ਅਸਲ ਗੁਨਾਹਗਾਰ ਹਨ ਦੰਗਿਆਂ ਦੀ ਰਾਜਨੀਤੀ ਕਰਨ ਵਾਲੇ ਆਗੂ

-ਜਤਿੰਦਰ ਪਨੂੰ
ਅਸੀਂ ਬਹੁਤ ਦੇਰ ਤੋਂ ਦਿੱਲੀ ਤੇ ਹੋਰ ਥਾਂਈਂ 1984 ਵਿਚ ਸਿੱਖਾਂ ਉਤੇ ਹੋਏ ਖੂਨੀ ਹਮਲਿਆਂ, ਜਿਨ੍ਹਾਂ ਨੂੰ ਦਿੱਲੀ ਦੇ ਦੰਗੇ ਕਿਹਾ ਜਾਂਦਾ ਹੈ, ਬਾਰੇ ਕਲਮ ਚੁੱਕਣ ਤੋਂ ਇਸ ਲਈ ਗੁਰੇਜ਼ ਕੀਤਾ ਕਿ ਇਸ ਨਾਲ ਪੀੜਤਾਂ ਦੀ ਪੀੜ ਫਿਰ ਤੋਂ ਤਾਜ਼ਾ ਹੋ ਜਾਂਦੀ ਹੈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਤੋਂ ਜਦੋਂ ਹਾਦਸੇ ਦਾ ਵੇਰਵਾ ਪੁੱਛਿਆ ਜਾਵੇ ਤਾਂ ਉਹ ਦੱਸਦਾ ਹੋਇਆ ਜਦੋਂ ਸੱਟ ਲੱਗਣ ਵਾਲੇ ਨੁਕਤੇ ਉਤੇ ਪਹੁੰਚਦਾ ਹੈ, ਉਸ ਨੂੰ ਇਸ ਤਰ੍ਹਾਂ ਝੁਣਝੁਣੀ ਆ ਜਾਂਦੀ ਹੈ, ਜਿਵੇਂ ਇੱਕ ਵਾਰੀ ਫਿਰ ਉਸ ਨੇ ਸੱਟ ਖਾ ਲਈ ਹੋਵੇ। ਇਹ ਸੱਟ ਉਸ ਦੀ ਮਾਨਸਿਕਤਾ ਨੂੰ ਵੱਜਦੀ ਹੈ। ਅਸੀਂ ਨਹੀਂ ਸੀ ਚਾਹੁੰਦੇ ਕਿ ਵਾਰ-ਵਾਰ ਜ਼ਿਕਰ ਕਰ ਕੇ ਉਨ੍ਹਾਂ ਨੂੰ ਦੁਖੀ ਕੀਤਾ ਜਾਵੇ, ਪਰ ਰਾਜਨੀਤੀ ਦੇ ਖਿਡਾਰੀਆਂ ਅਤੇ ਮੀਡੀਏ ਵਿਚਲੇ ਚੁਸਤ ਐਂਕਰਾਂ ਨੇ ਇਸ ਮੁੱਦੇ ਨੰ ਇੱਕ ਵਾਰ ਫਿਰ ਉਸ ਮੁਕਾਮ ਉਤੇ ਪੁਚਾ ਦਿੱਤਾ ਹੈ ਕਿ ਇਸ ਦੀ ਚਰਚਾ ਕਰਨੀ ਹੁਣ ਸਾਡੇ ਵਰਗੇ ਕਈ ਕਲਮਕਾਰਾਂ ਵਾਸਤੇ ਇੱਕ ਫਰਜ਼ ਦਾ ਸਵਾਲ ਬਣ ਗਈ ਹੈ।
ਤਾਜ਼ਾ ਚਰਚਾ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਇੱਕ ਮੀਡੀਆ ਚੈਨਲ ਨੂੰ ਦਿੱਤੀ ਬੇਤੁਕੀ ਇੰਟਰਵਿਊ ਨਾਲ ਛਿੜੀ ਹੈ। ਚੈਨਲ ਦਾ ਐਂਕਰ ਕੋਈ ਹੋਰ ਸਵਾਲ ਪੁੱਛਦਾ ਸੀ ਤੇ ਰਾਹੁਲ ਗਾਂਧੀ ਕਿਸੇ ਹੋਰ ਪਾਸੇ ਗੱਲ ਲੈ ਜਾਂਦਾ ਸੀ। ਰਾਹੁਲ ਗਾਂਧੀ ਭਾਸ਼ਣ ਕਰਨੇ ਜਾਣਦਾ ਹੈ, ਸਿੱਧੇ ਸਵਾਲਾਂ ਦੇ ਜਵਾਬ ਦੇਣ ਦੀ ਮੁਹਾਰਤ ਨਾ ਹੋਣ ਕਰ ਕੇ ਫਸ ਜਾਂਦਾ ਹੈ। ਇਥੇ ਵੀ ਫਸ ਗਿਆ ਅਤੇ ਉਸ ਨੂੰ ਚੱਕਰ ਵਿਚ ਫਸਣ ਪਿੱਛੋਂ ਇਹ ਮੰਨਣਾ ਪੈ ਗਿਆ ਕਿ ਦਿੱਲੀ ਵਿਚ ਉਦੋਂ ਹੋਏ ਕਤਲਾਂ ਦੇ ਦੌਰ ਵਿਚ ਕੁਝ ਕਾਂਗਰਸੀ ਆਗੂ ਵੀ ਸ਼ਾਮਲ ਸਨ। ਇਹ ਗੱਲ ਸਾਨੂੰ ਉਸ ਦੇ ਕਹਿਣ ਤੋਂ ਪਹਿਲਾਂ ਵੀ ਪਤਾ ਸੀ ਅਤੇ ਐਚ ਕੇ ਐਲ ਭਗਤ, ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦਾ ਨਾਂ ਕਿਸੇ ਨੇ ਰਾਹੁਲ ਗਾਂਧੀ ਤੋਂ ਨਹੀਂ ਪੁੱਛਣਾ, ਅਦਾਲਤਾਂ ਵਿਚ ਫਾਈਲਾਂ ਦੇ ਢੇਰ ਲੱਗੇ ਪਏ ਹਨ। ਫਿਰ ਵੀ ਇਸ ਇੰਟਰਵਿਊ ਨੂੰ ਏਨਾ ਵਜ਼ਨ ਦੇ ਦਿੱਤਾ ਗਿਆ ਕਿ ਇਸ ਨਾਲ ਪੰਜਾਬ ਤੋਂ ਦਿੱਲੀ ਤੱਕ ਇੱਕ ਨਵੀਂ ਹਲਚਲ ਮੱਚ ਗਈ ਹੈ। ਦਿੱਲੀ ਵਿਚਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੰਗਿਆਂ ਦੀ ਇੱਕ ਹੋਰ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਸਿਫਾਰਸ਼ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਭੇਜ ਦਿੱਤੀ ਹੈ, ਮੰਨਣਾ ਜਾਂ ਨਾ ਮੰਨਣਾ ਉਸ ਦੀ ਮਰਜ਼ੀ ਹੈ। ਪੰਜਾਬ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਵਿਸ਼ੇਸ਼ ਟੀਮ ਨੂੰ ਬੇਲੋੜੀ ਦੱਸਿਆ, ਪਰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਦਾ ਸਵਾਗਤ ਕਰ ਦਿੱਤਾ। ਅਗਲੇ ਦਿਨ ਦੋਵਾਂ ਨੇ ਸੁਰ ਬਦਲ ਕੇ ਸਾਂਝੀ ਗੱਲ ਕਹਿ ਦਿੱਤੀ।
ਰਾਹੁਲ ਗਾਂਧੀ ਦੇ ਇਸ ਬਿਆਨ ਪਿੱਛੋਂ ਦਿੱਲੀ ਦੇ ਅਕਾਲੀ ਆਗੂਆਂ ਨੇ ਉਸ ਦੇ ਘਰ ਅੱਗੇ ਮੁਜਾਹਰਾ ਕੀਤਾ ਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਉਨ੍ਹਾਂ ਦਾ ਸਾਥ ਦੇ ਦਿੱਤਾ। ਜਵਾਬ ਵਿਚ ਕਾਂਗਰਸ ਦੇ ਆਗੂਆਂ ਨੇ ਉਦੋਂ ਵਾਲੇ ਖੂਨ-ਖਰਾਬੇ ਨੂੰ ਗੁਜਰਾਤ ਵਾਲੇ ਨਾਲ ਉਲਝਾ ਕੇ ਹਿਸਾਬ ਬਰਾਬਰ ਕਰਨਾ ਚਾਹਿਆ, ਪਰ ਇਹ ਹਿਸਾਬ ਰਾਜਨੀਤਕ ਲੋਕ ਬਰਾਬਰ ਕਰ ਸਕਦੇ ਹਨ, ਆਮ ਲੋਕਾਂ ਲਈ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੁੰਦਾ। ਹਾਲਤ ਦਾ ਪੱਖ ਉਹੋ ਨਹੀਂ ਹੁੰਦਾ, ਜਿਹੜਾ ਰਾਜਸੀ ਲੋਕ ਪੇਸ਼ ਕਰਦੇ ਹਨ ਜਾਂ ਕਰਨਾ ਚਾਹੁੰਦੇ ਹਨ। ਜਿਹੜੇ ਲੋਕ ਉਸ ਦੌਰ ਨਾਲ ਜੁੜੇ ਰਹੇ ਸਨ ਤੇ ਕਈ ਕੁਝ ਵੇਖਦੇ ਅਤੇ ਸਰੀਰਕ ਜਾਂ ਮਾਨਸਿਕ ਪੀੜ ਹੰਢਾਉਂਦੇ ਰਹੇ ਸਨ, ਉਨ੍ਹਾਂ ਦੀ ਅੱਖ ਕਈ ਕੁਝ ਹੋਰ ਵੇਖਦੀ ਹੈ, ਤੇ ਸਿਰਫ ਵੇਖਦੀ ਨਹੀਂ, ਉਸ ਬਾਰੇ ਕੂਕ-ਕੂਕ ਕੇ ਬੋਲਣਾ ਚਾਹੁੰਦੀ ਹੈ। ਅਸੀਂ ਅੱਜ ਉਨ੍ਹਾਂ ਲੋਕਾਂ ਵਾਲੇ ਮੰਚ ਉਤੇ ਖੜੇ ਹੋ ਕੇ ਰਾਜ-ਭਾਗ ਲਈ ਲੜ ਰਹੀਆਂ ਧਿਰਾਂ ਦੇ ਆਗੂਆਂ ਤੋਂ ਕੁਝ ਪੁੱਛਣਾ ਚਾਹੁੰਦੇ ਹਾਂ।
ਦਿੱਲੀ ਵਿਚ ਹੋਏ ਅਤੇ ਭਾਵੇਂ ਗੁਜਰਾਤ ਵਿਚ, ਦੰਗੇ ਉਹ ਨਹੀਂ ਸਨ। ਦੰਗਾ ਹੋਵੇ ਤਾਂ ਦੋਵਾਂ ਧਿਰਾਂ ਦਾ ਨੁਕਸਾਨ ਹੁੰਦਾ ਹੈ। ਦਿੱਲੀ ਤੇ ਗੁਜਰਾਤ ਦੋਵੇਂ ਥਾਂ ਇੱਕ-ਤਰਫਾ ਕਤਲੇਆਮ ਹੋਏ ਸਨ। ਸਰਕਾਰੀ ਮਸ਼ੀਨਰੀ ਗੁਜਰਾਤ ਤੇ ਦਿੱਲੀ-ਦੋਵੇਂ ਥਾਂ ਕਾਤਲਾਂ ਦੀ ਸਰਪ੍ਰਸਤ ਬਣ ਗਈ ਸੀ। ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਦੀ ਥਾਂ ਬਚਾਉਣ ਦਾ ਕੰਮ ਵੀ ਦੋਵੇਂ ਥਾਂਈਂ ਹੋਇਆ। ਦਿੱਲੀ ਵਿਚ ਸੱਜਣ ਕੁਮਾਰ ਪਾਰਲੀਮੈਂਟ ਮੈਂਬਰ ਬਣਿਆ, ਜਗਦੀਸ਼ ਟਾਈਟਲਰ ਦਾ ਮੰਤਰੀ ਲਈ ਗੁਣਾ ਪੈ ਗਿਆ ਤਾਂ ਗੁਜਰਾਤ ਵਿਚ ਵੀ ਕਈ ਲੋਕਾਂ ਨੂੰ ਰਾਜ-ਗੱਦੀਆਂ ਦਿੱਤੀਆਂ ਜਾਂਦੀਆਂ ਰਹੀਆਂ ਸਨ, ਜਿਨ੍ਹਾਂ ਵਿਚੋਂ ਇੱਕ ਲੇਡੀ ਡਾਕਟਰ ਸਾਬਕਾ ਮੰਤਰੀ ਮਾਇਆ ਕੋਡਨਾਨੀ ਹੁਣ ਜੇਲ੍ਹ ਵਿਚ ਤੜੀ ਹੋਈ ਹੈ। ਜੱਜਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਵੀ ਦੋਵੇਂ ਥਾਂਈਂ ਲੱਗੇ ਸਨ ਤੇ ਦਾਗੀ ਚਿਹਰਿਆਂ ਦੇ ਬਾਵਜੂਦ ਦੋਵੇਂ ਥਾਂ ਖੂਨ-ਖਰਾਬੇ ਲਈ ਜ਼ਿੰਮੇਵਾਰ ਧਿਰ ਜਿੱਤ ਜਾਂਦੀ ਰਹੀ ਜਾਂ ਜਿੱਤਣ ਦਾ ਜੁਗਾੜ ਕਰ ਲੈਂਦੀ ਰਹੀ ਸੀ। ਸਭ ਕੁਝ ਇੱਕੋ ਜਿਹਾ ਹੈ।
ਸਿਰਫ ਇਹੋ ਹੀ ਨਹੀਂ, ਇੱਕ ਪੱਖ ਹੋਰ ਵੀ ਇੱਕੋ ਜਿਹਾ ਹੈ, ਜਿਸ ਦੀ ਕੋਈ ਚਰਚਾ ਨਹੀਂ ਕਰਦਾ। ਉਰਦੂ ਦਾ ਪ੍ਰਸਿੱਧ ਸ਼ਿਅਰ ਹੈ, “ਤੂ ਇਧਰ-ਉਧਰ ਕੀ ਤੋ ਬਾਤ ਨਾ ਕਰ, ਯੇ ਬਤਾ ਕਾਫਲਾ ਕਿਉਂ ਲੁਟਾ, ਬਾਤ ਰਾਹਜ਼ਨ ਕੀ ਨਹੀਂ, ਤੇਰੀ ਰਹਿਬਰੀ ਕਾ ਸਵਾਲ ਹੈ।” ਲੁੱਟਣ ਵਾਲਿਆਂ ਤਾਂ ਸਾਰਾ ਕੁਝ ਲੁੱਟਣਾ ਹੀ ਸੀ, ਜਿਹੜੇ ਹੁਣ ਰਹਿਬਰੀ ਲਈ ਦਾਅਵਾ ਕਰਦੇ ਹਨ, ਉਨ੍ਹਾਂ ਦੀ ਉਸ ਖੂਨ-ਖਰਾਬੇ ਵਿਚ ਜਿਹੜੀ ਭੂਮਿਕਾ ਸੀ, ਉਹ ਵੀ ਲੋਕਾਂ ਦੇ ਮੂਹਰੇ ਰੱਖੀ ਜਾਣੀ ਚਾਹੀਦੀ ਹੈ। ਅਫਸੋਸ ਕਿ ਇਸ ਭੂਮਿਕਾ ਨੂੰ ਅੱਜ ਤੱਕ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਬਾਰੇ ਕਿੰਤੂ ਵੀ ਕਰਨ ਦੀ ਕਿਸੇ ਨੂੰ ਵਿਹਲ ਨਹੀਂ ਮਿਲੀ ਜਾਪਦੀ। ਹੁਣ ਇਸ ਦੀ ਚਰਚਾ ਵੀ ਕਰ ਲੈਣੀ ਚਾਹੀਦੀ ਹੈ।
ਦਿੱਲੀ ਦੀਆਂ ਘਟਨਾਵਾਂ ਤੋਂ ਪਹਿਲਾਂ ਤੇ ਪਿੱਛੋਂ ਪੰਜਾਬ ਵਿਚ ਵੀ ਅਸੀਂ ਕਾਫੀ ਮਾੜੇ ਦਿਨ ਵੇਖੇ ਸਨ ਤੇ ਕਦੀ-ਕਦੀ ਇਥੇ ਘੱਟ-ਗਿਣਤੀ ਹਿੰਦੂ ਭਾਈਚਾਰੇ ਵੱਲ ਕੁਝ ਲੋਕ ਉਹੋ ਕੁਝ ਕਰਨ ਲਈ ਅਹੁਲਦੇ ਸਨ, ਜਿਹੜਾ ਕੁਝ ਦਿੱਲੀ ਵਿਚ ਹੋਣ ਦੀ ਚਰਚਾ ਹੋ ਰਹੀ ਹੈ। ਸਾਡਾ ਪੰਜਾਬ ਦਾ ਤਜਰਬਾ ਵੱਖਰਾ ਸੀ। ਨੁਸ਼ਹਿਰਾ ਪੰਨੂਆਂ ਕੋਲ ਇੱਕ ਬੱਸ ਅੱਧੀ ਰਾਤ ਨੂੰ ਰੋਕ ਕੇ ਉਸ ਵਿਚੋਂ ਚਾਰ ਹਿੰਦੂ ਕੱਢ ਕੇ ਮਾਰ ਦਿੱਤੇ ਗਏ, ਪਰ ਪੰਜਵਾਂ ਬਚ ਗਿਆ, ਕਿਉਂਕਿ ਉਸ ਪੰਜਵੇਂ ਦੇ ਨਾਲ ਦੀ ਸੀਟ ਉਤੇ ਬੈਠੇ ਨਿਹੰਗ ਬਾਬਾ ਅਜੀਤ ਸਿੰਘ ਨੇ ਕਹਿ ਦਿੱਤਾ ਸੀ ਕਿ ਇਹ ਮੇਰੀ ਬੁੱਕਲ ਵਿਚ ਹੈ, ਇਸ ਨੂੰ ਮਾਰਨਾ ਹੈ ਤਾਂ ਪਹਿਲਾਂ ਮੈਨੂੰ ਮਾਰਨਾ ਪਵੇਗਾ। ਲੁਧਿਆਣੇ ਵਿਚ ਇੱਕ ਦਿਨ ਕੁਝ ਲੋਕ ਸੈਰ ਕਰਦੇ ਸਨ, ਉਥੇ ਬੰਦੂਕਾਂ ਵਾਲੇ ਆ ਗਏ। ਉਨ੍ਹਾਂ ਨੇ ਇੱਕ ਜਣੇ ਨੂੰ ਕੱਢ ਕੇ ਇਸ ਲਈ ਮਾਰਨਾ ਚਾਹਿਆ ਕਿ ਉਹ ਹਿੰਦੂ ਸੀ। ਨਾਲ ਸੈਰ ਕਰਦੇ ਸਿੱਖ ਭਾਈਬੰਦ ਨੇ ਕਿਹਾ ਕਿ ਇਸ ਨੂੰ ਮਾਰਨ ਤੋਂ ਪਹਿਲਾਂ ਮੈਨੂੰ ਮਾਰਨਾ ਪਵੇਗਾ। ਨਿਹੰਗ ਬਾਬਾ ਅਜੀਤ ਸਿੰਘ ਆਪ ਵੀ ਬਚ ਗਿਆ ਸੀ ਤੇ ਬੇਗੁਨਾਹ ਦੀ ਜਾਨ ਵੀ ਬਚਾ ਲਈ ਸੀ, ਇਥੇ ਉਸ ਹਿੰਦੂ ਅੱਗੇ ਹਿੱਕ ਡਾਹ ਕੇ ਮਨੁੱਖੀ ਸੋਚ ਦੀ ਪਹਿਰੇਦਾਰੀ ਕਰਨ ਵਾਲਾ ਸਿੱਖ ਉਸ ਦੀ ਥਾਂ ਆਪਣੀ ਜਾਨ ਪਹਿਲਾਂ ਦੇ ਗਿਆ, ਦੋਵੇਂ ਜਣੇ ਮਾਰੇ ਗਏ ਸਨ। ਪੰਜਾਬ ਵਿਚ ਇਹੋ ਜਿਹੀਆਂ ਕਈ ਮਿਸਾਲਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ, ਤੇ ਸਾਨੂੰ ਮਾਣ ਹੈ ਕਿ ਪਾਕਿਸਤਾਨ ਬਣਨ ਵੇਲੇ ਵੀ ਸਾਡੇ ਵਾਲੇ ਪੰਜਾਬ ਦੇ ਕੁਝ ਸੁਹਿਰਦ ਲੋਕਾਂ ਨੇ ਮੁਸਲਮਾਨਾਂ ਨੂੰ ਬਚਾ ਕੇ ਕੱਢਣ ਲਈ ਆਪਣੀ ਜਾਨ ਦੇ ਦਿੱਤੀ ਸੀ।
ਹੁਣ ਅਸੀਂ ਗੱਲ ਕਰ ਲਈਏ ਦਿੱਲੀ ਅਤੇ ਗੁਜਰਾਤ ਦੀ, ਉਥੇ ਘੱਟ-ਗਿਣਤੀ ਵਾਲਿਆਂ ਦੀ ਜਾਨ ਬਚਾਉਣ ਦੇ ਲਈ ਕਿੰਨੇ ਲੋਕ ਜਾਨਾਂ ਦੇ ਗਏ, ਸਾਡੇ ਕੋਲ ਵੇਰਵਾ ਨਹੀਂ। ਜੇ ਕੋਈ ਦੇ ਸਕੇ ਤਾਂ ਅਸੀਂ ਧੰਨਵਾਦੀ ਹੋਵਾਂਗੇ। ਇਸ ਦੀ ਥਾਂ ਸਾਡੇ ਕੋਲ ਰਾਜਸੀ ਵਿਅਕਤੀਆਂ ਦੇ ਕਿਰਦਾਰ ਦਾ ਵਿਸਥਾਰ ਹੈ, ਜਿਸ ਦੀ ਚਰਚਾ ਹੋਣੀ ਚਾਹੀਦੀ ਹੈ। ਇਨ੍ਹਾਂ ਵਿਚ ਕਾਂਗਰਸ ਦੇ ਆਗੂ ਵੀ ਹਨ ਅਤੇ ਭਾਜਪਾ ਦੇ ਆਗੂ ਵੀ, ਜਿਹੜੇ ਹੁਣ ਦਿੱਲੀ ਤੇ ਗੁਜਰਾਤ ਦੀ ਰਾਜਨੀਤੀ ਕਰਦੇ ਹਨ।
ਗੁਜਰਾਤ ਵਿਚ ਨਰਿੰਦਰ ਮੋਦੀ ਦੀ ਸਰਕਾਰ ਪੂਰੀ ਸਰਪ੍ਰਸਤੀ ਦੇ ਕੇ ਜਦੋਂ ਖੂਨ-ਖਰਾਬੇ ਦੀ ਰਾਜਨੀਤੀ ਕਰਦੀ ਪਈ ਸੀ, ਉਦੋਂ ਉਸ ਰਾਜ ਵਿਚ ਚਾਲੀ ਸਾਲ ਤੋਂ ਵੱਧ ਰਾਜ ਕਰ ਚੁੱਕੀ ਕਾਂਗਰਸ ਦੇ ਆਗੂ ਕਿੱਥੇ ਸਨ? ਉਨ੍ਹਾਂ ਦਾ ਆਪਣਾ ਆਗੂ ਤੇ ਸਾਬਕਾ ਪਾਰਲੀਮੈਂਟ ਮੈਂਬਰ ਅਹਿਸਾਨ ਜਾਫਰੀ ਮਾਰ ਦਿੱਤਾ ਗਿਆ। ਉਸ ਵੇਲੇ ਉਹ ਕਾਂਗਰਸੀ ਆਗੂ ਉਸ ਨੂੰ ਬਚਾਉਣ ਲਈ ਕਿਉਂ ਨਹੀਂ ਸੀ ਬਹੁੜੇ, ਜਿਹੜੇ ਅੱਜ ਦੁਹਾਈਆਂ ਪਾਉਂਦੇ ਹਨ? ਜਦੋਂ ਉਸ ਰਾਜ ਵਿਚ ਕਤਲ ਹੋ ਰਹੇ ਸਨ, ਉਨ੍ਹਾਂ ਨੂੰ ਮਹਾਤਮਾ ਗਾਂਧੀ ਦੀ ਯਾਦ ਕਿਉਂ ਨਾ ਆਈ, ਜਿਹੜਾ ਦੰਗੇ ਹੁੰਦਿਆਂ ਤੋਂ ਵੀ ਲੋਕਾਂ ਵਿਚ ਚਲਾ ਜਾਂਦਾ ਹੁੰਦਾ ਸੀ? ਗੁਜਰਾਤ ਦੇ ਘੱਟ-ਗਿਣਤੀ ਭਾਈਚਾਰੇ ਦੇ ਬਚਾਅ ਲਈ ਕਾਂਗਰਸੀ ਆਗੂ ਦੀਵਾਰ ਬਣ ਕੇ ਕਿਉਂ ਨਾ ਖੜੇ ਹੋ ਸਕੇ? ਜੇ ਉਦੋਂ ਖੜੇ ਨਹੀਂ ਸਨ ਹੋ ਸਕੇ ਤਾਂ ਰਾਜਸੀ ਲੋੜ ਲਈ ਹੁਣ ਵਿਖਾਵੇ ਦੇ ਵੈਣ ਪਾਉਣ ਦਾ ਉਨ੍ਹਾਂ ਨੂੰ ਕੀ ਹੱਕ ਹੈ? ਕੀ ਉਨ੍ਹਾਂ ਨੂੰ ਆਪਣੀ ਉਦੋਂ ਦੀ ਇਸ ਕਾਇਰਤਾ ਦੀ ਮੁਆਫੀ ਨਹੀਂ ਮੰਗਣੀ ਚਾਹੀਦੀ?
ਇਹੋ ਗੱਲ ਅਸੀਂ ਦਿੱਲੀ ਦੇ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਪੁੱਛਣੀ ਚਾਹੁੰਦੇ ਹਾਂ। ਪੰਜਾਬ ਦੇ ਸ਼ਹਿਰ ਮੋਗਾ ਵਿਚ ਇੱਕ ਵਾਰੀ ਆਰ ਐਸ ਐਸ ਦੀ ਸ਼ਾਖਾ ਉਤੇ ਹਮਲਾ ਕਰ ਕੇ ਕੁਝ ਬੰਦੇ ਮਾਰ ਦਿੱਤੇ ਗਏ ਤਾਂ ਅਟਲ ਬਿਹਾਰੀ ਵਾਜਪਾਈ ਸਾਹਿਬ ਦਿੱਲੀ ਤੋਂ ਉਚੇਚੇ ਉਥੇ ਆਏ ਸਨ। ਉਨ੍ਹਾ ਦੇ ਭਾਸ਼ਣ ਦਾ ਇੱਕ-ਇੱਕ ਸ਼ਬਦ ਹੁਣ ਤੱਕ ਲੋਕ ਯਾਦ ਕਰ ਸਕਦੇ ਹਨ। ਵਾਜਪਾਈ ਸਾਹਿਬ ਨੇ ਅਫਸੋਸ ਵੀ ਨਾ ਕਰਨ ਆਏ ਅਕਾਲੀਆਂ ਬਾਰੇ ਉਸ ਭਾਸ਼ਣ ਦੌਰਾਨ ਕੀ ਕਿਹਾ ਸੀ, ਸਭ ਨੂੰ ਯਾਦ ਹੈ। ਨਹੀਂ ਯਾਦ ਤਾਂ ਭਾਜਪਾ ਦੀ ਦਿੱਲੀ ਦੀ ਭੂਮਿਕਾ ਯਾਦ ਨਹੀਂ। ਜਦੋਂ ਦਿੱਲੀ ਵਿਚ ਸਿੱਖਾਂ ਦੇ ਵਿਰੁਧ ਇੱਕ-ਤਰਫਾ ਖੂਨ-ਖਰਾਬਾ ਕੀਤਾ ਜਾ ਰਿਹਾ ਸੀ, ਜਿਸ ਵਿਚ ਕਾਂਗਰਸ ਦੇ ਕਈ ਆਗੂ ਮੋਹਰੀ ਬਣ ਕੇ ਤੁਰੇ ਹੋਏ ਸਨ, ਉਦੋਂ ਭਾਜਪਾ ਦੇ ਆਗੂ ਨੁੱਕਰੀਂ ਕਿਉਂ ਲੱਗੇ ਰਹੇ ਸਨ? ਉਹ ਬਾਹਰ ਕਿਉਂ ਨਹੀਂ ਸੀ ਆਏ? ਭਾਜਪਾ ਉਦੋਂ ਦਿੱਲੀ ਵਿਚ ਇਨੀ ਨਿਤਾਣੀ ਨਹੀਂ ਸੀ। ਦਿੱਲੀ ਵਿਚੋਂ ਪਾਰਲੀਮੈਂਟ ਦੀਆਂ ਸੱਤ ਸੀਟਾਂ ਵਿਚੋਂ ਇੱਕ ਸੀਟ ਤੋਂ ਅਟਲ ਬਿਹਾਰੀ ਵਾਜਪਾਈ ਜਿੱਤੇ ਹੋਏ ਸਨ। ਬਾਕੀ ਸੀਟਾਂ ਉਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਦੂਸਰੇ ਥਾਂ ਰਹਿ ਕੇ ਵੀ ਲੱਖਾਂ ਵੋਟਾਂ ਲੈ ਗਏ ਸਨ। ਬਾਅਦ ਦੀ ਇੱਕ ਚੋਣ ਮੌਕੇ ਉਸੇ ਦਿੱਲੀ ਤੋਂ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਸੱਤਾਂ ਵਿਚੋਂ ਚਾਰ ਸੀਟਾਂ ਭਾਜਪਾ ਵਾਲੇ ਜਿੱਤ ਗਏ ਸਨ। ਦਿੱਲੀ ਵਿਚ ਵਿਧਾਨ ਸਭਾ ਬਹਾਲ ਹੋਣ ਪਿੱਛੋਂ ਬਣੀ ਪਹਿਲੀ ਸਰਕਾਰ ਵੀ ਭਾਜਪਾ ਦੀ ਸੀ, ਜਿਸ ਦੇ ਪੰਜ ਸਾਲਾਂ ਵਿਚ ਤਿੰਨ ਮੁੱਖ ਮੰਤਰੀ ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਤੇ ਸੁਸ਼ਮਾ ਸਵਰਾਜ ਬਣਦੇ ਰਹੇ ਸਨ। ਸਾਫ ਹੈ ਕਿ ਪਾਰਟੀ ਉਥੇ ਮਜ਼ਬੂਤ ਸੀ। ਇਡੇ ਵਡੇ ਆਧਾਰ ਵਾਲੀ ਭਾਰਤੀ ਜਨਤਾ ਪਾਰਟੀ ਕੀ ਇਸ ਲਈ ਉਦੋਂ ਦਿੱਲੀ ਵਿਚ ਹੋ ਰਿਹਾ ਖੂਨ-ਖਰਾਬਾ ਰੋਕਣ ਲਈ ਅੱਗੇ ਆਉਣ ਤੋਂ ਝਿਜਕ ਗਈ ਸੀ ਕਿ ਉਸ ਨੂੰ ਆਪਣੀਆਂ ਵੋਟਾਂ ਨੂੰ ਖੋਰਾ ਲੱਗਣ ਦਾ ਉਹੋ ਡਰ ਸਤਾ ਰਿਹਾ ਸੀ, ਜਿਸ ਡਰ ਕਾਰਨ ਪੰਜਾਬ ਦੇ ਅਕਾਲੀ ਆਗੂ ਮੋਗੇ ਅਤੇ ਹੋਰ ਥਾਂਈਂ ਹੋਏ ਖੂਨੀ ਕਾਂਡਾਂ ਦਾ ਅਫਸੋਸ ਕਰਨ ਵੀ ਨਹੀਂ ਸਨ ਜਾ ਸਕੇ? ਇਹ ਵੀ ਇੱਕ ਗੁਨਾਹ ਸੀ।
ਪੰਜਾਬੀ ਦਾ ਇੱਕ ਲੇਖਕ ਹੈ ਭੁਪਿੰਦਰ, ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਉਸ ਦੀ ਲਿਖੀ ਹੋਈ ਕਵਿਤਾ ‘ਬੱਚਿਆਂ ਨਾਲ ਸੰਵਾਦ’ ਪੜ੍ਹੀ ਹੋਵੇਗੀ। ਉਸ ਦਾ ਇੱਕ-ਇੱਕ ਅੱਖਰ ਇਸ ਦੁਖਾਂਤ ਬਾਰੇ ਸਵਾਲ ਪੁੱਛਦਾ ਹੈ,
ਅੱਗ ਦੀ ਖੇਡ ਦੀ ਗੱਲ
ਬੱਚਿਆਂ ਨਾਲ ਨਾ ਕਰੋ
ਪ੍ਰਸ਼ਨ ਚਿੰਨ੍ਹ ਬਣ
ਖਲੋ ਜਾਣਗੇ ਤੁਹਾਡੇ ਸਾਹਵੇਂ
ਕਿ ਇਸ ਅੱਗ ਦੇ ਖਿਲਾਫ
ਤੁਸੀਂ ਲੜੇ ਕਿਉਂ ਨਹੀਂ?
ਇਸ ਅੱਗ ਦੇ ਬਾਹਰ
ਤੁਸੀਂ ਦਰਸ਼ਕ ਬਣ ਕੇ ਹੀ
ਕਿਉਂ ਖੜੇ ਰਹੇ?
ਅੱਗ ਦੇ ਸਮੁੰਦਰ
ਤੁਸੀਂ ਤਰੇ ਕਿਉਂ ਨਹੀਂ?
ਤੁਹਾਡੇ ਹੱਥ ਪੈਰ
ਸੜੇ ਕਿਉਂ ਨਹੀਂ?
ਅੱਗਾਂ ਲਾ ਕੇ
ਅੱਗ ਸੇਕਦੇ ਹੱਥ
ਤੁਸੀਂ ਫੜੇ ਕਿਉਂ ਨਹੀਂ?
ਜੇ ਤੁਸੀਂ
ਲਾਉਣ ਵਾਲਿਆਂ ਵਿਚ ਨਹੀਂ ਸੀ
ਬੁਝਾਉਣ ਵਾਲਿਆਂ ਦੀ ਸੱਥ ਵਿਚ
ਵੜੇ ਕਿਉਂ ਨਹੀਂ?
ਅੱਜ ਇਹੋ ਸਵਾਲ ਪੁੱਛਣ ਦੀ ਗੁਸਤਾਖੀ ਅਸੀਂ ਕਰ ਰਹੇ ਹਾਂ ਕਿ ਜਿਹੜੇ ਲੋਕ ਆਏ ਦਿਨ ਉਨ੍ਹਾਂ ਦੰਗਿਆਂ ਦਾ ਜ਼ਿਕਰ ਕਰ ਕੇ ਪੀੜਤਾਂ ਦੇ ਜ਼ਖਮਾਂ ਦਾ ਸਿੱਕੜ ਝਰੀਟ ਕੇ ਰਾਜਨੀਤੀ ਕਰਦੇ ਹਨ, ਉਨ੍ਹਾਂ ਨੇ ਖੁਦ ਉਦੋਂ ਕੀ ਕੀਤਾ ਸੀ? ਉਨ੍ਹਾਂ ਨੇ ਅੱਗਾਂ ਲਾ ਕੇ ਅੱਗ ਸੇਕਦੇ ਹੱਥ ਫੜੇ ਕਿਉਂ ਨਹੀਂ ਸੀ? ਨਰਿੰਦਰ ਮੋਦੀ ਦੇ ਕਹਿਰ ਦੇ ਵੇਲੇ ਚੁੱਪ ਰਹਿਣ ਵਾਲੇ ਕਾਂਗਰਸੀਆਂ ਦੇ ਸਿਰ ਗੁਜਰਾਤ ਦਾ ਗੁਨਾਹ ਤੇ ਦਿੱਲੀ ਵਿਚ ਕਾਂਗਰਸੀਆਂ ਦੇ ਕਹਿਰ ਨੂੰ ਮੂਕ ਦਰਸ਼ਕ ਬਣ ਕੇ ਵੇਖਣ ਵਾਲੇ ਭਾਜਪਾਈਆਂ ਦੇ ਸਿਰ ਦਿੱਲੀ ਦਾ ਦੋਸ਼ ਵੀ ਹੈ ਤੇ ਪੰਜਾਬ ਵਿਚ ਨੀਂਵੀਂ ਪਾਉਣ ਵਾਲੇ ਅਕਾਲੀਆਂ ਨੂੰ ਵੀ ਇਸ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ। ਆਪੋ ਆਪਣੇ ਗੁਨਾਹ ਦਾ ਲੇਖਾ ਇਹ ਸਾਰੇ ਆਗੂ ਕਿਸ ਦਿਨ ਦੇਣਗੇ?

Be the first to comment

Leave a Reply

Your email address will not be published.