ਹਰਿਮੰਦਰ ਸਾਹਿਬ ਦੀ ਕੰਧ ਕਲਾ ਦਾ ਪੁਰਾਤਨ ਸਰੂਪ ਕਾਇਮ ਰਹੇਗਾ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਅੰਦਰ ਸੱਚਖੰਡ ਵਿਖੇ ਤਕਨੀਕੀ ਮਾਹਰਾਂ ਵੱਲੋਂ ਕੰਧ ਕਲਾ ਦੀ ਸਾਂਭ ਸੰਭਾਲ ਲਈ ਸ਼ੁਰੂ ਕੀਤੇ ਕੰਮ ਨੇ ਤੇਜ਼ੀ ਫੜ ਲਈ ਹੈ ਤੇ ਇਸ ਕੰਮ ਦੇ ਸਾਰਥਿਕ ਸਿੱਟੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਮਾਹਰਾਂ ਵੱਲੋਂ ਇਥੇ ਸਾਂਭ ਸੰਭਾਲ ਦੇ ਕਾਰਜ ਦੌਰਾਨ ਨਵਾਂ ਕੁਝ ਕਰਨ ਦੀ ਥਾਂ ਕੰਧ ਕਲਾ ਦੇ ਪੁਰਾਤਨ ਸਰੂਪ ਨੂੰ ਹੀ ਕਾਇਮ ਰੱਖਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਮਾਹਿਰਾਂ ਦੀ ਸੱਤ ਮੈਂਬਰੀ ਟੀਮ ਵੱਲੋਂ ਇਥੇ ਪਹਿਲੇ ਪੜਾਅ ਵਿਚ ਖਰਾਬ ਹੋਈ ਕੰਧ ਕਲਾ ਨੂੰ ਸਾਫ਼ ਕਰਨ ਤੇ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਮਾਹਰਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜ਼ਲ ਦੀ ਛੱਤ ਨੂੰ ਦੂਜੀ ਵਾਰ ਬਾਰੀਕੀ ਨਾਲ ਸਾਫ਼ ਕੀਤਾ ਜਾ ਰਿਹਾ ਹੈ। ਇਸ ਸਫ਼ਾਈ ਦੌਰਾਨ ਕੁਝ ਰਸਾਇਣਾਂ ਦੀ ਵਰਤੋਂ ਕੀਤੀ ਗਈ ਹੈ ਤੇ ਸਾਫ਼ ਹੋਣ ਮਗਰੋਂ ਕੰਧ ਕਲਾ ਦੀ ਪੁਰਾਤਨ ਚਮਕ ਵਾਪਸ ਆ ਗਈ ਹੈ।
ਇਸੇ ਤਰ੍ਹਾਂ ਕੰਧਾਂ ‘ਤੇ ਸਫਾਈ ਕਰਨ ਮਗਰੋਂ ਹੋਏ ਨੁਕਸਾਨ ਨੂੰ ਠੀਕ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਥਾਵਾਂ ਤੋਂ ਕੰਧ ਕਲਾ ਦਾ ਕੁਝ ਹਿੱਸਾ ਪੂਰੀ ਤਰ੍ਹਾਂ ਗਾਇਬ ਹੈ, ਸਿਰਫ ਓਨੇ ਹਿੱਸੇ ਨੂੰ ਹੀ ਠੀਕ ਕੀਤਾ ਜਾ ਰਿਹਾ ਹੈ। ਇਸ ਕਾਰਵਾਈ ਦੌਰਾਨ ਪਹਿਲਾਂ ਕੰਧ ਕਲਾ ਦੇ ਹੇਠਲੇ ਹਿੱਸੇ ਨੂੰ ਮੁਰੰਮਤ ਕਰਕੇ ਇਸ ਦੇ ਉਪਰ ਰੰਗਾਂ ਦੀ ਵਰਤੋਂ ਨਾਲ ਮੁਰੰਮਤ ਕੀਤੀ ਜਾ ਰਹੀ ਹੈ। ਕਈ ਥਾਵਾਂ ਤੋਂ ਸਿਰਫ਼ ਰੰਗ ਫਿੱਕੇ ਹੋਏ ਹਨ ਤੇ ਸਿਰਫ਼ ਰੰਗਾਂ ਦੀ ਵਰਤੋਂ ਨਾਲ ਕੰਧ ਕਲਾ ਨੂੰ ਮੁੜ ਪੁਰਾਤਨ ਸਰੂਪ ਵਿਚ ਕਾਇਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਇਸ ਵੇਲੇ ਮਾਹਿਰਾਂ ਵੱਲੋਂ ਕੁਝ ਕੰਧਾਂ ਤੇ ਛੱਤ ‘ਤੇ ਸਾਂਭ ਸੰਭਾਲ ਦਾ ਕੰਮ ਕੀਤਾ ਹੈ, ਜਿਥੇ ਇਸ ਪੁਰਾਤਨ ਕੰਧ ਕਲਾ ਦੀ ਚਮਕ ਵਾਪਸ ਪਰਤ ਆਈ ਹੈ। ਇਹ ਚਮਕ ਖਰਾਬ ਹੋਏ ਹਿੱਸੇ ਨੂੰ ਦੇਖਣ ਮਗਰੋਂ ਸਪਸ਼ਟ ਨਜ਼ਰ ਆਉਂਦੀ ਹੈ। ਪਹਿਲੀ ਮੰਜ਼ਲ ‘ਤੇ ਇਹ ਮੁਰੰਮਤ ਕਾਰਜ ਖਤਮ ਹੋਣ ਮਗਰੋਂ ਸੋਨੇ ਦੇ ਕੰਮ ਨੂੰ ਦੂਜੇ ਪੜਾਅ ਵਿਚ ਸ਼ੁਰੂ ਕੀਤਾ ਜਾਵੇਗਾ।
ਨੈਸ਼ਨਲ ਮਿਊਜ਼ੀਅਮ ਦੇ ਸਾਬਕਾ ਡਾਇਰੈਕਟਰ ਐਸ਼ਪੀæਸਿੰਘ ਨੇ ਦੱਸਿਆ ਕਿ ਮਾਹਿਰਾਂ ਦੀ ਟੀਮ ਵੱਲੋਂ ਸਾਂਭ ਸੰਭਾਲ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਥੇ ਹੋਈ ਕੰਧ ਕਲਾ ਦੀ ਮੁਕੰਮਲ ਰਿਪੋਰਟ ਤਿਆਰ ਕੀਤੀ ਗਈ ਸੀ ਜਿਸ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਸੀ। ਇਸ ਤੋਂ ਇਲਾਵਾ ਇਸ ਦੀ ਕਿਸ ਵਿਧੀ ਨਾਲ ਮੁਰੰਮਤ ਕੀਤੀ ਜਾ ਸਕਦੀ ਹੈ ਤੇ ਕਿਹੜੇ ਰੰਗਾਂ ਦੀ ਵਰਤੋਂ ਹੋਵੇਗੀ ਆਦਿ ਦੀ ਜਾਣਕਾਰੀ ਸ਼ਾਮਲ ਸੀ। ਉਨ੍ਹਾਂ ਆਖਿਆ ਕਿ ਇਹ ਬਾਰੀਕੀ ਦਾ ਕੰਮ ਹੈ ਤੇ ਇਸ ਨੂੰ ਬੜੇ ਧਿਆਨ ਨਾਲ ਕੀਤਾ ਜਾ ਰਿਹਾ ਹੈ।
ਇਸ ਲਈ ਵਿਸ਼ੇਸ਼ ਤੌਰ ‘ਤੇ ਕੁਦਰਤੀ ਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਵਿਦੇਸ਼ ਤੋਂ ਮੰਗਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਨੇ ਦੇ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਦੀ ਵੀ ਮੁਕੰਮਲ ਰਿਪੋਰਟ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿ ਇਥੇ ਚੱਲ ਰਹੇ ਸਾਂਭ ਸੰਭਾਲ ਦੇ ਕੰਮ ਦੌਰਾਨ ਪੁਰਾਤਨ ਸਰੂਪ ਨੂੰ ਹੀ ਮੁੜ ਸੁਰਜੀਤ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਵਿਚ ਕੁਝ ਵੀ ਨਵਾਂ ਸ਼ਾਮਲ ਨਹੀਂ ਹੋਵੇਗਾ।
ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਇਸ ਪੁਰਾਤਨ ਕੰਧ ਕਲਾ ਤੇ ਸੋਨੇ ਦੇ ਹੋਏ ਕੰਮ ਨੂੰ ਪੁਰਾਤਨ ਸਰੂਪ ਵਿਚ ਹੀ ਸੰਭਾਲਣ ਦਾ ਯਤਨ ਕੀਤਾ ਜਾਵੇਗਾ। ਸਿਰਫ਼ ਉਨ੍ਹਾਂ ਥਾਵਾਂ ‘ਤੇ ਨਵਾਂ ਕੰਮ ਕੀਤਾ ਜਾਵੇਗਾ ਜਿਥੇ ਵਧੇਰੇ ਨੁਕਸਾਨ ਹੋ ਚੁੱਕਾ ਹੈ ਤੇ ਹੁਣ ਹੋਰ ਹੱਲ ਨਹੀਂ ਹੈ। ਯਤਨ ਕੀਤਾ ਜਾ ਰਿਹਾ ਹੈ ਕਿ ਪੁਰਾਤਨ ਕਲਾ ਨੂੰ ਕਿਸੇ ਵੀ ਕਿਸਮ ਦੀ ਠੇਸ ਨਾ ਪੁੱਜੇ। ਇਸ ਬਾਰੇ ਸਾਰੇ ਪੱਖਾਂ ਨੂੰ ਵਿਚਾਰ ਕੇ ਹੀ ਇਹ ਕੰਮ ਸ਼ੁਰੂ ਕੀਤਾ ਗਿਆ ਹੈ।
_____________________________________
ਵਧ ਰਹੇ ਪ੍ਰਦੂਸ਼ਣ ਦਾ ਹੋ ਰਿਹਾ ਹੈ ਅਸਰ
ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਵਧ ਰਹੇ ਪ੍ਰਦੂਸ਼ਣ ਕਾਰਨ ਇਹ ਬਹੁਮੁੱਲੀ ਕੰਧ ਕਲਾ, ਸੋਨੇ ਦਾ ਕੰਮ, ਸੰਗਮਰਮਰ ਦੇ ਪੱਥਰ ‘ਤੇ ਹੋਇਆ ਟੁਕੜੀ ਵਰਕ ਆਦਿ ਪ੍ਰਭਾਵਿਤ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕਈ ਥਾਵਾਂ ਤੋਂ ਕੰਧ ਕਲਾ ਖਰਾਬ ਹੋ ਚੁੱਕੀ ਹੈ।
ਇਸੇ ਤਰ੍ਹਾਂ ਕਈ ਥਾਵਾਂ ਤੋਂ ਸੋਨੇ ਦੇ ਪੱਤਰੇ ਉਖੜ ਚੁੱਕੇ ਹਨ। ਖਾਸ ਕਰਕੇ ਪਹਿਲੀ ਮੰਜ਼ਲ ਨੂੰ ਜਾਣ ਵਾਲੀਆਂ ਪੌੜੀਆਂ ਵਿਚ ਹੋਈ ਕੰਧ ਕਲਾ ਤਾਂ ਸ਼ਰਧਾਲੂਆਂ ਦੇ ਹੱਥ ਲੱਗਣ ਕਾਰਨ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਜਦਕਿ ਪਹਿਲੀ ਮੰਜ਼ਲ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਇਥੇ ਸ਼ੀਸ਼ੇ ਲਵਾ ਦਿੱਤੇ ਗਏ ਸਨ। ਹੁਣ ਇਨ੍ਹਾਂ ਸ਼ੀਸ਼ਿਆਂ ਨੂੰ ਹਟਾ ਕੇ ਹੇਠਾਂ ਖਰਾਬ ਹੋਈ ਕੰਧ ਕਲਾ ਨੂੰ ਠੀਕ ਕੀਤਾ ਜਾ ਰਿਹਾ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੂਨੀ ਹਿੱਸੇ ਵਿਚ ਸਾਂਭ ਸੰਭਾਲ ਦਾ ਕੰਮ ਪਹਿਲੀ ਵਾਰ ਹੋ ਰਿਹਾ ਹੈ ਜਦੋਂਕਿ ਇਸ ਦੀਆਂ ਬਾਹਰਲੀਆਂ ਕੰਧਾਂ ‘ਤੇ ਲੱਗੇ ਸੋਨੇ ਦੀ ਸੇਵਾ ਦਾ ਕੰਮ ਇਕ ਵਾਰ ਹੋ ਚੁੱਕਾ ਹੈ। ਇਹ ਕੰਮ 1995 ਵਿਚ ਇੰਗਲੈਂਡ ਦੇ ਨਿਸ਼ਕਾਮ ਸੇਵਕ ਜਥੇ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਇਹ ਕੰਮ ਚਾਰ ਸਾਲਾਂ ਵਿਚ ਮੁਕੰਮਲ ਕੀਤਾ ਸੀ। ਭਾਵੇਂ ਉਨ੍ਹਾਂ ਵੱਲੋਂ ਵੀ ਸੋਨੇ ਦੇ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਸਨ ਪਰ ਕੁਝ ਖਾਮੀਆਂ ਰਹਿਣ ਕਾਰਨ ਹੁਣ ਇਹ ਸੋਨੇ ਦਾ ਰੰਗ ਲਾਲ ਹੋ ਜਾਂਦਾ ਹੈ ਜਿਸ ਨੂੰ ਠੀਕ ਕਰਨ ਲਈ ਹਰ ਸਾਲ ਇਸ ਦੀ ਧੁਆਈ ਕੀਤੀ ਜਾਂਦੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਤੇ ਕੰਧ ਕਲਾ ਸਮੇਤ ਸੰਗਮਰਮਰ ਵਿਚ ਟੁਕੜੀ, ਮੋਹਰਾ ਕਸ਼ੀ ਤੇ ਗੱਚ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 1830 ਵਿਚ ਹੋਇਆ ਸੀ। ਉਸ ਵੇਲੇ ਅਨੁਮਾਨ ਮੁਤਾਬਕ ਲਗਪਗ 65 ਲੱਖ ਰੁਪਏ ਖਰਚ ਹੋਏ ਸਨ।

Be the first to comment

Leave a Reply

Your email address will not be published.