ਡਾ. ਗੁਰਨਾਮ ਕੌਰ
ਸਿੱਖ ਆਦਰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਪ੍ਰਕਾਸ਼ਿਤ ਹਨ ਅਤੇ ਸਿੱਖ ਜੀਵਨ-ਜਾਚ ਇਨ੍ਹਾਂ ਆਦਰਸ਼ਾਂ ਦਾ ਅਮਲੀ ਪ੍ਰਕਾਸ਼ਨ ਹੈ। ਸਿੱਖ ਧਰਮ ਵਿਚ ਸ਼ਹਾਦਤ ਦਾ ਸੰਕਲਪ ਭਾਰਤੀ ਧਰਮਾਂ ਦੇ ਸੰਦਰਭ ਵਿਚ ਬਿਲਕੁਲ ਹੀ ਇੱਕ ਨਿਵੇਕਲਾ ਅਤੇ ਨਵਾਂ ਸੰਕਲਪ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ ਭਾਰਤੀ ਧਾਰਮਿਕ ਪਰੰਪਰਾਵਾਂ ਵਿਚ ਪ੍ਰਾਪਤ ਹੀ ਨਹੀਂ ਹੈ। ਇਸ ਤੋਂ ਪਹਿਲਾਂ ਸਿਰਫ ‘ਬਲੀ’ ਦਾ ਸੰਕਲਪ ਅਤੇ ਪਰੰਪਰਾ ਹੀ ਮਿਲਦੀ ਹੈ। ‘ਸ਼ਹਾਦਤ’ ਸ਼ਬਦ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮੂਲ ‘ਸ਼ਾਹਦ’ ਹੈ। ‘ਸ਼ਹਾਦਤ’ ਦਾ ਅਰਥ ਹੈ ਸੱਚ ਦੇ ਗਵਾਹ ਵਜੋਂ ਪੇਸ਼ ਹੋਣਾ ਅਤੇ ਇਸ ਦਾ ਪੰਜਾਬੀ ਰੂਪ ਹੈ ‘ਸ਼ਾਹਦ’। ਇਸ ਲਈ ਸਿੱਖ ਆਦਰਸ਼ਾਂ ਅਨੁਸਾਰ ਇਸ ਦਾ ਅਰਥ ਹੈ-ਮਨੁੱਖ ਤੋਂ ਸੱਚ ਲਈ ਖੜ੍ਹੇ ਹੋਣ ਦੀ ਉਮੀਦ ਕਰਨਾ, ਸਤਿ ਲਈ ਵਚਨਬੱਧ ਹੋਣਾ।
ਉਪਰ ਜ਼ਿਕਰ ਹੈ ਕਿ ਸਿੱਖ ਧਰਮ ਦੇ ਪ੍ਰਕਾਸ਼ਨ ਤੋਂ ਪਹਿਲਾਂ ਭਾਰਤੀ ਅਧਿਆਤਮਕ/ਧਾਰਮਿਕ ਪਰੰਪਰਾਵਾਂ ਵਿਚ ‘ਬਲੀ’ ਦੀ ਪਰੰਪਰਾ ਅਤੇ ਸੰਕਲਪ ਪ੍ਰਾਪਤ ਹੈ, ਸ਼ਹਾਦਤ ਦਾ ਨਹੀਂ। ‘ਬਲੀ’ ਦੀ ਵਸਤੂ ਮਨੁੱਖ, ਜਾਨਵਰ ਜਾਂ ਪਦਾਰਥ ਕੋਈ ਵੀ ਹੋ ਸਕਦੀ ਹੈ। ‘ਬਲੀ’ ਸਵੈ-ਇੱਛਤ ਨਹੀਂ ਹੁੰਦੀ ਕਿਉਂਕਿ ਇਸ ਵਿਚ ਬਲੀ ਦਿੱਤੇ ਜਾਣ ਵਾਲੇ ਮਨੁੱਖ ਜਾਂ ਜਾਨਵਰ, ਵਸਤੂ ਦੀ ਨਿਜੀ ਇੱਛਾ ਸ਼ਾਮਲ ਨਹੀਂ ਹੁੰਦੀ। ‘ਬਲੀ’ ਦੂਸਰੀ ਧਿਰ ਵੱਲੋਂ ਕਿਸੇ ਦੇਵਤਾ, ਦੇਵਤਿਆਂ ਜਾਂ ਦੇਵੀ ਨੂੰ ਖੁਸ਼ ਕਰਨ ਲਈ ਦਿੱਤੀ ਜਾਂਦੀ ਹੈ। ਇਸ ਵਿਚ ਕੋਈ ਚੋਣ ਜਾਂ ਸਵੈ-ਇੱਛਾ ਸ਼ਾਮਲ ਨਹੀਂ ਹੁੰਦੀ ਕਿਉਂਕਿ ਇਹ ਬਾਹਰੋਂ ਠੋਸਿਆ ਹੋਇਆ ਕਰਮ ਹੈ। ਪਿਛਲੇ ਲੇਖ ਵਿਚ ਵੀ ਇਸ਼ਾਰਾ ਕੀਤਾ ਸੀ ਕਿ ਸਿੱਖ ਧਰਮ-ਚਿੰਤਨ ਵਿਚ ਪ੍ਰਾਪਤ ਸ਼ਹਾਦਤ ਦਾ ਕਰਮ ਕੋਈ ਬਾਹਰੋਂ ਲੱਦਿਆ ਹੋਇਆ ਕਰਮ ਨਹੀਂ ਕਿਉਂਕਿ ਇਹ ਸ਼ਹਾਦਤ ਦੇਣ ਵਾਲੇ ਵਲੋਂ ਚੁਣਿਆ ਹੋਇਆ ਰਸਤਾ ਹੈ ਜਿਸ ਵਿਚ ਨਿਜੀ ਇੱਛਾ ਸ਼ਾਮਲ ਹੈ। ਇਸ ਵਿਚ ਇੱਛਾ ਅਤੇ ਚੋਣ ਦੋਵੇਂ ਸ਼ਾਮਲ ਹਨ ਕਿਉਂਕਿ ਇਸ ਰਸਤੇ ‘ਤੇ ਇੱਕ ਅਹਿਦ ਵਜੋਂ ਡੂੰਘੀ ਸੋਚ-ਵਿਚਾਰ ਤੋਂ ਪਿੱਛੋਂ ਕਦਮ ਰੱਖਣ ਦੀ ਪ੍ਰੇਰਨਾ ਕੀਤੀ ਗਈ ਹੈ। ਇਹ ‘ਪ੍ਰੇਮ’ ਦਾ ਮਾਰਗ ਹੈ। ਇਸ ਦੇ ਨਾਲ ਹੀ ਇਹ ਇੱਕ ਐਸੀ ਪ੍ਰਾਪਤੀ ਹੈ ਜੋ ਯੋਗਤਾ-ਮੂਲਕ ਹੈ, ਇਸ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੂੰ ਇਸ ਦੇ ਯੋਗ ਹੋਣਾ ਪੈਂਦਾ ਹੈ। ਸ਼ਹਾਦਤ ਉਹ ਪੜਾਅ ਹੈ, ਜਿਸ ਨੂੰ ਮਨੁੱਖ ਜਿਉਂਦੇ ਜੀਅ ਪ੍ਰਾਪਤ ਕਰ ਲੈਂਦਾ ਹੈ। ਇਸ ਵਿਚ ਮਨੁੱਖ ਨੂੰ ਹਉਮੈ ਵਰਗੇ ਤੰਗ ਨਜ਼ੀਏ ਤੋਂ, ਮੇਰ-ਤੇਰ ਤੋਂ ਉਤੇ ਉਠਣਾ ਪੈਂਦਾ ਹੈ। ਮਨੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵਰਗੀਆਂ ਬੁਰਾਈਆਂ ਦਾ ਤਿਆਗ ਕਰਨਾ ਪੈਂਦਾ ਹੈ। ਇਸ ਪ੍ਰਾਪਤੀ ਦੇ ਜਗਿਆਸੂ ਨੂੰ ਉਦਮ ਕਰਨਾ ਪੈਂਦਾ ਹੈ। ਇਸ ਵਿਚ ‘ਨਦਰਿ’ ਵੀ ਸ਼ਾਮਲ ਹੈ। ਇਸ ਦੀ ਪ੍ਰਾਪਤੀ ਗੁਰੂ ਅਤੇ ਅਕਾਲ ਪੁਰਖ ਦੀ ਮਿਹਰ ਰਾਹੀਂ ਹੁੰਦੀ ਹੈ।
ਸ਼ਹਾਦਤ ਦੇ ਸੰਕਲਪ ਨਾਲ ਜੋ ਦੂਸਰਾ ਮਹੱਤਵਪੂਰਨ ਨੁਕਤਾ ਜੁੜਿਆ ਹੋਇਆ ਹੈ, ਉਹ ਇਹ ਹੈ ਕਿ ਸ਼ਹਾਦਤ ਸੱਚ ਜਾਂ ਸਤਿ ਦੀ ਗਵਾਹੀ ਹੈ। ਸਤਿ ਤੋਂ ਇਥੇ ਭਾਵ ਸਰਬਵਿਆਪਕ ਸਤਿ ਹੈ। ਇਸ ਲਈ ਇਸ ਦੇ ਅਮਲ ਦਾ ਘੇਰਾ ਬਹੁਤ ਵਿਸ਼ਾਲ ਹੈ ਜਿਸ ਵਿਚ ਸਾਰੀ ਮਨੁੱਖਤਾ ਸ਼ਾਮਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ, ਸ਼ਹਾਦਤ ਦੇ ਸਾਹਮਣੇ ਰੱਖਿਆ ਗਿਆ ਆਦਰਸ਼ ਸਾਰੀ ਮਨੁੱਖਤਾ ਲਈ ਇਨਸਾਫ਼, ਸਭ ਦੇ ਮਾਣ, ਸਵੈਮਾਣ, ਇੱਜ਼ਤ, ਆਜ਼ਾਦੀ ਲਈ ਲੜਨਾ ਅਤੇ ਰੱਖਿਆ ਕਰਨਾ ਹੈ। ਸਿੱਖ ਇਤਿਹਾਸ ਵਿਚੋਂ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਪਰ ਦੱਸੇ ਸ਼ਹਾਦਤ ਦੇ ਸੰਕਲਪ ਨਾਲ ਜੁੜੇ ਆਦਰਸ਼ਾਂ ਦੀ ਬਿਹਤਰ ਉਦਾਹਰਣ ਪੇਸ਼ ਕਰਦੀਆਂ ਹਨ। ਗੁਰੂ ਸਾਹਿਬਾਨ ਨੇ ਸ਼ਹਾਦਤ ਦੇ ਇਨ੍ਹਾਂ ਆਦਰਸ਼ਾਂ ਦਾ ਅਮਲੀ ਪ੍ਰਕਾਸ਼ਨ ਆਪਣੇ ਜੀਵਨ-ਕਾਲ ਵਿਚ ਕੀਤਾ। ਗੁਰਮਤਿ ਅਨੁਸਾਰ ਜਿਹੜਾ ਸਿਧਾਂਤ ਅਮਲ ਵਿਚ ਨਹੀਂ ਆ ਸਕਦਾ, ਉਹ ਬੇਕਾਰ ਹੈ। ਗੁਰੂ ਸਾਹਿਬਾਨ ਨੇ ਆਪਣੇ ਅਮਲੀ ਜੀਵਨ ਵਿਚ ਸ਼ਹਾਦਤ ਦੇ ਇਸ ਸੰਕਲਪ ਨੂੰ ਸਾਕਾਰ ਕਰਦਿਆਂ ਸਿੱਧ ਕੀਤਾ ਕਿ ਇਨਸਾਫ਼ ਲਈ ਸ਼ਹੀਦ ਹੋਣਾ ਮਨੁੱਖ ਦਾ ਹੱਕ ਵੀ ਹੈ ਅਤੇ ਫ਼ਰਜ਼ ਵੀ ਹੈ। ਸਾਡੇ ਸਾਹਮਣੇ ਪਹਿਲੀ ਉਦਾਹਰਣ ਪੰਜਵੀਂ ਨਾਨਕ ਜੋਤਿ ਗੁਰੂ ਅਰਜਨ ਦੇਵ ਜੀ ਦੀ ਹੈ ਅਤੇ ਦੂਸਰੀ ਉਦਾਹਰਣ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੈ। ਗੁਰੂ ਸਾਹਿਬਾਨ ਨੇ ਦਿੱਤੀਆਂ ਗਈਆਂ ਤਰਜੀਹਾਂ ਵਿਚੋਂ ਸ਼ਹਾਦਤ ਦਾ ਰਾਹ ਚੁਣਿਆ। ਗੁਰਮਤਿ ਚਿੰਤਨ ਅਨੁਸਾਰ ਕਿਸੇ ਵਿਸ਼ੇਸ਼ ਧਰਮ ਵਿਚ ਵਿਸ਼ਵਾਸ ਕਰਨਾ, ਕਿਸੇ ਖਾਸ ਧਰਮ ਗ੍ਰੰਥ ਨੂੰ ਮੰਨਣਾ, ਆਪਣੇ ਇਸ਼ਟ ਨੂੰ ਧਿਆਉਣਾ ਹਰ ਮਨੁੱਖ ਦਾ ਮੌਲਿਕ ਅਧਿਕਾਰ ਹੈ ਅਤੇ ਇਸ ਅਧਿਕਾਰ ਨੂੰ ਮਾਨਣ ਦੀ ਆਜ਼ਾਦੀ ਹਰ ਮਨੁੱਖ ਨੂੰ ਹੋਣੀ ਚਾਹੀਦੀ ਹੈ। ਗੁਰੂ ਸਾਹਿਬਾਨ ਦੀ ਸ਼ਹਾਦਤ ਦਾ ਵਿਸਥਾਰ ਦੇ ਸਕਣ ਦੀ ਇਥੇ ਗੁੰਜਾਇਸ਼ ਨਹੀਂ ਹੈ। ਇਸ ਲੇਖ ਦਾ ਮਨੋਰਥ ਗ਼ਦਰੀਆਂ ਨੇ ਦੇਸ਼ ਦੀ ਆਜ਼ਾਦੀ ਅਤੇ ਇਨਸਾਫ ਵਾਸਤੇ ਜੋ ਕੁੱਝ ਕੀਤਾ, ਉਸ ਵਿਚ ਉਨ੍ਹਾਂ ਦੇ ਸਿੱਖੀ ਪਿਛੋਕੜ ਦਾ ਹੱਥ ਹੈ, ਇਸ ਤੱਥ ਨੂੰ ਸਾਹਮਣੇ ਲਿਆਉਣਾ ਹੈ। ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਅਮਰੀਕਾ ਅਤੇ ਕੈਨੇਡਾ ਜਾ ਕੇ ਵੱਸਣ ਵਾਲਿਆਂ ਵਿਚ 99% ਪੰਜਾਬੀ ਸਨ ਅਤੇ ਪੰਜਾਬੀਆਂ ਵਿਚੋਂ 90% ਸਿੱਖ ਸਨ ਜਿਥੇ ਗ਼ਦਰ ਲਹਿਰ ਅਰਥਾਤ ਹਥਿਆਰਬੰਦ ਇਨਕਲਾਬੀ ਲਹਿਰ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਸ਼ੁਰੂ ਹੋਈ। ਇਸ ਸੰਦਰਭ ਵਿਚ ਚੋਣਵੇਂ ਗ਼ਦਰੀਆਂ ਦੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ।
ਸ਼ ਭਗਤ ਸਿੰਘ ਦੇ ਪਰਿਵਾਰ ਦਾ ਸਿੱਖੀ ਪਿਛੋਕੜ: ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਪਿਛੋਕੜ ਦੇ ਸਿੱਖੀ ਸੰਦਰਭ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਆਮ ਹੀ ਭਗਤ ਸਿੰਘ ਦੇ ਪਰਿਵਾਰ ਨੂੰ ਆਰੀਆ-ਸਮਾਜੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਭਗਤ ਸਿੰਘ ਦਾ ਖ਼ਾਨਦਾਨ ਜਿੱਥੇ ਮੁੱਢੋਂ-ਸੁੱਢੋਂ ਇਨਕਲਾਬੀ ਸੀ, ਉਥੇ ਸਿੱਖ ਧਰਮ ਵਿਚ ਵੀ ਪੂਰਨ ਵਿਸ਼ਵਾਸ ਰੱਖਦਾ ਸੀ। ਬ੍ਰਿਟਿਸ਼ ਰਾਜ ਦੇ ਜ਼ੁਲਮਾਂ ਦੇ ਖ਼ਿਲਾਫ਼ ‘ਪੱਗੜੀ ਸੰਭਾਲ ਜੱਟਾ’ ਲਹਿਰ ਦਾ ਜ਼ਿਕਰ ਕਰਦਿਆਂ, ਸ਼ ਭਗਤ ਸਿੰਘ ਦੇ ਚਾਚਾ ਮਸ਼ਹੂਰ ਗ਼ਦਰੀ ਸ਼ ਅਜੀਤ ਸਿੰਘ ਜਿਸ ਦੇ ਨਾਇਕ ਸਨ, ਨੇ ਭਗਤ ਸਿੰਘ ਦੇ ਪੜਦਾਦਾ ਸ਼ ਫਤਿਹ ਸਿੰਘ ਦੇ ਐਂਗਲੋ-ਸਿੱਖ ਲੜਾਈਆਂ ਵਿਚ ਖ਼ਾਲਸਾ ਫੌਜ ਵੱਲੋਂ ਹਿੱਸਾ ਲੈਣ ਦੀ ਗੱਲ ਕੀਤੀ ਹੈ। ਇਸ ਤੱਥ ਦਾ ਜ਼ਿਕਰ ਕਰਦਿਆਂ ਸ਼ ਅਜੀਤ ਸਿੰਘ ਨੇ ਲਿਖਿਆ ਹੈ ਕਿ ‘ਉਨ੍ਹਾਂ ਦੇ ਵਡੇਰਿਆਂ ਵਿਚੋਂ ਇੱਕ ਨੇ ਇਹ ਦੇਖਦੇ ਹੋਏ ਕਿ ਬਦੇਸ਼ੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਭਾਰਤੀ ਮਹਾਂਦੀਪ ਦੇ ਇੱਕੋ-ਇੱਕ ਕੌਮੀ ਆਜ਼ਾਦ ਮੁਲਕ ਪੰਜਾਬ ਦੇ ਬਾਸ਼ਿੰਦਿਆਂ ਨੂੰ ਗ਼ੁਲਾਮ ਬਣਾਉਣ ਦੀ ਸ਼ਰਾਰਤੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ, ਬ੍ਰਿਟਿਸ਼ ਘੁਸਪੈਠੀਆਂ ਨੂੰ ਭਜਾਉਣ ਲਈ ਹਥਿਆਰ ਚੁੱਕੇ। ਉਸ ਨੇ ਅੰਗਰੇਜ਼ਾਂ ਦੇ ਖਿਲਾਫ ਲੜ ਰਹੀਆਂ ਖ਼ਾਲਸਾ ਫੌਜਾਂ ਵਲੋਂ ਲੜੀਆਂ ਗਈਆਂ ਮੁਦਕੀ, ਅਲੀਵਾਲ ਅਤੇ ਸਭਰਾਉਂ ਦੀਆਂ ਜੰਗਾਂ ਵਿਚ ਹਿੱਸਾ ਲਿਆ। ਅੰਗਰੇਜ਼ਾਂ ਖ਼ਿਲਾਫ ਲੜਨ ਕਰਕੇ ਉਨ੍ਹਾਂ ਦੇ ਪਰਿਵਾਰ ਦੀਆਂ ਜਗੀਰਾਂ ਜ਼ਬਤ ਕਰ ਲਈਆਂ ਗਈਆਂ। ਪਰ ਜਦੋਂ 1857 ਵਿਚ ਕੁੱਝ ਮੁਖੀਏ ਸਰਦਾਰ ਅਤੇ ਰਾਜੇ ਅੰਗਰੇਜ਼ਾਂ ਦੀ ਮਦਦ ਕਰਨ ਲਈ ਆਪਣੇ ਉਨ੍ਹਾਂ ਲੋਕਾਂ ਦੇ ਖ਼ਿਲਾਫ ਲੜਨ ਗਏ ਜਿਹੜੇ ਆਪਣੇ ਲੋਕਾਂ ਨੂੰ ਅੰਗਰੇਜ਼ਾਂ ਦੇ ਜ਼ਾਲਮ ਜੂਲੇ ਤੋਂ ਆਜ਼ਾਦ ਕਰਾਉਣ ਲਈ ਆਜ਼ਾਦੀ ਦੀ ਜੰਗ ਲੜ ਰਹੇ ਸਨ ਅਤੇ ਆਪਣੀਆਂ ਜਾਨਾਂ ਵਾਰ ਰਹੇ ਸਨ। ਉਨ੍ਹਾਂ ਦੇ ਪਿਆਰੇ ਦਾਦਾ ਜੀ ਸ਼ ਫਤਿਹ ਸਿੰਘ ਨੂੰ ਮਜੀਠੀਆ ਸ਼ ਸੂਰਤ ਸਿੰਘ, ਸੁੰਦਰ ਸਿੰਘ ਮਜੀਠੀਆ ਦੇ ਪਿਤਾ ਨੇ ਸ਼ਾਮਲ ਹੋਣ ਲਈ ਸੱਦਾ ਭੇਜਿਆ। ਉਨ੍ਹਾਂ ਨੇ ਅਜਿਹਾ ਕੰਮ ਕਰਨ ਤੋਂ ਬੁਰੀ ਤਰ੍ਹਾਂ ਇਨਕਾਰ ਕਰ ਦਿੱਤਾ। ਸੂਰਤ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਜੇ ਉਹ ਲੜਾਈ ਵਿਚ ਉਸ ਨਾਲ ਚੱਲ ਕੇ ਸਾਥ ਦੇਣਗੇ ਤਾਂ ਉਨ੍ਹਾਂ ਦੇ ਪਰਿਵਾਰ ਦੀ ਜ਼ਬਤ ਕੀਤੀ ਜਾਗੀਰ ਵਾਪਸ ਕਰ ਦਿੱਤੀ ਜਾਵੇਗੀ ਜਾਂ ਉਸ ਦੇ ਬਦਲੇ ਹੋਰ ਦੇ ਦਿੱਤੀ ਜਾਵੇਗੀ।’
ਸ਼ ਅਜੀਤ ਸਿੰਘ ਵੱਲੋਂ ਆਪਣੀ ਪੁਸਤਕ ਵਿਚ ਦੱਸੀ ਇਸ ਘਟਨਾ ਤੋਂ ਪਤਾ ਲਗਦਾ ਹੈ ਕਿ ਸ਼ ਫਤਿਹ ਸਿੰਘ ਇੱਕ ਸੱਚੇ ਸਿੱਖ ਭਾਵ ਸੰਤ-ਸਿਪਾਹੀ ਸਨ ਜਿਨ੍ਹਾਂ ਨੇ ਭਾਰਤ ਉਪ-ਮਹਾਂਦੀਪ ਵਿਚ ਇੱਕੋ-ਇੱਕ ਸੁਤੰਤਰ ਧਰਤੀ ਪੰਜਾਬ (ਸਿੱਖ ਰਾਜ) ਨੂੰ ਗ਼ੁਲਾਮੀ ਤੋਂ ਬਚਾਉਣ ਲਈ ਐਂਗਲੋ-ਸਿੱਖ ਲੜਾਈਆਂ ਵਿਚ ਹਿੱਸਾ ਲਿਆ, ਆਪਣੀ ਪਰਿਵਾਰਕ ਜਗੀਰ ਅੰਗਰੇਜ਼ਾਂ ਤੋਂ ਕੁਰਕ ਕਰਵਾਈ। ਇਹੀ ਨਹੀਂ ਜਿੱਥੇ ਸੂਰਤ ਸਿੰਘ ਮਜੀਠੀਏ ਵਰਗੇ ਕਈ ਸਰਦਾਰਾਂ ਨੇ ਆਪਣੀਆਂ ਜਗੀਰਾਂ ਵਾਪਸ ਲੈਣ ਲਈ 1857 ਦੇ ਗ਼ਦਰ ਵੇਲੇ ਆਪਣੇ ਹੀ ਲੋਕਾਂ ਦੇ ਖਿਲਾਫ ਅੰਗਰੇਜ਼ਾਂ ਦਾ ਸਾਥ ਦਿੱਤਾ, ਉਥੇ ਸ਼ ਫਤਿਹ ਸਿੰਘ ਨੇ ਇਸ ਨੂੰ ਆਪਣੇ ਲੋਕਾਂ ਨਾਲ ਗ਼ੱਦਾਰੀ ਸਮਝਦੇ ਹੋਏ ਇਸ ਵਿਚ ਹਿੱਸਾ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ, ਜਗੀਰ ਵਾਪਸ ਲੈਣ ਦੇ ਲਾਲਚ ਵਿਚ ਵੀ ਨਹੀਂ ਆਏ। ਇਸ ਤੋਂ ਉਨ੍ਹਾਂ ਦੇ ਇੱਕ ਚੰਗੇ ਸਿੱਖ ਹੋਣ ਦਾ ਸਬੂਤ ਵੀ ਮਿਲਦਾ ਹੈ।
ਸ਼ ਅਜੀਤ ਸਿੰਘ ਨੇ ਆਪਣੀ ਇਸ ਪੁਸਤਕ ਵਿਚ ਆਪਣੇ ਅੰਮ੍ਰਿਤਧਾਰੀ ਹੋਣ ਦਾ ਅਤੇ ਆਪਣੇ ਪੁਰਖਿਆਂ ਦੇ ਅੰਮ੍ਰਿਤਧਾਰੀ ਸਿੱਖ ਹੋਣ ਦਾ ਜ਼ਿਕਰ ਵੀ ਕੀਤਾ ਹੈ। ਸ਼ ਅਜੀਤ ਸਿੰਘ ਅਨੁਸਾਰ ਉਹ ਅਤੇ ਉਨ੍ਹਾਂ ਦੇ ਵੱਡੇ ਭਰਾ (ਸ਼ ਕਿਸ਼ਨ ਸਿੰਘ, ਸ਼ਹੀਦ ਭਗਤ ਸਿੰਘ ਦੇ ਪਿਤਾ) ਬਚਪਨ ਵਿਚ ਅਨੰਦਪੁਰ ਅੰਮ੍ਰਿਤ (ਖੰਡੇ ਦੀ ਪਾਹੁਲ) ਛਕਣ ਲਈ ਗਏ ਸੀ। ਇਹ ਹੋਲੀ ਦਾ ਮੌਕਾ ਸੀ ਜਿਸ ਨੂੰ ਸਿੱਖਾਂ ਦੇ ਤਿਉਹਾਰ ਦੇ ਰੂਪ ਵਿਚ ਹੋਲਾ ਕਿਹਾ ਜਾਂਦਾ ਹੈ। ਅਜੀਤ ਸਿੰਘ ਨੂੰ ਬਚਪਨ ਦੀ ਇਹ ਘਟਨਾ ਬਹੁਤ ਚੰਗੀ ਤਰ੍ਹਾਂ ਯਾਦ ਸੀ ਜਦੋਂ ਉਨ੍ਹਾਂ ਨੂੰ ਸਿੰਘ ਸਜਾਉਣ ਅਤੇ ਅਮਰ ਹੋ ਜਾਣ ਲਈ ਮਿੱਠਾ ਅੰਮ੍ਰਿਤ ਛਕਾਇਆ ਗਿਆ, ਇਸ ਦੇ ਕੁੱਝ ਛਿੱਟੇ, ਪਵਿੱਤਰ ਕਰਨ ਦੇ ਚਿੰਨ੍ਹ ਵਜੋਂ ਉਨ੍ਹਾਂ ਦੇ ਚਿਹਰੇ ‘ਤੇ ਵੀ ਮਾਰੇ ਗਏ। ਅਜੀਤ ਸਿੰਘ ਨੇ ਵਰਣਨ ਕੀਤਾ ਹੈ ਕਿ ਇਸ ਰਸਮ ਵਿਚੋਂ ਜੋ ਵੀ ਇਨਸਾਨ ਗੁਜ਼ਰਦਾ ਹੈ, ਉਸ ਨੂੰ ਇਹ ਰਸਮ ਦ੍ਰਿੜ ਕਰਵਾਉਂਦੀ ਹੈ ਕਿ ਉਸ ਨੇ ਮੌਤ ਦਾ ਭੈ ਨਹੀਂ ਖਾਣਾ, ਦੂਸਰਿਆਂ ਨੂੰ ਦਬਾਉਣ ਵਾਲਿਆਂ, ਦੂਸਰਿਆਂ ‘ਤੇ ਜ਼ੁਲਮ ਕਰਨ ਵਾਲੇ ਜ਼ਾਲਮਾਂ ਅਤੇ ਧੱਕੜਾਂ ਖਿਲਾਫ ਲੜਨਾ ਹੈ ਅਤੇ ਕਮਜ਼ੋਰਾਂ, ਗ਼ਰੀਬਾਂ, ਬਜ਼ੁਰਗਾਂ, ਬੱਚਿਆਂ ਦੀ ਰੱਖਿਆ ਅਤੇ ਇਸਤਰੀਆਂ ਦੀ ਇੱਜ਼ਤ ਦੀ ਰੱਖਿਆ ਕਰਨੀ ਹੈ। ਅੰਮ੍ਰਿਤ ਛਕਣ ਦੇ ਸਮੇਂ ਤੋਂ ਅੰਮ੍ਰਿਤਧਾਰੀ ਨੇ ਮਨ ਅਤੇ ਸਰੀਰ ਵਲੋਂ ਪਵਿੱਤਰ ਰਹਿਣਾ ਹੈ। ਇਹੀ ਕਾਰਨ ਹੈ ਕਿ ਸਿੱਖਾਂ ਨੂੰ ਖ਼ਾਲਸਾ ਭਾਵ ਸ਼ੁਧ ਕਿਹਾ ਜਾਂਦਾ ਹੈ।
ਸ਼ ਅਜੀਤ ਸਿੰਘ ਨੇ ਅੱਗੇ ਲਿਖਿਆ ਹੈ ਕਿ ਰਸਮ ਤੋਂ ਬਾਅਦ ਜਿਹੜੇ ਬਾਹਰੋਂ ਤਾਂ ਖ਼ਾਲਸਾ ਸਰੂਪ ਰੱਖਦੇ ਹਨ ਪਰ ਅੰਦਰੋਂ ਕਪਟੀ ਹਨ ਉਹ ਪੰਥ ਅਤੇ ਅੰਮ੍ਰਿਤ ਵਰਗੇ ਪਵਿੱਤਰ ਕਾਰਜ ਲਈ ਬਦਨਾਮੀ ਖੱਟਦੇ ਹਨ। ਇਹ ਗੁਰੂ ਵੱਲੋਂ ਸਿੱਖਿਆ ਦਿੱਤੀ ਗਈ ਹੈ। ਹੋਲੇ ਦੇ ਤਿਉਹਾਰ ‘ਤੇ ਸ਼ਾਮਲ ਹੋਣ ਵਾਲੇ ਸਭ ਦੇ ਕੱਪੜਿਆਂ ਅਤੇ ਚਿਹਰੇ ‘ਤੇ ਲਾਲ ਰੰਗ ਪਾਇਆ ਜਾਂਦਾ ਹੈ ਜਿਸ ਨੂੰ ਗ਼ੁਲਾਲ ਕਹਿੰਦੇ ਹਨ। ਲੋਕਾਂ ਨੂੰ ਨਵੇਂ ਕੱਪੜੇ ਪਾਏ ਹੋਏ ਅਤੇ ਗ਼ੁਲਾਲ ਨਾਲ ਰੰਗੇ ਹੋਏ ਅੰਮ੍ਰਿਤ ਛਕਣ ਲਈ ਅਨੰਦਪੁਰ ਜਾਂਦੇ ਦੇਖਣਾ ਬਹੁਤ ਚੰਗਾ ਲਗਦਾ ਸੀ। ਅਜੀਤ ਸਿੰਘ ਅਨੁਸਾਰ ਉਨ੍ਹਾਂ ਦੇ ਪਰਿਵਾਰ ਵਿਚ ਦਸਵੇਂ ਗੁਰੂ ਦੇ ਸਮੇਂ ਤੋਂ ਹੀ ਪਰਿਵਾਰ ਦੇ ਪੁਰਸ਼ਾਂ ਨੂੰ ਅਨੰਦਪੁਰ ਲੈ ਕੇ ਜਾਣ ਦੀ ਪਰੰਪਰਾ ਸੀ। ਸ਼ ਅਜੀਤ ਸਿੰਘ ਨੇ ਆਪਣਾ ਸਾਰਾ ਜੀਵਨ ਕੌਮੀ ਆਜ਼ਾਦੀ ਅਤੇ ਦੇਸ਼ ਦੀ ਖ਼ਾਤਰ ਸੰਘਰਸ਼ ਲਈ ਲਾ ਦਿੱਤਾ। ਆਪਣੀ ਪੁਸਤਕ ਵਿਚ ਉਪਰ ਦਿੱਤੇ ਉਨ੍ਹਾਂ ਦੇ ਵਰਣਨ ਤੋਂ ਸਪਸ਼ਟ ਜਾਣਕਾਰੀ ਮਿਲਦੀ ਹੈ ਕਿ ਉਨ੍ਹਾਂ ਦਾ ਪਰਿਵਾਰ ਦੇਸ਼ ਦੀ ਖਾਤਰ ਵਿਰਸੇ ਵਿਚ ਗ੍ਰਹਿਣ ਕੀਤੇ ਸਿੱਖੀ ਸਿਧਾਂਤਾਂ ਅਨੁਸਾਰ ਲੜਦਾ ਰਿਹਾ।
“ਸਿੱਖ ਰੈਵੋਲੂਸ਼ਨ” ਦੇ ਲਿਖਾਰੀ ਜਗਜੀਤ ਸਿੰਘ ਨੇ ਆਪਣੀ ਪੁਸਤਕ ‘ਗ਼ਦਰ ਪਾਰਟੀ ਲਹਿਰ’ ਵਿਚ ਬਾਰੇ ਲਿਖਿਆ ਹੈ ਕਿ ਕਿਸ ਤਰ੍ਹਾਂ ਸਿੱਖ ਧਰਮ ਪੰਜਾਬ ਦੇ ਲੋਕਾਂ ਦੀ ਇਨਕਲਾਬੀ ਸ਼ਕਤੀ ਤੇ ਅਸਰ-ਅੰਦਾਜ਼ ਹੋਇਆ, “ਸਿੱਖ ਇਨਕਲਾਬੀ ਅੰਦੋਲਨ ਵਿਚ ਹਿੱਸਾ ਲੈਣ ਨੇ ਕੇਂਦਰੀ ਪੰਜਾਬ ਦੇ ਕਿਸਾਨ ਦੀ ਸੁੱਤੀ ਹੋਈ ਰਾਜਸੀ ਇਨਕਲਾਬੀ ਕਲਾ ਨੂੰ ਪਹਿਲੀ ਵੇਰ ਜਗਾਇਆ ਅਤੇ ਇਹ ਪ੍ਰਗਟ ਕੀਤਾ ਕਿ ਉਹ ਕਬਾਇਲੀ ਪੱਧਰ ਤੋਂ ਉਚੇਰੇ ਸਮਾਜਿਕ ਨਿਸ਼ਾਨਿਆਂ ਲਈ ਕਿਤਨੀ ਕੁਰਬਾਨੀ ਕਰ ਸਕਦਾ ਹੈ। ਇਸ ਨੇ ਉਸ ਦੀ ਨਾ-ਸਾਧੀ ਹੋਈ ਦਲੇਰੀ ਨੂੰ ਸਾਧਿਆ ਅਤੇ ਸਾਬਤ ਕੀਤਾ ਕਿ ਜਦ ਕਿਸੇ ਇਨਕਲਾਬੀ ਆਦਰਸ਼ ਦੀ ਉਸ ਨੂੰ ਸੱਚ-ਮੁੱਚ ਪਕੜ ਹੋ ਜਾਵੇ, ਤਾਂ ਉਹ ਕਠਿਨ ਤੋਂ ਕਠਿਨ ਔਕੜਾਂ ਵਿਚ ਇਰਾਦੇ ਦੀ ਕਿਤਨੀ ਦ੍ਰਿੜਤਾ ਅਤੇ ਪੁਖਤਾਈ ਵਿਖਾ ਸਕਦਾ ਹੈ ਅਤੇ ਸਾਲਾਂ-ਬੱਧੀ ਤਸੀਹੇ ਅਤੇ ਮੁਸੀਬਤਾਂ ਝੱਲਣ ਅਤੇ ਢਹਿੰਦੀਆਂ ਕਲਾ ਵਾਲੇ ਹਾਲਾਤ ਵਿਚੋਂ ਲੰਘਣ ਦੇ ਬਾਵਜੂਦ ਸਮਝੌਤਾ ਕੀਤੇ ਬਗੈਰ ਕਿਸ ਤਰ੍ਹਾਂ ਆਪਣੇ ਨਿਸ਼ਾਨੇ ਵਲ ਅਡੋਲ ਤੁਰਿਆ ਜਾ ਸਕਦਾ ਹੈ।” (ਪੰਨਾ 53)
ਇਸੇ ਦਲੇਰੀ ਦਾ ਪ੍ਰਗਟਾਵਾ ਸਿੱਖ ਗ਼ਦਰੀਆਂ ਦੇ ਬਿਆਨਾਂ ਤੋਂ ਹੁੰਦਾ ਹੈ ਜੋ ਉਨ੍ਹਾਂ ਨੇ ਸਮੇਂ ਸਮੇਂ ਦਿੱਤੇ। ਜਗਜੀਤ ਸਿੰਘ ਨੇ ਉਸ ਸਮੇਂ ਜਿਸ ਜੋਸ਼ ਅਤੇ ਸਪਿਰਿਟ ਨਾਲ ਹਿੰਦੋਸਤਾਨੀ ਇਨਕਲਾਬ ਕਰਨ ਵਾਸਤੇ ਹਿੰਦ ਨੂੰ ਜਾਣ ਲਈ ਤਿਆਰ ਹੋਏ, ਉਸ ਦਾ ਜ਼ਿਕਰ ਕਰਦਿਆਂ ਲਿਖਿਆ ਹੈ, “ਇਕ ਪਤੀ ਨੇ ਆਪਣੀ ਪਤਨੀ ਨੂੰ ਚਿੱਠੀ (ਜੋ ਸੀæ ਆਈæ ਡੀæ ਦੇ ਹੱਥ ਲੱਗੀ) ਲਿਖਿਆ, “ਥੋੜੀ ਦੇਰ ਨੂੰ ਇੱਕ ਵੱਡਾ ਗ਼ਦਰ ਹੋਵੇਗਾ। ਸਾਡੇ ਹੱਥ ਵਿਚ ਤਲਵਾਰ ਅਤੇ ਬੰਦੂਕ ਹੋਵੇਗੀ ਅਤੇ ਅੱਗੇ ਵੱਧਦੇ ਹੋਏ ਅਸੀਂ ਮਰਾਂਗੇ ਅਤੇ ਮਾਰਾਂਗੇ। ਅਸੀਂ (ਗੁਰੂ) ਗੋਬਿੰਦ ਸਿੰਘ ਦੇ ਸਪੁੱਤਰ ਹਾਂ। ਜੇ ਜਿਉਂਦੇ ਰਹੇ ਤਾਂ ਮਿਲਾਂਗੇ।” (ਪੰਨਾ 215-16) ਇਸੇ ਦੀ ਇੱਕ ਹੋਰ ਉਦਾਹਰਣ ਦਿੰਦਿਆਂ ਜਗਜੀਤ ਸਿੰਘ ਨੇ ਲਿਖਆ ਹੈ, “ਕੈਲੀਫੋਰਨੀਆ ਤੋਂ ਇਕ ਸਿੱਖ ਨੇ 82 ਨੰਬਰ ਪੰਜਾਬੀ ਪਲਟਣ ਦੇ ਇਕ ਸਿਪਾਹੀ ਨੂੰ ਨੁਸ਼ੈਹਰੇ (ਸਰਹੱਦੀ ਸੂਬੇ ਵਿਚ) ਲਿਖਿਆ, ‘æææਅਮਰੀਕਾ ਅਤੇ ਕੈਨੇਡਾ ਵਿਚ ਰਹਿਣ ਵਾਲੇ ਸਾਰੇ ਹਿੰਦੀ ਮਰਨ ਮਾਰਨ ਲਈ ਤਿਆਰ ਹਨ।” (ਪੰਨਾ 216)
ਕੈਨੇਡਾ, ਅਮਰੀਕਾ ਰਹਿੰਦੇ ਸਿੱਖ ਹਿੰਦੋਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਕਿਵੇਂ ਹਿੰਦੋਸਤਾਨ ਵਿਚ ਜਾ ਕੇ ਗ਼ਦਰ ਕਰਨ ਵਾਸਤੇ ਤੱਤਪਰ ਸਨ, ਇਸ ਦਾ ਅੰਦਾਜ਼ਾ ਜਗਜੀਤ ਸਿੰਘ ਵੱਲੋਂ ਆਪਣੀ ਪੁਸਤਕ ਵਿਚ ਦਿੱਤੇ ਵੇਰਵਿਆਂ ਤੋਂ ਲਗਦਾ ਹੈ, “ਵਿਕਟੋਰੀਆ (ਕੈਨੇਡਾ) ਤੋਂ ਅਗਸਤ ਦੇ ਅਖੀਰ ਵਿਚ ਇਕ ਗੋਰੇ ਨੇ ਅੰਗਰੇਜ਼ਾਂ ਦੇ ਲੜਾਈ ਦੇ ਵਜ਼ੀਰ ਨੂੰ ਲਿਖਿਆ ਕਿ ਉਸ ਦੇ ਇਕ ਮਿੱਤਰ, ਜੋ ਜਾਇਦਾਦ ਬਾਰੇ ਦਲਾਲੀ ਦਾ ਕੰਮ ਕਰਦਾ ਹੈ, ਨੂੰ ਇਕ ਸਿੱਖ ਨੇ ਹਦਾਇਤ ਕੀਤੀ ਹੈ ਕਿ ਉਸ ਦੀ ਜਾਇਦਾਦ ਦੇ ਦੋ ਟੁਕੜੇ ਅੱਧੀ ਕੀਮਤ ਉਤੇ ਵੇਚ ਦੇਵੇ। ਸਿੱਖ ਨੇ ਕਿਹਾ ਕਿ ਇਹ ਮਾਇਆ ਹਿੰਦੀਆਂ ਨੂੰ ਦੇਸ ਭੇਜਣ ਵਾਸਤੇ ਚਾਹੀਦੀ ਹੈ, ਅਤੇ ਦੋ ਮਹੀਨਿਆਂ ਤਕ ਅਮਰੀਕਾ ਵਿਚ ਮੁਸ਼ਕਲ ਨਾਲ ਹੀ ਕੋਈ ਹਿੰਦੀ ਰਹਿ ਜਾਵੇਗਾ। ਉਹ ਹਿੰਦੀਆਂ ਦੇ ਨਿਕਾਸ ਦਾ ਕਾਰਨ ਨਹੀਂ ਸੀ ਦੱਸਦਾ, ਪਰ ਉਸ ਨੇ ਇਸ਼ਾਰਾ ਕੀਤਾ ਕਿ ਇਹ ਬਰਤਾਨਵੀ ਸਰਕਾਰ ਦੇ ਉਲਟ ਹੈ।” (ਪੰਨਾ 217)
ਹਿੰਦ ਨੂੰ ਗ਼ਦਰ ਵਿਚ ਸਫਲ ਬਣਾਉਣ ਲਈ ਅਮਰੀਕਾ ਵਸਦੇ ਸਿੱਖ ਆਪਣੀਆਂ ਜ਼ਮੀਨਾਂ ਧੜਾ-ਧੜ ਵੇਚ ਰਹੇ ਸੀ, ਗੁਰੂ ਘਰ ਉਨ੍ਹਾਂ ਦੀ ਸਹਾਇਤਾ ਕਰ ਰਹੇ ਸਨ। ਜਗਜੀਤ ਸਿੰਘ ਨੇ ਸੀæਆਈæਡੀæ ਦੇ ਡਾਇਰੈਕਟਰ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਸਬੰਧ ਵਿਚ ਸਟਾਕਟਨ ਦੇ ਖ਼ਾਲਸਾ ਦੀਵਾਨ ਨੇ ਇੱਕ ਕੰਪਨੀ ਨਾਲ ਪ੍ਰਬੰਧ ਕੀਤਾ। (ਪੰਨਾ 218)
(ਚਲਦਾ)
Leave a Reply