ਰਵਾਇਤੀ ਭਾਰਤੀ ਮਾਨਸਿਕਤਾ ਵਿਚ ਇਹ ਗੱਲ ਸਮਾਈ ਹੋਈ ਹੈ ਕਿ Ḕਰਾਮ ਰਾਜḔ ਨਿਆਂਪੂਰਣ ਹਕੂਮਤ ਦਾ ਬਿਹਤਰੀਨ ਨਮੂਨਾ ਹੈ। ਕੀ ਸੱਚਮੁੱਚ ਅਜਿਹਾ ਹੈ? ਜਾਂ ਫਿਰ ਸਵਾਰਥੀ ਬ੍ਰਾਹਮਣਵਾਦੀ ਸੋਚ ਨੇ ਇਹ ਮਾਨਤਾ ਘੜੀ ਹੋਈ ਹੈ? ਹਰ ਸੱਚੇ ਧਰਮ ਦਾ ਮਨੋਰਥ Ḕਬੇਗਮ ਪੁਰਾ ਸਹਰ ਕੋ ਨਾਉḔ ਸਿਰਜਣਾ ਹੈ। ਇਹੋ ਸੁਪਨਾ ਗੁਰੂ ਸਾਹਿਬਾਨ ਅਤੇ ਭਗਤ ਰਵਿਦਾਸ ਹੋਰਾਂ ਲਿਆ ਸੀ। ਅੱਜ ਰਵਿਦਾਸ ਜਿਹੇ ਮਹਾਂਪੁਰਖਾਂ ਨੂੰ ਭਗਤ ਜਾਂ ਗੁਰੂ ਦੀਆਂ ਵੰਡੀਆਂ ਵਾਲੀ ਅੱਖ ਨਾਲ ਦੇਖਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਤੇ ਇਹ ਬਿਪਰਵਾਦੀ ਸੋਚ ਦਾ ਪ੍ਰਭਾਵ ਤਾਂ ਨਹੀਂ? ਇਹ ਸਵਾਲ ਹਨ ਜੋ ਮਝੈਲ ਸਿੰਘ ਸਰਾਂ ਨੇ ਆਪਣੇ ਇਸ ਲੇਖ ਵਿਚ ਆਪਣੀ ਸਹਿਜ ਸ਼ੈਲੀ ਵਿਚ ਉਠਾਉਣ ਦੀ ਕੋਸ਼ਿਸ਼ ਕੀਤੀ ਹੈ। -ਸੰਪਾਦਕ
ਮਝੈਲ ਸਿੰਘ ਸਰਾਂ
ਭਾਰਤੀ ਸਭਿਅਤਾ ਦੇ ਧਰਮ ਅਤੇ ਸਮਾਜ ਸ਼ਾਸਤਰਾਂ ਵਿਚ ਇਹ ਮਨੌਤ ਯੁੱਗਾਂ ਤੋਂ ਹੈ ਕਿ ਰਾਮ ਰਾਜ ਉਤਮ ਹੈ। ਵਾਰ-ਵਾਰ ਇਸੇ ਦੀ ਮਿਸਾਲ ਦਿੱਤੀ ਜਾਂਦੀ ਹੈ। ਹਰ ਭਾਰਤੀ ਹਾਕਮ ਦਾ ਇਹੀ ਦਾਅਵਾ ਰਿਹਾ ਹੈ ਕਿ ਉਹ ਰਾਮ ਵਰਗਾ ਰਾਜ ਆਪਣੀ ਪਰਜਾ ਨੂੰ ਦੇ ਰਿਹਾ ਹੈ। ਇਸ ਲਫ਼ਜ਼ ‘ਰਾਮ ਰਾਜ’ ਨਾਲ ਬਹੁਤੇ ਭਾਰਤੀਆਂ ਦੀਆਂ ਭਾਵਨਾਵਾਂ ਇਸ ਕਦਰ ਜੁੜੀਆਂ ਹੋਈਆਂ ਹਨ ਕਿ ਉਹ ਕੀਲੇ ਜਾਂਦੇ ਹਨ। ਆਜ਼ਾਦੀ ਨੂੰ ਰਾਮ ਰਾਜ ਦੇ ਨਾਂ ਤੋਂ ਕੁਰਬਾਨ ਕਰ ਸਕਦੇ ਹਨ। ਇਸ ‘ਰਾਮ ਰਾਜ’ ਨੂੰ ਇਤਨਾ ਪਵਿੱਤਰ ਸਮਝ ਲਿਆ ਕਿ ਪੁੱਛਣ-ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਸ ਰਾਮ ਰਾਜ ਦੀ ਅਸਲੀਅਤ ਕੀ ਹੈ?
ਮਾਨਤਾ ਹੈ ਕਿ ਭਗਵਾਨ ਰਾਮ ਚੰਦਰ 14 ਸਾਲ ਬਣਵਾਸ ਕੱਟ ਕੇ, ਲੰਕਾ ਫਤਿਹ ਕਰ ਕੇ, ਸੀਤਾ ਜੀ ਨੂੰ ਰਾਵਣ ਦੀ ਕੈਦ ਵਿਚੋਂ ਛੁਡਾ ਕੇ ਵਾਪਸ ਅਯੁੱਧਿਆ ਆਏ; ਉਨ੍ਹਾਂ ਆਪਣੇ ਬਾਪ ਦੇ ਰਾਜ ਤਖ਼ਤ ‘ਤੇ ਬਿਰਾਜਮਾਨ ਹੋ ਕੇ ਜਿਹੜਾ ਰਾਜ ਆਪਣੀ ਪਰਜਾ ਨੂੰ ਦਿੱਤਾ, ਉਹ ਰਾਮ ਰਾਜ ਹੈ। ਕਿਹਾ ਇਹੋ ਜਾਂਦਾ ਹੈ ਕਿ ਰਾਮ ਦੇ ਰਾਜ ਵਿਚ ਸਭ ਤਬਕਿਆਂ ਦੇ ਲੋਕ ਖੁਸ਼ ਰਹਿੰਦੇ ਸਨ। ਦਰਅਸਲ ਰਾਮ ਚੰਦਰ ਦਾ ਅਕਸ ਭਾਰਤੀਆਂ ਦੇ ਮਨਾਂ ਵਿਚ ਇਹੋ ਜਿਹਾ ਸ਼ਰਧਾ ਵਾਲਾ ਬਣਾ ਦਿੱਤਾ ਗਿਆ ਕਿ ਉਹਦੇ ਨਾਂ ‘ਤੇ ਕੀਤਾ ਪਾਪ ਦਾ ਕੰਮ ਵੀ ਪੁੰਨ ਬਣ ਜਾਂਦਾ ਹੈ। ਭਲਾ ਸ਼ੰਭੁਕ ਵਰਗੀ ਰੱਬੀ ਰੂਹ ਨੂੰ ਖੁਦ ਰਾਮ ਚੰਦਰ ਵੱਲੋਂ ਕਤਲ ਕਰਨਾ ਕਿਥੋਂ ਦਾ ਪੁੰਨ ਗਿਣਿਆ ਜਾਵੇ? ਨਿਤਾਣੀ ਇਸਤਰੀ ਨੂੰ 12 ਸਾਲ ਦਾ ਬਣਵਾਸ ਦੇਣਾ ਕਿੱਦਾਂ ਜਾਇਜ਼ਾ ਹੋਇਆ ਬਈ? ਕਿਸੇ ਦੀ ਭੈਣ ਦਾ ਨੱਕ ਵੱਢ ਦੇਣਾ ਕਿਹੜੇ ਰਾਮ ਰਾਜ ਦੀ ਮਰਿਆਦਾ ਹੋਈ? ਇਹ ਤਾਂ ਚੰਦ ਕੁ ਮਿਸਾਲਾਂ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰਾਮ ਰਾਜ ਕਿਹੋ ਜਿਹਾ ਹੋਵੇਗਾ! ਭਾਰਤ ਆਪਣੇ ਆਪ ਨੂੰ ਧਰਮੀ ਦੇਸ਼ ਕਹਾਉਂਦਾ ਰਿਹਾ ਹੈ ਪਰ ਸ਼ੂਦਰ ਨੂੰ ਰੱਬ ਦਾ ਨਾਂ ਲੈਣ ਦੀ ਵੀ ਆਗਿਆ ਨਹੀਂ ਸੀ। ਉਹਦੇ ਕੰਨ, ਸਿੱਕਾ ਪਾ ਕੇ ਬੰਦ ਕਰ ਦਿੱਤੇ ਜਾਂਦੇ ਤਾਂ ਕਿ ਉਹ ਰੱਬ ਦਾ ਨਾਂ ਸੁਣ ਵੀ ਨਾ ਸਕੇ। ਸ਼ੂਦਰ ਲਈ ਮੰਦਿਰਾਂ ਲਾਗਿਉਂ ਲੰਘਣਾ ਵੀ ਗੁਨਾਹ ਸੀ। ਭਲਾ ਇਹ ਕਿਹੋ ਜਿਹਾ ਧਰਮ ਹੋਇਆ?
ਦਰਅਸਲ ਰਾਮ ਰਾਜ ਕਾਢ ਹੈ ਬ੍ਰਾਹਮਣ ਦੇ ਚੁਸਤ ਦਿਮਾਗ ਦੀ। ਹੁਕਮਰਾਨਾਂ ਅਤੇ ਪੁਜਾਰੀ ਦੇ ਰੂਪ ਵਿਚ ਉਹ ਇਤਨੀ ਤਾਕਤ ਇਕੱਠੀ ਕਰ ਬੈਠਾ ਹੈ ਕਿ ਰਾਜ ਸਿੰਘਾਸਣ ਹਿਲਾਉਣ ਦੀ ਹੈਸੀਅਤ ਵਿਚ ਹੈ। ਆਪਣੇ ਵਿਰੁਧ ਉਠਣ ਵਾਲੀ ਹਰ ਆਵਾਜ਼ ਸਦਾ ਲਈ ਬੰਦ ਕਰਨਾ ਇਹਦੀ ਚੁਟਕੀ ਦਾ ਕੰਮ ਰਿਹਾ ਹੈ। ਰਾਮ ਰਾਜ ਦੇ ਮੁੱਦਈ ਹਿੰਦੂ ਧਰਮ ਮੁਤਾਬਿਕ ਕਾਸ਼ੀ ਸਭ ਤੋਂ ਪਵਿੱਤਰ ਜਗ੍ਹਾ ਹੈ। ਕੋਈ ਗਲੀ ਤੇ ਮੁਹੱਲਾ ਅਜਿਹਾ ਨਹੀਂ ਸੀ ਜਿੱਥੇ ਕਾਸ਼ੀ ਦਾ ਮੰਦਿਰ ਨਾ ਹੋਵੇ। ਸਵੇਰੇ ਸ਼ਾਮ ਜਿਥੇ ਮੰਦਿਰਾਂ ਦੇ ਘੜਿਆਲਾਂ ਨਾਲ ਰਾਮ ਦੀ ਆਰਤੀ ਉਤਾਰੀ ਜਾਂਦੀ ਹੋਵੇ, ਰਾਮ ਰਾਜ ਦਾ ਗੁਣਗਾਨ ਕੀਤਾ ਜਾਂਦਾ ਹੋਵੇ, ਉਸੇ ਜਗ੍ਹਾ ‘ਤੇ ਰੱਬ ਦੀ ਭਗਤੀ ਕਿਸੇ ਸ਼ੂਦਰ ਵੱਲੋਂ ਕਰਨੀ ਤੇ ਭਗਤੀ ਵੀ ਅਜਿਹੀ ਕਿ ਰੱਬ ਨਾਲ ਇੰਨਾ ਅਭੇਦ ਹੋ ਜਾਣਾ, ਇਹ ਕਿਵੇਂ ਸੰਭਵ ਹੁੰਦਾ ਭਲਾ? ਮੰਦਿਰਾਂ ਦੀਆਂ ਘੰਟੀਆਂ ਵਜਾਉਣ ਵਾਲੇ ਤਾਂ ਨਹੀਂ ਨਾ ਅਜਿਹਾ ਕਰ ਸਕਦੇ, ਜਿਨ੍ਹਾਂ ਨੇ ਰਾਮ ਨੂੰ ਜ਼ਰੀਆ ਬਣਾਇਆ ਹੋਇਆ ਸੀ ਜਨਤਾ ਨੂੰ ਲੁੱਟਣ ਅਤੇ ਦਬਾਉਣ ਦਾ। ਫਿਰ ਕਾਸ਼ੀ ਦੇ ਮੰਦਿਰਾਂ ਕੋਲੋਂ ਜੁੱਤੀਆਂ ਬਣਾਉਣ ਵਾਲੇ ਕੋਠੇ ਵਿਚੋਂ ਜਿਹੜੀ ਰੱਬੀ ਆਵਾਜ਼ ਉਠੀ, ਉਹਨੇ ਇਨ੍ਹਾਂ ਮੰਦਿਰਾਂ ਵਿਚ ਹੁੰਦੀ ਬੁੱਤਾਂ ਦੀ ਆਰਤੀ ਨੂੰ ਉਸ ਸੱਚੇ ਪਰਵਰਦਗਾਰ ਦੀ ਆਰਤੀ ਉਚਾਰ ਕੇ ਅਜਿਹਾ ਬੰਨ੍ਹ ਮਾਰਿਆ ਕਿ ਪੁਜਾਰੀ ਦੀ ਆਰਤੀ ਮੰਦਿਰ ਤੱਕ ਸੀਮਤ ਹੋ ਗਈ, ਤੇ ਉਸ ਸੱਚੇ-ਸੁੱਚੇ ਕਿਰਤੀ ਭਗਤ ਰਵਿਦਾਸ ਦੀ ਆਰਤੀ ਦੀ ਸੁਗੰਧੀ ਸਾਰੇ ਬ੍ਰਹਿਮੰਡ ਵਿਚ ਅਜਿਹੀ ਫੈਲੀ ਕਿ ਜੁਗੋ-ਜੁਗ ਅਟਲ ਹੋ ਗਈ। ਬ੍ਰਾਹਮਣ ਪੁਜਾਰੀ ਦੀ ਨਜ਼ਰ ਵਿਚਲਾ ਸ਼ੂਦਰ ਜਿਸ ਨੂੰ ਰੱਬ ਦੇ ਨਾਂ ਲੈਣ ਦੀ ਵੀ ਮਨਾਹੀ ਸੀ, ਉਹਨੇ ਭਗਤੀ ਕਰ ਕੇ ਗੁਰਬਾਣੀ ਦੇ ਮਹਾਂਵਾਕ ਮੁਤਾਬਿਕ ‘ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ॥’ ਉਹ ਰੱਬ ਦੀ ਮਿਹਰ ਸਦਕਾ ਪਾਤਸ਼ਾਹੀ ਦੇ ਰੁਤਬੇ ‘ਤੇ ਪਹੁੰਚ ਗਿਆ ਜਿਸ ਦੇ ਸਿਰ ‘ਤੇ ਵਾਹਿਗੁਰੂ ਦਾ ਬਖਸ਼ਿਆ ਛਤਰ ਝੁੱਲਣ ਲੱਗ ਪਿਆ।
ਭਗਤੀ ਮਾਰਗ ‘ਖੰਨਿਅਹੁ ਤਿਖੀ ਵਾਲਹੁ ਨਿਕੀ’ ਵਾਲਾ ਹੈ, ਕਿਸੇ ਵਿਰਲੇ ਵਿਚ ਹੀ ਹਿੰਮਤ ਸੀ ਇਸ ‘ਤੇ ਚੱਲਣ ਦੀ। ਸਭ ਤੋਂ ਵੱਧ ਅੜਿੱਕਾ ਰਾਮ ਰਾਜ ਹੀ ਬਣਦਾ। ਫਿਰ ਕੋਈ ਭਗਤ ਰਵਿਦਾਸ ਨਿਤਰਿਆ ਬਿਪਰ ਦੇ ਰਾਮ ਚੰਦਰ ਨੂੰ ਚੁਣੌਤੀ ਦੇਣ ਲਈ। ਉਸ ਉਚਾਰੀ ਸੱਚੀ ਬਾਣੀ, ‘ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥’ ਇਸ ਸ਼ਬਦ ਦਾ ਸਿੱਧਾ ਸਬੰਧ ਇਨਸਾਨੀ ਜੀਵਨ ਨਾਲ ਹੈ। ਜੋ ਸਿੱਖਿਆ ਇਹ ਸ਼ਬਦ ਦਿੰਦਾ ਹੈ, ਜੇ ਹਰ ਇਨਸਾਨ ਉਸ ਦਾ ਧਾਰਨੀ ਬਣ ਜਾਵੇ ਤਾਂ ਉਹ ਖੁਦ ਬੇਗਮ ਪੁਰਾ ਹੋ ਨਿਬੜਦਾ। ਜਦੋਂ ਸਾਰੇ ਇਨਸਾਨੀ ਜੀਵ ਬੇਗਮਪੁਰਾ ਬਣ ਜਾਣ ਤਾਂ ਸਾਰਾ ਬ੍ਰਹਿਮੰਡ ਹੀ ਬੇਗਮ ਪੁਰਾ ਹੋ ਜਾਂਦਾ ਹੈ। ਜਿਥੇ ਹੁਕਮ ਸਦਾ ਰਹਿਣ ਵਾਲੇ ਸੱਚੇ ਪਾਤਸ਼ਾਹ ਦਾ ਚੱਲਦਾ ਹੈ, ਕਿਸੇ ਪੁਜਾਰੀ ਦਾ ਨਹੀਂ। ਇਸ ਬੇਗਮ ਪੁਰੇ ਨੂੰ ਸਿਰਜਣ ਲਈ ਬਹੁਤ ਵੱਡੀਆਂ ਹਿੰਮਤਾਂ ਮਾਰਨੀਆਂ ਪੈਂਦੀਆਂ ਹਨ, ਬੇਮਿਸਾਲ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ। ਬਾਬਰ ਨੂੰ ਜਾਬਰ ਕਹਿਣ ਦਾ ਹੌਸਲਾ ਕਰਨਾ ਪੈਂਦਾ ਹੈ। ਨਿਰਾ ਸ਼ਬਦ ਦਾ ਕੀਰਤਨ ਸੁਣ ਕੇ ਜਾਂ ਮਹਾਂਪੁਰਸ਼ਾਂ ਦੇ ਅਵਤਾਰ ਪੁਰਬਾਂ ‘ਤੇ ਨਗਰ ਕੀਰਤਨਾਂ ਮੋਹਰੇ ਕਿਸੇ ਚਾਲੂ ਗੀਤਕਾਰ ਦਾ ਲਿਖਿਆ ਬੇਗਮ ਪੁਰਾ ਗਾ ਕੇ, ਤੇ ਕਿਸੇ ਹੋਰ ਤਬਕੇ ਵੱਲ ਨੰਗੀਆਂ ਤਲਵਾਰਾਂ ਲਹਿਰਾ ਕੇ ਬੇਗਮ ਪੁਰਾ ਤਾਂ ਕੀ ਸਿਰਜਣਾ, ਭਾਈਚਾਰਾ ਵੀ ਤੋੜਨ ਵਾਲੀ ਗੱਲ ਕੀਤੀ ਜਾਂਦੀ ਹੈ। ਇਸ ਸ਼ਬਦ ਦਾ ਇਕ-ਇਕ ਲਫ਼ਜ਼ ਬੇਗਮ ਪੁਰਾ ਉਸਾਰਦਾ। ਬੇਗਮਪੁਰੇ ਦੇ ਵਾਸੀਆਂ ਨੂੰ ਸਦਾ ਇਹ ਹਿਰਦੇ ਵਿਚ ਵਸਾ ਕੇ ਰੱਖਣਾ ਪੈਣਾ, ‘ਭੈ ਕਾਹੂੰ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥’
ਗੁਰੂ ਸਾਹਿਬ ਦੇ ਨਿਰਮਲ ਪੰਥ ਵਿਚ ਜਾਤ ਆਧਾਰਤ ਊਚ-ਨੀਚ, ਭਿੱਟ ਲਈ ਕੋਈ ਥਾਂ ਨਹੀਂ। ਉਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਲੱਭ-ਲੱਭ ਕੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਤਾਂ ਕਿ ਰਹਿੰਦੀ ਦੁਨੀਆਂ ਤੱਕ ਇਹਦੀ ਰੁਸ਼ਨਾਈ ਮਨੁੱਖਤਾ ਨੂੰ ਸੱਚਾ ਤੇ ਸਹੀ ਰਸਤਾ ਦਿਖਾਉਂਦੀ ਰਹੇ। ਇਹ ਵੀ ਭਾਰਤੀ ਸਭਿਅਤਾ ਦੇ ਧਾਰਮਿਕ ਜਗਤ ਵਿਚ ਪਹਿਲੀ ਵਾਰ ਹੋਇਆ ਕਿ ਮਨੂੰਵਾਦ ਦੀਆਂ ਧੱਜੀਆਂ ਉਡਾ ਕੇ ਉਸ ਵੱਲੋਂ ਐਲਾਨੀਆਂ ਨੀਚ ਜਾਤਾਂ ਨੂੰ ਧਰਮ ਗ੍ਰੰਥ ਵਿਚ ਸਰਵੋਤਮ ਥਾਂ ਦੇ ਕੇ ਉਨ੍ਹਾਂ ਦੀ ਬਾਣੀ ਨੂੰ ਰੱਬੀ ਬਾਣੀ ਬਣਾਇਆ। ਇਹ ਗੁਰੂ ਸਾਹਿਬ ਦਾ ਯੁੱਗ ਪਲਟਾਊ ਕਰਮ ਸੀ ਜਿਸ ਦੀ ਉਨ੍ਹਾਂ ਨੂੰ ਕੀਮਤ ਤੱਤੀ ਤਵੀ ‘ਤੇ ਬੈਠ ਕੇ ਤਾਰਨੀ ਪਈ ਕਿਉਂਕਿ ਬਿਪਰ ਨੂੰ ਉਸ ਵੱਲੋਂ ਐਲਾਨੀਆਂ ਨੀਚ ਜਾਤਾਂ ਨੂੰ ਬਰਾਬਰ ਦਾ ਰੁਤਬਾ ਦੇਣਾ ਕਦੇ ਵਾਰਾ ਨਹੀਂ ਸੀ ਖਾਂਦਾ। ਮਨੂੰਵਾਦ ਦੇ ਸੰਘੋਂ ਇਹ ਸੱਚੇ ਸੁੱਚੇ ਬੋਲ ਕਿੱਦਾਂ ਥੱਲੇ ਲੰਘਣ, ‘ਕਾਇਮੁ ਦਾਇਮੁ ਸਦਾ ਪਾਤਸਾਹੀ ਦੋਮ ਨ ਸੇਮ ਏਕ ਸੋ ਆਹੀ॥’
ਰਾਮ ਰਾਜ ਦੇ ਪੁਜਾਰੀ ਨੂੰ ਅਕਾਲ ਪੁਰਖ ਦੀ ਸਦਾ ਸਥਿਰ ਪਾਤਸ਼ਾਹੀ ਤੋਂ ਭੈਅ ਰਹਿੰਦਾ ਹੈ ਕਿਉਂਕਿ ਅਕਾਲ ਪੁਰਖ ਦੇ ਰਾਜ ਵਿਚ ਕੋਈ ਦੂਜੇ-ਤੀਜੇ ਦਰਜੇ ਦਾ ਸ਼ਹਿਰੀ ਨਹੀਂ ਹੁੰਦਾ। ਜਿਥੇ ਕੋਈ ਕਿਸੇ ਦੀ ਲੁੱਟ ਕਰਨ ਦਾ ਜਿਗਰਾ ਨਹੀਂ ਕਰ ਸਕਦਾ। ਜ਼ਿੰਦਗੀ ਜਿਉਣ ਦੇ ਢੰਗ ਦਾ ਕਿੰਨਾ ਵੱਡਾ ਫਲਸਫਾ ਇਸ ਸ਼ਬਦ ਵਿਚ ਸਮੋਇਆ ਹੋਇਆ ਹੈ, ‘ਨਾਂ ਤਸਵੀਸ ਖਿਰਾਜੁ ਨਾ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥’ ਬੇਗਮ ਪੁਰੇ ਦੇ ਵਾਸੀ ਕਦੇ ਕਿਸੇ ਨੂੰ ਜਬਰੀ ਟੈਕਸ ਨਹੀਂ ਭਰਨਗੇ, ਨਾ ਹੀ ਖੌਫ ਦੀ ਜ਼ਿੰਦਗੀ ਜਿਉਣਗੇ ਅਤੇ ਨਾ ਹੀ ਕਿਸੇ ਦੇ ਤਰਸ ਦੇ ਪਾਤਰ ਬਣ ਕੇ ਖੈਰਾਤ ਲੈ ਕੇ ਜ਼ਿੰਦਗੀ ਕੱਢਣਗੇ। ਉਹ ਗਰਜ਼ਾਂ ਪਿੱਛੇ ਕਦੇ ਕਿਸੇ ਦੀਆਂ ਲੇਲੜੀਆਂ ਨਹੀਂ ਕੱਢਣਗੇ, ਖੁਦ ਨਸੀਬ ਬਣਾਉਣਗੇ ਹੱਥੀਂ ਕਿਰਤ ਕਰ ਕੇ। ਬੇਗਮਪੁਰੇ ਵਿਚ ਕੋਈ ਬਿਪਰਵਾਦੀ ਉਨ੍ਹਾਂ ਦਾ ਰਾਹ ਰੋਕਣ ਦੀ ਹਿੰਮਤ ਨਹੀਂ ਕਰ ਸਕੇਗਾ। ਬੇਗਮ ਪੁਰੀਆਂ ਵਿਚ ਨਫ਼ਰਤ ਨਾਂ ਦੀ ਚੀਜ਼ ਕੋਈ ਹੋ ਹੀ ਨਹੀਂ ਸਕੇਗੀ, ਕਿਉਂਕਿ ਸਾਰੇ ਹੀ ਤਾਂ ਭਰਾ ਹੋਣਗੇ।
ਭਗਤ ਰਵਿਦਾਸ ਦੇ ਇਸ ਬੇਗਮ ਪੁਰੇ ਨੂੰ ਅਮਲੀ ਰੂਪ ਦੇਣ ਲਈ ਗੁਰੂ ਸਾਹਿਬਾਨ ਨੇ ਬਾਬੇ ਨਾਨਕ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ। ਕਿਹੜੀ ਢੁੱਚਰ ਹੈ ਜਿਹੜੀ ਰਾਮ ਰਾਜ ਦੇ ਪੁਰੋਹਿਤਾਂ ਨੇ ਬਾਬੇ ਨਾਨਕ ਦੇ ਮੋਹਰੇ ਨਾ ਡਾਹੀ ਹੋਵੇ ਪਰ ਧੰਨ ਬਾਬਾ ਨਾਨਕ! ਉਹ ਤੁਰ ਪਿਆ ਦੇਸ਼ਾਂ-ਵਿਦੇਸ਼ਾਂ ਨੂੰ ਲੰਮੀਆਂ ਉਦਾਸੀਆਂ ‘ਤੇ, ਲੋਕਾਂ ਨੂੰ ਹੋਕਰੇ ਮਾਰਦਾ ਕਿ ਬਣ ਜਾਓ ਬੇਗਮ ਪੁਰੇ ਦੇ ਵਾਸੀ। ਇਹਦੇ ਲਈ ਭਾਵੇਂ ਉਹਨੂੰ ਕੈਦੀ ਬਣ ਕੇ ਚੱਕੀ ਵੀ ਪੀਹਣੀ ਪਈ ਪਰ ਬਾਬਾ ਪਿੱਛੇ ਨਾ ਹਟਿਆ। ਉਹ ਤਾਂ ਸਗੋਂ ਰੱਬ ਨੂੰ ਡਟ ਕੇ ਕਹਿੰਦਾ, ‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨਾ ਆਇਆ॥’
ਗੁਰੂ ਨਾਨਕ ਨੂੰ ਤਾਂ ਪਤਾ ਸੀ ਕਿ ਜਿਸ ਨਿਰਮਲ ਪੰਥ ਨੇ ਬੇਗਮ ਪੁਰਾ ਸਿਰਜਣਾ, ਉਹਨੂੰ ਦੋ ਵੱਡੀਆਂ ਆਫ਼ਤਾਂ ਨੇ ਘੇਰਨਾ ਹੈ। ਪਹਿਲੀ ਪੁਜਾਰੀਆਂ ਦੀ, ਤੇ ਦੂਜੀ ਮੌਕੇ ਦੇ ਹਾਕਮਾਂ ਦੀ। ਤਾਂ ਹੀ ਉਨ੍ਹਾਂ ਨੇ ਕਿਹਾ ਸੀ, ‘ਰਾਜੇ ਸੀਹ ਮੁਕਦਮ ਕੁਤੇ॥’ ਜਦੋਂ ਇਹ ਦੋਵੇਂ ਤਾਕਤਾਂ ਇਕੱਠੀਆਂ ਹੋ ਜਾਂਦੀਆਂ, ਫਿਰ ਇਹ ਆਮ ਲੋਕਾਂ ਲਈ ਪਰਲੋ ਵਰਗੇ ਹਾਲਾਤ ਪੈਦਾ ਕਰ ਦਿੰਦੀਆਂ। ਇਹ ਕਿਸੇ ਨੂੰ ਸੱਚੀ ਸ਼ਰਧਾ ਨਾਲ ਰੱਬ ਦਾ ਨਾਂ ਲੈਣ ਤੋਂ ਵੀ ਵਰਜ ਦਿੰਦੀਆਂ। ਗੁਰੂ ਅਰਜਨ ਦੇਵ ਤੱਕ ਸਾਰੇ ਗੁਰੂ ਸਾਹਿਬਾਨ ਨੇ ਧਰਮ ਦੇ ਨਾਲ-ਨਾਲ ਸਮਾਜ ਦੇ ਭਲੇ ਵਾਲੇ ਕੰਮ ਕੀਤੇ। ਪਾਣੀ ਲਈ ਸਭ ਲੋਕਾਂ ਲਈ ਸਾਂਝੇ ਖੂਹ ਪੁਟਵਾਏ, ਬਾਉਲੀਆਂ ਬਣਾਈਆਂ। ਬਾਗ ਲਵਾਏ। ਗੁਰਮੁਖੀ ਲਿਪੀ ਹੋਂਦ ਵਿਚ ਲਿਆਂਦੀ। ਮਦਰੱਸੇ ਖੋਲ੍ਹੇ। ਸਰਬ ਸਾਂਝੀਵਾਲਤਾ ਲਈ ਸਰੋਵਰ ਬਣਵਾਏ। ਲੰਗਰ ਚਲਾਏ। ਦਾਨ ਦਾ ਪੈਸਾ ਸਮਾਜ ਸੇਵਾ ਲਈ ਵਰਤਣਾ ਸ਼ੁਰੂ ਕੀਤਾ।æææਫਿਰ ਕਿਉਂ ਗੁਰੂ ਅਰਜਨ ਦੇਵ ਨੂੰ ਸ਼ਹੀਦ ਕੀਤਾ ਗਿਆ? ਕਾਰਨ ਸੀ ਕਿ ਉਹ ਬੇਗਮ ਪੁਰਾ ਸਿਰਜਣ ਵੱਲ ਤੁਰੇ ਸਨ ਜਿਹੜਾ ਪੁਜਾਰੀ ਤੇ ਹਾਕਮ, ਦੋਹਾਂ ਨੂੰ ਕਤੱਈ ਨਹੀਂ ਸੀ ਭਾਉਂਦਾ; ਤੇ ਸੱਚ ਇਹੋ ਹੈ ਕਿ ਅੱਜ ਵੀ ਨਹੀਂ ਭਾਉਂਦਾ।
ਗੁਰੂ ਹਰਗੋਬਿੰਦ ਰਾਏ ਨੇ ਇਹ ਸ਼ਿੱਦਤ ਨਾਲ ਮਹਿਸੂਸ ਕਰ ਲਿਆ ਕਿ ਜਿਹੜਾ ਬੇਗਮ ਪੁਰਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋ ਗਿਆ, ਉਹਦੀ ਸਿਰਜਣਾ ਦੇ ਨਾਲ-ਨਾਲ ਰਾਖੀ ਵੀ ਕਰਨੀ ਪੈਣੀ ਹੈ, ਤੇ ਰਾਖੀ ਤਾਂ ਹੀ ਮੁਮਕਿਨ ਹੋਵੇਗੀ ਜੇ ਸੱਚੇ ਪਾਤਸ਼ਾਹ ਦੀ ਬੰਦਗੀ ਦੇ ਨਾਲ-ਨਾਲ ਸ਼ਕਤੀ ਵੀ ਕੋਲ ਰੱਖੀਏ। ਉਨ੍ਹਾਂ ਨੇ ਕਿਸੇ ਸਿੱਖ ਦੀ ਡਿਊਟੀ ਨਹੀਂ ਲਾਈ, ਪਈ ਤੂੰ ਰਾਖੀ ਕਰ। ਉਨ੍ਹਾਂ ਨੇ ਖੁਦ ਦੋ ਕਿਰਪਾਨਾਂ ਪਹਿਨ ਕੇ ਰਾਖੀ ਦਾ ਬੀੜਾ ਚੁੱਕਿਆ। ਉਹ ਇਥੇ ਤੱਕ ਹੀ ਸੀਮਤ ਨਹੀਂ ਰਹੇ, ਦਿੱਲੀ ਤਖ਼ਤ ਦੇ ਬਾਦਸ਼ਾਹਾਂ ਨੂੰ ਇਹ ਜਤਲਾਉਣ ਲਈ ਕਿ ਤੁਸੀਂ ਜਿਹੜੀਆਂ ਕੁ-ਚਾਲਾਂ ਬੇਗਮ ਪੁਰੇ ਨੂੰ ਢਾਹ ਲਾਉਣ ਲਈ ਹਰ ਵਕਤ ਚਲਦੇ ਰਹਿੰਦੇ ਹੋ, ਹੁਣ ਉਸ ਦਾ ਆਪਣਾ ਸੱਚਾ ਤਖ਼ਤ ‘ਅਕਾਲ ਤਖਤ’ ਸਥਾਪਤ ਹੋ ਗਿਆ ਹੈ। ਵੰਗਾਰ ਸੀ ਇਹ ਗੁਰੂ ਸਾਹਿਬ ਦੀ ਹੁਕਮਰਾਨਾਂ ਨੂੰ, ਤੇ ਦੂਜੇ ਰਾਮ ਰਾਜ ਦੇ ਮੁਦੱਈਆਂ ਨੂੰ, ਕਿ ਬੇਗਮ ਪੁਰਾ ਹੁਣ ਅੱਗਿਉਂ ਨਿਹੱਥਾ ਨਹੀਂ ਹੋਵੇਗਾ। ਗੁਰੂ ਸਾਹਿਬ ਨੂੰ ਫਿਰ ਅਣਚਾਹੀਆਂ ਚਾਰ ਜੰਗਾਂ ਵੀ ਲੜਨੀਆਂ ਪੈ ਗਈਆਂ। ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਵੀ ਹੋਣਾ ਪੈ ਗਿਆ ਪਰ ਬੇਗਮ ਪੁਰੇ ਦਾ ਤਾਅ ਮੱਠਾ ਨਹੀਂ ਹੋਣ ਦਿੱਤਾ।
ਗੁਰੂ ਤੇਗ ਬਹਾਦਰ ਜਦ ਗੁਰਗੱਦੀ ‘ਤੇ ਬੈਠੇ ਤਾਂ ਉਸ ਵਕਤ ਤੱਕ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ‘ਤੇ ਗੁਰੂ ਅੰਸ਼ਾਂ-ਵੰਸ਼ਾਂ ਵਾਲੇ ਬੇਦੀਆਂ, ਤ੍ਰੇਹਨਾਂ ਅਤੇ ਭੱਲਿਆਂ ਨੇ ਆਪਣਾ ਪਹਿਰਾ ਕਰ ਲਿਆ ਸੀ ਜਿਸ ਤੋਂ ਗੁਰੂ ਸਾਹਿਬ ਵਰਜ ਗਏ ਸਨ। ਬਾਬਾ ਬਕਾਲੇ ਤਾਂ ਗੁਰੂ ਤੇਗ ਬਹਾਦਰ ਨੇ ਅੱਖੀਂ ਦੇਖ ਲਿਆ ਸੀ ਕਿ ਉਹਦੇ ਪਰਿਵਾਰ ਵਾਲੇ ਗੁਰੂਡੰਮ ਚਲਾ ਕੇ ਸਿੱਖਾਂ ਨੂੰ ਕਿਵੇਂ ਲੁੱਟ ਰਹੇ ਸਨ। ਬੇਗਮ ਪੁਰੇ ਨੂੰ ਢਾਹ ਹੁਕਮਰਾਨਾਂ ਅਤੇ ਰਾਮ ਰਾਜੀਆਂ ਨੇ ਤਾਂ ਲਾਈ ਸੋ ਲਾਈ, ਆਹ ਗੁਰੂ ਕੁਲਾਂ ਵੀ ਪਿੱਛੇ ਨਾ ਰਹੀਆਂ। ਗੁਰੂ ਸਾਹਿਬ ਨੂੰ ਕਿਸੇ ਅਜਿਹੇ ਸਥਾਨ ਦੀ ਲੋੜ ਸੀ ਜਿਥੇ ਹੁਕਮਰਾਨਾਂ ਦੀ ਨਿਗ੍ਹਾ ਵੀ ਨਾ ਪਵੇ, ਤੇ ਗੁਰੂਡੰਮੀਏ ਵੀ ਨੇੜੇ ਨਾ ਲੱਗ ਸਕਣ। ਜਿਥੋਂ ਗੁਰੂ ਨਾਨਕ ਦੇ ਚਲਾਏ ਪੰਥ ਦਾ ਪ੍ਰਚਾਰ ਬਿਨਾਂ ਕਿਸੇ ਖੌਫ ਦੇ ਹੋਵੇ।
ਗੁਰੂ ਸਾਹਿਬ ਨੂੰ ਇਹ ਵੀ ਪਤਾ ਸੀ ਕਿ ਮੀਰੀ-ਪੀਰੀ ਦਾ ਜਿਹੜਾ ਸਿਧਾਂਤ ਉਨ੍ਹਾਂ ਦੇ ਪਿਤਾ ਜੀ ਦੇ ਗਏ, ਉਸ ਨੂੰ ਅਗਾਂਹ ਸੰਤ-ਸਿਪਾਹੀ ਤੱਕ ਲਿਜਾਣਾ ਬਹੁਤ ਜ਼ਰੂਰੀ ਹੈ; ਤਾਂ ਹੀ ਬੇਗਮ ਪੁਰੇ ਦੇ ਵਾਸੀ ਬਣ ਸਕਾਂਗੇ। ਸੋਚ ਵਿਚਾਰ ਕੇ ਹੀ ਉਨ੍ਹਾਂ ਪਿੰਡ ਮਾਖੋਵਾਲ (ਅਨੰਦਪੁਰ ਸਾਹਿਬ) ਖਰੀਦਿਆ। ਇਹ ਥਾਂ ਹਾਕਮਾਂ ਤੋਂ ਵੀ ਮਹਿਫ਼ੂਜ਼ ਲੱਗਦਾ ਸੀ ਕਿਉਂਕਿ ਸਤਲੁਜ ਦਰਿਆ ਤੇ ਦੁਆਬੇ ਦੇ ਜੰਗਲ ਅੱਗੇ ਪੈਂਦੇ ਸਨ। ਦੂਜੇ ਪਾਸੇ ਪਹਾੜੀਆਂ ਸਨ। ਸ਼ਾਇਦ ਇਹ ਵੀ ਉਨ੍ਹਾਂ ਨੇ ਵਿਚਾਰਿਆ ਹੋਵੇਗਾ ਕਿ ਇਹ ਉਹੋ ਪਹਾੜੀ ਰਾਜੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਨੇ ਮੁਗ਼ਲ ਹਕੂਮਤ ਤੋਂ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾ ਕਰਵਾਇਆ ਸੀ। ਉਂਜ ਬਾਅਦ ਵਿਚ ਇਹੋ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਨਾਲ ਖਾਰ ਖਾ ਗਏ। ਇਹੋ ਅਨੰਦਪੁਰ ਸਾਹਿਬ ਇਕ ਵਾਰ ਬੇਗਮ ਪੁਰਾ ਸਿਰਜਿਆ ਗਿਆ ਜਿਥੇ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ ਤੇ ਨਿਓਟਿਆਂ ਨੂੰ ਓਟ ਮਿਲਣ ਲੱਗ ਪਈ। ‘ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ॥’ ਇਹਦੀ ਧਾਂਕ ਕਸ਼ਮੀਰ ਤੱਕ ਪਹੁੰਚ ਗਈ। ਉਥੋਂ ਹਾਕਮਾਂ ਦੇ ਸਤਾਏ ਅਤੇ ਆਪਣੇ ਹੀ ਧਰਮ ਦੇ ਰਾਜਿਆਂ ਵੱਲੋਂ ਮੂੰਹ ਫੇਰ ਲੈਣ ‘ਤੇ ਕਸ਼ਮੀਰੀ ਬ੍ਰਾਹਮਣਾਂ ਨੂੰ ਬੇਗਮ ਪੁਰੇ ਦੀ ਲੋਅ ਅਨੰਦਪੁਰ ਸਾਹਿਬ ਤੋਂ ਆਉਂਦੀ ਦਿਸੀ। ਉਹ ਆਣ ਫ਼ਰਿਆਦੀ ਹੋਏ ਤੇ ਬੇਗਮ ਪੁਰੇ ਦਾ ਸਿਰਜਣਹਾਰਾ ਖੁਦ ਤੁਰ ਪਿਆ ਉਨ੍ਹਾਂ ਦੇ ਖ਼ੌਫ ਦਾ ਅੰਤ ਕਰਨ ਦਿੱਲੀ ਨੂੰ, ਤੇ ਜਾ ਕਟਵਾਇਆ ਆਪਣਾ ਹੀ ਸੀਸ, ਤਾਂ ਕਿ ਬੇਗਮਪੁਰਾ ਕਾਇਮ ਰਹੇ।
ਨੌਂ ਸਾਲ ਦੀ ਛੋਟੀ ਉਮਰ ਵਿਚ ਹੀ ਗੋਬਿੰਦ ਰਾਏ ਉਤੇ ਪੰਥ ਨੂੰ ਅਗਲੀ ਸੇਧ ਦੇਣ ਦੀ ਜ਼ਿੰਮੇਵਾਰੀ ਆ ਗਈ। ਉਮੀਦ ਤੋਂ ਉਲਟ, ਗੁਰੂ ਸਾਹਿਬ ਨੇ ਦੇਖਿਆ ਕਿ ਇਨ੍ਹਾਂ ਪਹਾੜੀਆਂ ਰਾਜਿਆਂ ਵਿਚ ਬੇਗਮ ਪੁਰੇ ਵਾਲੀ ਆਜ਼ਾਦੀ ਮਾਣਨ ਦੀ ਤਾਂਘ ਹੀ ਖਤਮ ਹੋ ਚੁੱਕੀ ਸੀ। ਉਹ ਦਿੱਲੀ ਹਕੂਮਤ ਦੀ ਗੁਲਾਮੀ, ਆਪਣੇ ਜ਼ਿਹਨ ਵਿਚ ਇਸ ਕਦਰ ਕਬੂਲੀ ਬੈਠੇ ਸਨ ਕਿ ਆਪਣੇ ਹੀ ਜੰਞੂ ਧਾਰਕ ਹਿੰਦੂ ਭਰਾਵਾਂ ਨਾਲ ਹੁੰਦੀ ਵਧੀਕੀ ਨੂੰ ਵੀ ਅਣਗੌਲਿਆ ਕਰਦੇ ਰਹੇ। ਗੁਰੂ ਸਾਹਿਬ ਦਾ ਆਜ਼ਾਦਾਨਾ ਸੁਭਾਅ ਇਨ੍ਹਾਂ ਨੂੰ ਅੱਖੜਨ ਲੱਗ ਪਿਆ। ਗੁਰੂ ਸਾਹਿਬ ਦੇ ਬੇਗਮ ਪੁਰੇ ਦੇ ਸਿਧਾਂਤ ‘ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਰਹਮ ਮਹਲ ਨ ਕੋ ਅਟਕਾਵੈ॥’ ਮੁਤਾਬਕ ਪਹਾੜੀ ਇਲਾਕਿਆਂ ਵਿਚ ਨਗਾਰੇ ਦੀ ਚੋਟ ‘ਤੇ ਗੁਰੂ ਜੀ ਦਾ ਸ਼ਿਕਾਰ ਨੂੰ ਨਿਕਲਣਾ, ਇਨ੍ਹਾਂ ਦੇ ਦਿਲ ਵਿਚ ਹੌਲ ਪਾਉਣ ਲੱਗ ਪਿਆ। ਇਹ ਅਹਿਸਾਨ ਭੁੱਲ ਕੇ, ਕਿ ਇਸੇ ਗੁਰੂ ਦੇ ਬਾਬੇ ਨੇ ਕੈਦ ਵਿਚੋਂ ਛੁਡਾਇਆ ਸੀ, ਉਸੇ ਖ਼ਿਲਾਫ਼ ਸਾਜ਼ਿਸ਼ਾਂ ਗੁੰਦਣ ਲੱਗ ਪਏ। ਗੁਰੂ ਸਾਹਿਬ ਦੇ ਹਰ ਕੰਮ ਦੀ ਖੁਫੀਆ ਰਿਪੋਰਟ ਮੁਗਲ ਹਕੂਮਤ ਨੂੰ ਭੜਕਾ ਕੇ ਦਿੱਤੀ ਜਾਂਦੀ। 1699 ਦੀ ਵਿਸਾਖੀ ਵਾਲਾ ਖਾਲਸਈ ਜਲੌਅ ਨਾ ਇਨ੍ਹਾਂ ਪਹਾੜੀ ਰਾਜਿਆਂ ਤੋਂ ਝੱਲਿਆ ਗਿਆ, ਤੇ ਨਾ ਮੁਗਲ ਹਕੂਮਤ ਤੋਂ। ਇਹ ਗੁਰੂ ਸਾਹਿਬ ਵਿਰੁਧ ਇਸ ਕਦਰ ਉਲਾਰ ਹੋ ਗਏ ਕਿ ਅਨੰਦਪੁਰ ਸਾਹਿਬ ਜੋ ਸਿੱਖਾਂ ਦਾ ਬੇਗਮ ਪੁਰਾ ਸੀ, ਨੂੰ ਸ਼ਾਹੀ ਫੌਜਾਂ ਨਾਲ ਲੈ ਕੇ ਘੇਰਾ ਪਾ ਲਿਆ। ਮਹੀਨਿਆਂ ਬੱਧੀ ਬੈਠੇ ਰਹੇ ਘੇਰ ਕੇ, ਪਰ ਬੇਗਮ ਪੁਰੇ ਵਾਲੇ ਇਸ ਰਜ਼ਾ ਵਿਚ ਵੀ ਖੁਸ਼ ਸਨ। ਫਿਰ ਵਾਹ ਚੱਲਦੀ ਨਾ ਦੇਖ ਕੇ ਇਹ ਆਪਣੀ ਔਕਾਤ ‘ਤੇ ਆ ਗਏ। ਖਾ ਲਈਆਂ ਝੂਠੀਆਂ ਕਸਮਾਂ, ਤੇ ਫਿਰ ਮੁੱਕਰ ਗਏ ਇਨ੍ਹਾਂ ਵਾਅਦਿਆਂ ਤੋਂ; ਕਿ ਇਕ ਵਾਰ ਅਨੰਦਪੁਰ ਸਾਹਿਬ ਖਾਲੀ ਕਰ ਕੇ ਚਲੇ ਜਾਓ, ਕੋਈ ਲੜਾਈ ਨਹੀਂ ਹੋਵੇਗੀæææ ਬੇਇਤਬਾਰੇ ਨਿਕਲੇ। ਘੇਰ ਲਿਆ ਗੁਰੂ ਦੀ ਵਹੀਰ ਨੂੰ ਸਿਰਸਾ ਦਰਿਆ ਦੇ ਕੰਢੇ ‘ਤੇ। ਵਿਛੋੜ ਦਿੱਤਾ ਸਾਰਾ ਪਰਿਵਾਰ।
ਦੁਨੀਆਂ ਵਿਚ ਹਰ ਜੰਗ ਕਿਸੇ ਮਕਸਦ ਲਈ ਲੜੀ ਜਾਂਦੀ ਹੈ ਜਿਹਦੇ ਪਿੱਛੇ ਉਹੀ ਤਿੰਨ ਕਾਰਨ ਦੱਸੇ ਜਾਂਦੇ ਰਹੇ, ਪਰ ਗੁਰੂ ਸਾਹਿਬ ਨਾਲ ਚਮਕੌਰ ਸਾਹਿਬ ਦੀ ਜੰਗ ਕਿਉਂ ਲੜੀ? ਕਿਉਂ ਸ਼ਹੀਦ ਕੀਤੇ ਸਿੱਖ ਤੇ ਦੋਵੇਂ ਸਾਹਿਬਜ਼ਾਦੇ? ਇਸ ਜੰਗ ਪਿੱਛੇ ਤਾਂ ਉਹ ਤਿੰਨੇ ਕਾਰਨ ਨਹੀਂ ਸਨ। ਕਾਰਨ ਸੀ ਇਕੋ, ਕਿ ਬੇਗਮ ਪੁਰੇ ਦੇ ਵਾਸੀ ਬਣ ਕੇ ਨਹੀਂ ਰਹਿਣ ਦੇਣਾ। ਸਰਹਿੰਦ ਦੇ ਨਵਾਬ ਨੇ ਛੋਟੇ ਸਾਹਿਬਜ਼ਾਦਿਆਂ ‘ਤੇ ਕਿਉਂ ਮੁਕੱਦਮਾ ਚਲਾਇਆ? ਉਨ੍ਹਾਂ ਦਾ ਤਾਂ ਕੋਈ ਗੁਨਾਹ ਨਹੀਂ ਸੀ! ਗੁਨਾਹ ਸੀ ਤਾਂ ਬੱਸ ਇਹੋ, ਕਿ ਉਹ ਉਸ ਬਾਪ ਦੇ ਬੇਟੇ ਸਨ ਜਿਹੜਾ ਬੇਗਮ ਪੁਰੇ ਦਾ ਰਾਖਾ ਸੀ। ਬੱਸ, ਨੀਹਾਂ ਵਿਚ ਚਿਣਾ ਦਿੱਤੇ। ਬੜੀ ਵੱਡੀ ਕੀਮਤ ਅਦਾ ਕੀਤੀ ਹੈ, ਗੁਰੂ ਸਾਹਿਬਾਨ ਨੇ, ਤੇ ਗੁਰਸਿੱਖਾਂ ਨੇ ਇਸ ਪਵਿੱਤਰ ਸ਼ਬਦ ‘ਬੇਗਮ ਪੁਰਾ ਸਹਰ ਕੋ ਨਾਉ’ ਲਈ। ਆਪਣੇ ਹੀ ਪੁੱਤਰ ਦਾ ਅੱਖਾਂ ਸਾਹਮਣੇ ਚੀਰ ਕੇ ਦਿਲ, ਕੱਢ ਕੇ ਮੂੰਹ ਵਿਚ ਪੁਆਉਣਾ ਪਿਆ ਬਾਬਾ ਬੰਦਾ ਸਿੰਘ ਨੂੰ। ਖ਼ੌਫ ਲਾਹ ਕੇ ਗਰਜ ਮਾਰਨੀ ਪਈ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਵਾਂਗਰ ਹੱਥਾਂ ਵਿਚ ਖੂੰਡੇ ਫੜ ਕੇ, ਕਿ ਆਹ ਖੜ੍ਹੇ ਆ ਬੇਗਮਪੁਰ ਦੇ ਵਾਸੀ, ਹਿੰਮਤ ਹੈ ਤਾਂ ਟੱਕਰੋ!
ਜਦੋਂ ਦਾ ਇਹ ਸ਼ਬਦ ਭਗਤ ਰਵਿਦਾਸ ਵੱਲੋਂ ਉਚਾਰਿਆ ਗਿਆ, ਉਦੋਂ ਤੋਂ ਹੀ ਬਿਪਰਵਾਦ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ, ਕਿ ਇਹ ਸਾਡੀਆਂ ਜੜ੍ਹਾਂ ਵੱਢਣ ਲੱਗਾ। ਜਦੋਂ ਤੋਂ ਇਸ ਪਵਿੱਤਰ ਸ਼ਬਦ ਨੂੰ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਲਿਆ, ਉਦੋਂ ਤੋਂ ਇਸ ਬਿਪਰਵਾਦ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਉਣ ਵਾਲੇ ਤਮਾਮ ਲੋਕਾਂ ਨਾਲ ਨਫ਼ਰਤ ਭਰੀ ਜੰਗ ਵਿੱਢੀ ਹੋਈ ਹੈ। ਕੋਈ ਇਕ ਵੀ ਮੌਕਾ ਨਹੀਂ ਇਹ ਖੁੰਝਣ ਦਿੰਦਾ ਜਦੋਂ ਮਾਰੂ ਵਾਰ ਨਾ ਕਰਦਾ ਹੋਵੇ। ਕਦੀ ਇਹ ਪਿੱਠ ਪਿੱਛਿਉਂ ਵਾਰ ਕਰਦਾ, ਤੇ ਕਦੀ ਸਾਹਮਣੇ ਹੋ ਕੇ। ਕਦੀ ਇਹ ਸੰਤਾਂ ਸਾਧਾਂ ਦੇ ਬਾਣਿਆਂ ਵਿਚ ਸਜਿਆ ਬੈਠਾ ਬੇਗਮ ਪੁਰੇ ਨੂੰ ਖੋਰਾ ਲਾਉਂਦਾ ਹੈ, ਕਦੇ ਇਕ ਜਾਤ ਬਹਾਦਰੀ (ਭਾਵੇਂ ਉਹਨੂੰ ਇਸ ਬਿਪਰਵਾਦ ਨੇ ਸਦੀਆਂ ਤੋਂ ਨੀਚ ਗਰਦਾਨਿਆ ਹੋਇਆ) ਦੀ ਪਿੱਠ ‘ਤੇ ਖੜ੍ਹ ਜਾਂਦਾ ਤਾਂ ਕਿ ਬੇਗਮ ਪੁਰੇ ਦੇ ਅਰਥ ਹੀ ਬਦਲ ਦਿੱਤੇ ਜਾਣ। ਜਿਸ ਗ੍ਰੰਥ ਨੇ ਇਸ ਪਵਿੱਤਰ ਸ਼ਬਦ ਨੂੰ ਰੱਬੀ ਬਾਣੀ ਦਾ ਸਤਿਕਾਰ ਦਿਵਾਇਆ ਹੋਵੇ, ਉਸ ‘ਤੇ ਵੀ ਹਮਲਾ ਕਰਵਾ ਦਿੰਦਾ ਹੈ। ਕਿਸੇ ਦੀਆਂ ਭਾਵਨਾਵਾਂ ਨੂੰ ਗੁੰਮਰਾਹ ਕਿੱਦਾਂ ਕਰਨਾ ਹੈ, ਇਹ ਬਾਖੂਬੀ ਜਾਣਦਾ ਹੈ। ਭਾਈਚਾਰਕ ਸਾਂਝ ਤੁੜਵਾਉਣੀ ਇਹਦੇ ਖੱਬੇ ਹੱਥ ਦਾ ਕੰਮ ਹੈ।
ਭਾਰਤ ਆਜ਼ਾਦ ਹੋਏ ਨੂੰ ਸੱਤ ਦਹਾਕੇ ਹੋ ਗਏ। ਸੰਵਿਧਾਨਕ ਤੌਰ ‘ਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਲੋਕਰਾਜੀ ਮੁਲਕ ਆਖਿਆ ਜਾਂਦਾ ਹੈ ਪਰ ਅੱਜ ਤੱਕ ਉਥੇ ਵਸਦੀ ਹਰ ਘੱਟ-ਗਿਣਤੀ ਖੌਫ ਵਿਚ ਜੀਅ ਰਹੀ ਹੈ। ਸਭ ਤੋਂ ਵੱਧ ਦਲਿਤ ਕਹਾਉਂਦੇ ਲੋਕ ਹੀ ਇਸ ਦਾ ਸ਼ਿਕਾਰ ਹੋਏ। ਕਿੰਨੀਆਂ ਹੀ ਰਣਬੀਰ ਸੈਨਾਵਾਂ ਵਰਗੀਆਂ ਗੁੰਡਾ ਫੋਰਸਾਂ ਇਨ੍ਹਾਂ ਦਲਿਤਾਂ ਖਿਲਾਫ਼ ਹੀ ਬਣੀਆਂ ਹੋਈਆਂ। ਆਜ਼ਾਦ ਭਾਰਤ ਨੇ ਮਨੂੰਵਾਦ ਵਾਲੀ ਨੀਤੀ ਛੱਡੀ ਨਹੀਂ, ਬਸ ਫੇਰ-ਬਦਲ ਹੀ ਕੀਤਾ ਹੈ। ਦਲਿਤਾਂ ਵਿਚੋਂ ਸੀਮਤ ਜਿਹੀ ਗਿਣਤੀ ਨੂੰ ਖ਼ੁਸ਼ ਕਰ ਦਿੱਤਾ ਸਰਕਾਰੀ ਨੌਕਰੀਆਂ ਵਿਚ ਰਿਜ਼ਰਵੇਸ਼ਨ ਦੇ ਕੇ। ਉਨ੍ਹਾਂ ‘ਤੇ ਇਹ ਅਹਿਸਾਨ ਜਤਲਾਇਆ ਜਾਂਦਾ ਕਿ ਤੁਹਾਡੇ ‘ਤੇ ਤਰਸ ਕਰ ਕੇ ਇਹ ਰਿਆਇਤ ਦਿੱਤੀ ਹੋਈ ਹੈ, ਕਿ ਤੁਸੀਂ ਨੀਵੀਂ ਜਾਤ ਵਿਚੋਂ ਹੋ ਪਰ ਭਗਤ ਰਵਿਦਾਸ ਨੇ ਕਿਸੇ ਦੇ ਤਰਸ ਦਾ ਪਾਤਰ ਬਣਨਾ ਹੀ ਖਾਰਜ ਕਰ ਦਿੱਤਾ ਹੋਇਆ ਆਪਣੇ ਬੇਗਮ ਪੁਰੇ ਵਿਚ। ਹਾਲਾਤ ਇਹ ਹਨ ਕਿ ਰਿਜ਼ਰਵੇਸ਼ਨ ਦੇ ਮੁੱਦੇ ‘ਤੇ ਸਮਾਜ ਵੰਡਿਆ ਹੋਇਆ ਹੈ। ਹਰ ਤਬਕਾ ਰਿਜ਼ਰਵੇਸ਼ਨ ਦੀ ਛੱਤਰੀ ਹੇਠ ਬੈਠਣਾ ਚਾਹੁੰਦਾ ਹੈ ਤੇ ਮਨੂੰਵਾਦ ਪਰ੍ਹੇ ਖੜ੍ਹਾ ਤਮਾਸ਼ਾ ਦੇਖੀ ਜਾਂਦਾ ਹੈ।
ਸਭ ਤੋਂ ਵੱਧ ਧਨ-ਦੌਲਤ ਮੰਦਿਰਾਂ ਵਿਚ ਇਕੱਠੀ ਹੁੰਦੀ ਹੈ। ਇਕ ਸਰਵੇਖਣ ਮੁਤਾਬਕ ਭਾਰਤ ਵਿਚ 20 ਲੱਖ ਮੰਦਿਰ ਹਨ। ਵੱਡੇ ਮੰਦਰਾਂ ਵਿਚ ਤਾਂ ਪੁਜਾਰੀਆਂ ਦੀ ਗਿਣਤੀ ਹੀ 100 ਤੋਂ ਵੀ ਉਤੇ ਹੈ। ਜੇ ਇਕ ਮੰਦਿਰ ਪਿੱਛੇ 5 ਪੁਜਾਰੀ ਮੰਨ ਕੇ ਚੱਲੀਏ, ਤਾਂ ਗਿਣਤੀ ਇਕ ਕਰੋੜ ਹੋ ਗਈ। ਇਹ ਇਕ ਕਰੋੜ ਪਤਾ ਕੌਣ ਹਨ? ਪੁਸ਼ਤੈਨੀ ਬ੍ਰਾਹਮਣ। ਭਲਾ ਕੀ ਲੋੜ ਪਈ ਆ ਇਨ੍ਹਾਂ ਨੂੰ ਸਰਕਾਰੀ ਨੌਕਰੀਆਂ ਵਿਚ ਆਉਣ ਦੀ ਜਿੱਥੇ ਸਿਰਫ ਬੱਝੀ ਤਨਖਾਹ ਮਿਲਦੀ ਹੈ? ਬ੍ਰਾਹਮਣ ਦੀ ਇਤਨੀ ਵੱਡੀ ਰਿਜ਼ਰਵੇਸ਼ਨ ਨੂੰ ਕੋਈ ਚੈਲਿੰਜ ਨਹੀਂ। ਆਹ ਸਰਕਾਰੀ ਰਿਜ਼ਰਵੇਸ਼ਨ ਵਾਲੀ ਬੁਰਕੀ ‘ਤੇ ਪੂਰਾ ਮੁਲਕ ਲੜਾ ਮਾਰਿਆ। ਬੇਗਮ ਪੁਰਾ ਸਾਨੂੰ ਸਿੱਖਿਆ ਦਿੰਦਾ ਹੈ ਕਿ ਧਰਮ ਦੇ ਨਾਂ ‘ਤੇ ਚੱਲਦੇ ਡੇਰਿਆਂ ਤੋਂ ਲੁੱਟ ਨਾ ਹੋਵੋ। ਮਹਾਂਪੁਰਸ਼ਾਂ ਨੇ ਆਪਣੀ ਬਾਣੀ ਵਿਚ ਸੁੱਚੀ ਕਿਰਤ ਨੂੰ ਹੀ ਵਡਿਆਇਆ ਹੈ। ਹਕੀਕਤ ਆਪਣੇ ਸਾਹਮਣੇ ਹੈ ਕਿ ਜਦੋਂ ਪਿੰਡੋਂ ਵਿਦੇਸ਼ਾਂ ਨੂੰ ਤੁਰੇ ਸੀ ਤਾਂ ਤਕਰੀਬਨ ਖਾਲੀ ਹੱਥੀਂ ਹੀ ਸੀਗੇ। ਫਿਰ ਇੱਥੇ ਆ ਕੇ ਕਿਹੜੀ ਰਿਜ਼ਰਵੇਸ਼ਨ ਸੀ ਸਾਡੇ ਲਈ ਕਿ ਆਪਣੇ ਪੈਰਾਂ ‘ਤੇ ਖੜ੍ਹੇ ਹੋ ਗਏ? ਸਿਰਫ਼ ਤੇ ਸਿਰਫ਼ ਕਿਰਤ ਰਾਹੀਂ।
ਸਥਾਪਤੀ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਬੜੀ ਹਿੰਮਤ ਦਾ ਕੰਮ ਹੈ। ਇਹ ਜਿਗਰਾ ਭਗਤ ਰਵਿਦਾਸ ਦੇ ਹਿੱਸੇ ਆਇਆ। ਉਨ੍ਹਾਂ ਜੁੱਗਾਂ ਤੋਂ ਲਿਤਾੜੇ ਜਾ ਰਹੇ ਲੋਕਾਂ ਦੀ ਆਵਾਜ਼ ਬਣ ਕੇ ਛੇ ਸਦੀਆਂ ਪਹਿਲਾਂ ਮਨੂੰਵਾਦ ਨਾਲ ਆਢਾ ਲਾਇਆ। ਹੁਣ ਸਾਡਾ ਵੀ ਇਹ ਫ਼ਰਜ਼ ਹੈ ਕਿ ਉਨ੍ਹਾਂ ਦੀ ਬਾਣੀ ਨੂੰ ਹਿਰਦੇ ਵਿਚ ਵਸਾ ਕੇ ਕਿਸੇ ਵੀ ਤਬਕੇ ‘ਤੇ ਹੁੰਦੇ ਜ਼ੁਲਮ ਵਿਰੁਧ ਉਠੀਏ, ਤਾਂ ਹੀ ਇਨ੍ਹਾਂ ਮਹਾਂਪੁਰਸ਼ਾਂ ਦੇ ਅਵਤਾਰ ਪੁਰਬ ਮਨਾਉਣੇ ਸ਼ੋਭਦੇ ਹਨ। ਆਪਾਂ ਜਿਸ ਮੁਲਕ ਤੋਂ ਹਾਂ, ਉਥੇ ਅੱਜ ਵੀ ਸਟੇਟ ਹਰ ਹਰਬਾ ਵਰਤਦੀ ਹੈ ਘੱਟ-ਗਿਣਤੀਆਂ ਨੂੰ ਦੁਬੇਲ ਬਣਾਈ ਰੱਖਣ ਦਾ। ਕਸ਼ਮੀਰ ਦੇ ਮੁਸਲਮਾਨਾਂ ਨੂੰ ਏਕਤਾ ਏ ਅਖੰਡਤਾ ਦੇ ਬਹਾਨੇ ਮਾਰ ਹੀ ਨਹੀਂ ਰਹੀ, ਫੌਜ ਕੋਲੋਂ ਉਥੇ ਬੀਬੀਆਂ ਦੀ ਬੇਪਤੀ ਵੀ ਕਰਾਉਂਦੀ ਹੈ। ਛਤੀਸਗੜ੍ਹ ਦੇ ਆਦਿਵਾਸੀ ਤਾਂ ਵੱਖਵਾਦ ਦੀ ਗੱਲ ਨਹੀਂ ਕਰਦੇ, ਉਹ ਕੁਦਰਤ ਵੱਲੋਂ ਬਖ਼ਸ਼ੇ ਆਪਣੇ ਸੋਮਿਆਂ ਨੂੰ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ ਬਚਾਉਣ ਲਈ ਹੀ ਕਹਿ ਰਹੇ ਆ। ਫਿਰ ਕਿਉਂ ਭਾਰਤੀ ਸਟੇਟ ਉਨ੍ਹਾਂ ਮਗਰ ਪੈ ਗਈ ਗਰੀਨ ਹੰਟ ਵਰਗੀਆਂ ਕਾਰਵਾਈਆਂ ਕਰ ਕੇ? ਮਨੀਪੁਰ ਵਾਲਿਆਂ ਨੂੰ ਕਿਉਂ ਆਜ਼ਾਦੀ ਤੋਂ ਵਿਰਵਾ ਰੱਖਿਆ ਹੋਇਆ ਹੈ? ਸਿੱਖਾਂ ਨੂੰ ਕਿਉਂ ਅੱਜ ਤੱਕ ਇਨਸਾਫ ਨਹੀਂ ਦਿੱਤਾ ਜਾ ਰਿਹਾ? ਕਿਉਂ ਨਹੀਂ ਸਜ਼ਾ ਭੁਗਤ ਚੁੱਕੇ ਕੈਦੀਆਂ ਨੂੰ ਰਿਹਾ ਕੀਤਾ ਜਾਂਦਾ? ਕਿਉਂ ਸਜ਼ਾ ਅਧੀਨ ਕੈਦੀ ਨੂੰ ਇਤਨਾ ਮਾਨਸਿਕ ਅਤੇ ਸਰੀਰਕ ਕਸ਼ਟ ਦਿੱਤਾ ਕਿ ਉਹਨੂੰ ਨੀਮ ਪਾਗਲ ਬਣਾ ਦਿੱਤਾ? ਪੰਜਾਬ ਨੂੰ ਡਰੱਗ ਸਮਗਲਿੰਗ ਵਾਲਾ ਸੂਬਾ ਬਣਾ ਕੇ ਜੁਆਨੀ ਨੂੰ ਖੇਹ ਕਰਨ ਵਾਲੇ ਕਿਉਂ ਹਾਕਮ ਬਣਨ ਭਲਾ? ਜੇ ਆਪਾਂ ਚੁੱਪ ਹਾਂ ਤਾਂ ਬੇਗਮ ਪੁਰੇ ਦੇ ਵਾਸੀਆਂ ਦੀ ਕਤਾਰ ਵਿਚ ਨਹੀਂ ਆਵਾਂਗੇ, ਤੇ ਸਾਡੇ ਬੇਗਮ ਪੁਰੇ ਦੇ ਸਿਰਜਣਹਾਰ ਸਾਥੋਂ ਚੁੱਪ ਹੋ ਜਾਣ ਦੀ ਇਹ ਤਵੱਕੋ ਨਹੀਂ ਰੱਖਦੇ। ਇਥੇ ਕੁਰਾਨ ਸ਼ਰੀਫ਼ ਦੀ ਇਕ ਹਦੀਸ ਦਾ ਜ਼ਿਕਰ ਕਰਦੇ ਹਾਂ ਜਿਸ ਦਾ ਮਤਲਬ ਕੁਝ ਇਸ ਤਰ੍ਹਾਂ ਹੈ, ਜੇ ਤੁਸੀਂ ਕਿਸੇ ‘ਤੇ ਜ਼ੁਲਮ ਹੁੰਦਾ ਦੇਖੋ ਤਾਂ ਪਹਿਲੀ ਗੱਲ, ਤੁਸੀਂ ਹੱਥੀਂ ਜਾ ਕੇ ਰੋਕੋ। ਜੇ ਇਹ ਨਾ ਕਰ ਸਕੋ ਤਾਂ ਉਸ ਦੇ ਖ਼ਿਲਾਫ਼ ਬੋਲੋ; ਤੇ ਜੇ ਇਹ ਵੀ ਨਾ ਕਰ ਸਕੋ ਤਾਂ ਆਪਣੇ ਦਿਲ ਵਿਚ ਇਹਨੂੰ ਮਾੜਾ ਕਹੋ; ਪਰ ਪਵਿੱਤਰ ਕੁਰਾਨ ਤੀਜੀ ਕਿਸਮ ਵਾਲਿਆਂ ਨੂੰ ਸੂਰਮੇ ਨਹੀਂ ਮੰਨਦੀ।
ਆਓ! ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰ ਸ਼ਬਦ ਮੰਨਣ ਵਾਲੇ, ਭਾਈਚਾਰਕ ਸਾਂਝ ਕਾਇਮ ਕਰ ਕੇ ਬੇਗਮ ਪੁਰੇ ਦੇ ਵਾਸੀ ਕਹਾਉਣ ਦੇ ਹੱਕਦਾਰ ਬਣੀਏ ਅਤੇ ਮਹਾਂਪੁਰਸ਼ਾਂ ਦੀਆਂ ਬਖ਼ਸ਼ਿਸ਼ਾਂ ਲਈਏ।
Leave a Reply