ਭੂਤ ਦਾ ਭੁਲੇਖਾ

ਕਿਰਪਾਲ ਕੌਰ
ਫੋਨ: 815-356-9535
ਸ਼ਿਕਾਗੋ ‘ਚ ਇਸ ਸਾਲ ਜਾਣੋ ਠੰਡ ਅਤੇ ਬਰਫ ਦਾ ਕੜ ਹੀ ਟੁੱਟਿਆ ਪਿਆ ਹੈ। ਪਿਛਲੇ ਢਾਈ ਮਹੀਨਿਆਂ ਤੋਂ ਧਰਤੀ ‘ਤੇ ਬਰਫ ਦੀ ਚਿੱਟੀ ਚਾਦਰ ਵਿਛੀ ਹੋਈ ਹੈ। ਸੂਰਜ ਦੇਵ ਦੇ ਤਾਂ ਦਰਸ਼ਨ ਹੀ ਕਦੀ ਕਦਾਈਂ ਹੁੰਦੇ ਹਨ। ਸੁੱਕੀ ਬਰਫ ਜਦੋਂ ਹਵਾ ਨਾਲ ਉਡਦੀ ਹੈ, ਇਉਂ ਜਾਪਦਾ ਹੈ ਜਿਵੇਂ ਪੰਜਾਬ ‘ਚ ਗਰਮੀਆਂ ਦੀ ਰੁੱਤੇ ਹਨੇਰੀ ਨਾਲ ਮਿੱਟੀ ਉਡਦੀ ਹੋਵੇ। ਕੋਸੀ ਧੁੱਪ ਨੂੰ ਬਸ ਤਰਸ ਹੀ ਗਏ ਹਾਂ। ਅੱਜ ਕਈ ਦਿਨਾਂ ਬਾਅਦ ਧੁਪ ਨਿਕਲੀ ਸੀ। ਮੈਂ ਆਪਣੇ ਘਰ ਇਕੱਲੀ ਬੈਠੀ ਬਾਹਰ ਵੱਲ ਦੇਖ ਰਹੀ ਸਾਂ। ਬਾਹਰ ਪਈ ਬਰਫ਼ ਉਤੇ ਮੇਰਾ ਮਨ ਇੱਧਰ-ਉਧਰ ਤਿਲ੍ਹਕ ਰਿਹਾ ਸੀ। ਕਿਸੇ ਖੁਮਾਰੀ ਵਿਚ ਅੱਖਾਂ ਮੀਟ ਲਈਆਂ। ਲੱਗਾ ਜਿਵੇਂ ਕਿਸੇ ਨੇ ਨਿੱਘਾ ਹੱਥ ਮੇਰੇ ਮੱਥੇ ‘ਤੇ ਰੱਖਿਆ ਹੋਵੇ, ਤੇ ਮੇਰੇ ਮੋਢੇ ਭੀ ਕੋਈ ਨਿੱਘੀ-ਮਿੱਠੀ ਛੋਹ ਮਾਣ ਰਹੇ ਹੋਣ! ਮੈਂ ਅੱਖਾਂ ਬੰਦ ਕਰੀ, ਉਸ ਪਿਆਰੀ ਛੋਹ ਦਾ ਨਿੱਘ ਮਾਣਦੀ ਰਹੀ। ਉਹ ਨਿੱਘ ਜਿਵੇਂ ਮਾਂ ਦੇ ਹੱਥਾਂ ਦਾ ਹੋਵੇ, ਜਾਂ ਕਿਸੇ ਅਤਿ ਪਿਆਰੇ ਦਾ। ਕੁਝ ਪਲ ਅਨੰਦ ਮਾਣ ਕੇ ਅੱਖਾਂ ਖੋਲ੍ਹੀਆਂ। ਸ਼ੀਸ਼ੇ ਦੇ ਦਰਵਾਜ਼ੇ ਵਿਚੋਂ ਆ ਰਹੀਆਂ ਸੂਰਜ ਦੀਆਂ ਕਿਰਨਾਂ ਨੇ ਮੈਨੂੰ ਸਵਰਗ ਦਾ ਝੂਟਾ ਦੇ ਦਿੱਤਾ ਸੀ।
ਮੈਂ ਰਤਾ ਆਪਣੇ-ਆਪ ਨੂੰ ਸੰਭਾਲਿਆ, ਦੇਖਿਆ ਮੱਧਮ ਕਿਰਨਾਂ ਬਰਫ਼ ਦੀ ਚਮਕ ਨਾਲ ਢਲਦੇ ਸੂਰਜ ਦੀ ਲਾਲੀ ਭੀ ਗੁਆ ਬੈਠੀਆਂ ਸਨ। ਸਾਡੇ ਪਿੰਡ ਤਾਂ ਚੜ੍ਹਦੇ ਸੂਰਜ ਦੀਆਂ ਕਿਰਨਾਂ ਸੁਨਹਿਰੀ ਅਤੇ ਢਲਦੇ ਦੀਆਂ ਕਿਰਨਾਂ ਲਾਲੀ ‘ਤੇ ਹੁੰਦੀਆਂ ਸਨ। ‘ਪਿੰਡ’ ਸ਼ਬਦ ਜ਼ਿਹਨ ਵਿਚ ਆਉਂਦੇ ਸਾਰ ਪਤਾ ਨਹੀਂ ਕਿਸ ਗੈਬੀ ਬਟਨ ‘ਤੇ ਹੱਥ ਪੈ ਗਿਆ। ਅੱਖ ਦੇ ਫੋਰ ਵਿਚ ਮੈਂ ਆਪਣੇ ਪਿੰਡ, ਆਪਣੇ ਖੂਹ ‘ਤੇ ਜਾ ਪਹੁੰਚੀ। ਜ਼ਿੰਦਗੀ ਦੇ ਹੰਢਾਏ ਦਹਾਕੇ ਭੀ ਰੇਤ ਦੀ ਮੁੱਠੀ ਵਾਂਗ ਕਿਰ ਗਏ। ਖੂਹ ‘ਤੇ ਜੋ ਪਹੁੰਚੀ ਸੀ, ਉਹ ਮਸਾਂ ਪੰਜ ਕੁ ਸਾਲਾਂ ਦੀ ਬਾਲੜੀ ਪਾਲ ਸੀ ਜਿਸ ਨੂੰ ਸਾਰਾ ਪਰਿਵਾਰ ਪਾਲ ਜੀ ਕਰ ਕੇ ਬੁਲਾਉਂਦਾ ਸੀ। ਪਾਲ ਕਦੀ ਹਲਟ ਦੀ ਪੈੜ ਦੁਆਲੇ ਘੁੰਮਦੀ, ਕਦੀ ਬੇਰੀ ਨਾਲ ਲਟਕਦੇ ਬਿਜੜੇ ਦੇ ਘਰ ਗਿਣਦੀ, ਤੇ ਕਦੀ ਪਿੱਪਲ ਦੇ ਪੱਤੇ ਦੀ ਪੀਪਨੀ ਬਣਾ ਕੇ ਤਾਇਆ ਜੀ ਦੇ ਕੰਨ ਕੋਲ ਕਰ ਕੇ ਜ਼ੋਰ ਦੀ ਵਜਾ ਕੇ ਦੌੜਦੀ।
ਸਾਹਮਣੇ ਪੂਰਬ ਵੱਲ ਦੇ ਖੇਤ ਜਿਹੜੇ ਹਲਟ ਤੋਂ ਦੂਰ ਪੈਂਦੇ ਸਨ, ਪਾਣੀ ਜਾਣਾ ਔਖਾ ਸੀ, ਜਾਂ ਹਲ ਨਾਲ ਐਨੇ ਖੇਤਾਂ ਵਿਚ ਹਲ ਚਲਾਉਣਾ ਔਖਾ ਸੀ, ਉਨ੍ਹਾਂ ਵਿਚ ਅਕਸਰ ਇਕੋ ਫਸਲ ਬੀਜੀ ਜਾਂਦੀ। ਉਹ ਵੀ ਰੱਬ ਆਸਰੇ। ਮੀਂਹ ਪੈਂਦਾ ਤਾਂ ਫਸਲ ਪਲ ਜਾਂਦੀ। ਉਥੇ ਅਕਸਰ ਚਰੀ ਤੇ ਮੂੰਗੀ ਬੀਜਦੇ। ਛੇ ਮਹੀਨੇ ਖੇਤ ਖਾਲੀ ਰਹਿੰਦਾ। ਸੂਰਜ ਚੜ੍ਹਨ ਸਮੇਂ ਪੂਰਬ ਦੀ ਖਿਤੀ ਨੂੰ ਖ਼ਬਰੇ ਕੁਦਰਤ ਰਾਣੀ ਸੁੱਚੀ ਕਰਦੀ, ਸੁਨਹਿਰੀ ਪੋਚਾ ਫੇਰਦੀ, ਸਾਡੇ ਖੇਤ ਭੀ ਉਸੇ ਰੰਗ ਵਿਚ ਰੰਗੇ ਜਾਂਦੇ। ਮੈਂ ਦੇਖ ਕੇ ਰੌਲਾ ਪਾਉਂਦੀ, “ਆਪਣੇ ਖੇਤ ਸੋਨੇ ਦੇ ਹੋ ਗਏ।” ਸੂਰਜ ਨਿਕਲਦਾ। ਉਸ ਦੀਆਂ ਸੁਨਹਿਰੀ ਕਿਰਨਾਂ ਖੂਹ ਦੇ ਆਸ-ਪਾਸੇ ਦੀ ਫ਼ਸਲ ‘ਤੇ ਪੈਂਦੀਆਂ। ਸਾਰਾ ਕੁਝ ਸੁਨਹਿਰਾ ਹੋ ਜਾਂਦਾ। ਫ਼ਸਲ ‘ਤੇ ਪਏ ਤਰੇਲ ਦੇ ਤੁਪਕੇ ਮੋਤੀਆਂ ਵਾਂਗ ਚਮਕਦੇ। ਮੈਂ ਬੌਰੀ ਹੋ ਜਾਂਦੀ, ਦੌੜੀ ਫਿਰਦੀ ਸਭ ਨੂੰ ਆਵਾਜ਼ਾਂ ਮਾਰਦੀ, “ਦੇਖੋ! ਆਪਣੇ ਖੇਤ ਕਿੰਨੇ ਸੋਹਣੇ ਲਗਦੇ, ਕਿੰਨੇ ਮੋਤੀ ਚਮਕਦੇ।” ਕਈ ਵਾਰ ਤਾਇਆ ਜੀ ਭੂਆ ਨੂੰ ਕਹਿੰਦੇ, “ਇਹਨੂੰ ਸਵੇਰੇ ਕਿਉਂ ਜਗ੍ਹਾ ਲੈਂਦੀ ਏਂ?” ਭੂਆ ਕਹਿੰਦੀ, “ਇਹਨੇ ਸਕੂਲ ਜਾਣਾ ਸ਼ੁਰੂ ਕਰਨਾ, ਛੇਤੀ ਉਠਣ ਦੀ ਆਦਤ ਤਾਂ ਬਣ ਜਾਵੇ।”
ਉਧਰ ਮੇਰਾ ਸੋਨਾ ਤੇ ਮੋਤੀ ਗੁੰਮ ਹੋ ਜਾਂਦੇ। ਮੇਰਾ ਗਲਾ ਭੀ ਥੱਕ ਜਾਂਦਾ। ਮੈਂ ਪਾਣੀ ਪੀਣ ਲਈ ਚਲ੍ਹੇ ਕੋਲ ਜਾਂਦੀ। ਭੂਆ ਭੀ ਲੱਸੀ ਪਿਲਾ ਕੇ ਆਪਣੇ ਛੰਨੇ ਤੇ ਝੱਕਰੀ ਧੋਂਦੀ ਹੁੰਦੀ। ਟਿੰਡਾਂ ਖੂਹ ਵਿਚੋਂ ਪਾਣੀ ਲੈ ਕੇ ਆਉਂਦੀਆਂ। ਵਾਰੀ-ਵਾਰੀ ਆਪਣਾ ਪਾਣੀ ਜਿਸਤੀ ਟੱਬ ਵਿਚ ਉਲਟਾ ਕੇ ਅਗਲੇ ਸਫ਼ਰ ਲਈ ਤੁਰ ਪੈਂਦੀਆਂ। ਪਾਣੀ ‘ਤੇ ਚੜ੍ਹਦੇ ਸੂਰਜ ਦੀਆਂ ਕਿਰਨਾਂ ਪੈਂਦੀਆਂ। ਜਦ ਟਿੰਡ ਵਿਚੋਂ ਪਾਣੀ ਗਿਰਦਾ, ਉਸ ਨੂੰ ਕਿਰਨਾਂ ਕਈ ਰੰਗਾਂ ਵਿਚ ਬਦਲ ਦਿੰਦੀਆਂ। ਉਹ ਰੰਗ ਜੋ ਅਸਮਾਨ ਉਤੇ ਪੈਣ ਵਾਲੀ ਪੀਂਘ ਵਿਚ ਦਿਸਦੇ ਹੁੰਦੇ। ਮੈਂ ਭੂਆ ਨੂੰ ਕਹਿੰਦੀ, “ਮਾਈ ਬੁੱਢੀ ਦੀ ਪੀਂਘ ਟੁੱਟ ਗਈ ਐ। ਉਹਦੀਆਂ ਰੇਸ਼ਮੀ ਡੋਰਾਂ ਪਾਣੀ ਵਿਚ ਘੁਲੀਆਂ ਹੋਈਆਂ।” ਪਾਣੀ ਜਦੋਂ ਟਿੰਡਾਂ ਵਿਚੋਂ ਟੱਬ ਵਿਚ ਪੈਂਦਾ, ਮਿੱਠਾ ਜਿਹਾ ਸੁਰ ਸੁਣਾਈ ਦਿੰਦਾ। ਫਿਰ ਟੱਬ ਵਿਚੋਂ ਚਲ੍ਹੇ ਵਿਚ, ਤੇ ਚਲੇ ਵਿਚੋਂ ਆੜ ਵਿਚ ਜਾਂਦਾ। ਤਿੰਨਾਂ ਥਾਂਵਾਂ ਦੇ ਪਾਣੀ ਦੀਆਂ ਵੱਖਰੀਆਂ ਮਿੱਠੀਆਂ ਧੁਨਾਂ, ਆਪਸ ਵਿਚ ਰਲ ਕੇ ਅਨੋਖਾ ਰਾਗ ਪੈਦਾ ਕਰਦੀਆਂ ਜਿਸ ਨੂੰ ਹਲਟ ਦੇ ਕੁੱਤੇ ਦੀ ‘ਤੁਕ ਤੁਕ ਤੱਲੇ’ ਦਾ ਸਾਥ, ਆਸੇ-ਪਾਸੇ ਨੂੰ ਅਨੋਖੀ ਮਸਤੀ ਨਾਲ ਭਰ ਦਿੰਦਾ। ਇਸ ਗੱਲ ਦਾ ਗਿਆਨ ਉਸ ਵੇਲੇ ਉਕਾ ਹੀ ਨਹੀਂ ਸੀ। ਇਹ ਅਹਿਸਾਸ ਤਾਂ ਅੱਜ ਦੀ ਯਾਦ-ਯਾਤਰਾ ਵੇਲੇ ਹੀ ਹੋਇਆ।
ਅੱਜ ਮੈਨੂੰ ਲਗਦਾ ਹੈ ਕਿ ਉਸ ਖੁੱਲ੍ਹੇ ਹਰੇ-ਭਰੇ ਆਲੇ-ਦੁਆਲੇ ਵਿਚ ਸ਼ੁੱਧ ਤੇ ਸਵੱਛ ਹਵਾ ਅਤੇ ਨੀਲੇ ਅਸਮਾਨ ਥੱਲੇ ਕੋਈ ਚਮਤਕਾਰੀ ਖਿੱਚ ਸੀ। ਉਸ ਖਿੱਚ ਦਾ ਹੀ ਅਸਰ ਸੀ ਕਿ ਟਿੰਡਾਂ ਰਾਹੀਂ ਨਿਕਲਦੇ ਪਾਣੀ ਨਾਲ ਮਸਤੀ ਚੜ੍ਹਦੀ ਸੀ। ਹਲਟ ਦੇ ਕੁੱਤੇ ਦੀ ਤੁਕ ਤੁਕ ਵਿਚ ਕੋਈ ਰਾਗ ਜਾਪਦਾ ਸੀ। ਹੁਣ ਸੋਚਦੀ ਹਾਂ ਕਿ ਪਾਣੀ ਦੀਆਂ ਉਹ ਆਵਾਜ਼ਾਂ ਜੋ ਮੈਨੂੰ ਸੁਣਦੀਆਂ ਸਨ, ਸ਼ਾਇਦ ਉਸੇ ਨੂੰ ਅਨਹਦ ਨਾਦ ਕਹਿੰਦੇ ਹਨ, ਤੇ ਉਹ ਜਿਹੜੀ ‘ਤੁਕ ਤੁਕ’ ਹੁੰਦੀ ਸੀ, ਅਨਹਦ ਸਾਜ਼ ਹੀ ਵੱਜਦਾ ਸੀ। ਉਹ ਨਾਦ, ਰਾਗ ਤੇ ਸਾਜ਼ ਸਭ ਕੁਝ ਅੱਜ ਭੀ ਮੇਰੇ ਅੰਦਰ ਉਸੇ ਤਰ੍ਹਾਂ ਸਜੀਵ ਹਨ ਪਰæææ ਪਰ ਇਨ੍ਹਾਂ ਸਥੂਲ ਤੇ ਸਜੀਵ ਅੱਖਾਂ ਲਈ ਅੱਜ ਉਥੇ ਕੁਝ ਭੀ ਨਹੀਂ ਹੈæææਬਸ ਮੋਟਰਾਂ, ਬੰਬੀਆਂ ਹਨ ਤੇ ਟਰੈਕਟਰ। ਖੇਤਾਂ ਦੀਆਂ ਮਾਲਕੀਆਂ ਬਦਲ ਗਈਆਂ। ਭੂਆ, ਤਾਇਆ, ਚਾਚੇ ਅਤੇ ਬੇਜੀ ਬਾਊ ਜੀ ਆਪਣੀ ਪਾਰੀ ਖੇਡ ਗਏ। ਉਨ੍ਹਾਂ ਨੂੰ ਯਾਦ ਕਰੀਦਾ ਹੈ। ਉਸ ਧਰਤੀ ਦੀ ਯਾਦ ‘ਕੱਲੇ-‘ਕੱਲੇ ਰਿਸ਼ਤੇ ਨਾਲ ਜੁੜੀ ਹੋਈ ਹੈ। ਉਸ ਯਾਦ ਵਿਚ ਅੱਖਾਂ ਭੀ ਖੂਹ ਦੀਆਂ ਟਿੰਡਾਂ ਵਾਂਗ ਪਾਣੀ ਪਲਟਣ ਤੋਂ ਨਹੀਂ ਹਟਦੀਆਂ।
ਸੋਚਿਆ, ਪਿੰਡ ਆਈ ਹਾਂ ਤਾਂ ਭੂਆ ਦੇ ‘ਠੀਕਰ’ ਬਾਗ ਵੱਲ ਭੀ ਨਜ਼ਰ ਮਾਰ ਆਵਾਂ। ਤੁਸੀਂ ਠੀਕਰ ਬਾਗ ਬਾਰੇ ਸਮਝ ਗਏ ਹੋਵੋਗੇ। ਅੱਗੇ ਪਿੰਡਾਂ ਵਿਚ ਮਿੱਟੀ ਦੇ ਭਾਂਡੇ ਬਹੁਤ ਹੁੰਦੇ ਸਨ। ਕਣਕ ਤੇ ਗੁੜ ਸਾਂਭਣ ਲਈ ਭੜੋਲੀਆਂ, ਮੱਟ, ਮੱਟੀਆਂ, ਮੇਪ, ਚਾਟੀਆਂ, ਪਾਣੀ ਲਈ ਘੜੇ, ਦੁੱਧ ਕਾੜ੍ਹਨ ਲਈ ਦਧੂਨੇ, ਕਾੜ੍ਹਨੀਆਂ, ਝੱਕਰੇ-ਝੱਕਰੀਆਂ ਤੇ ਤੌੜੀਆਂ। ਇਲਾਕੇ ਦੇ ਹਿਸਾਬ ਨਾਲ ਨਾਂਵਾਂ ਵਿਚ ਥੋੜ੍ਹਾ-ਬਹੁਤਾ ਫਰਕ ਹੋਵੇਗਾ। ਮਿੱਟੀ ਦੇ ਭਾਂਡੇ ਟੁੱਟਦੇ ਤੇ ਤਿੜਕਦੇ ਭੀ। ਇਕ ਦੋ ਠੀਕਰ ਤਾਂ ਤਕਰੀਬਨ ਹਰ ਘਰ ਵਿਚ ਮਿਲਦੇ। ਕਿਸੇ ਨੇ ਇਨ੍ਹਾਂ ਵਿਚ ਕੁਆਰ ਲਾਈ ਹੁੰਦੀ। ਕਿਸੇ ਨੇ ਜਾਨਵਰਾਂ ਜਾਂ ਪੰਛੀਆਂ ਲਈ ਪਾਣੀ ਰੱਖਿਆ ਹੁੰਦਾ, ਪਰ ਸਾਡੀ ਹਵੇਲੀ ਦੇ ਵਿਹੜੇ ਦੀ ਇਕ ਨੁਕਰੇ ਇਨ੍ਹਾਂ ਨੇ ਸੁੰਦਰ ਬਗੀਚੇ ਦਾ ਰੂਪ ਧਾਰਿਆ ਹੋਇਆ ਸੀ। ਹਰ ਵੱਡੇ-ਛੋਟੇ ਭਾਂਡੇ ਨੂੰ ਇੰਨੇ ਕਲਾਤਮਿਕ ਢੰਗ ਨਾਲ ਰੱਖਿਆ ਹੋਇਆ; ਤੇ ਇਸ ਬਾਗ ਵਿਚ ਇੰਨੇ ਬੂਟੇ ਲੱਗੇ ਹੋਏ ਸਨ ਕਿ ਅੰਦਰ ਆਉਣ ਵਾਲੇ ਦੀ ਨਜ਼ਰ ਇਸ ‘ਤੇ ਪੈਂਦੀ, ਤਾਂ ਅਗਲਾ ਤਾਰੀਫ ਕੀਤੇ ਬਿਨਾਂ ਨਾ ਰਹਿੰਦਾ। ਭੂਆ ਨੇ ਸੂਰਜਮੁਖੀ, ਸਤਵਰਗ, ਗੇਂਦਾ, ਗੁਲਾਬ, ਚਮੇਲੀ, ਲਾਜਵੰਤੀæææ ਹੋਰ ਨਾਮ ਹੁਣ ਯਾਦ ਨਹੀਂ ਆ ਰਹੇæææ ਕੁਆਰ, ਤੁਲਸੀ, ਨਿਆਜ਼ਬੋ, ਪੁਦੀਨਾ। ਕਈ ਬੇਲਾਂ ਭੀ। ਇਕ ਬੇਲ ਨੂੰ ਭੂਆ ਗਲੋ ਕਹਿੰਦੀ ਹੁੰਦੀ ਸੀ। ਹੋਰ ਭੀ ਬਹੁਤ ਕੁਝ ਲਾਇਆ ਹੋਇਆ ਸੀ। ਭੂਆ ਦਾ ਇਹ ਬੁਟੈਨੀਕਲ ਗਾਰਡਨ ਸਾਡੇ ਪਿੰਡ ਵਾਲਿਆਂ ਦਾ ਦਵਾਈਆਂ ਦਾ ਬਗੀਚਾ ਸੀ। ਕਿਸੇ ਦੇ ਸੱਟ ਲੱਗ ਜਾਵੇ, ਬੀਬੀ ਤੋਂ ਕੁਆਰ ਲੈ ਕੇ ਬੰਨ੍ਹ ਦਿਓ! ਕਿਸੇ ਦੇ ਫੋੜਾ ਨਿਕਲਦਾ, ਬੀਬੀ ਤੋਂ ਕੁਆਰ ਲੈ ਕੇ ਗਰਮ ਕਰ ਕੇ ਬੰਨ੍ਹ ਦਿਓ! ਉਲਟੀਆਂ ਆਉਂਦੀਆਂ, ਬੀਬੀ ਤੋਂ ਤੁਲਸੀ ਦੇ ਪੱਤੇ ਲੈ ਕੇ ਉਬਾਲ ਕੇ ਦੇ ਦਿਓ! ਬੁਖਾਰ ਹੈ, ਫਿਰ ਭੀ ਤੁਲਸੀ ਹੀ ਚਾਹੀਦੀ ਹੈ। ਕਰਮ ਚੰਦ ਹਕੀਮ ਨੇ ਤੁਲਸੀ ਦਾ ਕਾੜ੍ਹਾ ਦੱਸਣਾ, ਨਾਲ ਕਹਿ ਦੇਣਾ, “ਤੁਲਸੀ ਬੀਬੀ ਕੋਲੋਂ ਲੈ ਲੈਣਾ।” ਕਿਸੇ ਦਾ ਜਿਗਰ ਖਰਾਬ, ਗਲੋ ਦੇ ਪੱਤੇ ਬੀਬੀ ਤੋਂ ਲੈ ਕੇ ਸੌਂਫ ਨਾਲ ਕਾੜ੍ਹਾ ਬਣਾ ਕੇ ਪੀਣ ਨਾਲ ਆਰਾਮ ਆਵੇਗਾ। ਤਾਈ ਸੰਤ ਕੌਰ ਬੀਬੀ ਕੋਲੋਂ ਗੁਲਾਬ ਦੇ ਫੁੱਲ ਮੰਗਦੀ, “ਬੀਬੀ, ਵੈਦ ਨੇ ਕਿਹਾ, ਸੌਂਫ ਵਿਚ ਪਾ ਕੇ ਪੀਣ ਨਾਲ ਪੇਟ ਸਾਫ਼ ਹੋ ਜਾਂਦੈ।” ਪੰਡਿਤ ਤੇਲੂ ਰਾਮ ਪੀਲੇ ਫੁੱਲਾਂ ਦੀ ਮੰਗ ਲੈ ਕੇ ਖੜ੍ਹਾ ਰਹਿੰਦਾ। ਪੂਜਾ ਲਈ ਉਸ ਨੂੰ ਪੀਲੇ ਰੰਗ ਦੇ ਫੁੱਲ ਚਾਹੀਦੇ ਹੁੰਦੇ।
ਦੀਵਾਲੀ, ਦੁਸਹਿਰਾ ਆਉਣ ‘ਤੇ ਭੂਆ ਗੇਰੂ ਫੇਰ ਕੇ ਆਪਣਾ ਬਾਗ ਚਮਕਾ ਦਿੰਦੀ। ਮੈਂ ਤਾਂ ਹਰ ਵੇਲੇ ਭੂਆ ਦੇ ਨਾਲ ਹੀ ਹੁੰਦੀ। ਭੂਆ ਦੱਸਦੀ, “ਦੇਖ ਧੀਏ, ਸੂਰਜ ਦੀ ਰੋਸ਼ਨੀ ਤੋਂ ਬਿਨਾਂ ਤਾਂ ਕੋਈ ਫਸਲ, ਫੁੱਲ ਤੇ ਬੂਟਾ ਨਹੀਂ ਹੋ ਸਕਦਾ। ਕਈ ਫੁੱਲਾਂ ਨੂੰ ਤਾਂ ਸੂਰਜ ਦਾ ਅਵੱਲਾ ਪਿਆਰ ਹੁੰਦਾ। ਸੂਰਜਮੁਖੀ ਨੇ ਤਾਂ ਜਿੱਧਰ ਸੂਰਜ ਜਾਊ, ਉਸ ਪਾਸੇ ਆਪਣਾ ਮੂੰਹ ਰੱਖਣਾ। ਇਸ ਦਾ ਨਾਂ ਤਾਂ ਹੀ ਤਾਂ ਸੂਰਜਮੁਖੀ ਪੈ ਗਿਆ। ਜਿਵੇਂ ਜੁਆਲਾ ਗਾਉਂਦਾ ਹੁੰਦਾ ‘ਮੈਂ ਰਾਂਝਾ-ਰਾਂਝਾ ਕਰਦੀ ਆਪੇ ਰਾਂਝਣ ਹੋਈ।’ ਆਹ ਦੁਪਹਿਰ ਖਿੜੀæææ ਇਨ੍ਹਾਂ ਫੁੱਲਾਂ ਨੇ ਤਾਂ ਅੱਖਾਂ ਉਦੋਂ ਹੀ ਖੋਲ੍ਹਣੀਆਂ ਜਦ ਸੂਰਜ ਚਮਕਦਾ ਹੋਵੇ।
ਅੱਜ ਉਸ ਵਿਹੜੇ ਵਿਚ ਸੁੰਨ ਪਈ ਹੈ। ਵਿਹੜੇ ਵਿਚ ਹਨ, ਜਾਨਵਰਾਂ ਦੀਆਂ ਬਿੱਠਾਂ। ਦਿਨ ਵੇਲੇ ਕਬੂਤਰ ਗੁਟਕਦੇ ਹਨ, ਤੇ ਰਾਤ ਨੂੰ ਉਲੂ ਕੌਡੀ ਖੇਡਦੇ ਹਨ! ਭੂਆ ਦੇ ਭਤੀਜਿਆਂ ਵਿਚੋਂ ਕੋਈ ਪਰਦੇਸ ਜਾ ਵਸਿਆ, ਕਿਸੇ ਨੇ ਪੁਰਾਣੇ ਘਰ-ਹਵੇਲੀਆਂ ਛੱਡ ਖੇਤਾਂ ਵਿਚ ਕੋਠੀਆਂ ਪਾ ਲਈਆਂ। ਮੇਰੇ ਮਨ ਵਿਚ ਮੇਰਾ ਬਚਪਨ ਜੋ ਅੱਜ ਭੂਤਕਾਲ ਬਣ ਚੁੱਕਾ ਹੈ, ਕਈ ਵਾਰ ਉਸ ਦੇ ਵਰਤਮਾਨ ਹੋਣ ਦਾ ਭੁਲੇਖਾ ਪੈ ਜਾਂਦਾ ਹੈ। ਇਹ ਭੁਲੇਖੇ ਕਈ ਵਾਰ ਮਨ ਦੀ ਖੁਰਾਕ ਬਣ ਜਾਂਦੇ ਹਨ।

Be the first to comment

Leave a Reply

Your email address will not be published.