ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦਾ ਰਾਜਸੀ ਨਕਸ਼ਾ

-ਜਤਿੰਦਰ ਪਨੂੰ
ਭਾਰਤੀ ਲੋਕਤੰਤਰ ਦੇ ਇੱਕ ਹੋਰ ਸਮੁੰਦਰ ਮੰਥਨ ਵਾਸਤੇ ਹੁਣ ਮਸਾਂ ਦੋ ਮਹੀਨੇ ਬਾਕੀ ਰਹਿ ਗਏ ਹਨ। ਇਸ ਫਰਵਰੀ ਮਹੀਨੇ ਦੇ ਮੁੱਕਣ ਤੱਕ ਪਾਰਲੀਮੈਂਟ ਦੀਆਂ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਜਾਣ ਦੀ ਆਸ ਹੈ। ਜਿਨ੍ਹਾਂ ਦੀ ਅੱਖ ਦਿੱਲੀ ਵਾਲੇ ਵੱਡੇ ਤਖਤ ਉਤੇ ਲੱਗੀ ਹੋਈ ਹੈ, ਉਹ ਇਸ ਨੂੰ ਸਾਂਭਣ ਜਾਂ ਖੁੱਸਣ ਤੋਂ ਬਚਾਉਣ ਲਈ ਸਾਹੋ-ਸਾਹ ਹੋਏ ਪਏ ਹਨ। ਮਾਮਲਾ ਕਿਉਂਕਿ ਦੋ ਰਾਜਸੀ ਧਿਰਾਂ ਦੇ ਰਾਜ ਕਰਨ ਦੇ ਹੱਕ ਤੋਂ ਵੱਡਾ ਦੇਸ਼ ਦੇ ਇੱਕ ਸੌ ਪੰਝੀ ਕਰੋੜ ਲੋਕਾਂ ਦੀ ਹੋਣੀ ਦਾ ਹੈ, ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਭਵਿੱਖ ਦਾ ਹੈ, ਇਸ ਲਈ ਉਨ੍ਹਾਂ ਧਿਰਾਂ ਲਈ ਵੀ ਸਰਗਰਮ ਹੋਣਾ ਜ਼ਰੂਰੀ ਹੈ, ਜਿਹੜੀਆਂ ਤਖਤ ਸਾਂਭਣ-ਬਚਾਉਣ ਦੀ ਦੌੜ ਵਿਚ ਨਾ ਹੋ ਕੇ ਦੇਸ਼ ਦੇ ਲੋਕਾਂ ਦੇ ਹਿੱਤਾਂ ਬਾਰੇ ਆਪਣੇ ਢੰਗ ਨਾਲ ਕੁਝ ਸੋਚਣਾ ਤੇ ਕਰਨਾ ਚਾਹੁੰਦੀਆਂ ਹਨ। ਰਾਜਸੀ ਨਕਸ਼ਾ ਹਾਲੇ ਪੂਰਾ ਡੌਲਿਆ ਨਹੀਂ ਗਿਆ, ਪਰ ਜਿੰਨਾ ਕੁ ਹੈ, ਉਹ ਇਸ ਚੋਣ ਜੰਗ ਵਿਚ ਕੁਝ ਹੱਦਾਂ ਤੇ ਕੁਝ ਇਰਾਦਿਆਂ ਦੀ ਨਿਸ਼ਾਨਦੇਹੀ ਕਰ ਸਕਦਾ ਹੈ।
ਸਭ ਤੋਂ ਵੱਧ ਸਰਗਰਮ ਧਿਰ ਭਾਰਤੀ ਜਨਤਾ ਪਾਰਟੀ ਹੈ, ਜਿਸ ਦਾ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਫੋਕੇ ਫੁਲਾਏ ਗੁਬਾਰੇ ਉਤੇ ਸਵਾਰ ਹੋਇਆ ਫਿਰਦਾ ਹੈ। ਹਰ ਥਾਂ ਨਿਰਾ ਝੂਠ ਗੁੰਨ੍ਹਣ ਲਈ ਉਹ ਕਿਸੇ ਵੀ ਹੱਦ ਤੱਕ ਚਲਾ ਜਾਂਦਾ ਹੈ। ਹੁਣ ਤੱਕ ਉਹ ਹਿੱਕ ਠੋਕ ਕੇ ਗੁਜਰਾਤ ਦੇ ਵਿਕਾਸ ਦੀਆਂ ਕਹਾਣੀਆਂ ਪਾਉਂਦਾ ਫਿਰਦਾ ਸੀ ਤੇ ਉਸ ਦੇ ਭਾਜਪਾਈਏ ਜੋੜੀਦਾਰ, ਨਾਲ ਪੰਜਾਬ ਦੇ ਅਕਾਲੀ ਭਾਈ ਵੀ, ਉਸ ਦੇ ਮਗਰ ਤਾੜੀਆਂ ਮਾਰ ਕੇ ਖੁਸ਼ੀ ਮਹਿਸੂਸ ਕਰਦੇ ਸਨ। ਇਸ ਹਫਤੇ ਇਹ ਮੁਲੰਮਾ ਵੀ ਲੱਥ ਗਿਆ ਹੈ। ਜਦੋਂ ਭਾਰਤ ਸਰਕਾਰ ਦੇ ਯੋਜਨਾ ਕਮਿਸ਼ਨ ਨੇ ਇਹ ਕਿਹਾ ਕਿ ਰੋਜ਼ ਦੇ ਅਠਾਈ ਰੁਪਏ ਖਰਚ ਕਰਨ ਦੀ ਸਮਰੱਥਾ ਵਾਲਾ ਵਿਅਕਤੀ ਵੀ ਗਰੀਬ ਨਹੀਂ ਮੰਨਿਆ ਜਾ ਸਕਦਾ, ਅਸੀਂ ਸਾਰਿਆਂ ਨੇ ਇਸ ਨੂੰ ਗਰੀਬਾਂ ਦੀ ਗਰੀਬੀ ਨਾਲ ਮਜ਼ਾਕ ਕਿਹਾ ਸੀ। ਨਰਿੰਦਰ ਮੋਦੀ ਦੀ ਭਾਜਪਾ ਨੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਬਾਕੀਆਂ ਨਾਲੋਂ ਵੱਧ ਛੱਜ ਵਿਚ ਪਾ ਕੇ ਛੱਟਿਆ ਸੀ। ਇਹ ਉਸ ਵਕਤ ਕਰਨਾ ਵੀ ਚਾਹੀਦਾ ਸੀ। ਹੁਣ ਗੁਜਰਾਤ ਦੇ ਅੰਕੜਿਆਂ ਨੇ ਇਸ ਤੋਂ ਵੱਡਾ ਮਜ਼ਾਕ ਸਾਹਮਣੇ ਲੈ ਆਂਦਾ ਹੈ। ਭਾਜਪਾ ਦੇ ਪ੍ਰਧਾਨ ਮੰਤਰੀ ਬਣਨ ਲਈ ਉਮੀਦਵਾਰ ਨਰਿੰਦਰ ਮੋਦੀ ਦੀ ਸਰਕਾਰ ਇਹ ਕਹਿੰਦੀ ਹੈ ਕਿ ਜਿਹੜਾ ਬੰਦਾ ਰੋਜ਼ ਦੇ ਗਿਆਰਾਂ ਰੁਪਏ ਖਰਚ ਸਕਦਾ ਹੈ, ਉਹ ਵੀ ਗਰੀਬ ਨਹੀਂ ਗਿਣਿਆ ਜਾਣਾ ਚਾਹੀਦਾ ਤੇ ਉਸ ਨੂੰ ਗਰੀਬੀ ਰੇਖਾ ਤੋਂ ਹੇਠਾਂ ਵੱਸਦੇ ਲੋਕਾਂ ਵਾਲੀਆਂ ਸਹੂਲਤਾਂ ਲੈਣ ਦਾ ਕੋਈ ਅਧਿਕਾਰ ਨਹੀਂ। ਇਸ ਬਾਰੇ ਭਾਜਪਾ ਆਗੂ ਚੁੱਪ ਵੱਟ ਗਏ ਹਨ।
ਨਰਿੰਦਰ ਮੋਦੀ ਦੀ ਇਹ ਚੁਸਤੀ ਹੈ ਕਿ ਉਹ ਜਦੋਂ ਇੱਕ ਬੰਨੇ ਫਸਦਾ ਜਾਪੇ, ਉਦੋਂ ਉਹ ਲੋਕਾਂ ਦਾ ਹੋਰ ਪਾਸੇ ਧਿਆਨ ਲਾਉਣ ਵਾਲਾ ਕੰਮ ਬੜੀ ਤੇਜ਼ੀ ਨਾਲ ਕਰ ਲੈਂਦਾ ਹੈ। ਹੁਣ ਵੀ ਇਹੋ ਹੋਇਆ ਹੈ। ਉਸ ਨੇ ਖੜੇ ਪੈਰ ਗੁਜਰਾਤ ਵਿਚ ਇੱਕ ਸੰਮੇਲਨ ਕਰ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੁਸਲਮਾਨ ਭਾਈਚਾਰਾ ਵੀ ਉਸ ਦੇ ਨਾਲ ਹੀ ਖੜਾ ਹੈ। ‘ਰੱਬ ਨੇੜੇ ਕਿ ਘਸੁੰਨ’ ਦੀ ਕਹਾਵਤ ਦਾ ਅਸਰ ਹੋਵੇ ਤਾਂ ਸਾਰੇ ਲੋਕ ਹੀ ਨਾਲ ਖੜੇ ਦਿੱਸਣਗੇ, ਪਰ ਮੋਦੀ ਦੇ ਵਿਹਾਰ ਦੇ ਕਾਰਨ ਭਾਜਪਾ ਜਾਂ ਮੋਦੀ ਨਾਲ ਮੁਸਲਮਾਨਾਂ ਦੇ ਖੜੇ ਹੋਣ ਦਾ ਕੋਈ ਕਾਰਨ ਨਹੀਂ ਲੱਭ ਸਕਦਾ। ਗੁਜਰਾਤ ਵਿਚ ਮੁਸਲਮਾਨਾਂ ਦੀ ਗਿਣਤੀ ਦਸ ਫੀਸਦੀ ਤੋਂ ਕੁਝ ਵੱਧ ਹੈ। ਪੰਜਾਬ ਵਿਚ ਮੁਸਲਮਾਨ ਆਬਾਦੀ ਡੇਢ ਫੀਸਦੀ ਹੈ ਤੇ ਹਰ ਚੋਣ ਵਿਚ ਦੋਵੇਂ ਵੱਡੀਆਂ ਰਾਜਸੀ ਪਾਰਟੀਆਂ ਵੱਲੋਂ ਇੱਕ-ਇੱਕ ਉਮੀਦਵਾਰ ਇਸ ਭਾਈਚਾਰੇ ਵਿਚੋਂ ਹੁੰਦਾ ਹੈ। ਮੋਦੀ ਦੇ ਰਾਜ ਵਿਚ ਮੁਸਲਮਾਨ ਦਸ ਫੀਸਦੀ ਹਨ, ਕਾਂਗਰਸ ਟਿਕਟਾਂ ਦੇ ਦਿੰਦੀ ਹੈ, ਪਰ ਦੂਸਰੀ ਵੱਡੀ ਧਿਰ ਭਾਜਪਾ ਉਨ੍ਹਾਂ ਨੂੰ ਇੱਕ ਵੀ ਟਿਕਟ ਨਹੀਂ ਦਿੰਦੀ। ਇੱਕ ਸੌ ਬਿਆਸੀ ਵਿਧਾਨ ਸਭਾ ਸੀਟਾਂ ਵਿਚੋਂ ਆਖਰੀ ਵਾਰੀ ਇੱਕ ਸੀਟ ਉਨ੍ਹਾਂ ਦੇ ਖਾਤੇ ਵਿਚ ਉਦੋਂ ਗਈ ਸੀ, ਜਦੋਂ ਭਾਜਪਾ ਦਾ ਮੁੱਖ ਮੰਤਰੀ ਕੇਸ਼ੂ ਭਾਈ ਪਟੇਲ ਹੁੰਦਾ ਸੀ, ਉਸ ਤੋਂ ਬਾਅਦ ਦੇ 16 ਸਾਲਾਂ ਵਿਚ ਕਦੀ ਇੱਕ ਵੀ ਮੁਸਲਮਾਨ ਨੂੰ ਇਸ ਕਾਬਲ ਨਹੀਂ ਸਮਝਿਆ ਗਿਆ। ਇਸ ਦੇ ਬਾਵਜੂਦ ਮੋਦੀ ਦਾ ਕਹਿਣਾ ਹੈ ਕਿ ਉਸ ਰਾਜ ਦੇ ਮੁਸਲਮਾਨ ਉਸ ਨੂੰ ਬਹੁਤ ਪਿਆਰ ਕਰਦੇ ਹਨ।
ਜਦੋਂ ਜਨੂੰਨ ਦੀ ਕਾਂਗ ਚੜ੍ਹੀ ਆਉਂਦੀ ਹੈ, ਪੰਡਿਤ ਜਵਾਹਰ ਲਾਲ ਨਹਿਰੂ ਦੇ ਵਕਤ ਦੀ ਧਰਮ ਨਿਰਪੱਖਤਾ ਦੀ ਵਕੀਲ ਮੰਨੀ ਜਾਂਦੀ ਕਾਂਗਰਸ ਪਾਰਟੀ ਉਸ ਦੇ ਟਾਕਰੇ ਲਈ ਨਿਤਾਣੀ ਜਾਪ ਰਹੀ ਹੈ। ਇਸ ਦੇ ਵੀ ਕਈ ਕਾਰਨ ਹਨ। ਇੱਕ ਕਾਰਨ ਇਹ ਹੈ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਨ ਹੁਣ ‘ਹਾਈ ਕਮਾਨ’ ਕੀ, ਇਸ ਨੂੰ ਬਹੁਤੇ ਲੋਕ ‘ਲੋਅ ਕਮਾਨ’ ਵੀ ਮੰਨਣ ਤੋਂ ਮੁਸ਼ਕਲ ਮਹਿਸੂਸ ਕਰਦੇ ਹਨ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦਾ ਦਸ ਸਾਲ ਪਹਿਲਾਂ ਵਾਲਾ ਅਕਸ ਹੁਣ ਨਹੀਂ ਰਹਿ ਗਿਆ। ਇਸ ਨੂੰ ਜੇ ਕਿਸੇ ਨੇ ਸਭ ਤੋਂ ਵੱਡੀ ਸੱਟ ਮਾਰੀ ਹੈ ਤਾਂ ਉਹ ਬੀਬੀ ਸੋਨੀਆ ਗਾਂਧੀ ਦਾ ਦਾਮਾਦ ਰਾਬਰਟ ਵਾਡਰਾ ਹੈ, ਜਿਸ ਦੇ ਹਰ ਰਾਜ ਵਿਚ ਕੀਤੇ ਜ਼ਮੀਨੀ ਸੌਦਿਆਂ ਨੇ ਭ੍ਰਿਸ਼ਟਾਚਾਰ ਦੀ ਓੜਕ ਛੋਹ ਲਈ ਤੇ ਸਾਰੀ ਪਾਰਟੀ ਨੂੰ ਉਸ ਦੀ ਥਾਂ ਸਫਾਈਆਂ ਦੇਣ ਲਾ ਦਿੱਤਾ ਗਿਆ ਸੀ।
ਦੂਸਰਾ ਮਾੜਾ ਪ੍ਰਭਾਵ ਬੀਬੀ ਦੇ ਪੁੱਤਰ ਵੱਲੋਂ ਹੈ, ਜਿਸ ਨੂੰ ਰਾਜਨੀਤੀ ਦੀ ਆਪ ਅਜੇ ਤੱਕ ਪੂਰੀ ਸਮਝ ਨਹੀਂ ਆ ਸਕੀ ਤੇ ਇਹੋ ਜਿਹੇ ਸਲਾਹਕਾਰਾਂ ਦੀ ਜੁੰਡਲੀ ਦੇ ਵਲਾਵੇਂ ਵਿਚ ਫਸਿਆ ਪਿਆ ਹੈ, ਜਿਹੜੇ ਆਪਣੀ ਪਾਰਟੀ ਲੀਡਰਸ਼ਿਪ ਨਾਲੋਂ ਵੱਧ ਸਾਂਝ ਆਪਣੇ ਵਿਰੋਧ ਵਾਲਿਆਂ ਦੇ ਨਾਲ ਰੱਖਦੇ ਹਨ। ਪੰਜਾਬ ਵਿਚ ਦੋ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਹਾਰ ਜਾਣ ਪਿੱਛੇ ਵੀ ਇੱਕ ਕਾਰਨ ਇਸ ਜੁੰਡਲੀ ਦੀ ਅਕਾਲੀ ਆਗੂਆਂ ਨਾਲ ਅੰਦਰ ਦੀ ਸਾਂਝ ਦੱਸੀ ਗਈ ਸੀ। ਹੁਣ ਫਿਰ ਉਹੀ ਜੁੰਡਲੀ ਪੂਰੀ ਸਰਗਰਮ ਹੈ। ਤੀਸਰਾ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਉਹ ਮਨਮੋਹਨ ਸਿੰਘ ਹੈ, ਜਿਸ ਦੀ ਆਪਣੀ ਪਾਰਟੀ ਦੇ ਜਿੱਤਣ ਜਾਂ ਹਾਰਨ ਵਿਚ ਕੋਈ ਦਿਲਚਸਪੀ ਹੀ ਨਹੀਂ। ਉਹ ਸੰਨਿਆਸ ਲੈਣ ਵਾਸਤੇ ਬਿਸਤਰਾ ਬੰਨ੍ਹੀ ਬੈਠਾ ਹੈ ਤੇ ਇਹ ਹਾਲਾਤ ਉਸ ਜੁੰਡਲੀ ਨੇ ਪੈਦਾ ਕੀਤੇ ਹਨ, ਜਿਹੜੀ ਆਏ ਦਿਨ ਇਹ ਮੰਗ ਕਰੀ ਜਾਂਦੀ ਹੈ ਕਿ ਰਾਹੁਲ ਗਾਂਧੀ ਨੂੰ ਛੇਤੀ ਪ੍ਰਧਾਨ ਮੰਤਰੀ ਬਣਾ ਦਿਓ। ਜਿਸ ਪ੍ਰਧਾਨ ਮੰਤਰੀ ਨੂੰ ਰੋਜ਼ ਰਾਤ ਨੂੰ ਇਹ ਪੁੱਛਣਾ ਪੈਂਦਾ ਹੋਵੇ ਕਿ ਭਲਕੇ ਮੈਂ ਇਸ ਕੁਰਸੀ ਉਤੇ ਬੈਠਣਾ ਹੈ ਜਾਂ ਰਾਹੁਲ ਨੇ ਆਣ ਬਹਿਣਾ ਹੈ, ਉਹ ਆਪਣੀ ਪਾਰਟੀ ਦੀ ਜਿੱਤ ਲਈ ਕੁਝ ਕਰੇਗਾ ਵੀ ਕਿਉਂ?
ਤੀਸਰੀ ਧਿਰ ਅਜੇ ਵੀ ਆਮ ਆਦਮੀ ਪਾਰਟੀ ਨਹੀਂ, ਉਹ ਮੋਰਚਾ ਸਮਝਿਆ ਜਾ ਰਿਹਾ ਹੈ, ਜਿਸ ਵਿਚ ਕੁੱਲ ਮਿਲਾ ਕੇ ਗਿਆਰਾਂ ਪਾਰਟੀਆਂ ਸ਼ਾਮਲ ਹੋ ਗਈਆਂ ਹਨ ਤੇ ਅਗਲੇ ਦਿਨਾਂ ਵਿਚ ਕੁਝ ਹੋਰ ਦੇ ਜੁੜਨ ਦੀ ਗੱਲ ਵੀ ਸੁਣੀ ਜਾ ਰਹੀ ਹੈ। ਪਹਿਲਾਂ ਭਾਜਪਾ ਵਾਲਿਆਂ ਨੇ ਬੜਾ ਪ੍ਰਭਾਵ ਦਿੱਤਾ ਸੀ ਕਿ ਜਨਤਾ ਦਲ ਯੂਨਾਈਟਿਡ ਦੇ ਲੋਕ ਟੁੱਟਣ ਅਤੇ ਉਨ੍ਹਾਂ ਵੱਲ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਹੁਣ ਇਹ ਗੱਲ ਨਹੀਂ। ਜਿੰਨੇ ਕੁ ਬੰਦੇ ਬਿਹਾਰ ਵਿਚ ਉਸ ਪਾਸੇ ਤੋਂ ਟੁੱਟੇ ਤੇ ਭਾਜਪਾ ਵੱਲ ਆਏ ਸਨ, ਲਗਭਗ ਓਨੇ ਕੁ ਭਾਜਪਾ ਦੇ ਟੁੱਟ ਕੇ ਓਧਰ ਵੀ ਚਲੇ ਗਏ ਹਨ। ਸਿਰਫ ਯੂ ਪੀ ਵਿਚ ਭਾਜਪਾ ਨੇ ਵੱਡੀ ਢਾਹ ਲਾਈ ਹੈ ਤੇ ਉਹ ਮੁਲਾਇਮ ਸਿੰਘ ਦੀ ਦੋ ਬੇੜੀਆਂ ਦਾ ਸਵਾਰ ਹੋਣ ਦੀ ਆਦਤ ਕਾਰਨ ਲੱਗ ਰਹੀ ਹੈ। ਇਸ ਤੀਸਰੀ ਧਿਰ ਨੂੰ ਜੋੜਨ ਵਿਚ ਕਦੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜਿਹੜੀ ਸਰਗਰਮੀ ਕਰਦੇ ਹੁੰਦੇ ਸਨ, ਉਹ ਬਿਨਾਂ ਕਿਸੇ ਐਲਾਨ ਤੋਂ ਇਸ ਵਾਰ ਸੀ ਪੀ ਆਈ ਦੇ ਕਾਮਰੇਡ ਬਰਧਨ ਨੇ ਕੀਤੀ ਜਾਪਦੀ ਹੈ।
ਬਹੁਤਾ ਧਿਆਨ ਸਭ ਦਾ ਇਸ ਵਕਤ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਵਾਲੇ ਪਾਸੇ ਲੱਗਾ ਪਿਆ ਹੈ। ਇਹ ਪਾਰਟੀ ਜਿਹੜੇ ਪਹਿਲੇ ਕਦਮਾਂ ਨਾਲ ਅੱਗੇ ਤੁਰੀ ਹੈ, ਉਸ ਦਾ ਪ੍ਰਭਾਵ ਮਾੜਾ ਨਹੀਂ ਪਿਆ ਤੇ ਲੋਕਾਂ ਦੀ ਹਮਦਰਦੀ ਇਸ ਨਾਲ ਵਧੀ ਹੈ। ਕਈ ਉਘੇ ਲੇਖਕ ਤੇ ਮੀਡੀਆ ਵਾਲੇ ਆਪਣਾ ਭਵਿੱਖ ਦਾਅ ਉਤੇ ਲਾ ਕੇ ਇਸ ਨਾਲ ਆ ਜੁੜੇ ਹਨ ਅਤੇ ਇਹ ਬੜੇ ਚਿਰ ਪਿੱਛੋਂ ਵੇਖਿਆ ਗਿਆ ਹੈ ਕਿ ਕਿਸੇ ਅਸਲੋਂ ਨਵੀਂ ਉਠੀ ਪਾਰਟੀ ਨਾਲ ਜੁੜਨ ਲਈ ਈਮਾਨਦਾਰ ਅਕਸ ਵਾਲੇ ਵੱਡੇ ਅਫਸਰ ਅਸਤੀਫੇ ਦੇ ਕੇ ਇਸ ਪਾਸੇ ਆ ਰਹੇ ਹਨ। ਦੇਸ਼ ਦੇ ਸਾਰੇ ਵੱਡੇ ਮਹਾਂਨਗਰਾਂ ਵਿਚ ਇਸ ਪਾਰਟੀ ਲਈ ਹਮਦਰਦੀ ਦੀ ਲਹਿਰ ਹੈ। ਗੁਜਰਾਤ ਵਿਚ ਨਰਿੰਦਰ ਮੋਦੀ ਦੇ ਪਿੱਛੋਂ ਸਭ ਤੋਂ ਸੀਨੀਅਰ ਮੰਤਰੀ ਬੀਬੀ ਅਨੰਦੀ ਬੇਨ ਪਟੇਲ ਹੈ। ਪੰਦਰਾਂ ਦਿਨ ਪਹਿਲਾਂ ਉਸ ਦੇ ਪਤੀ ਨੇ ਭਾਜਪਾ ਛੱਡੀ ਅਤੇ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਐਲਾਨ ਕਰ ਦਿੱਤਾ ਸੀ। ਦੋ ਦਿਨ ਬਾਅਦ ਉਸ ਨੇ ਵਾਪਸੀ ਕਰ ਲਈ। ਅਸਲ ਵਿਚ ਉਸ ਨੇ ਵਾਪਸੀ ਕੀਤੀ ਨਹੀਂ, ਉਸ ਤੋਂ ਕਰਵਾਈ ਗਈ ਤੇ ਇਸ ਵਾਪਸੀ ਦੇ ਵਕਤ ਉਸ ਨੇ ਜਿਹੜਾ ਬਿਆਨ ਦੇ ਦਿੱਤਾ, ਉਹ ਵਾਪਸੀ ਉਤੇ ਕਾਟਾ ਮਾਰਨ ਵਾਲਾ ਹੈ। ਅਨੰਦੀ ਬੇਨ ਪਟੇਲ ਦੇ ਪਤੀ ਨੇ ਕਿਹਾ ਕਿ ਉਸ ਦੇ ਬੱਚੇ ਆਣ ਕੇ ਉਸ ਦੇ ਦੁਆਲੇ ਬੈਠ ਗਏ ਤੇ ਕਹਿਣ ਲੱਗੇ ਕਿ ਅਸੀਂ ਵੀ ਮੰਨਦੇ ਹਾਂ ਕਿ ਭਾਰਤ ਨੂੰ ਭਾਜਪਾ ਨਾਲੋਂ ਵੱਧ ਆਮ ਆਦਮੀ ਪਾਰਟੀ ਦੀ ਲੋੜ ਹੈ, ਪਰ ਜੇ ਤੁਸੀਂ ਉਸ ਪਾਰਟੀ ਵਿਚ ਚਲੇ ਗਏ ਤਾਂ ਮੰਮੀ ਦੀ ਸਾਰੀ ਉਮਰ ਦੀ ਭਾਜਪਾ ਦੀ ਸੇਵਾ ਤੇ ਸਾਡੇ ਕੈਰੀਅਰ ਦਾ ਨੁਕਸਾਨ ਹੋ ਜਾਵੇਗਾ, ਇਸ ਲਈ ਵਾਪਸ ਭਾਜਪਾ ਵਿਚ ਆ ਜਾਓ। ਵੋਟ ਪਾਉਣ ਦੀ ਘੜੀ ਅਨੰਦੀ ਬੇਨ ਪਟੇਲ ਦਾ ਪਤੀ ਕੀ ਕਰੇਗਾ, ਇਸ ਦੀ ਭਾਜਪਾ ਵਾਲਿਆਂ ਨੂੰ ਹਾਲੇ ਵੀ ਗਾਰੰਟੀ ਨਹੀਂ ਹੈ।
ਜਿਹੜੀ ਗੱਲ ਇਸ ਨਵੀਂ ਪਾਰਟੀ ਵਿਚ ਮਾੜੀ ਹੈ, ਉਹ ਇਹ ਹੈ ਕਿ ਆਪਣੇ ਤੋਂ ਬਿਨਾਂ ਕਿਸੇ ਨੂੰ ਕਿਸੇ ਗਿਣਤੀ ਦੇ ਕਾਬਲ ਹੀ ਨਹੀਂ ਸਮਝਦੇ। ਉਨ੍ਹਾਂ ਨੇ ਹੁਣੇ ਜਿਹੇ ਭ੍ਰਿਸ਼ਟ ਲੀਡਰਾਂ ਦੀਆਂ ਦੋ ਸੂਚੀਆਂ ਜਾਰੀ ਕੀਤੀਆਂ ਹਨ। ਇਨ੍ਹਾਂ ਦੋਵੇਂ ਸੂਚੀਆਂ ਵਿਚ ਖੱਬੀ ਧਿਰ ਦੇ ਕਿਸੇ ਆਗੂ ਦਾ ਨਾਂ ਨਹੀਂ ਆਇਆ। ਸਾਰੇ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਵਿਚ ਜਿਹੜਾ ਕੋਈ ਈਮਾਨਦਾਰ ਆਗੂ ਬਚਿਆ-ਖੁਚਿਆ ਰਹਿ ਗਿਆ ਹੋਵੇ, ਉਸ ਨੂੰ ਉਸ ਪਾਰਟੀ ਵਿਚ ‘ਕਾਮਰੇਡ’ ਕਿਹਾ ਜਾਣ ਲੱਗਦਾ ਹੈ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਖੱਬੇ ਪੱਖੀਆਂ ਨਾਲ ਵੀ ਸਾਂਝ ਪਾਉਣ ਤੋਂ ਪਾਸਾ ਵੱਟ ਲਿਆ ਹੈ। ‘ਮੈਂ ਹੀ ਮੈਂ’ ਦੀ ਇਹ ਰੱਟ ਉਹ ਆਪ ਨਹੀਂ ਲਾ ਰਹੇ, ਉਨ੍ਹਾਂ ਦੇ ਖੱਬੇ-ਸੱਜੇ ਇਹੋ ਜਿਹੇ ਕੁਝ ਸਲਾਹਾਂ ਦੇਣ ਵਾਲੇ ਹਨ, ਜਿਨ੍ਹਾਂ ਦਾ ਆਪਣਾ ਯਕੀਨ ਨਹੀਂ ਕਿ ਫੈਸਲੇ ਦੀ ਘੜੀ ਤੱਕ ਆਮ ਆਦਮੀ ਪਾਰਟੀ ਦੇ ਨਾਲ ਰਹਿਣਗੇ ਕਿ ਕੰਨੀ ਖਿਸਕਾ ਜਾਣਗੇ। ਅਰਵਿੰਦ ਕੇਜਰੀਵਾਲ ਵਰਗੇ ਬੰਦੇ ਉਨ੍ਹਾਂ ਦੀ ਸਲਾਹ ਮੰਨ ਰਹੇ ਹਨ।
ਦੇਸ਼ ਇਸ ਵਕਤ ਜਦੋਂ ਵੱਡੇ ਚੋਣ-ਮੰਥਨ ਦੀ ਤਿਆਰੀ ਕਰ ਰਿਹਾ ਹੈ, ਉਦੋਂ ਇਹ ਚਾਰ ਮੁੱਖ ਧਿਰਾਂ ਹੀ ਨਹੀਂ, ਕੁਝ ਹੋਰ ਵੀ ਹਨ। ਮਿਸਾਲ ਵਜੋਂ ਮਾਇਆਵਤੀ ਬੀਬੀ ਹੋਵੇ ਜਾਂ ਮਮਤਾ ਬੈਨਰਜੀ, ਉਨ੍ਹਾਂ ਦੋਵਾਂ ਨਾਲ ਕਿਸੇ ਦੀ ਨਹੀਂ ਬਣਦੀ ਤੇ ਉਹ ਦੋਵੇਂ ਵੀ ਕਿਸੇ ਨਾਲ ਢਾਈ ਕੋਹ ਮਿਲ ਕੇ ਚੱਲਣ ਨੂੰ ਤਿਆਰ ਨਹੀਂ। ਸੀਟਾਂ ਉਨ੍ਹਾਂ ਦੀਆਂ ਕੁਝ ਨਾ ਕੁਝ ਆ ਜਾਣੀਆਂ ਹਨ। ਅੰਤਲੇ ਨਿਬੇੜੇ ਵਿਚ ਉਹ ਕਿੱਧਰ ਜਾਣਗੀਆਂ, ਕਿਸੇ ਨੂੰ ਪਤਾ ਨਹੀਂ। ਖਿਲਾਰਾ ਕੁਝ ਬਹੁਤਾ ਹੀ ਪੈ ਗਿਆ ਹੈ। ਏਨੇ ਖਿੱਲਰ ਗਏ ਪਿੜ ਵਿਚ ਕਿਸੇ ਇੱਕ ਧਿਰ ਦੇ ਹੂੰਝਾ ਮਾਰ ਜਾਣ ਦੀ ਗੁੰਜਾਇਸ਼ ਆਮ ਕਰ ਕੇ ਬਹੁਤੀ ਨਹੀਂ ਹੁੰਦੀ, ਪਰ ਜਿਹੜੇ ਭਾਜਪਾ ਵਾਲੇ ਅੱਧੇ ਹਿੰਦੁਸਤਾਨ ਵਿਚ ਲੱਭਦੇ ਹੀ ਨਹੀਂ, ਉਹ ਪੱਟਾਂ ਉਤੇ ਥਾਪੀਆਂ ਮਾਰ ਕੇ ਹੁਣੇ ਹੀ ਨੀਲ ਪਾਈ ਬੈਠੇ ਹਨ ਕਿ ਗੁਰਜ ਉਨ੍ਹਾਂ ਨੇ ਜਿੱਤ ਲੈਣੀ ਹੈ। ਬਾਕੀ ਧਿਰਾਂ ਇਕੱਠੀਆਂ ਹੋਣ ਜਾਂ ਨਾ ਹੋਣ, ਹਾਲ ਦੀ ਘੜੀ ਇਹੋ ਜਿਹਾ ਕੋਈ ਸੰਕੇਤ ਨਹੀਂ ਮਿਲਦਾ ਕਿ ਭਾਜਪਾ ਭਾਰਤ ਦਾ ਰਾਜ ਸੰਭਾਲ ਲਵੇਗੀ। ਹਾਲੇ ਤਾਂ ਉਹ ਉਸ ਦੌੜ ਵਿਚ ਹੈ, ਜਿਸ ਵਿਚ ਮੁਕਾਬਲੇ ਵਿਚ ਰਹਿਣ ਲਈ ਵੀ ਹਰ ਕਿਸੇ ਨੂੰ ਕਹਿਣਾ ਪੈਂਦਾ ਹੈ ਕਿ ਦਿੱਲੀ ਸਿਰਫ ਸਾਨੂੰ ਉਡੀਕ ਰਹੀ ਹੈ, ਸਾਡੇ ਸਿਵਾ ਕਿਸੇ ਨੂੰ ਨਹੀਂ। ਇਹ ਵੀ ਇੱਕ ਚੋਣ ਪੈਂਤੜਾ ਹੁੰਦਾ ਹੈ।

Be the first to comment

Leave a Reply

Your email address will not be published.