ਤਸਵੀਰ ਦੇ ਦੋਵੇਂ ਪਾਸੇ-ਕਿਸ਼ਤ ਦੂਜੀ

ਫਰਾਂਸ ਦੇ ਸੰਸਾਰ ਪ੍ਰਸਿੱਧ ਲੇਖਕ ਮੋਪਾਸਾਂ (5 ਅਗਸਤ 1850-6 ਜੁਲਾਈ 1893) ਦੀ ਸ਼ਾਹਕਾਰ ‘ਬੂਲ ਦਿ ਸੂਫ’ ਨਾਂ ਦੀ ਕਹਾਣੀ ਕਈ ਨਾਂਵਾਂ-‘ਬਾਲ ਆਫ ਫੈਟ’, ‘ਬਟਰਬਾਲ’, ‘ਡੰਪਲਿੰਗ’ ਹੇਠ ਅਨੁਵਾਦ ਹੋਈ ਹੈ। ਮੋਪਾਸਾਂ ਦੀ ਇਹ ਕਹਾਣੀ ਪਹਿਲੀ ਵਾਰ ਅਪਰੈਲ 1880 ਵਿਚ ਛਪੀ ਸੀ। ਪੰਜਾਬੀ ਦੇ ਪ੍ਰਸਿੱਧ ਨਾਵਲਿਸਟ ਸਵਰਗੀ ਨਾਨਕ ਸਿੰਘ ਨੇ ਇਸ ਕਹਾਣੀ ਦਾ ਅਨੁਵਾਦ ‘ਤਸਵੀਰ ਦੇ ਦੋਵੇਂ ਪਾਸੇ’ ਸਿਰਲੇਖ ਤਹਿਤ ਕੀਤਾ ਸੀ। ਕਹਾਣੀ ਕਹਿਣ ਵਿਚ ਮੋਪਾਸਾਂ ਦੀ ਕੋਈ ਰੀਸ ਨਹੀਂ। ਮੁਸੀਬਤ ਵਿਚ ਕਿਵੇਂ ਊਚ-ਨੀਚ, ਅਮੀਰੀ-ਗਰੀਬੀ ਭੁਲਾ ਕੇ ਬੰਦਾ ਸਿਰਫ ਇਨਸਾਨ ਰਹਿ ਜਾਂਦਾ ਹੈ, ਕਹਾਣੀ ਵਿਚ ਇਹ ਬਿਰਤਾਂਤ ਲਾਜਵਾਬ ਹੈ। ਕਹਾਣੀ ਦਸ ਯਾਤਰੂਆਂ ਦੁਆਲੇ ਘੁੰਮਦੀ ਹੈ। ਪਿਛਲੇ ਅੰਕ ਵਿਚ ਪਾਠਕ ਪੜ੍ਹ ਚੁਕੇ ਹਨ ਕਿ ਪਹਿਲਾਂ ਇਹ ਦਸ ਯਾਤਰੂ ਕਿਵੇਂ ਅਮੀਰ-ਗਰੀਬ ਅਤੇ ਊਚ-ਨੀਚ ਦੇ ਪਾੜੇ ਵਿਚ ਵੰਡੇ ਹੋਏ ਸਨ ਪਰ ਜਦੋਂ ਮੁਸੀਬਤ ਗਲ ਪਈ ਤਾਂ ਇਸ ਸਭ ਕੁਝ ਭੁੱਲ ਗਿਆ। ਇਸ ਕਹਾਣੀ ਦਾ ਘੇਰਾ ਅੰਬਰ ਜਿੱਡਾ ਹੈ। ਕੋਈ ਮੋਪਾਸਾਂ ਵਰਗਾ ਲੇਖਕ ਹੀ ਕਹਾਣੀ ਦੀ ਇੰਨੀ ਵੱਡੀ ਹਲਾਈਂ ਵਗਲ ਸਕਦਾ ਸੀ। ਪੇਸ਼ ਹੈ ਕਹਾਣੀ ਦੀ ਅਗਲੀ ਕਿਸ਼ਤ। -ਸੰਪਾਦਕ

ਮੂਲ ਲੇਖਕ: ਮੋਪਾਸਾਂ
ਤਰਜਮਾ: ਨਾਨਕ ਸਿੰਘ
ਰੋਟੀ ਖਾਂਦਿਆਂ ਮੇਜ਼ਬਾਨ ਨਾਲ ਗੱਲ-ਕੱਥ ਨਾ ਕਰਨੀ ਸਾਊਪੁਣੇ ਦੇ ਵਿਰੁਧ ਹੈ, ਇਹ ਖਿਆਲ ਕਰ ਕੇ ਉਨ੍ਹਾਂ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਪਹਿਲਾਂ ਤਾਂ ਇਹ ਸਿਲਸਿਲਾ ਕੁਝ ਬੇਦਿਲਾ ਜਿਹਾ ਹੀ ਸੀ ਕਿਉਂਕਿ ਕਿਸੇ ਨੂੰ ਵੀ ਆਪਣੀ ਨੀਚ ਮੇਜ਼ਬਾਨ ਨਾਲ ਨੇੜਤਾ ਪਸੰਦ ਨਹੀਂ ਸੀ ਪਰ ਹੌਲੀ-ਹੌਲੀ ਇਹ ਸੰਕੋਚ ਦੂਰ ਹੁੰਦਾ ਗਿਆ। ਫਿਰ ਵੀ ਗੱਲ-ਕੱਥ ਐਸੇ ਢੰਗ ਨਾਲ ਜਾਰੀ ਰਹੀ, ਜਿਵੇਂ ਮਹਿਮਾਨ ਉਸ ਪਾਪਣ ਦਾ ਖਾਣਾ ਖਾ ਕੇ ਉਸ ‘ਤੇ ਬੜੀ ਮਿਹਰਬਾਨੀ ਕਰ ਰਹੇ ਹੋਣ; ਖਾਸ ਕਰ ਕੇ ਕਾਊਂਟੈਸ ਤਾਂ ਇੱਥੋਂ ਤੱਕ ਵੀ ਕਹਿ ਗਈ, “ਵੱਡੇ ਲੋਕਾਂ ਦੀ ਵਡਿੱਤਣ ਹੀ ਇਸ ਵਿਚ ਹੈ ਕਿ ਉਹ ਆਪ ਤੋਂ ਨੀਵਿਆਂ ਨਾਲ, ਬਲਕਿ ਘਟੀਆ ਚਾਲ-ਚਲਣ ਵਾਲੇ ਲੋਕਾਂ ਨਾਲ ਬਰਾਬਰੀ ਵਾਲਾ ਵਰਤਾਉ ਕਰਨ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਕੁਝ ਵਿਗੜ ਨਹੀਂ ਜਾਂਦਾ, ਪਰ ਨੀਚ ਸ਼੍ਰੇਣੀ ਦੇ ਲੋਕਾਂ ਨੂੰ ਇਸ ਤੋਂ ਬੜਾ ਉਤਸ਼ਾਹ ਮਿਲਦਾ ਹੈæææ ।” ਪਰ ਸ੍ਰੀਮਤੀ ਲੋਸ਼ੀਓ ਜਿਸ ਨੂੰ ਆਪਣੀ ਉਚਤਾ ਤੇ ਪਵਿੱਤਰਤਾ ਦਾ ਸਭ ਤੋਂ ਬਹੁਤਾ ਮਾਣ ਸੀ, ਬਿਨਾਂ ਕੁਝ ਬੋਲਿਆਂ, ਗੱਲ੍ਹਾਂ ਭਰ-ਭਰ ਕੇ ਖਾਣ ਵਿਚ ਮਸਤ ਰਹੀ।
ਗੱਲਾਂ ਦਾ ਸਿਲਸਿਲਾ ਅਖੀਰ ਲੜਾਈ ਵੱਲ ਜਿਹੜੀ ਇਨੀਂ ਦਿਨੀਂ ਸੁਭਾਵਕ ਹੀ ਸੀ, ਮੁੜਿਆ। ਜਰਮਨ ਲੋਕਾਂ ਦੇ ਜ਼ੁਲਮਾਂ ਤੇ ਨੀਚਪੁਣੇ ਦਾ ਜ਼ਿਕਰ ਛਿੜ ਪਿਆ, ਤੇ ਫਰਾਂਸੀਸੀਆਂ ਦੇ ਧੀਰਜ ਤੇ ਸਹਿਣਸ਼ੀਲਤਾ ਦੀ ਪ੍ਰਸ਼ੰਸਾ ਕੀਤੀ ਜਾਣ ਲੱਗੀ। ਇਸ ਤੋਂ ਬਾਅਦ ਛੇਤੀ ਹੀ ਜ਼ਾਤੀ ਤਜਰਬਿਆਂ ਦੀ ਚਰਚਾ ਚੱਲ ਪਈ। ਮਾਰਗਰੇਟ ਨੇ ਵੀ ਬੜੇ ਮਿੱਠੇ ਲਹਿਜੇ ਵਿਚ, ਤੇ ਬੜੇ ਸੁਚੱਜੇ ਢੰਗ ਨਾਲ ਆਪਣੇ ‘ਰੋਈਨ’ ਤੋਂ ਭੱਜਣ ਦਾ ਬਿਰਤਾਂਤ ਦੱਸਣਾ ਸ਼ੁਰੂ ਕੀਤਾ। ਸੁਣਨ ਵਾਲੇ ਹੈਰਾਨ ਸਨ ਕਿ ਇਹੋ ਜਿਹੀਆਂ ਪੇਸ਼ੇਵਰ ਤੀਵੀਆਂ ਵੀ ਰਾਜਨੀਤਕ ਮਾਮਲਿਆਂ ਨੂੰ ਸਮਝਦੀਆਂ, ਤੇ ਇੰਨਾ ਚੰਗਾ ਬੋਲ ਵੀ ਸਕਦੀਆਂ ਹਨ।
ਮਾਰਗਰੇਟ ਦੱਸਣ ਲੱਗੀ, “ਪਹਿਲਾਂ ਮੇਰਾ ਖਿਆਲ ‘ਰੋਈਨ’ ਛੱਡਣ ਦਾ ਨਹੀਂ ਸੀ। ਪੈਸਾ ਮੇਰੇ ਕੋਲ ਬਥੇਰਾ ਸੀ, ਖਾਣ-ਪੀਣ ਦਾ ਸਮਾਨ ਭੀ ਭਰਿਆ ਪਿਆ ਸੀ। ਕੁਝ ਜਰਮਨਾਂ ਨੂੰ ਆਪਣੇ ਘਰ ਰੱਖ ਕੇ ਮੈਂ ਟਿਕੀ ਰਹਿ ਸਕਦੀ ਸਾਂ। ਤੁਸੀਂ ਜਾਣਦੇ ਹੀ ਹੋ, ਇਸ ਤੋਂ ਬਿਨਾਂ ਕੋਈ ਵਾਹ ਵੀ ਨਹੀਂ ਸੀ। ਕਈ ਲੋਕ ਜਿਨ੍ਹਾਂ ਨੇ ਸਿਪਾਹੀਆਂ ਨੂੰ ਰੱਖਣੋਂ ਨਾਂਹ-ਨੁੱਕਰ ਕੀਤੀ, ਉਕਾ ਹੀ ਘਰਾਂ ਤੋਂ ਕੱਢ ਦਿੱਤੇ ਗਏ। ਨਾਲੇ ਮੇਰਾ ਤਾਂ ਹੋਰ ਕੋਈ ਥਾਂ ਟਿਕਾਣਾ ਵੀ ਨਹੀਂ ਸੀ, ਜਾਂਦੀ ਤਾਂ ਕਿਧਰ ਜਾਂਦੀ। ਮਜਬੂਰ ਹੋ ਕੇ ਮੈਨੂੰ ਵੀ ਇੱਦਾਂ ਹੀ ਕਰਨਾ ਪਿਆ, ਪਰ ਜਦੋਂ ਹੀ ਮੈਂ ਉਨ੍ਹਾਂ ਜਰਮਨ ਸੂਰਾਂ ਦੀ ਸ਼ਕਲ ਵੇਖਦੀ, ਗੁੱਸੇ ਤੇ ਨਫ਼ਰਤ ਨਾਲ ਮੇਰਾ ਲਹੂ ਖੌਲਣ ਲਗਦਾ। ਸ਼ਰਮ ਦੀ ਮਾਰੀ ਮੈਂ ਆਪਣੇ ਆਪ ਵਿਚ ਡੁੱਬਦੀ ਜਾਂਦੀæææ ਮੇਰੇ ਦੇਸ਼ ਦੇ ਦੁਸ਼ਮਣ, ਮੇਰੇ ਪ੍ਰਾਹਣੇ? ਨਾਲੇ ਮੈਂ ਸੋਚਦੀ, ਜੇ ਕਿਤੇ ਮੈਂ ਮਰਦ ਹੁੰਦੀ, ਤਾਂ ਇਕ ਵਾਰੀ ਇਨ੍ਹਾਂ ਵਹਿਸ਼ੀ ਕੁੱਤਿਆਂ ਨੂੰ ਦਸ ਦਿੰਦੀ!
ਜਿਸ ਦਿਨ ਉਹ ਲੋਕ ‘ਰੋਈਨ’ ਵਿਚ ਆ ਵੜੇ, ਮੈਂ ਜਦ ਬਾਰੀ ਵਿਚੋਂ ਉਨ੍ਹਾਂ ਦੀਆਂ ਮਨਹੂਸ ਸ਼ਕਲਾਂ ਵੇਖੀਆਂ, ਤਾਂ ਆਪੇ ਤੋਂ ਬਾਹਰ ਹੋ ਗਈ। ਜੇ ਕਿਤੇ ਮੇਰੀ ਨੌਕਰਾਣੀ ਨੇ ਮੈਨੂੰ ਫੜ ਨਾ ਲਿਆ ਹੁੰਦਾ, ਤਾਂ ਕੁਰਸੀ ਚੁੱਕ ਕੇ ਉਨ੍ਹਾਂ ‘ਤੇ ਵਗ੍ਹਾ ਮਾਰਦੀ। ਇਸ ਤੋਂ ਬਾਅਦ ਕੁਝ ਸਿਪਾਹੀਆਂ ਨੂੰ ਮੇਰੇ ਮਕਾਨ ‘ਤੇ ਠਹਿਰਾ ਦਿੱਤਾ ਗਿਆ। ਪਹਿਲਾ ਸਿਪਾਹੀ ਜਿਹੜਾ ਮੇਰੀ ਬੈਠਕ ਅੰਦਰ ਆਇਆ, ਮੈਂ ਗੁੱਸੇ ਨਾਲ ਪਾਗਲ ਹੋ ਕੇ ਉਹਨੂੰ ਗਲੋਂ ਜਾ ਫੜਿਆ, ਪਰ ਉਸ ਨੇ ਮੈਨੂੰ ਵਾਲਾਂ ਤੋਂ ਫੜ ਕੇ ਪਿਛਾਂਹ ਸੁੱਟ ਦਿੱਤਾ। ਜੇ ਕਿਤੇ ਉਹ ਫੁਰਤੀ ਨਾਲ ਇਸ ਤਰ੍ਹਾਂ ਨਾ ਕਰਦਾ ਤਾਂ ਮੈਂ ਉਸ ਨੂੰ ਜਾਨੋਂ ਹੀ ਮਾਰ ਸੁੱਟਣਾ ਸੀ।
ਇਸ ਤੋਂ ਬਾਅਦ ਮੈਨੂੰ ਆਪਣੇ ਆਪ ਨੂੰ ਲੁਕਾ ਕੇ ਰੱਖਣਾ ਪਿਆ। ਕੁਝ ਚਿਰ ਮੈਂ ਲੁਕੀ ਰਹੀ, ਪਰ ਲੁਕਣ ਦਾ ਮਤਲਬ ਇਹ ਨਹੀਂ ਸੀ ਕਿ ਮੈਂ ਉਨ੍ਹਾਂ ਬਦਮਾਸ਼ਾਂ ਤੋਂ ਡਰਦੀ ਸੀ। ਅਸਲ ਵਿਚ ਮੇਰੇ ਅੰਦਰ ਜਿਹੜੀ ਅੱਗ ਭੜਕ ਰਹੀ ਸੀ, ਉਹ ਤਦ ਤੱਕ ਠੰਢੀ ਨਹੀਂ ਸੀ ਹੋਣੀ, ਜਦ ਤੱਕ ਮੈਂ ਆਪਣੇ ਦੇਸ਼ ਦੇ ਦੁਸ਼ਮਣਾਂ ਨੂੰ ਜਿੰਨਾ ਕੁ ਮੈਥੋਂ ਹੋ ਸਕੇ, ਮੌਤ ਦੇ ਘਾਟ ਨਾ ਉਤਾਰ ਲੈਂਦੀ æææ।”
“ਹੱਛਾ!” ਵੱਡੀ ਬ੍ਰਹਮਚਾਰਨੀ ਦੇ ਹੱਥੋਂ ਮਾਲਾ ਡਿਗ ਪਈ, “ਫ਼ਿਰ ਤੂੰ ਕੀ ਕੀਤਾ?”
“ਫ਼ਿਰ?” ਵੇਸਵਾ ਦਾ ਸੀਨਾ ਧੌਂਕਣੀ ਵਾਂਗ ਉਠ-ਬੈਠ ਰਿਹਾ ਸੀ, “ਫ਼ਿਰ ਉਹੀ ਜੋ ਕੁਝ ਮੈਨੂੰ ਕਰਨਾ ਚਾਹੀਦਾ ਸੀ”, ਤੇ ਕਹਿੰਦਿਆਂ-ਕਹਿੰਦਿਆਂ ਮਾਰਗਰੇਟ ਨੇ ਆਪਣੇ ਦੋਵੇਂ ਪੰਜੇ ਸਾਹਮਣੇ ਤਾਣ ਕੇ 10 ਦਾ ਸੰਕੇਤ ਕਰਦਿਆਂ ਕਿਹਾ, “ਇੰਨਿਆਂ ਨੂੰ ਟਿਕਾਣੇ ਲਾ ਕੇ ਨੱਸ ਆਈ, ਤੇ ਅੱਜ ਤੁਹਾਡੇ ਵਿਚਾਲੇ ਬੈਠੀ ਹਾਂ।”
“ਹੈਂ! ਦਸ ਜਰਮਨ? ਸੱਚਮੁੱਚ? ਕੀ ਇਹ ਮੁਮਕਿਨ ਹੈ?” ਕਈ ਮੁਸਾਫ਼ਰਾਂ ਦੇ ਮੂੰਹੋਂ ਇਕੱਠਾ ਨਿਕਲਿਆ। ਕਾਊਂਟੈਸ ਜਿਹੜੀ ਬਹੁਤੀ ਖਾ ਜਾਣ ਕਰ ਕੇ ਔਖੇ-ਔਖੇ ਡਕਾਰ ਲੈ ਰਹੀ ਸੀ, ਬੋਲੀ, “ਪਰ ਕਿਸ ਤਰ੍ਹਾਂ ਇਕ ਦਮ ਇਤਨੇ ਖੂਨ?” ਤੇ ਉਸ ਦੇ ਚਿਹਰੇ ਦਾ ਰੰਗ ਜਿਹੜਾ ਖਾਣ ਪੀਣ ਨਾਲ ਮਸਾਂ ਠੀਕ ਹੋਇਆ ਸੀ, ਡਰ ਨਾਲ ਫਿਰ ਪੀਲਾ ਹੋਣਾ ਸ਼ੁਰੂ ਹੋ ਗਿਆ।
“ਕਿਸ ਤਰ੍ਹਾਂ ਕੀ!” ਵੇਸਵਾ ਦੇ ਸਰੀਰ ਦੀਆਂ ਸਾਰੀਆਂ ਨਾੜਾਂ ਜੋਸ਼ ਨਾਲ ਥਿਰਕ ਰਹੀਆਂ, “ਡੰਡੇ ਨਾਲ, ਛੁਰੇ ਨਾਲ, ਰੱਸੀ ਨਾਲ! ਆਦਮੀ ਦਾ ਮਾਰਨਾ ਹੈ ਈ ਕੀ ਏ।”
ਉਸ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਸਭ ਨੇ ਉਸ ਨੂੰ ਵਧਾਈ ਦਿੱਤੀ। ਕਾਰਨੂਟੇਡ ਵੀ ਵਿਚ-ਵਿਚ ਮੁਸਕਰਉਂਦਾ ਤੇ ਸਿਰ ਹਿਲਾਉਂਦਾ ਰਿਹਾ; ਉਸੇ ਤਰ੍ਹਾਂ ਜਿਵੇਂ ਕੋਈ ਪਾਦਰੀ ਕਿਸੇ ਜਗਿਆਸੂ ਨੂੰ ਭਗਤੀ ਕਰਦਿਆਂ ਵੇਖ ਕੇ ਮੁਸਕਰਾਉਂਦਾ ਹੈ, ਕਿਉਂਕਿ ਦੇਸ਼ ਭਗਤੀ ਦਾ ਠੇਕਾ ਉਸ ਵਰਗੇ ਲੀਡਰਾਂ ਪਾਸ ਉਸੇ ਤਰ੍ਹਾਂ ਹੁੰਦਾ ਹੈ, ਜਿਵੇਂ ਪਾਦਰੀਆਂ ਪਾਸ ਧਰਮ ਦਾ ਠੇਕਾ।
ਤਾਂ ਵੀ ਕਾਰਨੂਟੇਡ ਸੀ ਪਰਜਾਤੰਤਰਵਾਦੀਆਂ ਦਾ ਮੋਹਰੀ। ਉਸ ਨੂੰ ਸ਼ਾਇਦ ਉਸ ਵੇਸਵਾ ਦਾ ਸਾਮਰਾਜਵਾਦੀ ਹਕੂਮਤ ਲਈ ਇਹ ਅੰਧ-ਵਿਸ਼ਵਾਸ ਚੰਗਾ ਨਹੀਂ ਸੀ ਲੱਗ ਰਿਹਾ। ਉਹ ਬੜੀ ਉਚੀ ਤੇ ਦ੍ਰਿੜ ਆਵਾਜ਼ ਵਿਚ ਬੋਲ ਉਠਿਆ, “ਪਰ ਸਾਮਰਾਜਵਾਦੀਆਂ ਦੀ ਇਹ ਮੂਰਖ਼ਤਾ ਭਰੀ ਹਿਮਾਇਤ ਹੈ।”
ਮਾਰਗਰੇਟ ਸੁਣ ਕੇ ਭਬੂਕਾ ਹੋ ਉਠੀ, ਕਿਉਂਕਿ ਉਹ ਬੋਨਾਪਾਰਟ ਦੇ ਸ਼ਰਧਾਲੂਆਂ ਵਿਚੋਂ ਸੀ। ਉਸ ਦਾ ਮੂੰਹ ਲਾਲ ਹੋ ਗਿਆ, ਤੇ ਗੁੱਸੇ ਦੀ ਮਾਰੀ ਥਥਲਾਉਂਦੀ ਹੋਈ ਬੋਲੀ, “ਨੈਪੋਲੀਅਨ ਦੀ ਥਾਂ ਮੈਂ ਤੈਨੂੰ ਤੇ ਤੇਰੇ ਸਾਥੀਆਂ ਨੂੰ ਬੰਦੀਖਾਨੇ ਵਿਚ ਵੇਖਣਾ ਚਾਹੁੰਦੀ ਸੀ। ਤੁਸਾਂ ਲੋਕਾਂ ਹੀ ਉਸ ਨਾਲ ਵਿਸਾਹਘਾਤ ਕੀਤਾ ਸੀ। ਜੇ ਫਰਾਂਸ ਦੇ ਰਾਜ ਦੀ ਵਾਗਡੋਰ ਤੁਸਾਂ ਲੋਕਾਂ ਦੇ ਹੱਥ ਆ ਜਾਵੇ ਤਾਂ ਸਾਡੇ ਵਰਗਿਆਂ ਲਈ ਜਿਉਣਾ ਮੁਸ਼ਕਲ ਹੋ ਜਾਵੇ।”
ਕਾਰਨੂਟੇਡ ਉਤੇ ਇਸ ਫਟਕਾਰ ਦਾ ਕੁਝ ਵੀ ਅਸਰ ਨਾ ਹੋਇਆ। ਉਹ ਅਜੇ ਤੱਕ ਆਪਣੇ ਵਡਿਤਣ ਉਤੇ ਆਕੜਿਆ ਹੋਇਆ, ਨਫ਼ਰਤ ਦੇ ਲਹਿਜੇ ਵਿਚ ਮੁਸਕਰਾ ਰਿਹਾ ਸੀ। ਜਾਪਦਾ ਸੀ ਜਿਵੇਂ ਇਸ ਵਾਰਤਾਲਾਪ ਵਿਚ ਹੋਰ ਗਰਮੀ ਆ ਜਾਵੇਗੀ। ਇਸ ਹਾਲਤ ਨੂੰ ਵੇਖ ਕੇ ਕਾਊਂਟ ਨੇ ਝਗੜਾ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਾਊਂਟੈਸ ਤੇ ਸ੍ਰੀਮਤੀ ਲੋਸ਼ੀਓ, ਆਮ ਅਮੀਰਾਂ ਦੀ ਆਦਤ ਅਨੁਸਾਰ ਪਰਜਾਤੰਤਰਵਾਦੀਆਂ ਨੂੰ ਘ੍ਰਿਣਾ ਨਾਲ ਵੇਖਦੀਆਂ ਤੇ ਸਾਮਰਾਜ ਦੀ ਤੜਕ-ਭੜਕ ਨੂੰ ਪਸੰਦ ਕਰਦੀਆਂ ਸਨ। ਇਸ ਕਰ ਕੇ ਆਪਣੀ ਰੁਚੀ ਦੇ ਉਲਟ ਚਾਲ-ਚਲਣ ਵਾਲੀ ਤੀਵੀਂ ਨਾਲ ਵੀ ਉਨ੍ਹਾਂ ਦੀ ਦਿਲਚਸਪੀ ਪੈਦਾ ਹੋ ਗਈ ਜਿਸ ਦੇ ਰਾਜਨੀਤਕ ਖਿਆਲ ਉਨ੍ਹਾਂ ਨਾਲ ਮਿਲਦੇ ਜੁਲਦੇ ਸਨ।
ਟੋਕਰੀ ਹੁਣ ਖਾਲੀ ਹੋ ਚੁੱਕੀ ਸੀ। ਉਸ ਵਿਚਲਾ ਸਾਮਾਨ ਭਾਵੇਂ ਦਸਾਂ ਆਦਮੀਆਂ ਦੇ ਢਿੱਡਾਂ ਨੂੰ ਘੰਡੀ ਤੱਕ ਭਰਨ ਲਈ ਕਾਫ਼ੀ ਸੀ, ਤਾਂ ਵੀ ਕਈਆਂ ਨੂੰ ਅਫ਼ਸੋਸ ਸੀ ਕਿ ਜੇ ਕਿਤੇ ਥੋੜ੍ਹਾ ਜਿਹਾ ਹੋਰ ਹੁੰਦਾ ਤਾਂ ਰਾਤ ਦੀ ਰੋਟੀ ਦਾ ਫ਼ਿਕਰ ਵੀ ਮੁੱਕ ਜਾਂਦਾ। ਖਾਣਾ ਮੁੱਕਣ ਦੇ ਨਾਲ ਹੀ ਗੱਲਾਂ ਦਾ ਸਿਲਸਿਲਾ ਵੀ ਬੰਦ ਹੋ ਗਿਆ।
ਰਾਤ ਪੈਣ ਲੱਗੀ। ਹੌਲੀ-ਹੌਲੀ ਬਰਫ਼ ਲੱਦੀ ਧਰਤੀ ਉਤੇ ਕਾਲੀ ਚਾਦਰ ਵਿਛਣ ਸ਼ੁਰੂ ਹੋ ਗਈ। ਮਾਰਗਰੇਟ ਮੋਟੀ ਹੋਣ ‘ਤੇ ਵੀ ਸਰਦੀ ਨਾਲ ਕੰਬ ਰਹੀ ਸੀ। ਕੋਚਵਾਨ ਨੇ ਲਾਲਟੈਣਾਂ ਬਾਲੀਆਂ ਜਿਨ੍ਹਾਂ ਦਾ ਮੱਧਮ ਚਾਨਣ ਸੜਕ ਦੇ ਦੋਹੀਂ ਪਾਸੀਂ ਫੈਲ ਰਿਹਾ ਸੀ।
ਗੱਡੀ ਅੰਦਰ ਹੁਣ ਹਨੇਰਾ ਸੀ। ਕੁਝ ਵੀ ਦਿਖਾਈ ਨਹੀਂ ਸੀ ਦਿੰਦਾ, ਪਰ ਜਿਸ ਪਾਸੇ ਕਾਰਨੂਟੇਡ ਤੇ ਮਾਰਗਰੇਟ ਬੈਠੇ ਹੋਏ ਸਨ, ਉਥੇ ਕੁਝ ਹਿਲ-ਜੁਲ ਜਿਹੀ ਦਿਖਾਈ ਦਿੱਤੀ। ਲੋਸ਼ੀਓ ਨੂੰ ਹਨੇਰੇ ਵਿਚ ਇਸ ਤਰ੍ਹਾਂ ਮਹਿਸੂਸ ਹੋਇਆ, ਜਿਵੇਂ ਲੰਮਦਾੜ੍ਹੀਆ ਪਰਜਾਤੰਤਰਵਾਦੀ ਤੇਜ਼ੀ ਨਾਲ ਇਕ ਪਾਸੇ ਨੂੰ ਉਲਰਿਆ, ਜਿਵੇਂ ਉਸ ਨੂੰ ਕਿਸੇ ਨੇ ਕੱਸ ਕੇ ਘਸੁੰਨ ਜੜਿਆ ਹੋਵੇ।
ਸਾਹਮਣੇ ਛੋਟੀਆਂ-ਛੋਟੀਆਂ ਬੱਤੀਆਂ ਦਿਖਾਈ ਦਿੱਤੀਆਂ। ਪੂਰੇ ਯਾਰਾਂ ਘੰਟੇ ਚਲਦੀ ਰਹਿਣ ਤੋਂ ਬਾਅਦ ਅਖੀਰ ਗੱਡੀ ‘ਟੋਟਿਸ’ ਜਾ ਅੱਪੜੀ। ਇਸ ਵਿਚਾਲੇ ਤਿੰਨਾਂ-ਤਿੰਨਾਂ ਘੰਟਿਆਂ ਪਿੱਛੋਂ ਚਾਰ ਵਾਰੀ ਰਸਤੇ ਵਿਚ ਘੋੜਿਆਂ ਨੂੰ ਸਾਹ ਲੈਣ ਤੇ ਚਾਰਾ ਖਾਣ ਲਈ ਖੋਲ੍ਹਿਆ ਗਿਆ ਸੀ। ਇਸ ਤਰ੍ਹਾਂ ਸਭ ਰਲਾ ਕੇ ਗੱਡੀ ਨੇ ਚੌਦਾਂ ਘੰਟੇ ਵਕਤ ਖਰਚ ਕੀਤਾ।
ਗੱਡੀ ਸ਼ਹਿਰ ਵਿਚ ਪਹੁੰਚ ਕੇ ‘ਡੂਕਾਮਰਸ’ ਹੋਟਲ ਦੇ ਖੁੱਲ੍ਹੇ ਵਿਹੜੇ ਵਿਚ ਜਾ ਰੁਕੀ।
ਗੱਡੀ ਦਾ ਬੂਹਾ ਖੁੱਲ੍ਹਿਆ, ਤੇ ਨਾਲ ਹੀ ਜਾਣੇ-ਪਛਾਣੇ ਜਿਹੇ ਰੌਲੇ ਦੀ ਆਵਾਜ਼ ਸੁਣ ਕੇ ਸਾਰੇ ਮੁਸਾਫ਼ਰ ਡਰ ਗਏ। ਇਹ ਸ਼ੋਰ ਫ਼ਰਸ਼ ਉਤੇ ਮਿਆਨਾਂ ਖੜਕਾਉਣ ਦਾ ਸੀ। ਇਸ ਦੇ ਨਾਲ ਹੀ ਜਰਮਨ ਬੋਲੀ ਵਿਚ ਕਿਸੇ ਦੀਆਂ ਰੋਹਬ ਭਰੀਆਂ ਗੱਲਾਂ ਸੁਣਾਈ ਦਿੱਤੀਆਂ।
ਗੱਡੀ ਭਾਵੇਂ ਖੜੋਤੀ ਹੋਈ ਸੀ, ਤੇ ਬੂਹਾ ਵੀ ਖੁੱਲ੍ਹਾ ਸੀ, ਪਰ ਕਿਸੇ ਮੁਸਾਫ਼ਰ ਨੂੰ ਝਟਪਟ ਬਾਹਰ ਨਿਕਲਣ ਦੀ ਹਿੰਮਤ ਨਾ ਪਈ। ਉਨ੍ਹਾਂ ਨੂੰ ਕੁਝ ਇਸ ਤਰ੍ਹਾਂ ਦੀ ਸ਼ੰਕਾ ਹੋਰ ਹੀ ਸੀ, ਮਾਨੋ ਬਾਹਰ ਨਿਕਲਦਿਆਂ ਹੀ ਉਹ ਸਿੱਧੇ ਮੌਤ ਦੇ ਮੂੰਹ ਵਿਚ ਜਾ ਪੈਣਗੇ। ਤਦ ਲਾਲਟੈਣ ਹੱਥ ਵਿਚ ਫੜੀ ਗੱਡੀਵਾਨ ਬਾਹਰ ਖੜੋਤਾ ਉਨ੍ਹਾਂ ਨੂੰ ਦਿਖਾਈ ਦਿੱਤਾ। ਲਾਲਟੈਣ ਦਾ ਚਾਨਣ ਸਵਾਰੀਆਂ ਦੇ ਮੂੰਹਾਂ ‘ਤੇ ਪਿਆ, ਦੋਹਾਂ ਕਤਾਰਾਂ ਵਿਚ ਬੈਠੇ ਮੁਸਾਫ਼ਰਾਂ ਦੇ ਚਿਹਰੇ ਡਰ ਨਾਲ ਸਹਿਮੇ ਹੋਏ ਸਨ। ਸਭ ਦੇ ਮੂੰਹ ਖੁੱਲ੍ਹੇ ਸਨ। ਸਾਰੇ ਹੀ ਅੱਖਾਂ ਪਾੜ-ਪਾੜ ਕੇ ਇਕ ਦੂਜੇ ਵੱਲ ਤਕਦੇ ਹੋਏ ਕਿਸੇ ਭਿਆਨਕ ਹੋਣੀ ਦੀ ਸੰਭਾਵਨਾ ਨਾਲ ਕੰਬ ਰਹੇ ਸਨ।
ਗੱਡੀਵਾਨ ਨਾਲ ਇਕ ਜਰਮਨ ਅਫ਼ਸਰ ਖੜ੍ਹਾ ਵੇਖ ਕੇ ਸਾਰਿਆਂ ਦੀ ਖਾਨਿਓਂ ਗਈ। ਅਫ਼ਸਰ ਉਚੇ ਲੰਮੇ ਕੱਦ ਦੇ ਇਕਹਿਰੇ ਸਰੀਰ ਦਾ ਬੜਾ ਸਨੁੱਖਾ ਜਵਾਨ ਸੀ। ਚੁਸਤ ਪੁਸ਼ਾਕ ਵਿਚ ਉਹ ਉਸ ਤੀਵੀਂ ਵਰਗਾ ਦਿਸ ਰਿਹਾ ਸੀ ਜਿਸ ਨੇ ਤੰਗ ਚੋਲੀ ਨਾਲ ਆਪਣੇ ਸਰੀਰ ਨੂੰ ਕੱਸਿਆ ਹੋਇਆ ਹੋਵੇ। ਉਸ ਦੇ ਸਿਰ ‘ਤੇ ਚਮਕੀਲੀ ਟੋਪੀ ਸੀ। ਉਹ ਟੁੱਟੀ-ਫੁੱਟੀ ਫਰਾਂਸੀਸੀ ਵਿਚ ਮੁਸਾਫ਼ਰਾਂ ਨੂੰ ਕਹਿਣ ਲੱਗਾ, “ਮੁਸਾਫ਼ਰੋ! ਮਿਹਰਬਾਨੀ ਕਰ ਕੇ ਬਾਹਰ ਆ ਜਾਓ।”
ਸਭ ਤੋਂ ਪਹਿਲਾਂ ਦੋਹਾਂ ਬ੍ਰਹਮਚਾਰਨੀਆਂ ਨੇ ਉਸ ਦੀ ਆਗਿਆ ਦਾ ਪਾਲਣ ਕਰ ਕੇ ਇਹ ਸਾਬਤ ਕਰ ਦਿੱਤਾ ਕਿ ਧਾਰਮਿਕ ਰੁਚੀ ਰੱਖਣ ਵਾਲੀਆਂ ਪਵਿੱਤਰ ਤੀਵੀਆਂ ਮੁੱਢ ਤੋਂ ਹੀ ‘ਸਤ ਬਚਨ’ ਦੀਆਂ ਆਦੀ ਹੁੰਦੀਆਂ ਹਨ। ਇਨ੍ਹਾਂ ਤੋਂ ਬਾਅਦ ਕਾਊਂਟ ਤੇ ਉਸ ਦੀ ਕਾਊਂਟੈਸ, ਫ਼ਿਰ ਕੱਪੜੇ ਦਾ ਵਪਾਰੀ ਆਪਣੀ ਪਤਨੀ ਸਮੇਤ, ਤੇ ਉਸ ਪਿੱਛੋਂ ਲੋਸ਼ੀਓ ਆਪ ਤੋਂ ਦੂਣੇ ਕੱਦ ਦੀ ਵਹੁਟੀ ਨੂੰ ਅਗਾਂਹ ਧੱਕਦਾ ਹੋਇਆ ਬਾਹਰ ਆਇਆ।
ਹੇਠਾਂ ਉਤਰਦਿਆਂ ਹੀ ਸਾਰਿਆਂ ਨੇ ਬੜੀ ਨਿਮਰਤਾ ਨਾਲ ਜਰਮਨ ਅਫ਼ਸਰ ਨੂੰ ਸਲਾਮ ਕੀਤੀ, ਪਰ ਉਤਰ ਵਿਚ ਅਫ਼ਸਰ ਨੇ ਆਪਣਾ ਅਫ਼ਸਰੀ ਘੁਮੰਡ ਦੱਸਣ ਲਈ ਬਿਨਾਂ ਸਲਾਮ ਕਿਹਾਂ, ਰੋਹਬ ਭਰੀ ਨਜ਼ਰ ਨਾਲ ਉਨ੍ਹਾਂ ਸਾਰਿਆਂ ਵੱਲ ਤਕ ਛੱਡਿਆ, ਬੱਸ!
ਮਾਰਗਰੇਟ ਤੇ ਕਾਰਨੂਟੇਡ ਭਾਵੇਂ ਬੂਹੇ ਦੇ ਨੇੜੇ ਹੀ ਬੈਠੇ ਸਨ, ਪਰ ਉਤਰੇ ਉਹ ਸਭ ਤੋਂ ਪਿੱਛੋਂ। ਉਹ ਦੋਵੇਂ ਉਸ ਦੁਸ਼ਮਣ ਦੇ ਸਾਹਮਣੇ ਗੱਡੀ ਵਿਚੋਂ ਬੜੀ ਸ਼ਾਨ ਨਾਲ ਉਤਰੇ। ਰਿਸ਼ਟ-ਪੁਸ਼ਟ ਕੁੜੀ (ਮਾਰਗਰੇਟ) ਅੰਦਰੋਂ ਨਿਕਲਦੀ ਹੀ ਬਿਨਾਂ ਅਫ਼ਸਰ ਵੱਲ ਤੱਕਿਆਂ ਆਪਣਾ ਕੱਪੜਾ-ਲੱਤਾ ਅਤੇ ਸਿਰ ਦੇ ਵਾਲ ਸੰਵਾਰਨ ਲੱਗੀ ਪਈ। ਉਹ ਬਿਲਕੁਲ ਸ਼ਾਂਤ ਦਿਖਾਈ ਦਿੰਦੀ ਸੀ। ਪਰਜਾਤੰਤਰਵਾਦੀ ਕੰਬਦੇ ਹੱਥਾਂ ਨਾਲ ਆਪਣੀ ਲੰਮੀ ਦਾੜ੍ਹੀ ਠੀਕ ਕਰਨ ਲੱਗਾ। ਦੋਵੇਂ ਆਪੋ-ਆਪਣਾ ਸਵੈ-ਮਾਣ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ। ਜਾਣਦੇ ਸਨ ਕਿ ਇਹੋ ਜਿਹੇ ਵੇਲੇ ਹਰ ਆਦਮੀ, ਕਿਸੇ ਨਾ ਕਿਸੇ ਅੰਸ਼ ਵਿਚ ਆਪਣੇ ਦੇਸ਼ ਦਾ ਪ੍ਰਤੀਨਿਧ ਸਮਝਿਆ ਜਾਂਦਾ ਹੈ। ਮਾਰਗਰੇਟ ਨੂੰ ਆਪਣੇ ਬਾਕੀ ਸਾਥੀਆਂ ‘ਤੇ ਗੁੱਸਾ ਆ ਰਿਹਾ ਸੀ। ਇਸ ਲਈ ਉਹ ਆਪਣੀਆਂ ਦੂਜੀਆਂ ਸਾਥਣਾਂ ਦੇ ਟਾਕਰੇ ਵਧੇਰੇ ਦ੍ਰਿੜਤਾ ਨਾਲ ਖੜੋਤੀ ਰਹੀ।
ਅਖੀਰ ਵਿਚ ਸਾਰੇ ਮੁਸਾਫ਼ਰ ਹੋਟਲ ਦੇ ਇਕ ਕਮਰੇ ਵਿਚ ਪਹੁੰਚੇ। ਜਰਮਨ ਅਫ਼ਸਰ ਨੇ ਸਭ ਕੋਲੋਂ ਰਾਹਦਾਰੀ ਦੇ ਪਰਵਾਨੇ (ਪਾਸਪੋਰਟ) ਮੰਗੇ। ਇਨ੍ਹਾਂ ਪਰਵਾਨਿਆਂ ਵਿਚ ਮੁਸਾਫ਼ਰਾਂ ਦੇ ਨਾਂਵਾਂ ਤੋਂ ਛੁਟ ਉਨ੍ਹਾਂ ਦੇ ਕੰਮ-ਧੰਦੇ ਦਾ ਵੀ ਖਾਨਾ ਹੁੰਦਾ ਹੈ ਜੋ ਉਸ ਨੇ ਬੜੇ ਧਿਆਨ ਨਾਲ ਵੇਖੇ। ਫਿਰ ਸਾਰਿਆਂ ਦਾ ਹੁਲੀਆ ਪਰਵਾਨਿਆਂ ਵਿਚ ਲਿਖੇ ਚਿੰਨ੍ਹਾਂ ਨਾਲ ਮਿਲਾਇਆ। ਇਸ ਤੋਂ ਬਾਅਦ ਉਸ ਨੇ ਰੋਹਬ ਨਾਲ ਕਿਹਾ, ‘ਠੀਕ ਹੈ’।
ਸਾਰਿਆਂ ਨੂੰ ਭੁੱਖ ਲੱਗੀ ਹੋਈ ਸੀ। ਹੋਟਲ ਦੇ ਬੁਆਏ ਨੂੰ ਰੋਟੀ ਤਿਆਰ ਕਰਨ ਦਾ ਹੁਕਮ ਦਿੱਤਾ ਗਿਆ। ਰੋਟੀ ਤਿਆਰ ਹੋਣ ਵਿਚ ਅੱਧੇ ਘੰਟੇ ਦੀ ਦੇਰ ਸੀ। ਮੁਸਾਫ਼ਰ ਕਮਰਿਆਂ ਦੀ ਦੇਖ ਭਾਲ ਕਰਨ ਲੱਗੇ। ਸਾਰੇ ਕਮਰਿਆਂ ਦੇ ਅੱਗੇ ਲੰਮਾ ਬਰਾਂਡਾ ਸੀ ਜਿਸ ਵਿਚ ਖਲੋਤਿਆਂ ਦੂਰ ਤੀਕ ਬਾਹਰ ਦਾ ਨਜ਼ਾਰਾ ਦਿਸਦਾ ਸੀ।
ਰੋਟੀ ਤਿਆਰ ਹੋ ਗਈ। ਉਹ ਖਾਣੇ ਦੀ ਮੇਜ਼ ਅੱਗੇ ਬੈਠਣ ਹੀ ਲੱਗੇ ਸਨ ਕਿ ਹੋਟਲ ਦਾ ਮਾਲਕ ਉਨ੍ਹਾਂ ਦੇ ਕੋਲ ਆਇਆ। ਉਹ ਉਚਾ ਲੰਮਾ ਸੀ, ਪਰ ਦਮੇ ਦੀ ਬਿਮਾਰੀ ਨੇ ਉਸ ਦਾ ਲੱਕ ਕੁਝ ਕੁੱਬਾ ਕਰ ਦਿੱਤਾ ਹੋਇਆ ਸੀ। ਉਹ ਅਕਸਰ ਖੰਘਦਾ ਤੇ ਥੁੱਕਦਾ ਰਹਿੰਦਾ ਸੀ। ਉਸ ਦਾ ਨਾਂ ਸੀ ਫਲੇਮਬੀ। ਉਸ ਨੇ ਆਉਂਦਿਆਂ ਹੀ ਕਿਹਾ, “ਮਿਸ ਮਾਰਗਰੇਟ।”
ਮਾਰਗਰੇਟ ਤ੍ਰਭਕੀ, ਤੇ ਮੂੰਹ ਭੁਆ ਕੇ ਆਵਾਜ਼ ਦੇਣ ਵਾਲੇ ਵੱਲ ਤੱਕਦੀ ਬੋਲੀ, “ਮੇਰਾ ਨਾਂ ਹੈ। ਕਿਉਂ ਕੀ ਗੱਲ ਹੈ?”
“ਮਿਸ ਸਾਹਿਬਾ! ਜਰਮਨ ਅਫ਼ਸਰ ਨੇ ਹੁਕਮ ਭੇਜਿਆ ਹੈ ਕਿ ਉਹ ਤੁਹਾਨੂੰ ਇਸੇ ਵੇਲੇ ਮਿਲਣਾ ਚਾਹੁੰਦੇ ਨੇ।”
“ਮੈਨੂੰ?” ਮਾਰਗਰੇਟ ਨੇ ਠਠੰਬਰ ਕੇ ਪੁੱਛਿਆ, “ਮੇਰੇ ਨਾਲ ਕੀ ਕੰਮ ਹੋ ਸਕਦਾ ਹੈ ਉਸ ਦਾ?”
ਫ਼ਲੇਮਬੀ ਨੇ ਆਪਣੀ ਵਿਹਾਰਕ ਨਿਮਰਤਾ ਨਾਲ ਕਿਹਾ, “ਉਨ੍ਹਾਂ ਹੁਣੇ ਹੀ ਤੁਹਾਨੂੰ ਸੱਦ ਘੱਲਿਆ ਹੈ।”
ਮਾਰਗਰੇਟ ਨੇ ਤਮਕ ਕੇ ਉਤਰ ਦਿੱਤਾ, “ਜਾਓ ਕਹਿ ਦਿਓ, ਮੈਂ ਨਹੀਂ ਆ ਸਕਦੀ।”
ਸਾਥੀ ਕੁਝ ਘਬਰਾ ਕੇ ਉਸ ਦੇ ਹੋਰ ਨੇੜੇ ਹੋ ਗਏ। ਅਫ਼ਸਰਾਂ ਦੀ ਹੁਕਮ ਅਦੂਲੀ? ਫਿਰ ਉਨ੍ਹਾਂ ਅਫਸਰਾਂ ਦੀ ਜਿਹੜੇ ਅਜੇ ਨਵੇਂ ਹੀ ਇਸ ਇਲਾਕੇ ਨੂੰ ਜਿੱਤ ਕੇ ਮਾਲਕ ਬਣੇ ਹੋਣ! ਸੱਚਮੁੱਚ ਹੀ ਮਾਰਗਰੇਟ ਦੀ ਇਹ ਦਲੇਰੀ ਖਤਰਨਾਕ ਸੀ। ਕਾਊਂਟ ਉਸ ਦੇ ਕੋਲ ਆਣ ਕੇ ਬੜੀ ਨਰਮੀ ਨਾਲ ਕਹਿਣ ਲੱਗਾ, “ਮਿਸ ਮਾਰਗਰੇਟ! ਇਹ ਤੁਹਾਡੀ ਭੁੱਲ ਹੈ। ਤੁਹਾਡੇ ਇਨਕਾਰ ਕਰਨ ਦਾ ਜਾਣਦੇ ਹੋ ਕੀ ਨਤੀਜਾ ਹੋਵੇਗਾ? ਨਾ ਕੇਵਲ ਤੁਹਾਡੇ ਉਤੇ ਹੀ, ਬਲਕਿ ਤੁਹਾਡੇ ਸਾਥੀਆਂ ਉਤੇ ਵੀ ਕੋਈ ਭਾਰੀ ਬਿਪਤਾ ਪੈ ਸਕਦੀ ਹੈ। ਤੁਸੀਂ ਜਾਣਦੇ ਹੋ ਟੋਭੇ ਵਿਚ ਰਹਿ ਕੇ ਕੱਛੂ ਨਾਲ ਵੈਰ ਵਿਹਾਝਣਾ ਅਕਲਮੰਦੀ ਨਹੀਂ ਕਹੀ ਜਾ ਸਕਦੀ। ਗੱਲ ਕੋਈ ਖਾਸ ਨਹੀਂ ਹੋਣੀ, ਐਵੇਂ ਸਾਧਾਰਨ ਪੁੱਛ-ਗਿੱਛ ਕੀਤੀ ਜਾਏਗੀ। ਸੋ, ਮੇਰੇ ਆਖੇ ਲੱਗੋ ਤੇ ਚੱਲੇ ਜਾਓ ਬੀਬੀ ਰਾਣੀ।”
ਮਾਰਗਰੇਟ ਨੂੰ ਸਮਝਾਇਆ ਗਿਆ। ਲੈਕਚਰ ਦਿੱਤੇ ਗਏ। ਮਿੰਨਤਾਂ ਕੀਤੀਆਂ ਗਈਆਂ, ਤੇ ਉਸ ਨੂੰ ਯਕੀਨ ਦਿਵਾਇਆ ਗਿਆ ਕਿ ਖਤਰੇ ਵਾਲੀ ਉੱਕਾ ਕੋਈ ਗੱਲ ਨਹੀਂ, ਉਹ ਨਿਧੜਕ ਹੋ ਕੇ ਚਲੀ ਜਾਵੇ। ਅਖੀਰ ਮਾਰਗਰੇਟ ਦੁਖੀ ਹੋ ਕੇ ਬੋਲੀ, “ਮੈਂ ਚਲੀ ਜਾਂਦੀ ਹਾਂ, ਪਰ ਚੇਤੇ ਰੱਖਣਾ ਸਿਰਫ਼ ਤੁਸਾਂ ਲੋਕਾਂ ਦੇ ਮਜਬੂਰ ਕਰਨ ‘ਤੇ। ਨਹੀਂ ਤਾਂ ਜਰਮਨ ਅਫ਼ਸਰ ਦਾ ਭਾਵੇਂ ਪਿਓæææ?” ਤੇ ਕਾਊਂਟ ਨੇ ਝੱਟ-ਪੱਟ ਹੋਰ ਗੱਲਾਂ ਸ਼ੁਰੂ ਕਰ ਕੇ ਉਸ ਦੀ ਗੱਲ ਵਿਚਲੇ ਟੁੱਕ ਦਿੱਤੀ। ਉਸ ਨੂੰ ਖਤਰਾ ਪੈਦਾ ਹੋ ਗਿਆ ਸੀ ਕਿ ਜੋਸ਼ ਵਿਚ ਆਈ ਇਹ ਰੰਡੀ, ਮਤੇ ਅਫ਼ਸਰ ਨੂੰ ਕੋਈ ਗਾਲ੍ਹ-ਮੰਦਾ ਕਰ ਬੈਠੇ ਤੇ ਸਾਰੇ ਹੀ ਆਟੇ ਨਾਲ ਘੁਣ ਵਾਂਗ ਪੀਠੇ ਜਾਈਏ।
ਕਾਊਂਟੈਸ ਬੋਲੀ, “ਮਿਸ ਮਾਰਗਰੇਟ! ਅਸੀਂ ਸਾਰੇ ਇਸ ਉਦਾਰਤਾ ਲਈ ਤੁਹਾਡੇ ਧੰਨਵਾਦੀ ਹਾਂ।”
ਤੇ ਉਹ ਬਿਨਾਂ ਹੋਰ ਕੁਝ ਕਿਹਾਂ, ਭਰੀ-ਪੀਤੀ ਬਾਹਰ ਨਿਕਲ ਗਈ। ਬਾਕੀ ਯਾਤਰੀ ਰੋਟੀ ਖਾਣ ਵਿਚ ਰੁੱਝ ਗਏ, ਪਰ ਅਜੇ ਵੀ ਇਕ ਸ਼ੰਕਾ ਕਰ ਕੇ ਸਾਰਿਆਂ ਦੇ ਮੂੰਹ ਉਡੇ ਹੋਏ ਸਨ। ਉਨ੍ਹਾਂ ਨੂੰ ਡਰ ਸੀ ਕਿ ਅਫ਼ਸਰ ਦੇ ਸਾਹਮਣੇ ਜਾ ਕੇ ਜੇ ਉਹ ਗੁਸਤਾਖ਼ ਕੁੜੀ ਕੁਝ ਅਵਾ-ਤਵਾ ਬੋਲ ਪਈ, ਤਾਂ ਨਾ ਜਾਣੀਏ ਸਾਡੇ ਉਤੇ ਵੀ ਕੀ ਮੁਸੀਬਤ ਆ ਪਵੇ ਤੇ ਇਸ ਚਿੰਤਾ ਕਰ ਕੇ ਕਈਆਂ ਦੀ ਤਾਂ ਭੁੱਖ ਹੀ ਜਾਂਦੀ ਰਹੀ। ਪਰ ਦਸਾਂ-ਪੰਦਰਾਂ ਮਿੰਟ ਬਾਅਦ ਹੀ ਮਾਰਗਰੇਟ ਗੁੱਸੇ ਨਾਲ ਲਾਲੋ-ਲਾਲ ਹੋਈ ਹਫ਼ਦੀ ਤੇ ਗਾਲ੍ਹਾਂ ਕੱਢਦੀ ਹੋਈ ਮੁੜੀ ਆ ਰਹੀ ਸੀæææ “ਬਦਮਾਸ਼! ਕੁੱਤਾ! ਨੀਚ।”
ਰੋਟੀ ਖਾਣੀ ਸਭ ਨੂੰ ਭੁੱਲ ਗਈ ਤੇ ਸਾਰੇ ਜਣੇ ਉਸ ਦੁਆਲੇ ਇਕੱਠੇ ਹੋ ਕੇ ‘ਕੀ ਗੱਲ ਸੀ, ਮਾਮਲਾ ਕੀ ਹੈ’ ਆਦਿ ਸਵਾਲ ਕਰਨ ਲੱਗੇ। ਖਾਸ ਕਰ ਕੇ ਕਾਊਂਟ ਨੇ ਬੜੇ ਪਿਆਰ ਤੇ ਮਿੱਠਤ ਨਾਲ ਉਸ ਪਾਸੋਂ ਪੁੱਛਣ ਦੀ ਵਾਹ ਲਾਈ, ਪਰ ਉਸ ਦੀ ਇਕੋ ਫ਼ਟਕਾਰ ਨਾਲ ਸਾਰੇ ਦਬਕ ਗਏ, “ਤੁਹਾਡਾ ਕੋਈ ਹੱਕ ਨਹੀਂ ਮੈਥੋਂ ਕੁਝ ਪੁੱਛਣ ਦਾ। ਜਾਓ, ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀæææ ਤੁਸੀਂ ਸਾਰੇæææ।” ਤੇ ਉਹ ਸ਼ਾਇਦ ਇਹ ਸੋਚ ਕੇ ਰੁਕ ਗਈ ਕਿ ਮਤੇ ਕੋਈ ਸਖ਼ਤ ਗੱਲ ਮੂੰਹੋਂ ਨਿਕਲ ਜਾਵੇ।
ਮਾਰਗਰੇਟ ਆਪਣੇ ਖਾਣੇ ਅੱਗੇ ਬੈਠਣ ਦੀ ਥਾਂ ਪਰੇ ਇਕ ਨੁੱਕਰੇ ਮੇਜ਼ ਦੇ ਕੋਨੇ ‘ਤੇ ਜਾ ਬੈਠੀ। ਸਾਰੇ ਖਾਣ ਵਿਚ ਰੁੱਝ ਗਏ, ਤੇ ਉਨ੍ਹਾਂ ਨੂੰ ਚੇਤਾ ਹੀ ਭੁਲ ਗਿਆ ਕਿ ਉਨ੍ਹਾਂ ਦੀ ਇਕ ਸਾਥਣ ਜਿਹੜੀ ਆਪਣੀ ਥਾਲੀ ਅੱਗਿਉਂ ਉਠ ਕੇ ਚਲੀ ਗਈ ਸੀ, ਮੁੜ ਉਥੇ ਆ ਕੇ ਨਹੀਂ ਬੈਠੀ। ਸ਼ਾਇਦ ਇਸ ਲਈ ਕਿ ਉਹ ਪਤਿਤ ਕੁੜੀ ਸੀ!
ਘਟਨਾ ਭਾਵੇਂ ਦੁਖਦਾਈ ਤੇ ਰੰਗ ਵਿਚ ਭੰਗ ਪਾਉਣ ਵਾਲੀ ਸੀ, ਫ਼ਿਰ ਵੀ ਖਾਣ ਵਾਲਿਆਂ ਨੂੰ ਅੱਜ ਦੀ ਰੋਟੀ ਦਾ ਬੜਾ ਸੁਆਦ ਆਇਆ। ਸਿਉਂ ਦੀ ਸ਼ਰਾਬ ਬਹੁਤ ਵਧੀਆ ਸੀ, ਤੇ ਅੰਗੂਰਾਂ ਦੀ ਸ਼ਰਾਬ ਉਦੂੰ ਵੀ ਸੁਆਦਲੀ। ਬ੍ਰਹਮਚਾਰਨੀਆਂ ਸਣੇ ਸਭ ਨੇ ਚੰਗੀ ਤਰ੍ਹਾਂ ਡੰਝ ਲਾਈ। ਕਾਰਨੂਟੇਡ ਨੇ ਇਹ ਦਰਸਾਉਣ ਲਈ ਬੀਅਰ ਦੀ ਬੋਤਲ ਮੰਗਾਈ ਕਿ ਵਧੀਆ ਸ਼ਰਾਬਾਂ ਉਤੇ ਖਰਚ ਕਰਨਾ ਦੇਸ਼ ਨਾਲ ਹੱਦ ਦਰਜੇ ਦੀ ਗ਼ੱਦਾਰੀ ਦੇ ਬਰਾਬਰ ਹੈ। ਉਸ ਨੇ ਬੜੇ ਅੰਦਾਜ਼ ਨਾਲ ਬੀਅਰ ਦੀ ਬੋਤਲ ਖੋਲ੍ਹੀ ਜਿਸ ਕਰ ਕੇ ਉਸ ਵਿਚੋਂ ਝੱਗ ਬਾਹਰ ਨਿਕਲ ਆਈ। ਉਹ ਬੋਤਲ ਦੇ ਹੇਠ ਗਲਾਸ ਨੂੰ ਟਿਕਾਈ ਨਜ਼ਰ ਗੱਡ ਕੇ ਉਸ ਵੱਲ ਦੇਖਦਾ ਜਾਂਦਾ ਸੀ। ਫ਼ਿਰ ਗਲਾਸ ਚੁੱਕ ਕੇ ਆਪਣੀਆਂ ਅੱਖਾਂ ਤੇ ਲਾਲਟੈਣ ਦੇ ਸਾਹਮਣੇ ਇਸ ਢੰਗ ਨਾਲ ਰੱਖਦਾ ਸੀ ਜਿਸ ਨਾਲ ਉਹ ਬੀਅਰ ਦੇ ਸ਼ਰਬਤੀ ਰੰਗ ਨੂੰ ਚੰਗੀ ਤਰ੍ਹਾਂ ਦੇਖ ਸਕੇ। ਜਿਸ ਵੇਲੇ ਉਹ ਘੁੱਟ ਭਰਨ ਲਗਦਾ, ਉਸ ਦੀ ਲੰਮੀ ਦਾੜ੍ਹੀ ਹਿਲੋਰੇ ਲੈਂਦੀ ਜਾਪਦੀ। ਉਸ ਦੀ ਨੀਝ ਨੂੰ ਵੇਖ ਕੇ ਸਾਰੇ ਸਾਥੀ ਇਹੋ ਖਿਆਲ ਕਰਦੇ ਸਨ ਕਿ ਸ਼ਾਇਦ ਉਹ ਇਸ ਵੇਲੇ ਕਿਸੇ ਡੂੰਘੇ ਰਾਜਨੀਤਕ ਮਾਮਲੇ ਬਾਰੇ ਸੋਚ ਰਿਹਾ ਹੈ।
ਤਿੰਨੇ ਸ੍ਰੀਮਾਨ ਤੇ ਸ੍ਰੀਮਤੀਆਂ ਨਾਲੋ-ਨਾਲ ਬੈਠੇ ਖਾਣਾ ਖਾ ਰਹੇ ਸਨ। ਕਾਊਂਟ ਸਾਹਿਬ ਮੋਟਰ ਦੇ ਵਿਗੜੇ ਹੋਏ ਇੰਜਣ ਵਾਂਗ ਜ਼ੋਰ-ਜ਼ੋਰ ਦੀ, ਪਰ ਰੁਕ ਕੇ ਸਾਹ ਲੈ ਰਹੇ ਸਨ। ਖਾਣਾ ਖਾਣ ਸਮੇਂ ਉਹ ਬੋਲ ਨਹੀਂ ਸੀ ਸਕਦਾ, ਪਰ ਉਸ ਦੀ ਕਾਊਂਟੈਸ ਬਰਾਬਰ ਕੁੜ-ਕੁੜ ਕਰੀ ਜਾਂਦੀ ਸੀ। ਉਹ ਬੜੀ ਸ਼ੇਖੀ ਨਾਲ ਜਰਮਨਾਂ ਦੀ ਨਿੰਦਿਆ ਕਰ ਰਹੀ ਸੀ, ਪਰ ਨਾਲ ਹੀ ਕਨੱਖੀਆਂ ਨਾਲ ਇਧਰ-ਉਧਰ ਤੱਕ ਲੈਂਦੀ ਸੀ ਕਿ ਕੋਈ ਸੁਣ ਤਾਂ ਨਹੀਂ ਰਿਹਾ। ਸਭ ਤੋਂ ਬਹੁਤੀ ਸ਼ਿਕਾਇਤ ਉਹ ਇਸ ਗੱਲ ਦੀ ਕਰ ਰਹੀ ਕਿ ਦੁਸ਼ਟ ਜਰਮਨਾਂ ਦੇ ਆਉਣ ਕਰ ਕੇ ਉਸ ਦੀ ਕਿੰਨੀ ਜਾਇਦਾਦ ਨਸ਼ਟ ਹੋ ਗਈ, ਤੇ ਉਸ ਦਾ ਪਤੀ ਘੜੀ-ਮੁੜੀ ਉਸ ਦਾ ਹੱਥ ਘੁੱਟਦਾ ਕਹਿੰਦਾ, “ਚੁੱਪ ਵੀ ਕਰੋ। ਕੰਧਾਂ ਨੂੰ ਵੀ ਕੰਨ ਹੁੰਦੇ ਨੇ।”
ਪਤੀ ਦੇ ਰੋਕਣ ‘ਤੇ ਉਹ ਰਤਾ ਕੁ ਰੁਕੀ ਹੀ ਸੀ ਕਿ ਮਿੱਲ ਮਾਲਕ ਦੀ ਪਤਨੀ ਬੋਲੀ ਉਠੀ- “ਬੇਸ਼ੱਕ ਭੈਣ ਜੀ, ਇਹ ਜਰਮਨ ਸਿਪਾਹੀ ਛੁੱਟ ਆਲੂ ਤੇ ਮਾਸ ਖਾਣ ਤੋਂ ਹੋਰ ਕੁਝ ਕੰਮ ਨਹੀਂ ਕਰਦੇ। ਤੁਸੀਂ ਕਦੀ ਵੀ ਖਿਆਲ ਨਾ ਕਰੋ ਕਿ, ਜਿਵੇਂ ਇਹ ਉਤੋਂ ਸਾਫ਼-ਸੁਥਰੇ ਰਹਿੰਦੇ ਨੇ, ਦਿਲਾਂ ਦੇ ਵੀ ਇਸੇ ਤਰ੍ਹਾਂ ਸਾਫ਼ ਹੋਣਗੇ। ਬੜੇ ਚਲਾਕ, ਧੋਖੇਬਾਜ਼ ਤੇ ਪਖੰਡੀ ਨੇ ਇਹ ਲੋਕ। ਗਰੀਬ ਫ਼ਰਾਂਸੀਸੀਆਂ ਨੂੰ ਇਨ੍ਹਾਂ ਦੀ ਚਾਕਰੀ ਇਸ ਕਰ ਕੇ ਕਰਨੀ ਪੈ ਰਹੀ ਹੈ ਕਿ ਇਹ ਲੋਕ ਬੇ-ਰਹਿਮ ਨੇ। ਇਸ ਵਿਚ ਸ਼ੱਕ ਨਹੀਂ ਕਿ ਮੈਂ ਬਹੁਤਾ ਪੜ੍ਹੀ-ਲਿਖੀ ਹੋਈ ਨਹੀਂ ਹਾਂ, ਪਰ ਜਦੋਂ ਮੈਂ ਉਨ੍ਹਾਂ ਨੂੰ ਸਵੇਰ ਤੋਂ ਸ਼ਾਮ ਤੱਕ ਪਰੇਡ ਕਰਦਿਆਂ ਤੇ ਥੱਕਦਿਆਂ ਵੇਖਦੀ ਹਾਂ, ਤਾਂ ਮੈਂ ਸੋਚਦੀ ਹਾਂæææ ਜਦ ਹੋਰ ਲੋਕੀ ਨਵੀਆਂ-ਨਵੀਆਂ ਖੋਜਾਂ ਰਾਹੀਂ ਸਮਾਜ ਦੀ ਭਲਾਈ ਕਰਦੇ ਨੇ, ਤਦ ਇਹ ਲੋਕ ਕਿਉਂ ਦੂਜਿਆਂ ਦਾ ਨੁਕਸਾਨ ਕਰਨ ਵਿਚ ਜੁਟੇ ਹੋਏ ਨੇ। ਕੀ ਮਨੁੱਖੀ ਲਹੂ ਵਹਾਉਣਾ ਪਾਪ ਨਹੀਂ? ਪਰ ਭੈਣ, ਕੀ ਅਸੀਂ ਵੀ ਉਨ੍ਹਾਂ ਦੇ ਲਹੂ ਨਾਲ ਹੱਥ ਰੰਗੀਏ? ਇਹ ਭਲਾ ਕਿਧਰ ਦੀ ਅਕਲਮੰਦੀ ਹੈ। ਜੇ ਉਹ ਜ਼ੁਲਮ ਕਰਦੇ ਨੇ, ਤਾਂ ਆਪੇ ਰੱਬ ਤੇ ਈਸਾ ਮਸੀਹ ਉਨ੍ਹਾਂ ਨੂੰ ਸਜ਼ਾ ਦੇਣਗੇ। ਭਲਾ ਅਸੀਂ ਉਨ੍ਹਾਂ ਦੀ ਹੱਤਿਆ ਕਰ ਕੇ ਕਿਉਂ ਮੁਫ਼ਤ ਵਿਚ ਪਾਪੀ ਬਣੀਏ।”
ਕਾਰਨੂਟੇਡ ਨੇ ਦਾੜ੍ਹੀ ਹਿਲਾਉਂਦਿਆਂ ਤੇਜ਼ ਆਵਾਜ਼ ਵਿਚ ਕਿਹਾ, “ਜਿਸ ਵੇਲੇ ਅਸੀਂ ਕਿਸੇ ਗੁਆਂਢੀ ਉਤੇ ਹਮਲਾ ਕਰਦੇ ਹਾਂ ਤਾਂ ਪਸ਼ੂਪਣਾ ਹੁੰਦਾ ਹੈ, ਪਰ ਜੇ ਆਪਣੇ ਦੇਸ਼ ਦੀ ਰੱਖਿਆ ਲਈ ਲੜਾਈ ਕਰਨੀ ਪਵੇ ਤਾਂ ਇਹ ਸਾਡਾ ਪਵਿੱਤਰ ਫ਼ਰਜ਼ ਬਣ ਜਾਂਦਾ ਹੈ।”
ਵਪਾਰੀ ਦੀ ਪਤਨੀ ਨੀਵੀਂ ਪਾ ਕੇ ਬੋਲੀ, “ਤੁਹਾਡਾ ਖਿਆਲ ਠੀਕ ਹੈ, ਪਰ ਕੀ ਸਾਰੇ ਰਾਜਿਆਂ ਨੂੰ ਮਾਰ ਸੁੱਟਣਾ ਹੀ ਠੀਕ ਹੈ?”
ਕਾਰਨੂਟੇਡ ਬੋਲਿਆ, “ਹਾਂ। ਕਿਉਂਕਿ ਉਹ ਲੋਕ ਆਪਣੇ ਲਾਭ ਲਈ ਹੀ ਲੜਾਈ ਛੇੜਦੇ ਨੇ।”
ਲੋਸ਼ੀਓ ਨੂੰ ਸ਼ਾਇਦ ਇਸ ਬੇਸਿਰ-ਪੈਰ ਵਾਰਤਾਲਾਪ ਵਿਚੋਂ ਕੋਈ ਸੁਆਦ ਨਹੀਂ ਸੀ ਆ ਰਿਹਾ। ਉਹ ਉਠ ਕੇ ਹੋਟਲ ਦੇ ਮਾਲਕ ਕੋਲ ਚਲਾ ਗਿਆ, ਤੇ ਉਸ ਨਾਲ ਹੌਲੀ-ਹੌਲੀ ਗੱਲਾਂ ਕਰਨ ਲੱਗਾ। ਹੋਟਲ ਵਾਲਾ ਵੀ ਖੰਘਦਾ ਤੇ ਥੁੱਕਦਾ ਉਸ ਦੀਆਂ ਗੱਲਾਂ ਦਾ ਉਤਰ ਦਈ ਜਾਂਦਾ। ਇਸ ਵਾਰਤਾਲਾਪ ਦਾ ਅੰਤ ਦੋਹਾਂ ਲਈ ਬੜੇ ਸੁਖਦਾਈ ਰੂਪ ਵਿਚ ਹੋਇਆ, ਕਿਉਂਕਿ ਹੋਟਲ ਵਾਲੇ ਨੇ ਲੋਸ਼ੀਓ ਨਾਲ ਵੀਹ ਪੀਪੇ ਬੀਅਰ ਦਾ ਸੌਦਾ ਕਰ ਕੇ ਬਿਆਨੇ ਦੇ ਤੌਰ ‘ਤੇ ਕੁਝ ਰਕਮ ਵੀ ਉਸ ਨੂੰ ਫੜਾ ਦਿੱਤੀ ਸੀ।
ਰੋਟੀ ਤੋਂ ਵਿਹਲੇ ਹੋ ਕੇ ਉਹ ਸੌਣ ਦੀ ਤਿਆਰੀ ਕਰਨ ਲੱਗੇ। ਮਾਰਗਰੇਟ ਕਦੋਂ ਆਪਣੇ ਕਮਰੇ ਵਿਚ ਚਲੀ ਗਈ, ਕਿਸੇ ਨੂੰ ਪਤਾ ਨਹੀਂ ਸੀ। ਨਾ ਹੀ ਕਿਸੇ ਨੂੰ ਉਸ ਦੇ ਭੁੱਖੀ ਰਹਿਣ ਦੀ ਚਿੰਤਾ ਸੀ।
ਪਰ ਲੋਸ਼ੀਓ ਚੁੱਪ-ਚਾਪ ਵਰਾਂਡੇ ਵਿਚ ਫ਼ਿਰਦਾ ਰਿਹਾ, ਤੇ ਵਹੁਟੀ ਨੂੰ ਉਸ ਨੇ ਸੌਣ-ਕਮਰੇ ਵਿਚ ਭੇਜ ਦਿੱਤਾ ਸੀ। ਇਹ ਐਵੇਂ ਬੇਮਤਲਬ ਹੀ ਨਹੀਂ ਸੀ ਫਿਰ ਰਿਹਾ, ਸਗੋਂ ਦੱਬਵੇਂ ਪੈਰੀਂ ਉਸ ਵੇਸਵਾ ਦਾ ਕਮਰਾ ਢੂੰਡਦਾ ਫ਼ਿਰਦਾ ਸੀ। ਬਿੜਕ ਲੈਂਦਿਆਂ-ਲੈਂਦਿਆਂ ਅਖੀਰ ਉਹ ਉਸ ਦੇ ਕਮਰੇ ਤੀਕ ਜਾ ਪਹੁੰਚਿਆ। ਕਮਰੇ ਅੰਦਰ ਉਸ ਨੂੰ ਉਹੀ ਮਾਰਗਰੇਟ ਦਿਖਾਈ ਦਿੱਤੀ। ਉਸ ਨੇ ਕਸ਼ਮੀਰੇ ਦਾ ਨੀਲਾ ਗਾਊਨ ਪਹਿਨਿਆ ਹੋਇਆ ਸੀ ਜਿਸ ਕਰ ਕੇ ਉਸ ਦਾ ਸਰੀਰ ਹੋਰ ਵੀ ਗੋਲ-ਮਟੋਲ ਜਾਪਣ ਲੱਗ ਪਿਆ ਸੀ। ਥੋੜ੍ਹੀ ਦੇਰ ਬਾਅਦ ਬੂਹਾ ਖੁੱਲ੍ਹਦਾ ਵੇਖ ਲੋਸ਼ੀਓ ਪਿਛਾਂਹ ਹਟ ਕੇ ਹਨੇਰੀ ਨੁੱਕਰ ਵੱਲ ਹੋ ਗਿਆ। ਉਸ ਨੇ ਵੇਖਿਆ, ਮਾਰਗਰੇਟ ਦੇ ਹੱਥ ਵਿਚ ਮੋਮਬੱਤੀ ਸੀ ਤੇ ਬਰਾਂਡੇ ਦੀ ਕੰਧ ਨਾਲ ਤੁਰਦੀ ਹੋਈ ਉਹ ਲਾਗਲੇ ਕਮਰੇ ਵਿਚ ਜਾ ਵੜੀ।
ਥੋੜ੍ਹੇ ਚਿਰ ਬਾਅਦ ਜਦ ਉਹ ਬਾਹਰ ਨਿਕਲ ਕੇ ਆਪਣੇ ਕਮਰੇ ਵੱਲ ਆਉਣ ਲੱਗੀ ਤਾਂ ਉਸ ਦਾ ਮੇਲ ਇਕ ਹੋਰ ਆਦਮੀ ਨਾਲ ਹੋਇਆ। ਇਹ ਸੀ ਕਾਰਨੂਟੇਡ ਜਿਹੜਾ ਉਸ ਦੇ ਨਾਲ ਹੀ ਉਸ ਦੇ ਕਮਰੇ ਤੀਕ ਚਲਾ ਗਿਆ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਮਾਰਗਰੇਟ ਉਸ ਨੂੰ ਆਪਣੇ ਕਮਰੇ ਵਿਚ ਦਾਖ਼ਲ ਨਹੀਂ ਸੀ ਹੋਣ ਦੇਣਾ ਚਾਹੁੰਦੀ।
ਇਸ ਤੋਂ ਪਹਿਲਾਂ ਇਨ੍ਹਾਂ ਦੋਹਾਂ ਵਿਚਕਾਰ ਗੱਲਾਂ ਹੋ ਚੁੱਕੀਆਂ ਸਨ, ਪਰ ਲੋਸ਼ੀਓ ਸੁਣ ਨਹੀਂ ਸੀ ਸਕਿਆ। ਉਂਜ ਉਨ੍ਹਾਂ ਦੀਆਂ ਛੇਕੜਲੀਆਂ ਕੁਝ ਗੱਲਾਂ ਉਸ ਨੂੰ ਸਾਫ਼ ਸੁਣਾਈ ਦਿੱਤੀਆਂ। ਕਾਰਨੂਟੇਡ ਉਸ ਨੂੰ ਕਹਿ ਰਿਹਾ ਸੀ, “ਤੂੰ ਕਿੰਨੀ ਬੇਵਕੂਫ਼ ਏਂ। ਭਲਾ ਇਕ ਬਾਜ਼ਾਰੀ ਤੀਵੀਂ ਨੂੰ ਇਸ ਵਿਚ ਕੀ ਇਤਰਾਜ਼ ਹੋ ਸਕਦਾ ਹੈ।”
ਇਸ ਦੇ ਉਤਰ ਵਿਚ ਮਾਰਗਰੇਟ ਗੁੱਸੇ ਨਾਲ ਕਹਿ ਰਹੀ ਸੀ, “ਨਹੀਂ ਨਹੀਂ ਭਲੇ ਆਦਮੀ! ਕੋਈ-ਕੋਈ ਵੇਲਾ ਐਸਾ ਵੀ ਹੁੰਦਾ ਹੈ, ਜਦ ਬਾਜ਼ਾਰੀ ਤੀਵੀਆਂ ਵਿਚ ਵੀ ਇਸਤਰੀ ਅਣਖ ਜਾਗ ਉਠਦੀ ਹੈ। ਨਾਲੇ ਤੈਨੂੰ ਖੁਦ ਸ਼ਰਮ ਆਉਣੀ ਚਾਹੀਦੀ ਹੈ। ਇਸ ਥਾਂ ਤਾਂ ਉਂਜ ਹੀ ਇਹੋ ਜਿਹੀ ਹਰਕਤæææ।”
“ਕਿਉਂ?” ਕਾਰਨੂਟੇਡ ਨੇ ਸ਼ਾਇਦ ਉਸ ਦਾ ਮਤਲਬ ਨਾ ਸਮਝ ਕੇ ਪੁੱਛਿਆ, “ਇਸ ਥਾਂ ਕੀ ਹਰਜ ਐ?”
ਇਸ ‘ਤੇ ਮਾਰਗਰੇਟ ਗੁੱਸੇ ਨਾਲ ਬੇਕਾਬੂ ਹੋ ਕੇ ਬੋਲੀ, “ਇਸ ਦਾ ਕਾਰਨ ਤੂੰ ਸਮਝ ਨਾ ਸਮਝ? ਜਾਣਦਾ ਨਹੀਂ ਕਿ ਇਸ ਮਕਾਨ ਵਿਚ ਜਰਮਨ ਮੌਜੂਦ ਨੇ? ਤੇ ਉਹ ਵੀ ਦੂਰ ਨਹੀਂæææ ਸ਼ਾਇਦ ਨਾਲ ਦੇ ਇਨ੍ਹਾਂ ਕਮਰਿਆਂ ਵਿਚ ਹੀ।”
ਉਹ ਫਿਰ ਨਹੀਂ ਬੋਲਿਆ। ਇਸ ਪਤਿਤ ਕੁੜੀ ਦੀ ਦੇਸ਼ ਭਗਤੀ ਭਰਪੂਰ ਸ਼ਰਮ, ਜਿਹੜੀ ਉਸ ਨੂੰ ਦੁਸ਼ਮਣ ਦੀ ਮੌਜੂਦਗੀ ਵਿਚ ਆਪਣਾ ਪੇਸ਼ਾ ਕਰਨੋਂ ਵੀ ਰੋਕ ਰਹੀ ਸੀ, ਨੇ ਕਾਰਨੂਟੇਡ ਨੂੰ ਬੇਵਸ ਕਰ ਦਿੱਤਾ, ਤੇ ਉਹ ਕੇਵਲ ਇਕ ਵਾਰੀ ਉਸ ਦਾ ਮੂੰਹ ਚੁੰਮ ਕੇ ਆਪਣੇ ਕਮਰੇ ਵਿਚ ਮੁੜ ਗਿਆ। ਲੋਸ਼ੀਓ ਦਾ ਦਿਮਾਗ਼ ਵੀ ਸ਼ਾਂਤ ਹੋ ਗਿਆ। ਨਾਲ ਹੀ ਉਸ ਦੇ ਸੀਨੇ ਵਿਚ ਬਲ ਰਹੀਆਂ ਇਸ ਵਿਕਾਰ ਦੀਆਂ ਲਾਟਾਂ ਵੀ ਆਪਣੇ-ਆਪ ਬੁਝਣੀਆਂ ਸ਼ੁਰੂ ਹੋ ਗਈਆਂ। ਉਸ ਦੇ ਕਦਮ ਅਗਾਂਹ ਵਧਣ ਦੀ ਥਾਂ ਆਪਣੇ ਆਪ ਪਿਛਾਂਹ ਹਟਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਉਹ ਆਪਣੇ ਕਮਰੇ ਵੱਲ ਮੁੜ ਆਇਆ, ਤੇ ਬਿਨਾਂ ਖੜਾਕ ਕੀਤਿਆਂ ਬੂਹਾ ਖੋਲ੍ਹ ਕੇ ਅੰਦਰ ਸੁੱਤੀ ਹੋਈ ਆਪਣੀ ਵਹੁਟੀ ਦੇ ਪਾਸੇ ਨਾਲ ਲੰਮਾ ਪੈ ਗਿਆ।
(ਚਲਦਾ)

Be the first to comment

Leave a Reply

Your email address will not be published.