ਸਾਡੇ ਸਥਾਈ ਕਾਲਮਨਵੀਸ ਸ਼ਬਦ ਕੋਸ਼ ਵਿਗਿਆਨੀ ਤੇ ਨਿਰੁਕਤ ਸ਼ਾਸਤਰੀ ਬਲਜੀਤ ਬਾਸੀ ਦਾ ਇਹ ਲੇਖ ਕੁਝ ਅਰਸਾ ਪਹਿਲਾਂ ਪੰਜਾਬ ਟਾਈਮਜ਼ ਦੇ ਇਨ੍ਹਾਂ ਕਾਲਮਾਂ ਵਿਚ ਛਪਿਆ ਸੀ ਜਿਸ ਵਿਚ ਉਨ੍ਹਾਂ ਨੇ ਹਿੰਦੀ, ਹਿੰਦੂ, ਹਿੰਦੁਸਤਾਨ ਸ਼ਬਦਾਂ ਦੀਆਂ ਜੜ੍ਹਾਂ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਬਹੁਤ ਸਾਰੇ ਪਾਠਕਾਂ ਨੇ ਇਹ ਲੇਖ ਦੁਬਾਰਾ ਛਾਪਣ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਇੱਛਾ ਅਨੁਸਾਰ ਇਹ ਲੇਖ ਦੁਬਾਰਾ ਛਾਪਿਆ ਜਾ ਰਿਹਾ ਹੈ। -ਸੰਪਾਦਕ
ਬਲਜੀਤ ਬਾਸੀ
ਭਾਰਤੀ ਜਨਤਾ ਪਾਰਟੀ ਦੇ ਪਹਿਲੇ ਅਵਤਾਰ ‘ਜਨ ਸੰਘ’ ਤੇ ‘ਹਿੰਦੂ ਮਹਾ ਸਭਾ’ ਜਿਹੀਆਂ ਭਗਵੀਆਂ ਸ਼ਕਤੀਆਂ ਵਲੋਂ ਪਿਛਲੀ ਸਦੀ ਦੌਰਾਨ ਹਿੰਦੀ, ਹਿੰਦੂ, ਹਿੰਦੁਸਤਾਨ ਦਾ ਨਾਅਰਾ ਲਗਦਾ ਰਿਹਾ ਹੈ। ਇਸ ਨੂੰ ਘੜਨ ਵਾਲਾ ਹਿੰਦੀ ਲੇਖਕ ਪਰਤਾਪ ਨਰਾਇਣ ਮਿਸ਼ਰਾ (1856-1894) ਦਸਿਆ ਜਾਂਦਾ ਹੈ। ਨਾਅਰੇ ਦਾ ਮਨੋਰਥ ਘਟਗਿਣਤੀਆਂ ‘ਤੇ ਹਿੰਦੂਵਾਦ ਦੇ ਇਕ ਖਾਸ ਰੂਪ ਨੂੰ ਠੋਸਣਾ ਸੀ। ਫਿਰ ਮੁਸਲਮਾਨਾਂ ਨੂੰ ਹਿੰਦਿਆਏ ਜਾਣ ਦਾ ਨਾਅਰਾ ਲਗਦਾ ਰਿਹਾ। ਬਾਬਰੀ ਮਸਜਿਦ ਢਾਹੁਣ ਤੋਂ ਪਹਿਲਾਂ ਤੇ ਪਿਛੋਂ ਇਨ੍ਹਾਂ ਸ਼ਕਤੀਆਂ ਨੇ ਹਮਲਾਵਰ ਹਿੰਦੂਵਾਦੀ ਪੈਂਤੜਾ ਅਖਤਿਆਰ ਕੀਤਾ। ਹਿੰਦੁਤਵ ਜਿਹਾ ਸ਼ਬਦ ਇਸ ਦੌਰ ਵਿਚ ਖੂਬ ਜ਼ੋਰ ਫੜ ਗਿਆ। ਪਿਛਲੀ ਸਦੀ ਦੇ 72ਵਿਆਂ ਦੇ ਅਖੀਰ ਦੀ ਗੱਲ ਹੈ। ਇਕ ਦਿਨ ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੀæਜੀæਆਈæ ਵਾਲੇ ਗੇਟ ਵਲੋਂ ਬਾਹਰ ਨਿਕਲ ਰਿਹਾ ਸਾਂ ਕਿ ਸੜਕ ਪਾਰ ਪੀæਜੀæਆਈæ ਦੀ ਚਾਰਦੀਵਾਰੀ ਉਤੇ ਪਹਿਲੀ ਵਾਰੀ ਮੈਂ ਹਿੰਦੀ ਵਿਚ ਲਿਖਿਆ ਇਹ ਨਾਅਰਾ ਦੇਖ ਕੇ ਚੌਂਕ ਹੀ ਗਿਆ, “ਗਰਵ ਸੇ ਕਹੋ ਕਿ ਹਮ ਹਿੰਦੂ ਹੈਂ।” ਮੇਰੀ ਹੈਰਾਨੀ ਦਾ ਇਕ ਕਾਰਨ ਇਹ ਸੀ ਕਿ ਹਿੰਦੂ ਹੋਣ ਵਾਲੀ ਗੱਲ ਨੂੰ ਗਰਵ ਨਾਲ ਦੱਸਣ ਦੀ ਕੀ ਲੋੜ ਪੈ ਗਈ ਸੀ? ਕੀ ਪਹਿਲਾਂ ਹਿੰਦੂ ਦੱਸਣ ਤੋਂ ਸ਼ਰਮ ਮਹਿਸੂਸ ਕੀਤੀ ਜਾਂਦੀ ਸੀ? ਨਾਲੇ ਬੇਲੋੜਾ ਧੌਣ ਅਕੜਾ ਕੇ ਆਪਣੇ ਧਰਮ ਦੀ ਸ਼ਨਾਖਤ ਦੱਸ ਕੇ ਧੌਂਸ ਜਮਾਉਣ ਦਾ ਕੀ ਲਾਭ? ਸੁਰਜੀਤ ਪਾਤਰ ਨੇ ਬਜਾ ਫਰਮਾਇਆ ਹੈ,
ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੀ ਭੀੜ ਵਿਚ
ਰੱਬ ਢੂੰਡਦਾ ਫਿਰਦਾ ਮੇਰਾ ਬੰਦਾ ਕਿਧਰ ਗਿਆ?
ਕੁਝ ਅਰਸੇ ਤੋਂ ਬੰਦੇ ਦੀ ਬੰਦੇ ਵਜੋਂ ਸ਼ਨਾਖਤ ਦੀ ਥਾਂ ਉਸ ਦੇ ਧਰਮ ਵਿਸ਼ੇਸ਼ ਦੀ ਸ਼ਨਾਖਤ ਉਪਰ ਵਧੇਰੇ ਬਲ ਦਿੱਤਾ ਜਾਣ ਲੱਗਾ ਹੈ। ਹਰ ਧਰਮ ਬਾਰੇ ਇਹ ਗੱਲ ਸਹੀ ਹੈ ਪਰ ਮੈਂ ਹਿੰਦੂਆਂ ਬਾਰੇ ਜੇ ਵਿਸ਼ੇਸ਼ ਤੌਰ ‘ਤੇ ਲਿਖਣ ਲਈ ਅੱਜ ਕਲਮ ਚੁਕੀ ਹੈ ਤਾਂ ਇਸ ਦਾ ਕਾਰਨ ਇਹ ਹੈ ਕਿ ਵਾਸਤਵ ਵਿਚ ਜਿਸ ਹਿੰਦੂ ਧਰਮ ‘ਤੇ ਫ਼ਖਰ ਕੀਤੇ ਜਾਣ ‘ਤੇ ਜ਼ੋਰ ਦਿਤਾ ਜਾਂਦਾ ਹੈ ਉਸ ਦਾ ਕਿਸੇ ਵੀ ਪੁਰਾਣੀ ਲਿਖਤ ਵੇਦ, ਸ਼ਾਸਤਰ, ਪੁਰਾਣ, ਰਾਮਾਇਣ, ਮਹਾਭਾਰਤ ਵਿਚ ਜ਼ਿਕਰ ਨਹੀਂ ਹੈ। ਹੋਰ ਤਾਂ ਹੋਰ ‘ਹਿੰਦੂ’ ਸ਼ਬਦ ਵੀ ਭਾਰਤ ਦੀ ਭੂਮੀ ਵਿਚ ਘੜ ਨਹੀਂ ਹੋਇਆ। ਇਸ ਦਾ ਇਕ ਸਿਧਾ ਜਿਹਾ ਸਿੱਟਾ ਤਾਂ ਫਿਰ ਇਹੀ ਨਿਕਲਦਾ ਹੈ ਕਿ ਹਿੰਦੂ ਵਜੋਂ ਆਪਣੇ ਆਪ ਨੂੰ ਸਭ ਤੋਂ ਪ੍ਰਾਚੀਨ ਕਹਾਉਂਦੇ ਧਰਮ ਦੀ ਪ੍ਰਾਚੀਨ ਜ਼ਮਾਨੇ ਵਿਚ ਹੋਂਦ ਹੀ ਨਹੀਂ ਸੀ!
ਇਹ ਗੱਲ ਸਹੀ ਹੈ ਕਿ ‘ਹਿੰਦ’ ਤੇ ਇਸ ਤੋਂ ਬਣਨ ਵਾਲੇ ਕਈ ਸ਼ਬਦ ਫਾਰਸ/ਅਰਬ ਦੇ ਲੋਕਾਂ ਨੇ ਵਿਕਸਿਤ ਕੀਤੇ ਹਨ ਤੇ ਕਿਉਂਕਿ ਉਥੋਂ ਆਏ ਹਮਲਾਵਰਾਂ ਦਾ ਰਾਜ ਭਾਰਤ ‘ਤੇ ਬਹੁਤ ਸਮਾਂ ਚਲਦਾ ਰਿਹਾ, ਇਨ੍ਹਾਂ ਦੇ ‘ਥੋਪੇ ਹੋਏ’ ਸ਼ਬਦ ਭਾਰਤ ਦੀ ਜਨਤਾ ਨੇ ਨਾ ਸਿਰ ਖਿੜੇ ਮੱਥੇ ਸਵੀਕਾਰ ਕਰ ਲਏ ਬਲਕਿ ਇਨ੍ਹਾਂ ਨੂੰ ਦੇਸ਼ ਦੇ ਮੁੱਢ-ਕਦੀਮ ਦੇ ਸ਼ਬਦ ਸਮਝਣ ਲੱਗ ਪਏ। ਭਾਈ ਕਾਹਨ ਸਿੰਘ ਨੇ ਵੀ ਇਹ ਗੱਲ ਮੰਨੀ ਹੈ, “ਹਿੰਦੂ-(ਸਿੰਧ) ਨਦੀ ਦੇ ਆਸ ਪਾਸ ਰਹਿਣ ਵਾਲੇ ਲੋਕ, ਜੋ ਆਰਯ ਕਹਾਉਂਦੇ ਸੇ, ਵਿਦੇਸ਼ੀਆਂ ਨੇ ਇਨ੍ਹਾਂ ਨੂੰ ਹਿੰਦੂ ਲਿਖਿਆ ਹੈ। ਹੁਣ ਸਾਰੇ ਭਾਰਤ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ, 2æ ਵੈਦਿਕ ਧਰਮ ਧਾਰਨ ਕਰਨ ਵਾਲਾ। ਹਿੰਦੂ ਪਦ ਦੀ ਨਿਰਦੋਸ਼ ਵਯਾਖਿਆ ਹੁਣ ਤਾਈਂ ਕੋਈ ਨਹੀਂ ਕਰ ਸਕਿਆ ਇਸ ਲਈ ਸਾਡੀ ਸਮਰਥਾ ਤੋਂ ਵੀ ਬਾਹਰ ਹੈæææ।” ਸੋ, ਭਾਰਤ ਵਿਚ ਜੁਗਾਂ ਤੋਂ ਵੈਦਿਕ ਧਰਮ ਜਾਂ ਸਨਾਤਨ ਧਰਮ ਸ਼ਬਦ ਹੀ ਪ੍ਰਚਲਤ ਸਨ। ਹਿੰਦ ਤੋਂ ਬਣਿਆ ਹਿੰਦੁਸਤਾਨ ਸ਼ਬਦ ਵੀ ਇਥੋਂ ਦੀ ਕਾਢ ਨਹੀਂ ਹੈ। ਪੁਰਾਣੇ ਜ਼ਮਾਨੇ ਦੇ ਗ੍ਰੰਥਾਂ ਵਿਚ ਇਸ ਦੇਸ਼ ਦਾ ਨਾਂ ਤਾਂ ਭਾਰਤਵਰਸ਼ ਜਾਂ ਜੰਬੂਦੇਸ਼ ਹੀ ਪ੍ਰਚਲਤ ਰਿਹਾ ਹੈ। ਭਾਰਤੀ ਸੰਵਿਧਾਨ ਨੇ ਇੰਡੀਆ ਤੇ ਭਾਰਤ ਸ਼ਬਦ ਨੂੰ ਮਾਨਤਾ ਦਿੱਤੀ ਹੈ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਨੂੰ ਨਹੀਂ। ਹਿੰਦ ਸ਼ਬਦ ‘ਸਿੰਧ’ (ਦਰਿਆ) ਦਾ ਫਾਰਸੀ/ ਅਰਬੀ ਰੂਪ ਹੈ। ਫਾਰਸੀ ਵਿਚ ‘ਸ’ ਧੁਨੀ ‘ਹ’ ਵਿਚ ਬਦਲ ਜਾਂਦੀ ਹੈ ਜਿਵੇਂ ‘ਸਪਤਾਹ’ ਦਾ ‘ਹਫਤਾ’ ਹੋਇਆ। ਤੇਰਵੀਂ ਸਦੀ ਦੇ ਫਾਰਸੀ ਸੂਫ਼ੀ ਕਵੀ ਰੂਮੀ ਦੇ ਇਕ ਸ਼ਿਅਰ ਅਨੁਸਾਰ ਅਰਬੀ ਲੋਕ ਹਿੰਦ ਅਤੇ ਸਿੰਧ ਦੇ ਫਰਕ ਤੋਂ ਵੀ ਵਾਕਿਫ ਸਨ,
ਹਿੰਦੂਆਂ ਦੇ ਵਾਸਤੇ ਹੈ ਸਹੀ ਹਿੰਦੀ ਤਰੀਕਾ,
ਸਿੰਧੀਆਂ ਦੇ ਵਾਸਤੇ ਸਹੀ ਹੈ ਸਿੰਧੀ ਤਰੀਕਾ।
ਭਾਰਤ ਦੇ ਗੁਆਂਢੀ ਅਰਬ-ਫਾਰਸ ਦੇਸ਼ਾਂ ਨਾਲ ਢੇਰ ਪੁਰਾਣੇ ਸਬੰਧ ਸਨ। 8ਵੀਂ ਸਦੀ ਵਿਚ ਅਰਬ ਦੇ ਮੁਹੰਮਦ ਬਿਨ ਕਾਸਿਮ ਨੇ ਸਿੰਧ ਅਤੇ ਪੰਜਾਬ ਫਤਿਹ ਕਰ ਲਿਆ ਜਿਸ ਨਾਲ ਭਾਰਤ ਉਤੇ ਇਸ ਖਿਤੇ ਦਾ ਸਾਮਰਾਜ ਫੈਲਣ ਦਾ ਰਾਹ ਪੱਧਰਾ ਹੋ ਗਿਆ ਸੀ। ਫਿਰ ਤੁਰਕ ਸੁਲਤਾਨ ਮੁਗਲਾਂ ਦੇ ਦੌਰ ਵਿਚ ਹਿੰਦ ਸ਼ਬਦ ਖੂਬ ਪ੍ਰਚਲਤ ਹੋਇਆ। ਪਰ ਗੌਰਤਲਬ ਹੈ ਕਿ ਉਦੋਂ ਹਿੰਦੀ, ਹਿੰਦੂ ਸ਼ਬਦਾਂ ਦਾ ਭਾਵ ਇਸ ਖਿਤੇ ਦੇ ਲੋਕ ਸਨ ਨਾ ਕਿ ਇਨ੍ਹਾਂ ਦਾ ਧਰਮ। ਭਾਰਤੀ ਲੋਕਾਂ ਦੇ ਧਾਰਮਿਕ ਵਿਸ਼ਵਾਸਾਂ ਅਤੇ ‘ਬਾਹਰੋਂ ਆਏ’ ਮੁਖ ਤੌਰ ‘ਤੇ ਇਸਲਾਮੀ ਹਾਕਿਮਾਂ ਦੇ ਮਜ਼ਹਬ ਵਿਚ ਨਿਸਚੇ ਹੀ ਢੇਰ ਫਰਕ ਹੋਣ ਕਾਰਨ ਹਿੰਦੂ ਸ਼ਬਦ ਸਹਿਜੇ ਸਹਿਜੇ ਭੂਗੋਲਿਕ ਦੇ ਨਾਲ ਨਾਲ ਭਾਰਤੀ ਲੋਕਾਂ ਦੇ ਧਰਮ ਦਾ ਸਮਾਨਾਰਥਕ ਬਣਦਾ ਗਿਆ। ਅਰਬੀ ਫਾਰਸੀ ਦੇ ਗਿਆਨ ਤੋਂ ਪ੍ਰਭਾਵਤ ਯੂਰਪੀ ਲੋਕ ਵੀ ਹਿੰਦੂ ਸ਼ਬਦ ਦਾ ਅਰਥ ਭਾਰਤੀ ਲੋਕ ਹੀ ਲੈਂਦੇ ਸਨ। ਮਧ ਕਾਲ ਦੇ ਸਾਹਿਤ ਵਿਚ ਹਿੰਦ ਤੇ ਹਿੰਦੁਸਤਾਨ ਸ਼ਬਦ ਦੀ ਕਾਫੀ ਵਰਤੋਂ ਹੋਈ ਮਿਲਦੀ ਹੈ ਜਿਸ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਹੈ,
ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ॥ -ਭਗਤ ਕਬੀਰ
ਹਿੰਦੂ ਅੰਨਾ ਤੁਰਕੂ ਕਾਣਾ॥ -ਭਗਤ ਨਾਮਦੇਵ
ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਵਿਚ ਹਿੰਦੂ ਸ਼ਬਦ ਆਮ ਤੌਰ ‘ਤੇ ਤੁਰਕ (ਮੁਸਲਮਾਨ) ਨਾਲ ਟਕਰਾਵੇਂ ਰੂਪ ਵਿਚ ਪੇਸ਼ ਕੀਤਾ ਮਿਲਦਾ ਹੈ ਜਿਸ ਦਾ ਇਹੀ ਸਿੱਟਾ ਨਿਕਲਦਾ ਹੈ ਕਿ ਬਾਹਰੋਂ ਆਏ ਮੁਸਲਮਾਨਾਂ ਤੋਂ ਇਲਾਵਾ ਬਾਕੀ ਭਾਰਤ ਦੇ ਲੋਕਾਂ ਨੂੰ ਸਮੁਚੇ ਤੌਰ ‘ਤੇ ਇਕ ਵਿਸ਼ਵਾਸ ਦੇ ਧਾਰਨੀ ਮੰਨਿਆ ਗਿਆ ਹੈ। ਗੁਰੂ ਨਾਨਕ ਦੀ ਉਸ ਸਮੇਂ ਹਿੰਦੁਸਤਾਨ ਨਾਂ ਨਾਲ ਜਾਣੇ ਜਾਣ ਵਾਲੇ ਦੇਸ਼ ਨਾਲ ਡੁਲ੍ਹ ਡੁਲ੍ਹ ਪੈਂਦੀ ਹਮਦਰਦੀ ਬਾਬਰਵਾਣੀ ਤੋਂ ਭਲੀ ਭਾਤ ਸਪਸ਼ਟ ਹੋ ਜਾਂਦੀ ਹੈ, “ਖੁਰਾਸਾਨ ਖੁਸਮਾਨਾ ਕੀਆ ਹਿੰਦੁਸਤਾਨ ਡਰਾਇਆ॥” ਹੈਰਾਨੀ ਦੀ ਗੱਲ ਹੈ ਕਿ ਸਿੱਖੀ ਦਾ ਦਮ ਭਰਨ ਵਾਲੇ ਕੁਝ ਲੋਕ ਅੱਜ ‘ਹਿੰਦੁਸਤਾਨ’ ਨੂੰ ਹਿਕਾਰਤ ਨਾਲ ਹਿੰਦੂਸਤਾਨ ਕਹਿਣ ਲੱਗ ਪਏ ਹਨ। ਹਿੰਦੁਸਤਾਨ ਦਾ ਅਰਥ ਹਿੰਦੂਆਂ ਦਾ ਦੇਸ਼ ਹੈ ਪਰ ਇਥੇ ਹਿੰਦੂ ਸਿੰਧ ਦਰਿਆ ਦੇ ਆਸ ਪਾਸ ਦੇ ਵਾਸੀ ਹਨ ਨਾ ਕਿ ਹਿੰਦੂ ਧਰਮ ਦੇ ਲੋਕ।
ਪਰ ਕੁਝ ਹਿੰਦੂ ਸ਼ਕਤੀਆਂ ਵਲੋਂ ਇਹ ਜ਼ੋਰ ਦੇਣ ਦੇ ਬਾਵਜੂਦ ਕਿ ਹਿੰਦੁਸਤਾਨ ਦਾ ਅਰਥ ਹਿੰਦੂ ਧਰਮ ਦੇ ਲੋਕਾਂ ਦੇ ਰਹਿਣ ਵਾਲਾ ਦੇਸ਼ ਹੈ, ਆਮ ਲੋਕਾਂ ਵਿਚ ਅਜਿਹੀ ਧਾਰਨਾ ਨਹੀਂ ਹੈ। ਭਾਵੇਂ ਸਮੁਚੇ ਭਾਰਤ ਨੂੰ ਵੀ ਹਿੰਦੁਸਤਾਨ ਕਿਹਾ ਜਾਂਦਾ ਹੈ ਪਰ ਮੁਢਲੇ ਤੌਰ ‘ਤੇ ਇਹ ਪੰਜਾਬ, ਬੰਗਾਲ ਅਤੇ ਦਖਣੀ ਭਾਰਤ ਨੂੰ ਛੱਡ ਕੇ ਬਾਕੀ ਦੇ ਪਰਦੇਸ਼ ਦਾ ਨਾਂ ਸਮਝਿਆ ਜਾਂਦਾ ਰਿਹਾ ਹੈ। ਸ਼ਾਹ ਮੁਹਮੰਦ ਜਦ ‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ’ ਕਹਿ ਰਹੇ ਸਨ ਤਾਂ ਇਥੇ ਸਪਸ਼ਟ ਤੌਰ ‘ਤੇ ਪੰਜਾਬ ਨੂੰ ਬਾਕੀ ਦੇ ਦੇਸ਼ ਨਾਲੋਂ ਨਿਖੇੜਿਆ ਗਿਆ ਹੈ। ਹਿੰਦੁਸਤਾਨੀ ਸ਼ਬਦ ਦਾ ਇਥੋਂ ਦੇ ਲੋਕ, ਭਾਸ਼ਾ ਤੇ ਇਸੇ ਖਿਤੇ ਵੱਲ ਸੰਕੇਤ ਹੁੰਦਾ ਹੈ। ਇਸ ਗੱਲ ਵਿਚ ਤਨਜ਼ ਭਰੀ ਸੱਚਾਈ ਹੈ ਕਿ ਅਜੋਕੇ ਭਾਰਤ ਨੂੰ ਇਕ ਅਖੰਡ ਰੂਪ ਬਣਾਉਣ ਵਿਚ ਬਾਹਰਲੀਆਂ ਸ਼ਕਤੀਆਂ ਦਾ ਯੋਗਦਾਨ ਹੈ। ਕਥਿਤ ਮੁਸਲਮਾਨੀ ਤਾਕਤਾਂ ਨੇ ਇਸ ਨੂੰ ਸ਼ੁਰੂ ਕੀਤਾ ਤੇ ਬਰਤਾਨਵੀ ਸ਼ਾਸਨ ਅਧੀਨ ਪ੍ਰਫੁਲਿਤ ਹੋਇਆ। ਭਾਰਤ ਦੀ ਆਜ਼ਾਦੀ ਦੀ ਲਹਿਰ ਤੋਂ ਪੈਦਾ ਹੋਈ ਏਕਤਾ ਨੇ ਪੰਜਾਬ, ਬੰਗਾਲ ਅਤੇ ਦੱਖਣੀ ਭਾਰਤ ਨੂੰ ਇਸ ਵਿਚ ਸਮੋ ਕੇ ਇਕ ਰਾਸ਼ਟਰ ਵਿਚ ਪਰੋ ਦਿੱਤਾ। ਕੁਝ ਹਿੰਦੂ ਸਰੋਤ ਪ੍ਰਚਾਰ ਕਰਦੇ ਹਨ ਕਿ ਹਿੰਦੁਸਤਾਨ ਸ਼ਬਦ ਦਾ ਭਾਰਤੀ/ ਸੰਸਕ੍ਰਿਤ ਰੂਪ ‘ਹਿੰਦੁਸਥਾਨ’ ਹੈ। ਉਹ ਇਕ ਪ੍ਰਾਚੀਨ ਗ੍ਰੰਥ ‘ਬ੍ਰਹਿਸਪਤੀ ਆਗਮ’ ਦਾ ਹਵਾਲਾ ਦੇ ਕੇ ਦਸਦੇ ਹਨ ਕਿ ਹਿਮਾਲਾ ਤੋਂ ਪ੍ਰਾਰੰਭ ਹੋ ਕੇ ਇੰਦੂ ਸਰੋਵਰ (ਹਿੰਦ ਮਹਾਸਾਗਰ) ਤਕ ਇਹ ਦੇਵ ਨਿਰਮਿਤ ਦੇਸ਼ ਹਿੰਦੂਸਥਾਨ ਕਹਿਲਾਉਂਦਾ ਹੈ।
ਅੱਗੇ ਜਾਣ ਤੋਂ ਪਹਿਲਾਂ ਹਿੰਦੁਸਤਾਨ ਸ਼ਬਦ ਵਿਚਲੇ ‘ਸਤਾਨ’ ਸ਼ਬਦ ਦੀ ਚਰਚਾ ਕਰ ਲਈਏ। ਸੰਸਕ੍ਰਿਤ ਜਾਂ ਕਿਸੇ ਹੋਰ ਭਾਰਤੀ ਭਾਸ਼ਾ ਵਿਚ ‘ਸਥਾਨ’ ਸ਼ਬਦ ਕਿਸੇ ਪ੍ਰਦੇਸ਼ ਦੇ ਨਾਂ ਪਿਛੇ ਨਹੀਂ ਲਗਦਾ। ਦੂਸਰੇ ਪਾਸੇ ਈਰਾਨੀ ਤੇ ਅਲਤਾਇਕ ਭਾਸ਼ਾਵਾਂ ਦੇ ਅਨੇਕਾਂ ਦੇਸ਼ਾਂ, ਪ੍ਰਦੇਸਾਂ ਦੇ ਨਾਂ ਪਿਛੇ ‘ਸਤਾਨ’ ਲਗਦਾ ਹੈ ਜਿਵੇਂ ਅਫ਼ਗਾਨਿਸਤਾਨ, ਕਜ਼ਾਕਿਸਤਾਨ, ਤੁਰਕਿਸਤਾਨ, ਉਜ਼ਬੇਕਿਸਤਾਨ, ਪਾਕਿਸਤਾਨ, ਬਲੋਚਿਸਤਾਨ, ਕਿਰਗਿਜ਼ਸਤਾਨ, ਤੁਰਕਮੇਨਿਸਤਾਨ, ਨਖਲਿਸਤਾਨ ਆਦਿ। ‘ਸਤਾਨ’ ਅਤੇ ‘ਸਥਾਨ’ ਸ਼ਬਦ ਸੁਜਾਤੀ ਹਨ ਅਤੇ ਦੋਨਾਂ ਦਾ ਮੁਢਲਾ ਅਰਥ ਜਗ੍ਹਾ ਹੁੰਦਾ ਹੈ। ਇਹ ਭਾਰੋਪੀ ਮੂਲ ‘ਸਟਾ’ ਤੋਂ ਬਣਿਆ ਸ਼ਬਦ ਹੈ ਜਿਸ ਤੋਂ ਬਹੁਤ ਸਾਰੀਆਂ ਹਿੰਦ-ਯੂਰਪੀ ਭਾਸ਼ਾਵਾਂ ਵਿਚ ਬੇਸ਼ੁਮਾਰ ਸ਼ਬਦ ਬਣੇ ਹਨ। ਇਸ ਵਿਚ ਸਥਿਰਤਾ ਜਾਂ ਖੜੇ ਹੋਣ ਦਾ ਭਾਵ ਹੈ। ਸਥਿਰ, ਸਥਿਤੀ, ਸਥਾਨ ਸ਼ਬਦ ਇਸੇ ਤੋਂ ਬਣੇ ਹਨ। ਅੰਗਰੇਜ਼ੀ ਸਟਅਨਦ, ਸਟਅਟਿਨ, ਸਟeਟ, ਅਸਸਸਿਟ, ਸਟਅੇ ਤੇ ਹੋਰ ਅਨੇਕਾਂ ਸ਼ਬਦ ਬਣੇ ਹਨ ਜਿਨ੍ਹਾਂ ਦੀ ਚਰਚਾ ਫਿਰ ਕਦੇ ਕਰਾਂਗੇ। ਸਿੰਧ, ਜਿਸ ਤੋਂ ਹਿੰਦ ਸ਼ਬਦ ਬਣਿਆ ਦੇ ਅਰਥ ਹਨ-ਦਰਿਆ, ਪਾਣੀ, ਸਾਗਰ। ਸਪਤ-ਸਿੰਧੂ ਤੋਂ ਮੁਰਾਦ ਸੱਤ ਦਰਿਆਵਾਂ ਵਾਲਾ ਦੇਸ਼ ਹੈ। ਬਾਅਦ ਵਿਚ ਸਿੰਧ ਸ਼ਬਦ ਇਕ ਦਰਿਆ ਵਿਸ਼ੇਸ਼ ਦੇ ਨਾਂ ਵਜੋਂ ਵੀ ਰੂੜ੍ਹ ਹੋ ਗਿਆ। ਸਿੰਧ ਸ਼ਬਦ ਦਾ ਧਾਤੂ ‘ਸਿਧ’ ਹੈ ਜਿਸ ਦਾ ਅਰਥ ਜਾਣਾ ਹੁੰਦਾ ਹੈ, ਦਰਿਆ ਦੇ ਅਰਥਾਂ ਵਿਚ ਇਸ ਦਾ ਅਰਥ ਵਗਣਾ ਹੋਇਆ। ਕਹਾਵਤ ਹੈ, ‘ਦਰਿਆ ਸਿੰਧ ਕੰਜਰੀ ਵਾਂਗੂੰ ਹੈ’ ਅਰਥਾਤ ਚੰਚਲ ਹੈ। ਸੇਂਧਾ ਲੂਣ ਸਿੰਧ ਇਲਾਕੇ ਵਿਚੋਂ ਨਿਕਲਦਾ ਹੈ।
ਕੁਝ ਅਰਬੀ-ਫਾਰਸੀ ਦੇ ਸ਼ਬਦਾਂ ਵਿਚ ਹਿੰਦ ਸ਼ਬਦ ਸਮਾਇਆ ਹੋਇਆ ਹੈ। ਹਦਵਾਣਾ ਮੁਢਲੇ ਤੌਰ ‘ਤੇ ਫਾਰਸੀ ਸ਼ਬਦ ਹੈ ਜਿਸ ਦਾ ਅਰਥ ਹੈ ‘ਹਿੰਦ ਦਾ ਖਾਣਾ’, ਹਦਵਾਣਾ=ਹਿੰਦ+ਵਾਣਾ (ਅੰਨ ਦਾ ਸੁਜਾਤੀ)। ਇਮਲੀ ਲਈ ਅੰਗਰੇਜ਼ੀ ਸ਼ਬਦ ਟਅਮਅਰਨਿਦ ਦੀ ਦਿਲਚਸਪ ਕਹਾਣੀ ਹੈ। ਜਦ ਅਰਬ ਵਪਾਰੀ ਹਿੰਦੁਸਤਾਨ ਤੋਂ ਇਮਲੀ ਲੈ ਕੇ ਗਏ ਤਾਂ ਉਨ੍ਹਾਂ ਦੇਖਿਆ ਕਿ ਇਸ ਦਾ ਆਕਾਰ ਸੁੱਕੀ ਖਜੂਰ ਵਰਗਾ ਹੈ। ਸੋ ਉਨ੍ਹਾਂ ਨੇ ਇਸ ਦਾ ਨਾਂ ਧਰ ਦਿੱਤਾ ‘ਤਮਰ ਉਲ ਹਿੰਦ’ ਅਰਥਾਤ ਭਾਰਤੀ ਖਜੂਰ। ਅਰਬੀ ਵਿਚ ਤਮਰ ਦਾ ਅਰਥ ਖਜੂਰ ਹੁੰਦਾ ਹੈ। ਇਹ ਤਮਰ ਉਲ ਹਿੰਦ ਜਦ ਯੂਰਪੀ ਦੇਸ਼ਾਂ ਵਿਚ ਪਹੁੰਚਾ ਤਾਂ ਇਸ ਦਾ ਹੁਲੀਆ ਬਣ ਗਿਆ ਟੈਮਾਰਿੰਡ ਟਅਮਅਰਨਿਦ।
ਯੂਨਾਨ ਤੋਂ ਦੁਨੀਆਂ ਜਿੱਤਣ ਆਇਆ ਸਿਕੰਦਰ ਸਿੰਧ ਦਰਿਆ ਪਾਰ ਕਰਕੇ ਹੀ ਮੁੜ ਗਿਆ ਸੀ। ਇਸ ਤੋਂ ਯੁਨਾਨੀ (ਗਰੀਕ) ਭਾਸ਼ਾ ਵਿਚ ਸਿੰਧ ਸ਼ਬਦ ਦਾ ਗਰੀਕ ਰੂਪ ਇੰਡੋ ਹੋ ਗਿਆ, ਅਰਥਾਤ ‘ਸ’ ਧੁਨੀ ‘e’ ਵਿਚ ਬਦਲ ਗਈ। ਇਸੇ ਤੋਂ ਯੂਰਪੀ ਭਾਸ਼ਾਵਾਂ ਵਿਚ ਹਿੰਦ ਲਈ ‘ਇੰਡੀਆ’ ਜਿਹੇ ਨਾਮ ਪ੍ਰਚਲਤ ਹੋਏ। ਯੂਨਾਨ ਦੇ ਮੈਂਗਸਥਨੀਜ਼ ਨੇ ਈਸਵੀ ਸੰਮਤ ਤੋਂ ਤਿੰਨ ਸੌ ਸਾਲ ਪਹਿਲਾਂ ਭਾਰਤ ਬਾਰੇ ੀਨਦਚਿਅ ਨਾਂ ਦੀ ਕਿਤਾਬ ਲਿਖੀ। ਇਸ ਤਰ੍ਹਾਂ ਇੰਡੀਆ ਸ਼ਬਦ ਵੀ ਸਾਡੇ ਉਤੇ ਸਾਮਰਾਜੀਆਂ ਨੇ ਥੋਪਿਆ ਜੋ ਅੱਜ ਕਲ੍ਹ ਸਭ ਤੋਂ ਵਧ ਵਰਤੀਂਦਾ ਹੈ। ਹਿੰਦੂਇਜ਼ਮ ਸ਼ਬਦ ਪਹਿਲੀ ਵਾਰ 1830 ਵਿਚ ਬਰਤਾਨਵੀ ਲੇਖਕਾਂ ਨੇ ਵਰਤਿਆ। ਨੀਲ ਦੇ ਅਰਥਾਂ ਵਾਲਾ ਨਿਦਗੋ ਸ਼ਬਦ ਵੀ ਨਿਦ ਤੋਂ ਬਣਿਆ ਕਿਉਂਕਿ ਇਹ ਇਕ ਭਾਰਤੀ ਪੌਦੇ ਤੋਂ ਤਿਆਰ ਹੁੰਦਾ ਸੀ। ਕੀ ਵਿਅੰਗ ਹੈ ਕਿ ਮੁਸਲਮਾਨਾਂ ਈਸਾਈਆਂ ‘ਤੇ ਧੌਂਸ ਜਮਾਉਣ ਲਈ ਵਰਤਿਆ ਜਾਂਦਾ ਹਿੰਦੂ ਸ਼ਬਦ ਇਨ੍ਹਾਂ ਧਰਮਾਂ ਦੇ ਅਨੁਆਈਆਂ ਜਾਂ ਉਨ੍ਹਾਂ ਦੇ ਪੂਰਵਜਾਂ ਦੀ ਦੇਣ ਹੈ!
Leave a Reply