ਮਾਹੌਲ ਆਪਣੇ ਆਲੇ-ਦੁਆਲੇ ਉਤੇ ਕਿਸ ਤਰ੍ਹਾਂ ਅਤੇ ਕਿੰਨੇ ਵੱਡੇ ਪੱਧਰ ‘ਤੇ ਅਸਰ ਪਾਉਂਦਾ ਹੈ, ਇਸ ਦੀ ਉਮਦਾ ਮਿਸਾਲ ਐਤਕੀਂ ਦੀਆਂ ਕਿਲਾ ਰਾਏਪੁਰ ਖੇਡਾਂ ਬਣ ਗਈਆਂ ਹਨ। ਇਸ ਵਾਰ ਇਨ੍ਹਾਂ ਖੇਡਾਂ ਦਾ ਮੀਡੀਆ ਵਿਚ ਉਹ ਜਲੌਅ ਨਹੀਂ ਦਿਸਿਆ ਜਿਹੜਾ ਪਿਛਲੇ ਕੁਝ ਸਾਲਾਂ ਵਿਚ ਲਗਾਤਾਰ ਉਡ-ਉਡ ਸਾਹਮਣੇ ਆ ਰਿਹਾ ਸੀ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਸ ਵਿਚ ਪ੍ਰਬੰਧਕਾਂ ਦੀ ਅੰਦਰੂਨੀ ਖਿੱਚੋਤਾਣ ਵੀ ਹੋਵੇਗੀ; ਪਰ ਇਸ ਦਾ ਇਕ ਵੱਡਾ ਕਾਰਨ ਸਿਆਸਤ ਦੀ ਖੇਡ ਵੀ ਹੈ। ਲੋਕ ਸਭਾ ਚੋਣਾਂ ਨੇ ਮਾਹੌਲ ਨੂੰ ਇੰਨਾ ਗਰਮਾਇਆ ਹੋਇਆ ਹੈ ਕਿ ਪੱਤਰਕਾਰਾਂ ਨੂੰ ਸ਼ਾਇਦ ਇਨ੍ਹਾਂ ਖੇਡਾਂ ਦਾ ਚੇਤਾ ਵੀ ਨਹੀਂ ਆਇਆ, ਹਾਲਾਂਕਿ ਇਹ ਮੀਡੀਆ ਹੀ ਹੈ ਜਿਸ ਨੇ ਇਨ੍ਹਾਂ ਖੇਡਾਂ ਨੂੰ ਪੰਜਾਬ ਦੀਆਂ ਮਿਨੀ ਉਲੰਪਿਕ ਖੇਡਾਂ ਕਹਿ ਕੇ ਵਡਿਆਇਆ ਸੀ ਅਤੇ ਇਹ ਗੱਲ ਪੰਜਾਬ ਵਿਚ ਹੀ ਨਹੀਂ, ਕੌਮੀ ਤੇ ਕੌਮਾਂਤਰੀ ਪੱਧਰ ਤੱਕ ਧੁਮਾਈ ਸੀ। ਸਿਆਸਤ ਦੀ ਖੇਡ ਤਾਂ ਐਤਕੀਂ ਮਾਹੌਲ ਉਤੇ ਇੰਨੀ ਜ਼ਿਆਦਾ ਭਾਰੂ ਪਈ ਹੈ ਕਿ ਨਸ਼ਿਆਂ ਦੀ ਸਮਗਲਿੰਗ ਬਾਰੇ ਖਬਰਾਂ ਇਕਦਮ ਬਹੁਤ ਪਿਛਾਂਹ ਚਲੀਆਂ ਗਈਆਂ ਹਨ। ਪੰਜਾਬ ਵਿਚ ਇਹ ਪਹਿਲੀ ਵਾਰ ਸੀ ਕਿ ਨਸ਼ਾ ਸਮਗਲਿੰਗ ਦੀ ਲੜੀ ਸਿਆਸਤਦਾਨਾਂ ਨਾਲ ਸਿੱਧੀ ਜੁੜੀ ਸੀ, ਪਰ ਹੌਲੀ-ਹੌਲੀ ਕਰ ਕੇ ਇਹ ਮਾਮਲਾ ਪਿਛਾਂਹ ਪਾ ਦਿੱਤਾ ਗਿਆ। ਜਿੰਨੀ ਵੱਡੀ ਪੱਧਰ ਉਤੇ ਪੰਜਾਬ ਵਿਚ ਨਸ਼ਿਆਂ ਦੀ ਆਮਦ ਹੋ ਰਹੀ ਹੈ ਅਤੇ ਨਾਲ ਹੀ ਸੂਬੇ ਵਿਚ ਇਸ ਦੀ ਵਰਤੋਂ ਵਧ ਰਹੀ ਹੈ, ਉਸ ਤੋਂ ਜਾਪਦਾ ਸੀ ਕਿ ਹੁਣ ਗੱਲ ਕਿਸੇ ਤਣ-ਪੱਤਣ ਜ਼ਰੂਰ ਲੱਗੇਗੀ। ਇਸ ਨਾਲ ਆਖਰ ਪੰਜਾਬ ਦਾ ਭਵਿੱਖ ਜੁੜਿਆ ਹੋਇਆ ਹੈ ਪਰ ਦੇਖਦਿਆਂ-ਦੇਖਦਿਆਂ ਹੀ ਗੱਲ ਇਥੇ ਮੁੱਕ ਰਹੀ ਹੈ ਕਿ ਪੰਜਾਬ ਦੇ ਭਵਿੱਖ ਦੀ ਕਿਸੇ ਨੂੰ ਬਹੁਤੀ ਫਿਕਰ ਨਹੀਂ ਹੈ। ਜੇ ਫਿਕਰ ਹੈ ਤਾਂ ਸਿਰਫ ਆਪਣੀ ਕੂੜ ਸਿਆਸਤ ਅਤੇ ਆਪਣੇ ਟੱਬਰ ਦੀ। ਇਸ ਦੀ ਸਭ ਤੋਂ ਸਟੀਕ ਮਿਸਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਹਨ। ਇਨ੍ਹਾਂ ਸੰਗਤ ਦਰਸ਼ਨਾਂ ਉਤੇ ਜਿਸ ਤਰ੍ਹਾਂ ਬੇਵਜ੍ਹਾ ਪੈਸਾ ਪਾਣੀ ਵਾਂਗ ਰੋੜ੍ਹਿਆ ਜਾਂਦਾ ਹੈ, ਉਸ ਬਾਰੇ ਤਾਂ ਹੁਣ ਸ਼ਾਇਦ ਗੱਲ ਕਰਨ ਦੀ ਲੋੜ ਵੀ ਨਹੀਂ ਭਾਸਦੀ; ਸਮੇਂ ਨੇ ਸਾਬਤ ਹੀ ਕਰ ਦਿੱਤਾ ਹੈ, ਪਰ ਇਨ੍ਹਾਂ ਸੰਗਤ ਦਰਸ਼ਨਾਂ ਰਾਹੀਂ ਜਿਸ ਤਰ੍ਹਾਂ ਮੁੱਦਿਆਂ ਨੂੰ ਲਾਂਭੇ ਕਰ ਕੇ ਲੋਕਾਂ ਦੇ ਮਨਾਂ ਵਿਚ ਪ੍ਰਦੂਸ਼ਣ ਭਰਿਆ ਜਾ ਰਿਹਾ ਹੈ, ਉਹ ਸਿਆਸਤ ਦੀ ਸਭ ਤੋਂ ਖਤਰਨਾਕ ਖੇਡ ਹੈ। ਇਨ੍ਹਾਂ ਸੰਗਤ ਦਰਸ਼ਨਾਂ ਵਿਚ ਮੁੱਖ ਮੰਤਰੀ ਲੋਕਾਂ ਨੂੰ ਉਸ ਨਰੇਂਦਰ ਮੋਦੀ ਨੂੰ ਵੋਟਾਂ ਪਾਉਣ ਦੀ ਵਕਾਲਤ ਕਰ ਰਹੇ ਹਨ ਜਿਸ ਨੇ 2002 ਵਿਚ ਗੁਜਰਾਤ ‘ਚ ਘੱਟ-ਗਿਣਤੀਆਂ ਦਾ ਉਸੇ ਤਰ੍ਹਾਂ ਘਾਣ ਕੀਤਾ ਸੀ ਜਿਸ ਤਰ੍ਹਾਂ ਕਾਂਗਰਸ ਨੇ 1984 ਵਿਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਕਰਵਾ ਕੇ ਕੀਤਾ ਸੀ। ਸੰਗਤ ਵਰਗੇ ਪਵਿੱਤਰ ਸ਼ਬਦ ਦਾ ਇਸ ਤੋਂ ਵੱਡਾ ਅਪਮਾਨ ਹੋਰ ਕੀ ਹੋ ਸਕਦਾ ਹੈ? ਸਿਆਸਤਦਾਨਾਂ ਨੂੰ ਸੰਗਤ ਵਿਚ ਬੈਠ ਕੇ ਬੇਈਮਾਨ ਭਾਸ਼ਣ ਦੇਣ ਵਿਚ ਕੋਈ ਸੰਗ-ਸ਼ਰਮ ਹੀ ਨਹੀਂ ਹੈ।
ਮੁੱਖ ਮੰਤਰੀ ਬਾਦਲ ਨਰੇਂਦਰ ਮੋਦੀ ਲਈ ਵੋਟਾਂ ਕਾਂਗਰਸ ਨੂੰ ਹਰਾਉਣ ਲਈ ਮੰਗ ਰਹੇ ਹਨ। ਪਿਛਲੇ ਛੇ ਸਾਲ ਉਹ ਇਹ ਭਾਸ਼ਣ ਦਿੰਦੇ ਥੱਕ ਗਏ ਹਨ ਕਿ ਕਾਂਗਰਸ ਦੀ ਕੇਂਦਰ ਸਰਕਾਰ ਪੰਜਾਬ ਨਾਲ ਲਗਾਤਾਰ ਵਿਤਕਰਾ ਕਰ ਰਹੀ ਹੈ, ਪੰਜਾਬ ਨੂੰ ਲੁੱਟਿਆ-ਪੁੱਟਿਆ ਜਾ ਰਿਹਾ ਹੈ ਪਰ ਪਹਿਲਾਂ ਪੂਰੇ ਛੇ ਸਾਲ ਉਹ ਆਪ ਨਰੇਂਦਰ ਮੋਦੀ ਦੀ ਪਾਰਟੀ (ਭਾਰਤੀ ਜਨਤਾ ਪਾਰਟੀ) ਦੀ ਅਗਵਾਈ ਵਾਲੀ ਵਾਜਪਾਈ ਸਰਕਾਰ ਦਾ ਹਿੱਸਾ ਰਹੇ ਹਨ। ਉਸ ਵੇਲੇ ਉਨ੍ਹਾਂ ਕਦੇ ਵਿਤਕਰੇ ਦੀ ਗੱਲ ਨਹੀਂ ਸੀ ਕੀਤੀ। ਉਦੋਂ ਤਾਂ ਉਨ੍ਹਾਂ ਪੰਜਾਬ ਜਾਂ ਸਿੱਖਾਂ ਦੇ ਕਿਸੇ ਫਾਇਦੇ ਦੀ ਥਾਂ ਆਪਣੇ ਪੁੱਤ ਨੂੰ ਮੰਤਰੀ ਬਣਾਉਣ ਨੂੰ ਹੀ ਪਹਿਲ ਦਿੱਤੀ। ਹਰਿਆਣਾ ਦੇ ਕਾਂਗਰਸੀ ਲੀਡਰਾਂ ਖਿਲਾਫ ਵੀ ਉਹ ਅਕਸਰ ਭਾਸ਼ਣ ਦਿੰਦੇ ਹਨ ਪਰ ਇਕ ਸਮਾਂ ਉਹ ਵੀ ਸੀ ਜਦੋਂ ਪੰਜਾਬ ਵਿਚ ਉਨ੍ਹਾਂ ਦੀ ਪਾਰਟੀ ਦੀ ਅਤੇ ਹਰਿਆਣਾ ਵਿਚ ਉਨ੍ਹਾਂ ਦੇ ਮਿੱਤਰ ਸਿਆਸਤਦਾਨ ਦੇਵੀ ਲਾਲ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਦੀ ਸਰਕਾਰ ਸੀ। ਉਸ ਵੇਲੇ ਵੀ ਇਨ੍ਹਾਂ ਦੋਹਾਂ ਸੂਬਿਆਂ ਵਿਚਕਾਰ ਕੋਈ ਮਸਲਾ ਹੱਲ ਕਰਨ ਦਾ ਯਤਨ ਨਹੀਂ ਸੀ ਕੀਤਾ। ਪੰਜਾਬੀ ਭਾਸ਼ਾ ਨਾਲ ਵਿਤਕਰੇ ਵਾਲਾ ਭਾਸ਼ਣ ਵੀ ਉਹ ਅਕਸਰ ਦੁਹਰਾਉਂਦੇ ਰਹਿੰਦੇ ਹਨ, ਪਰ ਪੰਜਾਬ ਵਿਚ ਪੰਜਾਬੀ ਸਹੀ ਰੂਪ ਵਿਚ ਲਾਗੂ ਕਰਨ ਤੋਂ ਉਨ੍ਹਾਂ ਨੂੰ ਕੌਣ ਰੋਕਦਾ ਹੈ? ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦਾ ਉਂਜ ਹੀ ਮਾੜਾ ਹਾਲ ਹੈ ਅਤੇ ਪ੍ਰਾਈਵੇਟ ਸਕੂਲਾਂ ਵਿਚ ਬੜੇ ਸੂਖਮ ਢੰਗ ਨਾਲ ਪੰਜਾਬੀ ਨੂੰ ਲਾਂਭੇ ਕਰ ਦਿੱਤਾ ਗਿਆ ਹੈ। ਹਰ ਵਿਭਾਗ ਅਤੇ ਖੇਤਰ ਦੀਆਂ ਅਣਹੋਣੀਆਂ ਖਬਰਾਂ ਰੋਜ਼ ਸਵੇਰੇ ਲੋਕਾਂ ਦਾ ਮੂੰਹ ਚਿੜ੍ਹਾਉਂਦੀਆਂ ਹਨ, ਪਰ ਸਿਆਸਤਦਾਨਾਂ ਨੂੰ ਆਪਣੀ ਕੂੜ ਸਿਆਸਤ ਤੋਂ ਹੀ ਵਿਹਲ ਨਹੀਂ ਹੈ। ਉਂਜ, ਗੱਲ ਸਿਰਫ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਨਹੀਂ ਹੈ, ਕਾਂਗਰਸ ਵੀ ਇਸੇ ਸਿੱਕੇ ਦਾ ਦੂਜਾ ਪਾਸਾ ਹੈ। ਇਹ ਪਾਰਟੀ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਭੁੱਖ ਹੜਤਾਲਾਂ ਕਰ ਰਹੀ ਹੈ ਪਰ ਇਹ ਰੋਸ ਵਿਖਾਵਾ ਪਾਰਟੀ ਦੀ ਪਾਟੋਧਾੜ ਲੁਕਾਉਣ ਦੀ ਕਵਾਇਦ ਤੋਂ ਅਗਾਂਹ ਪੈਰ ਨਹੀਂ ਪੁੱਟ ਸਕਿਆ। ਦਰਅਸਲ ਪੰਜਾਬ ਦੀ ਸਿਆਸਤ ਵਿਚੋਂ ਕੁਰਬਾਨੀ ਦਾ ਮਾਦਾ ਮੁੱਕਦਾ-ਮੁੱਕਦਾ ਸ਼ਾਇਦ ਮੁੱਕ ਹੀ ਚੱਲਿਆ ਹੈ। ਸਾਰੀ ਦੀ ਸਾਰੀ ਸਿਆਸਤ ਜੁਗਤਾਂ ਅਤੇ ਜੁਗਾੜਾਂ ਦਾ ਜੋੜ ਬਣ ਕੇ ਰਹਿ ਗਈ ਹੈ। ਜੁਝਾਰੂ ਲੋਕਾਂ ਨੇ ਵੀ ਸ਼ਾਇਦ ਆਪੇ ਹੀ ਆਪਣੀਆਂ ਸੀਮਾਵਾਂ ਮਿਥ ਲਈਆਂ ਹਨ। ਉਹ ਵੀ ਆਪਣੀ ਉਸ ਲਛਮਣ ਰੇਖਾ ਤੋਂ ਅੱਗੇ ਜਾਣ ਲਈ ਤਿਆਰ ਨਹੀਂ ਹਨ। ਇਹ ਅਸਲ ਵਿਚ ਖੜੋਤ ਦੀ ਨਿਸ਼ਾਨੀ ਹੈ। ਖੜ੍ਹੇ ਪਾਣੀ ਛੇਤੀ ਹੀ ਬਦਬੂ ਮਾਰਨ ਲੱਗਦੇ ਹਨ। ਪੰਜਾਬ ਵਿਚ ਇਹ ਪਾਣੀ ਚਿਰਾਂ ਤੋਂ ਖੜੋਤ ਦੀ ਜੂਨ ਹੰਢਾ ਰਹੇ ਹਨ। ਜਿੰਨੀ ਦੇਰ ਇਨ੍ਹਾਂ ਖਲੋਤੇ ਪਾਣੀਆਂ ਵਿਚ ਕੋਈ ਢੀਮ ਨਹੀਂ ਵੱਜਦੀ, ਅੱਜ ਦੇ ਕੂੜ ਸਿਆਸਤਦਾਨ ਆਪਣੇ ਲੱਛੇਦਾਰ ਭਾਸ਼ਣਾਂ ਰਾਹੀਂ ਸੰਗਤ ਨੂੰ ਗੁੰਮਰਾਹ ਕਰਦੇ ਰਹਿਣਗੇ ਅਤੇ ਅਜਿਹੇ ਕੂੜ ਸਮਾਗਮਾਂ ਨੂੰ ਸੰਗਤ ਦਰਸ਼ਨ ਦਾ ਦਰਜਾ ਦੇ ਕੇ ਆਪਣੀਆਂ ਰੋਟੀਆਂ ਸੇਕਦੇ ਰਹਿਣਗੇ।
Leave a Reply