਮਰ ਰਹੇ ਹਨ ਜਦਕਿ ਪੰਜਾਬ ਸਰਕਾਰ ਨੇ ਇਸ ਨੂੰ ਹੋਰ ਸਸਤਾ ਕਰ ਦਿੱਤਾ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਪੂਰੇ ਵਿਸ਼ਵ ਵਿਚ ਤੰਬਾਕੂ ਦੇ ਭਾਅ ਵਿਚ ਵਾਧਾ ਕੀਤਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਨੇ ਇਸ ਤੋਂ ਵੈਟ ਘੱਟ ਕਰਕੇ ਭਾਅ ਹੇਠਾਂ ਲਿਆਂਦੇ ਹਨ।
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਰਾਜ ਦੇ 16 ਜ਼ਿਲ੍ਹਿਆਂ ਨੂੰ ਤੰਬਾਕੂ ਮੁਕਤ ਕਰਨ ਦੇ ਐਲਾਣਾਂ ਨੂੰ ਨਿਰਾ ਡਰਾਮਾ ਦੱਸਿਆ। ਉਨ੍ਹਾਂ ਸ਼ ਬਾਦਲ ਨੂੰ ਤੰਬਾਕੂ ‘ਤੇ ਵੈਟ ਦੂਜੇ ਰਾਜਾਂ ਦੇ ਬਰਾਬਰ ਕਰਨ ਦੀ ਮੰਗ ਕਰਦਿਆਂ ਮੰਤਰੀ ਮੰਡਲ ਦਾ ਫ਼ੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਹੈ। ਡਾæ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਛੱਡਣ ਦੇ ਸੰਕੇਤ ਦਿੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦਾ ਪਾਰਟੀ ਵਿਚ ਇੱਜ਼ਤ-ਮਾਣ ਨਾ ਰਿਹਾ ਤਾਂ ਉਹ ਤੇ ਉਨ੍ਹਾਂ ਦੇ ਪਤੀ ਪਾਰਟੀ ਛੱਡਣ ਵਿਚ ਇਕ ਮਿੰਟ ਨਹੀਂ ਲਾਉਣਗੇ। ਭਾਜਪਾ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਰੋਸ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਸਨਮਾਨ ਨਹੀਂ ਮਿਲਣਾ ਤਾਂ ਪਾਰਟੀ ਤੋਂ ਕੀ ਲੱਡੂ ਲੈਣੇ ਨੇ।
ਉਨ੍ਹਾਂ ਕਿਹਾ ਕਿ ਸਿਆਸਤ ਵਿਚ ਉਨ੍ਹਾਂ ਦੀ ਹੋਂਦ ਸ਼ ਸਿੱਧੂ ਨਾਲ ਜੁੜੀ ਹੋਈ ਹੈ ਤੇ ਉਹ ਆਪਣੇ ਪਤੀ ਤੋਂ ਬਿਨਾਂ ਪਾਰਟੀ ਵਿਚ ਨਹੀਂ ਰਹਿਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਸ਼ ਸਿੱਧੂ ਅੰਮ੍ਰਿਤਸਰ ਤੋਂ ਬਗ਼ੈਰ ਕਿਸੇ ਹੋਰ ਲੋਕ ਸਭਾ ਹਲਕੇ ਤੋਂ ਚੋਣ ਨਹੀਂ ਲੜਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਸ਼ ਸਿੱਧੂ ਨੂੰ ਕੇਵਲ ਭਾਜਪਾ ਹਾਈਕਮਾਂਡ ਨੇ ਹੀ ਨਹੀਂ ਸਗੋਂ ਪੰਜਾਬ ਸਰਕਾਰ ਨੇ ਵੀ ਅਣਗੌਲਿਆ ਕੀਤਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ‘ਤੇ ਵਿਤਕਰਾ ਕਰਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਤਾਂ ਆਪ ਅੰਮ੍ਰਿਤਸਰ ਤੋਂ ਟਿਕਟ ਲੈਣ ਲਈ ਕਾਹਲੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਚੋਣ ਲੜਣਗੇ ਤਾਂ ਉਹ ਆਪਣੇ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਦੀ ਪੂਰੀ ਮਦਦ ਕਰਨਗੇ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਨੂੰ ਰੱਦ ਕਰਦਿਆਂ ਡਾæ ਸਿੱਧੂ ਨੇ ਕਿਹਾ ਉਹ ਭਾਜਪਾ ਵਿਚ ਰਹਿ ਕੇ ਪਹਿਲਾਂ ਹੀ ਆਮ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਅਕਾਲੀ ਭਾਜਪਾ ਗਠਜੋੜ ਨੂੰ ‘ਆਪ’ ਨੂੰ ਗੰਭੀਰਤਾ ਨਾਲ ਲੈਣ ਦੀ ਨਸੀਹਤ ਦਿੱਤੀ।

Be the first to comment

Leave a Reply

Your email address will not be published.