ਰੂਸੀ ਇਨਕਲਾਬ ਦਾ ਪਿਛੋਕੜ ਅਤੇ ਧਰਮਾਂ ਬਾਰੇ ਮਾਰਕਸਵਾਦੀ ਪਹੁੰਚ

‘ਪੰਜਾਬ ਟਾਈਮਜ਼’ ਦੇ ਪਿਛਲੇ ਕੁਝ ਅੰਕਾਂ ਤੋਂ ਰੂਸੀ ਚਿੰਤਕ ਲਿਓਨ ਤ੍ਰਾਤਸਕੀ ਦੇ ਵਿਚਾਰਾਂ ਬਾਰੇ ਬੜੀ ਗਹਿ-ਗੱਚ ਬਹਿਸ ਚੱਲ ਰਹੀ ਹੈ। ਡਾæ ਅੰਮ੍ਰਿਤਪਾਲ ਸਿੰਘ, ਬਘੇਲ ਸਿੰਘ ਬੱਲ ਅਤੇ ਗੁਰਦਿਆਲ ਸਿੰਘ ਬੱਲ ਨੇ ਇਸ ਬਹਿਸ ਵਿਚ ਭਰਵਾਂ ਹਿੱਸਾ ਲਿਆ ਹੈ। ਇਸੇ ਸਿਲਸਿਲੇ ਵਿਚ ਸ਼ ਗੁਰਬਚਨ ਸਿੰਘ ਨੇ ਅਸਲੋਂ ਹੀ ਨਿਵੇਕਲਾ ਲੇਖ ‘ਰੂਸੀ ਇਨਕਲਾਬ ਦਾ ਪਿਛੋਕੜ ਅਤੇ ਧਰਮਾਂ ਬਾਰੇ ਮਾਰਕਸਵਾਦੀ ਪਹੁੰਚ’ ਭੇਜਿਆ ਹੈ। ਇਸ ਲੇਖ ਦਾ ਸਿੱਧਾ ਸਬੰਧ ਤ੍ਰਾਤਸਕੀ ਬਾਰੇ ਚੱਲ ਰਹੀ ਬਹਿਸ ਨਾਲ ਤਾਂ ਨਹੀਂ ਹੈ ਪਰ ਉਨ੍ਹਾਂ ਨੇ ਰੂਸੀ ਇਨਕਲਾਬ ਅਤੇ ਮਾਰਕਸਵਾਦ ਦੇ ਪ੍ਰਸੰਗ ਵਿਚ ਧਰਮ ਬਾਰੇ ਕੁਝ ਨੁਕਤੇ ਰੱਖਣ ਦਾ ਯਤਨ ਕੀਤਾ ਹੈ। ਪਾਠਕਾਂ ਦੀ ਦਿਲਚਸਪੀ ਖਾਤਰ ਅਸੀਂ ਇਸ ਲੇਖ ਦਾ ਸੰਖੇਪ ਰੂਪ ਇਥੇ ਛਾਪ ਰਹੇ ਹਾਂ। -ਸੰਪਾਦਕ
ਗੁਰਬਚਨ ਸਿੰਘ
ਫੋਨ: 91-98156-98451
ਪੰਜਾਬ ਟਾਈਮਜ਼ ਵਿਚ ਦੋ ਕਿਸ਼ਤਾਂ ਵਿਚ ਛਪੀ ਆਪਣੀ ਲਿਖਤ Ḕਲਿਓਨ ਤ੍ਰਾਤਸਕੀ ਦੀ ਪ੍ਰਸੰਗਿਕਤਾḔ ਵਿਚ ਗੁਰਦਿਆਲ ਸਿੰਘ ਬੱਲ ਨੇ ਸੋਵੀਅਤ ਯੂਨੀਅਨ ਦੇ ਇਨਕਲਾਬ ਵਿਚ ਤ੍ਰਾਤਸਕੀ ਅਤੇ ਸਤਾਲਿਨ ਵਲੋਂ ਨਿਭਾਏ ਗਏ ਰੋਲ ਨੂੰ ਆਧਾਰ ਬਣਾ ਕੇ, ਪਿਛਲੀ ਸਦੀ ਦੀ ਸਮੁਚੀ ਕਮਿਊਨਿਸਟ ਲਹਿਰ ਨੂੰ ਆਪਣੀ ਪੜਚੋਲ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਕਰੋੜਾਂ ਲੋਕਾਂ ਦੀ ਹੋਣੀ ਦਾ ਫੈਸਲਾ ਕਰਨ ਅਤੇ ਸਗਲ ਮਨੁੱਖ ਜਾਤੀ ਨੂੰ ਪ੍ਰਭਾਵਿਤ ਕਰਨ ਪਖੋਂ, ਪੂਰੀ ਇਕ ਸਦੀ ਵਿਚ ਫੈਲੀ ਇਸ ਘਟਨਾ ਤੇ ਆਲਮੀ ਕਮਿਊਨਿਸਟ ਲਹਿਰ ਨੂੰ ਅਜਿਹੀ ਸੀਮਤ ਲਿਖਤ ਵਿਚ ਸਮੇਟਣ ਦੀ ਕੋਸ਼ਿਸ਼ ਕਰਨੀ ਅਸੰਭਵ ਸੀ, ਇਸ ਲਈ ਇਹ ਲਿਖਤ ਕੋਈ ਬੱਝਵਾਂ ਪ੍ਰਭਾਵ ਨਹੀਂ ਦੇ ਸਕੀ। ਇਸ ਦੇ ਬਾਵਜੂਦ ਦਰਜਨਾਂ ਸਾਹਿਤਕਾਰਾਂ ਅਤੇ ਚਿੰਤਕਾਂ ਦੇ ਹਵਾਲੇ ਨਾਲ ਲੇਖਕ ਸੁਆਲ ਠੀਕ ਪ੍ਰਸੰਗ ਵਿਚ ਪੇਸ਼ ਕਰਨ ਵਿਚ ਸਫਲ ਰਿਹਾ ਹੈ। ਬੱਲ ਅਨੁਸਾਰ, “ਦਾਸਤੋਵਸਕੀ ਤੇ ਨੀਤਸ਼ੇ ਇਨਸਾਨੀ ਜੀਵਨ ਦੀਆਂ ਸ਼ਾਨਾਂ ਅਤੇ ਸੰਭਾਵਨਾਵਾਂ ਦੇ ਮਹਾਕਵੀ ਸਨ ਪਰ ਇਹ ਸ਼ਾਨਾਂ ਸਲਾਮਤ ਕਿਵੇਂ ਰਹਿਣ, ਉਹ ਸਮਾਜ ਕਿੰਜ ਬਣੇ, ਇਸ ਮੂਲ ਮੁੱਦੇ ਦਾ ਉਨ੍ਹਾਂ ਨੂੰ ਨਾ ਕੋਈ ਇਲਮ ਸੀ ਅਤੇ ਨਾ ਹੀ ਉਨ੍ਹਾਂ ਦਾ ਅਜਿਹੇ ਕਿਸੇ ਪ੍ਰੋਜੈਕਟ ਨਾਲ ਵਾਹ ਵਾਸਤਾ ਸੀ।æææਤੇ ਸਾਡਾ ਵਿਸ਼ਵਾਸ ਹੈ ਕਿ ਕਾਰਲ ਮਾਰਕਸ ਦੇ ਚਿੰਤਨ ਦਾ ਕੇਂਦਰੀ ਸਰੋਕਾਰ ਹੀ ਇਹ ਮੁੱਦਾ ਸੀ। ਬਾਬੇ ਮਾਰਕਸ ਨੂੰ ਇਸ ਪਹਿਲੂ ਦੀ ਅਜਿਹੀ ਡੂੰਘੀ ਸੂਝ ਸੀ ਕਿ ਆਦਮੀ ਅੱਜ ਵੀ ਉਸ ਦੀਆਂ ਕਿਰਤਾਂ ਦੀ ਇਕ ਇਕ ਸਤਰ ਨੂੰ ਪੜ੍ਹ ਕੇ ਧੰਨ ਹੋ ਜਾਂਦਾ ਹੈ।”
ਬੱਲ ਦੀ ਧਾਰਨਾ ਹੈ, “ਉਹਨੂੰ ਅਜਿਹੇ ਚਿੰਤਨ ਨੂੰ ਅਮਲ ਵਿਚ ਉਤਾਰਨ ਲਈ ਲੈਨਿਨ ਵਰਗਾ ਮੁਹਿੰਮਬਾਜ਼ ਵੀ ਮਿਲ ਗਿਆ।æææਲੈਨਿਨ ਦੇ ਸਾਹਸ ਅਤੇ ਜਜ਼ਬੇ ਦੀ ਕਹਾਣੀ ਰਹਿੰਦੀ ਦੁਨੀਆਂ ਤਕ ਆਪਣੀ ਮਿਸਾਲ ਆਪ ਮੰਨੀ ਜਾਵੇਗੀ”, ਪਰ ਸੁਹਿਰਦ ਲੋਕ ਤਾਂ “ਇਹ ਸਮਝਣਾ ਚਾਹੁੰਦੇ ਹਨ ਕਿ ਰੂਸ ਵਿਚ ਇਤਨੀ ਵਡੀ ਜਦੋਜਹਿਦ ਦੇ ਬਾਵਜੂਦ ਗੱਲ ਕਿਉਂ ਨਾ ਬਣੀ?”
ਇਹੀ ਸੁਆਲ ਹੈ ਜਿਸ ਦੇ ਸਹੀ ਜੁਆਬ ਦੀ ਅੱਜ ਸਮੁਚੀ ਮਨੁਖ ਜਾਤੀ ਨੂੰ ਭਾਲ ਹੈ; ਕਿਉਂਕਿ ਇਸ ਸੁਆਲ ਦਾ ਜੁਆਬ ਲੱਭੇ ਬਿਨਾਂ, ਸਰਬਪੱਖੀ ਸਾਮਰਾਜੀ ਸੰਕਟ ਦੀ ਦਲਦਲ ਵਿਚ ਫਸੀ ਮਨੁੱਖ ਜਾਤੀ, ਇਸ ਵਿਚੋਂ ਬਾਹਰ ਨਹੀਂ ਨਿਕਲ ਸਕਦੀ ਪਰ ਇਸ ਸੁਆਲ ਦਾ ਜੁਆਬ ਲੱਭਣ ਲਈ ਲੇਖਕ ਜਿੰਨੀ ਸ਼ਿੱਦਤ ਨਾਲ ਮਾਰਕਸ ਦੀ ਸ਼ਖਸੀਅਤ ਬਾਰੇ ਸੋਚਦਾ ਹੈ, ਜੇ ਇੰਨੀ ਹੀ ਸ਼ਿੱਦਤ ਨਾਲ ਉਹ ਮਾਰਕਸ ਦੀਆਂ ਮੌਲਿਕ ਲਿਖਤਾਂ, ਖਾਸ ਕਰ ਕੇ ਉਸ ਦੀਆਂ ਮੁਢਲੀਆਂ ਦਾਰਸ਼ਨਿਕ ਲਿਖਤਾਂ ਨੂੰ ਪੜ੍ਹਦਾ, ਤਾਂ ਸ਼ਾਇਦ ਉਸ ਨੂੰ ਆਪਣੇ ਇਸ ਸੁਆਲ ਦਾ ਜੁਆਬ ਮਿਲ ਜਾਂਦਾ ਪਰ ਬਦਕਿਸਮਤੀ ਇਹ ਹੈ ਕਿ ਉਹ ਅਤੇ ਉਸ ਵਰਗੇ ਹੋਰ ਸਾਰੇ ਸੁਹਿਰਦ ਚਿੰਤਕ ਮਾਰਕਸ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਣ ਦੇ ਬਾਵਜੂਦ, ਉਸ ਦੀਆਂ ਲਿਖਤਾਂ ਪੜ੍ਹਨ ਅਤੇ ਉਨ੍ਹਾਂ ਨੂੰ ਆਪਣੇ ਅਨੁਭਵ ਦਾ ਅੰਗ ਬਣਾ ਕੇ ਅਮਲ ਵਿਚ ਢਾਲਣ ਨੂੰ ਤਿਆਰ ਨਹੀਂ। ਇਹ ਬਿਲਕੁਲ ਉਵੇਂ ਦੀ ਗੱਲ ਹੈ, ਜਿਵੇਂ ਬਹੁ-ਗਿਣਤੀ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਅਤੇ ਉਨ੍ਹਾਂ ਨੂੰ ਜ਼ਾਹਰਾ ਗੁਰੂ ਮੰਨਣ ਦੇ ਬਾਵਜੂਦ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਦਰਜ ਗਿਆਨ ਨੂੰ ਆਤਮਸਾਤ ਕਰਨ ਅਤੇ ਆਪਣੇ ਅਮਲ ਵਿਚ ਢਾਲਣ ਨੂੰ ਤਿਆਰ ਨਹੀਂ ਹਨ।
ਜਿੰਨਾ ਚਿਰ ਮਾਰਕਸ ਦੀਆਂ ਲਿਖਤਾਂ ਨੂੰ ਪੈਗੰਬਰੀ ਇਲਹਾਮ ਵਾਂਗ ਪੜ੍ਹਨ ਅਤੇ ਉਨ੍ਹਾਂ ਨੂੰ ਆਪਣੇ ਅਨੁਭਵ ਵਿਚ ਤਰਾਸ਼ਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਉਨਾ ਚਿਰ ਮਾਰਕਸ ਦੇ ਫ਼ਲਸਫ਼ੇ ਉਤੇ ਪਕੜ ਨਹੀਂ ਬਣ ਸਕਦੀ। ਇਥੇ ਅਸੀਂ ਮਾਰਕਸ ਦੇ ਸਮੁਚੇ ਫ਼ਲਸਫ਼ੇ ਬਾਰੇ ਕੋਈ ਟਿਪਣੀ ਕਰਨ ਤੋਂ ਪ੍ਰਹੇਜ਼ ਕਰਦੇ ਹੋਏ, ਸਿਰਫ ਉਸ ਦੇ ਇਕ ਪੱਖ ਦੀ ਗੱਲ ਹੀ ਕਰਾਂਗੇ। ਲਿਖਤ ਦੀ ਸੀਮਾ ਨੂੰ ਸਾਹਮਣੇ ਰਖ ਕੇ ਇਹ ਗੱਲ ਵੀ ਅਧੂਰੇ ਜਿਹੇ ਰੂਪ ਵਿਚ ਹੀ ਹੋ ਸਕਦੀ ਹੈ। ਮਾਰਕਸ ਦੇ ਫ਼ਲਸਫ਼ੇ ਨੂੰ ਆਪਣੇ ਅਨੁਭਵ ਵਿਚ ਵਸਾ ਕੇ ਹੀ ਪਤਾ ਲਗਦਾ ਹੈ ਕਿ ਮਾਰਕਸ ਦੀ ਸਮੁਚੀ ਫਿਲਾਸਫੀ ਧਰਮਾਂ ਦੇ ਵਿਰੋਧ ਵਿਚ ਨਹੀਂ, ਸਗੋਂ ਸਾਰੇ ਧਰਮਾਂ ਦੀ ਨਿਰੰਤਰਤਾ ਦੇ ਰੂਪ ਵਿਚ ਪ੍ਰਗਟ ਹੋਈ ਹੈ। ਮਾਰਕਸ ਅਤੇ ਉਸ ਦੇ ਸਾਥੀ ਏਂਗਲਜ ਨੇ ਕਿਤੇ ਵੀ ਧਰਮਾਂ ਦਾ ਅੰਨਾ ਵਿਰੋਧ ਨਹੀਂ ਕੀਤਾ।
ਏਂਗਲਜ ਧਰਮਾਂ ਦੀ ਉਤਪਤੀ ਬਾਰੇ ਬੜੀ ਦਿਲਚਸਪ ਜਾਣਕਾਰੀ ਦਿੰਦਾ ਹੈ ਜਿਹੜੀ ਰਵਾਇਤੀ ਆਲਮੀ ਕਮਿਊਨਿਸਟ ਲਹਿਰ ਦੀਆਂ ਬਣੀਆਂ ਹੋਈਆਂ ਧਾਰਨਾਵਾਂ ਦੇ ਯਕਦਮ ਉਲਟ ਹੈ। ਏਂਗਲਜ ਦੇ ਕਥਨ ਅਨੁਸਾਰ, “ਮਧਕਾਲੀ ਆਜ਼ਾਦ ਚਿੰਤਕਾਂ ਤੋਂ ਲੈ ਕੇ 18ਵੀਂ ਸਦੀ ਦੇ ਵਿਦਵਾਨ ਬੁਧੀਜੀਵੀਆਂ ਤਕ, ਇਹ ਵਿਚਾਰ ਪ੍ਰਬਲ ਸੀ ਕਿ ਇਸਾਈਅਤ ਸਮੇਤ ਸਾਰੇ ਧਰਮ ਧੋਖੇਬਾਜ਼ਾਂ ਦੀ ਕਿਸੇ ਸਾਜ਼ਿਸ਼ ਦਾ ਸਿੱਟਾ ਹਨ, ਪਰ ਜਦੋਂ ਹੀਗਲ ਨੇ ਸੰਸਾਰ ਇਤਿਹਾਸ ਵਿਚ ਫ਼ਲਸਫ਼ੇ ਦੇ ਸਾਹਮਣੇ, ਇਕ ਤਰਕਸੰਗਤ ਲੜੀਵਾਰ ਨਿਰੰਤਰਤਾ ਵਿਚ ਹੋ ਰਹੇ ਵਿਕਾਸ ਨੂੰ ਦਰਸਾਉਣ ਦਾ ਕਾਰਜ ਮਿਥ ਦਿਤਾ, ਤਾਂ ਇਹ ਵਿਚਾਰ ਆਪਣੇ ਅਰਥ ਗੁਆ ਬੈਠਾ।”
ਇਥੇ ਏਂਗਲਜ, ਹੀਗਲ ਦੀ ਜਿਹੜੀ ਧਾਰਨਾ ਦਾ ਹਵਾਲਾ ਦੇ ਰਿਹਾ ਹੈ, ਉਸ ਹਵਾਲੇ ਅਨੁਸਾਰ “ਫ਼ਲਸਫ਼ੇ ਦਾ ਇਤਿਹਾਸ ਬੀਤੇ ਨਾਲ ਨਹੀਂ, ਸਗੋਂ ਸਦਾ ਰਹਿਣ ਵਾਲੇ ਵਰਤਮਾਨ ਨਾਲ ਸਬੰਧ ਰਖਦਾ ਹੈ ਅਤੇ ਇਹ ਮਨੁਖੀ ਬੌਧਿਕਤਾ ਦੇ ਕੁਰਾਹਿਆਂ ਦਾ ਅਜਾਇਬਘਰ ਨਹੀਂ, ਸਗੋਂ ਇਕ-ਦੂਜੇ ਤੋਂ ਬਾਅਦ ਪੈਦਾ ਹੋਈਆਂ ਸਾਰੀਆਂ ਪੈਗੰਬਰੀ ਰੂਹਾਂ ਦੇ ਦਵੰਦਵਾਦੀ ਵਿਕਾਸ ਨਾਲ ਸਬੰਧਤ ਹੈ।” ਭਾਵ ਸਾਰੇ ਧਰਮ ਇਕ-ਦੂਜੇ ਦੇ ਵਿਰੋਧ ਵਿਚ ਨਹੀਂ, ਸਗੋਂ ਇਕ-ਦੂਜੇ ਦੇ ਅਗਲੇ ਪੜਾਅ ਵਜੋਂ ਹੋਂਦ ਵਿਚ ਆਏ ਹਨ ਅਤੇ ਹਰ ਨਵਾਂ ਧਰਮ ਮਨੁੱਖ ਦੇ ਸਮਾਜੀ ਵਿਕਾਸ ਦੇ ਇਤਿਹਾਸ ਵਿਚ ਪੁਟੀ ਗਈ ਅਗਲੀ ਪੁਲਾਂਘ ਹੈ।
ਮਾਰਕਸ ਦੀ ਸਾਰੇ ਧਰਮਾਂ ਦੀ ਏਕਤਾ ਬਾਰੇ ਪਹੁੰਚ, ਉਸ ਦੀ ਯਹੂਦੀਆਂ ਅਤੇ ਇਸਾਈਆਂ ਵਿਚਕਾਰ ਏਕਤਾ ਦੀ ਸੁਝਾਈ ਪਹੁੰਚ ਤੋਂ ਸਪਸ਼ਟ ਹੁੰਦੀ ਹੈ। ਮਾਰਕਸ ਦਾ ਇਨ੍ਹਾਂ ਦੋਹਾਂ ਧਰਮਾਂ ਬਾਰੇ ਕਥਨ ਹੈ, “ਯਹੂਦੀਆਂ ਅਤੇ ਇਸਾਈਆਂ ਵਿਚਕਾਰ ਵਿਰੋਧ ਦਾ ਕੱਟੜ ਰੂਪ ਧਾਰਮਿਕ ਵਿਰੋਧ ਹੈ। ਇਹ ਵਿਰੋਧ ਖਤਮ ਕਿਵੇਂ ਹੋਵੇ? ਇਸ ਵਿਰੋਧ ਨੂੰ ਅਸੰਭਵ ਬਣਾ ਕੇ। ਇਹ ਧਾਰਮਿਕ ਵਿਰੋਧ ਅਸੰਭਵ ਕਿਵੇਂ ਬਣੇ? ਧਰਮ ਨੂੰ ਖਤਮ ਕਰ ਕੇ। ਜਦੋਂ ਹੀ ਯਹੂਦੀ ਅਤੇ ਇਸਾਈ ਇਹ ਸਮਝ ਲੈਣਗੇ ਕਿ ਉਨ੍ਹਾਂ ਦੇ ਆਪਣੇ-ਆਪਣੇ ਧਰਮ, ਮਨੁੱਖੀ ਮਨ ਦੇ ਵਿਕਾਸ ਦੇ ਅੱਡ-ਅੱਡ ਪੜਾਵਾਂ ਤੋਂ ਬਿਨਾਂ ਹੋਰ ਕੁਝ ਨਹੀਂ, ਸਗੋਂ ਸੱਪ ਦੀਆਂ ਅੱਡ-ਅੱਡ ਕੁੰਜਾਂ ਵਾਂਗ ਹਨ ਜਿਹੜੀਆਂ ਇਤਿਹਾਸ ਨੇ ਆਪਣੇ-ਆਪ ਤੋਂ ਉਤਾਰ ਦਿਤੀਆਂ ਹਨ ਅਤੇ ਮਨੁੱਖ ਉਹ ਸੱਪ ਹੈ ਜਿਸ ਨੇ ਇਹ ਕੁੰਜਾਂ ਲਾਹੀਆਂ ਹਨ ਤੇ ਹੁਣ ਯਹੂਦੀਆਂ ਅਤੇ ਇਸਾਈਆਂ ਦਾ ਰਿਸ਼ਤਾ ਧਾਰਮਿਕ ਨਹੀਂ, ਸਗੋਂ ਪੜਚੋਲੀਆ, ਵਿਗਿਆਨਿਕ (ਅਨੁਭਵੀ) ਅਤੇ ਮਨੁਖੀ ਰਿਸ਼ਤਾ ਹੈ, ਤਾਂ ਫਿਰ ਸਾਇੰਸ (ਭਾਵ ਫਿਲਾਸਫੀ) ਉਨ੍ਹਾਂ ਦੀ ਏਕਤਾ ਦਾ ਆਧਾਰ ਬਣੇਗੀ, ਪਰ ਸਾਇੰਸ ਵਿਚਲੇ ਵਿਰੋਧ ਖੁਦ ਸਾਇੰਸ ਵਲੋਂ ਹੀ ਹੱਲ ਕੀਤੇ ਜਾਣੇ ਹਨ।” ਭਾਵ ਸਾਰੇ ਧਰਮਾਂ ਵਿਚਲੇ ਵਿਰੋਧ ਫ਼ਲਸਫ਼ੇ ਦੇ ਕੁਦਰਤੀ ਸੱਚ ਦੇ ਆਧਾਰ ਉਤੇ ਹੱਲ ਹੋਣੇ ਹਨ।
ਮਾਰਕਸ ਨੇ ਭੌਤਿਕਵਾਦੀ ਫਲਸਫੇ ਅਤੇ ਧਰਮ ਦਾ ਰਿਸ਼ਤਾ ਵੀ ਸਪਸ਼ਟ ਕੀਤਾ ਹੈ। ਮਾਰਕਸ ਦੇ ਆਪਣੇ ਕਥਨ ਅਨੁਸਾਰ “ਯਕੀਨਨ ਭੌਤਿਕਵਾਦੀ ਫ਼ਲਸਫ਼ਾ, ਧਰਮ ਅਤੇ ਫ਼ਿਲਾਸਫ਼ੀ ਦੇ ਮਸਲਿਆਂ ਬਾਰੇ ਧਾਰਮਿਕ ਲੋਕਾਂ ਨਾਲੋਂ ਵਖਰੇ ਢੰਗ ਨਾਲ ਚਰਚਾ ਕਰਦਾ ਹੈ। ਧਾਰਮਿਕ ਲੋਕ ਧਰਮਾਂ ਨੂੰ ਪੜ੍ਹੇ ਬਿਨਾਂ ਉਨ੍ਹਾਂ ਦੀ ਚਰਚਾ ਕਰਦੇ ਹਨ, ਫ਼ਲਸਫ਼ਾ ਉਨ੍ਹਾਂ ਨੂੰ ਪੜ੍ਹ ਕੇ ਉਨ੍ਹਾਂ ਬਾਰੇ ਚਰਚਾ ਕਰਦਾ ਹੈ। ਧਾਰਮਿਕ ਲੋਕ ਭਾਵਨਾਵਾਂ ਨੂੰ ਟੁੰਬਦੇ ਹਨ, ਫ਼ਲਸਫ਼ਾ ਵਿਵੇਕ ਨੂੰ ਟੁੰਬਦਾ ਹੈ। ਧਾਰਮਿਕ ਲੋਕ ਸਰਾਪ ਦਿੰਦੇ ਹਨ, ਫ਼ਲਸਫ਼ਾ ਸਿੱਖਿਆ ਦੇਂਦਾ ਹੈ। ਧਾਰਮਿਕ ਪੁਰਖ ਲੋਕ-ਪ੍ਰਲੋਕ ਦੇ ਵਾਅਦੇ ਕਰਦੇ ਹਨ, ਫ਼ਲਸਫ਼ਾ ਸੱਚ ਨੂੰ ਪ੍ਰਗਟ ਕਰਨ ਤੋਂ ਸਿਵਾਏ ਹੋਰ ਕੋਈ ਵਾਅਦਾ ਨਹੀਂ ਕਰਦਾ। ਧਾਰਮਿਕ ਲੋਕ ਆਪਣੇ ਵਿਸ਼ਵਾਸਾਂ ਵਿਚ ਵਿਸ਼ਵਾਸ ਪ੍ਰਗਟ ਕਰਨ ਦੀ ਮੰਗ ਕਰਦੇ ਹਨ, ਪਰ ਫ਼ਲਸਫ਼ਾ ਆਪਣੇ ਨਿਕਲੇ ਸਿੱਟਿਆਂ ਵਿਚ ਵਿਸ਼ਵਾਸ ਪ੍ਰਗਟ ਕਰਨ ਲਈ ਨਹੀਂ, ਸਗੋਂ ਮਨ ਅੰਦਰ ਪੈਦਾ ਹੁੰਦੇ ਸ਼ੰਕਿਆਂ ਦੀ ਨਵਿਰਤੀ ਕਰਨ ਦੀ ਮੰਗ ਕਰਦਾ ਹੈ। ਧਾਰਮਿਕ ਲੋਕ ਰੱਬ ਦੇ ਨਾਂ ਉਤੇ ਡਰ ਪੈਦਾ ਕਰਦੇ ਹਨ, ਪਰ ਫ਼ਲਸਫ਼ਾ ਮਨੁੱਖ ਨੂੰ ਸਹਿਜ ਕਰਦਾ ਹੈ ਅਤੇ ਸੱਚ ਇਹ ਹੈ ਕਿ ਫ਼ਲਸਫ਼ੇ ਕੋਲ ਸੰਸਾਰ ਦਾ ਇੰਨਾ ਭਰਵਾਂ ਗਿਆਨ ਮੌਜੂਦ ਹੈ ਕਿ ਉਸ ਦੇ ਨਿਕਲੇ ਸਿੱਟਿਆਂ ਨੂੰ ਲੋਕ-ਪ੍ਰਲੋਕ ਦੇ ਭਰਮ ਵਿਚ ਜਿਉਂਦੇ ਤੇ ਹਉਮੈ-ਗ੍ਰਸਤ ਲੋਕਾਂ ਦੀ ਚਾਪਲੂਸੀ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਅਤੇ ਜਿਹੜੇ ਲੋਕ ਆਪਣੇ ਭਲੇ ਲਈ ਸੱਚ ਅਤੇ ਗਿਆਨ ਨੂੰ ਪਿਆਰ ਕਰਦੇ ਹਨ, ਉਹ ਆਪਣੇ ਵਿਵੇਕ ਅਤੇ ਸਦਾਚਾਰ ਦੀ ਤੁਲਨਾ, ਮੂਰਖਾਂ ਤੇ ਗੁਲਾਮਾਂ ਵਰਗੀ ਡਾਵਾਂਡੋਲ ਨੀਚ ਬਿਰਤੀ ਦੇ ਮਨੁਖਾਂ ਦੇ ਵਿਵੇਕ ਅਤੇ ਸਦਾਚਾਰ ਨਾਲ ਕਰਨ ਦੇ ਯੋਗ ਹੁੰਦੇ ਹਨ।”
ਮਾਰਕਸ ਦਾ ਇਹ ਵੀ ਕਹਿਣਾ ਹੈ, “ਭੌਤਿਕਵਾਦੀ ਫ਼ਲਸਫ਼ਾ ਅਸਲ ਵਿਚ ਧਰਮ ਦਾ ਸਿੱਧਾ ਵਿਰੋਧੀ ਨਹੀਂ, ਕਿਉਂਕਿ ਭੌਤਿਕਵਾਦੀ ਫ਼ਲਸਫ਼ਾ, ਧਰਮ ਦੀ ਭਰਮਾਊ ਹਕੀਕਤ ਨੂੰ ਸਮਝਦਾ ਹੈ। ਇਸ ਲਈ ਭੌਤਿਕਵਾਦੀ ਫ਼ਲਸਫਾ ਜਦੋਂ ਤਕ ਹਕੀਕਤ ਬਣਨ ਦੀ ਕੋਸ਼ਿਸ਼ ਕਰਦਾ ਹੈ, ਉਦੋਂ ਤਕ ਧਰਮ ਆਪਣੇ ਆਪ ਹੀ ਲੋਪ ਹੋ ਜਾਂਦਾ ਹੈ।” (ਮਾਰਕਸ, ਸਮੂਹਿਕ ਲਿਖਤਾਂ, ਜਿਲਦ 3, ਸਫਾ 90)
ਇਹ ਹੈ ਉਹ ਸੱਚ ਜਿਹੜਾ ਹੁਣ ਤਕ ਆਲਮੀ ਕਮਿਊਨਿਸਟ ਲਹਿਰ ਨੇ ਅਣਗੌਲਿਆ ਕੀਤਾ ਹੈ; ਭਾਵ ਜਦੋਂ ਭੌਤਿਕਵਾਦੀ ਫ਼ਲਸਫ਼ਾ ਮਨੁੱਖੀ ਚੇਤਨਾ ਦਾ ਹਿੱਸਾ ਬਣ ਜਾਵੇਗਾ ਤਾਂ ਧਰਮ ਆਪਣੇ ਆਪ ਹੀ ਲੋਪ ਹੋ ਜਾਣਗੇ। ਮਾਰਕਸ ਦਾ ਬੜਾ ਸਪਸ਼ਟ ਕਥਨ ਹੈ ਕਿ ਧਰਮ ਹੋਰ ਕੁਝ ਨਹੀਂ, ਸਗੋਂ ਮਨੁੱਖੀ ਵਿਕਾਸ ਦੇ ਅੱਡ-ਅੱਡ ਪੜਾਵਾਂ ਉਤੇ ਵਿਕਸਿਤ ਹੋਏ ਮਨੁੱਖੀ ਮਨ ਦੀਆਂ ਅਵਸਥਾਵਾਂ ਹਨ। ਇਸ ਪ੍ਰਸੰਗ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਮਾਰਕਸ ਦੇ ਵਿਕਸਿਤ ਕੀਤੇ ਭੌਤਿਕਵਾਦੀ ਫ਼ਲਸਫ਼ੇ ਨੇ ਸਾਰੇ ਧਰਮਾਂ ਦੇ ਫ਼ਲਸਫ਼ਿਆਂ ਅਤੇ ਸਦਾਚਾਰ ਨੂੰ ਆਪਣੇ ਵਿਚ ਸਮੇਟ ਕੇ ਉਨ੍ਹਾਂ ਦੀ ਥਾਂ ਲੈਣੀ ਸੀ ਪਰ ਲੈਨਿਨਵਾਦੀ ਕਮਿਊਨਿਸਟਾਂ ਨੇ ਧਰਮਾਂ ਦਾ ਕੱਟੜ ਵਿਰੋਧ ਕਰ ਕੇ ਸਾਰੇ ਧਰਮਾਂ ਵਲੋਂ ਵਿਕਸਿਤ ਕੀਤੇ ਸਦਾਚਾਰ ਨੂੰ ਤਿਲਾਂਜਲੀ ਦੇਣ ਦਾ ਆਧਾਰ ਤਿਆਰ ਕਰ ਦਿਤਾ ਜਿਸ ਕਰ ਕੇ ਨਾਸਤਿਕ ਕਮਿਊਨਿਸਟ, ਸਾਮਰਾਜੀ ਵਹਿਸ਼ਤ ਦੇ ਦੌਰ ਵਿਚ ਵੀ ਪੂੰਜੀਵਾਦੀ ਵਿਕਾਸ ਦੇ ਭਰਮਜਾਲ ਵਿਚ ਉਲਝ ਕੇ ਖਪਤਕਾਰੀ ਦੇ ਮਨੋਰੋਗ ਦਾ ਸ਼ਿਕਾਰ ਹੋ ਗਏ। ਹੁਣ ਵੀ ਮਨੁੱਖ ਜਾਤੀ ਦਾ ਭਲਾ ਸਮਾਜਵਾਦੀ ਸਮਾਜਾਂ ਦੀ ਉਸਾਰੀ ਨਾਲ ਹੀ ਹੋਣਾ ਹੈ ਪਰ ਹੁਣ ਸ਼ਰਤ ਇਹ ਹੋਵੇਗੀ ਕਿ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਨਾਲ ਲੈ ਕੇ ਸਾਮਰਾਜੀ ਖਪਤਕਾਰੀ ਵਹਿਸ਼ਤ ਦਾ ਮੁਕਾਬਲਾ ਕਰਨਾ ਪਵੇਗਾ। ਇਸਲਾਮ ਵਲੋਂ ਸਾਮਰਾਜੀ ਖਪਤਕਾਰੀ ਸਭਿਆਚਾਰ ਨੂੰ ਦਿਤੀ ਜਾ ਰਹੀ ਟੱਕਰ ਇਸੇ ਰੁਝਾਨ ਦਾ ਅੰਗ ਹੈ।
ਕਿਸੇ ਜਗਿਆਸੂ ਮਨ ਵਿਚ ਇਹ ਸੁਆਲ ਵੀ ਪੈਦਾ ਹੋ ਸਕਦਾ ਹੈ ਕਿ ਜੇ ਸਾਰੇ ਹੀ ਧਰਮ ਇਕ-ਦੂਜੇ ਦੀ ਅਗਲੀ ਕੜੀ ਵਜੋਂ ਵਿਕਸਿਤ ਹੋਏ ਹਨ ਅਤੇ ਲਗਭਗ ਸਾਰੇ ਹੀ ਧਰਮਾਂ ਵਿਚ ਕਿਸੇ ਕਲਪਿਤ Ḕਰੱਬ’ ਦੁਆਲੇ ਬੁਣੇ ਭਰਮਜਾਲ ਤੇ ਇਸ ਨਾਲ ਜੁੜੇ ਕਰਮਕਾਂਡ ਤੋਂ ਬਿਨਾਂ, ਉਨ੍ਹਾਂ ਵਿਚ ਸਮਾਜੀ ਚੇਤਨਾ ਅਤੇ ਮਨੁਖੀ ਸਦਾਚਾਰ ਵੀ ਦਰਜ ਹੈ, ਤਾਂ ਫਿਰ ਧਰਮਾਂ ਵਿਚਲੇ ਟਕਰਾਅ ਤੇ ਧਰਮਾਂ ਦੇ ਨਾਂ ਉਤੇ ਹਜ਼ਾਰਾਂ-ਲੱਖਾਂ ਲੋਕਾਂ ਦੇ ਕਤਲੇਆਮ, ਕਿਸ ਜੁਮਰੇ ਵਿਚ ਆਉਂਦੇ ਹਨ? ਇਸ ਸੁਆਲ ਦਾ ਜੁਆਬ ਬੜਾ ਸਪਸ਼ਟ ਹੈ ਕਿ ਹਰ ਧਰਮ ਆਪਣੇ ਮੁਢਲੇ ਦੌਰ ਵਿਚ ਇਨਕਲਾਬੀ ਰੋਲ ਨਿਭਾਉਂਦਾ ਹੈ, ਪਰ ਸਮਾਂ ਪਾ ਕੇ ਜਿਵੇਂ-ਜਿਵੇਂ ਉਸ ਦਾ ਮੌਲਿਕ ਤੱਤ, ਭਾਵ ਫ਼ਲਸਫ਼ਾ ਵਿਸਰਦਾ ਜਾਂਦਾ ਹੈ, ਤਿਵੇਂ-ਤਿਵੇਂ ਉਸ ਦਾ ਇਨਕਲਾਬੀ ਕਣ ਮਰਦਾ ਜਾਂਦਾ ਹੈ। ਜਿਵੇਂ-ਜਿਵੇਂ ਇਨਕਲਾਬੀ ਕਣ ਮਰਦਾ ਜਾਂਦਾ ਹੈ, ਤਿਵੇਂ-ਤਿਵੇਂ ਭਰਮਾਊ ਸੋਚ ਅਤੇ ਸੁਆਰਥ ਭਾਰੂ ਹੋਈ ਜਾਂਦਾ ਹੈ।
ਭਰਮਾਊ ਸੋਚ ਅਤੇ ਸੁਆਰਥ ਭਾਰੂ ਹੋਣ ਨਾਲ, ਮਨੁੱਖ ਵੇਲੇ ਦੀ ਭ੍ਰਿਸ਼ਟ ਰਾਜਨੀਤੀ ਦਾ ਸ਼ਿਕਾਰ ਹੋ ਜਾਂਦਾ ਹੈ। ਸਮਾਂ ਪਾ ਕੇ ਇਹ ਭ੍ਰਿਸ਼ਟ ਰਾਜਨੀਤੀ ਧਰਮ ਉਤੇ ਭਾਰੂ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਹਰ ਧਰਮ ਕਿਸੇ ਮੌਕੇ ਆ ਕੇ ਵੇਲੇ ਦੀ ਲੋਕ ਦੁਸ਼ਮਣ ਰਾਜਨੀਤੀ ਦਾ ਹਥਿਆਰ ਬਣ ਜਾਂਦਾ ਰਿਹਾ ਹੈ ਅਤੇ ਹੁਣ ਤਕ ਭੌਤਿਕਵਾਦੀ ਫ਼ਲਸਫੇ ਸਮੇਤ, ਇਹ ਲਗਭਗ ਸਾਰੇ ਹੀ ਧਰਮਾਂ ਨਾਲ ਵਾਪਰਿਆ ਹੈ। ਹਰ ਧਰਮ ਆਪਣੀ ਪਹਿਲ ਤਾਜ਼ਗੀ ਦੇ ਦੌਰ ਵਿਚ, ਆਪਣੇ ਵੇਲੇ ਦੇ ਬਹੁਗਿਣਤੀ ਲੋਕਾਂ ਅਤੇ ਸਮਕਾਲੀ ਰਾਜਨੀਤੀ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਜਦੋਂ ਤਕ ਇਹ ਰਾਜਨੀਤੀ ਧਰਮ ਦੇ ਅਧੀਨ ਚਲਦੀ ਰਹੀ ਹੈ, ਉਦੋਂ ਤਕ ਧਰਮ ਤੇ ਰਾਜਨੀਤੀ ਦਾ ਇਹ ਸੁਮੇਲ ਸਮਾਜੀ ਇਤਿਹਾਸ ਦੇ ਵਿਕਾਸ ਵਿਚ ਕ੍ਰਿਸ਼ਮੇ ਕਰਦਾ ਰਿਹਾ ਹੈ, ਪਰ ਜਦੋਂ ਸੁਆਰਥੀ ਰਾਜਨੀਤੀ ਧਰਮ ਉਤੇ ਭਾਰੂ ਹੋ ਜਾਂਦੀ ਰਹੀ ਹੈ, ਤਾਂ ਇਹੀ ਧਰਮ ਲੋਕਾਂ ਦੇ ਵੱਡੇ-ਵੱਡੇ ਕਤਲੇਆਮ ਕਰਵਾਉਣ ਤਕ ਨਿਘਰ ਜਾਂਦੇ ਰਹੇ ਹਨ। ਧਰਮ ਦੇ ਹਾਂ ਪੱਖੀ ਰੋਲ ਵਾਸਤੇ ਰਾਜਨੀਤੀ ਦਾ ਧਰਮ (ਫ਼ਲਸਫ਼ੇ) ਦੇ ਅਧੀਨ ਰਹਿਣਾ ਬਹੁਤ ਜ਼ਰੂਰੀ ਹੈ। ਮੀਰੀ ਤੇ ਪੀਰੀ ਦੀ ਇਹੀ ਸਾਂਝ ਹੈ।
ਹੋਰ ਤਾਂ ਹੋਰ ਸਾਡੇ ਸਮਿਆਂ ਦੇ ਸਭ ਤੋਂ ਇਨਕਲਾਬੀ ਫ਼ਲਸਫ਼ੇ ਮਾਰਕਸ-ਏਂਗਲਜ ਦੇ ਭੌਤਿਕਵਾਦ ਨਾਲ ਵੀ ਇਹੋ ਕੁਝ ਵਾਪਰਿਆ ਹੈ। ਭੌਤਿਕਵਾਦੀ ਫ਼ਲਸਫ਼ੇ ਨੂੰ ਅਣਗੌਲਿਆ ਕਰਨ ਕਰ ਕੇ ਹੀ ਸਮੁੱਚੀ ਆਲਮੀ ਕਮਿਊਨਿਸਟ ਲਹਿਰ ਆਪਣੇ ਰਾਹ ਤੋਂ ਖੁੰਝ ਗਈ ਹੈ। ਇਸ ਵਰਤਾਰੇ ਦਾ ਇਸ ਤੋਂ ਸਪਸ਼ਟ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਆਲਮੀ ਕਮਿਊਨਿਸਟ ਲਹਿਰ ਦੇ ਇਕ ਛੋਟੇ ਜਿਹੇ ਹਿੱਸੇ ਨੂੰ ਛਡ ਕੇ, ਬਾਕੀ ਦੀ ਲਗਭਗ ਸਮੁਚੀ ਕਮਿਊਨਿਸਟ ਲਹਿਰ ਸਾਮਰਾਜੀ ਆਰਥਿਕ ਵਿਕਾਸ ਦੀ ਪ੍ਰਚਾਰਕ ਬਣੀ ਹੋਈ ਹੈ ਅਤੇ ਸਾਮਰਾਜੀਆਂ ਦੇ ਸਿਧਾਂਤਕ ਹਥਿਆਰ ਵਜੋਂ ਕੰਮ ਕਰ ਰਹੀ ਹੈ।
ਭੌਤਿਕਵਾਦੀ ਫ਼ਲਸਫ਼ਾ ਭਾਵੇਂ Ḕਰੱਬੀ’ ਗਿਆਨ ਹੋਣ ਦਾ ਦਾਅਵਾ ਨਹੀਂ ਕਰਦਾ, ਪਰ ਇਹ ਮਨੁੱਖ ਦੀ ਸਵੈ ਤੇ ਸਮਾਜੀ ਚੇਤਨਾ ਦਾ ਅਗਲਾ ਪੜਾਅ ਹੈ ਜਿਸ ਨੂੰ ਆਪਣੇ ਚਿੰਤਨਸ਼ੀਲ ਅਨੁਭਵੀ ਮਨ ਵਿਚ ਆਤਮਸਾਤ ਕਰ ਕੇ ਹੀ, ਕਮਿਊਨਿਜ਼ਮ ਭਾਵ ਸਰਬ ਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੀ ਪਰਉਪਕਾਰੀ ਚੇਤਨਾ ਪ੍ਰਗਟ ਹੁੰਦੀ ਹੈ। ਇਸ ਚੇਤਨਾ ਤੋਂ ਬਾਅਦ ਹੀ ਮਨੁੱਖ ਸਦਾਚਾਰੀ ਬਣਦਾ ਹੈ ਅਤੇ ਸਰਬਤ ਦੇ ਭਲੇ ਵਿਚ ਆਪਣੀ ਚੜ੍ਹਦੀਕਲਾ ਵੇਖਣ ਦੇ ਯੋਗ ਬਣਦਾ ਹੈ।
ਭੌਤਿਕਵਾਦੀ ਫ਼ਲਸਫ਼ਾ ਧਰਮਾਂ ਨਾਲੋਂ ਆਪਣਾ ਨਿਖੇੜਾ ਕਿਵੇਂ ਕਰਦਾ ਹੈ, ਇਸ ਬਾਰੇ ਮਾਰਕਸ ਦੀ ਹੇਠ ਲਿਖੀ ਧਾਰਨਾ ਧਿਆਨ ਦੇਣ ਯੋਗ ਹੈ: “ਜੇ ਤੁਸੀਂ (ਭੌਤਿਕਵਾਦੀ ਫ਼ਲਸਫ਼ੇ ਦਾ ਵਿਰੋਧ ਕਰ ਰਹੇ ਲੋਕ) ਆਪਣੇ-ਆਪ ਨੂੰ ਧਰਮਾਂ ਤੋਂ ਇੰਨਾ ਹੀ ਉਚਾ ਉਠ ਗਿਆ ਸਮਝਦੇ ਹੋ ਕਿ ਤੁਸੀਂ ਧਰਮ ਦੀ ਅਸਲੀ ਆਤਮਾ ਨੂੰ ਉਸ ਦੇ ਸਮੁਚੇ ਸਰੂਪ (ਪ੍ਰਤਖ ਕਰਮਕਾਂਡ ਤੇ ਕਿਸੇ ਕਲਪਿਤ Ḕਰੱਬ’ ਬਾਰੇ ਬੁਣੇ ਭਰਮਜਾਲ) ਤੋਂ ਨਿਖੇੜਨ ਦੇ ਹੱਕਦਾਰ ਹੋ, ਤਾਂ ਤੁਸੀਂ ਇਕ ਫ਼ਿਲਾਸਫਰ ਨੂੰ ਇਹ ਉਲਾਂਭਾ ਕਿਵੇਂ ਦੇ ਸਕਦੇ ਹੋ, ਜੇ ਉਹ ਇਹ ਕੰਮ ਅੱਧ ਵਿਚਾਲੇ ਨਾ ਛੱਡ ਕੇ, ਇਸ ਨੂੰ ਪੂਰਨਤਾ ਦੀ ਹੱਦ ਤਕ ਕਰਨਾ ਚਾਹੁੰਦਾ ਹੈ ਅਤੇ ਜੇ ਉਹ ਧਰਮ ਦੀ ਅਸਲੀ ਆਤਮਾ ਨੂੰ ਇਸਾਈ (ਮਜ਼੍ਹਬੀ) ਆਤਮਾ ਨਹੀਂ, ਸਗੋਂ ਮਨੁੱਖੀ ਆਤਮਾ ਕਹਿੰਦਾ ਹੈ।” ਭਾਵ ਇਕ ਪੜਾਅ ਉਤੇ ਪਹੁੰਚ ਕੇ ਧਰਮ ਦੀ ਅਸਲੀ ਆਤਮਾ ਅਤੇ ਮਨੁੱਖੀ ਆਤਮਾ ਇਕ ਰੂਪ ਹੋ ਜਾਂਦੇ ਹਨ। ਇਸ ਧਾਰਨਾ ਨੂੰ ਇਸ ਰੂਪ ਵਿਚ ਵੀ ਸਪਸ਼ਟ ਕੀਤਾ ਜਾ ਸਕਦਾ ਹੈ ਕਿ ਭੌਤਿਕਵਾਦੀ ਫ਼ਲਸਫ਼ੇ ਨੂੰ ਆਤਮਸਾਤ ਕਰਨ ਤੋਂ ਬਾਅਦ ਮਨੁੱਖ ਦੀ ਚੇਤੰਨ ਸੋਚ ਅਤੇ ਅਨੁਭਵੀ ਮਨ ਵਿਚ ਧਰਮ ਬਾਰੇ ਬਣਿਆ ਕਲਪਿਤ ਭਰਮ ਜਾਲ ਉਂਜ ਹੀ ਖਤਮ ਹੋ ਜਾਂਦਾ ਹੈ ਅਤੇ ਮਨੁੱਖ ਨੂੰ ਕੁਦਰਤ ਨਾਲ ਆਪਣੇ ਸਿਧੇ ਅਨੁਭਵੀ ਰਿਸ਼ਤੇ ਦਾ ਅਹਿਸਾਸ ਹੋ ਜਾਂਦਾ ਹੈ। ਅਨੁਭਵੀ ਕਮਿਊਨਿਜ਼ਮ ਦੇ ਬਾਨੀ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ ਦੀ ਮਨੁੱਖ ਜਾਤੀ ਨੂੰ ਦਿੱਤੀ ਮਹਾਨ ਦੇਣ ਇਹੀ ਹੈ ਕਿ ਉਨ੍ਹਾਂ ਨੇ ਮਨੁੱਖੀ ਆਤਮਾ ਨੂੰ ਕਿਸੇ ਕਲਪਿਤ ਰੱਬ ਦੀ ਕੈਦ ਵਿਚੋਂ ਆਜ਼ਾਦ ਕਰਵਾ ਕੇ, ਉਸ ਨੂੰ ਜੀਵੰਤ ਕੁਦਰਤ ਨਾਲ ਮਨੁੱਖ ਦੇ ਸਿੱਧੇ ਅਨੁਭਵੀ ਰਿਸ਼ਤੇ ਵਿਚੋਂ ਪ੍ਰਗਟ ਹੋ ਰਹੇ ਆਤਮਿਕ ਗਿਆਨ ਨਾਲ ਜੋੜ ਦਿਤਾ।
ਮਾਰਕਸ ਪਹਿਲਾ ਪੱਛਮੀ ਫ਼ਿਲਾਸਫ਼ਰ ਹੈ ਜਿਸ ਨੇ ਕੁਦਰਤ ਅਤੇ ਮਨੁੱਖ ਦੇ ਇਸ ਅਟੁੱਟ ਅਨੁਭਵੀ ਰਿਸ਼ਤੇ ਦੀ ਥਾਹ ਪਾਈ ਅਤੇ ਇਸ ਰਿਸ਼ਤੇ ਨੂੰ Ḕਸਵੈ ਤੇ ਸਮਾਜੀ ਚੇਤਨਾ’ (ਆਤਮਾ) ਅਤੇ ਚਿੰਤਨਸ਼ੀਲ ਅਨੁਭਵੀ Ḕਮਨ’ ਦੇ ਆਪਸੀ ਸਬੰਧਾਂ ਰਾਹੀਂ ਸਪਸ਼ਟ ਕੀਤਾ। ਮਾਰਕਸ ਕੁਦਰਤ ਨਾਲ ਮਨੁੱਖ ਦੇ ਇਸ ਸਿੱਧੇ ਅਨੁਭਵੀ ਰਿਸ਼ਤੇ ਨੂੰ ਇਨ੍ਹਾਂ ਸ਼ਬਦਾਂ ਨਾਲ ਬਿਆਨ ਕਰਦਾ ਹੈ: “ਸਮਾਜਵਾਦੀ ਮਨੁੱਖ ਲਈ ਸੰਸਾਰ ਦਾ ਸਮੁਚਾ ਅਖੌਤੀ ਇਤਿਹਾਸ ਹੋਰ ਕੁਝ ਨਹੀਂ, ਸਗੋਂ ਮਨੁੱਖੀ ਕਿਰਤ ਰਾਹੀਂ ਮਨੁੱਖ ਦੀ ਸਿਰਜਣਾ ਹੀ ਹੈ, ਹੋਰ ਕੁਝ ਨਹੀਂ ਸਗੋਂ ਮਨੁੱਖ ਲਈ ਕੁਦਰਤ ਦਾ ਪ੍ਰਗਟ ਹੋਣਾ ਹੀ ਹੈ।æææਇਸ ਲਈ ਉਸ ਦੇ ਕੋਲ ਖੁਦ ਰਾਹੀਂ ਆਪਣੇ ਜਨਮ ਦਾ, ਆਪਣੀ ਉਤਪਤੀ ਦਾ ਨਾ ਝੁਠਲਾਇਆ ਜਾ ਸਕਣ ਵਾਲਾ ਸਪਸ਼ਟ ਸਬੂਤ ਮੌਜੂਦ ਹੈ, ਕਿਉਂਕਿ ਕੁਦਰਤ ਅਤੇ ਮਨੁੱਖ ਦੀ ਅਸਲੀ ਹੋਂਦ (ਮਨੁੱਖ ਦੇ) ਇੰਦ੍ਰਿਆਵੀ ਅਨੁਭਵ (ਮਨ) ਰਾਹੀਂ ਅਮਲੀ ਰੂਪ ਵਿਚ (ਉਸ ਦੀ ਸਵੈ ਤੇ ਸਮਾਜੀ ਚੇਤਨਾ ਵਜੋਂ) ਪ੍ਰਗਟ ਹੋ ਰਹੀ ਹੈ। ਮਨੁੱਖ ਲਈ ਕੁਦਰਤ ਦੀ ਹੋਂਦ ਵਜੋਂ ਮਨੁੱਖ ਅਤੇ ਮਨੁੱਖ ਦੀ ਹੋਂਦ ਵਜੋਂ ਕੁਦਰਤ ਪ੍ਰਤਖ ਹੋ ਰਹੀ ਹੈ। ਪ੍ਰਤਖ ਹੋ ਰਿਹਾ ਹੈ ਕਿ ਮਨੁੱਖ ਕੁਦਰਤ ਦੀ ਹੋਂਦ ਵਜੋਂ ਹੀ ਹੈ ਅਤੇ ਕੁਦਰਤ ਮਨੁੱਖ ਦੀ ਹੋਂਦ ਵਜੋਂ ਹੀ ਹੈ। ਦੋਹਾਂ ਤੋਂ ਕਿਸੇ ਵਖਰੀ ਹੋਂਦ ਦਾ ਸੁਆਲ, ਕੁਦਰਤ ਤੇ ਮਨੁੱਖ ਤੋਂ ਪਾਰ ਕਿਸੇ ਵੱਖਰੀ ਹੋਂਦ ਦੇ ਸੁਆਲ ਦਾ ਮਤਲਬ-ਮਨੁੱਖ ਦੀ ਤੇ ਕੁਦਰਤ ਦੀ ਕਿਸੇ ਕਾਲਪਨਿਕ ਹੋਂਦ ਨੂੰ ਮੰਨਣਾ, ਅਮਲੀ ਰੂਪ ਵਿਚ ਹੀ ਅਸੰਭਵ ਹੋ ਗਿਆ ਹੈ।”
ਇਹ ਹੈ ਮਾਰਕਸ ਦੇ ਭੌਤਿਕਵਾਦੀ ਫ਼ਲਸਫ਼ੇ ਦਾ ਤੱਤ, ਭਾਵ ਕੁਦਰਤ ਨਾਲ ਮਨੁੱਖ ਦੇ ਸਿਧੇ ਅਨੁਭਵੀ ਰਿਸ਼ਤੇ ਦੀ ਦਿੱਤੀ ਗਈ ਨਵੀਂ ਜਾਣਕਾਰੀ ਜਿਸ ਅਨੁਸਾਰ ਕੁਦਰਤ ਤੇ ਕੁਦਰਤੀ ਨੇਮਾਂ ਬਾਰੇ ਹੁਣ ਤਕ ਇਕੱਠੀ ਹੋਈ ਸਾਰੀ ਜਾਣਕਾਰੀ, ਮਨੁੱਖ ਦੇ ਆਪਣੇ ਅਨੁਭਵੀ Ḕਮਨ’ ਦੀ ਉਪਜ ਹੈ; ਭਾਵ ਮਨੁਖੀ Ḕਮਨ’ ਆਪਣੇ ਅਨੁਭਵ ਰਾਹੀਂ Ḕਸਵੈ ਤੇ ਸਮਾਜੀ ਚੇਤਨਾ’ ਦੇ ਰੂਪ ਵਿਚ ਕੁਦਰਤੀ ਨੇਮਾਂ ਦੇ ਪ੍ਰਗਟ ਹੋਣ ਦਾ ਅਹਿਸਾਸ ਖੁਦ ਕਰਦਾ ਹੈ। ਇਕ ਅਨੁਭਵੀ (ਚਿੰਤਨਸ਼ੀਲ ਜਗਿਆਸੂ ਮਨ ਦਾ ਮਾਲਕ) ਮਨੁੱਖ ਹੀ ਆਪਣੇ ਮਨ ਵਿਚ ਇਲਹਾਮ ਵਜੋਂ ਪ੍ਰਗਟ ਹੁੰਦੇ ਸੰਕਲਪਾਂ ਰਾਹੀਂ, ਕੁਦਰਤ ਦੀ ਬ੍ਰਹਿਮੰਡੀ ਹੋਂਦ ਦਾ ਅਹਿਸਾਸ ਕਰਦਾ ਹੈ। ਮਨੁੱਖੀ ਮਨ ਦੇ ਕੁਦਰਤ ਨਾਲ ਇਸ ਅਨੁਭਵੀ ਰਿਸ਼ਤੇ ਨੂੰ ਜਾਣਨ ਤੋਂ ਬਾਅਦ ਹੀ ਸਮੁਚੇ ਮਨੁੱਖੀ ਇਤਿਹਾਸ ਦੀ ਅਹਿਮੀਅਤ ਦਾ ਪਤਾ ਲਗਦਾ ਹੈ ਕਿ ਕੁਦਰਤ ਨਾਲ ਮਨੁੱਖੀ ਮਨ ਦਾ ਇਹ ਅਨੁਭਵੀ ਰਿਸ਼ਤਾ ਨਿਰੰਤਰ ਵਿਕਾਸਸ਼ੀਲ ਹੈ। ਕੁਦਰਤ ਨਾਲ ਮਨੁੱਖੀ ਮਨ ਦੇ ਇਸ ਅਨੁਭਵੀ ਰਿਸ਼ਤੇ ਦੇ ਨਿਰੰਤਰ ਵਿਕਾਸ ਦੀ ਜਾਣਕਾਰੀ ਹੀ ਇਤਿਹਾਸਕ ਭੌਤਿਕਵਾਦ ਹੈ। ਇਹ ਇਤਿਹਾਸਕ ਭੌਤਿਕਵਾਦ ਹੀ ਦੱਸਦਾ ਹੈ ਕਿ ਸਾਰੇ ਧਰਮ ਇਕ-ਦੂਜੇ ਤੋਂ ਟੁਟੇ ਹੋਏ ਨਹੀਂ, ਸਗੋਂ ਇਕ-ਦੂਜੇ ਦੀ ਨਿਰੰਤਰਤਾ ਵਿਚ ਵਿਕਸਿਤ ਹੋਏ ਹਨ ਅਤੇ ਭੌਤਿਕਵਾਦੀ ਫ਼ਲਸਫ਼ਾ ਇਸ ਨਿਰੰਤਰਤਾ ਦੀ ਅਗਲੀ ਕੜੀ ਹੈ ਜਿਹੜੀ ਕਮਿਊਨਿਜ਼ਮ ਦੇ ਸੰਕਲਪ ਰਾਹੀਂ ਸਰਬ ਸਾਂਝੀਵਾਲਤਾ ਦੀ ਸਮਾਜੀ ਚੇਤਨਾ ਤੇ ਸਰਬਤ ਦੇ ਭਲੇ ਦੇ ਸਦਾਚਾਰ ਦੇ ਪਰਉਪਕਾਰੀ ਰੂਪ ਵਿਚ ਪ੍ਰਗਟ ਹੁੰਦੀ ਹੈ।
ਇਥੇ ਇਹ ਵੀ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਅਜੋਕੇ ਸਾਮਰਾਜੀ ਦੌਰ ਵਿਚ ਆ ਕੇ ਧਰਮਾਂ ਦੀ ਲੋੜੋਂ ਵੱਧ ਆਲੋਚਨਾ ਅਤੇ ਮਾਰਕਸ-ਏਂਗਲਜ ਦੇ ਵਿਕਸਿਤ ਕੀਤੇ ਭੌਤਿਕਵਾਦੀ ਫ਼ਲਸਫ਼ੇ ਪ੍ਰਤੀ ਭਰੀ ਨਫਰਤ, ਸਾਮਰਾਜੀ ਸੋਚ ਤੇ ਉਸ ਦੀ ਕੂੜ ਰਾਜਨੀਤੀ ਦੀ ਦੇਣ ਹੈ। ਆਪਣੀ ਇਸ ਕੂੜ ਰਾਜਨੀਤੀ ਨੂੰ ਅਗੇ ਵਧਾਉਣ ਲਈ ਬ੍ਰਾਹਮਣਵਾਦੀ ਸੋਚ ਅਤੇ ਸਾਮਰਾਜੀ ਅਰਥਚਾਰੇ ਦੇ ਪੈਰੋਕਾਰ, ਧਰਮ ਦੇ ਕਰਮਕਾਂਡੀ ਪੱਖ ਤੇ ਕਿਸੇ ਕਲਪਿਤ ਰੱਬ ਦੁਆਲੇ ਬੁਣੇ ਭਰਮਜਾਲ ਨੂੰ ਲੋੜੋਂ ਵਧ ਪ੍ਰਚਾਰਦੇ ਹਨ, ਪਰ ਧਰਮ ਦੀ ਅਸਲੀ ਆਤਮਾ, ਸਰਬ ਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੀ ਚੇਤਨਾ ਤੇ ਸਦਾਚਾਰ ਦਾ ਅਮਲੀ ਰੂਪ ਵਿਚ ਖੰਡਨ ਕਰਦੇ ਹਨ। ਪਿਛਲੀ ਸਦੀ ਦੇ ਚਰਚਿਤ ਇਤਿਹਾਸਕਾਰ ਐਰਿਕ ਹੌਬਸਬਾਮ ਨੇ 20ਵੀਂ ਸਦੀ ਨੂੰ ਮਨੁੱਖੀ ਇਤਿਹਾਸ ਦੀ ਸਭ ਤੋਂ ਖੂਨੀ ਸਦੀ ਕਿਹਾ ਹੈ। ਇਸ ਦੇ ਕਾਰਨ ਸਪਸ਼ਟ ਕਰਦਿਆਂ ਉਹਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਪਹਿਲੀ ਸੰਸਾਰ ਜੰਗ ਮਨੁੱਖੀ ਇਤਿਹਾਸ ਦੀ ਪਹਿਲੀ ਜੰਗ ਸੀ ਜਿਸ ਵਿਚ ਸਨਅਤੀ ਪੈਦਾਵਾਰੀ ਸ਼ਕਤੀਆਂ ਨੂੰ ਇਕ ਦੂਜੇ ਦੇ ਦੁਸ਼ਮਣਾਂ ਨੂੰ ਮਾਰਨ ਲਈ ਵਰਤਿਆ ਗਿਆ। ਆਧੁਨਿਕ ਤਕਨੀਕ ਦੀ ਜੰਗੀ ਹਥਿਆਰਾਂ ਦੇ ਤੌਰ ਉਤੇ ਕੀਤੀ ਗਈ ਵਰਤੋਂ ਨੇ ਪਹਿਲੀ ਵਾਰ ਭਿਆਨਕ ਵਹਿਸ਼ਤ ਦਾ ਮੁੱਢ ਬੰਨ੍ਹਿਆ।
ਸਾਮਰਾਜੀ ਇਤਿਹਾਸਕਾਰਾਂ ਵਲੋਂ ਪ੍ਰਚਾਰਿਆ ਜਾਂਦਾ ਹੈ ਕਿ ਹੁਣ ਤੱਕ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਟੱਕਰਾਂ ਅੱਡ-ਅੱਡ ਧਰਮਾਂ ਵਿਚਾਲੇ ਹੀ ਸਨ। ਇਸ ਦਾ ਖੰਡਨ ਕਰਦਿਆਂ ਹੌਬਸਬਾਮ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਰਾਜ ਦੇ ਪੁਰਾਣੇ ਸੰਕਲਪ ਅਨੁਸਾਰ ਅੱਡ-ਅੱਡ ਧਰਮ ਅਤੇ ਸਭਿਆਚਾਰ ਮਿਲ ਕੇ ਰਹਿ ਸਕਦੇ ਸਨ। ਇਸ ਦੀ ਸਭ ਤੋਂ ਉਭਰਵੀਂ ਮਿਸਾਲ ਆਟੋਮਾਨ ਸਾਮਰਾਜ ਹੈ। ਸਹਿਣਸ਼ੀਲਤਾ ਆਟੋਮਾਨ ਸਾਮਰਾਜ ਦਾ ਅੰਦੂਰਨੀ ਲਛਣ ਸੀ ਤੇ ਉਸ ਵਿਚ ਮੁਸਲਮਾਨਾਂ, ਯਹੂਦੀਆਂ, ਕੁਰਦਾਂ, ਇਸਾਈਆਂ ਵਿਚਕਾਰ ਘਟ ਹੀ ਫਰਕ ਕੀਤਾ ਜਾਂਦਾ ਸੀ ਪਰ 20ਵੀਂ ਸਦੀ ਵਿਚ ਪੂੰਜੀਵਾਦ ਨਾਲ ਜੁੜ ਕੇ ਕੌਮੀ ਰਾਜ ਦੇ ਹੋਏ ਉਭਾਰ ਤੇ ਬਣੀ ਸੋਚ ਨੇ ਇਹ ਸਹਿਣਸ਼ੀਲਤਾ ਖਤਮ ਕਰ ਦਿੱਤੀ। ਕੌਮੀ ਰਾਜ ਦਾ ਇਕੋ ਹੀ ਲਛਣ ਸੀ, ਸਾਰੇ ਵਖਰੇਵਿਆਂ ਨੂੰ ਖਤਮ ਕਰੋ ਤੇ ਸਾਰਿਆਂ ਨੂੰ ਆਪਣੇ ਵਿਚ ਆਤਮਸਾਤ ਕਰੋ। ਪਹਿਲੀ ਸੰਸਾਰ ਜੰਗ ਤੋਂ ਬਾਅਦ ਇਕਸਾਰ ਕੌਮੀ ਬਣਤਰ ਦੇ ਰਾਜ ਕਾਇਮ ਕਰਨ ਦੀ ਸੋਚ, ਇਕ ਸਿਆਸੀ ਨਿਸ਼ਾਨੇ ਵਜੋਂ ਡੂੰਘਾ ਘਰ ਕਰ ਗਈ ਅਤੇ ਇਸ ਨੇ ਰਾਜ ਦੇ ਪੁਰਾਣੇ ਸਹਿਣਸ਼ੀਲ ਸੰਕਲਪ ਨੂੰ ਖੋਖਲਾ ਕਰ ਦਿਤਾ।
ਐਰਿਕ ਹੌਬਸਬਾਮ ਨੇ 20ਵੀਂ ਸਦੀ ਦੇ ਆਖਰੀ ਦੋ ਦਹਾਕਿਆਂ ਵਿਚ ਅਰੰਭ ਹੋਏ ਸਾਮਰਾਜੀ ਸੰਸਾਰੀਕਰਨ ਦੇ ਦੌਰ ਨੂੰ ਵਹਿਸ਼ਤ ਦੀ ਪੁਨਰ ਜਾਗ੍ਰਿਤੀ ਦੇ ਵਡੇ ਦੌਰ ਦੀ ਸ਼ੁਰੂਆਤ ਕਿਹਾ ਹੈ। ਇਸ ਨੂੰ ਇਤਿਹਾਸਕ ਸੰਕਟ ਦੀ ਸ਼ੁਰੂਆਤ ਦੱਸਦਿਆਂ ਉਸ ਨੇ ਇਸ ਸੰਕਟ ਦੇ ਤਿੰਨ ਪੱਖ ਸਪਸ਼ਟ ਕੀਤੇ ਹਨ: ਪਹਿਲਾ-ਆਲਮੀ ਰਿਸ਼ਤਿਆਂ ਨੂੰ ਨਜਿੱਠਣ ਦਾ ਕੋਈ ਪ੍ਰਬੰਧ ਨਜ਼ਰ ਨਹੀਂ ਆਉਂਦਾ। ਦੂਜਾ-ਮਾਲੀ ਪੂੰਜੀ ਦੀ ਵਧੀ ਤਾਕਤ ਨੇ ਰਾਜ ਦੀ ਸ਼ਕਤੀ ਘਟਾ ਦਿਤੀ ਹੈ ਅਤੇ ਹਕੂਮਤਾਂ ਲੋਕਾਂ ਦੀਆਂ ਸਮਸਿਆਵਾਂ ਨੂੰ ਹੱਲ ਕਰਨ ਤੋਂ ਇਨਕਾਰੀ ਹੋ ਰਹੀਆਂ ਹਨ। ਬੰਦੇ ਦੀ ਥਾਂ ਖਪਤਕਾਰ ਲੈ ਰਿਹਾ ਹੈ ਜਿਸ ਕੋਲ ਸਿਰਫ ਖਰੀਦਣ ਦਾ ਹੱਕ ਹੈ। ਕੁਝ ਕੁ ਨਿੱਜੀ ਹੱਥਾਂ ਵਿਚ ਇੰਨੀ ਦੌਲਤ, ਭਾਵ ਆਰਥਿਕ ਸ਼ਕਤੀ ਕੇਂਦਰਿਤ ਹੋ ਗਈ ਹੈ ਜਿਸ ਦੀ ਪਹਿਲਾਂ ਕਦੀ ਕਿਸੇ ਨੇ ਸੁਪਨੇ ਵਿਚ ਕਲਪਨਾ ਵੀ ਨਹੀਂ ਸੀ ਕੀਤੀ। ਤੀਜਾ-ਕੁਝ ਹੱਥਾਂ ਵਿਚ ਕੇਂਦਰਿਤ ਹੋਈ ਦੌਲਤ ਅਤੇ ਬਹੁਤ ਵੱਡੀ ਪਧਰ ਉਤੇ ਵਧੀ ਸਮਾਜਕ ਨਾ-ਬਰਾਬਰੀ ਨੇ ਆਲਮੀ ਅਰਥਚਾਰੇ ਵਿਚ ਇੰਨੀ ਕੁ ਅਰਾਜਕਤਾ ਫੈਲਾ ਦਿੱਤੀ ਹੈ ਕਿ ਹੁਣ ਇਹਨੂੰ ਕਾਬੂ ਵਿਚ ਰਖਣਾ ਅਸੰਭਵ ਬਣਦਾ ਜਾ ਰਿਹਾ ਹੈ। ਸਮਾਜੀ ਤਬਦੀਲੀ ਦੀ ਚਾਲ ਇੰਨੀ ਤੇਜ਼ ਹੈ ਅਤੇ ਇਹ ਮਨੁੱਖੀ ਵਿਸ਼ਵਾਸਾਂ ਨੂੰ ਇੰਜ ਲਤਾੜਦੀ ਜਾ ਰਹੀ ਹੈ ਕਿ ਹੁਣ ਮਨੁੱਖੀ ਰਿਸ਼ਤਿਆਂ ਦੀ ਨਾ ਕੋਈ ਦਿਸ਼ਾ ਹੈ ਅਤੇ ਨਾ ਹੀ ਇਸ ਦੇ ਕੋਈ ਅਸੂਲ ਹਨ। ਵਰਤਮਾਨ ਅਤੇ ਇਤਿਹਾਸ ਵਿਚਲਾ ਰਿਸ਼ਤਾ ਟੁਟ ਗਿਆ ਹੈ ਅਤੇ ਲੋਕਾਂ ਲਈ ਇਤਿਹਾਸ ਗੈਰ-ਪ੍ਰਸੰਗਕ ਹੋ ਗਿਆ ਹੈ।
ਇਸ ਇਤਿਹਾਸਕ ਸੰਕਟ ਦੇ ਪ੍ਰਸੰਗ ਵਿਚ ਹੀ ਧਰਮਾਂ ਦੀ ਚੜ੍ਹਤ ਦਾ ਦੌਰ ਫਿਰ ਤੋਂ ਸ਼ੁਰੂ ਹੋਇਆ ਹੈ। ਪਿਛਲੀ ਲਗਭਗ ਅੱਧੀ ਸਦੀ ਤੋਂ ਜਿਵੇਂ-ਜਿਵੇਂ ਸਾਮਰਾਜੀ ਵਹਿਸ਼ਤ ਆਪਣੀ ਚਰਮ ਸੀਮਾ ਵਲ ਵਧ ਰਹੀ ਹੈ, ਤਿਵੇਂ-ਤਿਵੇਂ ਅੱਡ-ਅੱਡ ਧਰਮਾਂ ਦੇ ਲੋਕਾਂ ਦੇ ਮਨਾਂ ਵਿਚ ਫਿਰ ਤੋਂ ਆਪਣੇ-ਆਪਣੇ ਧਰਮ ਬਾਰੇ ਦਿਲਚਸਪੀ ਵਧ ਰਹੀ ਹੈ। ਧਰਮਾਂ ਵਿਚਲੀ ਸਮਾਜੀ ਚੇਤਨਾ ਅਤੇ ਮਨੁੱਖੀ ਸਦਾਚਾਰ ਸਿਆਣੇ ਮਨੁੱਖੀ ਮਨਾਂ ਵਿਚ ਫਿਰ ਤੋਂ ਆਪਣੀ ਥਾਂ ਬਣਾਉਣ ਲੱਗੇ ਹਨ। ਇਹ ਸਿਆਣੇ ਮਨ ਆਪਣੇ-ਆਪਣੇ ਧਰਮਾਂ ਦੀ ਪੁਨਰ ਵਿਆਖਿਆ ਕਰ ਕੇ ਉਨ੍ਹਾਂ ਨੂੰ ਸਾਮਰਾਜੀ ਵਹਿਸ਼ਤ ਦੇ ਵਿਰੋਧ ਵਿਚ ਲਾਮਬੰਦ ਕਰ ਰਹੇ ਹਨ। ਇਸਲਾਮ ਨੇ ਇਸ ਮਸਲੇ ਵਿਚ ਪਹਿਲ ਕੀਤੀ ਹੈ ਅਤੇ ਹੌਲੀ-ਹੌਲੀ ਇਸਾਈ ਧਰਮ ਸਮੇਤ ਲਗਭਗ ਸਾਰੇ ਹੀ ਧਰਮ ਦੁਬਾਰਾ ਆਪਣੀ ਹੋਂਦ ਜਤਾਉਣ ਲੱਗੇ ਹਨ। ਇਸੇ ਤਰ੍ਹਾਂ 19ਵੀਂ ਸਦੀ ਦੇ ਦੋ ਮਹਾਨ ਇਨਕਲਾਬੀ ਫ਼ਿਲਾਸਫ਼ਰਾਂ ਮਾਰਕਸ ਅਤੇ ਏਂਗਲਜ਼ ਦੇ ਅਨੁਭਵਾਂ ਵਿਚ ਤਰਾਸ਼ਿਆ ਭੌਤਿਕਵਾਦੀ ਫ਼ਲਸਫ਼ਾ ਫਿਰ ਤੋਂ ਆਪਣੀ ਮੌਲਿਕਤਾ ਪ੍ਰਗਟ ਕਰ ਰਿਹਾ ਹੈ।

Be the first to comment

Leave a Reply

Your email address will not be published.