ਪੜਿਆ ਹੋਵੈ ਗੁਨਹਗਾਰੁ

ਸਿੱਖ ਚਿੰਤਕ ਡਾæ ਅਰਵਿੰਦਪਾਲ ਸਿੰਘ ਮੰਡੇਰ ਦੀ ਸੰਨ 2009 ਵਿਚ ਅੰਗਰੇਜ਼ੀ ‘ਚ ਛਪੀ ਪੁਸਤਕ ‘ਧਰਮ ਅਤੇ ਪੱਛਮ ਦਾ ਪ੍ਰੇਤ: ਸਿੱਖੀ, ਭਾਰਤ, ਉਤਰਬਸਤੀਵਾਦ ਅਤੇ ਤਰਜਮੇ ਦੀ ਸਿਆਸਤ’ ਨੂੰ ਲੈ ਕੇ ਇਨ੍ਹੀਂ ਦਿਨੀਂ ਸਿੱਖ ਵਿਦਵਾਨਾਂ ਵਿਚ ਤਿੱਖੀ ਚਰਚਾ ਛਿੜੀ ਹੋਈ ਹੈ। ਡਾæ ਮੰਡੇਰ ਦੀ ਪਹੁੰਚ ਦੇ ਹੱਕ ਵਿਚ ਖੜੇ ਵਿਦਵਾਨਾਂ ਵਲੋਂ ਇਸ ਨੂੰ ਸਿੱਖੀ ਪ੍ਰਤੀ ਪਹੁੰਚ ਵੱਲ ਇਕ ਨਿੱਗਰ ਦਸਤਾਵੇਜ਼ ਕਰਾਰ ਦਿਤਾ ਜਾ ਰਿਹਾ ਹੈ ਜਦੋਂਕਿ ਇਸ ਦੇ ਆਲੋਚਕਾਂ ਵਲੋਂ ਇਸ ਉਪਰ ਗੰਭੀਰ ਕਿੰਤੂ ਉਠਾਏ ਜਾ ਰਹੇ ਹਨ। ਪ੍ਰਭਸ਼ਰਨਦੀਪ ਸਿੰਘ ਨੇ ਆਪਣੇ ਇਸ ਲੇਖ ਵਿਚ ਨਿੱਗਰ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਹੈ। -ਸੰਪਾਦਕ

ਪ੍ਰਭਸ਼ਰਨਦੀਪ ਸਿੰਘ
ਧਰਮ ਅਧਿਐਨ ਵਿਭਾਗ
ਆਕਸਫੋਰਡ ਯੂਨੀਵਰਸਿਟੀ।

ਜਗਤ ਪ੍ਰਸਿਧ ਚਿੰਤਕ ਨੀਤਸ਼ੇ ਦਾ ਕਥਨ ਹੈ, ‘ਸਭ ਤੋਂ ਮਾੜੇ ਪਾਠਕ ਉਹ ਹਨ ਜੋ ਲੁੱਟਮਾਰ ‘ਤੇ ਉਤਾਰੂ ਧਾੜਵੀਆਂ ਵਾਲ਼ਾ ਵਿਹਾਰ ਕਰਦੇ ਹਨ: ਉਹ ਜਿਹੜੀਆਂ ਕੁਝ ਕੁ ਚੀਜ਼ਾਂ ਵਰਤ ਸਕਦੇ ਹਨ ਚੁੱਕ ਲਿਜਾਂਦੇ ਹਨ, ਰਹਿੰਦੀਆਂ ਨੂੰ ਘੱਟੇ ਰੋਲ਼, ਸਭ ਕੁਝ ਦੀ ਬਦਖੋਈ ਕਰ ਜਾਂਦੇ ਹਨ।’
ਅਰਵਿੰਦਪਾਲ ਸਿੰਘ ਮੰਡੇਰ ਦੀ ਕਿਤਾਬ ‘Religion and the Specter of the West: Sikhism, India, Postcoloniality, and the Politics of Translation’ ਫਲਸਫਾਨਾ ਤਬੀਅਤ ਦੇ ਗੰਭੀਰ ਅਕਾਦਮਿਕ ਕੰਮ ਦੀ ਇੱਕ ਉਤਮ ਮਿਸਾਲ ਹੈ ਜਿਸ ਨੇ ਧਰਮ ਦੀ ਪਰਿਭਾਸ਼ਾ ਦੇ ਅਮਲ ਨਾਲ ਜੁੜੇ ਹੋਏ ਕੁਝ ਬੁਨਿਆਦੀ ਸੁਆਲਾਂ ਅਤੇ ਉਨ੍ਹਾਂ ਪਿੱਛੇ ਕਾਰਗਰ ਸਿਆਸਤ ਦਾ ਵਿਰਚਨਾਮੂਲਕ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਮੰਡੇਰ ਦੀ ਕਿਤਾਬ ਨੇ ਸਿੱਖੀ ਦੇ ਅਧਿਐਨ ਦੇ ਖੇਤਰ ਵਿਚ ਇੱਕ ਅਣਸਰਦੀ ਲੋੜ ਵੀ ਸੀ ਤੇ ਅਗਾਂਹ ਨੂੰ ਇਸ ਖੇਤਰ ਵਿਚ ਕੰਮ ਕਰਨ ਵਾਲੇ ਵਿਦਿਆਰਥੀ ਜਾਂ ਵਿਦਵਾਨ ਇਸ ਨੂੰ ਨਜ਼ਰਅੰਦਾਜ਼ ਵੀ ਨਹੀਂ ਕਰ ਸਕਣਗੇ।
ਮੰਡੇਰ ਦੀ ਇਸ ਕਿਤਾਬ ਬਾਰੇ ਗੁਰਦਰਸ਼ਨ ਸਿੰਘ ਢਿੱਲੋਂ ਦੀ ਇੱਕ ਲਿਖਤ ਸਾਹਮਣੇ ਆਈ ਹੈ ਜਿਸ ਵਿਚ ਉਸ ਨੇ ਆਪਣੀਆਂ ਧਾਰਨਾਵਾਂ ਰਾਹੀਂ ਇਹੀ ਦਰਸਾਇਆ ਹੈ ਕਿ ਉਸ ਦੀ ਪੜ੍ਹਤ ਅਤੇ ਮੰਡੇਰ ਦੀ ਲਿਖਤ ਵਿਚ ਇੱਕ ਵੱਡਾ ਵਕਫਾ ਹੈ ਜਿਸ ਦਾ ਆਧਾਰ ਵਿਚਾਰਾਂ ਦਾ ਵੱਖਰੇਵਾਂ ਨਹੀਂ, ਸਮਝ ਦੀ ਪੱਧਰ ਦਾ ਫਰਕ ਹੈ, ਨੈਤਿਕਤਾ ਦੇ ਘੱਟੋ-ਘੱਟ ਮਿਆਰਾਂ ਦੀ ਅਣਹੋਂਦ ਹੈ, ਮੰਡੇਰ ਵੱਲੋਂ ਵਿਚਾਰੇ ਗਏ ਮੁੱਦਿਆਂ ਬਾਰੇ ਬੁਨਿਆਦੀ ਪੱਧਰ ਦੀ ਸਮਝ ਦੀ ਘਾਟ ਹੈ।
ਢਿੱਲੋਂ ਨੇ ਜਿਸ ਪੱਧਰ ‘ਤੇ ਜਾ ਕੇ ਸ਼ੱਰੇਆਮ ਝੂਠੀਆਂ ਤੇ ਮਨਘੜ੍ਹਤ ਗੱਲਾਂ ਮੰਡੇਰ ਸਿਰ ਮੜ੍ਹੀਆਂ ਹਨ, ਸਿੱਖੀ ਤੇ ਗੁਰਬਾਣੀ ਨਾਲ਼ ਸਬੰਧਤ ਸੰਵੇਦਨਸ਼ੀਲ ਮੁੱਦਿਆਂ ਨੂੰ ਵਰਤਿਆ ਹੈ, ਮੰਡੇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰਨ ਦੀ ਮੰਗ ਕਰਕੇ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਦਾਅ ‘ਤੇ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਸਭ ਸਾਡੇ ਹਰ ਖੇਮੇ ਵਿਚ ਭਾਰੂ ਬਹੁਤ ਹੀ ਨਿੱਘਰੀ ਹੋਈ ਸਿਆਸਤ ਦੇ ਅਸਲ ਨੂੰ ਉਜਾਗਰ ਕਰਨ ਵਾਲੀਆਂ ਗੱਲਾਂ ਹਨ। ਸਵਾਲ ਉਠਦਾ ਹੈ ਕਿ ਕੀ ਇਨ੍ਹਾਂ ਬੰਦਿਆਂ ਨੇ ਧਾਰ ਹੀ ਰੱਖਿਐ ਕਿ ਕਦੇ ਕਿਸੇ ਚੱਜ ਦੇ ਬੰਦੇ ਦੇ ਪੈਰ ਲੱਗਣ ਹੀ ਨਹੀਂ ਦੇਣੇ, ਕੋਈ ਸੰਜੀਦਾ ਵਿਚਾਰ ਸ਼ੁਰੂ ਹੋਣ ਹੀ ਨਹੀਂ ਦੇਣੀ? ਖੁਦ ਇਹ ਲੋਕ ਸਿੱਖਾਂ ਦੀ ਸਹੀ ਬੌਧਿਕ ਤਰਜਮਾਨੀ ਕਰਨ ਜੋਗੇ ਨਹੀਂ, ਜੇ ਕੋਈ ਹੋਰ ਅੱਗੇ ਹੋ ਕੇ ਉਪਰਾਲਾ ਕਰਦਾ ਹੈ ਤਾਂ ਇਹ ਊਜਾਂ ਲਾਉਣ ‘ਤੇ ਉਤਰ ਆਉਂਦੇ ਹਨ। ਅਜਿਹੇ ਲੋਕਾਂ ਦਾ ਵਿਦਵਾਨ ਦੇ ਤੌਰ ‘ਤੇ ਸਥਾਪਤ ਹੋਣਾ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਗੁੰਝਲਦਾਰ ਬਣਾਉਣ ਦਾ ਕਾਰਨ ਬਣਿਆ ਹੈ। ਇਨ੍ਹਾਂ ਨੇ ਭੁਲੇਖਾ ਬਣਾਇਆ ਹੋਇਐ ਕਿ ਇਹ ਸਿੱਖਾਂ ਦਾ ਕੋਈ ਬੁੱਧੀਜੀਵੀ ਵਰਗ ਹੈ ਜਿਸ ਸਦਕਾ ਸਿੱਖ ਇਨ੍ਹਾਂ ਅਣਹੋਏ ਬੰਦਿਆਂ ‘ਤੇ ਨਿਰਭਰ ਰਹੇ ਤੇ ਇਹ ਕਿਸੇ ਨਵੀਂ ਸ਼ੁਰੂਆਤ ਦੇ ਰਾਹ ਵਿਚ ਸਦਾ ਅੜਿੱਕਾ ਬਣੇ ਰਹੇ। ਅੰਤ ਨੂੰ ਸਿੱਖਾਂ ਦੇ ਵਡੇਰੇ ਹਿੱਸੇ ਵਿਚ ਇਹੀ ਗੱਲ ਸਥਾਪਤ ਹੋਈ ਕਿ ਪੜ੍ਹੇ-ਲਿਖੇ ਬੰਦੇ ਨਿਕੰਮੇ ਹੁੰਦੇ ਹਨ, ਜਿਨ੍ਹਾਂ ਦੀ ਨਾ ਕੋਈ ਪ੍ਰਤੀਬੱਧਤਾ ਹੁੰਦੀ ਹੈ ਤੇ ਨਾ ਕਿਸੇ ਰਾਹ ਪਾਉਣ ਜੋਗੀ ਸਮਝ। ਬੁੱਧੀਜੀਵੀ ਵਰਗ ਪ੍ਰਤੀ ਅਜਿਹੀ ਧਾਰਨਾ ਸਿੱਖਾਂ ਦੀਆਂ ਬੌਧਿਕ ਅਤੇ ਵਿਦਿਅਕ ਸੰਸਥਾਵਾਂ ਦੇ ਵਿਕਾਸ ਦੇ ਰਾਹ ਵਿਚ ਅੜਿੱਕਾ ਬਣੀ ਜਿਸ ਦਾ ਖਮਿਆਜ਼ਾ ਸਿੱਖ ਕਈ ਤਰੀਕਿਆਂ ਨਾਲ਼ ਭੁਗਤਦੇ ਆ ਰਹੇ ਹਨ।
ਹੱਥਲੇ ਲੇਖ ਦਾ ਮਕਸਦ ਮੰਡੇਰ ਦੀ ਕਿਤਾਬ ਦੀ ਪੜਚੋਲ ਕਰਨਾ ਨਹੀਂ, ਸਗੋਂ ਇਹ ਸਪੱਸ਼ਟ ਕਰਨਾ ਹੈ ਕਿ ਜੋ ਕੁਛ ਢਿੱਲੋਂ ਨੇ ਮੰਡੇਰ ਦੀ ਕਿਤਾਬ ਬਾਰੇ ਲਿਖਿਆ ਹੈ ਉਹ ਕਿੰਨਾ ਗਲਤ ਹੈ! ਕੋਸ਼ਿਸ਼ ਹੈ, ਕਿਤਾਬ ਦੇ ਹਵਾਲੇ ਨਾਲ਼ ਹੀ ਵੇਖਿਆ ਜਾਵੇ ਕਿ ਢਿੱਲੋਂ ਦੇ ਮੰਡੇਰ ਦੀ ਕਿਤਾਬ ਬਾਰੇ ਸਿੱਟੇ ਕਿੰਨੇ ਕੁ ਤਰਕਸੰਗਤ ਹਨ।
ਮੰਡੇਰ ਨੇ ਸਿੰਘ ਸਭਾ ਦੇ ਵਿਦਵਾਨਾਂ ਵੱਲੋਂ ਅਪਨਾਏ ਆਧੁਨਿਕਤਾਵਾਦੀ ਬਿਰਤਾਂਤ ਪ੍ਰਤੀ ਆਲੋਚਨਾਤਮਕ ਪਹੁੰਚ ਅਪਨਾਈ ਹੈ, ਜਦੋਂ ਕਿ ਢਿੱਲੋਂ ਅਨੁਸਾਰ ਸਿੰਘ ਸਭਾ ਦੌਰਾਨ ਸਾਹਮਣੇ ਆਈ ਸਿੱਖੀ ਦੀ ਵਿਆਖਿਆ ਅਸਲ ਵਿਚ ਗੁਰਮਤਿ ਦਾ ਪ੍ਰਮਾਣਿਕ ਰੂਪ ਹੈ ਅਤੇ ਇਸ ਸਬੰਧੀ ਆਲੋਚਨਾਤਮਕ ਪਹੁੰਚ ਸਿੱਖ ਵਿਰੋਧੀ ਪਹੁੰਚ ਵਜੋਂ ਗਰਦਾਨੀ ਜਾਣੀ ਚਾਹੀਦੀ ਹੈ। ਢਿੱਲੋਂ ਦੀ ਇਹ ਧਾਰਨਾ ਪਿਛਲੀ ਸਦੀ ਦੇ ਮਗਰਲੇ ਅੱਧ ਵਿਚਲੇ ਸਿੱਖ ਬੌਧਿਕਤਾ ਦੇ ਸੰਕਟ ਨੂੰ ਉਜਾਗਰ ਕਰਦੀ ਹੈ।
ਸਿੰਘ ਸਭਾ ਲਹਿਰ ਦੇ ਦੌਰ ਵਿਚ ਹਾਵੀ ਰਹੇ ਆਧੁਨਿਕਤਾਵਾਦੀ ਬਿਰਤਾਂਤ ਪ੍ਰਤੀ ਮੂਲੋਂ ਹੀ ਗੈਰ-ਆਲੋਚਨਾਤਮਕ ਰੁਖ ਧਾਰਨ ਕਰਦਿਆਂ ਇਸ ਨੂੰ ਗੁਰਮਤਿ ਦਾ ਅੰਤਮ ਰੂਪ ਮੰਨ ਲੈਣ ਪਿੱਛੇ ਸਿੱਖ ਵਿੱਦਿਅਕ ਸੰਸਥਾਵਾਂ ਦੇ ਨਿਘਾਰ ਦੀ ਤਲਖ ਹਕੀਕਤ ਖੜ੍ਹੀ ਹੈ ਜਿਸ ਪ੍ਰਤੀ ਇਸ ਦੌਰ ਦੇ ਸਿੱਖ ਵਿਦਵਾਨਾਂ ਨੇ ਭਾਂਜਵਾਦੀ ਰਵੱਈਆ ਅਪਨਾਈ ਰੱਖਿਆ ਹੈ। ਗੁਰਮਤਿ ਦੀਆਂ ਪਰੰਪਰਕ ਵਿਆਖਿਆ ਪ੍ਰਣਾਲੀਆਂ ਤੋਂ ਅਲਹਿਦਗੀ ਵਿਚ ਵਿਚਰਦਿਆਂ ਅਤੇ ਆਧੁਨਿਕਤਾਵਾਦੀ ਪਹੁੰਚ ਦੀ ਠੀਕ ਸਮਝ ਨਾ ਹੋਣ ਦੇ ਬਾਵਜੂਦ ਬੰਦੇ ਸਿੱਖਾਂ ਦੇ ਧਰਮੱਗ ਹੋਣ ਦੇ ਦਾਅਵੇਦਾਰ ਬਣ ਬੈਠੇ।
ਇਨ੍ਹਾਂ ਧਰਮੱਗਾਂ ਦੇ ਹਮਲਿਆਂ ਦਾ ਸ਼ਿਕਾਰ ਅਰਵਿੰਦਪਾਲ ਸਿੰਘ ਮੰਡੇਰ ਨੇ ਪੱਛਮੀ ਫਲਸਫਾਨਾ ਬਿਰਤਾਂਤ ‘ਤੇ ਡੂੰਘੀ ਪਕੜ ਰਾਹੀਂ ਇਸ ਅੰਦਰਲੇ ਸਾਮਰਾਜੀ ਰੁਝਾਨਾਂ ਨੂੰ ਬੇਨਕਾਬ ਕਰਦਿਆਂ ਪੂਰਬਵਾਦ ਦੀ ਜੜ੍ਹ ਹੇਗਲ ਦੇ ਫਲਸਫਾਨਾ ਬਿਰਤਾਂਤ ਵਿਚ ਪਨਪਦੀ ਵਿਖਾਈ ਹੈ। ਅੰਗਰੇਜ਼ੀ ਬੋਲੀ ਅਤੇ ਪੱਛਮੀ ਮੁਹਾਵਰੇ ਵਿਚ ਗੱਲ ਕਰਦਿਆਂ, ਮੰਡੇਰ ਨੇ ਪੱਛਮੀ ਫਲਸਫਾਨਾ ਬਿਰਤਾਂਤ ਅੰਦਰਲੇ ਸੰਕਟ ਉਜਾਗਰ ਕੀਤੇ ਹਨ। ਇਸ ਦੇ ਨਾਲ਼ ਹੀ ਉਸ ਨੇ ਉਤਰ-ਬਸਤੀਵਾਦੀ ਬਿਰਤਾਂਤ ਅੰਦਰਲੀਆਂ ਵਿਰਲਾਂ ਦੀ ਵੀ ਨਿਸ਼ਾਨਦੇਹੀ ਕੀਤੀ ਹੈ। ਸ਼ਬਦ ਗੁਰੂ ਦੀਆਂ ਕਾਇਨਾਤੀ ਸੰਭਾਵਨਾਵਾਂ ਦੀ ਗੱਲ ਕਰਦਿਆਂ ਮੰਡੇਰ ਨੇ ਸਿੱਖਾਂ ਵੱਲੋਂ ਪੱਛਮੀ ਫਲਸਫੇ ਨੂੰ ਦਿਸ਼ਾ ਵਿਖਾਉਣ ਦੀ ਸੰਭਾਵਨਾ ਬਾਰੇ ਗੱਲ ਤੋਰੀ ਹੈ। ਮੰਡੇਰ ਦੇ ਵਿਰੋਧ ਪਿਛੇ ਤਰਕ ਇਹੀ ਸਮਝ ਆਉਂਦਾ ਹੈ ਕਿ ਉਸ ਵੱਲੋਂ ਖੜ੍ਹੇ ਕੀਤੇ ਗਏ ਆਧਾਰ ਪੰਜਾਬ ਵਿਚਲੇ ਸਥਾਪਤ ਅਕਾਦਮਿਕ ਅਦਾਰਿਆਂ ਅਤੇ ਇਨ੍ਹਾਂ ਵਿਚ ਕੰਮ ਕਰਦੇ ਵਿਦਵਾਨਾਂ ਦੇ ਇੱਕ ਹਿੱਸੇ ਦੇ ਹੋਣ ਦੇ ਤਰਕ ‘ਤੇ ਹੀ ਸੁਆਲੀਆ ਨਿਸ਼ਾਨ ਖੜ੍ਹੇ ਕਰਦੇ ਹਨ। ਸਥਾਪਤ ਅਦਾਰਿਆਂ ਵਿਚਲੇ ਬਿਰਤਾਂਤ ਨੂੰ ਅਸਲੋਂ ਹੀ ਨਵਿਆਏ ਜਾਣ ਤੋਂ ਬਿਨਾਂ ਮੰਡੇਰ ਵਰਗੇ ਵਿਦਵਾਨਾਂ ਵੱਲੋਂ ਖੜ੍ਹੇ ਕੀਤੇ ਗਏ ਮਿਆਰਾਂ ਦਾ ਸਾਹਮਣਾ ਕਰਨ ਦਾ ਕੋਈ ਤਰੀਕਾ ਨਹੀਂ ਸੀ। ਤੇ ਸਥਾਪਤ ਬਿਰਤਾਂਤ ਦਾ ਮੁਕੰਮਲ ਕਾਇਆਕਲਪ ਪੰਜਾਬ ਦੇ ਵਿਦਵਾਨਾਂ ਦੀ ਮੌਜੂਦਾ (ਲਗਭਗ ਗੁਜ਼ਰ ਚੁੱਕੀ) ਪੀੜ੍ਹੀ ਦੇ ਵੱਸ ਦੀ ਗੱਲ ਨਹੀਂ ਹੈ।
ਢਿੱਲੋਂ ਦਾ ਕਹਿਣਾ ਹੈ ਕਿ ਮੰਡੇਰ ਨੇ ਆਪਣੀ ਕਿਤਾਬ ਰਾਹੀਂ ਪੱਛਮ ਦੀਆਂ (ਸਿੱਖ-ਵਿਰੋਧੀ) ਸਾਮਰਾਜੀ ਨੀਤੀਆਂ ਦੀ ਨੁਮਾਇੰਦਗੀ ਕੀਤੀ ਹੈ ਅਤੇ ਉਨ੍ਹਾਂ ਦੀਆਂ ਅਗਲੇਰੀਆਂ ਸਾਜ਼ਿਸ਼ਾਂ ਨੂੰ (ਅਵੇਸਲੇਪਣ ਸਦਕਾ) ਉਜਾਗਰ ਕੀਤਾ ਹੈ। ਢਿੱਲੋਂ ਅਨੁਸਾਰ ਪੱਛਮ ਦੀਆਂ ਸਾਮਰਾਜੀ ਨੀਤੀਆਂ ਦੀ ਬੁਨਿਆਦ ਜਰਮਨ ਫਿਲਾਸਫਰ ਹੇਗਲ ਦੇ ਫਲਸਫਾਨਾ ਬਿਰਤਾਂਤ ਵਿਚ ਪਈ ਹੈ। ਉਸ ਦਾ ਹਾਸੋਹੀਣਾ ਦੋਸ਼ ਹੈ ਕਿ ਮੰਡੇਰ ਹੇਗਲ ਦੀ ਪਹੁੰਚ ਦਾ ਅਨੁਸਾਰੀ ਹੋ ਕੇ ਪੱਛਮੀ ਸਾਮਰਾਜੀ ਨੀਤੀਆਂ ਨੂੰ ਵਾਜਬ ਠਹਿਰਾਉਂਦਾ ਹੈ। ਉਸ ਤੋਂ ਵੀ ਅੱਗੇ ਢਿੱਲੋਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਨੂੰ ਵਾਕਈ ਹੇਗਲ ਦੀ ਸਮਝ ਹੈ। ਮੰਡੇਰ ਤਾਂ ਸਿੰਘ ਸਭਾ ਦੇ ਵਿਦਵਾਨਾਂ ਵੱਲੋਂ ਧਾਰੀ ਪਹੁੰਚ ਦੀ ਆਲੋਚਨਾ ਹੀ ਇਸ ਲਈ ਕਰਦਾ ਹੈ ਕਿ ਇਹ ਹੇਗਲੀ ਬਿਰਤਾਂਤ ਦੀ ਅਨੁਸਾਰੀ ਹੋ ਕੇ ਚੱਲਦੀ ਹੈ। ਉਹਨੇ ਤਾਂ ਸਥਾਪਤ ਕੀਤਾ ਹੈ ਕਿ ਕਿਵੇਂ ਹੇਗਲੀ ਬਿਰਤਾਂਤ ਪਹਿਲਾਂ ਹਿੰਦਵਿਗਿਆਨ (Indology) ਤੇ ਫਿਰ ਟਰੰਪ ਰਾਹੀਂ ਸਿੰਘ ਸਭਾ ਦੇ ਸੁਧਾਰਵਾਦੀ ਵਿਦਵਾਨਾਂ ਤੱਕ ਪਹੁੰਚਿਆ। ਮੰਡੇਰ ਦੇ ਹੇਗਲ ਅਤੇ ਪੱਛਮੀ ਸਾਮਰਾਜ ਪ੍ਰਤੀ ਨਜ਼ਰੀਏ ਦੀ ਪੜਚੋਲ ਤੋਂ ਪਹਿਲਾਂ ਵੇਖਣਾ ਬਣਦਾ ਹੈ ਕਿ ਮੰਡੇਰ ਦੀ ਕਿਤਾਬ ਵਿਚ ਹੇਗਲ ਦੇ ਫਲਸਫੇ ਦਾ ਆਲੋਚਨਾਤਮਕ ਵਿਸ਼ਲੇਸ਼ਣ ਕਿਸ ਸੰਦਰਭ ਵਿਚ ਆਇਆ?
ਮੰਡੇਰ ਅਨੁਸਾਰ ਪੰਜਾਬ ‘ਤੇ ਕਬਜ਼ੇ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਦੇ ਧਰਮ, ਬੋਲੀ, ਸੱਭਿਆਚਾਰ ਅਤੇ ਰਾਜਨੀਤੀ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਦੀ ਪਹੁੰਚ ਅਪਨਾਈ ਜਿਸ ਸਦਕਾ ਸਿੱਖ ਵੱਡੇ ਕਾਇਆਕਲਪ ‘ਚੋਂ ਲੰਘੇ। ਅੰਗਰੇਜ਼ ਬਸਤੀਵਾਦੀਆਂ ਨੇ ਸਾਡੀ ਧਰਤੀ ‘ਤੇ ਕਬਜ਼ਾ ਕਰਨ ਤੋਂ ਪਹਿਲਾਂ ਹੀ ਇੱਕ ਸਰਬੰਗੀ ਬਸਤੀਵਾਦੀ ਬਿਰਤਾਂਤ ਘੜ ਲਿਆ ਸੀ। ਤਰਜਮੇ ਦੀ ਸਿਆਸਤ ਇਸ ਬਿਰਤਾਂਤ ਦਾ ਅਹਿਮ ਹਿੱਸਾ ਸੀ। ਇੱਥੇ ਤਰਜਮੇ ਤੋਂ ਭਾਵ ਮਹਿਜ਼ ਕਿਸੇ ਲਿਖਤ ਦਾ ਇੱਕ ਤੋਂ ਦੂਜੀ ਬੋਲੀ ਵਿਚ ਉਲਥਾ ਕਰਨਾ ਨਹੀਂ, ਸਗੋਂ ਤਰਜਮੇ ਦਾ ਅਮਲ ਇੱਕ ਵਿਆਪਕ ਸੱਭਿਆਚਾਰਕ ਅਮਲ ਹੈ। ਉਂਜ ਵੀ ਸਿੱਧੇ ਤੇ ਸਾਦੇ ਉਲਥੇ ਨਾਂ ਦੀ ਕੋਈ ਗੱਲ ਨਹੀਂ ਹੁੰਦੀ। ਹਰ ਉਲਥੇ ਤੋਂ ਬਾਅਦ ਇੱਕ ਨਵੀਂ ਲਿਖਤ ਸਾਹਮਣੇ ਆਉਂਦੀ ਹੈ, ਜਿਸ ਦਾ ਮੂਲ ਲਿਖਤ ਨਾਲ਼ ਕੋਈ ਨਾ ਕੋਈ ਸਬੰਧ ਤਾਂ ਜ਼ਰੂਰ ਹੁੰਦਾ ਹੈ ਪਰ ਇਹ ਉਸ ਵਿਚ ਵੱਡੇ ਫਰਕ ਪਾ ਦਿੰਦੀ ਹੈ।
ਦੂਜੀ ਬੋਲੀ ਦੀ ਇੱਕ ਆਪਣੀ ਮਿਲਖ ਹੁੰਦੀ ਹੈ, ਜਿਸ ਵਿਚ ਸਦੀਆਂ ਦੀ ਲੋਕਧਾਰਾਈ, ਸੱਭਿਆਚਾਰਕ, ਸਾਹਿਤਕ, ਅਤੇ ਧਾਰਮਿਕ ਕਸਰਤ ਰਿੜਕ-ਰਿੜਕ ਕੇ ਸ਼ਬਦਾਂ ਦੇ ਸਾਰ ਸਾਹਮਣੇ ਲਿਆਉਂਦੀ ਹੈ। ਉਸ ਬੋਲੀ ਨੂੰ ਬੋਲਣ ਵਾਲੇ ਲੋਕ ਬੋਲੀ ਦੇ ਖਾਸ ਅੰਦਰਲੇ ਤੱਤ ਨੂੰ ਜਿਉਂਦੇ ਹਨ, ਇਸ ਰਾਹੀਂ ਸਾਹ ਲੈਂਦੇ ਹਨ, ਤੇ ਇਸ ਦੀ ਨੁਮਾਇੰਦਗੀ ਕਰਦੇ ਹਨ। ਉਲਥੇ ਤੋਂ ਬਾਅਦ ਬੋਲੀ ਦਾ ਇਹ ਤੱਤ-ਸਾਰ ਲਿਖਤ ਦੀ ਕਾਇਆ ਪਲਟ ਦਿੰਦਾ ਹੈ। ਸ਼ਬਦ ਜੋ ਸੰਕਲਪਾਂ ਦੇ ਤੌਰ ‘ਤੇ ਹਰਕਤ ਵਿਚ ਆਉਂਦੇ ਹਨ, ਉਲਥਾਈ ਜਾ ਰਹੀ ਲਿਖਤ ‘ਤੇ ਆਪਣਾ ਬੋਝ ਲੱਦ ਦਿੰਦੇ ਹਨ। ਮਿਸਾਲ ਦੇ ਤੌਰ ‘ਤੇ ਸ਼ਬਦ ਅਕਾਲ ਪੁਰਖ ਅਤੇ ਗੌਡ ਇੱਕੋ ਭਾਵ ਨੂੰ ਪ੍ਰਗਟ ਨਹੀਂ ਕਰਦੇ। ਦੋਹਾਂ ਪਿੱਛੇ ਅੱਡ-ਅੱਡ ਪ੍ਰਤੀਤੀਆਂ, ਵੱਖੋ-ਵੱਖਰੇ ਅਨੁਭਵਾਂ, ਅੱਡਰੀਆਂ ਪਰੰਪਰਾਵਾਂ ਵਿਚੋਂ ਪੈਦਾ ਹੋਏ ਸੰਕਲਪ (concept) ਖੜੇ ਹਨ।
ਕਹਿਣ ਤੋਂ ਭਾਵ ਅਕਾਲ ਪੁਰਖ ਨੂੰ ਗੌਡ ਕਹਿਣ ਨਾਲ਼ ਸਿੱਖੀ ਦੀ ਇਸਾਈਅਤ ਅਤੇ ਪੱਛਮੀ ਚਿੰਤਨ ਦੇ ਗ਼ਲਬੇ ਹੇਠ ਵਿਆਖਿਆ ਦਾ ਮੁੱਢ ਬੱਝ ਜਾਂਦਾ ਹੈ। ਇਸੇ ਤਰ੍ਹਾਂ ਧਰਮ ਨੂੰ ਰਿਲੀਜਨ, ਗੁਰੂ ਨੂੰ ਪਰੌਫਿਟ ਜਾਂ ਪੈਗੰਬਰ ਜਾਂ ਫਿਰ ਸੇਂਟ ਅਤੇ ਟੀਚਰ ਆਦਿ ਕਹਿਣ ਨਾਲ ਅਰਥ ਮੂਲੋਂ ਹੀ ਬਦਲ ਜਾਂਦੇ ਹਨ। ਇਸ ਤਰ੍ਹਾਂ ਤਰਜਮੇ ਤੋਂ ਬਾਅਦ ਜਦੋਂ ਇਸ ਨੂੰ ਮੂਲ ਲਿਖਤ ਦਾ ਹੀ ਰੂਪ ਕਿਹਾ ਜਾਂਦਾ ਹੈ ਤਾਂ ਅਸਲ ਵਿਚ ਉਸ ਮੂਲ ਲਿਖਤ ਨੂੰ ਪੜ੍ਹਨ ਵਾਲੇ ਜਾਂ ਇਸ ਤੋਂ ਸੇਧ ਲੈਣ ਵਾਲੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ। ਬਸਤੀਵਾਦੀ ਹਾਕਮ ਲੋਕਾਂ ਸਿਰ ਇੱਕ ਨਵੀਂ ਪਰੰਪਰਾ ਮੜ੍ਹਦੇ ਹਨ, ਸਿੱਧੇ ਰੂਪ ਵਿਚ ਧਰਮ ਤਬਦੀਲੀ ਤੋਂ ਪਹਿਲਾਂ, ਉਨ੍ਹਾਂ ਦੀ ਪਰੰਪਰਾ ਦੀ ਹੀ ਨਵੀਂ ਵਿਆਖਿਆ ਦੇ ਨਾਂ ‘ਤੇ।
ਤਰਜਮੇ ਦੇ ਇਸ ਸਿਆਸੀ ਪੈਂਤੜੇ ਦੀ ਕਾਮਯਾਬੀ ਤੋਂ ਬਾਅਦ ਅੰਗਰੇਜ਼ ਬਸਤੀਵਾਦੀਆਂ ਦਾ ਇਹ ਮਨਸ਼ਾ ਸੀ ਕਿ ਨਵੇਂ ਮੁਹਾਵਰੇ ਵਿਚ ਸਿੱਖੀ ਦੀ ਨਵੀਂ ਵਿਆਖਿਆ ਪੰਜਾਬੀ ਸਮੇਤ ਹਰ ਬੋਲੀ ਵਿਚ ਲਿਖਣ ਵਾਲੇ ਸਿੱਖ ਲਿਖਾਰੀ ਕਰਨ। ਮੰਡੇਰ ਮੁਤਾਬਕ ਸਿੰਘ ਸਭਾ ਲਹਿਰ ਦੌਰਾਨ ਐਨ ਇਹੀ ਗੱਲ ਹੋਈ। ਸਿੱਖ ਵਿਦਵਾਨਾਂ ਨੇ ਪੱਛਮੀ ਨੁਕਤੇ ਤੋਂ ਸਿੱਖੀ ਦੀ ਵਿਆਖਿਆ ਕੀਤੀ। ਉਨ੍ਹਾਂ ਦੇ ਪੱਛਮੀ ਵਿਆਖਿਆ ਪ੍ਰਣਾਲੀਆਂ ਨਾਲ ਸਬੰਧ ਦਾ ਵੇਰਵਾ ਦਿੰਦਿਆਂ ਮੰਡੇਰ ਆਪਣੀ ਗੱਲ ਅਰਨੈਸਟ ਟਰੰਪ ਤੋਂ ਸ਼ੁਰੂ ਕਰਦਾ ਹੈ। ਮੰਡੇਰ ਮੁਤਾਬਕ ਟਰੰਪ ਨੇ ਸਿੱਖੀ ਅਤੇ ਗੁਰਬਾਣੀ ਦੀ ਵਿਆਖਿਆ ਕਰਦਿਆਂ ਆਪਣੀ ਪੱਛਮੀ ਪਹੁੰਚ ਨੂੰ ਕਾਇਨਾਤੀ ਤਸਲੀਮ ਕੀਤਾ ਹੋਇਆ ਸੀ। ਉਹ ਸਮਝਦਾ ਸੀ ਕਿ ਧਰਮ ਪ੍ਰਤੀ ਪੱਛਮੀ ਪਹੁੰਚ ਪੂਰੀ ਕਾਇਨਾਤ ਲਈ ਇੱਕੋ ਜਿਹੀ ਪ੍ਰਾਸੰਗਿਕਤਾ ਰੱਖਦੀ ਹੈ। ਜਿਵੇਂ ਇਸ ਨੁਕਤੇ ਤੋਂ ਪੱਛਮੀ ਧਰਮਾਂ ਦੀ ਵਿਆਖਿਆ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਦੁਨੀਆਂ ਦੇ ਹੋਰ ਧਰਮਾਂ ਦੀ ਵਿਆਖਿਆ ਲਈ ਵੀ ਇਹੀ ਸਹੀ ਪਹੁੰਚ ਹੈ, ਕਿਉਂਕਿ ਇਹ ਆਧੁਨਿਕ ਹੈ, ਵਿਗਿਆਨਕ ਹੈ।
ਮੰਡੇਰ ਟਰੰਪ ਦੀ ਇਸ ਪਹੁੰਚ ਦਾ ਭਰਵਾਂ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕਰਦਾ ਹੈ। ਮੰਡੇਰ ਦਾ ਦੋਸ਼ ਹੈ ਕਿ ਸਿੱਖ ਵਿਦਵਾਨਾਂ ਨੇ ਇਸ ਪਹੁੰਚ ਪ੍ਰਤੀ ਪੜਚੋਲੀਆ ਰੁਖ ਅਪਨਾਉਣ ਦੀ ਬਜਾਏ ਪੱਛਮੀ ਬਸਤੀਵਾਦੀਆਂ ਵੱਲੋਂ ਕੀਤੇ ਇਸ ਦੇ ਕਾਇਨਾਤੀ ਹੋਣ ਦੇ ਦਾਅਵੇ ਨੂੰ ਪ੍ਰਵਾਨ ਕਰ ਲਿਆ ਅਤੇ ਟਰੰਪ ਵੱਲੋਂ ਕੱਢੇ ਗਏ ਬੇਤੁਕੇ ਸਿੱਟਿਆਂ ਦੇ ਜਵਾਬ ਉਸੇ ਦੀ ਵਿਆਖਿਆ-ਪ੍ਰਣਾਲੀ ਦੇ ਘੇਰੇ ਵਿਚ ਰਹਿੰਦਿਆਂ ਦਿੱਤੇ। ਮੰਡੇਰ ਵੱਲੋਂ ਪੇਸ਼ ਕੀਤੀ ਸਿੰਘ ਸਭਾ ਦੇ ਵਿਦਵਾਨਾਂ ਦੀਆਂ ਲਿਖਤਾਂ ਦੀ ਪੜ੍ਹਤ ਨੂੰ ਹੋਰ ਬਾਰੀਕੀ ਨਾਲ ਅਤੇ ਆਲੋਚਨਾਤਮਕ ਦ੍ਰਿਸ਼ਟੀ ਤੋਂ ਵੇਖਣ ਦੀ ਲੋੜ ਹੈ। ਸਿੰਘ ਸਭਾ ਲਹਿਰ ਦੌਰਾਨ ਸਾਹਮਣੇ ਆਏ ਮੁਹਾਵਰਿਆਂ ਵਿਚਲੀਆਂ ਸੂਖਮਤਾਈਆਂ ਦੀ ਦੀਰਘ ਪੁਣਛਾਣ ਦੀ ਲੋੜ ਹੈ। ਮੰਡੇਰ ਨਾਲ ਅਸਹਿਮਤੀ ਹੋ ਸਕਦੀ ਹੈ, ਉਸ ਦੇ ਦਾਅਵਿਆਂ ਬਾਰੇ ਸੁਆਲ ਖੜ੍ਹੇ ਕੀਤੇ ਜਾ ਸਕਦੇ ਹਨ, ਖੁਦ ਮੈਂ ਵੀ ਇਸ ਨੂੰ ਨਵੇਂ ਸਿਰੇ ਤੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਉਸ ਵੱਲੋਂ ਪੱਛਮੀ ਬਿਰਤਾਂਤਾਂ ਦੇ ਸਿੰਘ ਸਭਾ ਤੱਕ ਸੰਚਾਰ ਦੇ ਪੇਸ਼ ਕੀਤੇ ਗਏ ਵੇਰਵੇ ਨੂੰ ਅਸਲੋਂ ਨਕਾਰਿਆ ਨਹੀਂ ਜਾ ਸਕਦਾ।
ਟਰੰਪ ਦੀ ਪਹੁੰਚ ਦਾ ਪਿਛੋਕੜ ਸਹਿਤ ਵੇਰਵਾ, ਇਸ ਦਾ ਬਰੀਕ ਅਤੇ ਭਰਵਾਂ ਆਲੋਚਨਾਤਮਕ ਵਿਸ਼ਲੇਸ਼ਣ, ਮੰਡੇਰ ਦੀ ਸਿੱਖੀ ਦੇ ਅਧਿਐਨ ਵਿਚ ਮੌਲਿਕ ਦੇਣ ਹੈ ਜਿਸ ਲਈ ਅਸੀਂ ਉਸ ਦੇ ਸਦਾ ਰਿਣੀ ਰਹਾਂਗੇ। ਢਿੱਲੋਂ ਨੇ ਵਾਵੇਲ਼ਾ ਤਾਂ ਮਚਾ ਦਿੱਤਾ ਪਰ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੰਡੇਰ ਨੇ ਟਰੰਪ ਦੀ ਕਿਤਾਬ ਨੂੰ ਸਭ ਤੋਂ ਪ੍ਰਭਾਵਕਾਰੀ ਦਸਤਾਵੇਜ਼ ਕਿਉਂ ਕਿਹਾ। ਮੰਡੇਰ ਨੇ ਅਜਿਹਾ ਇਸ ਲਈ ਕਿਹਾ ਕਿ ਟਰੰਪ ਨੇ ਪਹਿਲੀ ਵਾਰ ਸਿੱਖੀ ਦੇ ਅਧਿਐਨ ਵਿਚ ਨਵੇਂ ਮਿਆਰ ਸਥਾਪਿਤ ਕੀਤੇ ਜਿਸ ਨਾਲ ਉਸ ਤੋਂ ਬਾਅਦ ਆਉਣ ਵਾਲੇ ਸਿੱਖ ਬਿਰਤਾਂਤ ਦਾ ਰੁਖ ਹੀ ਬਦਲ ਗਿਆ। ਟਰੰਪ ਵੱਲੋਂ ਨਿਸ਼ਚਿਤ ਕੀਤੇ ਮਿਆਰਾਂ ਤਹਿਤ ਸਿੱਖ ਪੱਛਮੀ ਮੁਹਾਵਰੇ ਦੀ ਜ਼ੱਦ ਵਿਚ ਆ ਗਏ। ਪ੍ਰੋæ ਪੂਰਨ ਸਿੰਘ ਨੂੰ ਛੱਡ ਕੇ ਉਸ ਦੌਰ ਦੇ ਵਿਦਵਾਨਾਂ ਵਿਚ ਪੱਛਮੀ ਪਹੁੰਚ ਨੂੰ ਚੁਣੌਤੀ ਦੇਣ ਦੀ ਸਮਰੱਥਾ ਨਹੀਂ ਸੀ। ਹੋਰ ਵਿਦਵਾਨਾਂ ਦੀ ਅਹਿਮ ਦੇਣ ਤਾਂ ਜ਼ਰੂਰ ਹੈ, ਪਰ ਉਨ੍ਹਾਂ ਨੇ ਪੂਰੀ ਸਪੱਸ਼ਟਤਾ ਨਾਲ਼ ਪੱਛਮੀ ਬਿਰਤਾਂਤ ਦੀਆਂ ਸੀਮਤਾਈਆਂ ਦੀ ਗੱਲ ਨਹੀਂ ਕੀਤੀ। ਉਸ ਦੌਰ ਨੂੰ ਛੱਡੋ, ਢਿੱਲੋਂ ਵਰਗਿਆਂ ਦੇ ਖਾਨੇ ਅੱਜ ਵੀ ਇਹ ਗੱਲ ਨਹੀਂ ਪੈਂਦੀ।
ਟਰੰਪ ਦੀ ਇਸ ਹਿੰਦਵਿਗਿਆਨ ਪਹੁੰਚ ਦੇ ਪਿਛੋਕੜ ਵਿਚ ਜਾਂਦਿਆਂ ਮੰਡੇਰ ਇਸ ਦੇ ਜਰਮਨ ਫਿਲਾਸਫਰ ਹੇਗਲ ਨਾਲ ਸਬੰਧਾਂ ਦਾ ਖੁਲਾਸਾ ਕਰਦਾ ਹੈ ਕਿ ਜਰਮਨ ਹਿੰਦਵਿਗਿਆਨ ਦੇ ਪੂਰਬਵਾਦ ਨਾਲ ਸਬੰਧਾਂ ਨੂੰ ਧਿਆਨ ਵਿਚ ਰੱਖਣਾ, ਖਾਸ ਅਹਿਮੀਅਤ ਰੱਖਦਾ ਹੈ। ਮੰਡੇਰ ਅਨੁਸਾਰ ਹੈਰਾਨੀ ਦੀ ਗੱਲ ਹੈ ਕਿ ਹਿੰਦੋਸਤਾਨ ਦੇ ਉਤਰਬਸਤੀਵਾਦੀ ਬਿਰਤਾਂਤ ਦਾ ਤੋਰਾ ਤੋਰਨ ਵਿਚ ਮੋਢੀ ਚਿੰਤਕ ਐਡਵਰਡ ਸਈਦ ਦਾ ਪੂਰਬਵਾਦ ਦਾ ਆਲੋਚਨਾਤਮਕ ਵਿਸ਼ਲੇਸ਼ਣ ਵੀ ਇਸ ਦੇ ਜਰਮਨ ਹਿੰਦਵਿਗਿਆਨ ਨਾਲ ਰਾਬਤੇ ਦਾ ਧਿਆਨ ਰੱਖਣੋਂ ਉਕ ਜਾਂਦਾ ਹੈ। ਮਗਰੋਂ ਰੋਨਲਡ ਇੰਡਨ, ਗਾਇਤਰੀ ਸਪੀਵਾਕ, ਵਿਲਹੈਲਮ ਹੈਲਬਫਾਸ, ਤੇਜਸਵਿਨੀ ਨਿਰੰਜਨਾ, ਜੋਹੱਨਸ ਫੇਬੀਅਨ, ਦਿਪੇਸ਼ ਚੱਕਰਬਰਤੀ ਅਤੇ ਫੇਂਗ ਚਿਅਹ ਵਰਗੇ ਚਿੰਤਕਾਂ ਨੇ ਪੂਰਬਵਾਦ ਦੇ ਜਰਮਨ ਸਰੋਤਾਂ ਨੂੰ ਵਡੇਰਾ ਮਹੱਤਵ ਦਿੰਦਿਆਂ ਐਡਵਰਡ ਸਈਦ ਦੀ ਇਸ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਜਰਮਨ ਸਰੋਤਾਂ ਬਾਰੇ ਸਪੱਸ਼ਟ ਕਰਦਿਆਂ ਮੰਡੇਰ ਉਪਰੋਕਤ ਵਿਚਾਰਵਾਨਾਂ ਵੱਲੋਂ ਕੀਤੇ ਹੇਗਲ ਦੇ ਵਿਸ਼ਲੇਸ਼ਣ ਦਾ ਵੇਰਵਾ ਦਿੰਦਿਆਂ ਦੱਸਦਾ ਹੈ ਕਿ ਇਨ੍ਹਾਂ ਵਿਦਵਾਨਾਂ ਨੇ ਹੇਗਲ ਦੀ ਅਸਰਅੰਦਾਜ਼ ਲਿਖਤ ‘ਤਵਾਰੀਖੀ ਫਲਸਫੇ ‘ਤੇ ਵਿਖਿਆਨ’ (Lectures on Philosophy of History) ਦੀ ਹਿੰਦੋਸਤਾਨ ਦੀਆਂ ਬਸਤੀਵਾਦੀ ਅਤੇ ਨਵ-ਬਸਤੀਵਾਦੀ ਨੁਮਾਇੰਦਗੀਆਂ ਦੀ ਮੂਲ ਕਿਤਾਬ ਵਜੋਂ ਨਿਸ਼ਾਨਦੇਹੀ ਕੀਤੀ ਹੈ। ਇਨ੍ਹਾਂ ਚਿੰਤਕਾਂ ਦੀ ਧਾਰਨਾ ਸੀ ਕਿ ਜੇ ਹੇਗਲ ਦੀ ਉਪਰੋਕਤ ਲਿਖਤ ਦੇ ਸੰਬੋਧੀ ਸਾਂਚੇ ਨੂੰ ਉਧੇੜਿਆ ਜਾਵੇ ਤਾਂ ਸੰਭਵ ਹੈ ਕਿ ਇਸ ਨਾਲ ਨਾ ਕੇਵਲ ਯੂਰੋਮੁਖਤਾਵਾਦ ਦੇ ਜ਼ਿਆਦਾ ਫਾਹਸ਼ ਰੂਪਾਂ ਦਾ ਉਤਰ-ਪੂਰਬਵਾਦੀ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕੀਤਾ ਜਾ ਸਕਦਾ ਹੈ, ਸਗੋਂ ਸਈਦ ਦੀ ਪੈਰਵਾਈ ਕਰਦਿਆਂ ਇੱਕ ਸੈਕੂਲਰ ਸਾਮਰਾਜ-ਵਿਰੋਧੀ ਆਲੋਚਨਾਤਮਕ ਵਿਸ਼ਲੇਸ਼ਣ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਪਹੁੰਚ ਦੇ ਇੱਕ ਸੰਗੀਨ ਨੁਕਸ ਦੀ ਨਿਸ਼ਾਨਦੇਹੀ ਕਰਦਿਆਂ ਮੰਡੇਰ ਦੱਸਦਾ ਹੈ ਕਿ ਅਜਿਹੀ ਪਹੁੰਚ ਪੂਰਬਵਾਦ ਤੋਂ ਪਾਰਲੀ ਕਿਸੇ ਵੀ ਲਹਿਰ ‘ਤੇ ਸੈਕੂਲਰ ਹੋਣ ਦੀ ਸ਼ਰਤ ਲਾਉਂਦੀ ਹੈ ਜਿਸ ਦਾ ਅਸਲ ਮਨਸ਼ਾ ਧਰਮ ਦੀ ਵਾਪਸੀ ਜਾਂ ਲਿਤਾੜੀ ਧਾਰਮਿਕਤਾ ਦੇ ਕਿਸੇ ਵੀ ਰੂਪ ਦੀ ਵਾਪਸੀ ਤੋਂ ਅਸੁਰੱਖਿਅਤ ਮਹਿਸੂਸ ਕਰ ਕੇ ਕੰਧਾਂ ਖੜ੍ਹੀਆਂ ਕਰਨਾ ਹੈ। ਇਸ ਨੁਕਤੇ ਨੂੰ ਮੰਡੇਰ ਹੋਰ ਸਪੱਸ਼ਟ ਕਰਦਾ ਹੈ ਕਿ ਇਤਿਹਾਸਵਾਦ ਪ੍ਰਤੀ ਉਲਾਰ ਵਿਚੋਂ ਧਰਮ ਨੂੰ ਸਿੱਧੜ ਜਿਹੇ ਤਰੀਕੇ ਨਾਲ ਨਕਾਰਨ ਵਾਲੇ ਪੈਂਤੜੇ ਨੇ ਅਸਲ ਵਿਚ ਉਸੇ ਹੇਗਲਵਾਦ ਨੂੰ ਮੁੜ ਸਥਾਪਤ ਕਰ ਦਿੱਤਾ ਜਿਸ ਦੀ ਜੜ੍ਹ ਪੁੱਟਣ ਦਾ ਇਸ ਨੇ ਤਹੱਈਆ ਕੀਤਾ ਸੀ।
ਮੰਡੇਰ ਅਨੁਸਾਰ ਇਹ ਖਿਆਲ ਕਿ ਇਤਿਹਾਸਵਾਦ ਆਪਣੇ ਆਪ ਵਿਚ ਉਤਰ-ਬਸਤੀਵਾਦੀ ਧਿਰ ਬਾਰੇ ਵਿਚਾਰ ਦੇ ਸਹੀ ਤੱਤ ਮੁਹੱਈਆ ਕਰਵਾ ਸਕਦਾ ਹੈ, ਕਈ ਅਹਿਮ ਪਹਿਲੂਆਂ ਨੂੰ ਧਿਆਨ ਵਿਚ ਰੱਖਣੋਂ ਪੱਛੜ ਜਾਂਦਾ ਹੈ। ਪਹਿਲਾ, ਉਪਰੋਕਤ ਆਲੋਚਨਾਤਮਕ ਵਿਸ਼ਲੇਸ਼ਣ ਇਹ ਮੰਨਣੋਂ ਉਕ ਜਾਂਦਾ ਹੈ ਕਿ ਹੇਗਲ ਦੇ ਚਿੰਤਨ ਵਿਚ ਧਰਮ ਅਤੇ ਇਤਿਹਾਸ ਕਿਸ ਹੱਦ ਤੱਕ ਇੱਕ-ਦੂਜੇ ਵਿਚ ਪਰੁੱਚੇ ਹੋਏ ਹਨ। ਦੂਜਾ, ਇਹ ਉਨ੍ਹਾਂ ਡੂੰਘੇ ਗਠਜੋੜਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਜੋ ਇਤਿਹਾਸਵਾਦ ਦੇ ਵਿਚਾਰ ਦੀ ਇੱਕ ਵੰਨਗੀ ਵਜੋਂ ਹਿੰਦੋਸਤਾਨ ਦੀ ਸਿਆਸੀ ਆਧੁਨਿਕਤਾ ਨਾਲ ਨਾਤਾ ਜੋੜਦਾ ਹੈ-ਸਿਆਸੀ ਆਧੁਨਿਕਤਾ ਜਿਹੜੀ ਕਿ ਜਿੰਨੀ ਕੁ ਸੈਕੂਲਰ ਹੈ, ਉਨੀ ਹੀ ਧਾਰਮਿਕ ਵੀ ਹੈ। ਤੀਜਾ, ਹਿਊਮੈਨੀਟੀਜ਼ ਅਤੇ ਸਮਾਜ ਵਿਗਿਆਨਾਂ ਵਿਚਾਲੇ ਸੱਭਿਆਚਾਰਕ ਪਛਾਣ ਦਾ ਸੰਕਟ ਹੈ, ਜੋ ਕਿ ਧਰਮ ਅਤੇ ਇਤਿਹਾਸਵਾਦ ਵਿਚਲੇ ਕਦੇ ਨਾ ਮੁੱਕਣ ਵਾਲੇ ਵਿਰੋਧ ਦੁਆਲੇ ਘੁੰਮਦਾ ਹੈ। ਮੰਡੇਰ ਇਨ੍ਹਾਂ ਪਹਿਲੂਆਂ ਦੀ ਰੋਸ਼ਨੀ ਵਿਚ ਦੱਸਦਾ ਹੈ ਕਿ ਹੇਗਲ ਦੇ ‘ਧਰਮ ਦੇ ਫਲਸਫੇ ‘ਤੇ ਵਿਖਿਆਨ'(Lectures on Philosophy of Religion) ਉਸ ਦੇ ‘ਤਵਾਰੀਖੀ ਫਲਸਫੇ ‘ਤੇ ਵਿਖਿਆਨ'(Lectures on Philosophy of History) ਨਾਲੋਂ ਵਧੇਰੇ ਅਹਿਮ ਹਨ। ਮੰਡੇਰ ਇਸ ਅਹਿਮੀਅਤ ਦੇ ਦੋ ਮੁੱਖ ਪਹਿਲੂਆਂ ਦੀ ਨਿਸ਼ਾਨਦੇਹੀ ਕਰਦਾ ਹੈ: (1) ਪੱਛਮ ਦੇ ਹਿੰਦਵਿਗਿਆਨ ਨਾਲ ਸਾਹਮਣੇ ਦੀ ਰੋਸ਼ਨੀ ਵਿਚ ਧਰਮ ਅਤੇ ਇਤਿਹਾਸਵਾਦ ਵਿਚਲਾ ਰਿਸ਼ਤਾ; (2) ਸੱਭਿਆਚਾਰਕ ਵੰਨਸੁਵੰਨਤਾਵਾਦ ਦੇ ਮਸਲੇ ਦੇ ਸਬੰਧ ਵਿਚ ਥੀਅਰੀ ਦਾ ਸੰਕਟ, ਖਾਸ ਤੌਰ ‘ਤੇ ਜਿਵੇਂ ਇਹ ਹਿਊਮੈਨੀਟੀਜ਼ ਦੇ ਮਹਿਕਮਿਆਂ ਦੇ ਸੰਗਠਨ ਵਿਚ ਭੂਮਿਕਾ ਨਿਭਾਉਂਦੀ ਹੈ।
ਮੰਡੇਰ ਦੱਸਦਾ ਹੈ ਕਿ ਭਾਵੇਂ ਰੋਨਲਡ ਇੰਡਨ, ਗਾਇਤਰੀ ਸਪੀਵਾਕ ਅਤੇ ਹੁਣੇ ਜਿਹੇ ਫੇਂਗ ਚਿਅਹ ਨੇ ਅਜਿਹੇ ਸੰਕਲਪਕ ਸਾਂਚੇ ਦੀ ਨਿਸ਼ਾਨਦੇਹੀ ਹੇਗਲ ਦੇ ‘ਤਵਾਰੀਖੀ ਫਲਸਫੇ ‘ਤੇ ਵਿਖਿਆਨ’ ਵਿਚ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਲਿਖਤ ਇਸ ਦੇ ਬਾਹਰੀ ਖਾਕੇ ਨੂੰ ਹੀ ਉਜਾਗਰ ਕਰਦੀ ਹੈ। ਇਸ ਦਾ ਅੰਦਰਲਾ ਤਾਣਾ-ਬਾਣਾ ਗੁੱਝਾ ਹੀ ਰਹਿੰਦਾ ਹੈ। ‘ਧਰਮ ਦੇ ਫਲਸਫੇ ‘ਤੇ ਵਿਖਿਆਨ’ ਵਿਚ ਹੇਗਲ ਕਾਇਨਾਤੀ ਤੋਂ ਖਸੂਸੀ ਦੇ ਪਲਟਾਅ ਦੇ ਮਸਲੇ ਨੂੰ ਧਰਮ ਅਤੇ ਇਤਿਹਾਸ ਵਿਚਲੇ ਪਾਰਦਰਸ਼ੀ ਨਾਤੇ ਦੇ ਤੌਰ ‘ਤੇ ਗੁੰਦਣ ਦਾ ਜਤਨ ਕਰਦਾ ਦੀਂਹਦਾ ਹੈ। ਹਿਊਮੈਨੀਟੀਜ਼ ਵਿਚ ਭਾਰੂ ਬਿਰਤਾਂਤਾਂ ਵੱਲੋਂ ਅਸਲੋਂ ਹੀ ਅੱਖੋਂ-ਪਰੋਖੇ ਕੀਤੇ ਜਾਣ ਦੇ ਬਾਵਜੂਦ ਹਿੰਦਵਿਗਿਆਨ ਦਾ ਬਿਰਤਾਂਤ ਉਨ੍ਹੀਂਵੀਂ ਸਦੀ ਵਿਚ ਧਰਮ ਅਤੇ ਇਤਿਹਾਸ ਦੇ ਪੁਨਰ-ਸੰਬੋਧਨ ਨਾਲ ਕਰੀਬੀ ਨਾਤਾ ਰੱਖਦਾ ਹੈ।
ਸਪੱਸ਼ਟ ਹੈ ਕਿ ਮੰਡੇਰ ਹੇਗਲ ਦੇ ਉਤਰਬਸਤੀਵਾਦੀ ਚਿੰਤਕਾਂ ਦੇ ਅਲੋਚਨਾਤਮਕ ਵਿਸ਼ਲੇਸ਼ਣ ਵਿਚ ਡੂੰਘੀਆਂ ਵਿਰਲਾਂ ਦੀ ਨਿਸ਼ਾਨਦੇਹੀ ਕਰਦਿਆਂ ਉਤਰਬਸਤੀਵਾਦੀ ਚਿੰਤਨ ਅੰਦਰਲੇ ਗੰਭੀਰ ਸੰਕਟ ਉਤੇ ਉਂਗਲ ਧਰਦਾ ਹੈ। ਹੇਗਲ ਦੀ ਇਸ ਖੇਤਰ ਵਿਚ ਅਣਗੌਲੀ ਲਿਖਤ ‘ਧਰਮ ਦੇ ਫਲਸਫੇ ‘ਤੇ ਵਿਖਿਆਨ’ ਦੇ ਹਵਾਲੇ ਨਾਲ ਮੰਡੇਰ ਹੇਗਲ ਦੇ ਆਪਣੇ ਆਲੋਚਨਾਤਮਕ ਵਿਸ਼ਲੇਸ਼ਣ ਨੂੰ ਨਾ ਸਿਰਫ ਇੱਕ ਨਵੇਂ ਅਤੇ ਅਤਿ ਮਹੱਤਵਪੂਰਨ ਸੰਦਰਭ ਵਿਚ ਸਗੋਂ ਇੱਕ ਵੱਖਰੀ ਸੂਖਮਤਾ ਵਿਚ ਵੀ ਪੇਸ਼ ਕਰਦਾ ਹੈ। ਇਸ ਦੇ ਨਾਲ ਹੀ ਮੰਡੇਰ ਵੱਲੋਂ ਇਸ ਪਹਿਲੂ ਨੂੰ ਉਜਾਗਰ ਕਰਨ ਨਾਲ ਉਤਰਬਸਤੀਵਾਦੀ ਬਿਰਤਾਂਤ ਦੇ ਵਿਚੇ-ਵਿਚ ਪਨਪ ਰਹੇ ਭਾਰਤੀ ਸਾਮਰਾਜਵਾਦ ਦੀਆਂ ਮਹੀਨ ਤੰਦਾਂ ਦੀ ਵੀ ਨਿਸ਼ਾਨਦੇਹੀ ਹੁੰਦੀ ਹੈ। ਕਿਉਂਕਿ ਸੈਕੂਲਰ ਇਤਿਹਾਸਵਾਦੀ ਨੁਕਤਾਨਿਗਾਹ ਤਹਿਤ ਜਦੋਂ ਧਰਮ ਨੂੰ ਹੀ ਹਾਸ਼ੀਏ ‘ਤੇ ਪਾ ਦਿੱਤਾ ਜਾਂਦਾ ਹੈ ਤਾਂ ਸੈਕੂਲਰ ਭਾਰਤੀ ਕੌਮਵਾਦ ਦੇ ਗ਼ਲਬੇ ਖਿਲਾਫ ਆਪਣੀ ਨਿਆਰੀ ਹਸਤੀ ਲਈ ਲੜ ਰਹੀਆਂ ਧਿਰਾਂ, ਖਾਸ ਤੌਰ ‘ਤੇ ਸਿੱਖਾਂ ਵਰਗੀਆਂ ਧਾਰਮਿਕ ਘੱਟ ਗਿਣਤੀਆਂ ਲਈ, ਧਰਮ ਦੁਆਲੇ ਉਸਰੇ ਆਪਣੇ ਜਹਾਨ ਨੂੰ ਦਰਪੇਸ਼ ਚੁਣੌਤੀਆਂ ਨਾਲ ਜੁੜੇ ਸਰੋਕਾਰ ਸਾਂਝੇ ਕਰਨ ਲਈ ਥਹੁ-ਟਿਕਾਣਾ ਨਸੀਬ ਨਹੀਂ ਹੁੰਦਾ। ਧਰਮ ਨਾਲ ਜੁੜੇ ਹਰ ਸਰੋਕਾਰ ਨੂੰ ਮੂਲਵਾਦੀ ਜਾਂ ਕੱਟੜਵਾਦੀ ਗਰਦਾਨ ਕੇ ਨਕਾਰ ਦਿੱਤਾ ਜਾਂਦਾ ਹੈ। ਇਸ ਲਈ ਮੰਡੇਰ ਵੱਲੋਂ ਉਜਾਗਰ ਕੀਤੀ ਇਸ ਪਹਿਲੂ ਦੀ ਅਹਿਮੀਅਤ, ਵਡੇਰੇ ਪ੍ਰਸੰਗ ਵਿਚ ਇੱਕ ਅਹਿਮ ਦੇਣ ਹੋਣ ਦੇ ਬਾਵਜੂਦ, ਸਿੱਖਾਂ ਲਈ ਖਾਸ ਮਹੱਤਵ ਰੱਖਦੀ ਹੈ।
ਇਸ ਸਭ ਕੁਝ ਦੇ ਬਾਵਜੂਦ ਜਦੋਂ ਢਿੱਲੋਂ ਵਰਗੇ ਬੰਦੇ ਮੰਡੇਰ ਨੂੰ ਹੇਗਲ ਅਤੇ ਉਸ ਦੇ ਸਾਮਰਾਜੀ ਏਜੰਡੇ ਦੀ ਪੈਰਵਾਈ ਕਰਦਿਆਂ ਵਿਖਾਉਂਦੇ ਹਨ, ਤਾਂ ਗੱਲ ਹਾਸੋਹੀਣੀ ਤਾਂ ਹੈ ਹੀ ਪਰ ਦੁਖਾਂਤਕ ਜ਼ਿਆਦਾ ਲੱਗਦੀ ਹੈ। ਵੇਖਣ ਦੀ ਲੋੜ ਹੈ ਕਿ ਇਹ ਢਿੱਲੋਂ ਦੀ ਇਸ ਕਿਤਾਬ ਨੂੰ ਪੜ੍ਹ ਸਕਣ ਦੀ ਅਸਮਰੱਥਾ ਹੈ ਜਾਂ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਬੇਈਮਾਨੀ? ਅਸਲ ਵਿਚ ਇਹ ਦੋਵੇਂ ਗੱਲਾਂ ਸਹੀ ਹਨ। ਢਿੱਲੋਂ ਨੂੰ ਥਹੁ-ਪਤਾ ਵੀ ਕੋਈ ਨਹੀਂ ਤੇ ਉਸ ਨੇ ਆਪਣੀ ਮਨ-ਮਰਜ਼ੀ ਦੇ ਸਿੱਟੇ ਵੀ ਕੱਢੇ ਹਨ। ਕਿਸੇ ਜ਼ਾਬਤੇ ਵਿਚ ਰਹਿ ਕੇ ਹਾਸਲ ਕੀਤੀ ਬੁਨਿਆਦੀ ਸਿਖਲਾਈ ਤੋਂ ਬਿਨਾਂ ਐਧਰੋਂ-ਓਧਰੋਂ ਸੁਣ-ਸੁਣਾ ਕੇ ਜਾਂ ਫਿਰ ਇਤਿਹਾਸ ਦੀਆਂ ਤਰੀਕਾਂ ਚੇਤੇ ਕਰਕੇ ਜਦੋਂ ਲੋਕ ਵਿਦਵਾਨ ਬਣ ਬਹਿੰਦੇ ਹਨ, ਤੇ ਇਸ ਖੇਤਰ ‘ਤੇ ਕਿਸੇ ਵੀ ਕੀਮਤ ‘ਤੇ ਕਬਜ਼ਾ ਜਮਾਈ ਰੱਖਣਾ ਆਪਣਾ ਹੱਕ ਸਮਝਦੇ ਹਨ, ਤਾਂ ਫਿਰ ਇਹੀ ਕੁਛ ਵਾਪਰਦਾ ਹੈ।
ਢਿੱਲੋਂ ਨੇ ਹੋਰ ਦੋਸ਼ ਮੜ੍ਹਿਆ ਹੈ ਕਿ ਕਿ ਮੰਡੇਰ ਕਹਿੰਦਾ ਹੈ ਕਿ ਸਿੱਖਾਂ ਦੀ ਕੋਈ ਸਿਆਸੀ ਪ੍ਰਭੂਸੱਤਾ ਨਹੀਂ ਹੋਣੀ ਚਾਹੀਦੀ: : “He states, ‘Sikhism must revert to its original peaceful state. True Sikhism is without a desire for sovereignty, a Sikhism that has already renounced politics through interiorization.’ (Page 388)”
ਇਸ ਹਵਾਲੇ ਦੀ ਪੜਚੋਲ ਲਈ ਮੰਡੇਰ ਦੀ ਕਿਤਾਬ ‘ਤੇ ਨਿਗ੍ਹਾ ਮਾਰਦੇ ਹਾਂ। ਮੰਡੇਰ ਦੀ ਉਪਰੋਕਤ ਟਿੱਪਣੀ ਨੂੰ, ਜੋ ਕਿ ਢਿੱਲੋਂ ਨੇ ਕੱਟ-ਵੱਢ ਕੇ ਆਪਣੀ ਲੋੜ ਮੂਜਬ ਵਰਤੀ ਹੈ, ਇਸ ਦੇ ਸਹੀ ਸੰਦਰਭ ਵਿਚ ਸਮਝਣ ਦੀ ਲੋੜ ਹੈ। ਹੇਠਾਂ ਇਸ ਦਲੀਲ ਨੂੰ ਸਪੱਸ਼ਟ ਕਰਨ ਵਾਲੇ ਮੰਡੇਰ ਦੇ ਪੂਰੇ ਬਿਆਨ ਦਾ ਪੰਜਾਬੀ ਤਰਜਮਾ ਹਾਜ਼ਰ ਹੈ,
“ਅਮਲ ਵਿਚ ਮਨੁੱਖਵਾਦ ਦੀ ਵਿਚਾਰਧਾਰਾ ਆਪਣੇ ਆਪ ਨੂੰ ਉਦਾਰ ਜਮਹੂਰੀਅਤ ਦੀ ਰਲੇਵੇਂ ਵਾਲ਼ੀ ਸਿਆਸਤ ਵਿਚ ਉਲਥਾਉਂਦੀ ਹੈ, ਜਿਸ ਦੀਆਂ ਜ਼ੋਰਾਵਰੀਆਂ ਸ਼ਖਸੀ ਪ੍ਰਭੂਸੱਤਾ ਦੇ ਭਰਮਾਂ ਵਿਚ ਲੁਕੀਆਂ ਹੋਈਆਂ ਹਨ ਅਤੇ ਮੈਟਾਫਿਜ਼ੀਕਲ ਵਿਰੋਧਤਾਈਆਂ (ਜਨਤਕ ਜਾਂ ਨਿੱਜੀ, ਧਰਮ ਜਾਂ ਸੈਕੂਲਰ) ਰਾਹੀਂ ਚੱਲਦੀਆਂ ਹਨ ਜਿੱਥੇ ਧਰਮ ਇੱਕ ਅੰਦਰੂਨੀ ਨਿੱਜੀ ਮਾਮਲਾ ਹੈ ਤੇ ਹਰ ਹਾਲਤ ਕਾਨੂੰਨ ਦੀ ਜ਼ੱਦ ਹੇਠ ਆਉਣਾ ਚਾਹੀਦਾ ਹੈ। ਇਹ ਵਿਚਾਰਧਾਰਾ ਆਪਣਾ ਸਭ ਤੋਂ ਤਾਕਤਵਰ ਸਿਧਾਂਤਕ ਮੁਹਾਵਰਾ ਹੇਗਲ ਦੀਆਂ ਲਿਖਤਾਂ ‘ਚੋਂ ਹਾਸਲ ਕਰਦੀ ਹੈ, ਜਿਸ ਨੇ ਇਸ ਦੇ ਬਸਤੀਵਾਦੀ ਅਤੇ ਉਦਾਰ ਬਹੁਸੱਭਿਆਚਾਰਵਾਦੀ ਰੂਪ ਚਿਤਵ ਲਏ ਸਨ। ਜਦੋਂ ਸਿੱਖ ਰੱਈਅਤ ਨੂੰ ਖਾਸ ਤੌਰ ‘ਤੇ ਰਿਲੀਜੀਅਸ (ਧਾਰਮਿਕ ਨਹੀਂ) ਰੱਈਅਤ ਮਿੱਥ ਲਿਆ ਗਿਆ, ਤਾਂ ਫਿਰ ਸਿੱਖਾਂ ਦੀ ਸਿਆਸੀ ਆਵਾਜ਼ ਜਾਂ ਸਿਆਸੀ ਅੰਤਰਮੁਖਤਾ ਵਾਸਤੇ ਕੋਈ ਵੀ ਤਾਂਘ ਪੱਕੇ ਤੌਰ ‘ਤੇ ਇਸ ਰੱਈਅਤ ਦੀ ਆਪਣੀ ਰਿਲੀਜੀਅਸ ਤਬੀਅਤ ਤੋਂ ਲਾਂਭੇ ਜਾਣ ਵਾਲੀ ਗੱਲ ਬਣ ਗਈ। ਇੱਕ ਬਹੁਸੱਭਿਆਚਾਰੀ ਸਮਾਜ ਵਿਚ ਰਹਿਣ ਲਈ ਸਿੱਖਾਂ ਸਿਰ ਇਹ ਸ਼ਰਤ ਮੜ੍ਹੀ ਗਈ ਕਿ ਉਹ ਰਾਜਸੱਤਾ ਦੇ ਅਨੁਸਾਰੀ ਹੋ ਕੇ ਚੱਲਣ। ਸਿਆਸੀ ਅਮਲ ਦੇ ਰੂਪ ਵਿਚ ਕੋਈ ਵੀ ਉਲੰਘਣਾ ਤਾੜਨਾ ਦੀ ਹੱਕਦਾਰ ਹੈ। ਦੂਜੇ ਸ਼ਬਦਾਂ ਵਿਚ, ਸਿੱਖੀ (Sikhism) ਹਰ ਹਾਲਤ ਵਿਚ ਆਪਣੇ ‘ਮੂਲ’ ‘ਅਮਨਪਸੰਦ’ ਖਾਸੇ ਵੱਲ ਮੋੜਾ ਪਾਵੇ। ‘ਸੱਚੀ’ ਸਿੱਖੀ ਸਿਰਤਾਜਗੀ ਦੀ ਤਾਂਘ ਨਾ ਰੱਖਣ ਵਾਲੀ ਸਿੱਖੀ ਹੈ, ਇੱਕ ਸਿੱਖੀ ਜੀਹਨੇ ਆਪਣੇ ਆਪ ਨੂੰ ਕਾਨੂੰਨ ਵਿਚ ਢਾਲ਼ ਕੇ ਸਿਆਸਤ ਪਹਿਲਾਂ ਹੀ ਤੱਜ ਦਿੱਤੀ ਹੈ।” (ਮੰਡੇਰ, 2009, ਪੰਨਾ 388)
ਪਾਠਕ ਵੇਖ ਸਕਦੇ ਹਨ ਕਿ ਮੰਡੇਰ ਅਸਲ ਵਿਚ ਸਿੱਖੀ ਦੀ ਗੱਲ ਨਹੀਂ ਕਰ ਰਿਹਾ, ਸਗੋਂ ਧਰਮ ਦੇ ਨਵੇਂ ਸੰਬੋਧੀਕਰਨ (conceptualization) ਦੀ ਗੱਲ ਕਰ ਰਿਹਾ ਹੈ। ਧਰਮ ਦੀ ਇਹ ਨਵੀਂ ਪਰਿਭਾਸ਼ਾ ਬਸਤੀਵਾਦੀ ਹਾਕਮਾਂ ਅੰਗਰੇਜ਼ਾਂ ਵੱਲੋਂ ਜਬਰਨ ਸਿੱਖਾਂ ਸਿਰ ਮੜ੍ਹੀ ਗਈ। ਧਰਮ ਦੀ ਇਸ ਧਾਰਨਾ ਪਿੱਛੇ ਇੱਕ ਨੁਕਤਾ ਇਹ ਕੰਮ ਕਰ ਰਿਹਾ ਸੀ ਕਿ ਧਰਮ ਨੂੰ ਲੋਕ ਆਪਣੀ ਨਿੱਜੀ ਜ਼ਿੰਦਗੀ ਤੱਕ ਸੀਮਤ ਕਰਨ। ਆਪੋ-ਆਪਣੇ ਘਰੀਂ ਜਿਹੜਾ ਮਰਜ਼ੀ ਪੂਜਾ ਪਾਠ ਕਰਨ ਪਰ ਧਰਮ ਸਮਾਜ ਦੀ ਰੂਪ-ਰੇਖਾ ਉਲੀਕਣ ਦੀ ਕੋਸ਼ਿਸ਼ ਨਾ ਕਰੇ। ਸਮਾਜ ਦੇ ਤਾਣੇ-ਬਾਣੇ ਦੀ ਰੂਪ-ਰੇਖਾ ਕਾਨੂੰਨ ਉਲੀਕੇ। ਧਰਮ ਵੀ ਕਾਨੂੰਨੀ ਢਾਂਚੇ ਦਾ ਮਾਤਹਿਤ ਹੋ ਕੇ ਚੱਲੇ। ਮੰਡੇਰ ਸਪੱਸ਼ਟ ਕਰਦਾ ਹੈ ਕਿ ਅੰਗਰੇਜ਼ਾਂ ਨੇ ਧਰਮ ਦੀ ਅਜਿਹੀ ਸਮਝ ਵਿਕਸਿਤ ਕਰਨ ਲਈ ਜਰਮਨ ਫਿਲਾਸਫਰ ਹੇਗਲ ਦੀ ਟੇਕ ਲਈ।
ਆਪਣੀ ਗੱਲ ਨੂੰ ਹੋਰ ਸਪੱਸ਼ਟ ਕਰਦਿਆਂ ਮੰਡੇਰ ਦੱਸਦਾ ਹੈ ਕਿ ਅੰਗਰੇਜ਼ ਹਾਕਮਾਂ ਨੇ ਧਰਮ ਪ੍ਰਤੀ ਉਪਰੋਕਤ ਸਮਝ ਜਦੋਂ ਅਮਲੀ ਰੂਪ ਵਿਚ ਲਾਗੂ ਕਰ ਦਿੱਤੀ ਤਾਂ ਸਿੱਖ ਇੱਕ ਆਜ਼ਾਦ ਪ੍ਰਭੂਸੱਤਾ ਸੰਪੰਨ ਪੰਥ ਦੀ ਬਜਾਏ ਅੰਗਰੇਜ਼ੀ ਸਾਮਰਾਜ ਦੀ ਪਰਜਾ ਬਣ ਕੇ ਰਹਿ ਗਏ। ਮੰਡੇਰ ਉਪਰੋਕਤ ਦਲੀਲ ਸਿੱਖ ਪ੍ਰਭੂਸੱਤਾ ਦੇ ਹੱਕ ਵਿਚ ਬਣਾ ਰਿਹਾ ਹੈ ਤੇ ਦੱਸ ਰਿਹਾ ਹੈ ਕਿ ਸਿੱਖ ਪ੍ਰਭੂਸੱਤਾ ਅਸਲ ਵਿਚ ਸਿੱਖੀ ਦੇ ਸਹੀ ਰੂਪ ਦਾ ਅਨਿੱਖੜਵਾਂ ਅੰਗ ਹੈ। ਅੰਗਰੇਜ਼ ਨੇ ਆਪਣੇ ਹਕੂਮਤੀ ਦਾਬੇ ਤਹਿਤ ਸਿੱਖੀ ਦੀ ਅਸਲ ਪਰਿਭਾਸ਼ਾ ਬਦਲੀ, ਇਸ ਨੂੰ ਸਿੱਖੀ ਦਾ ਰੂਪ ਦਿੱਤਾ ਤਾਂ ਸਿੱਟੇ ਵਜੋਂ ਸਿੱਖ ਅੰਗਰੇਜ਼ਾਂ ਦੇ ਮਾਤਹਿਤ ਬਣ ਕੇ ਰਹਿ ਗਏ। ਇਹੀ ਵਜ੍ਹਾ ਹੈ ਕਿ ਉਪਰੋਕਤ ਹਵਾਲੇ ਵਿਚ ਮੰਡੇਰ ਕੁਝ ਸ਼ਬਦਾਂ ‘ਮੂਲ’, ‘ਅਮਨਪਸੰਦ’, ਅਤੇ ‘ਸੱਚਾ’ ਆਦਿਕ ਨੂੰ ਪੁੱਠੇ ਕੌਮਿਆਂ ਵਿਚ ਰੱਖ ਕੇ ਉਨ੍ਹਾਂ ਦਾ ਜ਼ਿਕਰ ਤਨਜ਼ੀ ਲਹਿਜੇ ਵਿਚ ਕਰਦਾ ਹੈ। ਕੀ ਐਨੀਆਂ ਸਿੱਧੀਆਂ ਗੱਲਾਂ ਸਪੱਸ਼ਟ ਕਰਕੇ ਸਮਝਾਉਣ ਦੀ ਲੋੜ ਹੈ? ਕੀ ਇਹ ਦੱਸਣ ਦੀ ਲੋੜ ਹੈ ਕਿ ਇਸ ਦਾ ਭਾਵ ਹੈ ਕਿ ਮੰਡੇਰ ਆਪਣੇ ਨਹੀਂ ਅੰਗਰੇਜ਼ਾਂ ਦੇ ਵਿਚਾਰ ਪੇਸ਼ ਕਰ ਰਿਹਾ ਹੈ ਜਿਨ੍ਹਾਂ ਨੂੰ ਕਿ ਉਹ ਬੇਤੁਕੇ ਸਮਝਦਾ ਹੈ? ਪਰ ਢਿੱਲੋਂ ਸਾਹਿਬ ਨੇ ਨਾ ਸਿਰਫ ਹਵਾਲੇ ਨੂੰ ਉਸ ਦੇ ਸੰਦਰਭ ‘ਚੋਂ ਬਾਹਰ ਕੱਢ ਕੇ ਵਰਤਿਆ ਸਗੋਂ ਇਹ ਪੁੱਠੇ ਕੌਮੇ ਵੀ ਹਟਾ ਦਿੱਤੇ। ਹੋਰ ਤਾਂ ਹੋਰ, ਗੱਲ ਨੂੰ ਆਪਣੀ ਸਹੂਲਤ ਅਨੁਸਾਰ ਤੋੜ-ਮਰੋੜ ਕੇ ਪੇਸ਼ ਕਰਨ ਲਈ ਅਖੀਰਲੀ ਪੰਕਤੀ ਦੇ ਦੋ ਸ਼ਬਦ ਹੀ ਹਟਾ ਦਿੱਤੇ ਜਿਸ ਨੂੰ ਕਾਨੂੰਨ ਦੀ ਸਰਦਾਰੀ ਵਾਲਾ ਨੁਕਤਾ ਹੀ ਪਰ੍ਹੇ ਰਹਿ ਗਿਆ। ਜਿੱਥੇ ਮੰਡੇਰ ਸਿੱਖੀ ਦੀ ਪ੍ਰਭੂਸੱਤਾ ਦੇ ਹੱਕ ਵਿਚ ਪੱਕੇ-ਪੈਰੀਂ ਖੜ੍ਹਾ ਹੁੰਦਾ ਹੈ, ਢਿੱਲੋਂ ਨੇ ਉਸੇ ਨੂੰ ਮੰਡੇਰ ਵੱਲੋਂ ਸਿੱਖ ਪ੍ਰਭੂਸੱਤਾ ਦੇ ਵਿਰੋਧ ਦਾ ਆਧਾਰ ਬਣਾ ਧਰਿਆ। ਜੇ ਸਮਝ ਨਹੀਂ ਤਾਂ ਘੱਟੋ-ਘੱਟ ਬੰਦੇ ਦਾ ਕੋਈ ਸਵੈਮਾਣ ਤਾਂ ਹੋਵੇ। ਦੂਜਿਆਂ ਦੀ ਨਹੀਂ, ਆਪਣੀ ਇੱਜ਼ਤ ਦਾ ਖਿਆਲ ਰੱਖਣ ਜੋਗੀ ਸੋਝੀ ਤਾਂ ਹੋਵੇ।
ਇਸੇ ਤਰ੍ਹਾਂ ਢਿੱਲੋਂ ਨੂੰ ਮੰਡੇਰ ਦੇ ‘ਸ਼ਬਦ ਗੁਰੂ’ ਪ੍ਰਤੀ ਵਿਚਾਰਾਂ ‘ਤੇ ਇਤਰਾਜ਼ ਹੈ, ਜਦੋਂ ਕਿ ਮੰਡੇਰ ਉਥੇ ਵੀ ‘ਸ਼ਬਦ ਗੁਰੂ’ ਦੀ ਪ੍ਰਭੂਸੱਤਾ ਸੰਪੰਨ ਹਸਤੀ ਦੀ ਗੱਲ ਕਰਦਾ ਹੈ ਜਿਸ ਵਿਚ ਇੱਕੋ ਵੇਲ਼ੇ ਖਾਲਸੇ ਦੀ ਰਹਿਤਵਾਨ ਹਸਤੀ ਦੀ ਵੀ ਪੁਸ਼ਟੀ ਹੈ, ਤੇ ਸਿੱਖਾਂ ਦਾ ਰਿਲੀਜਨ (ਧਰਮ ਨਹੀਂ) ਬਣਨ ਨਾਲ਼ ਪ੍ਰਤੀਰੋਧ ਵੀ।
ਢਿੱਲੋਂ ਦਾ ਅਗਲਾ ਵੱਡਾ ਇਤਰਾਜ਼ ਹੈ ਕਿ ਮੰਡੇਰ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਦੇ ਨੌਂ ਗੁਰੂ ਸਾਹਿਬਾਨ ਦੇ ਸਰੂਪ ਨੂੰ ਘਟਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧ ਵਿਚ ਢਿੱਲੋਂ ਜਿਹੜਾ ਸ਼ਬਦ, ‘ੱeਅਕeਰ’ ਜਾਂ ‘ਕਮਜ਼ੋਰ’ ਮੰਡੇਰ ਦਾ ਮੂੰਹ ਵਿਚ ਪਾਉਂਦਾ ਹੈ, ਉਹ ਬਿਨਾਂ ਸ਼ੱਕ ਬੇਅਦਬੀ ਵਾਲ਼ਾ ਹੈ, ਕਿਸੇ ਵੀ ਸਿੱਖ ਲਈ ਬੇਹੱਦ ਇਤਰਾਜ਼ਯੋਗ ਹੈ ਤੇ ਸਰਾਸਰ ਗਲਤ ਹੈ। ਪਰ ਮੰਡੇਰ ਦੀ ਕਿਤਾਬ ਦੇ ਹਵਾਲੇ ਨਾਲ਼ ਵੇਖੀਏ ਤਾਂ ਗੱਲ ਕੁਝ ਹੋਰ ਹੀ ਨਿੱਕਲ਼ਦੀ ਹੈ। ਇੱਥੇ ਵੀ ਇਮਾਨਦਾਰੀ ਦਾ ਤਕਾਜ਼ਾ ਐਨਾ ਕੁ ਹੈ ਕਿ ਢਿੱਲੋਂ ਨੇ ਇਹ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਮੰਡੇਰ ਨੇ ਗੱਲ ਮੈਕਲਾਉਡ ਦਾ ਸਪੱਸ਼ਟ ਜ਼ਿਕਰ ਕਰਦਿਆਂ ਸ਼ੁਰੂ ਕੀਤੀ ਹੈ, ਕੋਈ ਆਪਣੇ ਵੱਲੋਂ ਵੱਖਰੀ ਟਿੱਪਣੀ ਨਹੀਂ ਕੀਤੀ। ਮੰਡੇਰ ਸਪੱਸ਼ਟ ਤੌਰ ‘ਤੇ ਕਹਿ ਰਿਹਾ ਹੈ ਕਿ ਮੈਕਲਾਉਡ ਨੇ ਸਿੱਖੀ ਨੂੰ ਜਿਸ ਸਾਂਚੇ ਵਿਚ ਢਾਲ਼ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਉਸ ਮੁਤਾਬਕ ਗੁਰੂ ਨਾਨਕ ਸਾਹਿਬ ਅਤੇ ਬਾਕੀ ਗੁਰੂ ਸਾਹਿਬਾਨ ਵਿਚ ਫਰਕ ਵਿਖਾਇਆ ਜਾਂਦਾ ਹੈ। ਮੰਡੇਰ ਇਸ ਖਿਆਲ ਨਾਲ ਸਹਿਮਤੀ ਬਿਲਕੁਲ ਨਹੀਂ ਜ਼ਾਹਰ ਕਰ ਰਿਹਾ। ਇਹ ਜ਼ਰੂਰ ਹੈ ਕਿ ਉਹ ਮੈਕਲਾਉਡ ਵੱਲੋਂ ਕੱਢੇ ਗਏ ਸਿੱਟਿਆਂ ‘ਤੇ ਸਿੱਧੀ ਟਿੱਪਣੀ ਕਰਨ ਤੋਂ ਪਹਿਲਾਂ, ਉਨ੍ਹਾਂ ਸਿੱਟਿਆਂ ਦੀ ਬੁਨਿਆਦ ਦਾ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕਰਦਾ ਹੈ। ਮੰਡੇਰ ਦਾ ਭਾਵ ਹੈ ਕਿ ਗੁਰੂ ਨਾਨਕ ਸਾਹਿਬ ਸਿੱਖੀ ਦੇ ਪੈਦਾ ਹੋਣ ਦੇ ਅਜਿਹੇ ਕੇਂਦਰ ਨਹੀਂ ਜਿਨ੍ਹਾਂ ਨੂੰ ਇਤਿਹਾਸ ਦੇ ਕਿਸੇ ਬੀਤ ਚੁੱਕੇ ਦੌਰ ਤੱਕ ਸੀਮਤ ਕੀਤਾ ਜਾ ਸਕਦਾ ਹੈ।
ਮੈਕਲਾਉਡ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਸਿੱਖੀ ਦੀ ਪੈਦਾਇਸ਼ ਦੇ, ਇਤਿਹਾਸ ਵਿਚ ਨਿਹਿਤ, ਸਥਿਰ ਬਿੰਦੂ ਦੀ ਨੁਮਾਇੰਦਗੀ ਕਰਦੇ ਹਨ। ਕਾਲ਼ ਦੇ ਹੇਗਲੀ ਸੰਬੋਧ ਦੀ ਪੈਰਵਾਈ ਕਰਦਿਆਂ, ਮੈਕਲਾਉਡ ਇੱਕ ਪਰਪੱਕ ਖਿਣ ਤੋਂ ਤੁਰੇ ਇਤਿਹਾਸ ਦੇ ਅਗਲੇ ਦੌਰਾਂ ਨੂੰ ਨਿਵਾਣ ਵੱਲ ਜਾਂਦੇ ਵਿਖਾਉਂਦਾ ਹੈ। ਇਸ ਦੇ ਉਲ਼ਟ ਮੰਡੇਰ ਦੀ ਪਹੁੰਚ ਮੁਤਾਬਕ ਦਸ ਗੁਰੂ ਸਾਹਿਬਾਨ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਦੀ ਉਸੇ ਪੂਰਨਤਾ ਦੇ ਲਖਾਇਕ ਹਨ। ਕਾਲ਼ ਅਤੇ ਇਤਿਹਾਸ ਦੋਹਾਂ ਪ੍ਰਤੀ ਵੱਖਰੀ ਪਹੁੰਚ ਅਪਨਾਉਂਦਿਆਂ ਮੰਡੇਰ ਨੇ ਕਾਲ਼ ਦੇ ਹੇਗਲੀ ਸੰਬੋਧ ਦੀ ਵਿਰਚਨਾ ਕੀਤੀ ਹੈ। ਅਜਿਹਾ ਕਰਨਾ ਮੰਡੇਰ ਦੀ ਘਾਟ ਨਹੀਂ, ਵਡਿਆਈ ਹੈ। ਢਿੱਲੋਂ ਲਈ ਇਹ ਗੱਲ ਸ਼ਾਇਦ ਜ਼ਿਆਦਾ ਬਾਰੀਕ ਹੈ, ਇਸ ਲਈ ਪਕੜ ਵਿਚ ਨਹੀਂ ਆਈ।
ਇਸੇ ਤਰ੍ਹਾਂ ਢਿੱਲੋਂ ਨੂੰ ਇੱਕ ਸ਼ਬਦ ‘ੀਦੋਲਅਟੋਰੇ’ (ਬੁੱਤ-ਪੂਜਾ) ਦਿਸ ਜਾਣ ਨਾਲ ਇਹ ਸਿੱਟਾ ਕੱਢਣ ਦਾ ਆਧਾਰ ਮਿਲ਼ ਗਿਆ ਕਿ ਮੰਡੇਰ ਮੂਲ-ਮੰਤਰ ਦੀ ਵਿਆਖਿਆ ਵਿਚੋਂ ਬੁੱਤ-ਪ੍ਰਸਤੀ ਨੂੰ ਸਹੀ ਠਹਿਰਾਉਂਦਾ ਹੈ। ਜਦੋਂ ਕਿ ਮੰਡੇਰ ਸਿੰਘ ਸਭਾ ਦੇ ਵਿਦਵਾਨਾਂ ਵੱਲੋਂ ਪੇਸ਼ ਕੀਤੀ ਮੂਲ ਮੰਤਰ ਦੀ ਵਿਆਖਿਆ ਦਾ ਰੁਖ ਨਿਰਧਾਰਤ ਕਰਨ ਵਾਲ਼ੇ ਕਾਲ਼ ਦੇ ਸੰਬੋਧ ‘ਤੇ ਵਿਚਾਰ ਕਰਦਾ ਹੈ। ਮੰਡੇਰ ਇਸ ਮਸਲੇ ਦੀ ਨਿਸ਼ਾਨਦੇਹੀ ਕਾਲ਼ ਦੀ ਅਰਥਮੂਲਕ ਦੁਬਿਧਾ ਦੇ ਗਿਰਦ ਕਰਦਾ ਹੈ ਜੋ ਕਿ ਇਸ ਦੀ ਅੰਤਰਮੁਖੀ ਤੇ ਬਾਹਰਮੁਖੀ ਪ੍ਰਤੀਤੀ ‘ਤੇ ਨਿਰਭਰ ਕਰਦੀ ਹੈ। ਮੰਡੇਰ ਅਨੁਸਾਰ ਕਾਲ਼ ਦੀ ਅੰਤਰਮੁਖੀ ਪ੍ਰਤੀਤੀ ਇਸ ਨੂੰ ਸਮੇਂ ਵਜੋਂ, ਜੋ ਭੂਤ, ਵਰਤਮਾਨ ਅਤੇ ਭਵਿੱਖ ਵਿਚ ਵੰਡਿਆ ਜਾ ਸਕਦਾ ਹੈ, ਵੇਖਦੀ ਹੈ। ਇਸ ਦ੍ਰਿਸ਼ਟੀ ਤੋਂ ਵੇਖਿਆਂ ਇਹ ਉਹ ਸਮਾਂ ਹੈ ਜਿਵੇਂ ਆਪਾ ਇਸ ਨੂੰ ਵੇਖਦਾ ਹੈ, ਜਾਂ ਜਿਵੇਂ ਆਪਾ ਸਮੇਂ ਦੀ ਹੋਂਦ ਪ੍ਰਤੀ ਯਕੀਨ ਕਰਦਾ ਹੈ। ਇਸੇ ਤਰ੍ਹਾਂ ਉਸ ਮੁਤਾਬਕ ਸਮੇਂ ਨੂੰ ਬਾਹਰਮੁਖੀ ਨਜ਼ਰੀਏ ਨਾਲ਼ ਵੇਖਿਆ ਜਾ ਸਕਦਾ ਹੈ, ਜਿਵੇਂ ਕਿ ਜਦੋਂ ਸਮਾਂ ਸਾਡੇ ਆਪੇ ਅੱਗੇ ਆਪਣੇ ਅਖੀਰ ਤੋਂ, ਜਾਂ ਕਹਿ ਲਓ ਅੰਤਮ ਲਕਸ਼ ਵਜੋਂ ਜ਼ਾਹਰ ਹੁੰਦਾ ਹੈ। ਅੰਤਰਮੁਖੀ ਸਮੇਂ ਦੇ ਅਰਥ ਮੌਤ ਦੇ ਪ੍ਰਸੰਗ ਵਿਚ ਕਰਨ ਦੇ ਨੁਕਤੇ ਬਾਰੇ ਆਪਣੇ ਵਿਸ਼ਲੇਸ਼ਣ ਵਿਚ ਮੰਡੇਰ ਇਸ ਮਨੁੱਖੀ ਸਮੇਂ ਦੇ ਨਿਖੇਧ ਦੇ ਮੁੱਦੇ ਵੱਲ ਧਿਆਨ ਦੁਆਉਂਦਾ ਹੋਇਆ ਅਕਾਲ ਨੂੰ ਕਾਲ਼ ਦੀ ਉਸ ਪ੍ਰਤੀਤੀ ਦੇ ਸਿੱਧੇ ਨਿਖੇਧ ਵਿਚ ਖੜ੍ਹੇ ਕਰਨ ਦਾ ਖਦਸ਼ਾ ਸਾਂਝਾ ਕਰਦਾ ਹੈ ਜਿਸ ਤਹਿਤ ਕਾਲ ਇੱਕ ਹਸਤੀ ਹੈ ਜਿਸ ਦੀ ਆਪੇ ਵਿਚ ਨੁਮਾਇੰਦਗੀ ਹੁੰਦੀ ਹੈ; ਆਪਾ ਜਿਹੜਾ ਕਿ ਸਦਾ ਹੀ, ਪਹਿਲਾਂ ਹੀ, ਆਪਣੇ ਆਪ ਲਈ ਮੌਜੂਦ ਹੈ।
ਮੰਡੇਰ ਅਨੁਸਾਰ ਸਿੰਘ ਸਭਾ ਦੇ ਵਿਦਵਾਨਾਂ ਵੱਲੋਂ ਪਰਿਭਾਸ਼ਿਤ ਸਦਾ ਥਿਰ ਰਹਿਣ ਵਾਲੀ ਚੰਗੀ ਹਸਤੀ ਇੱਕ ਸਵੈਮੋਹੀ ਆਪੇ ਦੀ ਪੈਦਾਇਸ਼ ਹੈ ਜੋ ਕਿ ਕਾਲ ਨੂੰ ਸਦਾ ਥਿਰ ਰਹਿਣ ਵਾਲ਼ੇ ਮੈਟਾਫਿਜ਼ੀਕਲ ਰੂਪ ਅੱਗੇ ਨਿਵਾਉਂਦੀ ਹੈ। ਮੰਡੇਰ ਦੇ ਇਸ ਕਥਨ ਸਬੰਧੀ ਵਿਚਾਰ ਬਿਲਕੁਲ ਵੱਖਰੇ ਵੀ ਹੋ ਸਕਦੇ ਹਨ ਪਰ ਇੱਕ ਨੁਕਤੇ ਨਾਲ ਮੇਰੀ ਸਹਿਮਤੀ ਹੈ ਕਿ ਸਿੱਖੀ ਵਿਚ ਦਿਸਦੇ ਜਹਾਨ ਜਾਂ ਕਾਲ਼ ਅਤੇ ਅਕਾਲ ਵਿਚ ਕੋਈ ਭੇਦ ਨਹੀਂ। ਅਜਿਹਾ ਭੇਦ ਵੇਖਣ ਵਾਲੀ ਕੋਈ ਵੀ ਦ੍ਰਿਸ਼ਟੀ ਸਿੱਖੀ ਦੀ ਦਵੈਤਵਾਦੀ ਵਿਆਖਿਆ ਕਰਦੀ ਹੈ ਜੋ ਕਿ ਮੈਟਾਫਿਜ਼ੀਕਲ ਸੰਕਟ ਵਿਚ ਉਲ਼ਝੇ ਹੋਣ ਦਾ ਸੂਚਕ ਹੈ। ਮੰਡੇਰ ਅਸਲ ਵਿਚ ਇਹ ਸਥਾਪਤ ਕਰਦਾ ਹੈ ਕਿ ਕਾਲ਼ ਦਾ ਪੱਛਮੀ, ਅਸਲ ਵਿਚ ਹੇਗਲੀ, ਸੰਬੋਧ ਸਿੰਘ ਸਭਾ ਦੌਰ ਦੇ ਵਿਦਵਾਨਾਂ ਅੰਦਰ ਇਸ ਹੱਦ ਤੱਕ ਘਰ ਕਰ ਚੁੱਕਾ ਸੀ ਕਿ ਉਹ ਸਿੱਖੀ ਦਾ ਨਿਆਰਾਪਣ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਪੱਛਮੀ ਪ੍ਰਤੀਤੀਆਂ ਨੂੰ ਮੁੜ-ਮੁੜ ਸਥਾਪਤ ਕਰੀ ਜਾ ਰਹੇ ਸਨ। ਮੰਡੇਰ ਕਹਿੰਦਾ ਹੈ ਬੁੱਤਪ੍ਰਸਤੀ ਤੋਂ ਖਹਿੜਾ ਛੁਡਵਾਉਂਦੇ ਹੋਏ ਸਾਡੇ ਵਿਦਵਾਨ ਬੁੱਤ-ਪ੍ਰਸਤੀ ਦੇ ਬਦਲਵੇਂ ਰੂਪ ਦਾ ਸ਼ਿਕਾਰ ਹੋ ਗਏ। ਦਿਲਚਸਪੀ ਵਾਲ਼ੀ ਗੱਲ ਹੈ ਕਿ ਐਨ ਇਸੇ ਤਰਾਂ ਦੀ ਗੱਲ ਮਹਿਬੂਬ ਸਾਹਿਬ ਕਰਦੇ ਹਨ:
ਬੁੱਤ ਤੋੜ ਕੇ ਅਸੀਂ ਬੁੱਤਾਂ ਦੇ
ਯਾਰ ਰਹੇ ਵੇ ਲੋਕਾ।
(ਝਨਾਂ ਦੀ ਰਾਤ, ਪੰਨਾ 761)
ਪਰ ਗੁਰਦਰਸ਼ਨ ਸਿੰਘ ਢਿੱਲੋਂ ਦੀ ਮੁਸ਼ਕਲ ਹੈ ਕਿ ਉਸ ਨੂੰ ਨਾ ਤਾਂ ਮਹਿਬੂਬ ਸਾਹਿਬ ਨੂੰ ਪੜ੍ਹਨ ਜੋਗੀ ਪੰਜਾਬੀ ਆਉਂਦੀ ਹੈ, ਨਾ ਮੰਡੇਰ ਨੂੰ ਸਮਝਣ ਜੋਗੀ ਅੰਗਰੇਜ਼ੀ। ਢਿੱਲੋਂ ਨੇ ਨਾ ਸਿਰਫ ਇਹ ਜ਼ਾਹਰ ਕੀਤਾ ਹੈ ਕਿ ਉਸ ਵਿਚ ਅਜਿਹੀ ਸੰਜੀਦਾ ਲਿਖਤ ਨੂੰ ਸਮਝ ਸਕਣ ਦੀ ਸਮਰੱਥਾ ਨਹੀਂ, ਸਗੋਂ ਉਸ ਨੂੰ ਇਹ ਵੀ ਅਹਿਸਾਸ ਨਹੀਂ ਕਿ ਮੰਡੇਰ ਵੱਲੋਂ ਸਾਂਝੇ ਕੀਤੇ ਸਰੋਕਾਰਾਂ ਦੀ ਅਹਿਮੀਅਤ ਕੀ ਹੈ। ਪਰ ਮਸਲਾ ਹੈ ਕਿ ਜੇ ਅਗਲੇ ਨੂੰ ਸਮਝ ਨਹੀਂ ਆਉਂਦੀ ਤਾਂ ਅਗਲਾ ਕੀ ਕਰੇ। ਪ੍ਰੋæ ਗੁਰਤਰਨ ਸਿੰਘ ਦੇ ਹਵਾਲੇ ਨਾਲ਼ ਗੱਲ ਕਰਨੀ ਹੋਵੇ ਤਾਂ ਅਗਲਾ ਕਲਮ ਤੇ ਜ਼ੁਬਾਨ ਦੋਨੋਂ ਬੰਦ ਰੱਖੇ, ਅਗਲੇ ਦੀ ਵੀ ਭਲਾਈ, ਪੰਥ ਦੀ ਵੀ। ਪਰ ਢਿੱਲੋਂ ਕਲਮ ਤੇ ਜ਼ੁਬਾਨ ਬੰਦ ਤਾਂ ਹੀ ਰੱਖਦਾ ਜੇ ਉਸ ਵਿਚ ਕੋਈ ਇਮਾਨਦਾਰੀ ਹੁੰਦੀ।
ਮੁੱਕਦੀ ਗੱਲ, ਅਰਵਿੰਦਪਾਲ ਸਿੰਘ ਮੰਡੇਰ ਨੇ ਵੱਡੀ ਘਾਲਣਾ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਕਿਤਾਬ ਸਿੱਖਾਂ ਅਤੇ ਧਰਮ ਅਧਿਐਨ ਦੇ ਸਮੂਹ ਵਿਦਿਆਰਥੀਆਂ ਤੇ ਚਿੰਤਕਾਂ ਦੀ ਝੋਲ਼ੀ ਪਾਈ ਹੈ ਜਿਸ ਦਾ ਸਵਾਗਤ ਕਰਨਾ ਬਣਦਾ ਹੈ। ਨਾਲ ਹੀ ਮੰਡੇਰ ਦੀ ਅਣਥੱਕ ਮਿਹਨਤ ਤੇ ਪ੍ਰਬੀਨ ਬੌਧਿਕਤਾ ਦੀ ਦਾਦ ਵੀ ਦੇਣੀ ਬਣਦੀ ਹੈ। ਇਸ ਕਿਤਾਬ ਦੀ ਚਿਰਾਂ ਤੋਂ ਲੋੜ ਸੀ। ਮੰਡੇਰ ਨੇ ਪਹਿਲ ਕੀਤੀ ਹੈ, ਇਸ ਦਾ ਸਿਹਰਾ ਸਦਾ ਉਸ ਦੇ ਸਿਰ ਬੱਝਿਆ ਰਹੇਗਾ ਤੇ ਉਹ ਸਦਾ ਇਸ ਖੇਤਰ ਵਿਚ ਮੋਢੀ ਦੇ ਤੌਰ ‘ਤੇ ਜਾਣਿਆਂ ਜਾਂਦਾ ਰਹੇਗਾ। ਮੈਂ ਧਰਮ ਅਧਿਐਨ, ਫਲਸਫੇ ਅਤੇ ਰਾਜਨੀਤੀ ਦੇ ਸਮੂਹ ਸੰਜੀਦਾ ਪਾਠਕਾਂ ਨੂੰ ਸ਼ਿੱਦਤ ਨਾਲ਼ ਇਸ ਕਿਤਾਬ ਨਾਲ਼ ਸੰਵਾਦ ਵਿਚ ਆਉਣ ਦੀ ਬੇਨਤੀ ਕਰਦਾ ਹਾਂ ਕਿਉਂਕਿ ਇਸ ਰਾਹੀਂ ਉਨ੍ਹਾਂ ਮੁੱਦਿਆਂ ਬਾਰੇ ਸੰਜੀਦਾ ਵਿਚਾਰ ਦੀ, ਨਵੇਂ ਸਿਰਿਓਂ ਸੋਚਣ ਦੀ ਸ਼ੁਰੂਆਤ ਹੋਈ ਹੈ ਜੋ ਸਾਡੇ ਸਭਨਾਂ ਲਈ ਵੱਡੀ ਅਹਿਮੀਅਤ ਰੱਖਦੇ ਹਨ।

Be the first to comment

Leave a Reply

Your email address will not be published.