ਅੰਮ੍ਰਿਤਸਰ: ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਆਦੇਸ਼ ਸ਼ਹਿਰ ਦੇ ਦੋ ਵਕੀਲਾਂ ਸੰਦੀਪ ਗੋਰਸੀ ਅਤੇ ਵਿਨੀਤ ਮਹਾਜਨ ਵੱਲੋਂ ਚੋਣ ਕਮਿਸ਼ਨ ਨੂੰ ਸ੍ਰੀ ਜੋਸ਼ੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਕੀਤੀ ਸ਼ਿਕਾਇਤ ਦੇ ਆਧਾਰ ‘ਤੇ ਦਿੱਤੇ ਗਏ ਹਨ। ਇਨ੍ਹਾਂ ਵਕੀਲਾਂ ਨੇ ਜੋਸ਼ੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਦੋਹਰੀ ਵੋਟ ਬਣਾਉਣ ਦੀ ਸ਼ਿਕਾਇਤ ਕੀਤੀ ਸੀ। ਇਸ ਬਾਰੇ ਸ੍ਰੀ ਜੋਸ਼ੀ ਨੇ ਆਖਿਆ ਕਿ ਸ਼ਿਕਾਇਤਕਰਤਾ ਇਸ ਪੱਤਰ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਇਸ ਮਾਮਲੇ ਦੀ ਪੰਜਾਬ ਸਰਕਾਰ ਨੇ ਜਾਂਚ ਕਰਨ ਮਗਰੋਂ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ।
ਸ੍ਰੀ ਜੋਸ਼ੀ ਖਿਲਾਫ਼ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੇ ਆਦੇਸ਼ਾਂ ਸਬੰਧੀ ਜਾਣਕਾਰੀ ਸ੍ਰੀ ਗੋਰਸੀ ਅਤੇ ਸ੍ਰੀ ਮਹਾਜਨ ਨੇ ਆਪ ਪ੍ਰੈਸ ਕਾਨਫਰੰਸ ਕਰ ਕੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਵੱਲੋਂ ਇਹ ਆਦੇਸ਼ ਸੂਬੇ ਦੇ ਚੋਣ ਕਮਿਸ਼ਨ ਨੂੰ 27 ਜਨਵਰੀ ਨੂੰ ਦਿੱਤੇ ਗਏ ਸਨ ਅਤੇ ਇਕ ਮਹੀਨੇ ਵਿਚ ਰਿਪੋਰਟ ਮੰਗੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸ੍ਰੀ ਜੋਸ਼ੀ ਖਿਲਾਫ਼ ਲਗਾਏ ਇਲਜ਼ਾਮ ਸਾਬਤ ਹੋਏ ਹਨ। ਜ਼ਿਕਰਯੋਗ ਹੈ ਕਿ ਸ੍ਰੀ ਗੋਰਸੀ ਅਤੇ ਸ੍ਰੀ ਮਹਾਜਨ ਨੇ 19 ਨਵੰਬਰ 2012 ਨੂੰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜੋਸ਼ੀ ਨੇ ਉੱਤਰੀ ਅਤੇ ਪੂਰਬੀ ਹਲਕੇ ਵਿਚ ਵੋਟ ਬਣਵਾਈ ਹੈ। ਇਸ ਦੇ ਇਲਾਵਾ ਉਨ੍ਹਾਂ ਦੀ ਤਰਨਤਾਰਨ ਜ਼ਿਲ੍ਹੇ ਵਿਚ ਵੀ ਵੋਟ ਬਣੀ ਹੋਈ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਮੋਨਿਕਾ ਜੋਸ਼ੀ, ਚੰਪਾਪੁਰੀ ਰਾਣੀ, ਵਿਜੈ ਕੁਮਾਰ, ਪੂਨਮ ਜੋਸ਼ੀ, ਰਾਜੇਸ਼ ਕੁਮਾਰ, ਮਮਤਾ, ਵਰਿੰਦਰ ਅਤੇ ਜੋਤੀ ਦੀ ਵੀ ਦੋਹਰੀ ਵੋਟ ਬਣੀ ਹੋਈ ਹੈ।
Leave a Reply