ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
‘ਪੰਜਾਬ ਟਾਈਮਜ਼’ ਦੇ ਪਾਠਕਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀਆਂ ਨਿਮਾਣੀਆਂ ਲਿਖਤਾਂ ਨੂੰ ਅਥਾਹ ਪਿਆਰ ਬਖ਼ਸ਼ਿਆ। ਮੈਂ ਉਨ੍ਹਾਂ ਵੀਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਕਿਹਾ, ‘ਛੋਟੇ ਵੀਰ, ਅਸੀਂ ਤੇਰੇ ਨਾਲ ਹਾਂ, ਤੂੰ ਕਿਸੇ ਗੱਲ ਦਾ ਫਿਕਰ ਨਾ ਕਰੀ।’ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ।ਬੇਕਰਜ਼ਫੀਲਡ ਸ਼ਹਿਰ ਵਿਚ ਰਹਿ ਰਹੀ ਪਿੰਡ ਤਖਾਣਵੱਧ ਦੀ ਮਾਤਾ ਕਰੀਬ 75 ਸਾਲ ਦੀ ਉਮਰ ਵਿਚ ‘ਪੰਜਾਬ ਟਾਈਮਜ਼’ ਬੜੇ ਪਿਆਰ ਨਾਲ ਪੜ੍ਹਦੀ ਹੈ। ਮਾਤਾ ਜੀ ਨੂੰ ਬਚਪਨ ਤੋਂ ਹੀ ਸਾਹਿਤ ਨਾਲ ਪਿਆਰ ਹੈ। ਪਿਛਲੇ ਕਈ ਸਾਲਾਂ ਤੋਂ ਮਾਤਾ ਜੀ ਵ੍ਹੀਲਚੇਅਰ ‘ਤੇ ਹਨ। ਮੇਰਾ ਹਰ ਲੇਖ ਪੜ੍ਹ ਕੇ ਮਾਤਾ ਜੀ ਫੋਨ ਕਰਦੇ ਹਨ। ਮੇਰਾ ਤੇ ਮੇਰੇ ਪਰਿਵਾਰ ਦਾ ਐਨਾ ਫਿਕਰ ਕਰਦੇ ਹਨ, ਮੈਂ ਖੁਦ ਹੈਰਾਨ ਹੋ ਜਾਂਦਾ ਹਾਂ। ਪਿਛਲੇ ਚਾਰ ਸਾਲ ਤੋਂ ਸਾਡਾ ਫੋਨ ਰਾਹੀਂ ਹੀ ਸੰਪਰਕ ਹੈ। ਮਾਤਾ ਕਹਿੰਦੀ ਹੈ, “ਮੇਜਰ, ਇਕ ਵਾਰ ਆ ਕੇ ਮਿਲ ਜਾ, ਫਿਰ ਰੱਬ ਭਲਾਂ ਦੂਜੇ ਦਿਨ ਹੀ ਚੁੱਕ ਲਵੇ।”
ਮੈਂ ਮਾਰਚ ਵਿਚ ਮਾਤਾ ਜੀ ਨੂੰ ਮਿਲਣ ਵਾਸਤੇ ਘਰੋਂ ਤੁਰਿਆ। ਪਹਿਲਾਂ ਸਟਾਕਟਨ ਵਾਲੀ ਮਾਤਾ ਜੀ ਕੋਲ ਰੁਕਿਆ। ਫਿਰ ਮਾਡੈਸਟੋ ਪਾਠਕ ਵੀਰਾਂ ਕੋਲ ਰੁਕਿਆ। ਜਦੋਂ ਮੈਂ ਫਰਿਜ਼ਨੋ ਆਪਣੇ ਮਿੱਤਰ ਮੱਖਣ ਸਿੰਘ ਸੰਧੂ ਤੇ ਭੁਪਿੰਦਰ ਸਿੰਘ ਪੰਧੇਰ ਕੋਲ ਦੋ ਦਿਨ ਰੁਕਿਆ ਤਾਂ ਮੈਨੂੰ ਮੇਰੇ ਵਕੀਲ ਦਾ ਫੋਨ ਆ ਗਿਆ ਕਿ ਸੋਮਵਾਰ ਨੂੰ ਮੈਨੂੰ ਆ ਕੇ ਮਿਲ। ਮੈਂ ਦੂਜੇ ਦਿਨ ਹੀ ਗੱਡੀ ਸੈਨ ਫਰਾਂਸਿਸਕੋ ਵੱਲ ਮੋੜ ਦਿੱਤੀ। ਮਾਤਾ ਜੀ ਨਾਲ ਮੇਲ ਨਾ ਹੋ ਸਕਿਆ। ਪਰਮਾਤਮਾ ਮਿਹਰ ਕਰੇ, ਮੈਂ ਮਾਤਾ ਜੀ ਨੂੰ ਜਲਦੀ ਮਿਲ ਆਵਾਂ। ਮਾਤਾ ਜੀ ਨਾਲ ਫੋਨ ‘ਤੇ ਗੱਲ ਕਰ ਰਿਹਾ ਸਾਂ ਕਿ ਦੂਜੀ ਲਾਈਨ ‘ਤੇ ਕਈ ਵਾਰ ਫੋਨ ਆਇਆ। ਮਾਤਾ ਜੀ ਨੂੰ ਫਤਿਹ ਬੁਲਾ ਕੇ ਦੂਜਾ ਫੋਨ ਸਣਿਆ ਤਾਂ ਉਸ ਵਿਚੋਂ ਉਸ ਬਾਈ ਦੀ ਆਹ ਹੱਡ-ਬੀਤੀ ਨਿਕਲੀ ਜਿਸ ਨੂੰ ਪੜ੍ਹ ਕੇ ਤੁਸੀਂ ਵੀ ਸੋਚੋਗੇ ਕਿ ਲਾਲਚ ਦੀ ਵਲਟੋਹੀ ‘ਤੇ ਸਬਰ ਦਾ ਢੱਕਣ ਅਸੀਂ ਆਪ ਹੀ ਰੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਆਪਣੇ ਹੱਥੀਂ ਆਪਣਿਆਂ ਨੂੰ ਹੀ ਲਾਲਚ ਦੀ ਤਲਵਾਰ ਫੜਾ ਦਿੰਦੇ ਹਾਂ ਜੋ ਕੁਝ ਸਮੇਂ ਬਾਅਦ ਸਾਡੇ ਗਲ ‘ਤੇ ਆ ਲਟਕਦੀ ਹੈ। ਉਸ ਬਾਈ ਨੇ ਦੱਸਿਆ,
æææਮੇਰੇ ਤਿੰਨ ਭਰਾ ਤੇ ਦੋ ਭੈਣਾਂ ਹਨ। ਛੋਟੇ ਹੁੰਦਿਆਂ ਬਾਪੂ ਮਰਨ ਲੱਗਿਆ ਕਹਿੰਦਾ, ‘ਸੁੱਖਿਆ ਪੁੱਤ, ਤੂੰ ਸਭ ਤੋਂ ਵੱਡਾ ਹੈਂ, ਆਪਣੇ ਛੋਟੇ ਭੈਣ ਭਰਾਵਾਂ ਨੂੰ ਸਾਂਭੀ, ਆਪਣੀ ਮਾਂ ਨੂੰ ਜ਼ਿੰਦਗੀ ਵਿਚ ਕੋਈ ਦੁੱਖ ਨਾ ਦੇਈਂ; ਉਸ ਨੂੰ ਤਾਂ ਮੇਰੇ ਮਰਨ ਦਾ ਹੀ ਬਥੇਰਾ ਦੁੱਖ ਹੋ ਜਾਣਾ ਹੈ।’
‘ਬਾਪੂ, ਇੰਜ ਨਾ ਬੋਲ਼ææਤੁਹਾਨੂੰ ਕੁਝ ਨਹੀਂ ਹੁੰਦਾ,’ ਮੈਂ ਅਜੇ ਇਹ ਬੋਲਦਾ ਹੀ ਸਾਂ ਕਿ ਬਾਪੂ ਸਦਾ ਲਈ ਚੁੱਪ ਹੋ ਗਿਆ। ਅੱਠਵੀਂ ਦੀ ਪੜ੍ਹਾਈ ਵਿਚੇ ਛੱਡ ਕੇ ਚਾਚਿਆਂ ਨਾਲ ਖੇਤੀ ਕਰਵਾਉਣ ਲੱਗ ਗਿਆ। ਉਨ੍ਹਾਂ ਨੇ ਮੇਰਾ ਚੰਮ ਤਾਂ ਬਹੁਤ ਉਧੇੜਿਆ ਪਰ ਇਕ ਕੁੜਤਾ ਪਜਾਮਾ ਵੀ ਸੰਵਾ ਕੇ ਨਹੀਂ ਦਿੱਤਾ। ਮੇਰੇ ਨਾਲੋਂ ਸਾਰੇ ਛੋਟੇ ਪੜ੍ਹਦੇ ਰਹੇ। ਅਖੀਰ ਮਨ ਬਣਾ ਲਿਆ ਕਿ ਛੋਟੇ ਭੈਣ ਭਰਾਵਾਂ ਖਾਤਰ ਮੈਂ ਕੰਡਿਆਲੀ ਤਾਰ ਟੱਪ ਜਾਵਾਂ। ਪਿੰਡ ਦੇ ਸੂਬੇਦਾਰ ਤੋਂ ਵਿਆਜ ‘ਤੇ ਰੁਪਏ ਲੈ ਕੇ ਮੈਂ ਗਰੀਸ ਪੁੱਜ ਗਿਆ। ਉਥੇ ਆਪਣੇ ਆਪ ਨੂੰ ਤੰਬਾਕੂ ਦੇ ਖੇਤਾਂ ਵਿਚ ਸਾੜਦਾ ਰਿਹਾ। ਜੋ ਕਮਾਉਂਦਾ ਪਿੰਡ ਤੋਰ ਦਿੰਦਾ, ਮੇਰੇ ਕੋਲ ਤਾਂ ਬਸ ਤਨ ਉਤਲੇ ਦੋ ਕੱਪੜੇ ਹੀ ਸਨ। ਰਾਤ ਨੂੰ ਹੰਭ-ਥੱਕ ਕੇ ਪੈਂਦਾ ਤਾਂ ਬਾਪੂ ਦੇ ਆਖਰੀ ਬੋਲ ਯਾਦ ਆ ਜਾਂਦੇ। ਬਾਪੂ ਦੀ ਦਿੱਤੀ ਜ਼ਿੰਮੇਵਾਰੀ ਮੈਨੂੰ ਕੁਝ ਕਰਨ ਦੀ ਤਾਕਤ ਬਖ਼ਸ਼ਦੀ। ਫਿਰ ਕਮਾਈ ਕੀਤੀ ਤੇ ਮੈਕਸੀਕੋ ਦੀ ਉਡਾਣ ਭਰ ਲਈ। ਇਕ ਮੈਕਸੀਕਨ ਮਿੱਤਰ ਕਾਰਲੋਸ ਦੇ ਜ਼ਰੀਏ ਬਾਰਡਰ ਟੱਪ ਕੇ ਅਮਰੀਕਾ ਦਾਖ਼ਲ ਹੋ ਗਿਆ ਜਿਥੇ ਕਹਿੰਦੇ ਨੇ, ‘ਆ, ਮਰ ਕੇ ਜੀਆ।’æææਆਪ ਜਿਵੇਂ ਮਰਜ਼ੀ ਰਹਿੰਦਾ ਸੀ ਪਰ ਭੈਣ-ਭਰਾ ਪੜ੍ਹਾ ਦਿੱਤੇ। ਬਾਪੂ ਦੀ ਫੁੱਲਵਾੜੀ ਨੂੰ ਤਾਂ ਸਾਂਭਦਾ ਗਿਆ ਪਰ ਆਪਣੀ ਜ਼ਿੰਦਗੀ ਦੀ ਸ਼ੁਰੂ ਹੋਈ ਪੱਤਝੜ ਮੁੱਕਣ ਦਾ ਨਾਂ ਨਹੀਂ ਲੈਂਦੀ ਸੀ। ਖੇਤਾਂ ਵਾਲੇ ਪੇਪਰ ਵੀ ਸੋਕੇ ਵਿਚ ਡੋਬ ਗਏ। ਵਰਕ ਪਰਮਿਟ ਮਿਲਿਆ, ‘ਸੈਵਨ-ਇਲੈਵਨ’ ਉਤੇ ਕੰਮ ਸ਼ੁਰੂ ਕੀਤਾ। ਦੂਜੇ ਪਾਸੇ ਫੈਕਟਰੀ ਕੰਮ ਕਰਨ ਜਾਂਦਾ। ਦੋ-ਦੋ ਜੌਬਾਂ ਕਰ ਕੇ ਪਿੰਡ ਤਿੰਨ ਮੰਜ਼ਲੀ ਕੋਠੀ ਪਾ ਦਿੱਤੀ।
ਅਮਰੀਕਾ ਦੇ ਡਾਲਰਾਂ ਨੇ ਭੈਣ-ਭਰਾਵਾਂ ਦੇ ਰਿਸ਼ਤੇ ਨਾਤੇ ਚੰਗੇ ਘਰਾਂ ਨਾਲ ਜੋੜ ਦਿੱਤੇ। ਮੇਰੇ ਤਾਂ ਸ਼ਾਇਦ ਕਰਮਾਂ ਵਿਚ ਵਿਆਹ ਲਿਖਿਆ ਹੀ ਨਹੀਂ ਸੀ। ਆਪਣੇ ਨਾਲ ਕੰਮ ਕਰਦੀ ਗੋਰੀ ਨੂੰ ਪੰਜਾਬੀ ਸਿਖਾਉਂਦਾ ਗਿਆ। ਪਿੰਡ ਭੇਜ ਕੇ ਉਸ ਨੂੰ ਛੋਟਾ ਭਰਾ ਲੈ ਆਉਣ ਦੀ ਬੇਨਤੀ ਕੀਤੀ, ਉਹ ਪੂਰੇ ਸਾਲ ਦੀ ਕਮਾਈ ਲੈ ਗਈ। ਸਭ ਨਾਲੋਂ ਛੋਟਾ ਭਰਾ ਆ ਕੇ ਪਹਿਲਾਂ ਸਿਟੀਜ਼ਨ ਹੋ ਗਿਆ। ਖੇਤ ਨਾਲ ਖੇਤ ਜੁੜਦਾ ਗਿਆ ਪਰ ਮੈਂ ਦਿਨੋ ਦਿਨ ਆਪਣੇ ਪਰਿਵਾਰ ਤੋਂ ਦੂਰ ਹੁੰਦਾ ਗਿਆ। ਸਭ ਆਪੋ-ਆਪਣੀ ਜਗ੍ਹਾ ਖ਼ੁਸ਼ ਸਨ ਪਰ ਮੈਨੂੰ ਪੇਪਰਾਂ ਨੇ ਦੁਖੀ ਹੀ ਰੱਖਿਆ। ਛੋਟਾ ਭਰਾ ਪਿੰਡ ਜਾ ਕੇ ਵਿਆਹ ਕਰਵਾ ਆਇਆ। ਮੈਂ ਬਹੁਤ ਕਿਹਾ ਕਿ ਦਾਜ ਨਹੀਂ ਲੈਣਾ, ਪਰ ਉਸ ਨੇ ਸਭ ਕੁਝ ਲਿਆæææਜਿਨ੍ਹਾਂ ਨੂੰ ਮੈਂ ਸਾਰੀ ਜ਼ਿੰਦਗੀ ਖਵਾਉਂਦਾ ਰਿਹਾ, ਉਹ ਅਜੇ ਵੀ ਭੁੱਖੇ ਹੀ ਰਹੇ। ਭਰਾ ਨੂੰ ਕਹਿ ਕੇ ਦੂਜੇ ਭੈਣ ਭਰਾਵਾਂ ਦੇ ਪੇਪਰ ਭਰਾ ਦਿੱਤੇ। ਭਰਾ ਦੀ ਘਰਵਾਲੀ ਆ ਗਈ, ਅਸੀਂ ਘਰ ਖਰੀਦ ਲਿਆ। ਸਾਰੇ ਪੈਸੇ ਮੈਂ ਲਾਏ। ਸੋਚਿਆ ਹੁਣ ਪੱਕੀ ਪਕਾਈ ਰੋਟੀ ਮਿਲ ਜਾਊਗੀ। ਮਾਤਾ ਵੀ ਆ ਗਈ, ਭਰਾ ਦੇ ਬੱਚੇ ਵੀ ਹੋ ਗਏ ਪਰ ਮੇਰਾ ਕਿਸੇ ਨੇ ਕੁਝ ਨਾ ਸੋਚਿਆ। ਉਮਰ ਚਾਲੀ ਨੂੰ ਟੱਪ ਗਈ ਸੀ। ਯਾਰਾਂ ਦੋਸਤਾਂ ਨੂੰ ਕਹਿੰਦਾ ਰਿਹਾ, ਭਰਾਵੋ, ਮੇਰਾ ਕੁਝ ਸੋਚੋ, ਕੁਝ ਕਰੋ; ਪਰ ‘ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਸੁਣੀ’। ਫਿਰ ਮੈਂ ਸੋਚਿਆ ਕਿ ਹੁਣ ਸਾਰੇ ਆਪਣੀ ਥਾਂ ਸੈਟ ਹੋ ਗਏ ਹਨ, ਮੈਂ ਅਖ਼ਬਾਰ ਵਿਚ ਵਿਆਹ ਲਈ ਇਸ਼ਤਿਹਾਰ ਕਢਵਾ ਦਿੱਤਾ। ਹਾਸੋਹੀਣੇ ਫੋਨ ਆਉਣ ਲੱਗ ਗਏ। ਗੱਲ ਬਣੀ ਨਾ, ਪਰਮਾਤਮਾ ਦੇ ਰੰਗ ਨਿਆਰੇ! ਘਰਾਂ ਦੀਆਂ ਕੀਮਤਾਂ ਵਧ ਗਈਆਂ, ਸਸਤਾ ਲਿਆ ਘਰ ਮਹਿੰਗਾ ਵੇਚ ਦਿੱਤਾ। ਕਿਸੇ ਦੂਜੇ ਸ਼ਹਿਰ ਪ੍ਰਾਪਰਟੀ ਸਮੇਤ ਗੈਸ ਸਟੇਸ਼ਨ ਲੈ ਲਿਆ। ਭਰਾ ਨਾਲ ਹੀ ਸਰਵਾਲਾ ਬਣ ਗਿਆ, ਯਾਨਿ ਅੱਧਾ ਹਿੱਸਾ ਨਾਂ ਕਰਵਾ ਗਿਆ।
ਭਰਾ ਹਰ ਥਾਂ ਇੱਟ ਨਾਲ ਘੁੱਗੀ ਕੁੱਟ ਜਾਂਦਾ, ਬਿਜਨੈਸ ਵਧੀਆ ਚੱਲਿਆ। ਅਸੀਂ ਫਿਰ ਘਰ ਲੈ ਲਿਆ। ਭਰਾ ਫਿਰ ਬਰਾਬਰ ਰੱਖਿਆ। ਹੁਣ ਮੈਂ ਬਿਜਨੈਸਮੈਨ ਬਣ ਕੇ ਦੁਬਾਰਾ ਇਸ਼ਤਿਹਾਰ ਦਿੱਤਾ ਤਾਂ ਮੈਨੂੰ ਤਲਾਕਸ਼ੁਦਾ ਬਿਨਾਂ ਬੱਚੇ ਤੋਂ ਜਨਾਨੀ ਦੀ ਦੱਸ ਪਈ। ਸਾਡੀ ਗੱਲਬਾਤ ਹੋਈ ਤੇ ਵਿਆਹ ਹੋ ਗਿਆ। ਘਰ ਵਿਚ ਘਰਵਾਲੀ ਆ ਗਈ ਤਾਂ ਭਰਾ-ਭਰਜਾਈ ਲਈ ਜਿਵੇਂ ਥਾਂ ਥੁੜ੍ਹ ਗਈ ਹੋਵੇ। ਮਾਤਾ ਜੀ ਨੇ ਵੀ ਹਮੇਸ਼ਾ ਛੋਟੇ ਦਾ ਪੱਖ ਪੂਰਿਆ। ਦਿਲ ਵਿਚ ਨਫ਼ਰਤ ਦੀ ਚੰਗਿਆੜੀ ਇਕ ਦਿਨ ਭਾਂਬੜ ਬਣ ਬਾਹਰ ਆ ਗਈ। ਭਰਾ ਨੇ ਮੇਰੇ ਵਿਆਹ ਦੀ ਖ਼ੁਸ਼ੀ ਤਾਂ ਕੀ ਮਨਾਉਣੀ ਸੀ, ਉਸ ਨੇ ਪੈਰ-ਪੈਰ ‘ਤੇ ਦੁੱਖ ਦੇਣੇ ਸ਼ੁਰੂ ਕਰ ਦਿੱਤੇ। ਮੈਂ ਸੋਚਦਾ, ਜਿਨ੍ਹਾਂ ਲਈ ਜ਼ਿੰਦਗੀ ਲੇਖੇ ਲਾਈ, ਉਨ੍ਹਾਂ ਨੇ ਇਕ ਵਾਰੀ ਵੀ ਮੈਨੂੰ ਪਿਆਰ ਨਾਲ ਗਲ ਨਹੀਂ ਲਾਇਆ। ਜਦੋਂ ਸਿਰੋਂ ਪਾਣੀ ਲੰਘ ਗਿਆ ਤਾਂ ਮੈਂ ਵੱਖਰਾ ਅਪਾਰਟਮੈਂਟ ਲੈ ਲਿਆ। ਭਰਾ ਹੁਣ ਪੱਕਾ ਸ਼ਰੀਕ ਬਣ ਗਿਆ। ਘਰੋਂ ਕਲੇਸ਼ ਵੱਖ ਹੋਇਆ ਤਾਂ ਸਟੋਰ ‘ਤੇ ਸ਼ੁਰੂ ਹੋ ਗਿਆ। ਮੈਂ ਇਕੱਲਾ ਬਹਿ ਕੇ ਰੋਂਦਾ ਕਿ ਜਿਨ੍ਹਾਂ ਲਈ ਰਾਤ ਦਿਨ ਕਮਾਈ ਕਰਦਾ ਰਿਹਾ, ਉਨ੍ਹਾਂ ਨੇ ਇਕ ਦਿਨ ਵੀ ਨਹੀਂ ਜਿਉਣ ਦਿੱਤਾ। ਚੰਗੇ ਦਿਨਾਂ ਦੀ ਆਸ ਰੱਖਦਾ ਵਾਹਿਗੁਰੂ ਦਾ ਭਾਣਾ ਮੰਨਦਾ ਗਿਆ। ਆਪਣੀ ਘਰਵਾਲੀ ਦੀ ਬਦੌਲਤ ਗਰੀਨ ਕਾਰਡ ਦਾ ਮੂੰਹ ਦੇਖਿਆ। ਵਿਆਹ ਨੂੰ ਚਾਰ ਸਾਲ ਹੋ ਗਏ ਸਨ ਪਰ ਕੋਈ ਨਿੱਕਾ ਨਿਆਣਾ ਨਾ ਹੋਇਆ। ਘਰ ਦੇ ਕਲੇਸ਼ ਨੇ ਐਨਾ ਕੁ ਦੱਬਿਆ ਕਿ ਮੈਂ ਪਾਗਲ ਹੋਣ ਵਾਲਾ ਹੋ ਗਿਆ। ਬਿਜਨੈਸ ਵੇਚਣ ‘ਤੇ ਲਾ ਦਿੱਤਾ। ਚਾਵਾਂ ਨਾਲ ਬਣਾਇਆ ਤੇ ਸਾਂਭਿਆ ਹੋਇਆ ਸਟੋਰ ਰੋ ਕੇ ਵੇਚਿਆ। ਭਰਾ ਫਿਰ ਅੱਧਿਉਂ ਵੱਧ ਰਕਮ ਲੈ ਗਿਆ। ਮਾਂ ਨੇ ਮੇਰੀ ਵਾਰੀ ਮਮਤਾ ਵੀ ਨਾ ਦਿਖਾਈ। ਘਰ ਦੇ ਤਖ਼ਤੇ ਬੰਦ ਕਰ ਕੇ ਮੈਂ ਪੰਜ ਤਖ਼ਤਾਂ ਦੇ ਦਰਸ਼ਨ ਕਰਨ ਲਈ ਇੰਡੀਆ ਚਲਿਆ ਗਿਆ। ਯਾਤਰਾ ਪੂਰੀ ਕਰ ਕੇ ਪਿੰਡ ਮੁੜਿਆ ਅਤੇ ਪਟਵਾਰੀ ਨੂੰ ਆਪਣੀ ਜ਼ਮੀਨ ਬਾਰੇ ਪੁੱਛਿਆ। ਕਈ ਦਿਨ ਤਾਂ ਉਸ ਨੇ ਲੜ ਨਾ ਫੜਾਇਆ। ਅੱਕ ਕੇ ਉਸ ਦੇ ਗਲ ਸਾਫਾ ਪਾ ਲਿਆ, ਪਿੰਡ ਵਾਲੇ ਭਾਈ ਨੇ ਉਸ ਨੂੰ ਮੂੰਹ ਅਤੇ ਹੱਥ ਦੋਵੇਂ ਹਲਾਉਣ ਤੋਂ ਮਨ੍ਹਾ ਕੀਤਾ ਹੋਇਆ ਸੀ। ਜਦੋਂ ਉਸ ਨੇ ਫਰਦਾਂ ਖੋਲ੍ਹੀਆਂ ਤਾਂ ਮੇਰੀ ਜ਼ਮੀਨ ਦੀ ਜਮ੍ਹਾਂਬੰਦੀ ਬੰਦ ਨਿਕਲੀ। ਮੇਰੇ ਹਿਸਾਬ ਨਾਲ ਮੈਨੂੰ ਬੈਅ ਵਾਲੀ ਜ਼ਮੀਨ ਵਿਚੋਂ ਪੰਜ ਕਿੱਲੇ ਆਉਂਦੇ ਸਨ ਤੇ ਬਾਪੂ ਵਾਲ ਜ਼ਮੀਨ ਵਿਚੋਂ ਸਵਾ ਕਿੱਲਾ ਆਉਂਦਾ ਸੀ। ਮੈਨੂੰ ਬਾਪੂ ਵਾਲੀ ਜ਼ਮੀਨ ਹੀ ਲੱਭੀ। ਆਪਣੀ ਕਮਾਈ ਕਰ ਕੇ ਬੈਅ ਖਰੀਦੀ ਜ਼ਮੀਨ ਵਿਚੋਂ ਮੈਂ ਮੱਖਣੀ ‘ਚੋਂ ਵਾਲ ਵਾਂਗ ਬਾਹਰ ਕੱਢ ਦਿੱਤਾ ਗਿਆ ਸੀ। ਨਿਆਈਂ ਵਾਲੇ ਥਾਂ ਵਿਚੋਂ ਵੀ ਮੇਰੀ ਫੱਟੀ ਪੋਚੀ ਗਈ। ਮੈਨੂੰ ਹੁਣ ਸਮਝ ਆਈ ਕਿ ਅੰਮਾ ਜਾਏ ਵੀਰਾਂ ਨੂੰ ਵੀਰ ਕਿਉਂ ਮਾਰਦੇ ਹਨ! ਕਚਹਿਰੀਆਂ ਵਿਚ ਜੱਟਾਂ ਦੇ ਕਿਉਂ ਮੇਲੇ ਲੱਗਦੇ ਹਨ? ਜੱਟ ਦਾ ਵੱਡਾ ਪੁੱਤ ਤੇ ਬਾਣੀਏ ਦਾ ਛੋਟਾ ਪੁੱਤ ਕਿਉਂ ਘਾਟੇ ਵਿਚ ਜਾਂਦੇ ਨੇ? ਫਿਰ ਮਨ ਵਿਚ ਸੋਚਦਾ ਕਿ ਇਨ੍ਹਾਂ ਦਾ ਪਿਉ ਨਹੀਂ ਮਰਿਆ, ਪਿਉ ਤਾਂ ਮੇਰਾ ਮਰ ਗਿਆ। ਕੰਧਾਂ-ਕੌਲੇ ਫੜਦਾ ਬਾਹਰ ਨਿਕਲਿਆ। ਮਨ ਨੂੰ ਧਰਵਾਸਾ ਦਿੱਤਾ ਕਿ ਭੈਣਾਂ ਨੂੰ ਤਾਂ ਸਾਰੇ ਭਰਾ ਬਰਾਬਰ ਹੁੰਦੇ ਨੇ। ਜਦ ਭੈਣਾਂ ਕੋਲ ਭਾਈਆਂ ਦਾ ਧੋਖੇ ਵਾਲਾ ਦੁੱਖ ਸੁਣਾਇਆ ਤਾਂ ਉਹ ਵੀ ਪਟਵਾਰੀ ਵਾਂਗ ਚੁੱਪ ਹੋ ਗਈਆਂ। ਦੋਵਾਂ ਨੂੰ ਕਿਹਾ ਕਿ ਤੁਸੀਂ ਨਾਲ ਚੱਲੋ ਤੇ ਭਰਾਵਾਂ ਨਾਲ ਗੱਲ ਕਰੋ। ਉਨ੍ਹਾਂ ਨੇ ਰੱਖੜੀ ਵਾਲਾ ਧਾਗਾ ਵਗਾਹ ਕੇ ਪਰ੍ਹੇ ਮਾਰਦਿਆਂ ਕਿਹਾ, “ਤੁਹਾਡਾ ਭਰਾਵਾਂ ਦਾ ਰੌਲਾ ਹੈ, ਅਸੀਂ ਕੀ ਕਰੀਏ?” ਪਿੰਡ ਵਾਲੇ ਸੱਜਣ-ਮਿੱਤਰ ਵੀ ਮੁੱਖ ਮੋੜ ਗਏ। ਸਰਪੰਚ, ਨੰਬਰਦਾਰ ਸਭ ਸਾਥ ਦੇਣੋਂ ਭੱਜ ਗਏ। ਅਖੀਰ ਮਨ ਪੱਥਰ ਕਰ ਕੇ ਘਰੋਂ ਤੁਰ ਪਿਆ। ਸਿਵਿਆਂ ਵਿਚ ਆਉਂਦਾ ਹੋਇਆ ਆਪਣੇ ਹਿੱਸੇ ਦਾ ਡੱਕਾ ਤੋੜ ਕੇ ਸਿੱਟ ਆਇਆ। ਪਿੰਡ ਦੀ ਮਿੱਟੀ ਵਿਚੋਂ ਮਸਾਂ ਬਾਹਰ ਨਿਕਲਿਆ।
ਦਿੱਲੀ ਏਅਰਪੋਰਟ ‘ਤੇ 27 ਸਾਲਾਂ ਬਾਅਦ ਜਹਾਜ਼ ਚੜ੍ਹਨ ਲਈ ਬੈਠਾ ਸੀ। ਉਸ ਦਿਨ ਨਾਲ ਚਾਰ ਹੋਰ ਮੁੰਡੇ ਸਨ ਜਿਨ੍ਹਾਂ ਦੇ ਦਿਲ ਵਿਚ ਕੁਝ ਕਰਨ ਦੀ ਚਾਹਤ ਸੀ। ਬਾਪੂ ਦੇ ਬੋਲਾਂ ‘ਤੇ ਖੜ੍ਹਨ ਦੀ ਜ਼ਿੰਮੇਵਾਰੀ ਸੀ। ਛੋਟੇ ਭੈਣ-ਭਰਾਵਾਂ ਦੇ ਪਿਆਰ ਨਾਲ ਗਲ ਤੱਕ ਭਰਿਆ ਪਿਆ ਸੀ ਪਰ ਅੱਜ ਉਸੇ ਹਵਾਈ ਅੱਡੇ ਉਤੇ ਮੈਂ ਅਤੇ ਘਰਵਾਲੀ ਦੋਵੇਂ ਬੈਠੇ ਸਾਂ। ਪੱਲੇ ਭਰਾਵਾਂ ਦੇ ਧੋਖੇ ਵਾਲਾ ਲਫ਼ਾਫਾ ਪਿਆ ਸੀ। ਸੋਚਿਆ ਸੀ ਕਿ ਇਕ ਵਾਰ ਕਹਿ ਕੇ ਵੇਖ ਲਵਾਂਗਾæææਨਹੀਂ ਤਾਂ ਇਹ ਕਾਗਜ਼ ਪਾੜ ਕੇ ਸਿੱਟ ਦੇਵਾਂਗਾ। ਮੇਰੇ ਕੋਲ ਸਿਰਫ਼ ਘਰਵਾਲੀ ਦਾ ਹੀ ਸਹਾਰਾ ਸੀ। ਜਹਾਜ਼ ਉਡਿਆ, ਨਾਲ ਹੀ ਮੈਂ ਕਹਿ ਦਿੱਤਾ ਕਿ ਦੁਬਾਰਾ ਇਸ ਧਰਤੀ ‘ਤੇ ਪੈਰ ਪਾਉਣਾ ਨਸੀਬ ਨਾ ਹੋਵੇ ਜਿਥੇ ਭਾਈਆਂ ਨੂੰ ਭਾਈ ਹੀ ਮਾਰਦੇ ਨੇ। ਹੁਣ ਇੱਥੇ ਆ ਕੇ ਘਰਵਾਲੀ ਦਾ ਇਲਾਜ ਕਰਵਾਇਆ ਹੈ, ਸ਼ਾਇਦ ਪਰਮਾਤਮਾ ਭੁਜੰਗੀ ਬਖ਼ਸ਼ ਦੇਵੇ ਅਤੇ ਮੈਂ ਮਰਨ ਲੱਗਿਆ ਕਹਿ ਦੇਵਾਂ, ‘ਸੁੱਖਿਆ, ਆਪਣਾ ਖਿਆਲ ਰੱਖੀਂ! ਮਾਂ ਨੂੰ ਦੁੱਖ ਨਾ ਦੇਈ। ਛੋਟੇ ਭੈਣਾਂ ਭਰਾਵਾਂ ਨੂੰ ਖੁਦ ਵੱਡੇ ਹੋਣ ਦਾ ਮੌਕਾ ਦੇਵੀਂ। ਫਿਰ ਕੋਈ ਹੋਰ ਸੁੱਖਾ ਬਲੀ ਦਾ ਬੱਕਰਾ ਨਾ ਬਣ ਜਾਵੇ।’
ਭਰਾਵਾਂ ਵਰਗਾ ਪਿਆਰ ਨਹੀਂ
ਜੇ ਵਿਚ ਲਾਲਚ ਦੀ ਤਲਵਾਰ ਨਾ ਹੋਵੇ।
ਜੂਏ ਵਰਗਾ ਵਪਾਰ ਨਹੀਂ
ਜੇ ਵਿਚ ਹਾਰ ਨਾ ਹੋਵੇ।
Leave a Reply