ਚੰਡੀਗੜ੍ਹ: ਵਿਰਾਸਤ-ਏ-ਖ਼ਾਲਸਾ ਆਨੰਦਪੁਰ ਸਾਹਿਬ ਸਰਬ ਧਰਮ ਦਾ ਇਕ ਅਜਿਹਾ ਨਿਵੇਕਲਾ ਸਥਾਨ ਬਣ ਗਿਆ ਹੈ ਜਿਥੇ ਵਿਸ਼ਵ ਭਰ ਦੇ ਸੈਲਾਨੀ ਆਪਣੇ ਧਰਮ ਦੇ ਦੁਰਲੱਭ ਰੂਹਾਨੀ ਸੰਗੀਤ ਦਾ ਆਨੰਦ ਮਾਣ ਸਕਣਗੇ। ਵਿਰਾਸਤ-ਏ-ਖ਼ਾਲਸਾ ਵਿਚ ਸੰਸਾਰ ਦੀ ਪਹਿਲੀ ਅਜਿਹੀ ਡਿਜੀਟਲ ਲਾਇਬਰੇਰੀ ਬਣਾਈ ਗਈ ਹੈ ਜਿਸ ਵਿਚ ਸੰਸਾਰ ਭਰ ਦੇ ਧਰਮਾਂ ਦਾ ਦੁਰਲੱਭ ਰੂਹਾਨੀ ਸੰਗੀਤ ਮੁਹੱਈਆ ਕਰਾਇਆ ਗਿਆ ਹੈ।
ਇਸ ਸਰਬ ਧਰਮ ਡਿਜੀਟਲ ਲਾਇਬਰੇਰੀ ਵਿਚ ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਅੱਠ ਹਜ਼ਾਰ ਤੋਂ ਵੱਧ ਟਰੈਕ ਵਾਲਾ ਸਾਫਟਵੇਅਰ ਚਾਲੂ ਹੋ ਚੁੱਕਾ ਹੈ। ਆਨੰਦਪੁਰ ਸਾਹਿਬ ਫਾਊਂਡੇਸ਼ਨ ਵੱਲੋਂ ਇਸ ਪ੍ਰਾਜੈਕਟ ‘ਤੇ 75 ਲੱਖ ਰੁਪਏ ਤੋਂ ਵੱਧ ਖ਼ਰਚ ਕੀਤੇ ਗਏ ਹਨ। ਲਾਇਬਰੇਰੀ ਵਿਚ ਰੱਖਿਆ ਗਿਆ ਸੰਗੀਤ ਦੁਕਾਨਾਂ, ਇੰਟਰਨੈੱਟ ਜਾਂ ਸੰਗੀਤ ਕੇਂਦਰਾਂ ‘ਤੇ ਮੁਹੱਈਆ ਨਹੀਂ ਹੈ। ਫਾਊਂਡੇਸ਼ਨ ਵੱਲੋਂ ਗ਼ੈਰਸਰਕਾਰੀ ਸੰਸਥਾ ‘ਨਾਨਕਸ਼ਾਹੀ ਟਰਸਟ’ ਨੂੰ ਦੁਰਲੱਭ ਰੂਹਾਨੀ ਸੰਗੀਤ ਦਾ ਅਜਿਹਾ ਅਨਮੋਲ ਖਜ਼ਾਨਾ ਤਿਆਰ ਕਰਨ ਦਾ ਕੰਮ ਦਸੰਬਰ 2011 ਵਿਚ ਸੌਂਪਿਆ ਗਿਆ ਸੀ।
ਸੰਸਥਾ ਵੱਲੋਂ ਵਿਸ਼ੇਸ਼ ਸਾਫਟਵੇਅਰ ਵਿਕਸਤ ਕਰਕੇ ਫਾਊਂਡੇਸ਼ਨ ਨੂੰ ਸੌਂਪ ਦਿੱਤਾ ਗਿਆ ਹੈ ਜਿਸ ਵਿਚ ਵਿਸ਼ਵ ਦੇ ਹਰੇਕ ਧਰਮ ਦੇ ਰੂਹਾਨੀ ਸੰਗੀਤ ਦੇ ਅੱਠ ਹਜ਼ਾਰ ਦੇ ਕਰੀਬ ਟਰੈਕ ਪਰੋਏ ਗਏ ਹਨ। ਇਹ ਲਾਇਬਰੇਰੀ ਆਰਜ਼ੀ ਤੌਰ ‘ਤੇ ਆਮ ਲੋਕਾਂ ਲਈ ਖੋਲ੍ਹ ਦਿੱਤੀ ਗਈ ਹੈ ਜਿਥੇ ਆ ਕੇ ਸ਼ਰਧਾਲੂ ਕੰਪਿਊਟਰ ਸਾਫਟਵੇਅਰ ਦੇ ਜ਼ਰੀਏ ਵਿਸ਼ਵ ਭਰ ਦੇ ਧਰਮਾਂ ਦੇ ਦੁਰਲੱਭ ਸੰਗੀਤ ਦਾ ਆਨੰਦ ਮਾਣ ਸਕਦੇ ਹਨ। ਇਸ ਲਾਇਬਰੇਰੀ ਵਿਚ ਵੀਹ ਕੰਪਿਊਟਰ ਰੱਖੇ ਗਏ ਹਨ ਤੇ ਇਨ੍ਹਾਂ ਤੋਂ ਈਅਰ ਫ਼ੋਨ ਰਾਹੀਂ ਸੰਗੀਤ ਦਾ ਰਸ ਲਿਆ ਜਾ ਸਕਦਾ ਹੈ।
ਫ਼ਿਲਹਾਲ ਲਾਇਬਰੇਰੀ ਵਿਚ ਯਹੂਦੀ, ਸ਼ਿੰਟੋ, ਸਿੱਖ, ਸਨਾਤਨ, ਜੈਨ, ਬੁੱਧ, ਇਸਲਾਮ, ਅਫਰੀਕੀ, ਚੀਨੀ, ਸੂਫ਼ੀ, ਇਸਾਈ ਧਰਮਾਂ ਦੇ ਰੂਹਾਨੀ ਸੰਗੀਤ ਦੇ ਟਰੈਕ ਰੱਖੇ ਗਏ ਹਨ। ਫਾਊਂਡੇਸ਼ਨ ਵੱਲੋਂ ਇਸ ਦੇ ਵਿਸਥਾਰ ਦੀ ਯੋਜਨਾ ਵੀ ਬਣਾਈ ਗਈ ਹੈ। ਇਸ ਸੰਗੀਤ ਦਾ ਪੰਜਾਬੀ ਤੇ ਅੰਗਰੇਜ਼ੀ ਵਿਚ ਤਰਜਮਾ ਕੀਤੇ ਜਾਣ ਦੀ ਤਜਵੀਜ਼ ਹੈ। ਨਾਨਕਸ਼ਾਹੀ ਟਰਸਟ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਸੈਲਾਨੀ ਜਿਥੇ ਵਿਰਾਸਤ-ਏ-ਖਾਲਸਾ ਨੂੰ ਦੇਖਣ ਮੌਕੇ ਆਪਣੇ ਧਰਮ ਦੇ ਦੁਰਲੱਭ ਸੰਗੀਤ ਦਾ ਆਨੰਦ ਲੈ ਸਕਣਗੇ, ਉਥੇ ਇਹ ਖੋਜ ਦਾ ਕੇਂਦਰ ਵੀ ਬਣੇਗਾ।
ਇਹ ਸੰਗੀਤ ਉਸੇ ਮੁਲਕ ਦੀ ਭਾਸ਼ਾ ਵਿਚ ਪਰੋ ਕੇ ਰੱਖਿਆ ਗਿਆ ਹੈ ਜਿਥੇ ਇਸ ਦੀ ਰਚਨਾ ਹੋਈ ਹੈ। ਟਰਸਟ ਦੇ ਮੈਂਬਰ ਹਰਿੰਦਰ ਸਿੰਘ ਦਾ ਦਾਅਵਾ ਹੈ ਕਿ ਇਸ ਸੰਗੀਤ ਨੂੰ ਕੇਵਲ ਰੇਡੀਓ ਤੋਂ ਸੁਣਿਆ ਜਾ ਸਕਦਾ ਹੈ ਪਰ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਇਹ ਕੈਸੇਟ ਦੇ ਰੂਪ ਵਿਚ ਰਿਕਾਰਡ ਨਹੀਂ ਕੀਤਾ ਗਿਆ ਹੈ। ਵਿਰਾਸਤ-ਏ-ਖਾਲਸਾ ਦੇ ਇੰਚਾਰਜ ਤੇਜਿੰਦਰ ਸਿੰਘ ਨੇ ਕਿਹਾ ਹੈ ਕਿ ਅਜੇ ਇਸ ਪ੍ਰਾਜੈਕਟ ਨੂੰ ਤਜਰਬੇ ਵਜੋਂ ਸ਼ੁਰੂ ਕੀਤਾ ਗਿਆ ਹੈ ਤੇ ਲਾਇਬਰੇਰੀ ਵਿਚ ਦੁਰਲੱਭ ਸੰਗੀਤ ਦੇ ਹੋਰ ਟਰੈਕ ਵੀ ਸ਼ਾਮਲ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਲਾਇਬਰੇਰੀ ਭਾਵੇਂ ਆਰਜ਼ੀ ਤੌਰ ‘ਤੇ ਖੋਲ੍ਹ ਦਿੱਤੀ ਗਈ ਹੈ ਪਰ ਪ੍ਰਾਜੈਕਟ ਵਿਚਲੀਆਂ ਮੁੱਢਲੀਆਂ ਦਿੱਕਤਾਂ ਨੂੰ ਦੂਰ ਕਰਨ ਤੋਂ ਬਾਅਦ ਇਸ ਨੂੰ ਸੈਲਾਨੀਆਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਥੇ ਹਰ ਰੋਜ਼ ਸੱਤ ਤੋਂ ਅੱਠ ਹਜ਼ਾਰ ਸੈਲਾਨੀ ਆ ਰਹੇ ਹਨ ਤੇ ਈਅਰ ਫੋਨਜ਼ ਦੀ ਮਦਦ ਨਾਲ ਉਹ ਸੰਗੀਤ ਸੁਣ ਸਕਿਆ ਕਰਨਗੇ। ਫਾਊਂਡੇਸ਼ਨ ਦੇ ਮੈਨੇਜਰ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਐਨæਪੀæਐਸ ਰੰਧਾਵਾ ਨੇ ਕਿਹਾ ਕਿ ਇਸ ਲਾਇਬਰੇਰੀ ਨੂੰ ਹੋਰ ਵੀ ਅਮੀਰ ਬਣਾਇਆ ਜਾਵੇਗਾ।
Leave a Reply