ਬਰਨਾਲਾ ਬਾਦਲ ਨਾਲ ਜਾਣ ਲਈ ਤਿਆਰ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸਾਂਝੇ ਮੋਰਚਾ ਦੀਆਂ ਚੂਲਾਂ ਹਿੱਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਮੋਰਚੇ ਵਿਚ ਪੀæਪੀæਪੀæ, ਸੀæਪੀæਆਈæ, ਸੀæਪੀæਐਮæ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਸ਼ਾਮਲ ਹਨ। ਸਾਂਝੇ ਮੋਰਚੇ ਦੇ ਸਰਪ੍ਰਸਤ ਸੁਰਜੀਤ ਸਿੰਘ ਬਰਨਾਲਾ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਜਿੱਤਣ ਲਈ ਜੇ ਜ਼ਰੂਰਤ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨਾਲ ਵੀ ਗਠਜੋੜ ਕੀਤਾ ਜਾ ਸਕਦਾ ਹੈ। ਇਸ ਬਾਰੇ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਜਾਰੀ ਹੈ ਜਿਸ ਦੇ ਨਤੀਜੇ ਛੇਤੀ ਹੀ ਸਾਹਮਣੇ ਆਉਣਗੇ।
ਸ਼ ਬਰਨਾਲਾ ਦੇ ਇਸ ਬਿਆਨ ਨਾਲ ਮੋਰਚੇ ਵਿਚਲੀਆਂ ਪਾਰਟੀਆਂ ਦਰਮਿਆਨ ਖਿੱਚੋਤਾਣ ਵਧ ਗਈ ਹੈ। ਪੀਪਲਜ਼ ਪਾਰਟੀ ਆਫ਼ ਪੰਜਾਬ (ਪੀæਪੀæਪੀæ) ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਸ਼ ਬਰਨਾਲਾ ਦੇ ਬਿਆਨ ਦਾ ਤੁਰੰਤ ਖੰਡਨ ਕਰਦਿਆਂ ਕਿਹਾ ਹੈ ਕਿ ਸਾਂਝੇ ਮੋਰਚੇ ਦਾ ਅਕਾਲੀ ਦਲ ਨਾਲ ਕੋਈ ਚੋਣ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸਾਂਝੇ ਮੋਰਚੇ ਵੱਲੋਂ ਪੰਜਾਬ ਵਿਚ 13 ਲੋਕ ਸਭਾ ਸੀਟਾਂ ‘ਤੇ ਚੋਣ ਲੜੀ ਜਾਵੇਗੀ ਅਤੇ ਮਾਰਚ ਦੇ ਪਹਿਲੇ ਹਫ਼ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਬਠਿੰਡਾ ਤੋਂ ਕੋਈ ਮਜ਼ਬੂਤ ਉਮੀਦਵਾਰ ਮੈਦਾਨ ਵਿਚ ਉਤਾਰਿਆ ਜਾਵੇਗਾ।
ਇਸ ਦੇ ਨਾਲ ਹੀ ਸ਼ ਮਨਪ੍ਰੀਤ ਬਾਦਲ ਨੇ ਕਾਂਗਰਸ ਨਾਲ ਚੋਣ ਸਮਝੌਤੇ ਬਾਰੇ ਦੁਚਿਤੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਕਿ ਕਾਂਗਰਸ ਨਾਲ ਸਮਝੌਤਾ ਹੋ ਵੀ ਸਕਦਾ ਹੈ। ਆਮ ਆਦਮੀ ਪਾਰਟੀ ਨਾਲ ਇਸ ਕਰ ਕੇ ਚੋਣ ਸਮਝੌਤਾ ਨਹੀਂ ਹੋ ਸਕਿਆ, ਕਿਉਂਕਿ ਆਮ ਆਦਮੀ ਦੇਸ਼ ਵਿਚ ਇਕੱਲੇ ਤੌਰ ‘ਤੇ ਹੀ ਚੋਣ ਲੜਨ ਦੀ ਇੱਛੁਕ ਹੈ। ਅਸਲ ਵਿਚ ਸਾਂਝੇ ਮੋਰਚੇ ਨੂੰ ਇਸ ਗੱਲ ਦਾ ਚਾਨਣ ਹੋ ਗਿਆ ਹੈ ਕਿ ਉਹ ਇਕੱਲੇ ਤੌਰ ‘ਤੇ ਬਹੁਤਾ ਕੁਝ ਨਹੀਂ ਕਰ ਸਕਦੇ ਅਤੇ ਇਸ ਲਈ ਕਿਸੇ ਵੱਡੀ ਧਿਰ ਦਾ ਪੱਲਾ ਫੜਨਾ ਹੀ ਪੈਣਾ ਹੈ।
ਉਧਰ, ਸੀæਪੀæਐਮæ ਦੇ ਸੂਬਾ ਸਕੱਤਰ ਚਰਨ ਸਿੰਘ ਵਿਰਦੀ ਨੇ ਕਿਹਾ ਕਿ ਸੁਰਜੀਤ ਸਿੰਘ ਬਰਨਾਲਾ ਦੇ ਇਸ ਬਿਆਨ ਨਾਲ ਸਾਂਝੇ ਮੋਰਚੇ ਦੀ ਸਹਿਮਤੀ ਨਹੀਂ ਹੈ। ਇਹ ਬਿਆਨ ਉਨ੍ਹਾਂ ਦਾ ਨਿਜੀ ਹੋ ਸਕਦਾ ਹੈ। ਸੀæਪੀæਆਈæ ਦੇ ਕੌਮੀ ਐਗਜੈਕਟਿਵ ਮੈਂਬਰ ਡਾæ ਜੋਗਿੰਦਰ ਦਿਆਲ ਨੇ ਕਿਹਾ ਕਿ ਅਕਾਲੀ-ਭਾਜਪਾ ਤੇ ਕਾਂਗਰਸ ਨਾਲ ਕਿਸੇ ਤਰ੍ਹਾਂ ਦੇ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਵੀ ਸੁਰਜੀਤ ਸਿੰਘ ਬਰਨਾਲਾ ਦੇ ਬਿਆਨ ਨਾਲ ਸਹਿਮਤ ਨਹੀਂ। ਦੂਜੇ ਪਾਸੇ ਸ਼ ਬਰਨਾਲਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸਾਂਝਾ ਮੋਰਚਾ ਸਮਝੌਤਾ ਹੋਣ ਤੋਂ ਬਾਅਦ ਹੀ ਆਪਣੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰੇਗਾ। ਉਨ੍ਹਾਂ ਇਥੇ ਟਿਕਟਾਂ ਦੀ ਵੰਡ ਬਾਰੇ ਕਿਹਾ ਕਿ ਇਸ ਸਬੰਧੀ ਕੋਈ ਫੈਸਲਾ ਨਹੀਂ ਹੋਇਆ ਪਰ ਮੀਟਿੰਗਾਂ ਦਾ ਦੌਰ ਜਾਰੀ ਹੈ, ਸਿੱਟੇ ਜਲਦ ਹੀ ਬਾਹਰ ਆਉਣਗੇ। ਸ਼ ਬਰਨਾਲਾ ਨੇ ਸਪਸ਼ਟ ਕੀਤਾ ਹੈ ਕਿ ਉਹ ਲੋਕ ਸਭਾ ਚੋਣਾਂ ਵਿਚ ਬਤੌਰ ਉਮੀਦਵਾਰ ਨਹੀਂ ਉਤਰਨਗੇ ਪਰ ਉਨ੍ਹਾਂ ਦੇ ਪਰਿਵਾਰ ਦਾ ਇਕ ਮੈਂਬਰ ਉਮੀਦਵਾਰ ਜ਼ਰੂਰ ਹੋਵੇਗਾ।
________________________________
ਦੋ ਲੀਡਰਾਂ ਪਿੱਛੇ ਬੇਵਫਾਈ?
ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਬਿਨਾਂ ਕਿਸੇ ਸ਼ਰਤ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਵਾਲੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦੇ ਇੱਛੁਕ ਹਨ ਅਤੇ ਇਸ ਬਾਰੇ ਉਹ ਆਪਣੇ ਸਾਥੀਆਂ ਤੇ ਪੁਰਾਣੇ ਅਕਾਲੀਆਂ ਨਾਲ ਗੱਲਬਾਤ ਵੀ ਕਰਦੇ ਰਹਿੰਦੇ ਹਨ। ਕਈ ਮਹੀਨੇ ਪਹਿਲਾਂ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਆਪ ਇਸ ਬਾਰੇ ਖੁੱਲ੍ਹਾ ਪ੍ਰਗਟਾਵਾ ਵੀ ਕੀਤਾ ਸੀ ਪਰ ਉਦੋਂ ਸ਼ ਪ੍ਰਕਾਸ਼ ਸਿੰਘ ਬਾਦਲ ਨੇ ਗੱਲ ਆਈ ਗਈ ਕਰ ਦਿੱਤੀ ਸੀ। ਸੂਤਰਾਂ ਅਨੁਸਾਰ ਸ਼ ਬਰਨਾਲਾ ਦੀ ਇੱਛਾ ਹੈ ਕਿ ਰਾਜਨੀਤੀ ਵਿਚ ਉਨ੍ਹਾਂ ਦੇ ਸਿਆਸਤਦਾਨ ਬੇਟੇ ਗਗਨਜੀਤ ਸਿੰਘ ਬਰਨਾਲਾ ਤੇ ਬਲਦੇਵ ਸਿੰਘ ਮਾਨ ਨੂੰ ਸ਼ ਬਾਦਲ, ਵਿਸ਼ੇਸ਼ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਵਿੱਖ ਵਿਚ ਕਿਤੇ ਨਾ ਕਿਤੇ ਸਿਆਸੀ ਤੌਰ ‘ਤੇ ਐਡਜਸਟ ਕਰਨ ਲਈ ਸਹਿਮਤ ਹੋ ਜਾਣ ਤਾਂ ਗੱਲ ਸਿਰੇ ਲੱਗ ਸਕਦੀ ਹੈ। ਉਂਜ ਇਹ ਗੱਲ ਵੱਖਰੀ ਹੈ ਕਿ ਸ਼ ਬਾਦਲ ਪਹਿਲਾਂ ਹੀ ਖੁੱਲ੍ਹੇਆਮ ਕਹਿ ਚੁੱਕੇ ਹਨ ਕਿ ਸੰਗਰੂਰ ਲੋਕ ਸਭਾ ਸੀਟ ਤੋਂ ਸ਼ ਸੁਖਦੇਵ ਸਿੰਘ ਢੀਂਡਸਾ ਹੀ ਅਕਾਲੀ-ਭਾਜਪਾ ਦੇ ਉਮੀਦਵਾਰ ਹੋਣਗੇ।
ਅਸਲ ਵਿਚ ਸ਼ ਬਰਨਾਲਾ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦੀ ਸਿਆਸੀ ਪੈਂਠ ਪਹਿਲਾਂ ਨਾਲੋਂ ਕਾਫ਼ੀ ਘਟ ਗਈ ਹੈ। ਦੂਜਾ ਉਹ ਪੀæਪੀæਪੀæ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ਲੀਡਰਸ਼ਿਪ ਦਾ ਸਿੱਕਾ ਦੇਖ ਚੁੱਕੇ ਹਨ। ਪੀæਪੀæਪੀæ, ਸੀæਪੀæਆਈæ, ਸੀæਪੀæਐਮæ ‘ਤੇ ਆਧਾਰਤ ਸਾਂਝਾ ਮੋਰਚਾ ਵੀ ਸਿਆਸੀ ਤੌਰ ‘ਤੇ ਭਾਂਤ-ਭਾਂਤ ਦੀ ਬੋਲੀ ਬੋਲਦਾ ਹੈ। ਖੱਬੀਆਂ ਪਾਰਟੀਆਂ ਵੀ ਸ਼ ਮਨਪ੍ਰੀਤ ਸਿੰਘ ਬਾਦਲ ਦੀ ਸਿਆਸੀ ਅਤੇ ਜਥੇਬੰਦਕ ਸ਼ਕਤੀ ਦੇਖ ਚੁੱਕੀਆਂ ਹਨ। ਉਹ ਇਕੱਲੇ ਤੌਰ ‘ਤੇ ਕਾਂਗਰਸ ਨਾਲ ਮਿਲ ਕੇ ਬਠਿੰਡਾ ਲੋਕ ਸਭਾ ਦੀ ਸੀਟ ਤੋਂ ਅਕਾਲੀ-ਭਾਜਪਾ ਦੀ ਸੰਭਾਵੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਟੱਕਰ ਲੈਣ ਤੋਂ ਕਾਫ਼ੀ ਘਬਰਾਉਂਦੇ ਹਨ।
Leave a Reply