ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ

ਡਾæ ਗੁਰਨਾਮ ਕੌਰ, ਕੈਨੇਡਾ
ਸ੍ਰੀ ਰਾਗੁ ਵਿਚ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਦਿਆਂ ਕਿਹਾ ਹੈ ਕਿ ਮੇਰੇ ਲਈ ਭਾਵੇਂ ਮੋਤੀਆਂ ਨਾਲ ਉਸਾਰੇ, ਰਤਨਾਂ ਨਾਲ ਜੜੇ ਮਹਿਲ ਹੋਣ ਜਿਨ੍ਹਾਂ ਦੀ ਲਿਪਾਈ ਕਸਤੂਰੀ, ਕੇਸਰ, ਚੰਦਨ ਵਰਗੇ ਖੁਸ਼ਬੂਦਾਰ ਪਦਾਰਥਾਂ ਨਾਲ ਕੀਤੀ ਹੋਈ ਹੋਵੇ ਜਿਸ ਨੂੰ ਦੇਖ ਕੇ ਮੇਰੇ ਮਨ ਵਿਚ ਚਾਉ ਪੈਦਾ ਹੋਵੇ, ਫਿਰ ਵੀ ਹੇ ਪਰਵਦਗਾਰ ਇਹ ਸਭ ਕੁਝ ਦੇਖ ਕੇ ਮੈਂ ਤੇਰੇ ਨਾਮ ਨੂੰ ਭੁਲਾ ਨਾ ਦੇਵਾਂ ਅਤੇ ਤੂੰ ਮੈਨੂੰ ਵਿਸਾਰ ਨਾ ਦੇਵੇਂ। ਗੁਰੂ ਸਾਹਿਬ ਇਸ ਤੋਂ ਅੱਗੇ ਫਰਮਾਉਂਦੇ ਹਨ ਕਿ ਮੈਂ ਆਪਣੇ ਗੁਰੂ ਤੋਂ ਪੁੱਛ ਕੇ ਵੇਖ ਲਿਆ ਹੈ, ਮੈਨੂੰ ਪਤਾ ਲੱਗ ਗਿਆ ਹੈ ਕਿ ਕਰਤਾ ਪੁਰਖ ਤੋਂ ਵਿਛੜ ਕੇ ਜੀਵਨ ਸੜ-ਬਲ ਜਾਂਦਾ ਹੈ। ਪਰਮਾਤਮਾ ਦੀ ਯਾਦ ਤੋਂ ਬਿਨਾਂ ਹੋਰ ਕੋਈ ਵੀ ਅਜਿਹੀ ਥਾਂ ਨਹੀਂ ਹੈ ਜਿੱਥੇ ਮਨ ਨੂੰ ਸ਼ਾਂਤੀ ਅਤੇ ਸਕੂਨ ਮਿਲ ਸਕੇ।
ਆਸਾ ਦੀ ਵਾਰ ਦੀ ਸਤਾਰਵੀਂ ਪਉੜੀ ਵਿਚ ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਅਜਿਹੇ ਸੁੱਖ ਸਾਧਨਾਂ ਵਿਚ ਰਚਿਤ ਹੋ ਕੇ ਆਪਣੇ ਪਰਵਦਗਾਰ ਦੀ ਯਾਦ ਨੂੰ ਭੁਲਾ ਦੇਣ ਤੋਂ ਅਗਾਹ ਕੀਤਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਦੁਨਿਆਵੀ ਸੁੱਖ-ਸਹੂਲਤਾਂ ਦੇ ਰੂਪ ਵਿਚ ਜਿਨ੍ਹਾਂ ਕੋਲ ਕਾਠੀਆਂ ਸਮੇਤ ਸਵਾਰੀ ਲਈ ਤਿਆਰ-ਬਰ ਤਿਆਰ, ਹਵਾ ਵਰਗੀ ਤਿੱਖੀ ਚਾਲ ਵਾਲੇ ਘੋੜੇ ਹੁੰਦੇ ਹਨ ਅਤੇ ਆਪਣੇ ਮਹਿਲਾਂ ਨੂੰ ਕਈ ਤਰ੍ਹਾਂ ਦੇ ਰੰਗਾਂ ਨਾਲ ਸਜਾਉਂਦੇ ਹਨ, ਜੋ ਮਨੁੱਖ ਕਈ ਤਰ੍ਹਾਂ ਦੇ ਸੁੰਦਰ ਮਹਿਲ-ਮਾੜੀਆਂ ਉਸਾਰ ਕੇ ਮਨ ਆਈਆਂ ਰੰਗ-ਰਲੀਆਂ ਮਾਣਦੇ ਹਨ ਪਰ ਆਪਣੇ ਸਿਰਜਣਹਾਰ ਨੂੰ ਨਹੀਂ ਪਛਾਣਦੇ, ਉਹ ਆਪਣਾ ਮਨੁੱਖਾ ਜਨਮ ਅਜਾਈਂ ਗੁਆ ਲੈਂਦੇ ਹਨ। ਜੋ ਮਨੁੱਖ ਆਪ ਤੋਂ ਕਮਜ਼ੋਰ ਗ਼ਰੀਬ ਆਦਮੀਆਂ ‘ਤੇ ਆਪਣਾ ਹੁਕਮ ਚਲਾਉਂਦੇ, ਉਨ੍ਹਾਂ ਨੂੰ ਤੰਗ ਕਰਦੇ ਅਤੇ ਉਨ੍ਹਾਂ ਦਾ ਸੋਸ਼ਣ ਕਰਦੇ ਹਨ, ਆਪਣੀ ਅਮੀਰੀ ਅਤੇ ਤਾਕਤ ਦੇ ਭਰਮ ਵਿਚ ਆਪਣੇ ਅੰਤਮ ਸਮੇਂ ਨੂੰ ਯਾਦ ਨਹੀਂ ਰੱਖਦੇ, ਆਪਣੀ ਜੁਆਨੀ ਵਿਚ ਮਸਤ ਅਜਿਹੇ ਬੰਦਿਆਂ ਨੂੰ ਜੁਆਨੀ ਵਿਚ ਹੀ ਬੁਢੇਪਾ ਆ ਕੇ ਦੱਬ ਲੈਂਦਾ ਹੈ,
ਤੁਰੇ ਪਲਾਣੇ ਪਉਣ ਵੇਗ
ਹਰ ਰੰਗੀ ਹਰਮ ਸਵਾਰਿਆ॥
ਕੋਠੇ ਮੰਡਪ ਮਾੜੀਆ
ਲਾਇ ਬੈਠੇ ਕਰਿ ਪਾਸਾਰਿਆ॥ (ਪੰਨਾ ੪੭੨)
ਆਸਾ ਦੀ ਵਾਰ ਵਿਚ ਗੁਰੂ ਨਾਨਕ ਸਾਹਿਬ ਮਨੁੱਖ ਨੂੰ ਹਰ ਕਿਸਮ ਦੇ ਭਰਮ ਤੋਂ ਮੁਕਤ ਕਰਦੇ ਹਨ। ਊਚ-ਨੀਚ, ਭਿੱਟ ਅਤੇ ਸੂਤਕ ਹਰ ਕਿਸਮ ਦੇ ਵਹਿਮ ਅਤੇ ਭਰਮ ਤੋਂ ਮੁਕਤ ਹੋ ਕੇ ਉਸ ਇੱਕ ਪਰਮਾਤਮਾ ਦਾ ਨਾਮ ਧਿਆਉਣ ਦੀ ਸਿੱਖਿਆ ਦਿੰਦੇ ਹਨ ਜਿਸ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਇਸੇ ਸਬੰਧ ਵਿਚ ਅਗਲੇ ਸਲੋਕ ਵਿਚ ਦੱਸਦੇ ਹਨ ਕਿ ਜੇ ਸੂਤਕ ਵਰਗੇ ਵਹਿਮਾਂ ਨੂੰ ਮੰਨਣ ਲੱਗੀਏ ਤਾਂ ਕੋਈ ਵੀ ਚੀਜ਼ ਸੂਤਕ ਤੋਂ ਮੁਕਤ ਨਹੀਂ ਹੈ। ਜੇ ਇਹ ਮੰਨ ਲਈਏ ਕਿ ਸੂਤਕ ਵਰਗਾ ਕੁਝ ਹੁੰਦਾ ਹੈ ਤਾਂ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸੂਤਕ ਹਰ ਥਾਂ ਹੁੰਦਾ ਹੈ। ਗੋਹੇ (ਗੋਹੇ ਨੂੰ ਪਵਿੱਤਰ ਮੰਨ ਕੇ ਚੌਂਕਾ ਲਿੱਪਿਆ ਜਾਂਦਾ ਹੈ) ਅਤੇ ਲੱਕੜੀ (ਲੱਕੜੀ ਬਾਲ ਕੇ ਹਵਨ ਕੀਤਾ ਜਾਂਦਾ ਹੈ, ਅੰਨ ਪਕਾਇਆ ਜਾਂਦਾ ਹੈ) ਵਿਚ ਵੀ ਕੀੜੇ ਹੁੰਦੇ ਹਨ ਅਰਥਾਤ ਗੋਹੇ ਅਤੇ ਲੱਕੜੀ ਵਿਚ ਕੀੜੇ ਪੈਦਾ ਹੁੰਦੇ ਰਹਿੰਦੇ ਹਨ। ਅਨਾਜ ਦੇ ਜਿੰਨੇ ਵੀ ਦਾਣੇ ਹਨ ਜੀਵਾਂ ਤੋਂ ਮੁਕਤ ਨਹੀਂ ਹਨ, ਅੰਨ ਵਿਚ ਵੀ ਜੀਵ ਪੈਦਾ ਹੁੰਦੇ ਰਹਿੰਦੇ ਹਨ। ਪਾਣੀ (ਜਿਸ ਨਾਲ ਇਸ਼ਨਾਨ ਕਰਕੇ ਮਨੁੱਖ ਪਵਿੱਤਰ ਹੁੰਦਾ ਹੈ) ਆਪ ਵੀ ਜੀਵ ਹੈ ਕਿਉਂਕਿ ਇਸ ਨਾਲ ਹਰ ਇੱਕ ਅੰਦਰ ਜਾਨ ਪੈਂਦੀ ਹੈ। ਸੂਤਕ ਵਰਗਾ ਵਹਿਮ-ਭਰਮ ਕਿਵੇਂ ਪਾਲਿਆ ਜਾ ਸਕਦਾ ਹੈ ਕਿਉਂਕਿ ਇਹ ਤਾਂ ਹਰ ਸਮੇਂ ਰਸੋਈ ਵਿਚ ਪਿਆ ਰਹਿੰਦਾ ਹੈ। ਇਸ ਤਰ੍ਹਾਂ ਸੂਤਕ ਵਿਚ ਪਿਆਂ ਮਨੁੱਖ ਦਾ ਮਨ ਭਰਮ ਨਾਲ ਭਰਿਆ ਰਹਿੰਦਾ ਹੈ। ਵਹਿਮ ਅਤੇ ਭਰਮ ਤੋਂ ਛੁਟਕਾਰਾ ਪਾਉਣ ਦਾ ਰਸਤਾ ਪਰਮਾਤਮਾ ਦਾ ਗਿਆਨ ਹੈ ਜਿਸ ਦੀ ਪ੍ਰਾਪਤੀ ਨਾਲ ਮਨੁੱਖ ਦਾ ਮਨ ਹਰ ਤਰ੍ਹਾਂ ਦੇ ਸੂਤਕ ਤੋਂ ਮੁਕਤ ਹੋ ਜਾਂਦਾ ਹੈ,
ਜੇਕਰਿ ਸੂਤਕੁ ਮੰਨੀਐ
ਸਭ ਤੈ ਸੂਤਕੁ ਹੋਇ॥
ਗੋਹੈ ਅਤੈ ਲਕੜੀ
ਅੰਦਰਿ ਕੀੜਾ ਹੋਇ॥
ਜੇਤੇ ਦਾਣੇ ਅੰਨ ਕੇ
ਜੀਆ ਬਾਝੁ ਨ ਕੋਇ॥
ਪਹਿਲਾ ਪਾਣੀ ਜੀਉ ਹੈ
ਜਿਤੁ ਹਰਿਆ ਸਭੁ ਕੋਇ॥
ਸੂਤਕੁ ਕਿਉਕਰਿ ਰਖੀਐ
ਸੂਤਕੁ ਪਵੈ ਰਸੋਇ॥
ਨਾਨਕ ਸੂਤਕੁ ਏਵ ਨ ਉਤਰੈ
ਗਿਆਨੁ ਉਤਾਰੈ ਧੋਇ॥੧॥ (ਪੰਨਾ ੪੭੨)
ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਸਪੱਸ਼ਟ ਕਰਦੇ ਹਨ ਕਿ ਅਸਲੀ ਸੂਤਕ ਕਿਹੜਾ ਹੈ ਜਿਸ ਤੋਂ ਮਨੁੱਖ ਨੂੰ ਬਚਣਾ ਚਾਹੀਦਾ ਹੈ ਜਾਂ ਜਿਸ ਦਾ ਪਰਹੇਜ਼ ਮਨੁੱਖ ਨੂੰ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾ ਮਨ ਦਾ ਸੂਤਕ ਲੋਭ ਹੈ (ਲਾਲਚ ਵਿਚ ਆ ਕੇ ਮਨੁਖ ਬਹੁਤ ਸਾਰੇ ਗਲਤ ਕੰਮ ਕਰ ਬੈਠਦਾ ਹੈ। ਲੋਭ ਅਜਿਹਾ ਔਗੁਣ ਹੈ ਜਿਸ ਨੂੰ ਗੁਰਬਾਣੀ ਵਿਚ Ḕਪੰਜ ਚੋਰਾਂḔ ਵਿਚ ਗਿਣਿਆ ਗਿਆ ਹੈ ਜੋ ਮਨੁੱਖ ਕੋਲੋਂ ਚੰਗਿਆਈ ਖੋਹ ਲੈਂਦੇ ਹਨ), ਦੂਸਰਾ ਸੂਤਕ ਜੀਭ ਦਾ ਝੂਠ ਬੋਲਣਾ ਹੈ। ਇਸ ਤੋਂ ਅੱਗੇ ਅੱਖਾਂ ਦਾ ਸੂਤਕ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦੇ ਰੂਪ ਨੂੰ ਤੱਕਣਾ ਹੈ ਜਿਸ ਤੋਂ ਬਚਣ ਦੀ ਮਨੁੱਖ ਨੂੰ ਲੋੜ ਹੈ। ਕੰਨਾਂ ਦਾ ਸੂਤਕ ਹੈ ਦੂਸਰਿਆਂ ਦੀ ਨਿੰਦਿਆ ਅਤੇ ਚੁਗਲੀ ਸੁਣਨਾ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਅਜਿਹੇ ਮਨੁੱਖ ਜਿਨ੍ਹਾਂ ਨੂੰ ਇਹ ਸੂਤਕ ਲੱਗੇ ਹੋਏ ਹਨ, ਦੇਖਣ ਨੂੰ ਭਾਵੇਂ ਬਹੁਤ ਸੋਹਣੇ ਹੰਸਾਂ ਵਰਗੇ (ਹੰਸ ਨੂੰ ਬਹੁਤ ਸੁੰਦਰ ਪੰਛੀ ਮੰਨਿਆ ਜਾਂਦਾ ਹੈ) ਹੁੰਦੇ ਹਨ ਪਰ ਸੂਤਕ ਦੇ ਬੱਧੇ ਹੋਏ ਨਰਕ ਨੂੰ ਜਾਂਦੇ ਹਨ,
ਮਨ ਕਾ ਸੂਤਕੁ ਲੋਭੁ ਹੈ
ਜਿਹਵਾ ਸੂਤਕੁ ਕੂੜੁ॥
ਅਖੀ ਸੂਤਕੁ ਵੇਖਣਾ
ਪਰ ਤ੍ਰਿਅ ਪਰ ਧਨ ਰੂਪੁ॥
ਕੰਨੀ ਸੂਤਕੁ ਕੰਨਿ ਪੈ
ਲਾਇਤਬਾਰੀ ਖਾਹਿ॥
ਨਾਨਕ ਹੰਸਾ ਆਦਮੀ
ਬਧੇ ਜਮਪੁਰਿ ਜਾਹਿ॥੨॥ (ਪੰਨਾ ੪੭੨)
ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਸੂਤਕ ਵਗੈਰਾ ਕੁਝ ਵੀ ਨਹੀਂ ਹੈ, ਹਰ ਤਰ੍ਹਾਂ ਦਾ ਸੂਤਕ ਭਰਮ ਹੈ, ਵਹਿਮ ਹੈ ਜੋ ਮਾਇਆ ਵਿਚ ਫਸੇ ਹੋਏ ਮਨੁੱਖ ਨੂੰ ਆ ਚੰਬੜਦਾ ਹੈ। ਕਹਿਣ ਤੋਂ ਭਾਵ ਪਰਮਾਤਮਾ ਦੇ ਗਿਆਨ ਵਾਲੇ ਪਾਸੇ ਲੱਗੇ ਹੋਏ ਮਨੁੱਖ ਨੂੰ ਅਜਿਹੇ ਭਰਮ ਨਹੀਂ ਲੱਗਦੇ, ਗਿਆਨੀ ਮਨੁੱਖ ਦਾ ਮਨ ਭਰਮ-ਮੁਕਤ ਹੁੰਦਾ ਹੈ। ਜੀਵਾਂ ਦਾ ਸੰਸਾਰ ‘ਤੇ ਆਉਣਾ ਅਤੇ ਇਸ ਸੰਸਾਰ ਤੋਂ ਤੁਰ ਜਾਣਾ ਅਕਾਲ ਪੁਰਖ ਦੇ ਹੁਕਮ ਵਿਚ ਹੁੰਦਾ ਹੈ ਅਰਥਾਤ ਉਸ ਦੇ ਹੁਕਮ ਵਿਚ ਮਨੁੱਖ ਜਨਮ ਲੈਂਦਾ ਹੈ ਅਤੇ ਹੁਕਮ ਅਨੁਸਾਰ ਹੀ ਮਰ ਜਾਂਦਾ ਹੈ। (ਮੌਤ ਵਾਲੇ ਘਰ ਅਤੇ ਨਵੇਂ ਪੈਦਾ ਹੋਏ ਬੱਚੇ ਵਾਲੇ ਘਰ ਨਾਲ ਵਰਤਣ ਵੇਲੇ ਵੀ ਲੋਕ ਕਈ ਕਿਸਮ ਦਾ ਵਹਿਮ ਕਰਦੇ ਹਨ)।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ਗੁਰੂ ਦੇ ਰਸਤੇ ‘ਤੇ ਚੱਲਣ ਵਾਲੇ ਮਨੁੱਖਾਂ ਅਰਥਾਤ ਗੁਰਮੁਖਾਂ ਨੇ ਇਸ ਗੱਲ ਨੂੰ ਸਮਝ ਲਿਆ ਹੈ, ਉਨ੍ਹਾਂ ਨੂੰ ਕਿਸੇ ਕਿਸਮ ਦਾ ਸੂਤਕ ਨਹੀਂ ਲੱਗਦਾ, ਉਹ ਹਰ ਤਰ੍ਹਾਂ ਦੇ ਭਰਮ ਤੋਂ ਮੁਕਤ ਰਹਿੰਦੇ ਹਨ,
ਸਭੋ ਸੂਤਕੁ ਭਰਮੁ ਹੈ
ਦੂਜੈ ਲਗੈ ਜਾਇ॥
ਜੰਮਣੁ ਮਰਣਾ ਹੁਕਮੁ ਹੈ
ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿਤ੍ਰ ਹੈ
ਦਿਤੋਨੁ ਰਿਜਕੁ ਸੰਬਾਹਿ॥
ਨਾਨਕ ਜਿਨ੍ਹੀ ਗੁਰਮੁਖਿ ਬੁਝਿਆ
ਤਿਨ੍ਹਾ ਸੂਤਕੁ ਨਾਹਿ॥੩॥ (ਪੰਨਾ ੪੭੨-੭੩)
ਅਗਲੀ ਪਉੜੀ ਵਿਚ ਗੁਰੂ ਦੀ ਮਹੱਤਤਾ ਦੱਸੀ ਹੈ ਕਿ ਗੁਰੂ ਰਾਹੀਂ ਆਪਣੇ ਅੰਦਰ ਗੁਣ ਪੈਦਾ ਕਰਕੇ ਮਨੁੱਖ ਬੁਰਾਈਆਂ ਨੂੰ ਖ਼ਤਮ ਕਰ ਸਕਦਾ ਹੈ। ਸੱਚੇ ਗੁਰੂ ਨਾਲ ਮਿਲਾਪ ਉਦੋਂ ਹੁੰਦਾ ਹੈ ਜਦੋਂ ਵਾਹਿਗੁਰੂ ਦੀ ਅਪਾਰ ਮਿਹਰ ਹੁੰਦੀ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਮਨੁੱਖ ਨੂੰ ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਕਿਉਂਕਿ ਗੁਰੂ ਵਿਚ ਬਹੁਤ ਵੱਡੇ ਗੁਣ ਹਨ ਅਤੇ ਗੁਣਾਂ ਕਰਕੇ ਗੁਰੂ ਬਹੁਤ ਵੱਡਾ ਹੈ (ਗੁਣ ਗਾਉਣ ਨਾਲ ਮਨੁੱਖ ਅੰਦਰ ਵੀ ਅਜਿਹੇ ਗੁਣ ਆ ਜਾਂਦੇ ਹਨ)। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅਕਾਲ ਪੁਰਖ ਨੂੰ ਕਈ ਤਰ੍ਹਾਂ ਨਾਲ ਸੰਬੋਧਨ ਕੀਤਾ ਗਿਆ ਹੈ ਜਿਵੇਂ ਪਿਤਾ, ਸਖਾ, ਪਤੀ ਆਦਿ। ਇੱਥੇ ਵੀ ਗੁਰੂ ਨਾਨਕ ਦੱਸਦੇ ਹਨ ਕਿ ਜਿਨ੍ਹਾਂ ਮਨੁੱਖਾਂ ਉਤੇ ਪਤੀ-ਰੂਪ ਅਕਾਲ ਪੁਰਖ ਦੀ ਮਿਹਰ ਹੋਈ ਹੈ, ਉਨ੍ਹਾਂ ਨੂੰ ਉਸ ਨੇ ਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਜੋ ਗੁਰੂ ਨੂੰ ਮਿਲੇ ਹਨ, ਉਨ੍ਹਾਂ ਨੂੰ ਗੁਰੂ ਦੇ ਗੁਣ ਆਪਣੀਆਂ ਅੱਖਾਂ ਨਾਲ ਨਜ਼ਰੀਂ ਆ ਗਏ ਹਨ। ਜੇ ਪਰਮਾਤਮਾ ਨੂੰ ਭਾਵੇ ਤਾਂ ਗੁਰੂ ਦੇ ਗੁਣ ਉਨ੍ਹਾਂ ਮਨੁੱਖਾਂ ਅੰਦਰ ਵੀ ਵੱਸ ਪੈਂਦੇ ਹਨ। ਕਰਤਾ ਪੁਰਖ ਆਪਣੇ ਹੁਕਮ ਅਨੁਸਾਰ ਉਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਮਿਹਰ ਭਰਿਆ ਹੱਥ ਰੱਖ ਕੇ ਉਨ੍ਹਾਂ ਦੇ ਮਨ ਵਿਚੋਂ ਬੁਰਾਈਆਂ ਨੂੰ ਬਾਹਰ ਕੱਢ ਮਾਰਦਾ ਹੈ। ਜੇ ਅਕਾਲ ਪੁਰਖ ਖੁਸ਼ ਹੋ ਜਾਵੇ ਤਾਂ ਮਨੁੱਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਨੂੰ ਨੌਂ ਨਿਧੀਆਂ ਪ੍ਰਾਪਤ ਹੋ ਗਈਆਂ ਅਰਥਾਤ ਸੰਸਾਰ ਦੇ ਸਭ ਪਦਾਰਥ ਮਿਲ ਗਏ ਹਨ,
ਸਤਿਗੁਰੁ ਵਡਾ ਕਰਿ ਸਾਲਾਹੀਐ
ਜਿਸੁ ਵਿਚਿ ਵਡੀਆ ਵਡਿਆਈਆ॥
ਸਹਿ ਮੇਲੇ ਤਾ ਨਦਰੀ ਆਈਆ॥
ਜਾ ਤਿਸੁ ਭਾਣਾ ਤਾ ਮਨਿ ਵਸਾਈਆ॥
ਕਰਿ ਹੁਕਮੁ ਮਸਤਕਿ ਹਥੁ ਧਰਿ
ਵਿਚਹੁ ਮਾਰਿ ਕਢੀਆ ਬੁਰਿਆਈਆ॥
ਸਹਿ ਤੁਠੈ ਨਉਨਿਧਿ ਪਾਈਆ॥੧੮॥ (ਪੰਨਾ ੪੭੩)
ਇਸ ਪਉੜੀ ਤੋਂ ਪਹਿਲੇ ਸਲੋਕਾਂ ਵਿਚ ਸੂਤਕੁ ਵਰਗੇ ਭਰਮ ਦੀ ਗੱਲ ਕੀਤੀ ਹੈ। ਇਸ ਸਲੋਕ ਵਿਚ ਇੱਕ ਹੋਰ ਭਰਮ ਅਤੇ ਪਖੰਡ ਦੀ ਗੱਲ ਕੀਤੀ ਹੈ ਜਿਸ ਨੂੰ ḔਸੁੱਚਮḔ ਕਹਿੰਦੇ ਹਨ ਖ਼ਾਸ ਕਰਕੇ ਜਿਸ ਦੀ ਪਾਲਣਾ ਬ੍ਰਾਹਮਣ ਵੱਲੋਂ ਵਹਿਮ ਦੀ ਹੱਦ ਤੱਕ ਕੀਤੀ ਜਾਂਦੀ ਹੈ। ਗੁਰੂ ਨਾਨਕ ḔਸੁੱਚਮḔ ਬਾਰੇ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਬ੍ਰਾਹਮਣ ਆਪ ਨਹਾ-ਧੋ ਕੇ, ਸੁੱਚਾ ਹੋ ਕੇ ਸੁੱਚੇ ਚੌਂਕੇ (ਚੌਂਕੇ ਨੂੰ ਸੁੱਚਾ ਰੱਖਣ ਲਈ ਹਰ ਰੋਜ ਗਊ ਦੇ ਗੋਹੇ ਨਾਲ ਲਿਪਿਆ ਜਾਂਦਾ ਹੈ) ਉਤੇ ਆ ਕੇ ਬੈਠ ਜਾਂਦਾ ਹੈ। ਫਿਰ ਉਸ ਦੇ ਅੱਗੇ ਜਜਮਾਨ ਭੋਜਨ ਪਰੋਸ ਦਿੰਦਾ ਹੈ ਜਿਸ ਨੂੰ ਅਜੇ ਕਿਸੇ ਹੋਰ ਨੇ ਭਿੱਟਿਆ ਨਹੀਂ ਸੀ ਅਰਥਾਤ ਛੁਹਿਆ ਨਹੀਂ ਸੀ। ਬ੍ਰਾਹਮਣ ਸੁੱਚਾ ਹੋ ਕੇ ਉਸ ਸੁੱਚੇ ਭੋਜਨ ਨੂੰ ਖਾਂਦਾ ਹੈ, ਖਾਣ ਤੋਂ ਬਾਅਦ ਸਲੋਕ ਪੜ੍ਹਨ ਲੱਗ ਪੈਂਦਾ ਹੈ ਪਰ ਇਸ ਸੁੱਚੇ ਭੋਜਨ ਨੂੰ ਗੰਦੇ ਥਾਂ ਅਰਥਾਤ ਢਿੱਡ ਵਿਚ ਪਾ ਲੈਂਦਾ ਹੈ। ਗੁਰੂ ਸਾਹਿਬ ਪ੍ਰਸ਼ਨ ਕਰਦੇ ਹਨ ਕਿ ਤਾਂ ਫਿਰ ਇਸ ਸੁੱਚੇ ਭੋਜਨ ਨੂੰ ਗੰਦੇ ਥਾਂ ਭਾਵ ਪੇਟ ਵਿਚ ਸੁੱਟਣ ਦਾ ਦੋਸ਼ ਕਿਸ ‘ਤੇ ਆਇਆ?
ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅੰਨ, ਪਾਣੀ, ਅੱਗ ਅਤੇ ਲੂਣ-ਚਾਰੇ ਹੀ ਦੇਵਤਾ ਹਨ ਅਰਥਾਤ ਪਵਿੱਤਰ ਮੰਨੇ ਗਏ ਹਨ ਅਤੇ ਪੰਜਵਾਂ ਘਿਉ ਵੀ ਪਵਿੱਤਰ ਹੈ ਜਿਸ ਨੂੰ ਇਨ੍ਹਾਂ ਚਾਰਾਂ ਵਿਚ ਪਾਈਦਾ ਹੈ। ਫਿਰ ਇਨ੍ਹਾਂ ਪੰਜਾਂ ਨੂੰ ਮਿਲਾ ਕੇ ਬਹੁਤ ਹੀ ਪਵਿੱਤਰ ਭੋਜਨ ਤਿਆਰ ਕੀਤਾ ਜਾਂਦਾ ਹੈ। ਪਰ ਦੇਵਤਿਆਂ ਦੇ ਇਸ ਸਰੀਰ ਨੂੰ ਭਾਵ ਪਵਿੱਤਰ ਭੋਜਨ ਨੂੰ ਪਾਪੀ (ਮਨੁੱਖ) ਨਾਲ ਸੰਗਤ ਹੁੰਦੀ ਹੈ, ਜਿਸ ਕਰਕੇ ਉਸ ਉਤੇ ਥੁੱਕਾਂ ਪੈਂਦੀਆਂ ਹਨ। ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਜਿਸ ਮੂੰਹ ਨਾਲ ਮਨੁੱਖ ਨਾਮ ਨਹੀਂ ਸਿਮਰਦੇ ਅਤੇ ਨਾਮ ਸਿਮਰਨ ਤੋਂ ਬਿਨਾ ਹੀ ਸੁਆਦਲੇ ਪਦਾਰਥ ਖਾਂਦੇ ਹਨ, ਉਸ ਮੂੰਹ ਉਤੇ ਵੀ ਇਸੇ ਤਰ੍ਹਾਂ ਥੁੱਕਾਂ ਪੈਂਦੀਆਂ ਹਨ,
ਪਹਿਲਾ ਸੁਚਾ ਆਪਿ ਹੋਇ
ਸੁਚੈ ਬੈਠਾ ਆਇ॥
ਸੁਚੇ ਅਗੈ ਰਖਿਓਨੁ
ਕੋਇ ਨ ਭਿਟਿਓ ਜਾਇ॥
ਸੁਚਾ ਹੋਇ ਕੈ ਜੇਵਿਆ
ਲਗਾ ਪੜਣਿ ਸਲੋਕੁ॥
ਕੁਹਥੀ ਜਾਈ ਸਟਿਆ
ਕਿਸੁ ਏਹੁ ਲਗਾ ਦੋਖੁ॥ (ਪੰਨਾ ੪੭੩)
ਸਿੱਖ ਧਰਮ ਦੇ ਪ੍ਰਕਾਸ਼ਨ ਤੋਂ ਪਹਿਲਾਂ ਹਿੰਦੁਸਤਾਨ ਵਿਚ ਜਿੰਨੇ ਵੀ ਧਰਮ ਪੈਦਾ ਹੋਏ ਹਨ, ਮੁਕਤੀ ਪ੍ਰਾਪਤ ਕਰਨਾ ਉਨ੍ਹਾਂ ਦਾ ਮੁੱਖ ਨਿਸ਼ਾਨਾ ਰਿਹਾ ਹੈ। ਮੁਕਤੀ ਪ੍ਰਾਪਤ ਕਰਨ ਵਾਸਤੇ ਪਰਿਵਾਰਕ ਜੀਵਨ ਦਾ ਤਿਆਗ ਕਰਕੇ ਏਕਾਂਤ-ਵਾਸ ਵਿਚ ਤਪੱਸਿਆ ਆਦਿ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਪਰਿਵਾਰਕ ਜੀਵਨ ਦਾ ਸਬੰਧ ਇਸਤਰੀ ਨਾਲ ਹੈ। ਇਸ ਲਈ ਇਸਤਰੀ ਨੂੰ ਮੁਕਤੀ ਪ੍ਰਾਪਤੀ ਦੇ ਰਸਤੇ ਦਾ ਰੋੜਾ ਸਮਝਿਆ ਜਾਂਦਾ ਸੀ। ਗੁਰੂ ਨਾਨਕ ਸਾਹਿਬ ਦੇ ਸਮੇਂ ਤੱਕ ਜੋਗ ਮੱਤ ਦਾ ਬਹੁਤ ਬੋਲ-ਬਾਲਾ ਸੀ। ਜੋਗੀ ਤਾਂ ਵੈਸੇ ਹੀ ਤਿਆਗ ਵਾਲਾ ਜੀਵਨ ਬਤੀਤ ਕਰਦੇ ਅਤੇ ਇਸਤਰੀ ਤੋਂ ਦੂਰ ਰਹਿੰਦੇ ਹਨ। ਇੱਥੋਂ ਤੱਕ ਕਿ ਇਸਤਰੀ ਨੂੰ ਬਾਘਣੀ ਤੱਕ ਕਿਹਾ ਗਿਆ ਹੈ। ਹਿੰਦੂ ਸ਼ਾਸਤਰਾਂ ਖਾਸ ਕਰਕੇ ਮਨੂ-ਸਿਮ੍ਰਤੀ ਵਿਚ ਔਰਤ ਦੀ ਬਹੁਤ ਨਿਖੇਧੀ ਕੀਤੀ ਗਈ ਹੈ ਅਤੇ ਉਸ ਨੂੰ ਸਮਾਜ ਵਿਚ ਬਹੁਤ ਨੀਵਾਂ ਦਰਜ਼ਾ ਦਿੱਤਾ ਹੋਇਆ ਹੈ। ਮਨੂ ਸਿਮ੍ਰਤੀ ਅਨੁਸਾਰ ਇਸਤਰੀ ਦਾ ਆਪਣਾ ਕੋਈ ਅਧਿਕਾਰ ਨਹੀਂ ਹੈ। ਵਿਆਹ ਤੋਂ ਪਹਿਲਾਂ ਉਹ ਪਿਤਾ ਦੇ ਅਧੀਨ, ਵਿਆਹ ਤੋਂ ਪਿੱਛੋਂ ਪਤੀ ਦੇ ਅਧੀਨ ਅਤੇ ਬੁੱਢਾਪੇ ਵਿਚ ਪੁੱਤਰ ਦੇ ਅਧੀਨ ਰਹੇ। ਹਿੰਦੂ ਸਮਾਜ ਵਿਚ ਇਸਤਰੀ ‘ਤੇ ਪੜਦਾ, ਸਤੀ ਦੀ ਰਸਮ, ਵਿਧਵਾ ਹੋਣ ਤੇ ਨਰਕ ਵਰਗਾ ਜੀਵਨ ਜਿਉਣ ਆਦਿ ਦੇ ਅਨੇਕਾਂ ਬੰਧਨ ਲੱਗੇ ਹੋਏ ਸੀ। ਇੱਥੋਂ ਤੱਕ ਕਿ ਉਸ ਨੂੰ ਪੈਰ ਦੀ ਜੁੱਤੀ ਤੱਕ ਸਮਝਿਆ ਜਾਂਦਾ ਸੀ।
ਗੁਰੂ ਨਾਨਕ ਸਾਹਿਬ ਪਹਿਲੀ ਅਜਿਹੀ ਸਖ਼ਸ਼ੀਅਤ ਹੋਏ ਹਨ ਜਿਨ੍ਹਾਂ ਨੇ ਨਾ ਸਿਰਫ ਇਸਤਰੀ ਦੇ ਹੱਕ ਵਿਚ ਆਵਾਜ਼ ਉਠਾਈ ਬਲਕਿ ਇਸਤਰੀ ਨੂੰ ਹਰ ਤਰ੍ਹਾਂ ਦੇ ਸਮਾਜਿਕ, ਧਾਰਮਿਕ ਅਤੇ ਅਧਿਆਤਮਕ ਅਧਿਕਾਰ ਮਨੁੱਖ ਦੇ ਬਰਾਬਰ ਦਿੱਤੇ ਅਤੇ ਉਸ ਨੂੰ ਪੁਰਸ਼ ਦੇ ਬਰਾਬਰ ਹੀ ਇੱਕ ਇਨਸਾਨ ਦੀ ਤਰ੍ਹਾਂ ਸਮਝਣ ਦੀ ਹਦਾਇਤ ਕੀਤੀ। ਇਸ ਸਲੋਕ ਵਿਚ ਉਸੇ ਮੱਧਜੁੱਗੀ ਵਿਚਾਰਧਾਰਾ ਦਾ ਖੰਡਨ ਕੀਤਾ ਹੈ ਜੋ ਇਸਤਰੀ ਦੀ ਮਾੜੀ ਹਾਲਤ ਲਈ ਜਿੰਮੇਵਾਰ ਰਹੀ ਹੈ। ਇਥੇ ਇਸਤਰੀ ਨੂੰ ḔਭੰਡਿḔ ਕਿਹਾ ਹੈ, ਭੰਡਿ ਸਾਂਚੇ ਨੂੰ ਕਹਿੰਦੇ ਹਨ। ਇਸਤਰੀ ਵੀ ਉਹ ਸਾਂਚਾ ਹੈ ਜੋ ਸਮਾਜ ਦੀ ਘਾੜਤ ਲਈ ਲੋੜੀਂਦੀ ਹੈ। ਇਸਤਰੀ ਤੋਂ ਬਿਨਾ ਸਮਾਜ ਦੀ ਹੋਂਦ ਤਸੱਵਰ ਹੀ ਨਹੀਂ ਕੀਤੀ ਜਾ ਸਕਦੀ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਸਤਰੀ ਤੋਂ ਹੀ ਇਨਸਾਨ ਜਨਮ ਲੈਂਦਾ ਹੈ ਅਤੇ ਇਸਤਰੀ ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤਰੀ ਰਾਹੀਂ ਕੁੜਮਾਈ ਅਤੇ ਵਿਆਹ ਹੁੰਦਾ ਹੈ ਭਾਵ ਗ੍ਰਹਿਸਥ ਅਤੇ ਸਮਾਜਿਕ ਰਿਸ਼ਤਾ ਅੱਗੇ ਤੁਰਦਾ ਹੈ। ਇਸਤਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਮਾਜਿਕ ਰਿਸ਼ਤੇ ਬਣਦੇ ਹਨ। ਇਸ ਤਰ੍ਹਾਂ ਇਸਤਰੀ ਤੋਂ ਹੀ ਸੰਸਾਰ ਦੀ ਉਤਪਤੀ ਦਾ ਸਿਲਸਿਲਾ ਚੱਲਦਾ ਹੈ। ਜੇ ਇਸਤਰੀ ਮਰ ਜਾਵੇ ਤਾਂ ਘਰ-ਗ੍ਰਹਿਸਥੀ ਚਲਾਉਣ ਵਾਸਤੇ ਹੋਰ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ, ਇਸਤਰੀ ਤੋਂ ਹੀ ਸਮਾਜਿਕ ਰਿਸ਼ਤੇਦਾਰੀਆਂ ਬਣਦੀਆਂ ਹਨ (ਕਹਾਵਤ ਹੈ ਕਿ ਧੀ ਰਾਹੀਂ ਤਿੰਨ ਪੁਸ਼ਤਾਂ ਦੀ ਰਿਸ਼ਤੇਦਾਰੀ ਬਣਦੀ ਹੈ। ਸਹੁਰੇ ਘਰ ਜਾਣ ਤੇ ਪਹਿਲਾਂ ਪਿਤਾ ਵਰਤਦਾ ਹੈ, ਫਿਰ ਭਰਾ ਅਤੇ ਫਿਰ ਭਤੀਜੇ)। ਜਿਸ ਇਸਤਰੀ ਜ਼ਾਤ ਤੋਂ ਰਾਜੇ-ਮਹਾਰਾਜੇ ਤੱਕ ਜਨਮ ਲੈਂਦੇ ਹਨ ਉਸ ਨੂੰ ਮੰਦਾ ਕਿਉਂ ਕਹਿਣਾ ਹੈ? ਮੰਦਾ ਕਹਿਣਾ ਠੀਕ ਨਹੀਂ ਹੈ। ਇਸਤਰੀ ਤੋਂ ਹੀ ਇਸਤਰੀ ਜਨਮ ਲੈਂਦੀ ਹੈ। ਇਸ ਸੰਸਾਰ ਵਿਚ ਕੋਈ ਵੀ ਜੀਵ ਇਸਤਰੀ ਤੋਂ ਬਿਨਾ ਜਨਮ ਨਹੀਂ ਲੈ ਸਕਦਾ। ਇੱਕ ਅਕਾਲ ਪੁਰਖ ਹੀ ਹੈ ਜਿਸ ਦਾ ਜਨਮ ਇਸਤਰੀ ਤੋਂ ਨਹੀਂ ਹੋਇਆ (ਕਿਉਂਕਿ ਉਹ ਆਪਣੇ ਆਪ ਤੋਂ ਹੈ)। ਜੋ ਇਨਸਾਨ ਭਾਵੇਂ ਇਸਤਰੀ ਹੈ ਜਾਂ ਪੁਰਸ਼ ਅਕਾਲ ਪੁਰਖ ਦੇ ਗੁਣ ਗਾਉਂਦਾ ਹੈ, ਉਸ ਦੇ ਨਾਮ ਦਾ ਸਿਮਰਨ ਕਰਦਾ ਹੈ, ਉਹ ਭਾਗਾਂ ਵਾਲਾ ਹੈ, ਉਸ ਦੇ ਮੱਥੇ ‘ਤੇ ਭਾਗਾਂ ਵਾਲੀ ਮਣੀ ਹੈ। ਅਜਿਹੇ ਮੁੱਖ ਹੀ ਅਕਾਲ ਪੁਰਖ ਦੇ ਦਰਬਾਰ ਵਿਚ ਸੋਹਣੇ ਲਗਦੇ ਹਨ ਜੋ ਉਸ ਦੇ ਗੁਣ ਗਾਇਨ ਕਰਦੇ ਹਨ,
ਭੰਡਿ ਜੰਮੀਐ ਭੰਡਿ ਨਿੰਮੀਐ
ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ
ਭੰਡਹੁ ਚਲੈ ਰਾਹੁ॥ (ਪੰਨਾ ੪੭੩)

Be the first to comment

Leave a Reply

Your email address will not be published.