ਲੁਧਿਆਣਾ: ਕਿਲ੍ਹਾ ਰਾਏਪੁਰ ਦਾ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਮੇਲੇ ਦੇ ਆਖਰੀ ਦਿਨ ਬੈਲ ਗੱਡੀਆਂ ਦੀ ਦੌੜ ਗੋਲੂ ਜੋਧਾਂ ਸੁੱਖਨਾਗਰਾ ਦੇ ਬਲਦਾਂ ਨੇ ਜਿੱਤੀ ਤੇ ਇਕ ਲੱਖ ਰੁਪਏ ਦਾ ਇਨਾਮ ਆਪਣੇ ਨਾਂ ਕੀਤਾ। ਟਰੈਕਟਰ ਦੌੜ ਸਾਹੀਬਾਨਾ ਦੇ ਦਿਲਪ੍ਰੀਤ ਸਿੰਘ ਨੇ ਜਦੋਂਕਿ ਘੋੜਿਆਂ ਦੀ ਦੌੜ ਕਕਰਾਲਾ ਦੇ ਜੁਝਾਰ ਸਿੰਘ ਦੇ ਘੋੜੇ ਨੇ ਜਿੱਤੀ। ਇਸ ਮੇਲੇ ਵਿਚ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮੁਨੀਸ਼ ਤਿਵਾੜੀ ਤੇ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਬੈਲ ਗੱਡੀਆਂ ਦੀ ਦੌੜ ਵਿਚ ਦੂਜੇ ਸਥਾਨ ‘ਤੇ ਆਸੀ ਕਲਾਂ ਦੇ ਜੱਗੀ ਦੇ ਬਲਦ ਰਹੇ ਜਿਸ ਨੂੰ 75 ਹਜ਼ਾਰ ਰੁਪਏ ਜਦੋਂਕਿ ਤੀਜੇ ਸਥਾਨ ‘ਤੇ ਰਹੇ ਰਣਜੀਤ ਸਿੰਘ ਰਾਹੂਵਾਰੀਆ ਦੇ ਬਲਦਾਂ ਨੇ 51 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਇਸ ਤੋਂ ਬਾਅਦ ਟਰੈਕਟਰ ਦੌੜ ਵਿਚ ਟੂਸੇ ਦੇ ਹਰਵਿੰਦਰ ਸਿੰਘ ਨੇ ਦੂਜਾ ਤੇ ਬੁਘਰਾਨ ਦੇ ਜਾਗਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਘੋੜਿਆਂ ਦੀ ਦੌੜ ਵਿਚ ਕਕਰਾਲ ਦੇ ਜੁਝਾਰ ਸਿੰਘ ਦਾ ਘੋੜਾ ਪਹਿਲੇ, ਲਖਨੌਰ ਦੇ ਸਤਪਾਲ ਸਿੰਘ ਦਾ ਘੋੜਾ ਦੂਜੇ ਤੇ ਧੂਲਕੋਟ ਦੇ ਸਰਪੰਚ ਮਲਕੀਤ ਸਿੰਘ ਦਾ ਘੋੜਾ ਤੀਜੇ ਸਥਾਨ ‘ਤੇ ਰਿਹਾ।
ਸਿਕਸ ਸਾਈਡ ਅੰਡਰ-17 ਹਾਕੀ ਦੇ ਖਿਤਾਬੀ ਮੁਕਾਬਲੇ ਵਿਚ ਜਰਖੜ ਹਾਕੀ ਅਕੈਡਮੀ ਨੇ ਸੰਗਰੂਰ ਹਾਕੀ ਅਕੈਡਮੀ ਨੂੰ 6-4 ਗੋਲਾਂ ਦੇ ਫਰਕ ਨਾਲ ਹਰਾਇਆ। ਸੱਤਰ ਸਾਲਾਂ ਗੱਭਰੂਆਂ ਦੀ 100 ਮੀਟਰ ਦੌੜ ਵਿਚ ਅਜੀਤ ਸਿੰਘ ਰੰਧਾਵਾ ਪਹਿਲੇ ਤੇ ਫੁੱਲਾਂਵਾਲ ਦਾ ਤੇਜਾ ਸਿੰਘ ਦੂਜੇ ਸਥਾਨ ‘ਤੇ ਰਿਹਾ। 80 ਤੋਂ ਉਪਰ ਉਮਰ ਦੇ ਬਜ਼ੁਰਗਾਂ ਵਿਚੋਂ ਤੇਜਾ ਸਿੰਘ ਪਹਿਲੇ, ਦਲੀਪ ਸਿੰਘ ਦੂਜੇ ਤੇ ਅਮਰ ਸਿੰਘ ਤੀਜੇ ਸਥਾਨ ‘ਤੇ ਰਿਹਾ। ਔਰਤਾਂ ਦੀ 200 ਦੌੜ ਵਿਚ ਸੰਨੀ, ਸੰਦੀਪ ਕੌਰ, ਕੁਲਵਿੰਦਰ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੀਆਂ।
ਕਿਲਾ ਰਾਏਪੁਰ ਦਾ ਪੇਂਡੂ ਖੇਡ ਮੇਲਾ ਪੰਜਾਬ ਦੇ ਪੇਂਡੂ ਉਲੰਪਿਕਸ ਦੇ ਨਾਂ ਨਾਲ ਮਸ਼ਹੂਰ ਹੈ। ਇਹ ਸਭ ਤੋਂ ਵੱਡਾ ਪੇਂਡੂ ਖੇਡ ਮੇਲਾ ਹੈ। ਇਨ੍ਹਾਂ ਖੇਡਾਂ ਦਾ ਆਰੰਭ 1933 ਵਿਚ ਕਿਲਾ ਰਾਏਪੁਰ ਦੇ ਮੋਢੀਆਂ ਨੇ ਰਲ ਕੇ ਕੀਤਾ। ਉਨ੍ਹਾਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਗਠਨ ਕੀਤਾ ਜਿਸ ਦੇ ਮੋਢੀ ਇੰਦਰ ਸਿੰਘ ਗਰੇਵਾਲ ਨੂੰ ਥਾਪਿਆ ਗਿਆ। ਹਿੰਦ-ਪਾਕਿ ਦੀ ਵੰਡ ਤੱਕ ਗਰੇਵਾਲ ਇਸ ਐਸੋਸੀਏਸ਼ਨ ਦੇ ਪ੍ਰਧਾਨ ਰਹੇ।
ਵੰਡ ਹੋਣ ਤੋਂ ਪਹਿਲਾਂ ਇਸ ਖੇਡ ਮੇਲੇ ‘ਚ ਲਾਹੌਰ ਦੀ ਕਬੱਡੀ ਟੀਮ ਵੀ ਹਿੱਸਾ ਲਿਆ ਕਰਦੀ ਸੀ। ਭਾਰਤ-ਪਾਕਿ ਵੰਡ ਪਿੱਛੋਂ ਇਸ ਮੇਲੇ ‘ਚ ਆਧੁਨਿਕ ਖੇਡਾਂ ਅਥਲੈਟਿਕਸ, ਹਾਕੀ, ਵਾਲੀਬਾਲ ਤੇ ਜਿਮਨਾਸਟਿਕ ਨੂੰ ਵੀ ਸ਼ਾਮਲ ਕੀਤਾ ਗਿਆ। 1955 ਵਿਚ ਗੁਆਂਢੀ ਪਿੰਡ ਦੇ ਧਨਾਡ ਵਪਾਰੀ ਪ੍ਰਹਿਲਾਦ ਸਿੰਘ ਨੇ ਆਪਣੇ ਪੁੱਤਰ ਭਗਵੰਤ ਸਿੰਘ ਦੀ ਯਾਦ ਵਿਚ 100 ਤੋਲੇ ਦਾ ਸ਼ੁੱਧ ਸੋਨੇ ਦਾ ਕੱਪ ਬਣਾ ਕੇ ਇਸ ਐਸੋਸੀਏਸ਼ਨ ਨੂੰ ਦਿੱਤਾ ਜੋ ਹਾਕੀ ਮੁਕਾਬਲਿਆਂ ਲਈ ਰੱਖਿਆ ਗਿਆ।
ਸਾਲ 1964 ਵਿੱਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਕਾਰਜ ਕੌਮੀ ਪੱਧਰ ਦੇ ਖਿਡਾਰੀ ਹਰਭਜਨ ਸਿੰਘ ਤੇ ਦਲਜੀਤ ਸਿੰਘ ਨੂੰ ਸੌਂਪਿਆ ਗਿਆ। ਇਸੇ ਸਦਕਾ 1977 ਦੇ ਖੇਡ ਮੇਲੇ ‘ਚ ਖੇਡ ਪ੍ਰੇਮੀਆਂ ਦੀ ਗਿਣਤੀ ਤਿੰਨ ਲੱਖ ਤੋਂ ਉਪਰ ਪਹੁੰਚੀ। ਇਸ ਖੇਡ ਮੇਲੇ ‘ਚ ਰਵਾਇਤੀ ਤੇ ਨਵੀਨ ਖੇਡਾਂ ਦਾ ਖੂਬਸੂਰਤ ਸੁਮੇਲ ਹੁੰਦਾ ਹੈ। ਕਈ ਅਜੋਕੀਆਂ ਖੇਡਾਂ ਇਸ ਖੇਡ ਮੇਲੇ ‘ਚ ਵੇਖਣ ਨੂੰ ਮਿਲਦੀਆਂ ਹਨ। ਇਸ ਦੇ ਨਾਲ ਨਾਲ ਪੁਰਾਤਨ ਖੇਡਾਂ ਨੂੰ ਜਿਊਂਦਾ ਰੱਖਣ ਦਾ ਸਿਹਰਾ ਵੀ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਸਿਰ ਹੀ ਜਾਂਦਾ ਹੈ।
ਖੇਡ ਮੇਲੇ ‘ਚ ਬੈਲ ਗੱਡੀਆਂ ਦੀਆਂ ਦੌੜਾਂ ਤੋਂ ਇਲਾਵਾ ਘੋੜ ਸਵਾਰੀ, ਊਠ ਦੌੜ ਤੇ ਖੱਚਰ ਦੌੜ ਵੀ ਇਸ ਖੇਡ ਮੇਲੇ ‘ਚ ਕਾਫੀ ਰੰਗ ਬੰਨ੍ਹਦੀ ਹੈ। ਇਨ੍ਹਾਂ ਖੇਡਾਂ ਤੋਂ ਇਲਾਵਾ ਸੁਹਾਗਾ ਦੌੜ, ਭੇਡੂਆਂ ਦੀ ਲੜਾਈ, ਕੁੱਕੜਾਂ ਦੀ ਲੜਾਈ, ਬੋਰੀ ਚੁੱਕਣ, ਮੁਧਕਰ ਚੁੱਕਣਾ, ਬਾਜ਼ੀਗਰ ਦੇ ਕਰਤਵ, ਸਾਈਕਲ ਦੌੜ, ਬੁਲ ਫਾਈਟਿੰਗ ਖੇਡਾਂ ਵੀ ਵੇਖਣ ਨੂੰ ਮਿਲਦੀਆਂ ਹਨ। ਖੇਡ ਮੇਲੇ ‘ਚ ਲੜਕੀਆਂ ਦੀ ਹਾਕੀ, ਕਬੱਡੀ, ਜਿਮਨਾਸਟਿਕ ਤੇ ਅਥਲੈਟਿਕਸ ਦੇ ਵੀ ਮੁਕਾਬਲੇ ਕਰਵਾਏ ਜਾਂਦੇ ਹਨ।
Leave a Reply