ਸਾਕਾ ਨੀਲਾ ਤਾਰਾ ਬਾਰੇ ਸੀਮਤ ਜਿਹੀ ਸੀ ਬਰਤਾਨੀਆ ਦੀ ਮਦਦ

ਲੰਡਨ (ਪੰਜਾਬ ਟਾਈਮਜ਼ ਬਿਊਰੋ): ਸਾਲ 1984 ਵਿਚ ਵਾਪਰੇ ਸਾਕਾ ਨੀਲਾ ਤਾਰਾ ਬਾਰੇ ਬਰਤਾਨਵੀ ਫੌਜੀ ਮਹਿਰਾਂ ਨੇ ਭਾਰਤ ਨੂੰ ਬਾਕਾਇਦਾ ਸਲਾਹ ਦਿੱਤੀ ਸੀ ਅਤੇ ਇਸ ਮਕਸਦ ਲਈ ਬਰਤਾਨਵੀ ਫੌਜੀ ਸਲਾਹਕਾਰ ਭਾਰਤ ਗਿਆ ਸੀ। ਇਹ ਤੱਥ ਇਸ ਕੇਸ ਦੀ ਜਾਂਚ ਰਿਪੋਰਟ ਵਿਚ ਸਾਹਮਣੇ ਆਇਆ ਹੈ ਜਿਸ ਅਨੁਸਾਰ ਬਰਤਾਨਵੀ ਮਦਦ ਬਹੁਤ ਹੀ ਸੀਮਤ ਸੀ।
ਬਰਤਾਨੀਆ ਦੇ ਇਸ ਖੁਲਾਸੇ ਨਾਲ ਕਾਂਗਰਸ ਦੀ ਹਾਲਤ ਹੋਰ ਕਸੂਤੀ ਬਣ ਗਈ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸਿੱਖ ਕਤਲੇਆਮ ਬਾਰੇ ਬਿਆਨ ਦਾਗ ਕੇ ਮੁਸੀਬਤ ਸਹੇੜ ਲਈ ਸੀ ਅਤੇ ਸ਼ੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਵਿਚ ਇਸ ਮਾਮਲੇ ਦਾ ਲਾਹਾ ਲੈਣ ਦੀ ਪੂਰੀ ਰਣਨੀਤੀ ਤਿਆਰ ਕਰ ਰਿਹਾ ਹੈ।
ਬਰਤਾਨੀਆ ਦੇ ਵਿਦੇਸ਼ ਸਕੱਤਰ ਵਿਲੀਅਮ ਹੇਗ ਨੇ ਪਾਰਲੀਮੈਂਟ ਨੂੰ ਦੱਸਿਆ ਕਿ 1984 ਦੇ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਫੌਜ ਦੀ ਭੂਮਿਕਾ ਰਹੀ ਸੀ ਪਰ ਇਹ ਸੀਮਤ ਸਲਾਹ ਤੱਕ ਹੀ ਸੀਮਤ ਸੀ। ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਈ ਕਾਰਵਾਈ ਵਿਚ ਬਰਤਾਨੀਆ ਨੇ ਕੋਈ ਫੌਜੀ ਭੂਮਿਕਾ ਨਹੀਂ ਨਿਭਾਈ। ਇਹ ਸਲਾਹ ਦਰਬਾਰ ਸਾਹਿਬ ਕੰਪਲੈਕਸ ਵਿਚ ਫੌਜੀ ਕਾਰਵਾਈ ਤੋਂ ਤਿੰਨ ਮਹੀਨੇ ਪਹਿਲਾਂ ਦਿੱਤੀ ਗਈ। ਫੌਜੀ ਕਾਰਵਾਈ ਦੌਰਾਨ ਦਰਬਾਰ ਸਾਹਿਬ ਸਮੂਹ ਵਿਚ ਜੋ ਦੁਖਾਂਤ ਵਾਪਰੇ, ਉਨ੍ਹਾਂ ਨਾਲ ਬ੍ਰਿਟੇਨ ਦਾ ਕੋਈ ਸਿੱਧਾ ਸਬੰਧ ਨਹੀਂ ਸੀ।
ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਵੱਲੋਂ ਕੀਤੀ ਮਦਦ ਬਾਰੇ ਜਾਂਚ ਰਿਪੋਰਟ ਸਬੰਧੀ ਜਾਰੀ ਇਸ ਬਿਆਨ ਵਿਚ ਸ੍ਰੀ ਹੇਗ ਨੇ ਕਿਹਾ ਕਿ ਰਿਪੋਰਟ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਬਰਤਾਨੀਆ ਵੱਲੋਂ ਕੀਤੀ ਮਦਦ ਸਿਰਫ ਸਲਾਹ ਦੇਣ ਤਕ ਸੀਮਤ ਸੀ ਅਤੇ ਭਾਰਤ ਸਰਕਾਰ ਨੂੰ ਇਹ ਸਲਾਹ ਯੋਜਨਾ ਦੇ ਸ਼ੁਰੂਆਤੀ ਪੜਾਅ ਦੌਰਾਨ ਹੀ ਦਿੱਤੀ ਗਈ ਸੀ। ਕਰੀਬ 200 ਫਾਈਲਾਂ ਅਤੇ 23000 ਦਸਤਾਵੇਜ਼ਾਂ ਦੇ ਵਿਸ਼ਲੇਸ਼ਣ ਤੋਂ ਪੁਸ਼ਟੀ ਹੋਈ ਹੈ ਕਿ ਸਿਰਫ ਇਕ ਬਰਤਾਨਵੀ ਫੌਜੀ ਸਲਾਹਕਾਰ 8 ਤੋਂ 19 ਫਰਵਰੀ 1984 ਦੌਰਾਨ ਭਾਰਤ ਗਿਆ ਸੀ। ਇਹ ਅਧਿਕਾਰੀ ਭਾਰਤੀ ਖੁਫੀਆ ਸੇਵਾਵਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਬੈਠੇ ਹਥਿਆਰਬੰਦ ਖਾੜਕੂਆਂ ਖਿਲਾਫ ਕਾਰਵਾਈ ਲਈ ਤਿਆਰ ਕੀਤੀ ਜਾ ਰਹੀ ਸੰਭਾਵੀ ਯੋਜਨਾ ਬਾਰੇ ਸਲਾਹ ਦੇਣ ਗਿਆ ਸੀ।
ਸ੍ਰੀ ਹੇਗ ਨੇ ਕਿਹਾ ਕਿ ਕੈਬਨਿਟ ਸਕੱਤਰ ਦੀ ਰਿਪੋਰਟ ਵਿਚ ਮੌਜੂਦਾ ਫੌਜੀ ਸਟਾਫ ਵੱਲੋਂ ਕੀਤਾ ਗਿਆ ਵਿਸ਼ਲੇਸ਼ਣ ਵੀ ਸ਼ਾਮਲ ਹੈ ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਜੂਨ 1984 ਵਿਚ ਹੋਈ ਸਾਕਾ ਨੀਲਾ ਤਾਰਾ ਦੀ ਕਾਰਵਾਈ ਕਿਸ ਹੱਦ ਤਕ ਬਰਤਾਨੀਆ ਦੇ ਫੌਜੀ ਸਲਾਹਕਾਰ ਵੱਲੋਂ ਫਰਵਰੀ ਵਿਚ ਦਿੱਤੀ ਸਲਾਹ ਨਾਲੋਂ ਵੱਖਰੀ ਹੈ। ਸਾਕਾ ਨੀਲਾ ਤਾਰਾ ਜ਼ਮੀਨੀ ਹਮਲਾ ਸੀ ਜੋ ਅਚਨਚੇਤੀ ਕਾਰਵਾਈ ਨਹੀਂ ਸੀ, ਤੇ ਨਾ ਹੀ ਇਸ ਵਿਚ ਹੈਲੀਕਾਪਟਰ ਦੀ ਵਰਤੋਂ ਹੋਈ ਸੀ। ਕੈਬਨਿਟ ਸਕੱਤਰ ਦੀ ਰਿਪੋਰਟ ਦਾ ਇਹ ਵੀ ਸਿੱਟਾ ਨਿਕਲਦਾ ਹੈ ਕਿ ਬਰਤਾਨੀਆ ਦੇ ਫੌਜੀ ਅਫਸਰ ਦੀ ਸਲਾਹ ਦਾ ਸਾਕਾ ਨੀਲਾ ਤਾਰਾ ‘ਤੇ ਸੀਮਤ ਪ੍ਰਭਾਵ ਸੀ। ਇਹ ਗੱਲ ਇਸ ਵਰ੍ਹੇ 15 ਜਨਵਰੀ ਨੂੰ ਅਪਰੇਸ਼ਨ ਕਮਾਂਡਰ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਵੱਲੋਂ ਜਾਰੀ ਬਿਆਨ ਦੇ ਤੁਲ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਯੋਜਨਾ ਬਣਾਉਣ ਜਾਂ ਯੋਜਨਾ ਲਾਗੂ ਕਰਨ ਵਿਚ ਕਿਸੇ ਨੇ ਵੀ ਮਦਦ ਨਹੀਂ ਕੀਤੀ ਸੀ। ਸ੍ਰੀ ਹੇਗ ਨੇ ਦੱਸਿਆ ਕਿ ਇਹ ਸਿੱਟਾ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਬਰਤਾਨੀਆ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਵੱਲੋਂ ਸਾਕਾ ਨੀਲਾ ਤਾਰਾ ਬਾਰੇ 14 ਤੋਂ 29 ਜੂਨ 1984 ਦੌਰਾਨ ਇਕ ਦੂਜੇ ਨੂੰ ਭੇਜੇ ਪੱਤਰਾਂ ਦੇ ਵੀ ਤੁਲ ਹੈ।
ਉਨ੍ਹਾਂ ਮੰਨਿਆ ਕਿ ਨਵੰਬਰ 2009 ਵਿਚ ਕੁਝ ਮਿਲਟਰੀ ਫਾਈਲਾਂ ਰੋਜ਼ਾਨਾ ਕਾਰਵਾਈ ਤਹਿਤ ਨਸ਼ਟ ਕਰ ਦਿੱਤੀਆਂ ਗਈਆਂ ਸਨ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਕਈਆਂ ਦੀਆਂ ਕਾਪੀਆਂ ਹੋਰ ਵਿਭਾਗਾਂ ਦੀਆਂ ਫਾਈਲਾਂ ਵਿਚ ਪਈਆਂ ਹਨ। ਕੈਬਨਿਟ ਸਕੱਤਰ ਜੈਰਮੀ ਹੇਵੁੱਡ ਦੀ ਰਿਪੋਰਟ ਵਿਚ ਪੰਜ ਅਜਿਹੇ ਦਸਤਾਵੇਜ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਉਸ ਸਮੇਂ ‘ਤੇ ਰੌਸ਼ਨੀ ਪਾਉਂਦੇ ਹਨ ਤੇ ਆਮ ਹਾਲਾਤ ਵਿਚ ਇਹ ਦਸਤਾਵੇਜ਼ ਛਾਪੇ ਨਹੀਂ ਜਾਣੇ ਸਨ।
__________________________________
ਹੈਲੀਕਾਪਟਰ ਵਰਤਣ ਦੀ ਦਿੱਤੀ ਸੀ ਸਲਾਹ
ਬਰਤਾਨੀਆ ਦੇ ਵਿਦੇਸ਼ ਸਕੱਤਰ ਵਿਲੀਅਮ ਹੇਗ ਮੁਤਾਬਕ, ਭਾਰਤ ਗਏ ਬਰਤਾਨਵੀ ਸਲਾਹਕਾਰ ਨੇ ਸਪਸ਼ਟ ਕਿਹਾ ਸੀ ਕਿ ਗੱਲਬਾਤ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋਣ ਮਗਰੋਂ ਫੌਜੀ ਕਾਰਵਾਈ ਆਖਰੀ ਰਸਤਾ ਹੋਣਾ ਚਾਹੀਦਾ ਹੈ। ਉਨ੍ਹਾਂ ਸਿਫਾਰਸ਼ ਕੀਤੀ ਸੀ ਕਿ ਕੋਈ ਵੀ ਕਾਰਵਾਈ ਅਚਨਚੇਤੀ ਕੀਤੀ ਜਾਵੇ, ਤੇ ਉਸ ਵਿਚ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਘੱਟੋ-ਘੱਟ ਲੋਕਾਂ ਦੀ ਜਾਨ ਜਾਵੇ ਅਤੇ ਸੌਖਾਲਾ ਹੱਲ ਲੱਭਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਇਹ ਫੌਜੀ ਸਲਾਹ ਮੁੜ ਨਹੀਂ ਦਿੱਤੀ ਗਈ ਤੇ ਕੈਬਨਿਟ ਸਕੱਤਰ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਜਿਵੇਂ ਕੋਈ ਹਥਿਆਰ ਜਾਂ ਸਿਖਲਾਈ ਬਾਰੇ ਕੋਈ ਸਬੂਤ ਨਹੀਂ ਮਿਲੇ ਹਨ। ਜ਼ਿਕਰਯੋਗ ਹੈ ਕਿ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕੁਝ ਦਿਨ ਪਹਿਲਾਂ ਇਸ ਮਾਮਲੇ ਬਾਰੇ ਜਾਂਚ ਦੇ ਆਦੇਸ਼ ਦਿੱਤੇ ਸਨ।
ਇਸੇ ਦੌਰਾਨ ਸਾਕਾ ਨੀਲਾ ਤਾਰਾ ਦੀ ਕਾਰਵਾਈ ਵਿਚ ਬਰਤਾਨਵੀ ਭੂਮਿਕਾ ਬਾਰੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੋਈ ਖੁਦਮੁਖਤਾਰ ਦੇਸ਼ ਆਪਣੇ ਹੀ ਨਾਗਰਿਕਾਂ ਨੂੰ ਬੇਇੱਜ਼ਤ ਕਰਨ ਅਤੇ ਉਨ੍ਹਾਂ ‘ਤੇ ਕਹਿਰ ਢਾਹੁਣ ਲਈ ਕਿਸੇ ਹੋਰ ਮੁਲਕ ਦੇ ਹਾਕਮਾਂ ਤੋਂ ਸਲਾਹ ਮੰਗੇਗਾ, ਇਹ ਸੋਚਣਾ ਵੀ ਗੁਨਾਹ ਹੈ। ਜਿਨ੍ਹਾਂ ਲੋਕਾਂ ਨੇ ਸਾਕਾ ਨੀਲਾ ਤਾਰਾ ਵਰਗੀ ਕਾਰਵਾਈ ਲਈ ਮਸ਼ਵਰੇ ਮੰਗੇ, ਉਨ੍ਹਾਂ ਨੇ ਨਾ ਸਿਰਫ ਸਿੱਖਾਂ ਜਾਂ ਪੰਜਾਬੀਆਂ, ਸਗੋਂ ਸਮੁੱਚੇ ਦੇਸ਼ ਵਾਸੀਆਂ ਨਾਲ ਧਰੋਹ ਕਮਾਇਆ ਹੈ।

Be the first to comment

Leave a Reply

Your email address will not be published.