ਗੁਲਜ਼ਾਰ ਸਿੰਘ ਸੰਧੂ
ਦੋ ਫਰਵਰੀ ਮੇਰੇ ਮਿੱਤਰ ਖੁਸ਼ਵੰਤ ਸਿੰਘ ਦਾ ਜਨਮ ਦਿਨ ਸੀ। ਉਸ ਦੇ 100ਵੇਂ ਵਰ੍ਹੇ ਵਿਚ ਪ੍ਰਵੇਸ਼ ਕਰਨ ਦਾ ਦਿਨ। ਪੰਜਾਬ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਉਸ ਦੀ ਸਾਹਿਤ, ਇਤਿਹਾਸ ਤੇ ਪੱਤਰਕਾਰੀ ਨੂੰ ਦੇਣ ਬਾਰੇ ਪੰਜ ਫਰਵਰੀ ਨੂੰ ਇਕ ਵਧੀਆ ਸੈਮੀਨਾਰ ਰਚਾਇਆ। ਉਥੇ ਉਪ ਕੁਲਪਤੀ ਏæ ਕੇæ ਗਰੋਵਰ ਤੋਂ ਬਿਨਾਂ ਇਤਿਹਾਸਕਾਰ ਡਾæ ਇੰਦੂ ਬੰਗਾ ਤੇ ਖੁਸ਼ਵੰਤ ਸਿੰਘ ਦਾ ਬੇਟਾ ਰਾਹੁਲ ਸਿੰਘ ਵੀ ਖੁੱਲ੍ਹ ਕੇ ਬੋਲੇ। ਡਾæ ਬੰਗਾ ਨੇ ਉਸ ਦੀ ਇਤਿਹਾਸਕਾਰੀ ਨੂੰ ਰਚਨਾਤਮਕ ਗਰਦਾਨਿਆਂ ਤੱਥਾਂ ਵਜੋਂ ਊਣੀ ਕਿਹਾ। ਰਾਹੁਲ ਨੇ ਆਪਣੇ ਪਿਤਾ ਨੂੰ ਦਿਲ ਦਾ ਬਾਦਸ਼ਾਹ ਦੱਸਿਆ ਜਿਹੜਾ ਸਦਾ ਆਪਣੇ ਦਿਲ ਦੀ ਗੱਲ ਕਰਦਾ ਹੈ ਤੇ ਇਸ ਤਰ੍ਹਾਂ ਕਈ ਵਾਰੀ ਬਹੁਤ ਚੰਗੇ ਮਿੱਤਰਾਂ ਨਾਲ ਵੀ ਵਿਗਾੜ ਲੈਂਦਾ ਹੈ। ਤੱਥਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਦਾ। ਖੁਸ਼ਵੰਤ ਸਿੰਘ ਨੇ ਆਪਣੇ ਲਿਖਤੀ ਸੰਦੇਸ਼ ਵਿਚ ਆਉਣ ਵਾਲੇ ਸਮੇਂ ਨੂੰ ਨੌਜਵਾਨਾਂ ਦਾ ਯੁੱਗ ਕਿਹਾ। ਉਸ ਨੇ ਚੰਗੇਰੀ ਵਿਦਿਆ ਅਤੇ ਧੀਆਂ ਦੀ ਬਿਹਤਰੀ ਉਤੇ ਵੀ ਪੂਰਾ ਜ਼ੋਰ ਦਿੱਤਾ।
ਡਾæ ਮਹਿੰਦਰ ਸਿੰਘ ਰੰਧਾਵਾ ਦਾ ਜਨਮ ਦਿਨ ਵੀ ਦੋ ਫਰਵਰੀ ਹੈ। ਇਸ ਪ੍ਰਸੰਗ ਵਿਚ ਪੰਜਾਬ ਕਲਾ ਪ੍ਰੀਸ਼ਦ ਨੇ ਪੂਰਾ ਇਕ ਮਹੀਨਾ ਰੰਧਾਵਾ ਦੀ ਸ਼ਖਸੀਅਤ ਤੇ ਦੇਣ ਦੇ ਵਖ ਵਖ ਰੂਪਾਂ ਨੂੰ ਕਲਾ, ਸਾਹਿਤ, ਸੰਗੀਤ ਤੇ ਸਭਿਆਚਾਰ ਵਿਚ ਢਾਲ ਕੇ ਪੇਸ਼ ਕਰਨ ਦਾ ਐਲਾਨ ਕੀਤਾ। ਪਹਿਲੇ ਦਿਨ ਯਾਦਗਾਰੀ ਭਾਸ਼ਨ ਤੋਂ ਬਿਨਾਂ ਉਨ੍ਹਾਂ ਦੇ ਜੀਵਨ ਬਾਰੇ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ ਜਿੱਥੇ ਉਨ੍ਹਾਂ ਦੀ ਪਤਨੀ ਇਕਬਾਲ ਕੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸਰਵਣ ਸਿੰਘ ਫਲੌਰ ਨੇ ਵਿਸ਼ੇਸ਼ ਮਹਿਮਾਨ ਹੋਣ ਤੋਂ ਬਿਨਾ ਪ੍ਰੇਮ ਸਿੰਘ ਆਰਟਿਸਟ ਵਰਗੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ।
ਮੇਰੇ ਲਈ ਦੋਨੋਂ ਸਮਾਗਮ ਅਹਿਮ ਸਨ। ਮੈਂ ਖੁਸ਼ਵੰਤ ਸਿੰਘ ਨੂੰ 1957 ਤੋਂ ਮਿਲਦਾ ਆ ਰਿਹਾ ਹਾਂ ਅਤੇ ਪੂਰੇ ਤਿੰਨ ਦਹਾਕੇ ਰੰਧਾਵਾ ਸਾਹਿਬ ਦੀ ਸੰਗਤ ਵਿਚ ਕੰਮ ਕੀਤਾ ਹੈ। ਮੈਂ ਦੋਨਾਂ ਦੀ ਬਹੁ ਪੱਖੀ ਸ਼ਖਸੀਅਤ ਤੋਂ ਕੇਵਲ ਜਾਣੂ ਹੀ ਨਹੀਂ, ਉਨ੍ਹਾਂ ਦਾ ਦੇਣਦਾਰ ਵੀ ਹਾਂ। ਜੇ ਖੁਸ਼ਵੰਤ ਸਿੰਘ ਕਲਮ ਦਾ ਬਾਦਸ਼ਾਹ ਹੈ ਤਾਂ ਰੰਧਾਵਾ ਪੰਜਾਬ ਦੇ ਸਭਿਆਚਾਰਕ ਵਿਕਾਸ ਦਾ। ਖੁਸ਼ਵੰਤ ਸਿੰਘ ਕਹਾਣੀ, ਨਾਵਲ, ਇਤਿਹਾਸ ਕੁਝ ਵੀ ਲਿਖੇ ਉਸ ਦੀ ਰਚਨਾਕਾਰੀ ਸਮਾਂ ਬੰਨ੍ਹ ਦਿੰਦੀ ਹੈ। ਉਸ ਦਾ ਨਾਵਲ Ḕਪਾਕਿਸਤਾਨ ਮੇਲḔ ਫਿਲਮਾਇਆ ਜਾ ਚੁੱਕਾ ਹੈ ਤੇ ਉਸ ਦੀ ਸੰਪਾਦਕੀ ਥੱਲੇ ਇਲਸਟ੍ਰੇਡ ਵੀਕਰੀ ਆਫ ਇੰਡੀਆ ਦੇ ਪਾਠਕਾਂ ਦੀ ਗਿਣਤੀ ਹਜ਼ਾਰਾਂ ਦੀ ਥਾਂ ਲੱਖਾਂ ਤਕ ਪਹੁੰਚ ਗਈ ਸੀ। ਕਲ ਤੱਕ ਉਸ ਦੇ ਕਾਲਮ ਦੇਸ਼ ਵਿਦੇਸ਼ ਦੇ ਪੰਜ ਦਰਜਨ ਪੱਤਰਾਂ ਵਿਚ ਛਪਦੇ ਰਹੇ ਹਨ। ਮਹਿੰਦਰ ਸਿੰਘ ਰੰਧਾਵਾ ਵੀ ਸਾਹਿਤ, ਕਲਾ ਤੇ ਸਭਿਆਚਾਰ ਨੂੰ ਦੇਣ ਬਾਰੇ ਪੁਸਤਕਾਂ ਲਿਖੀਆਂ ਜਾ ਸਕਦੀਆਂ ਹਨ ਤੇ ਲਿਖੀਆਂ ਜਾ ਰਹੀਆਂ ਹਨ। ਟ੍ਰਿਬਿਊਨ ਸੰਸਥਾ ਦਾ ਟਰਸਟੀ ਬਣਦਿਆਂ ਇਸ ਦੇ ਹਿੰਦੀ ਤੇ ਪੰਜਾਬੀ ਐਡੀਸ਼ਨ ਸ਼ੁਰੂ ਕਰਵਾਉਣ ਵਾਲਾ ਵੀ ਉਹੀਓ ਸੀ।
ਟ੍ਰਿਬਿਊਨ ਦਾ ਜਨਮ ਦਿਨ ਵੀ ਦੋ ਫਰਵਰੀ ਹੀ ਹੈ। ਇਹ ਦਿਆਲ ਸਿੰਘ ਮਜੀਠੀਆ ਦੀ ਦ੍ਰਿਸ਼ਦੀ ਸਦਕਾ 133 ਸਾਲ ਪਹਿਲਾਂ ਇਸ ਦਿਨ ਲਾਹੌਰ ਤੋਂ ਸ਼ੁਰੂ ਹੋਇਆ ਸੀ, ਅੰਗਰੇਜ਼ੀ ਭਾਸ਼ਾ ਵਿਚ। 1947 ਤੱਕ ਇਹ ਅਟੁੱਟ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਨਿਕਲਦਾ ਰਿਹਾ ਤੇ ਉਸ ਤੋਂ ਪਿੱਛੋਂ ਸ਼ਿਮਲਾ ਤੇ ਅੰਬਾਲਾ ਰਾਹੀਂ ਚੰਡੀਗੜ੍ਹ ਆ ਟਿਕਿਆ। ਦੇਸ਼ ਦੇ ਇਧਰਲੇ ਪਾਸੇ ਦੇ ਖੇਤਰ ਵਿਚ ਇਹਦੇ ਵਰਗਾ ਪ੍ਰਭਾਵ ਹੋਰ ਕੋਈ ਅਖਬਾਰ ਨਹੀਂ ਪਾ ਸਕਿਆ। ਸ਼ ਦਿਆਲ ਸਿੰਘ ਮਜੀਠੀਆ ਨੇ ਇਸ ਅਖਬਾਰ ਤੋਂ ਬਿਨਾ ਆਪਣੇ ਨਾਂ ਦਾ ਇਕ ਕਾਲਜ ਤੇ ਇਕ ਲਾਇਬ੍ਰੇਰੀ ਵੀ ਸਥਾਪਤ ਕੀਤੀ। ਇਨ੍ਹਾਂ ਦਾ ਸਥਾਨ ਵੀ ਉਤਮ ਹੈ। ਮਜੀਠੀਆ ਨੇ ਕੇਵਲ 50 ਸਾਲ ਦੀ ਉਮਰ ਭੋਗੀ। ਟ੍ਰਿਬਿਊਨ ਦੀ ਸਥਾਪਨਾ ਕਰਨ ਸਮੇਂ ਉਹ ਕੇਵਲ 33 ਸਾਲ ਦਾ ਸੀ।
ਇਸ ਸਾਲ ਦੋ ਫਰਵਰੀ ਤੋਂ ਦੋ ਦਿਨ ਪਿੱਛੋਂ ਬਸੰਤ ਪੰਚਮੀ ਸੀ ਜਿਸ ਨੇ ਅਟੁੱਟ ਪੰਜਾਬ ਦਾ ਅਤਿਅੰਤ ਮਹਾਨ ਇਕ ਹੋਰ ਪੰਜਾਬੀ ਚੇਤੇ ਕਰਵਾ ਦਿੱਤਾ ਹੈ। ਰੋਹਤਕ ਜ਼ਿਲ੍ਹੇ ਦੇ ਗੜ੍ਹੀ ਸਾਂਪਲਾ ਪਿੰਡ ਵਿਚ ਜਨਮਿਆ ਸਰ ਛੋਟੂ ਰਾਮ। ਉਸ ਨੇ ਉਰਦੂ ਵਿਚ ਲਿਖੇ ਆਪਣੇ ਲੇਖਾਂ ਤੇ ਯੂਨੀਅਨ ਮਨਿਸਟਰੀ ਤੋਂ 1936 ਤੇ 1943 ਵਿਚਕਾਰ ਪਾਸ ਕਰਵਾਏ ਕਿਰਸਾਣ ਪੱਖੀ ਕਾਨੂੰਨਾਂ ਨਾਲ ਛੋਟੇ ਵੱਡੇ ਜ਼ਿਮੀਦਾਰਾਂ ਦਾ ਉਹ ਕਲਿਆਣ ਕੀਤਾ ਕਿ ਉਹ ਅਟੁੱਟ ਪੰਜਾਬ ਦੇ ਕਿਰਸਾਨਾਂ ਦਾ ਮਸੀਹਾ ਮੰਨਿਆ ਜਾਂਦਾ ਹੈ। ਉਸ ਪੰਜਾਬ ਦਾ ਜਿਸ ਵਿਚ ਪਾਕਿਸਤਾਨੀ ਪੰਜਾਬ ਹੀ ਨਹੀਂ ਇਧਰਲਾ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵੀ ਸ਼ਾਮਲ ਸੀ। 24 ਨਵੰਬਰ 1881 ਨੂੰ ਜੰਮਿਆ ਇਹ ਪੰਜਾਬੀ ਆਪਣਾ ਜਨਮ ਦਿਨ ਬਸੰਤ ਪੰਚਮੀ ਵਾਲੇ ਦਿਨ ਮਨਾਉਂਦਾ ਹੁੰਦਾ ਸੀ। ਮੈਨੂੰ ਇਸ ਵਰ੍ਹੇ ਦੀ ਬਸੰਤ ਪੰਚਮੀ ਤੇ ਇਨ੍ਹਾਂ ਪੰਜਾਬੀ ਪਿਆਰਿਆਂ ਨੂੰ ਚੇਤੇ ਕਰਨਾ ਚੰਗਾ ਲੱਗ ਰਿਹਾ ਹੈ। ਦੁਨੀਆਂ ਭਰ ਦੇ ਪੰਜਾਬੀਆਂ ਨੂੰ ਬਸੰਤ ਰੁੱਤ ਮੁਬਾਰਕ!
ਚੰਡੀਗੜ੍ਹ ਦਾ ਨਵਾਂ ਵਿੱਤ ਸਕੱਤਰ: ਮੇਰੇ ਮਿੱਤਰ ਮਨਮੋਹਨ ਸਿੰਘ ਦੇ ਬੇਟੇ ਸਰਵਜੀਤ ਨੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਵਿੱਤ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ। ਉਹ ਚਾਰ ਸਾਲ ਦਾ ਸੀ ਜਦੋਂ ਮੈਂ ਆਪਣੀ ਕਾਰ ਵਿਚ ਉਸ ਦੇ ਪਿਤਾ ਨੂੰ ਉਨ੍ਹਾਂ ਦੇ ਲੋਧੀ ਰੋਡ ਵਾਲੇ ਘਰ ਛੱਡਣ ਜਾ ਰਿਹਾ ਸਾਂ। ਰਸਤੇ ਵਿਚ ਬੂੰਦਾ ਬਾਂਦੀ ਹੋਣ ਲੱਗੀ ਤਾਂ ਮੈਂ ਵਾਈਪਰ ਚਲਾ ਲਏ। “ਇਨ੍ਹਾਂ ਨੂੰ ਕੀ ਕਹਿੰਦੇ ਹਨ ਜੀਤ?” ਮਨਮੋਹਣ ਸਿੰਘ ਨੇ ਪੁੱਛਿਆ। “ਸ਼ੀਸ਼ਾ ਸਾਫ ਕਰਨ ਵਾਲੇ ਡੰਡੇ'” ਕਹਿ ਕੇ ਉਸ ਨੇ ਸਾਨੂੰ ਦੋਹਾਂ ਨੂੰ ਹੈਰਾਨ ਕਰ ਦਿੱਤਾ। “ਆਪਾਂ ਨੂੰ ਇਸ ਦੇ ਭਵਿੱਖ ਬਾਰੇ ਸੋਚਣ ਦੀ ਲੋੜ ਨਹੀਂ”, ਮੇਰੇ ਮੂੰਹੋਂ ਅਚਾਨਕ ਹੀ ਨਿਕਲਿਆ, “ਇਹ ਆਪਣਾ ਰਸਤਾ ਆਪ ਹੀ ਬਣਾ ਲਵੇਗਾ। ਸਰਵਜੀਤ ਸੁੱਚਾ ਤੇ ਸਫਲ ਅਫਸਰ ਹੈ। ਨਵੀਂ ਨੌਕਰੀ ਉਤੇ ਤਾਇਨਾਤ ਹੋਣ ਤੋਂ ਪਹਿਲਾਂ ਉਹ ਪੰਜਾਬ ਦਾ ਮਾਲ ਸਕੱਤਰ ਸੀ।
ਮਨਮੋਹਣ ਸਿੰਘ ਅਜ ਕੱਲ ਆਪਣੀ ਬੇਟੀ ਰੋਜ਼ੀ ਕੋਲ ਬਰਤਾਨੀਆ ਵਿਚ ਹੈ। ਮੇਰੇ ਵੱਲੋਂ ਉਸ ਨੂੰ ਵਧਾਈ ਦੇਣ ਦਾ ਇਹ ਵੀ ਇਕ ਤਰੀਕਾ ਹੈ। ਦੁਨੀਆਂ ਬਦਲ ਰਹੀ ਹੈ।
ਅੰਤਿਕਾ: (ਸੋਹਣ ਸਿੰਘ ਮੀਸ਼ਾ)
ਪੁਛਦੀ ਲਹੂ ਲੁਹਾਨ ਹੈ ਧਰਤੀ ਪੰਜਾਬ ਦੀ
ਕੱਟੋਗੇ ਕਦੋਂ ਤੀਕ ਮੇਰਾ ਬੰਦ ਬੰਦ ਹੋਰ।
Leave a Reply