ਤਸਵੀਰ ਦੇ ਦੋਵੇਂ ਪਾਸੇ

ਫਰਾਂਸ ਦੇ ਸੰਸਾਰ ਪ੍ਰਸਿੱਧ ਲੇਖਕ ਮੋਪਾਸਾਂ (5 ਅਗਸਤ 1850-6 ਜੁਲਾਈ 1893) ਦੀ ਸ਼ਾਹਕਾਰ ‘ਬੂਲ ਦਿ ਸੂਫ’ ਨਾਂ ਦੀ ਕਹਾਣੀ ਕਈ ਨਾਂਵਾਂ-‘ਬਾਲ ਆਫ ਫੈਟ’, ‘ਬਟਰਬਾਲ’, ‘ਡੰਪਲਿੰਗ’ ਹੇਠ ਅਨੁਵਾਦ ਹੋਈ ਹੈ। ਪੰਜਾਬੀ ਦੇ ਪ੍ਰਸਿੱਧ ਸਵਰਗੀ ਨਾਵਲਿਸਟ ਨਾਨਕ ਸਿੰਘ ਨੇ ਇਸ ਕਹਾਣੀ ਦਾ ਅਨੁਵਾਦ ‘ਤਸਵੀਰ ਦੇ ਦੋਵੇਂ ਪਾਸੇ’ ਸਿਰਲੇਖ ਤਹਿਤ ਕੀਤਾ ਸੀ। ਮੋਪਾਸਾਂ ਦੀ ਇਹ ਕਹਾਣੀ ਪਹਿਲੀ ਵਾਰ ਅਪਰੈਲ 1880 ਵਿਚ ਛਪੀ ਸੀ। ਕਹਾਣੀ ਕਹਿਣ ਵਿਚ ਮੋਪਾਸਾਂ ਦੀ ਕੋਈ ਰੀਸ ਨਹੀਂ। ਮੁਸੀਬਤ ਵਿਚ ਕਿਵੇਂ ਊਚ-ਨੀਚ, ਅਮੀਰੀ-ਗਰੀਬੀ ਭੁਲਾ ਕੇ ਬੰਦਾ ਸਿਰਫ ਇਨਸਾਨ ਰਹਿ ਜਾਂਦਾ ਹੈ, ਕਹਾਣੀ ਵਿਚ ਉਹ ਬਿਰਤਾਂਤ ਲਾਜਵਾਬ ਹੈ। ਕਹਾਣੀ ਦਸ ਯਾਤਰੂਆਂ ਦੁਆਲੇ ਘੁੰਮਦੀ ਹੈ ਪਰ ਉਂਜ ਇਸ ਦਾ ਘੇਰਾ ਅੰਬਰ ਜਿੱਡਾ ਹੈ। ਕੋਈ ਮੋਪਾਸਾਂ ਵਰਗਾ ਲੇਖਕ ਹੀ ਕਹਾਣੀ ਦੀ ਇੰਨੀ ਵੱਡੀ ਹਲਾਈਂ ਵਗਲ ਸਕਦਾ ਸੀ।-ਸੰਪਾਦਕ

ਮੂਲ ਲੇਖਕ: ਮੋਪਾਸਾਂ
ਤਰਜਮਾ: ਨਾਨਕ ਸਿੰਘ
ਹਾਰੀ ਹੋਈ ਫ਼ੌਜ ਦੇ ਕਈ ਦਸਤੇ ਰੋਈਨ ਸ਼ਹਿਰ ਵਿਚੋਂ ਹੋ ਕੇ ਲੰਘ ਰਹੇ ਸਨ। ਇਹ ਢਾਣੀਆਂ ਬੜੀ ਉਘੜ-ਦੁਘੜੀ ਹਾਲਤ ਵਿਚ ਸਨ ਤੇ ਸਿਪਾਹੀਆਂ ਦੀ ਅਤਿ ਬੁਰੀ ਹਾਲਤ ਸੀ। ਦਾੜ੍ਹੀਆਂ ਗੰਦੀਆਂ ਤੇ ਬੇਸੁਰੀਆਂ ਵਧੀਆਂ ਹੋਈਆਂ। ਵਰਦੀਆਂ ਲੀਰੋ-ਲੀਰ। ਬੜੇ ਢਿੱਲਮ-ਢਿੱਲੇ ਜਿਹੇ ਢੰਗ ਨਾਲ ਤੁਰੇ ਜਾ ਰਹੇ ਸਨ। ਨਾ ਕੋਈ ਉਨ੍ਹਾਂ ਪਾਸ ਝੰਡਾ ਸੀ ਤੇ ਨਾ ਹੀ ਕੋਈ ਅਫ਼ਸਰ। ਸਭ ਦੇ ਸਭ ਥੱਕੇ ਹੋਏ, ਘਬਰਾਏ ਹੋਏ ਤੇ ਸੁਸਤ ਮਲੂਮ ਹੁੰਦੇ ਸਨ। ਉਹ ਲੋਕ ਜਿਵੇਂ ਨਾ ਕੁਝ ਸੋਚ ਸਕਦੇ ਸਨ, ਤੇ ਨਾ ਹੀ ਕੋਈ ਇਰਾਦਾ ਰੱਖਦੇ ਸਨ। ਜਾਪਦਾ ਸੀ ਜਿਵੇਂ ਆਦਤ ਦੇ ਬੰਨ੍ਹੇ ਹੋਏ ਹੀ ਤੁਰੇ ਜਾ ਰਹੇ ਹਨ। ਜਦੋਂ ਵੀ ਕਿਤੇ ਰੁਕਦੇ, ਝਟ-ਪਟ ਧਰਤੀ ‘ਤੇ ਲੇਟ ਜਾਂਦੇ ਜਿਵੇਂ ਸਰੀਰਾਂ ਵਿਚ ਜਾਨ ਹੀ ਨਹੀਂ ਹੁੰਦੀ।
ਇਸ ਦਾ ਇਕ ਕਾਰਨ ਇਹ ਵੀ ਸੀ ਕਿ ਇਸ ਫੌਜ ਵਿਚ ਆਮ ਕਰ ਕੇ ਸ਼ਹਿਰਾਂ ਦੇ ਨੱਥੂ ਖੈਰੇ ਹੀ ਭਰਤੀ ਕੀਤੇ ਹੋਏ ਸਨ। ਇਸੇ ਕਰ ਕੇ ਬੰਦੂਕ ਚਲਾਉਣੀ ਤਾਂ ਦੂਰ, ਮੋਢੇ ‘ਤੇ ਚੁੱਕਣੀ ਵੀ ਵਿਚਾਰਿਆਂ ਨੂੰ ਭਾਰੂ ਸੀ। ਬਹੁਤ ਸਾਰੇ ਤਾਂ ਮੱਸ-ਫੁਟ ਗੱਭਰੂ ਹੀ ਸਨ, ਤੇ ਕਈ ਉਨ੍ਹਾਂ ਤੋਂ ਵੀ ਛੋਟੇ ਅਲੂੰਏਂ ਜਿਹੇ ਮੁੰਡੇ ਸਨ ਜਿਹੜੇ ਵਿਚਾਰੇ ਬੰਦੂਕ ਚੱਲਣ ਦੀ ਆਵਾਜ਼ ਸੁਣ ਕੇ ਤ੍ਰਭਕ ਜਾਂਦੇ। ਫਿਰ ਵੀ ਉਨ੍ਹਾਂ ਵਿਚ ਦੇਸ਼ ਭਗਤੀ ਦਾ ਸੁਭਾਵਿਕ ਜਿਹਾ ਉਤਸ਼ਾਹ ਜ਼ਰੂਰ ਸੀ। ਇਹ ਨੱਠਣ ਵਿਚ ਵੀ ਉਨੇ ਹੀ ਕਾਹਲੇ ਹੁੰਦੇ ਸਨ, ਜਿੰਨੇ ਹਮਲਾ ਕਰਨ ਵਿਚ।
ਇਸ ਮੁੰਡ੍ਹੀਰ ਵਾਧੇ ਵਿਚ ਲਾਲ ਬਿਰਜਸਾਂ ਵਾਲੇ ਪਕੇਰੇ ਸਿਪਾਹੀ ਵੀ ਟਾਂਵੇਂ ਟਾਂਵੇਂ ਦਿਖਾਈ ਦਿੰਦੇ ਸਨ। ਇਹ ਲੋਕ ਉਸ ਫੌਜ ਦੇ ਬਚੇ-ਖੁਚੇ ਜਵਾਨ ਸਨ ਜਿਹੜੀ ਦੁਸ਼ਮਣ ਦੇ ਭਿਆਨਕ ਹਮਲੇ ਦੀ ਮਾਰ ਹੇਠ ਆ ਚੁੱਕੀ ਸੀ। ਇਨ੍ਹਾਂ ਨਾਲ ਤੋਪਖਾਨੇ ਦੇ ਕੁਝ ਸਿਪਾਹੀ ਵੀ ਸਨ। ਇਸ ਲਈ ਕਿਤੇ-ਕਿਤੇ ਘੋੜ ਸਵਾਰਾਂ ਦੇ ਚਮਕਦਾਰ ਲੋਹੇ ਦੇ ਟੋਪ ਨਜ਼ਰੀਂ ਆਉਂਦੇ ਸਨ। ਇਨ੍ਹਾਂ ਸਵਾਰਾਂ ਨੂੰ ਪੈਦਲ ਸਿਪਾਹੀਆਂ ਨਾਲ ਰਲ ਕੇ ਤੁਰਨਾ ਬੜਾ ਔਖਾ ਜਾਪਦਾ ਸੀ।
ਤੇ ਇਨ੍ਹਾਂ ਜਥਿਆਂ ਦੇ ਅਫ਼ਸਰ ਕੌਣ ਸਨ? ਆੜ੍ਹਤੀ, ਨੌਜਵਾਨ ਜਾਂ ਸਾਬਣ ਫਰੋਸ਼ ਜਿਹੜੇ ਜਾਂ ਤਾਂ ਧਿੰਗੋਜ਼ੋਰੀ ਫੌਜ ਵਿਚ ਭਰਤੀ ਕੀਤੇ ਗਏ ਸਨ, ਜਾਂ ਫਿਰ ਕਿਸੇ ਲੈਕਚਰਾਰ ਦਾ ਭਰਤੀ ਬਾਰੇ ਜੋਸ਼ੀਲਾ ਲੈਕਚਰ ਸੁਣ ਕੇ ਭਰਤੀ ਹੋ ਗਏ ਸਨ। ਕੁਝ ਕੁ ਅਮੀਰਾਂ ਦੇ ਮੁੰਡੇ ਵੀ ਸਨ ਜਿਨ੍ਹਾਂ ਨੂੰ ਕੇਵਲ ਅਮੀਰਜ਼ਾਦੇ ਹੋਣ ਕਰ ਕੇ ਹੀ ਅਹੁਦੇਦਾਰ ਬਣਾ ਦਿੱਤਾ ਗਿਆ ਸੀ। ਇਹ ਲੋਕ ਬੜੀ ਸ਼ਾਨ ਨਾਲ ਹਥਿਆਰ ਸਜਾਈ, ਸੁਨਹਿਰੀ ਫ਼ੀਤਿਆਂ ਵਾਲੀਆਂ ਫਲਾਲੈਣ ਦੀਆਂ ਕੂਲੀਆਂ ਵਰਦੀਆਂ ਪਾਈ, ਆਕੜ ਕੇ ਗੱਲ ਕਰ ਕਰਦੇ, ਲੜਾਈ ਦੇ ਤੌਰ-ਤਰੀਕਿਆਂ ਬਾਰੇ ਬਹਿਸ-ਮੁਬਾਹਿਸਾ ਕਰਦੇ ਤੇ ਆਪ ਤੋਂ ਹੇਠਲਿਆਂ ਨਾਲ ਇੰਜ ਵਰਤਾਉ ਕਰਦੇ ਸਨ, ਜਿਵੇਂ ਫ਼ਰਾਂਸ ਦੀ ਕਾਮਯਾਬੀ ਦਾ ਸਾਰਾ ਬੋਝ ਇਨ੍ਹਾਂ ਦੇ ਮੋਢਿਆਂ ‘ਤੇ ਹੈ; ਪਰ ਹਕੀਕਤ ਇਹ ਸੀ ਕਿ ਇਨ੍ਹਾਂ ਵਿਚੋਂ ਬਹੁਤੇ ਆਪਣੇ ਹੀ ਉਨ੍ਹਾਂ ਆਦਮੀਆਂ ਤੋਂ ਡਰਦੇ ਸਨ ਜਿਹੜੇ ਜੂਏਬਾਜ਼ੀ, ਚੋਰੀ-ਚਕਾਰੀ ਜਾਂ ਹੋਰ ਇਹੋ ਜਿਹਾ ਉਚੱਕਪਣਾ ਛੱਡ ਕੇ ਫੌਜ ‘ਚ ਭਰਤੀ ਹੋ ਗਏ ਸਨ।
æææ ਤੇ ਅਫ਼ਵਾਹ ਫੈਲੀ ਹੋਈ ਸੀ ਕਿ ਜਰਮਨ ਫੌਜ ਰੋਈਨ ਕਸਬੇ ਵਿਚ ਦਾਖ਼ਲ ਹੋਣ ਵਾਲੀ ਹੈ।
ਦੇਸ਼ ਭਗਤ ਵਾਲੰਟੀਅਰ ਜਥੇ ਜਿਹੜੇ ਪਿਛਲੇ ਦੋ ਮਹੀਨਿਆਂ ਤੋਂ ਬੜੀ ਚੌਕਸੀ ਨਾਲ ਲਾਗਲੇ ਜੰਗਲਾਂ ਵਿਚ ਚੱਕਰ ਲਾ ਰਹੇ ਸਨ; ਜਿਹੜੇ ਕਈ ਵਾਰੀ ਰਤਾ ਜਿੰਨੇ ਖੜਾਕ ਤੋਂ ਘਬਰਾ ਕੇ ਆਪਣੇ ਹੀ ਸੰਤਰੀਆਂ ‘ਤੇ ਗੋਲੀ ਚਲਾ ਦਿੰਦੇ ਤੇ ਜਦੋਂ ਹੀ ਕੋਈ ਹਰਨ ਜਾਂ ਸਹਿਆ ਜੰਗਲ ਵਿਚੋਂ ਸਰ ਕਰਦਾ ਲੰਘ ਜਾਂਦਾ, ਝਟ ਅਟੈਨਸ਼ਨ ਹੋ ਕੇ ਲੜਾਈ ਲਈ ਤਿਆਰ ਹੋ ਜਾਂਦੇ ਸਨ; ਹੁਣ ਇਹ ਸਾਰੇ ਘਰਾਂ ਨੂੰ ਮੁੜੇ ਆ ਰਹੇ ਸਨ। ਵਿਚਾਰਿਆਂ ਦੀ ਬੁਰੀ ਹਾਲਤ ਸੀ। ਉਨ੍ਹਾਂ ਦੀ ਐਂਠ-ਪੈਂਠ ਜਿਸ ਦੀ ਮਦਦ ਨਾਲ ਉਨ੍ਹਾਂ ਨੇ ਬਾਰਾਂ ਕੋਹਾਂ ਤੀਕ ਰਹਿਣ ਵਾਲੇ ਲੋਕਾਂ ਨੂੰ ਕਾਂਬਾਂ ਛੇੜ ਰੱਖਿਆ ਸੀ, ਇਸ ਵੇਲੇ ਸਭ ਘਰੁੱਲ ਹੋ ਚੁੱਕੀ ਸੀ।
ਫਰਾਂਸੀਸੀ ਫੌਜੀਆਂ ਦੀ ਛੇਕੜਲੀ ਟੁਕੜੀ ‘ਪਾਂਟ ਉਡੇ ਮੋਰ’ ਵੱਲ ਜਾਣ ਲਈ ਸੀਲ (ਦਰਿਆ) ਵਿਚ ਠਿੱਲ੍ਹ ਰਹੀ ਸੀ। ਟੁਕੜੀ ਦਾ ਕਮਾਂਡਰ ਦੂੰਹ ਅਰਦਲੀਆਂ ਵਿਚਾਲੇ ਚਲਿਆ ਜਾ ਰਿਹਾ ਸੀ। ਆਪਣੀ ਥੱਕੀ-ਹਾਰੀ ਤੇ ਬਚੀ-ਖੁਚੀ ਟੁਕੜੀ ਨੂੰ ਉਹ ਕੁਝ ਵੀ ਹੁਕਮ ਦੇਣੋਂ ਅਸਮਰੱਥ ਸੀ। ਉਸ ਨੂੰ ਹੈਰਾਨੀ ਹੋ ਰਹੀ ਸੀ ਕਿ ਜਿਸ ਦੇਸ਼ ਨੂੰ ਸਦਾ ਜਿੱਤਣ ਦੀ ਆਦਤ ਪਈ ਹੋਈ ਸੀ, ਉਹ ਆਪਣੀ ਇਤਿਹਾਸਕ ਬੀਰਤਾ ਦੇ ਹੁੰਦਿਆਂ-ਸੁੰਦਿਆਂ, ਅੱਜ ਕਦਮ-ਕਦਮ ‘ਤੇ ਕਿਉਂ ਹਾਰਦਾ ਜਾ ਰਿਹਾ ਹੈ!
ਫੌਜੀ ਟੁਕੜੀਆਂ ਲੰਘ ਜਾਣ ਤੋਂ ਬਾਅਦ ਰੋਈਨ ਵਿਚ ਸੰਨਾਟਾ ਜਿਹਾ ਛਾ ਗਿਆ। ਸ਼ਹਿਰ ਦੇ ਸਾਰੇ ਵਾਸੀ ਕਿਸੇ ਭਵਿਖ ਦੇ ਡਰ ਨਾਲ ਸਹਿਮੇ ਹੋਏ ਫਿਰਦੇ ਸਨ। ਬਹੁਤ ਸਾਰੇ ਗੰਗੜ ਸ਼ਾਹ ਜਿਹੜੇ ਸਾਰੀ ਉਮਰ ‘ਧੇਲੇ ਦੀ ਧੇਲੀ, ਤੇ ਧੇਲੀ ਦੀ ਹਵੇਲੀ’ ਬਣਾਉਂਦੇ ਬਣਾਉਂਦੇ ਉਕਾ ਹੀ ਨਕਾਰੇ ਹੋ ਗਏ ਸਨ, ਬੜੀ ਚਿੰਤਾ ਨਾਲ ਆਪਣੇ ਦੇਸ਼ ਦੀਆਂ ਹਾਰੀਆਂ ਹੋਈਆਂ ਫੌਜਾਂ ਦੇ ਆਉਣ ਦਾ ਤੌਖਲਾ ਕਰ ਰਹੇ ਸਨ। ਵਧੇਰੇ ਡਰ ਉਨ੍ਹਾਂ ਨੂੰ ਇਸ ਗੱਲ ਦਾ ਸੀ ਕਿ ਫੌਜੀ ਕਿਤੇ ਉਨ੍ਹਾਂ ਦੀਆਂ ਰਸੋਈਆਂ ਵਿਚ ਵੜ ਕੇ ਮੱਖਣ ਦੇ ਡੱਬੇ ਤੇ ਡਬਲ ਰੋਟੀਆਂ ਨਾ ਚੁੱਕ ਖੜਨ।
ਰੋਜ਼ਾਨਾ ਜ਼ਿੰਦਗੀ ਦੀ ਮਸ਼ੀਨ ਖਲੋ ਜਿਹੀ ਗਈ। ਦੁਕਾਨਾਂ ਬੰਦ ਪਈਆਂ ਸਨ ਤੇ ਸੜਕਾਂ ਸੁੰਨ-ਮਸਾਨ। ਕਦੇ ਕੋਈ ਟਾਂਵਾਂ ਟਾਂਵਾ ਸ਼ਹਿਰੀ ਕਿਸੇ ਕੰਧ ਦੇ ਉਹਲੇ ਹੋ ਕੇ ਬਿੱਲੀ ਵਾਂਗ ਦੁਬਕਿਆ ਹੋਇਆ ਲੰਘਦਾ ਦਿਖਾਈ ਦਿੰਦਾ ਸੀ। ਮੁਕਦੀ ਗੱਲ, ਹਰ ਬੰਦਾ ਦੁਸ਼ਮਣ ਦੇ ਆਉਣ ਦੀ ਉਡੀਕ ਵਿਚ ਸੀ। ਦੂਜੇ ਦਿਨ ਦੁਪਹਿਰੇ ਬਹੁਤ ਸਾਰੇ ਘੋੜ ਸਵਾਰ ਪਤਾ ਨਹੀਂ ਕਿਹੜੇ ਰਸਤਿਉਂ ਸ਼ਹਿਰ ਵਿਚ ਆ ਵੜੇ। ਇਸ ਤੋਂ ਕੁਝ ਚਿਰ ਬਾਅਦ ਸਾਹਮਣੀ ਪਹਾੜੀ (ਸੇਂਟ ਕੈਥੇਰਿਨ ਹਿੱਲ) ਉੁਤੇ ਧੁੰਦਲਾ ਜਿਹਾ ਮਨੁੱਖੀ ਇਕੱਠ ਦਿਖਾਈ ਦਿਤਾ। ਇਸ ਤੋਂ ਛੁੱਟ ਜਰਮਨ ਫੌਜਾਂ ‘ਡਾਰਨੇਟਲ’ ਤੋਂ ‘ਬੋਈਸ ਬਿਲੋਮ’ ਦੀਆਂ ਦੋ ਸੜਕਾਂ ‘ਤੇ ਨਜ਼ਰੀ ਆਈਆਂ। ਇਨ੍ਹਾਂ ਤਿੰਨਾਂ ਹੀ ਪਲਟਣਾਂ ਦੇ ਅਫਸਰ ਠੀਕ ਇਕੋ ਸਮੇਂ ਸ਼ਹਿਰ ਦੇ ‘ਡੀ ਹੋਟਲ’ ਜਿਹੜਾ ਚੌਕ ਦੇ ਐਨ ਵਿਚਕਾਰ ਸੀ, ਵਿਚ ਆਣ ਵੜੇ।
ਹੌਲੀ-ਹੌਲੀ ਰੋਈਨ ਦੇ ਸਾਰੇ ਬਾਜ਼ਾਰ ਜਰਮਨ ਸਿਪਾਹੀਆਂ ਨੇ ਭਰ ਘੱਤੇ। ਉਨ੍ਹਾਂ ਦੇ ਮੇਚਵੇਂ ਕਦਮਾਂ ਦੀਆਂ ਥੱਪ-ਥੱਪ ਆਵਾਜ਼ਾਂ ਸਾਰੇ ਸ਼ਹਿਰ ਵਿਚ ਗੂੰਜਣ ਲੱਗੀਆਂ ਤੇ ਸਿਪਾਹੀਆਂ ਦੀ ‘ਘਬਰ ਘਬਰ’ ਓਪਰੀ ਬੋਲੀ ਘਰਾਂ ਦੀਆਂ ਖਿੜਕੀਆਂ ਨਾਲ ਟਕਰਾਉਣ ਲੱਗੀ। ਸਭ ਬੂਹੇ ਬਾਰੀਆਂ ਬੰਦ ਸਨ, ਤੇ ਉਨ੍ਹਾਂ ਦੇ ਪਿਛੇ ਹਜ਼ਾਰਾਂ ਸਹਿਮੀਆਂ ਅੱਖਾਂ, ਝੀਤਾਂ ਥਾਣੀਂ ਜੇਤੂ ਦੁਸ਼ਮਣਾਂ ਦੇ ਖੂਨੀ ਮੂੰਹਾਂ ਉਥੇ ਗੱਡੀਆਂ ਹੋਈਆਂ ਸਨ।
ਜੰਗੀ ਅਧਿਕਾਰਾਂ ਅਨੁਸਾਰ ਇਹ ਜਰਮਨ ਸਿਪਾਹੀ ਹੁਣ ਇਸ ਸ਼ਹਿਰ ਦੀ ਹਰ ਚੀਜ਼, ਤੇ ਹਰ ਆਦਮੀ ਦੇ ਮਾਲਕ ਸਨ। ਸਾਰੇ ਸ਼ਹਿਰੀ ਆਪੋ-ਆਪਣੇ ਹਨੇਰੇ ਕਮਰਿਆਂ ਵਿਚ ਇਸ ਤਰ੍ਹਾਂ ਘਾਬਰੇ ਬੈਠੇ ਸਨ ਜਿਵੇਂ ਉਨ੍ਹਾਂ ‘ਤੇ ਮੌਤ ਮੰਡਲਾ ਰਹੀ ਹੈ।
ਅਚਾਨਕ ਭੁਚਾਲ ਆ ਜਾਣ ਕਰ ਕੇ ਜਿਸ ਤਰ੍ਹਾਂ ਸਭ ਕੁਝ ਤਹਿਸ-ਨਹਿਸ ਹੋ ਜਾਂਦਾ ਹੈ, ਨਦੀਆਂ ਵਿਚ ਹੜ੍ਹ ਆ ਜਾਂਦਾ ਹੈ, ਤੇ ਉਸ ਦੀਆਂ ਲ਼ਹਿਰਾਂ ਵਿਚ ਮਨੁੱਖ ਪਸ਼ੂ ਆਦਿ ਸਭ ਕੁਝ ਰੁੜ੍ਹਨਾ ਸ਼ੁਰੂ ਹੋ ਜਾਂਦਾ ਹੈ; ਇਸੇ ਤਰ੍ਹਾਂ ਦੁਸ਼ਮਣ ਦੀਆਂ ਜੇਤੂ ਫੌਜਾਂ ਜਿਹੜੀਆਂ ਜਾਨ ਬਚਾਉਣ ਲਈ ਨੱਸਦੇ ਲੋਕਾਂ ਨੂੰ ਸੰਗੀਨਾਂ ਨਾਲ ਪਰੋਣ ਵਿਚ ਸੁਆਦ ਦਾ ਅਨੁਭਵ ਕਰਦੀਆਂ, ਤੇ ਲੁਕੇ ਬੈਠਿਆਂ ਨੂੰ ਕੈਦੀ ਬਣਾਉਣ ਵਿਚ ਆਪਣੇ ਫ਼ਰਜ਼ ਦੀ ਪੂਰਤੀ ਖਿਆਲ ਕਰਦੀਆਂ ਹਨ, ਅਥਵਾ ਜਿੱਤ ਦੀ ਖੁਸ਼ੀ ਵਿਚ ਲੁੱਟ-ਮਾਰ ਦਾ ਬਜ਼ਾਰ ਗਰਮ ਕਰਦੀਆਂ ਹੋਈਆਂ ਰੱਬ ਦਾ ਧੰਨਵਾਦ ਕਰਦੀਆਂ ਹਨ; ਇਨ੍ਹਾਂ ਹੀ ਬੇਜੋੜ ਹੋਣੀਆਂ ਨੂੰ ਵੇਖ-ਵੇਖ ਕੇ ਰੱਬੀ ਇਨਸਾਫ਼ ਤੋਂ ਲੋਕਾਂ ਦਾ ਵਿਸ਼ਵਾਸ ਉਠ ਜਾਂਦਾ ਹੈ। ਇਸ ਦੇ ਨਾਲ ਹੀ ਬਾਲਪਣੇ ਤੋਂ ਸਾਨੂੰ ਜਿਹੜਾ ਰੱਬ ‘ਤੇ ਵਿਸ਼ਵਾਸ ਰੱਖਣ ਦਾ ਸਬਕ ਸਿਖਾਇਆ ਜਾਂਦਾ ਹੈ, ਉਹ ਵੀ ਜਾਂਦਾ ਰਹਿੰਦਾ ਹੈ।
ਜਰਮਨਾਂ ਦੇ ਛੋਟੇ-ਛੋਟੇ ਟੋਲੇ ਹਰ ਮਕਾਨ ਦੇ ਬੂਹੇ ਜਾ ਖੜਕਾਉਂਦੇ। ਜੇ ਕੋਈ ਰਜ਼ਾਮੰਦੀ ਨਾਲ ਖੋਲ੍ਹ ਦਿੰਦਾ ਤਾਂ ਭਲੀ ਵਾਹਵਾ; ਨਹੀਂ ਤਾਂ ਬੰਦੂਕਾਂ ਦੇ ਕੁੰਦਿਆਂ ਨਾਲ ਤੋੜ ਸੁੱਟਦੇ। ਫ਼ਿਰ ਅੰਦਰ ਜਾ ਕੇ ਘਰ ਵਾਲਿਆਂ ਨੂੰ ਬਿਨਾਂ ਕੁਝ ਕਿਹਾਂ-ਸੁਣਿਆਂ, ਸਾਰੇ ਘਰ ਨੂੰ ਪਿਉ-ਦਾਦੇ ਦੀ ਵਿਰਾਸਤ ਸਮਝ ਕੇ ਪਥੱਲਾ ਮਾਰ ਬਹਿੰਦੇ ਹਨ। ਕੁਝ ਨਾ ਕਹਿਣ ਦੀ ਮਿਹਰਬਾਨੀ ਵੀ ਇਸ ਲਈ ਕਰਦੇ ਸਨ ਕਿ ਅਫ਼ਸਰਾਂ ਵੱਲੋਂ ਉਨ੍ਹਾਂ ਲੋਕਾਂ ਨੂੰ ਖਾਸ ਤੌਰ ‘ਤੇ ਚਿਤਾਵਨੀ ਕੀਤੀ ਗਈ ਸੀ ਕਿ ਕਿਸੇ ਸ਼ਹਿਰੀ ਨਾਲ ਬਦਸਲੂਕੀ ਨਾ ਕਰਨ। ਇਸ ਨਿਮਰਤਾ ਦਾ ਕਾਰਨ ਸ਼ਾਇਦ ਇਹ ਸੀ ਕਿ ਇੰਨ੍ਹੀਂ ਦਿਨੀਂ ਜਰਮਨ ਸਿਪਾਹੀਆਂ ਦੇ ਵਹਿਸ਼ੀਪੁਣੇ ਦੀ ਚਰਚਾ ਬਹੁਤ ਵਧ ਗਈ ਸੀ ਜਿਸ ਕਰਕੇ ਇਨ੍ਹਾਂ ਲੋਕਾਂ ਨੂੰ ਉਪਰੋਂ ਹੀ ਕੋਈ ਇਹੋ ਜਿਹਾ ਹੁਕਮ ਆਇਆ ਜਾਪਦਾ ਸੀ।
ਥੋੜ੍ਹੀ ਦੇਰ ਮਗਰੋਂ, ਜਦ ਪਹਿਲਾ ਸਹਿਮ ਕੁਝ ਕੱਸਾ ਹੋ ਗਿਆ, ਤਾਂ ਹੌਲੀ-ਹੌਲੀ ਸ਼ਹਿਰ ਵਿਚ ਫੇਰ ਨਵੇਂ ਸਿਰਿਉਂ ਟਾਂਵੀਂ-ਟਾਂਵੀਂ ਰੌਣਕ ਦਿਸਣ ਲੱਗੀ। ਬਹੁਤ ਸਾਰੇ ਘਰੀਂ ਜਰਮਨ ਅਫ਼ਸਰ, ਘਰਵਾਲਿਆਂ ਨਾਲ ਰਲ ਕੇ ਇਕੋ ਮੇਜ਼ ਉਤੇ ਖਾਂਦੇ-ਪੀਂਦੇ ਦਿਖਾਈ ਦੇਣ ਲੱਗੇ। ਅਫ਼ਸਰ ਲਗਭਗ ਸਾਰੇ ਹੀ ਬੜੇ ਚਾਪਲੂਸ ਤੇ ਮੀਸਣੇ ਸਨ। ਉਹ ਉਤੋਂ-ਉਤੋਂ ਫ਼ਰਾਂਸੀਸੀਆਂ ਨਾਲ ਖੂਬ ਹਮਦਰਦੀ ਭਰਿਆ ਵਰਤਾਉ ਕਰਦੇ, “ਸਾਨੂੰ ਤਾਂ ਐਵੇਂ ਬਦੋ-ਬਦੀ ਲੜਾਈ ਵਿਚ ਧੱਕ ਦਿੱਤਾ ਗਿਆ ਹੈ, ਨਹੀਂ ਤਾਂ ਸਾਨੂੰ ਕੀ ਲੋੜ ਸੀ ਤੁਹਾਨੂੰ ਤੰਗ ਕਰਨ ਦੀæææ ।” ਤੇ ਸ਼ਹਿਰ ਦੇ ਕਈ ਬੁਟਰੂ ਲੋਕ ਇਨ੍ਹਾਂ ਬਗਲੇ ਭਗਤਾਂ ਦੀਆਂ ਗੱਲਾਂ ਦਾ ਇਤਬਾਰ ਕਰ ਕੇ ਉਨ੍ਹਾਂ ਦਾ ਧੰਨਵਾਦ ਕਰਨ ਲੱਗ ਪੈਂਦੇ। ਇਸ ਤੋਂ ਛੁੱਟ ਸ਼ਹਿਰੀਆਂ ਨੂੰ ਇਹ ਵੀ ਤਾਂ ਦਿਸਦਾ ਸੀ ਕਿ ਛੁੱਟ ‘ਜੀ ਹਜ਼ੂਰ’ ਕਹਿਣ ਤੋਂ ਹੋਰ ਉਨ੍ਹਾਂ ਦੀ ਵਾਹ ਹੀ ਕੀ ਹੈ! ਹੋਰ ਨਹੀਂ ਤਾਂ ਇਸ ਮਿੱਠ-ਪਿਆਰ ਸਦਕਾ ਉਹ ਆਪਣੇ ਮਕਾਨਾਂ ਵਿਚ ਪ੍ਰਾਹੁਣਿਆਂ ਦੀ ਗਿਣਤੀ ਘੱਟ ਕਾਰਨ ਵਿਚ ਹੀ ਕੁਝ ਸਫ਼ਲ ਹੋ ਸਕਦੇ ਹਨ। ਨਾਲੇ ਨੀਤੀ ਦੇ ਨੁਕਤੇ ਤੋਂ ਵੀ ਉਹ ਲੋਕ ਉਸ ਆਦਮੀ ਦੇ ਗੁੱਸੇ ਨੂੰ ਭੜਕਾਉਣਾ ਨਹੀਂ ਸਨ ਚਾਹੁੰਦੇ ਜਿਸ ਦਾ ਇਕ ਇਸ਼ਾਰਾ ਉਨ੍ਹਾਂ ਦੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਹੋ ਸਕਦਾ ਸੀ। ਰੋਈਨ ਵਾਸੀਆਂ ਵਿਚ ਬੀਰਤਾ ਦੀ ਥਾਂ ਹੁਣ ਸਿਥਲਤਾ ਵਧੇਰੇ ਫੈਲੀ ਹੋਈ ਸੀ। ਉਹ ਜਦ ਆਪੋ ਵਿਚ ਗੱਲਾਂ ਕਰਦੇ, ਤਾਂ ਆਪਣੀਆਂ ਇਖਲਾਕੀ ਕਮਜ਼ੋਰੀਆਂ ਲੁਕਾਉਣ ਲਈ ਇਕ-ਦੂਜੇ ਨੂੰ ਕਹਿੰਦੇ, “ਬਈ, ਈਸਾ ਮਸੀਹ ਦਾ ਵੀ ਤਾਂ ਇਹੋ ਹੁਕਮ ਹੈ ਕਿ ਘਰ ਆਏ ਪ੍ਰਾਹਣੇ ਦਾ ਸਤਿਕਾਰ ਕਰੋ। ਇਕ ਗੱਲ੍ਹ ‘ਤੇ ਜੇ ਕੋਈ ਚਪੇੜ ਮਾਰੇ ਤਾਂ ਦੂਜੀ ਵੀ ਉਸ ਦੇ ਅੱਗੇ ਕਰ ਦਿਉæææ।”
ਹੌਲੀ-ਹੌਲੀ ਸਾਰੇ ਲੋਕ ਇਸ ਨਵੀਂ ਗੁਲਾਮੀ ਦੇ ਆਦੀ ਹੋ ਗਏ। ਬਾਜ਼ਾਰਾਂ ਵਿਚ ਅੱਗੇ ਵਾਂਗ ਹੀ ਸੌਦਾ ਸੂਤ ਵਿਕਣ ਲੱਗਾ; ਤਾਂ ਵੀ ਫਰਾਂਸੀਸੀ ਲੋਕ ਸ਼ਹਿਰ ਤੋਂ ਬਾਹਰ ਬਹੁਤ ਘੱਟ ਜਾ ਸਕਦੇ ਸਨ। ਸਾਰੀਆਂ ਸੜਕਾਂ ‘ਤੇ ਜਰਮਨ ਸੰਤਰੀ ਖੜ੍ਹੇ ਸਨ। ਜਰਮਨਾਂ ਦਾ ਰਵੱਈਆ ਜਿਵੇਂ ਹੁਣ ਉਨ੍ਹਾਂ ਲੋਕਾਂ ਨੂੰ ਬੁਰਾ ਨਹੀਂ ਸੀ ਲਗਦਾ। ਕਈ ਸ਼ਹਿਰੀਆਂ ਨੇ ਤਾਂ ਇਨ੍ਹਾਂ ਜੇਤੂ ਭੂਤਨਿਆਂ ਨਾਲ ਚੋਖਾ ਮੇਲ-ਗੇਲ ਵੀ ਵਧਾ ਲਿਆ ਜਾਪਦਾ ਸੀ, ਪਰ ਇਤਨਾ ਹੋਣ ‘ਤੇ ਵੀ ਕੋਈ ਇਕ ਗੱਲ ਨਹੀਂ ਹੈ ਸੀ। ਉਹ ਅਨੁਭਵ ਕਰਦੇ ਸਨ ਜਿਵੇਂ ਉਨ੍ਹਾਂ ਦੇ ਘਰਾਂ ਵਿਚ ਕੋਈ ਬਦਬੂਦਾਰ ਚੀਜ਼ ਵੜੀ ਹੋਈ ਹੈ। ਜਰਮਨਾਂ ਦਾ ਆਮ ਵਰਤਾਉ ਭਾਵੇਂ ਇੰਨਾ ਮਾੜਾ ਨਹੀਂ ਸੀ, ਤਾਂ ਵੀ ਹਰ ਕੋਈ ਆਪਣੇ ਆਪ ਨੂੰ ਕਿਸੇ ਅਸਹਿ ਭਾਰ ਹੇਠ ਦੱਬਿਆ ਮਹਿਸੂਸ ਕਰਦਾ ਸੀ। ਅੰਦਰੇ-ਅੰਦਰ ਸਾਰੇ ਹੀ ਅਰਦਾਸ ਕਰਦੇ, ‘ਹੇ ਰੱਬਾ! ਛੇਤੀ ਹੀ ਇਨ੍ਹਾਂ ਦੈਂਤਾਂ ਤੋਂ ਸਾਡੀ ਜਿੰਦ ਛੁਡਾ।’
ਜੇਤੂਆਂ ਨੇ ਸ਼ਹਿਰਾਂ ਦੀ ਲਗਭਗ ਸਾਰੀ ਦੌਲਤ ਕਬਜ਼ੇ ਹੇਠ ਕਰ ਲਈ। ਉਨ੍ਹਾਂ ਜੋ ਕੁਝ ਮੰਗਿਆ, ਲੋਕਾਂ ਬਿਨਾਂ ਹੀਲ-ਹੁੱਜਤ ਹਾਜ਼ਰ ਕੀਤਾ, ਕਿਉਂਕਿ ਇਸ ਸ਼ਹਿਰ ਦੇ ਲਗਭਗ ਸਾਰੇ ਵਾਸੀ ਅਮੀਰ ਤਬਕੇ ਦੇ ਸਨ। ਫਿਰ ਵੀ ਕਿਤੇ-ਕਿਤੇ ਸ਼ਹਿਰ ਦੇ ਛੇ-ਸੱਤ ਮੀਲਾਂ ਦੇ ਵਿਚਾਲੇ ਦਰਿਆ ਦੇ ਹੇਠਲੇ ਪਾਸੇ ਵੱਲ ਮਲਾਹ ਤੇ ਮਾਛੀ ਕਦੀ-ਕਦੀ ਇਕ-ਅੱਧ ਜਰਮਨ ਦੀ ਲੋਥ ਰੁੜ੍ਹਦੀ ਵੇਖਦੇ ਸਨ। ਉਹ ਉਸ ਨੂੰ ਪਾਣੀ ਵਿਚੋਂ ਬਾਹਰ ਕੱਢ ਲਿਆਉਂਦੇ ਸਨ। ਵਰਦੀ ਵਿਚ ਉਸ ਦੀ ਫੁੱਲੀ ਹੋਈ ਲੋਥ ਨੂੰ ਦੇਖ ਕੇ ਉੁਹ ਸਮਝ ਜਾਂਦੇ ਸਨ ਕਿ ਇਸ ਨੂੰ ਛੁਰੀ ਜਾਂ ਡੰਡੇ ਦੀ ਮਦਦ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ; ਅਥਵਾ ਉਸ ਦਾ ਸਿਰ ਪੱਥਰ ਨਾਲ ਫਿੱਥਾ ਹੋਇਆ ਮਲੂਮ ਹੁੰਦਾ ਸੀ। ਇਸ ਤੋਂ ਇਕ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਇਸ ਸ਼ਹਿਰ ਵਿਚ ਅਜੇ ਤੱਕ ਕੋਈ ਇਕ-ਅਧ ਬੀਰ ਆਤਮਾ ਹੈ ਜਿਹੜੀ ਇਸ ਵਿਦੇਸੀ ਹਕੂਮਤ ਤੋਂ ਘ੍ਰਿਣਤ ਹੋ ਕੇ ਹੀ ਇਕ-ਅਧ ਜਰਮਨ ਦਾ ਖੂਨ ਕਰ ਕੇ ਆਪਣੇ ਅੰਦਰ ਦੀ ਅੱਗ ਬੁਝਾ ਰਹੀ ਹੈ।
ਖੈਰ, ਦਿਨ ਲੰਘਦੇ ਗਏ। ਹੌਲੀ-ਹੌਲੀ ਸਭ ਕੁਝ ਅੱਗੇ ਵਾਂਗ ਹੀ ਹੋਣ ਲੱਗਾ। ਇਸ ਸ਼ਹਿਰ ਦੇ ਕੁਝ ਵੱਡੇ ਵਪਾਰੀ ਜਿਨ੍ਹਾਂ ਦਾ ਬਾਹਰਲਾ ਕਾਰੋਬਾਰ ਇਸ ਰੌਲੇ-ਰੱਪੇ ਕਰ ਕੇ ਬੰਦ ਪਿਆ ਸੀ, ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀਆਂ ਵਿਉਂਤਾਂ ਸੋਚਣ ਲੱਗੇ। ਲੜਾਈ ਦੇ ਖੱਪ-ਖਾਨੇ ਕਰ ਕੇ ਬਾਹਰਲੀਆਂ ਮੰਡੀਆਂ ਨਾਲੋਂ ਉਨ੍ਹਾਂ ਦਾ ਸਬੰਧ ਟੁੱਟ ਚੁੱਕਾ ਸੀ ਜਿਸ ਨੂੰ ਨਵੇਂ ਸਿਰੇ ਤੋਂ ਜੋੜਨ ਦੇ ਇਰਾਦੇ ਨਾਲ ਕੁਝ ਉਘੇ ਵਪਾਰੀਆਂ ਨੇ ਹਾਵਰੇ ਸ਼ਹਿਰ ਜਾਣ ਦੀ ਸਲਾਹ ਕੀਤੀ। ਹਾਵਰੇ ਇਨ੍ਹੀ ਦਿਨੀਂ ਫ਼ਰਾਂਸੀਸੀ ਰਾਜ ਦੇ ਅਧਿਕਾਰ ਵਿਚ ਸੀ। ਇਨ੍ਹਾਂ ਲੋਕਾਂ ਨੇ ਸੋਚਿਆ ਕਿ ਜੇ ਇਥੋਂ ਦੇ ਜਰਮਨ ਹਾਕਮ ਸਾਨੂੰ ਆਗਿਆ ਦੇ ਦੇਣ ਤਾਂ ਅਸੀਂ ਖੁਸ਼ਕੀ ਰਾਹੀਂ (ਸੜਕ ਰਾਸਤੇ) ਸੁਖਾਲੇ ਹੀ ਹਾਵਰੇ ਪਹੁੰਚ ਜਾਵਾਂਗੇ। ਅਖੀਰ ਬਹੁਤ ਸਾਰੀ ਦੌੜ-ਭੱਜ ਤੇ ਮਿੰਨਤ-ਖੁਸ਼ਾਮਦ ਮਗਰੋਂ ਕੁਝ ਵਪਾਰੀਆਂ ਨੂੰ ਸ਼ਹਿਰੋਂ ਬਾਹਰ ਜਾਣ ਲਈ ਰਾਹਦਾਰੀ ਮਿਲ ਗਈ। ਇਹੋ ਜਿਹੇ ਹੀ ਤਿੰਨਾਂ ਵਪਾਰੀਆਂ ਨੇ ਰਾਹਦਾਰੀ ਲੈ ਕੇ ਹਾਵਰੇ ਜਾਣ ਲਈ ਗੱਡੀ ਕਿਰਾਏ ‘ਤੇ ਕਰ ਲਈ। ਜਾਣ ਲਈ ਦਸਾਂ ਮੁਸਾਫਿਰਾਂ ਨੇ ਨਾਂ ਲਿਖਾਏ ਅਤੇ ਅਖੀਰ ਮੰਗਲਵਾਰ ਮੂੰਹ ਹਨੇਰੇ ਤੁਰਨ ਦਾ ਪੱਕਾ ਫੈਸਲਾ ਕੀਤਾ ਗਿਆ।
ਰੁੱਤ ਸਿਆਲ ਦੀ ਸੀ, ਤੇ ਇੱਧਰ ਕੁਝ ਦਿਨਾਂ ਤੋਂ ਬਰਫ਼ ਵੀ ਚੋਖੀ ਪੈ ਰਹੀ ਸੀ। ਸੋਮਵਾਰ ਦੀ ਦੁਪਹਿਰੇ ਲਗਭਗ ਤਿੰਨ ਵਜੇ ਆਕਾਸ਼ ਉਤੇ ਬੱਦਲ ਘਿਰ ਆਏ। ਉਸ ਦਿਨ, ਤੇ ਨਾਲੇ ਸਾਰੀ ਰਾਤ ਬਰਫ਼ ਪੈਂਦੀ ਰਹੀ।
ਮੰਗਲਵਾਰ ਸਵੇਰੇ ਚਾਰ ਵਜੇ ਤੱਕ ਸਾਰੇ ਯਾਤਰੀ ਆਪੋ-ਆਪਣਾ ਲਟਾ-ਪਟਾ ਲਈ ਨਿਯਤ ਥਾਂਵੇਂ ਆਣ ਇਕੱਠੇ ਹੋਏ। ਸਭ ਦੀਆਂ ਅੱਖਾਂ ਵਿਚ ਨੀਂਦਰ ਰੜਕ ਰਹੀ ਸੀ। ਸਾਰੇ ਗਰਮ ਕੱਪੜਿਆਂ ਵਿਚ ਵੀ ਸਰਦੀ ਨਾਲ ਕੰਬ ਰਹੇ ਸਨ। ਹਨੇਰੇ ਕਰ ਕੇ ਉਹ ਇਕ-ਦੂਜੇ ਨੂੰ ਵੇਖ ਵੀ ਨਹੀਂ ਸਨ ਸਕਦੇ। ਲੰਮੇ ਕਾਲੇ ਓਵਰਕੋਟ ਪਾਈ ਉਹ ਸਾਰੇ ਪਾਦਰੀਆਂ ਵਾਂਗ ਮਲੂਮ ਹੁੰਦੇ ਸਨ, ਪਰ ਤਿੰਨ ਆਦਮੀ ਇਕ-ਦੂਜੇ ਦੇ ਵਾਕਫ਼ ਜਾਪਦੇ ਸਨ। ਤਿੰਨੇ ਆਪੋ ਵਿਚ ਗੱਲਾਂ ਕਰਨ ਲੱਗੇ।
ਇਕ ਨੇ ਕਿਹਾ, “ਮੈਂ ਆਪਣੀ ਸ੍ਰੀਮਤੀ ਜੀ ਨੂੰ ਵੀ ਨਾਲ ਲਿਜਾ ਰਿਹਾ ਹਾਂ।” ਦੂਜਾ ਬੋਲਿਆ, “ਮੈਂ ਵੀ।” ਤੇ ਤੀਜੇ ਨੇ ਕਿਹਾ, “ਮੇਰੀ ਘਰਵਾਲੀ ਵੀ ਮੇਰੇ ਨਾਲ ਹੈ।” ਪਹਿਲੇ ਨੇ ਫ਼ਿਰ ਕਿਹਾ, “ਅਸਾਂ ਹੁਣ ਮੁੜ ਕੇ ਇੱਥੇ ਨਹੀਂ ਆਉਣਾ। ਹਾਵਰੇ ਪਹੁੰਚਣ ਤੋਂ ਬਾਅਦ ਸਿੱਧੇ ਇੰਗਲੈਂਡ ਚਲੇ ਜਾਵਾਂਗੇ।” ਇਹ ਤਿੰਨੇ ਯਾਤਰੀ ਇਕੋ ਸੁਭਾਉ ਦੇ ਮਲੂਮ ਹੁੰਦੇ ਸਨ।
ਅਜੇ ਤੱਕ ਗੱਡੀ ਨੂੰ ਘੋੜੇ ਨਹੀਂ ਜੋਏ ਗਏ। ਤਵੇਲੇ ਦਾ ਮੁੰਡੂ ਨਿਕੀ ਜਿਹੀ ਲਾਲਟੈਣ ਫੜੀ ਕਦੀ ਇਕ ਪਾਸੇ, ਕਦੀ ਦੂਜੇ ਪਾਸੇ ਚਲਾ ਜਾਂਦਾ ਸੀ। ਤਵੇਲੇ ਵਿਚੋਂ ਘੋੜਿਆਂ ਦੇ ਖੁਰਾਂ ਦੀ ਨਰਮ-ਨਰਮ ਅਵਾਜ਼ ਜਿਹੜੀ ਘਾਹ ਉਤੇ ਵੱਜਣ ਕਰ ਕੇ ਆ ਰਹੀ ਸੀ, ਯਾਤਰੂਆਂ ਦਾ ਧੀਰਜ ਬੰਨਾਉਂਦੀ ਸੀ।
ਹੋਰ ਥੋੜ੍ਹੀ ਦੇਰ ਨੂੰ ਤਵੇਲੇ ਦੇ ਸਿਰੇ ਵਾਲੇ ਕਮਰੇ ਵਿਚੋਂ ਕਿਸੇ ਆਦਮੀ ਦੀ ਆਵਾਜ਼ ਸੁਣਾਈ ਦਿੱਤੀ, ਫ਼ਿਰ ਜਾਨਵਰਾਂ ਨੂੰ ਡਾਂਟਣ ਫਟਕਾਰਨ ਦੀ, ਤੇ ਇਸ ਤੋਂ ਬਾਅਦ ਘੰਟੀ ਦੀ; ਜਿਸ ਤੋਂ ਜਾਪਦਾ ਸੀ ਕਿ ਗੱਡੀ ਜੁਪ ਰਹੀ ਹੈ। ਹੁਣ ਇਹ ਝਣਝਣਾਟ ਸਪਸ਼ਟ ਹੁੰਦੀ ਆ ਰਹੀ ਸੀ, ਜਿਹੜੀ ਘੋੜਿਆਂ ਦੀ ਤੋਰ ਅਨੁਸਾਰ ਕਦੀ ਤੇਜ਼ ਕਦੀ ਧੀਮੀ ਹੋ ਜਾਂਦੀ ਸੀ। ਇਸ ਤੋਂ ਬਾਅਦ ਜ਼ੋਰ ਦੀ ਆਵਾਜ਼ ਸੁਣਾਈ ਦਿੱਤੀ- ਲੋਹੇ ਦੀਆਂ ਨਾਲਾਂ ਜੜੇ ਖੁਰਾਂ ਨਾਲ ਜ਼ਮੀਨ ਖਰੋਚਣ ਦੀ।
ਅਚਾਨਕ ਤਵੇਲੇ ਦਾ, ਗੱਡੀਵਾਨ ਦੀ ਕੋਠੜੀ ਵਾਲਾ ਬੂਹਾ ਬੰਦ ਹੋ ਗਿਆ। ਸਾਰਾ ਹੱਲਾ-ਗੁੱਲਾ ਸ਼ਾਂਤ ਹੋ ਗਿਆ। ਬਰਫ਼ ਦੇ ਪਾਲੇ ਨਾਲ ਠਰੇ ਹੋਏ ਯਾਤਰੂ ਚੁੱਪ-ਚਾਪ ਖੜ੍ਹੇ ਸਰਦੀ ਨਾਲ ਜਿਵੇਂ ਆਕੜਦੇ ਜਾ ਰਹੇ ਸਨ।
ਚਮਕਦੀ ਹੋਈ ਬਰਫ਼ ਦੀ ਚਿੱਟੀ ਫੁਹਾਰ ਬਰਾਬਰ ਜ਼ਮੀਨ ਉਤੇ ਪੈ ਰਹੀ ਸੀ। ਮਾਨੋ ਸਾਰੀ ਸ੍ਰਿਸ਼ਟੀ ਬਰਫ਼ ਵਿਚ ਢਕੀ ਗਈ ਸੀ। ਸਾਰੇ ਸ਼ਹਿਰ ਵਿਚ ਠੰਢੀ ਜਿਹੀ ਖਾਮੋਸ਼ੀ ਛਾਈ ਹੋਈ ਸੀ। ਕਿਤੇ ਕੁਝ ਵੀ ਸੁਣਾਈ ਜਾਂ ਦਿਖਾਈ ਨਹੀਂ ਸੀ ਦੇ ਰਿਹਾ। ਕੇਵਲ ਕਿਸੇ-ਕਿਸੇ ਵੇਲੇ ਬਰਫ਼ ਦਾ ਕੋਈ ਉਚੇਰਾ ਢੇਰ ਡਿਗਣ ਦਾ ਮਾੜਾ ਜਿਹਾ ਖੜਾਕ ਹੁੰਦਾ ਸੀ; ਖੜਾਕ ਨਹੀਂ ਬਲਕਿ ਉਸ ਨੂੰ ਖਾਮੋਸ਼ੀ ਦਾ ਹਉਕਾ ਹੀ ਕਹਿਣਾ ਚਾਹੀਦਾ ਹੈ।
ਇਕ ਆਦਮੀ ਲਾਲਟੈਣ ਲੈ ਕੇ ਉਸੇ ਤਵੇਲੇ ਲਾਗਲੀ ਛੱਤ ਹੇਠੋਂ ਨਿਕਲਿਆ, ਰੱਸੀ ਦੇ ਸਹਾਰੇ ਉਸ ਦੇ ਮਗਰੇ ਮਗਰ ਭਾਰੇ ਖੁਰਾਂ ਵਾਲਾ ਘੋੜਾ ਸੁਸਤ ਜਿਹੀ ਚਾਲੇ ਤੁਰਿਆ ਆ ਰਿਹਾ ਸੀ। ਸਾਫ਼ ਲੱਗਦਾ ਸੀ ਕਿ ਘੋੜਾ ਬੇਦਿਲੀ ਪ੍ਰਗਟ ਕਰ ਰਿਹਾ ਹੈ। ਕੋਚਵਾਨ ਨੇ ਉਸ ਨੂੰ ਲਿਜਾ ਕੇ ਥਮਲੇ ਨਾਲ ਬੰਨ੍ਹ ਦਿੱਤਾ, ਤੇ ਥੋੜ੍ਹਾ ਚਿਰ ਉਸ ਦੇ ਕੋਲ ਖੜ੍ਹੋ ਕੇ ਵੇਖਦਾ ਰਿਹਾ ਕਿ ਉਸ ਦਾ ਸਾਰਾ ਸਾਜ਼-ਸਾਮਾਨ ਠੀਕ-ਠਾਕ ਹੈ ਕਿ ਨਹੀਂ; ਤੇ ਇਸ ਤੋਂ ਮਗਰੋਂ ਉਹ ਜਿਉਂ ਹੀ ਦੂਜਾ ਘੋੜਾ ਲਿਆਉਣ ਲਈ ਮੁੜਿਆ, ਯਾਤਰੀਆਂ ਦਾ ਉਹ ਚੁੱਪ-ਚਾਪ ਖੜੋਤਾ ਜੱਥਾ ਜਿਹੜਾ ਬਰਫ਼ ਪੈਣ ਕਰ ਕੇ ਚਿੱਟਾ ਹੁੰਦਾ ਜਾ ਰਿਹਾ ਸੀ, ਹਿਲਦਾ ਦਿਖਾਈ ਦਿੱਤਾ।
ਗੱਡੀਵਾਨ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸਾਰੇ ਗੱਡੀ ਦੇ ਅੰਦਰ ਕਿਉਂ ਨਹੀਂ ਜਾ ਬੈਠਦੇ, ਘੱਟੋ-ਘੱਟ ਬਰਫ਼ ਤੋਂ ਤਾਂ ਬਚੇ ਰਹੋਗੇ।”
ਸ਼ਾਇਦ ਸਾਰਿਆਂ ਵਿਚੋਂ ਕਿਸੇ ਨੂੰ ਵੀ ਹੁਣ ਤੱਕ ਇਹ ਗੱਲ ਨਹੀਂ ਸੀ ਸੁੱਝੀ। ਝਟਪਟ ਸਾਰੇ ਗੱਡੀ ਵਿਚ ਚੜ੍ਹਨ ਲੱਗੇ। ਵਹੁਟੀਆਂ ਵਾਲੇ ਉਸ ਤਰੇਗੜੇ ਨੇ ਵੀ ਆਪੋ-ਆਪਣੀਆਂ ਸ੍ਰੀਮਤੀਆਂ ਨੂੰ ਹੱਥ ਫੜ-ਫੜ ਕੇ ਗੱਡੀ ਵਿਚ ਸਵਾਰ ਕੀਤਾ ਤੇ ਉਨ੍ਹਾਂ ਨਾਲ ਜਾ ਬੈਠੇ। ਹੌਲੀ-ਹੌਲੀ ਸਭ ਬੈਠ ਗਏ।
ਗੱਡੀ ਦੀ ਫਰਸ਼ ਉਤੇ ਸੁੱਕਾ ਘਾਹ ਵਿਛਿਆ ਹੋਇਆ ਸੀ ਜਿਸ ਵਿਚ ਯਾਤਰੀਆਂ ਨੂੰ ਆਪਣੇ ਪੈਰ ਕੁਝ ਸੁਖਾਲੇ ਜਾਪਣ ਲੱਗੇ। ਪਾਸਿਆਂ ਦੀਆਂ ਸੀਟਾਂ ‘ਤੇ ਬੈਠੀਆਂ ਤੀਵੀਆਂ ਆਪਣੇ ਨਾਲ ਤਾਂਬੇ ਦੇ ਬਣੇ ਛੋਟੇ-ਛੋਟੇ ਫੁਟ-ਵਾਰਮਰ (ਪੈਰ ਗਰਮਾਉ) ਵੀ ਲੈ ਆਈਆਂ ਸਨ ਜਿਨ੍ਹਾਂ ਨਾਲ ਉਹ ਆਪੋ-ਆਪਣੇ ਪੈਰ ਗਰਮ ਕਰਨ ਲੱਗੀਆਂ ਤੇ ਨਾਲੋ-ਨਾਲ ਉਹ ਬੜੀ ਵਡਿੱਤਣ ਦੇ ਲਹਿਜ਼ੇ ਵਿਚ ਦੂਜੀਆਂ ਸਵਾਰੀਆਂ ਨੂੰ ਇਨ੍ਹਾਂ ਫ਼ੁਟ-ਵਾਰਮਰਾਂ ਦੇ ਗੁਣ ਦਰਸਾਉਣ ਲੱਗੀਆਂ।
ਅਖ਼ੀਰ ਗੱਡੀਵਾਨ ਨੇ ਚਹੁੰ ਦੀ ਥਾਂ ਛੇ ਘੋੜੇ ਜੋਤ ਦਿੱਤੇ। ਬਰਫ਼ ਪੈਣ ਨਾਲ ਜਦ ਸੜਕਾਂ ਖਰਾਬ ਹੋ ਜਾਂਦੀਆਂ ਸਨ, ਤਾਂ ਵਿਚਾਰੇ ਘੋੜੇ ਅੱਧਾ ਭਾਰ ਖਿੱਚਣੋਂ ਵੀ ਅਸਮਰੱਥ ਹੁੰਦੇ ਸਨ। ਤਦ ਬਾਹਰੋਂ ਕਿਸੇ ਨੇ ਪੁੱਛਿਆ, “ਕਿਉਂ ਜੀ, ਸਭ ਸਵਾਰੀਆਂ ਆ ਗਈਆਂ?” ਅੰਦਰੋਂ ਕਈ ਅਵਾਜ਼ਾਂ ਆਈਆਂ, “ਹਾਂ ਆ ਗਈਆਂ”, ਤੇ ਗੱਡੀ ਚੱਲ ਪਈ।
ਗੱਡੀ ਬੜੀ ਮੱਠੀ-ਮੱਠੀ ਜਾ ਰਹੀ ਸੀ। ਪਹੀਆਂ ਦਾ ਅੱਧ ਤੋਂ ਬਹੁਤਾ ਹਿੱਸਾ ਬਰਫ਼ ਵਿਚ ਧਸਦਾ ਜਾਂਦਾ ਸੀ। ਸਮੁੱਚਾ ਢਾਂਚਾ ਕੜ-ਕੜਾ ਰਿਹਾ ਸੀ। ਗੱਡੀਵਾਨ ਦੀ ਚਾਬਕ ਲਗਾਤਾਰ ਘੋੜਿਆਂ ਦੀਆਂ ਪਿੱਠਾਂ ‘ਤੇ ਵਰ੍ਹਦੀ ਹੋਈ ਕਦੀ ਸੱਜੇ ਕਦੀ ਖੱਬੇ ਉਡ ਰਹੀ ਸੀ। ਕਦੇ ਉਸ ਦੀ ਵੱਧਰੀ ਗੋਲ ਹੋ ਕੇ ਪਿੰਡੇ ‘ਤੇ ਲਿਪਟ ਜਾਂਦੀ, ਤੇ ਕਿਸੇ ਮਾਂਸਲ ‘ਤੇ ਵੱਜ ਕੇ ਗੱਡੀ ਦੀ ਚਾਲ ਤੇਜ਼ ਕਰ ਦਿੰਦੀ ਸੀ।
ਗੱਡੀ ਜਿੰਨੀ ਮੱਠੀ ਜਾ ਰਹੀ ਸੀ, ਦਿਨ ਉਤਨੀ ਹੀ ਤੇਜ਼ੀ ਨਾਲ ਆ ਰਿਹਾ ਸੀ। ਬਰਫ਼ ਹੁਣ ਕੁਝ ਥੰਮ੍ਹ ਚੁੱਕੀ ਸੀ। ਬੱਦਲ ਚੀਰ ਕੇ ਧੁੰਦਲਾ ਜਿਹਾ ਚਾਨਣ ਨਿਕਲਦਾ ਜਾਪਦਾ ਸੀ। ਹਾਂ, ਕਿਤੇ-ਕਿਤੇ ਬਰਫ਼ ਨਾਲ ਢਕੇ ਹੋਏ ਦਰੱਖ਼ਤਾਂ ਦੀ, ਜਾਂ ਕਿਸੇ ਮਕਾਨ ਦੀ ਬਰਫ਼ ਲੱਦੀ ਛੱਤ ਇਸ ਰੋਸ਼ਨੀ ਨੂੰ ਫਿੱਕਿਆਂ ਪਾ ਦਿੰਦੀ ਸੀ।
ਪ੍ਰਭਾਤ ਦੇ ਧੁੰਦਲੇ ਚਾਨਣ ਵਿਚ ਯਾਤਰੀਆਂ ਨੇ ਪਹਿਲੀ ਵੇਰਾਂ ਇਕ-ਦੂਜੇ ਦੀਆਂ ਸ਼ਕਲਾਂ ਗਹੁ ਨਾਲ ਵੇਖੀਆਂ। ਸਭ ਤੋਂ ਵਧੀਆ ਸੀਟਾਂ ਉਤੇ ਸ਼ਰਾਬ ਦਾ ਥੋਕ ਵਪਾਰੀ ਲੋਸ਼ੀਓ ਅਤੇ ਉਸ ਦੀ ਪਤਨੀ ਇਕ-ਦੂਜੇ ਦੇ ਨਾਲੋ-ਨਾਲ ਬੈਠੇ ਉੂਂਘ ਰਹੇ ਸਨ। ਲੋਸ਼ੀਓ ਸ਼ੁਰੂ-ਸ਼ੁਰੂ ਵਿਚ ਕਿਸੇ ਵਪਾਰੀ ਕੋਲ ਮੁਨੀਮੀ ਕਰਦਾ ਹੁੰਦਾ ਸੀ। ਸਮਾਂ ਪਾ ਕੇ ਮਾਲਕ ਦਿਵਾਲੀਆ ਹੋ ਗਿਆ ਤੇ ਉਸ ਦੀ ਫਰਮ ਮੁਨੀਮ ਨੇ ਖਰੀਦ ਲਈ ਸੀ ਜਿਸ ਵਿਚੋਂ ਉਸ ਨੂੰ ਮਾਇਆ ਦੇ ਚੰਗੇ ਗੱਫ਼ੇ ਮਿਲੇ। ਆਬਕਾਰੀ ਦੇ ਕਰਮਚਾਰੀਆਂ ਨੂੰ ਵੱਢੀਆਂ ਦੇ-ਦੇ ਕੇ ਉਹ ਸ਼ਰਾਬ ਵਿਚ ਅੱਧੋ-ਸੁੱਧ ਪਾਣੀ ਰਲਾ ਕੇ ਵੇਚਦਾ ਸੀ, ਪਰ ਕੋਈ ਉਸ ਦੀ ‘ਵਾ ਵੱਲ ਨਹੀਂ ਸੀ ਤੱਕ ਸਕਦਾ। ਬੇਈਮਾਨੀ ਤੇ ਚਾਲਬਾਜ਼ੀ ਵਿਚ ਉਹ ਨੰਬਰ ਇਕ ਆਦਮੀ ਸੀ। ਇੱਥੋਂ ਤੱਕ ਕਿ ਸਵੇਰੇ ਉਠਦਿਆਂ ਜੇ ਕੋਈ ਉਸ ਦਾ ਨਾਂ ਲੈ ਲੈਂਦਾ ਤਾਂ ਸੁਣਨ ਵਾਲੇ ਲੜਨ ਮਰਨ ‘ਤੇ ਉਤਾਰੂ ਹੋ ਜਾਂਦੇ ਸਨ। ਇਸ ਤੋਂ ਛੁਟ ਹਰ ਤਰ੍ਹਾਂ ਦੇ ਠੱਠੇ ਮਖੌਲ ਵਿਚ ਵੀ ਉਹ ਚੰਗਾ ਮਾਹਰ ਸੀ। ਉਸ ਦਾ ਕੱਦ ਮਧਰਾ, ਗੋਗੜ ਢਿਲਕੀ ਹੋਈ, ਚਿਹਰਾ ਲਾਲ ਤੇ ਮੁੱਛਾਂ ਲੰਮੀਆਂ ਸਨ ਪਰ ਉਸ ਦੀ ਵਹੁਟੀ ਔਸਤ ਤੀਵੀਂ ਨਾਲੋਂ ਗਿੱਠ ਸਵਾ ਗਿੱਠ ਲੰਮੀ ਤੇ ਉਸ ਦੀ ਅਵਾਜ਼ ਬੜੀ ਭੱਦੀ ਸੀ।
ਉਨ੍ਹਾਂ ਦੇ ਸੱਜੇ ਪਾਸੇ ਬੜੇ ਰੋਹਬੀਲੇ ਸਰੀਰ ਵਾਲਾ ਉਸੇ ਸ਼੍ਰੇਣੀ ਦਾ ਕੈਰੇ ਬੈਠਾ ਸੀ ਜੋ ਬੜਾ ਪ੍ਰਸਿੱਧ ਵਪਾਰੀ ਤੇ ਕੱਪੜੇ ਦੀਆਂ ਤਿੰਨਾਂ ਮਿੱਲਾਂ ਦਾ ਮਾਲਕ ਸੀ। ਇਸ ਤੋਂ ਛੁੱਟ ਨਗਰ ਸਭਾ ਦਾ ਪ੍ਰਧਾਨ ਤੇ ਜਨਰਲ ਕੌਂਸਲ ਦਾ ਅਹੁਦੇਦਾਰ ਵੀ। ਸ੍ਰੀਮਤੀ ਕੈਰੇ ਆਪਣੇ ਪਤੀ ਨਾਲੋਂ ਉਮਰ ਵਿਚ ਕਿਤੇ ਛੋਟੀ ਸੀ। ਉਹ ਰੋਈਨ ਦੇ ਸਾਰੇ ਵੱਡ-ਘਰੀਏ ਗੱਭਰੂਆਂ ਲਈ ਦਿਲ ਪ੍ਰਚਾਵੇ ਦੀ ਚੀਜ਼ ਸੀ। ਬੜੀ ਹਸਮੁਖ ਤੇ ਕੋਮਲ ਅੰਗਾਂ ਵਾਲੀ। ਉਸ ਨੇ ਆਪਣਾ ਸਰੀਰ ਪਸ਼ਮੀਨੇ ਦੇ ਬਹੁਤ ਸਾਰੇ ਕੱਪੜਿਆਂ ਵਿਚ ਲੁਕਾਇਆ ਹੋਇਆ ਸੀ, ਤੇ ਗੱਡੀ ਵਿਚਲੇ ਸਿਥਲ ਜਿਹੇ ਦ੍ਰਿਸ਼ ਨੂੰ ਵੇਖ-ਵੇਖ ਕੁਝ ਉਦਾਸ ਹੋ ਰਹੀ ਸੀ।
ਉਨ੍ਹਾਂ ਦੇ ਲਾਗੇ ਇਕ ਹੋਰ ਜੋੜੀ ਸੀ- ਕਾਊਂਟ ਤੇ ਕਾਊਂਟੈਂਸ ਬ੍ਰੇਵਿਲ। ਇਹ ਜੋੜੀ ਨਾਰਮੰਡੀ ਦੇ ਪ੍ਰਾਚੀਨ ਤੇ ਉਘੇ ਪਰਿਵਾਰ ਵਿਚੋਂ ਗਿਣੀ ਜਾਂਦੀ ਸੀ। ਕਾਊਂਟ ਸਾਹਿਬ ਕਾਫੀ ਵਡੇਰੀ ਉਮਰ ਦੇ ਸਨ, ਪਰ ਆਪਣੇ ਉਚੇ ਲੰਮੇ ਸਰੀਰ ਦੇ ਬਣਾਉ-ਸ਼ਿੰਗਾਰ ਵਿਚ ਕੋਈ ਕਸਰ ਬਾਕੀ ਨਹੀਂ ਸਨ ਰੱਖਦੇ; ਇੱਥੋਂ ਤੱਥ ਕਿ ਫਰਾਂਸ ਦੇ ਬਾਦਸ਼ਾਹ ਹੈਨਰੀ ਚੌਥੇ ਦੀ ਸ਼ਕਲ ਨਾਲ ਆਪਣੀ ਸ਼ਕਲ ਮਿਲਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਸਨ। ਇਹ ਛੋਟੀ ਜਿਹੀ ਰਿਆਸਤ ਦੇ ਮਾਲਕ ਵੀ ਸਨ ਜਿਸ ਦੀ ਸਾਲਾਨਾ ਆਮਦਨ 5 ਲੱਖ ਫਰੈਂਕ ਸੀ।
ਇਹ ਛੀਓ ਸਵਾਰੀਆਂ ਗੱਡੀ ਦੀ ਇਕੋ ਲੰਮੀ ਪਲਾਂਘ ਵਿਚ ਬੈਠੀਆਂ ਸਨ। ਕਾਊਂਟੈਂਸ ਦੇ ਲਾਗੇ ਦੋ ਬ੍ਰਹਮਚਾਰਨੀਆਂ ਅੱਖਾਂ ਮੀਟੀ ਆਪਣੀ ਭਜਨ ਬੰਦਗੀ ਵਿਚ ਲਿਵਲੀਨ ਸਨ। ਉਨ੍ਹਾਂ ਵਿਚੋਂ ਇਕ ਬੁੱਢੀ ਸੀ ਜਿਸ ਦੇ ਮੂੰਹ ‘ਤੇ ਮਾਤਾ ਦੇ ਇਤਨੇ ਦਾਗ ਸਨ, ਜਿਵੇਂ ਜਰਮਨ ਜੇਤੂਆਂ ਨੇ ਬੰਦੂਕਾਂ ਦੀ ਚਾਂਦਮਾਰੀ ਲਈ ਕੁਝ ਚਿਰ ਉਸ ਦੇ ਚਿਹਰੇ ਨੂੰ ਵਰਤਿਆ ਹੋਵੇ। ਦੂਜੀ ਜਿਹੜੀ ਜਵਾਨ, ਪਰ ਵੇਖਣ ਤੋਂ ਕੁਝ ਬਿਮਾਰ ਸੀ, ਕਿਸੇ ਡੂੰਘੀ ਚਿੰਤਾ ਦਾ ਸ਼ਿਕਾਰ ਮਲੂਮ ਹੁੰਦੀ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਧਾਰਮਿਕ ਅਕੀਦਿਆਂ ਦੇ ਸਹਿਮਾਂ ਨੇ ਉਸ ਦੀ ਸੁੰਦਰਤਾ ਤੇ ਜਵਾਨੀ ਨੂੰ ਉਕਾ ਹੀ ਖਾ ਲਿਆ ਹੈ।
ਦੋਹਾਂ ਬ੍ਰਹਮਚਾਰਨੀਆਂ ਦੇ ਸਾਹਮਣੇ ਇਕ ਤੀਵੀਂ ਤੇ ਇਕ ਆਦਮੀ ਹੋਰ ਬੈਠੇ ਸਨ ਜਿਨ੍ਹਾਂ ਨੇ ਲਗਭਗ ਸਭ ਸਵਾਰੀਆਂ ਦਾ ਧਿਆਨ ਆਪਣੀ ਵੱਲ ਖਿਚਿਆ ਹੋਇਆ ਸੀ। ਆਦਮੀ ਦਾ ਨਾਂ ਜਿਸ ਨੂੰ ਸਾਰੇ ਜਾਣਦੇ ਸਨ, ਕਾਰਨੂਟੇਡ ਸੀ। ਉਹ ਪਰਜਾਤੰਤਰਵਾਦੀ ਸੀ। ਸਾਰੇ ਅਮੀਰ ਘਰਾਣੇ ਉਸ ਪਾਸੋਂ ਡਰਦੇ ਸਨ। ਪਿਛਲੇ ਵੀਹਾਂ ਵਰ੍ਹਿਆਂ ਤੋਂ ਉਸ ਦੀ ਲਾਲ ਦਾੜ੍ਹੀ ਦੀ, ਸਾਰੇ ਪਰਜਾਤੰਤਰਵਾਦੀ ਹੋਟਲਾਂ ਦੇ ਢੱਕਣਦਾਰ ਗਲਾਸਾਂ ਨਾਲ ਜਾਣ-ਪਛਾਣ ਹੋ ਗਈ ਸੀ। ਉਸ ਦਾ ਪਿਉ ਹਲਵਾਈ ਸੀ ਜਿਹੜਾ ਚੋਖੀ ਰਕਮ ਛੱਡ ਕੇ ਮਰਿਆ ਸੀ। ਕਾਰਨੂਟੇਡ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਖੂਬ ਪੈਸਾ ਇਕੱਠਾ ਕੀਤਾ ਸੀ। ਹੁਣ ਉਹ ਬੜੀ ਉਤਾਵਲੀ ਨਾਲ ਪਰਜਾਤੰਤਰ ਰਾਜ ਦੀ ਉਡੀਕ ਕਰ ਰਿਹਾ ਸੀ। ਉਹਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦੇ ਕੀਤੇ ਕੰਮਾਂ ਦੇ ਇਨਾਮ ਵਿਚ ਜ਼ਰੂਰ ਉਸ ਨੂੰ ਕੋਈ ਵੱਡਾ ਅਹੁਦਾ ਮਿਲੇਗਾ। ਉਂਜ ਉਹ ਹੈ ਸੀ ਭਲਾ ਆਦਮੀ। ਕਿਸੇ ਦਾ ਦਿਲ ਨਹੀਂ ਸੀ ਦੁਖਾਂਦਾ। ਜਿਥੋਂ ਤੱਕ ਹੋ ਸਕਦਾ, ਦੂਜਿਆਂ ਦਾ ਭਲਾ ਹੀ ਕਰਦਾ ਸੀ; ਪਰ ਰਾਜ-ਭਗਤਾਂ ਤੋਂ ਉਸ ਨੂੰ ਬੜੀ ਚਿੜ ਸੀ। ਪਿਛਲੇ ਦਿਨੀਂ ਉਸ ਨੇ ਬੜੀ ਲਗਨ ਨਾਲ ਸ਼ਹਿਰ ਦੀ ਰਾਖੀ ਲਈ ਵਲੰਟੀਅਰਾਂ ਦੀ ਪਾਰਟੀ ਤਿਆਰ ਕੀਤੀ ਸੀ, ਪਰ ਆਪਣੀਆਂ ਸਭ ਤਿਆਰੀਆਂ ਤੋਂ ਸੰਤੁਸ਼ਟ ਹੋਣ ‘ਤੇ ਵੀ, ਦੁਸ਼ਮਣ ਦੇ ਹਮਲੇ ਤੋਂ ਪਹਿਲਾਂ ਹੀ ਉਹ ਸ਼ਹਿਰ ਮੁੜ ਆਇਆ ਸੀ। ਹੁਣ ਉਸ ਨੇ ਹਾਵਰੇ ਵਿਚ ਜਾ ਕੇ ਕੰਮ ਕਰਨ ਦਾ ਇਰਾਦਾ ਬਣਾ ਲਿਆ ਸੀ, ਕਿਉਂਕਿ ਉਥੇ ਖਾਈਆਂ ਪੁੱਟਣ ਦੇ ਕੰਮ ਲਈ ਤਗੜੀ ਵਲੰਟੀਅਰ ਪਾਰਟੀ ਦੀ ਲੋੜ ਸੀ।
ਇਸ ਦੇ ਨਾਲ ਜਿਹੜੀ ਕੁੜੀ ਬੈਠੀ ਸੀ, ਉਸ ਦਾ ਨਾਂ ਸੀ ਮਾਰਗਰੇਟ, ਤੇ ਉਹ ਵੇਸਵਾ ਸੀ। ਉਹ ਜਵਾਨ ਤੇ ਖੂਬ ਸਿਹਤਮੰਦ ਸੀ। ਕੱਦ ਉਸ ਦਾ ਮੱਧਰਾ ਤੇ ਗੋਲ-ਮੋਲ ਜਿਹਾ ਸੀ। ਸਰੀਰ ਸੂਰ ਵਾਂਗ ਪੀਡਾ। ਉਸ ਦੀਆਂ ਮੋਟੀਆਂ ਉਂਗਲਾਂ ਉਤੇ ਇਤਨਾ ਮਾਸ ਸੀ ਕਿ ਹਿਲਾਉਣ ਨਾਲ ਜੋੜਾਂ ਉਤੇ ਨਿਕੇ-ਨਿਕੇ ਟੋਏ ਪੈ ਜਾਂਦੇ ਸਨ। ਉਸ ਦਾ ਚਮਕੀਲਾ ਤੇ ਖੂਬ ਗੁਥਿਆ ਹੋਇਆ ਪਿੰਡਾ, ਮੁਟਾਪੇ ਦੇ ਬਾਵਜੂਦ ਲੁਭਾਉਣਾ ਜਾਪਦਾ ਸੀ। ਉਸ ਦੀਆਂ ਛਾਤੀਆਂ ਇਤਨੀਆਂ ਭਾਰੀਆਂ ਤੇ ਉਭਰੀਆਂ ਹੋਈਆਂ ਸਨ, ਫਿਰ ਵੀ ਉਹ ਬੁਰੀਆਂ ਨਹੀਂ ਸਨ ਮਲੂਮ ਹੁੰਦੀਆਂ। ਉਸ ਦੀ ਜਵਾਨੀ ਨੂੰ ਵੇਖ ਕੇ ਲੋਕ ਲੱਟੂ ਹੋ ਜਾਇਆ ਕਰਦੇ ਸਨ। ਉਸ ਦਾ ਚਿਹਰਾ ਜਿਸ ਦੀ ਲਾਲੀ ਬਿਲਕੁਲ ਸਿਉਂ ਦਾ ਟਾਕਰਾ ਕਰਦੀ ਸੀ, ਨਵ-ਖਿੜੀ ਕਲੀ ਵਾਂਗ ਫ਼ੁੱਟ-ਫੁੱਟ ਪੈਂਦਾ ਸੀ ਤੇ ਉਸ ਦੀਆਂ ਕਾਲੀਆਂ ਤੇ ਮੋਟੀਆਂ ਅੱਖਾਂ ਕਮਾਣਾਂ ਵਰਗੇ ਭਰਵੱਟਿਆਂ ਹੇਠ ਮਸਤੀ ਨਾਲ ਥਿਰਕ ਰਹੀਆਂ ਸਨ। ਖਾਸ ਕਰ ਕੇ ਉਸ ਦੀਆਂ ਲਾਲ ਬੁੱਲ੍ਹੀਆਂ ਪਿਛੇ ਚਮਕਦੀਆਂ ਚਿੱਟੇ ਤੇ ਅਰੋਗ ਦੰਦਾਂ ਦੀਆਂ ਦੋ ਪਾਲਾਂ ਵੇਖ ਕੇ ਕੋਈ ਵੀ ਗੱਭਰੂ ਉਸ ਨੂੰ ਚੁੰਮਣ ਲਈ ਤੜਫ ਉਠਦਾ ਸੀ।
ਜਿਉਂ ਹੀ ਲੋਕਾਂ ਨੇ ਉਸ ਨੂੰ ਪਛਾਤਾ, ਸਾਰੇ ਇਕ-ਦੂਜੇ ਨਾਲ ਕੰਨੀਂ ਘੁਰਕੀ ਕਰਨ ਲੱਗ ਪਏ। ਕਈ ਤਾਂ ਇੱਥੋਂ ਤੱਕ ਬੇ-ਆਰਾਮ ਹੋ ਗਏ ਕਿ ਦਬਵੀਂ ਜ਼ੁਬਾਨੇ ਉਸ ਨੂੰ ਕਲੰਕਣੀ, ਪਾਪਣ ਤੇ ਸਮਾਜ ਦਾ ਲਹੂ ਪੀਣੀ ਜੋਕ ਤੱਕ ਕਹਿ ਗਏ। ਸਵਾਰੀਆਂ ਦੇ ਇਨ੍ਹਾਂ ਅਵਾਜ਼ਿਆਂ ਨੇ ਥੋੜ੍ਹੇ ਹੀ ਚਿਰ ਵਿਚ ਮਾਰਗਰੇਟ ਨੂੰ ਕੁਝ ਬੇ-ਆਰਾਮ ਜਿਹੀ ਕਰ ਦਿੱਤਾ ਤੇ ਉਸ ਨੇ ਇਕ ਵਾਰੀ ਸਿਰ ਚੁੱਕ ਕੇ ਸਭਨਾਂ ਵੱਲ ਤੱਕਿਆ। ਉਸ ਦੀ ਤੱਕਣੀ ਵਿਚ ਇਤਨੀ ਤੇਜ਼ੀ ਤੇ ਰੋਹਬ ਸੀ ਕਿ ਸਾਰਿਆਂ ਦੇ ਸਿਰ ਨੀਵੇਂ ਪੈ ਗਏ ਤੇ ਜ਼ੁਬਾਨਾਂ ਵੀ ਬੰਦ ਹੋ ਗਈਆਂ। ਕੇਵਲ ਲੋਸ਼ੀਓ ਹੀ ਬੜੀ ਦਿਲਚਸਪੀ ਨਾਲ ਉਸ ਵੱਲ ਤੱਕਦਾ ਰਿਹਾ।
ਹਾਂ, ਤੇ ਉਹ ਜਿਹੜੀਆਂ ਤਿੰਨ ਸ੍ਰੀਮਤੀਆਂ ਸਨ, ਗੱਲੀਂ ਕੱਥੀਂ ਉਨ੍ਹਾਂ ਦੀ ਇਕ-ਦੂਜੀ ਨਾਲ ਚੰਗੀ ਮਿੱਤਰਤਾ ਜਿਹੀ ਹੋ ਗਈ ਤੇ ਉਹ ਮਾਰਗਰੇਟ ਵੱਲੋਂਂ ਧਿਆਨ ਮੋੜ ਕੇ ਮੁੜ ਆਪੋ ਵਿਚ ਗੱਲੀਂ ਲੱਗ ਪਈਆਂ। ਖਾਸ ਕਰ ਕੇ ਉਨ੍ਹਾਂ ਨੇ ਇਸ ਲਈ ਆਪਣੇ ਆਪ ਨੂੰ ਗੱਲੀਂ ਲਾ ਲਿਆ ਕਿ ਉਹ ਉਚ ਘਰਾਣਿਆਂ ਦੀਆਂ ਸਨ, ਪਰ ਬੈਠੀਆਂ ਸਨ ਉਹ ਬੇਸ਼ਰਮ ਕੰਜਰੀ ਨਾਲ ਇਕੋ ਗੱਡੀ ਵਿਚ, ਜਿਸ ਕਰ ਕੇ ਉਹ ਹੇਠੀ ਤੇ ਗਿਲਾਨੀ ਮਹਿਸੂਸ ਕਰ ਰਹੀਆਂ ਸਨ।
ਤਿੰਨੇ ਸ੍ਰੀਮਾਨ ਵੀ ਆਪੋ ਵਿਚ ਚੰਗੇ ਹਿਲ-ਮਿਲ ਗਏ ਸਨ ਤੇ ਉਹ ਵੀ ਇਸ ਅਪਮਾਨ ਦੇ ਅਹਿਸਾਸ ਤੋਂ ਅਣਭਿਜ ਨਹੀਂ ਸਨ ਰਹੇ। ਬਦਕਿਸਮਤੀ ਕਿ ਉਨ੍ਹਾਂ ਦਾ ਇਸ ਵੇਲੇ ਕੋਈ ਵਸ ਨਹੀਂ ਸੀ ਚਲਦਾ। ਹੌਲੀ-ਹੌਲੀ ਉਹ ਇਕ-ਦੂਜੇ ਦੇ ਕੰਨਾਂ ਵਿਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਸਨ- “ਜੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਇਕ ਦੇ ਥਾਂ ਭਾਵੇਂ ਦੂੰਹ ਸਵਾਰੀਆਂ ਦੇ ਪੈਸੇ ਕਿਉਂ ਨਾ ਭਰਨੇ ਪੈਂਦੇ, ਇਸ ਬਦਮਾਸ਼ ਤੀਵੀਂ ਨੂੰ ਗੱਡੀ ਦੇ ਨੇੜੇ ਨਾ ਫ਼ਟਕਣ ਦਿੰਦੇæææ।”
ਕਾਊਂਟ ਸਾਹਿਬ ਨੇ ਆਪਣੇ ਰੋਣੇ, ਰੋਣੇ ਸ਼ੁਰੂ ਕੀਤੇ ਕਿ ਕਿਸ ਤਰ੍ਹਾਂ ਜਰਮਨਾਂ ਕਾਰਨ ਉਸ ਦਾ ਲੱਖਾਂ ਰੁਪਿਆ ਬਰਬਾਦ ਹੋ ਗਿਆ। ਕਿਸ ਬੇਰਹਿਮੀ ਨਾਲ ਉਸ ਦੇ ਡੰਗਰਾਂ ਨੂੰ ਜਰਮਨਾਂ ਨੇ ਮਾਸ ਤੇ ਦੁੱਧ ਦੀ ਥੁੜ੍ਹ ਪੂਰੀ ਕਰਨ ਲਈ ਹੜੱਪ ਲਿਆ, ਤੇ ਉਸ ਦੇ ਖੇਤ ਕਿਵੇਂ ਤਬਾਹ ਕੀਤੇ, ਪਰ ਉਹ ਰਈਸੀ ਢੰਗ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਸੀ ਕਿ ਜਿਸ ਤੋਂ ਉਸ ਦਾ ਕਰੋੜਾਂਪਤੀ ਹੋਣਾ ਨਾਲੋ-ਨਾਲ ਸਾਬਤ ਹੁੰਦਾ ਜਾਵੇ, ਤੇ ਇਹ ਵੀ ਜਾਪੇ ਕਿ ਲੱਖਾਂ ਦੇ ਇਸ ਨੁਕਸਾਨ ਨੂੰ ਉਹ ਕੋਈ ਏਡਾ ਭਾਰਾ ਨੁਕਸਾਨ ਨਹੀਂ ਸਮਝ ਰਿਹਾ। ਸਾਲ ਛਿਮਾਹੀ ਵਿਚ ਹੀ ਉਹ ਇਸ ਦਾ ਭਾਂਗਾ ਪੂਰਾ ਕਰ ਲਵੇਗਾ।
ਮਿਸਟਰ ਕੈਰੇ ਆਪਣੀਆਂ ਮਿੱਲਾਂ ਦੇ ਕਿੱਸੇ ਛੇੜੀ ਬੈਠਾ ਸੀ, “ਮੈਂ ਆਪਣਾ ਛੇ ਲੱਖ ਫਰੈਂਕ ਇੰਗਲੈਂਡ ਵਿਚ ਪਹਿਲਾਂ ਤੋਂ ਹੀ ਜਮ੍ਹਾਂ ਕਰ ਛੱਡਿਆ ਸੀ, ਕਿਉਂਕਿ ਮੈਨੂੰ ਦਿਸਦਾ ਸੀ ਕਿ ਫਰਾਂਸ ਉਤੇ ਜ਼ਰੂਰ ਜਰਮਨਾਂ ਦਾ ਹਮਲਾ ਹੋਵੇਗਾ, ਤੇ ਇਹੋ ਜਿਹੇ ਔਖੇ ਵੇਲੇ ਜੇ ਉਹ ਮੇਰਾ ਸਭ ਕੁਝ ਲੁੱਟ ਵੀ ਲੈਣਗੇ, ਤਾਂ ਵੀ ਦਿਨ ਕਟੀ ਲਈ ਤਾਂ ਕੁਝ ਬਚਿਆ ਰਹੇਗਾ।”
ਲੋਸ਼ੀਓ ਨੂੰ ਆਪਣੀ ਸ਼ਰਾਬ ਫੌਜੀ ਮਹਿਕਮੇ ਪਾਸ ਸਰਕਾਰੀ ਨਿਰਖਾਂ ‘ਤੇ ਵੇਚਣੀ ਪਈ ਸੀ ਜਿਸ ਕਰ ਕੇ ਉਸ ਨੂੰ ਕਈ ਲੱਖ ਦਾ ਕਸਾਰਾ ਰਿਹਾ। ਉਹ ਦੱਸ ਰਿਹਾ ਸੀ, “ਹਾਵਰੇ ਮੈਂ ਇਸੇ ਲਈ ਜਾ ਰਿਹਾ ਹਾਂ ਕਿ ਹਾਈਕੋਰਟ ਵਿਚ ਅਪੀਲ ਕਰਾਂ ਕਿ ਮੈਨੂੰ ਇਹ ਰਕਮ ਵਾਪਸ ਦਿਵਾਈ ਜਾਵੇ”, ਤੇ ਉਸ ਨੂੰ ਪੂਰਾ ਭਰੋਸਾ ਸੀ ਕਿ ਸਾਰੀ ਨਹੀਂ ਤਾਂ ਅੱਧੀ ਰਕਮ ਉਹ ਜ਼ਰੂਰ ਲੈ ਮਰੇਗਾ।
ਤਿੰਨੇ ਜਣੇ ਇਕ-ਦੂਜੇ ਨਾਲ ਦੋਸਤਾਨਾ ਰਵੱਈਆ ਪ੍ਰਗਟ ਕਰ ਰਹੇ ਸਨ। ਸਮਾਜਕ ਤੌਰ ਉਤੇ ਉਹ ਭਾਵੇਂ ਸਭ ਵੱਖੋ-ਵੱਖ ਸ਼੍ਰੇਣੀ ਦੇ ਸਨ, ਪਰ ‘ਮਾਇਆ-ਭਾਈ’ ਹੋਣ ਕਰ ਕੇ ਉਨ੍ਹਾਂ ਦੀਆਂ ਰੁਚੀਆਂ ਮਿਲਦੀਆਂ-ਜੁਲਦੀਆਂ ਸਨ।
ਗੱਡੀ ਦੀ ਤੋਰ ਇਤਨੀ ਮੱਠੀ ਸੀ ਕਿ ਦਸ ਵਜੇ ਤੱਕ ਉਸ ਨੇ ਮਸਾਂ ਚਾਰ ਮੀਲ ਪੈਂਡਾ ਮੁਕਾਇਆ। ਤਿੰਨ-ਚਾਰ ਵਾਰੀ ਤਾਂ ਮੁਸਾਫ਼ਿਰਾਂ ਨੂੰ ਉਤਰਨਾ ਵੀ ਪਿਆ ਸੀ। ਸਾਰੇ ਬੜੇ ਕਾਹਲੇ ਪਏ ਹੋਏ ਸਨ। ਉਨ੍ਹਾਂ ਦਾ ਖਿਆਲ ਸੀ ਕਿ ਟੋਟਿਸ ਪਹੁੰਚ ਕੇ ਦੁਪਹਿਰਾਂ ਦੀ ਰੋਟੀ ਖਾਣਗੇ, ਪਰ ਗੱਡੀ ਦੀ ਤੋਰ ਤੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਸ਼ਾਮ ਤੱਕ ਵੀ ਉਹ ਉਥੇ ਨਹੀਂ ਪਹੁੰਚ ਸਕਦੇ। ਹਰ ਇਕ ਮੁਸਾਫ਼ਿਰ ਇਸੇ ਟੋਹ ਵਿਚ ਸੀ ਕਿ ਰਸਤੇ ਵਿਚ ਕੋਈ ਮਾੜੀ-ਮੋਟੀ ਸਰਾਂ ਮਿਲ ਜਾਵੇ। ਇਸੇ ਵੇਲੇ ਅਚਾਨਕ ਗੱਡੀ ਦੇ ਪਹੀਏ ਟੋਏ ਵਿਚ ਜਾ ਫ਼ਸੇ ਜਿਥੋਂ ਕੱਢਦਿਆਂ ਪੂਰੇ ਦੋ ਘੰਟੇ ਲੱਗ ਗਏ।
ਮੁਸਾਫ਼ਿਰਾਂ ਦੀ ਭੁੱਖ ਜਿਉਂ-ਜਿਉਂ ਵਧਦੀ ਜਾਂਦੀ ਸੀ, ਤਿਉਂ-ਤਿਉਂ ਉਨ੍ਹਾਂ ਦਾ ਉਤਸ਼ਾਹ ਘਟ ਰਿਹਾ ਸੀ। ਸਰਾਂ ਦਾ ਕਿਤੇ ਨਾਂ ਥੇਹ ਨਹੀਂ ਸੀ ਨਜ਼ਰੀਂ ਆਉਂਦਾ। ਜੇ ਕੋਈ ਮਿਲਦੀ ਵੀ, ਤਾਂ ਬੂਹੇ ਵੱਜੇ ਹੋਏ ਤੇ ਜੰਦਰੇ ਲੱਗੇ ਹੋਏ। ਇਨ੍ਹਾਂ ਬਰਫ਼ੀਲੇ ਦਿਨਾਂ ਵਿਚ ਮੁਸਾਫ਼ਿਰਾਂ ਦੀ ਆਵਾਜਾਈ ਬੰਦ ਹੋ ਜਾਣ ਕਰ ਕੇ ਸਰਾਵਾਂ ਵਾਲੇ ਵੀ ਆਪਣਾ ਟੰਬਾ-ਟੀਹਾ ਸਮੇਟ ਕੇ ਮਹੀਨੇ ਦੋ ਮਹੀਨਿਆਂ ਲਈ ਘਰੋ-ਘਰੀ ਚਲੇ ਜਾਇਆ ਕਰਦੇ ਸਨ। ਇਸ ਤੋਂ ਛੁੱਟ ਅੱਜ ਕੱਲ੍ਹ ਤਾਂ ਜਰਮਨਾਂ ਦੀ ਆਵਾਜਾਈ ਕਰ ਕੇ ਵੱਡੇ-ਵੱਡੇ ਹੋਟਲਾਂ ਵਾਲੇ ਵੀ ਡਰਦੇ ਮਾਰੇ ਨੱਸ ਗਏ ਸਨ।
ਇਕ ਦੋਂਹ ਥਾਂਈਂ ਜਿਥੇ ਖੇਤਾਂ ਵਿਚ ਟਾਂਵੀਂ-ਟਾਂਵੀਂ ਟੱਪਰੀ ਦਿਖਾਈ ਦਿੰਦੀ ਸੀ, ਮੁਸਾਫ਼ਿਰਾਂ ਨੇ ਗੱਡੀ ਖਲਿਹਾਰ ਕੇ ਉਥੋਂ ਪੇਟ ਪੂਜਾ ਦਾ ਕੁਝ ਸਮਾਨ ਢੂੰਡਣ ਦੀ ਕੋਸ਼ਿਸ਼ ਕੀਤੀ, ਪਰ ਕਿਤੇ ਵੀ ਉਨ੍ਹਾਂ ਨੂੰ ਕੁਝ ਨਾ ਲੱਭਾ। ਜਿਉਂ ਹੀ ਇਹ ਜਥਾ ਕਿਸਾਨਾਂ ਦੀਆਂ ਝੌਂਪੜੀਆਂ ਵੱਲ ਜਾਂਦਾ, ਉਹ ਵਿਚਾਰੇ ਇਨ੍ਹਾਂ ਨੂੰ ਡਾਕੂ ਸਮਝ ਕੇ ਆਪਣਾ ਸਭ ਕੁਝ ਪਹਿਲਾਂ ਹੀ ਲੁਕਾ ਛੱਡਦੇ। ਜਾਣਦੇ ਸਨ ਕਿ ਭਾਵੇਂ ਫਰਾਂਸੀਸੀ ਹੋਣ ਤੇ ਭਾਵੇਂ ਜਰਮਨ, ਭੁੱਖੇ ਸਿਪਾਹੀ ਉਨ੍ਹਾਂ ਪਾਸ ਜੋ ਕੁਝ ਵੀ ਦੇਖਣਗੇ, ਧਿੰਗੋ-ਜ਼ੋਰੀ ਖੋਹ ਲੈਣਗੇ। ਇਸ ਲਈ ਉਹ ਲੋਕ ਪਹਿਲਾਂ ਤੋਂ ਹੀ ਚੁਕੰਨੇ ਰਹਿੰਦੇ।
ਇਕ ਵੱਜ ਗਿਆ, ਪਰ ਅਜੇ ਤੱਕ ਮੁਸਾਫ਼ਿਰਾਂ ਦਾ ਬੇੜਾ ਬੰਨੇ ਲੱਗਣ ਦੀ ਕੋਈ ਆਸ ਨਹੀਂ ਸੀ ਜਾਪਦੀ। ਘੋੜੇ ਥੱਕ ਕੇ ਚਕਨਾਚੂਰ ਹੋ ਗਏ ਸਨ। ਚਾਬਕ ਚਲਾਂਦਿਆਂ-ਚਲਾਂਦਿਆਂ ਗੱਡੀਵਾਨ ਦੀਆਂ ਬਾਹਾਂ ਵਿਚ ਖੱਲੀਆਂ ਪੈ ਗਈਆਂ, ਤੇ ਘੋੜਿਆਂ ਨੂੰ ਗਾਲ੍ਹਾਂ ਕੱਢਦੇ ਦੀਆਂ ਘੱਗਾਂ ਮਿਲ ਗਈਆਂ ਸਨ।
ਪਰਦੇਸ ਵਿਚ ਭੁੱਖ ਉਂਜ ਹੀ ਬਹੁਤੀ ਚਮਕਦੀ ਹੈ; ਖਾਸ ਕਰ ਕੇ ਜਿਥੇ ਕੁਝ ਮਿਲਣ ਦੀ ਉਮੀਦ ਨਾ ਰਹੀ ਹੋਵੇ, ਉਥੇ ਤਾਂ ਢਿੱਡ ਵਿਚ ਕਤੂਰੇ ਹੀ ਭੌਂਕਣ ਲੱਗ ਪੈਂਦੇ ਹਨ। ਇਹੋ ਹਾਲਤ ਇਸ ਵੇਲੇ ਇਨ੍ਹਾਂ ਮੁਸਾਫ਼ਿਰਾਂ ਦੀ ਸੀ; ਖਾਸ ਕਰ ਕੇ ਉਸ ਅਮੀਰ ਤਰੇਘੜੇ ਦੀ ਹਾਲਤ ਤਾਂ ਬੜੀ ਹੀ ਤਰਸਯੋਗ ਸੀ। ਆਂਦਰਾਂ ਦੀ ਕੁਲਕੁਲਾਹਟ ਨੇ ਉਨ੍ਹਾਂ ਦੇ ਮਾਇਕ ਵਾਰਤਾਲਾਪ ਨੂੰ ਵੀ ਸਲ੍ਹਾਬਾ ਚਾੜ੍ਹ ਦਿੱਤਾ ਸੀ। ਸਭ ਦੀਆਂ ਜ਼ੁਬਾਨਾਂ ਜਿਵੇਂ ਤਾਲੂਆਂ ਨਾਲ ਸਿਊਂਤੀਆਂ ਸਨ। ਕੇਵਲ ਕਿਸੇ ਵੇਲੇ ਕੋਈ ਇਕ-ਅੱਧ ਅੰਗੜਾਈ ਜਾਂ ਉਬਾਸੀ ਲੈਂਦਾ ਕਹਿੰਦਾ, “ਓਹ! ਰੱਬ ਜੀ!”
ਮਾਰਗਰੇਟ ਦੇ ਨੇੜੇ ਬੈਠਾ ਗੱਭਰੂ ਲੋਸ਼ੀਓ ਬੋਲਿਆ, “ਬੜੀ ਭੁੱਖ ਲੱਗੀ ਹੈ, ਕੀ ਕਰੀਏ?” ਮਾਰਗਰੇਟ ਇਕ-ਦੋ ਵਾਰੀ ਹੇਠਾਂ ਝੁਕੀ। ਮਲੂਮ ਹੁੰਦਾ ਸੀ, ਉਹ ਆਪਣੀ ਸੀਟ ਦੇ ਹੇਠੋਂ ਕੁਝ ਲੱਭ ਰਹੀ ਹੈ। ਦੋ-ਚਾਰ ਮਿੰਟ ਉਹ ਹਿਚਕਾਂਦੀ ਹੋਈ ਮੁਸਾਫ਼ਿਰਾਂ ਵੱਲ ਤੱਕਦੀ, ਤੇ ਫਿਰ ਸ਼ਾਂਤ ਭਾਵ ਨਾਲ ਤਣ ਕੇ ਬੈਠ ਜਾਂਦੀ। ਸਭਨਾਂ ਦੇ ਚਿਹਰੇ ਪੀਲੇ ਪੈਂਦੇ ਜਾਂਦੇ ਸਨ। ਲੋਸ਼ੀਓ ਨੇ ਫ਼ਿਰ ਕਿਹਾ, “ਇਸ ਵੇਲੇ ਜੇ ਕੋਈ ਚੱਪਾ ਕੁ ਰੋਟੀ ਤੇ ਇਕ ਪਲੇਟ ਮਾਸ ਦੀ ਲਿਆ ਦੇਵੇ ਤਾਂ ਮੈਂ ਉਸ ਨੂੰ ਹਜ਼ਾਰ ਫ਼ਰੈਂਕ ਦੇਣ ਨੂੰ ਤਿਆਰ ਹਾਂ।”
ਉਸ ਦੀ ਵਹੁਟੀ ਨੇ ਝਟਪਟ ਪਤੀ ਦੀ ਇਸ ਥੋੜ੍ਹਦਿਲੀ ਦਾ ਵਿਰੋਧ ਕੀਤਾ, ਕਿਉਂਕਿ ਦੌਲਤ ਦੀ ਇਸ ਬੇਦਰਦੀ ਨਾਲ ਵਰਤੋਂ ਨੂੰ ਉਹ ਪਸੰਦ ਨਹੀਂ ਸੀ ਕਰਦੀ। ਉਹ ਭਾਵੇਂ ਜਾਣਦੀ ਸੀ ਕਿ ਉਸ ਦੇ ਪਤੀ ਨੇ ਇਹ ਸ਼ਬਦ ਐਵੇਂ ਹਾਸੇ ਭਾਣੇ ਹੀ ਕਹੇ ਹਨ, ਤਾਂ ਵੀ ਉਹ ਸਹਾਰ ਨਾ ਸਕੀ।
ਕਾਰਨੂਟੇਡ ਕੋਲ ਸ਼ਰਾਬ ਦੀ ਬੋਤਲ ਸੀ। ਉਸ ਨੇ ਆਪਣੇ ਸਾਥੀਆਂ ਨੂੰ ਸੁਲ੍ਹਾ ਮਾਰੀ। ਲੋਸ਼ੀਓ ਨੂੰ ਛੱਡ ਕੇ ਬਾਕੀ ਸਭ ਨੇ ਨਾਂਹ ਕਰ ਦਿੱਤੀ। ਲੋਸ਼ੀਓ ਨੇ ਬੋਤਲ ਵਿਚੋਂ ਕੇਵਲ ਇਕ-ਦੋ ਘੁੱਟ ਪੀਤੇ, ਤੇ ਧੰਨਵਾਦ ਸਹਿਤ ਬੋਤਲ ਮੋੜਦਾ ਕਹਿਣ ਲੱਗਾ, “ਸ਼ਰਾਬ ਬੇਸ਼ੱਕ ਬੜੀ ਵਧੀਆ ਕਿਸਮ ਦੀ ਹੈ, ਪੀਂਦਿਆਂ ਹੀ ਸਰੀਰ ਨਿੱਘਾ ਹੋ ਗਿਆ ਹੈ।”
ਸ਼ਰਾਬ ਦੇ ਦੋ ਘੁੱਟ ਪੀ ਕੇ ਉਹ ਕੁਝ ਚੁਸਤ ਹੋ ਗਿਆ। ਉਸ ਨੇ ਸਾਰਿਆਂ ਦੇ ਸਾਹਮਣੇ ਮਤਾ ਪੇਸ਼ ਕੀਤਾ ਕਿ ਜਿਸ ਤਰ੍ਹਾਂ ਮਲਾਹਾਂ ਦੇ ਕਿਸੇ ਗੀਤ ਵਿਚ ਦੱਸਿਆ ਗਿਆ ਹੈ, ਉਨ੍ਹਾਂ ਨੂੰ ਵੀ ਆਪਣੇ ਵਿਚੋਂ ਸਭ ਤੋਂ ਮੋਟੇ ਆਦਮੀ ਨੂੰ ਖਾ ਲੈਣਾ ਚਾਹੀਦਾ ਹੈ। ਇਸ ਭੱਦੇ ਜਿਹੇ ਮਜ਼ਾਕ ਦਾ ਕਿਸੇ ਨੇ ਕੋਈ ਉਤਰ ਨਾ ਦਿੱਤਾ। ਸਾਰੇ ਜਾਣਦੇ ਸਨ ਕਿ ਉਹਦੀ ਇਸ ਟਿੱਚਰ ਦਾ ਨਿਸ਼ਾਨਾ, ਛੁੱਟ ਉਸ ਮੋਟੀ ਵੇਸਵਾ ਮਾਰਗਰੇਟ ਤੋਂ ਹੋਰ ਕੋਈ ਨਹੀਂ ਸੀ। ਕੇਵਲ ਕਾਰਨੂਟੇਡ ਮੁਸਕਰਾਇਆ। ਦੋਹਾਂ ਬ੍ਰਹਮਚਾਰਨੀਆਂ ਨੇ ਮਾਲਾ ਫੇਰਨੀ ਸ਼ੁਰੂ ਕਰ ਦਿੱਤੀ ਸੀ। ਉਹ ਹੱਥਾਂ ਨੂੰ ਬਗਲਾਂ ਹੇਠ ਘੁੱਟੀ ਬੈਠੀਆਂ ਸਨ ਪਰ ਅੱਖਾਂ ਉਨ੍ਹਾਂ ਦੀਆਂ ਬਰਾਬਰ ਝੁਕੀਆਂ ਹੋਈਆਂ ਸਨ। ਸ਼ਾਇਦ ਇਸ ਵੇਲੇ ਦੋਵੇਂ ਇਹੋ ਸੋਚ ਰਹੀਆਂ ਸਨ ਕਿ ਈਸਾ ਮਸੀਹ ਨੇ ਇਹ ਜਿਹੜੀ ਮੁਸੀਬਤ ਉਨ੍ਹਾਂ ਨੂੰ ਭੇਜੀ ਹੈ, ਇਹ ਅਸਲ ਵਿਚ ਉਨ੍ਹਾਂ ਦੇ ਸਬਰ ਸੰਤੋਖ ਦਾ ਇਮਤਿਹਾਨ ਲੈਣ ਲਈ ਹੈ।
ਕਰੀਬ ਤਿੰਨ ਵਜੇ ਗੱਡੀ ਮੋਕਲੇ ਜਿਹੇ ਮੈਦਾਨ ਵਿਚੋਂ ਜਾ ਰਹੀ ਸੀ, ਤੇ ਹੁਣ ਤੱਕ ਉਨ੍ਹਾਂ ਨੂੰ ਇਕ ਵੀ ਪਿੰਡ ਨਹੀਂ ਸੀ ਦਿਸਿਆ। ਮਰਗਰੇਟ ਤੇਜ਼ੀ ਨਾਲ ਇਕ ਵਾਰੀ ਫੇਰ ਹੇਠਾਂ ਝੁਕੀ, ਤੇ ਸੀਟ ਥੱਲਿਓਂ ਹੱਥ ਵਧਾ ਕੇ ਉਸ ਨੇ ਪਤਲੇ ਬੈਂਤ ਦੀ ਪਟਾਰੀ ਬਾਹਰ ਕੱਢ ਲਈ ਜਿਸ ਵਿਚੋਂ ਉਸ ਨੇ ਦੋ ਸਾਬਤ ਚੂਚੇ ਕਬਾਬ ਕੀਤੇ ਹੋਏ ਕੱਢੇ। ਪਟਾਰੀ ਵਿਚ ਹੋਰ ਵੀ ਬਥੇਰਾ ਕੁਝ ਸੀ, ਪਨੀਰ, ਰੋਟੀ, ਮੱਖਣ ਆਦਿ; ਮਤਲਬ ਪੂਰੇ ਤਿੰਨ ਦਿਨਾਂ ਦੇ ਖਾਣ ਲਈ ਉਸ ਵਿਚ ਸਾਮਾਨ ਮੌਜੂਦ ਸੀ ਜਿਸ ਕਰ ਕੇ ਉਸ ਨੂੰ ਰਸਤੇ ਵਿਚ ਕੋਈ ਸਰਾਂ ਜਾਂ ਹੋਟਲ ਲੱਭਣ ਦੀ ਲੋੜ ਨਹੀਂ ਸੀ। ਟੋਕਰੀ ਵਿਚੋਂ ਦੂੰਹ-ਤਿੰਨਾਂ ਬੰਦ ਬੋਤਲਾਂ ਦੇ ਲਾਖ ਨਾਲ ਮੜ੍ਹੇ ਹੋਏ ਮੂੰਹ ਵੀ ਨਜ਼ਰੀਂ ਆ ਰਹੇ ਸਨ। ਉਸ ਨੇ ਚੂਚਿਆਂ ਤੇ ਡਬਲ ਰੋਟੀ ਨੂੰ ਛੁਰੀ ਨਾਲ ਕੱਟਿਆ ਤੇ ਖੂਬ ਸੁਆਦ ਲਾ-ਲਾ ਖਾਣ ਲੱਗੀ।
ਸਾਰੇ ਮੁਸਾਫ਼ਿਰ ਸੱਧਰਾਈਆਂ ਨਜ਼ਰਾਂ ਨਾਲ ਉਸ ਵੱਲ ਇਉਂ ਤੱਕ ਰਹੇ ਸਨ, ਜਿਵੇਂ ਭੁੱਖੀ ਮਹੀਂ ਗੁਤਾਵੇ ਵੱਲ ਤੱਕਦੀ ਹੈ। ਮਾਸ ਤੇ ਰੋਟੀ ਦੀ ਲੁਭਾਉਣੀ ਵਾਸ਼ਨਾ ਸਾਰੀ ਗੱਡੀ ਵਿਚ ਫੈਲ ਰਹੀ ਸੀ। ਸਭ ਦੀਆਂ ਨਾਸਾਂ ਫੁੱਲ ਗਈਆਂ ਤੇ ਮੂੰਹਾਂ ਵਿਚ ਪਾਣੀ ਭਰ ਆਇਆ। ਉਹ ਤਿੰਨੇ ਤੀਵੀਆਂ ਜੋ ਪਹਿਲਾਂ ਹੀ ਉਸ ਪ੍ਰਤੀ ਨਫ਼ਰਤ ਨਾਲ ਭਰੀਆਂ ਪਈਆਂ ਸਨ, ਇਸ ਪਤਿਤ ਤੀਵੀਂ ਵੱਲ ਉਚੇਚੇ ਤੌਰ ‘ਤੇ ਵੇਖਣ ਲੱਗੀਆਂ, ਤੇ ਉਨ੍ਹਾਂ ਦੀ ਨਫ਼ਰਤ ਹੋਰ ਵੀ ਖਤਰਨਾਕ ਰੂਪ ਧਾਰ ਗਈ, ਵਸ ਚੱਲਦਾ ਤਾਂ ਉਸ ਨੂੰ ਸਣੇ ਉਸ ਦੇ ਖਾਣ ਪੀਣ ਦੇ ਸਮਾਨ ਦੇ, ਚੁੱਕ ਕੇ ਗੱਡੀ ਵਿਚੋਂ ਬਾਹਰ ਵਗਾਹ ਮਾਰਦੀਆਂ।
ਪਰ ਲੋਸ਼ੀਓ ਨਜ਼ਰ ਜਮਾਈ ਚੂਚੇ ਦੀ ਰਕੇਬੀ ਵੱਲ ਤੱਕਦਾ ਹੀ ਰਿਹਾ ਤੇ ਛੇਕੜ ਉਸ ਦੇ ਮੂੰਹੋਂ ਨਿਕਲ ਹੀ ਗਿਆ, “ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਤੀਵੀਂ ਅਸਾਂ ਸਾਰਿਆਂ ਨਾਲੋਂ ਸਿਆਣੀ ਨਿਕਲੀ ਹੈ। ਕੁਝ ਲੋਕ ਨੀਚ ਹੁੰਦੇ ਹੋਏ ਵੀ ਅਕਲ ਦੇ ਮਾਲਕ ਹੁੰਦੇ ਹਨ।”
ਆਪਣੇ ਨਿੰਦਿਆਂ ਭਰੀ ਪ੍ਰਸ਼ੰਸਾ ਸੁਣ ਕੇ ਮਾਰਗਰੇਟ ਨੇ ਚੂਚੇ ਦੀ ਰਾਂਦ ਚੱਬਦਿਆਂ ਲੋਸ਼ੀਓ ਨੂੰ ਕਿਹਾ, “ਕੁਝ ਲਓਗੇ? ਇਸ ਤਰ੍ਹਾਂ ਸਾਰੇ ਦਿਨ ਦਾ ਫਾਕਾ ਤਾਂ ਮਾਰ ਸੁੱਟੇਗਾ ਤੁਹਾਨੂੰ।”
ਲੋਸ਼ੀਓ ਨੇ ਚੋਰ ਅੱਖ ਨਾਲ ਆਪਣੇ ਸੱਜੇ ਖੱਬੇ ਤੱਕਿਆ ਤੇ ਫ਼ਿਰ ਸੰਗਦਾ-ਸੰਗਦਾ ਬੋਲਿਆ, “ਨਾਂਹ ਕਰਨ ਦਾ ਕੋਈ ਚਾਰਾ ਨਹੀਂ। ਹੁਣ ਤੇ ਇਕ ਮਿੰਟ ਵੀ ਸਹਾਰ ਨਹੀਂ ਹੁੰਦਾ ਮੇਰੇ ਤੋਂ। ਨਾਲੇ ਪ੍ਰਭੂ ਮਸੀਹ ਨੇ ਵੀ ਤਾਂ ਕਿਸੇ ਥਾਂ ਲਿਖਿਆ ਹੈ ਕਿ ਯੁੱਧ ਸਮੇਂ ਕੁਝ ਵੀ ਅਯੋਗ ਨਹੀਂ ਹੁੰਦਾ। ਕਿਉਂ ਠੀਕ ਹੈ ਨਾ ਸੱਜਣੋਂ?” ਉਸ ਨੇ ਲਾਗਲੇ ਮੁਸਾਫ਼ਿਰਾਂ ਵੱਲ ਤੱਕ ਕੇ ਪੁੱਛਿਆ।
ਫ਼ਿਰ ਉਸ ਨੇ ਆਪਣੇ ਗੋਡਿਆਂ ‘ਤੇ ਅਖ਼ਬਾਰ ਵਿਛਾ ਲਿਆ ਤਾਂ ਕਿ ਉਸ ਦੀ ਪਤਲੂਣ ਨੂੰ ਦਾਗ ਨਾ ਲੱਗੇ; ਤੇ ਲੋੜ ਅਨੁਸਾਰ ਚੀਜ਼ਾਂ ਪਟਾਰੀ ਵਿਚੋਂ ਲੈ ਕੇ ਖਾਣ ਲੱਗਾ। ਤਰੀ ਵਿਚ ਤਰ ਕੀਤੇ ਅੱਧੇ ਚੂਚੇ ਨੂੰ ਚਾਕੂ ਨਾਲ ਕੱਟਦਾ ਉਹ ਇਕ ਵਾਰੀ ਫ਼ੇਰ ਸਾਥੀਆਂ ਵੱਲ ਤੱਕ ਕੇ ਬੋਲਿਆ, “ਇਹੋ ਜਿਹੇ ਔਖੇ ਵੇਲੇ ਕਿਸੇ ਉਪਕਾਰੀ ਦਾ ਮਿਲਣਾ ਆਦਮੀ ਦੀ ਖੁਸ਼ਕਿਸਮਤੀ ਹੁੰਦੀ ਹੈ।”
ਖਾਦਿਆਂ-ਖਾਂਦਿਆਂ ਮਾਰਗਰੇਟ ਨੇ ਇਕ ਵਾਰੀ ਉਨ੍ਹਾਂ ਦੋਹਾਂ ਬ੍ਰਹਮਚਾਰਨੀਆਂ ਵੱਲ ਤੱਕ ਕੇ ਕਿਹਾ, “ਮਾਤਾ ਜੀ! ਤੁਸੀਂ ਵੀ ਕੁਝ ਲਓਗੇ?”
ਦੋਵੇਂ ਮਾਰਗਰੇਟ ਵੱਲ ਇਸ ਤਰ੍ਹਾਂ ਤੱਕੀਆਂ ਜਿਵੇਂ ਮੁਰਦੇ ਵਿਚ ਜਾਨ ਆ ਗਈ ਹੋਵੇ। ਨਿੱਕੀ ਬ੍ਰਹਮਚਾਰਨੀ ਨੂੰ ਸੰਗਦਿਆਂ ਵੇਖ ਵੱਡੀ ਬੋਲੀ, “ਕੀ ਹਰਜ ਹੈ, ਪ੍ਰਭੂ ਈਸਾ ਵੀ ਤਾਂ ਨੀਚਾਂ ਦੇ ਘਰੀਂ ਜਾ-ਜਾ ਖਾਂਦੇ ਰਹੇ ਨੇ।” ਤੇ ਫ਼ੇਰ ਦੋਹਾਂ ਨੇ ਮਾਰਗਰੇਟ ਦੀ ਬੇਨਤੀ ਪ੍ਰਵਾਨ ਕਰ ਲਈ। ਇਸ ਤੋਂ ਬਾਅਦ ਦੱਬਵੇਂ ਸ਼ਬਦਾਂ ਵਿਚ ਮਾਰਗਰੇਟ ਦਾ ਧੰਨਵਾਦ ਕਰ ਕੇ ਦੋਵੇਂ ਜਣੀਆਂ ਖਾਣ ਵਿਚ ਰੁੱਝ ਗਈਆਂ।
ਕਾਰਨੂਟੇਡ ਨੂੰ ਵੀ ਛੇਕੜ ਆਪਣੀ ਉਸ ਮੋਟੀ ਗੁਆਂਢਣ ਦਾ ਨਿਉਂਦਾ ਕਬੂਲਣਾ ਪਿਆ। ਬ੍ਰਹਮਚਾਰਨੀਆਂ ਨੂੰ ਰਲਾ ਨੇ ਕੁਲ ਅੱਠਾਂ ਗੋਡਿਆਂ ਦੀ ਮੇਜ਼ ਜਿਹੀ ਬਣ ਗਈ। ਇਸ ਮੇਜ਼ ਉਤੇ ਅਖਬਾਰ ਦੇ ਵਰਕੇ ਵਿਛਾ ਦਿੱਤੇ ਗਏ, ਤੇ ਖਾਣਾ ਖਾਧਾ ਜਾਣ ਲੱਗਾ। ਉਧਰ ਲੋਸ਼ੀਓ ਜਿਹੜਾ ਇਸ ਚੌਕੜੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਟ ਭਰ ਚੁੱਕਾ ਸੀ, ਹੌਲੀ ਜਿਹੀ ਆਪਣੀ ਵਹੁਟੀ ਨੂੰ ਕਹਿਣ ਲੱਗਾ, “ਥੋੜ੍ਹਾ ਜਿਹਾ ਖਾ ਲਓ ਤੁਸੀਂ ਵੀ।” ਪਹਿਲਾਂ ਤਾਂ ਉਹ ਨੰਨਾ ਹਠ ‘ਤੇ ਅੜੀ ਰਹੀ, ਪਰ ਜਦ ਉਸ ਨੇ ਵੇਖਿਆ ਕਿ ਹੌਲੀ-ਹੌਲੀ ਸਾਰੇ ਹੀ ਖਾਣੇ ਵਿਚ ਸ਼ਾਮਲ ਹੋਈ ਜਾਂਦੇ ਹਨ, ਖਾਸ ਕਰ ਕੇ ਉਹ ਦੋਵੇਂ ਬ੍ਰਹਮਚਾਰਨੀਆਂ ਵੀ, ਜੋ ਉਸ ਮੋਟੀ ਕੰਜਰੀ ਨੂੰ ਸਭ ਤੋਂ ਬਹੁਤੀ ਨਫ਼ਰਤ ਕਰਦੀਆਂ ਸਨ, ਤਾਂ ਸ੍ਰੀਮਤੀ ਲੋਸ਼ੀਓ ਦੇ ਚਿਹਰੇ ‘ਤੇ ਵੀ ਰਜ਼ਾਮੰਦੀ ਦੇ ਚਿੰਨ੍ਹ ਦਿਖਾਈ ਦੇਣ ਲੱਗੇ।
ਇਹ ਰਜ਼ਾਮੰਦੀ ਦੇਖ ਕੇ ਲੋਸ਼ੀਓ ਬੜੀ ਨਿਮਰ ਆਵਾਜ਼ ਵਿਚ ਮਾਰਗਰੇਟ ਨੂੰ ਕਹਿਣ ਲੱਗਾ, “ਕਿਉਂ ਜੀ, ਮੇਰੀ ਪਤਨੀ ਦੀ ਵੀ ਤੁਸੀਂ ਕੁਝ ਮਦਦ ਕਰ ਸਕੋਗੇ?”
ਮਾਰਗਰੇਟ ਨੇ ਮਿੱਠੀ ਜਿਹੀ ਮੁਸਕਕਰਾਹਟ ਵਿਚ ਕਿਹਾ, “ਕਿਉਂ ਨਹੀਂ?” ਤੇ ਬਿਨਾਂ ਹੋਰ ਕੁਝ ਕਿਹਾਂ, ਸ੍ਰੀਮਤੀ ਲੋਸ਼ੀਓ ਵੀ ਆਪਣੀ ਥਾਂ ਤੋਂ ਖਿਸਕ ਕੇ ਚੌਕੜੀ ਵਿਚ ਸ਼ਾਮਲ ਹੋ ਗਈ। ਮੇਜ਼ ਦੇ ਪਾਵੇ ਅੱਠਾਂ ਦੇ ਥਾਂ ਹੁਣ ਦਸ ਹੋ ਗਏ।
ਵਿਸਕੀ ਦੀ ਜਦ ਪਹਿਲੀ ਬੋਤਲ ਖੋਲ੍ਹੀ ਗਈ, ਤਾਂ ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਹੋਈ ਕਿ ਪੀਣ ਲਈ ਗਿਲਾਸ ਸਿਰਫ਼ ਇਕੋ ਹੈ ਜਿਹੜਾ ਮਾਰਗਰੇਟ ਦੀ ਪਟਾਰੀ ਵਿਚੋਂ ਨਿਕਲਿਆ ਸੀ ਤੇ ਪੀਣ ਵਾਲੇ ਸਨ ਬਹੁਤ ਸਾਰੇ; ਪਰ ਇਹ ਦਿੱਕਤ ਇਸ ਤਰ੍ਹਾਂ ਦੂਰ ਕਰ ਦਿੱਤੀ ਗਈ ਕਿ ਇਕ ਜਣਾ ਪੀ ਕੇ ਗਲਾਸ ਕੱਪੜੇ ਨਾਲ ਪੂੰਝ ਲੈਂਦਾ, ਤੇ ਫ਼ਿਰ ਦੂਜੇ ਨੂੰ ਦੇ ਦਿੰਦਾ ਤੇ ਇਨ੍ਹਾਂ ਸਭਨਾਂ ਵਿਚੋਂ ਇਕ ਸੱਜਣ ਐਸਾ ਵੀ ਨਿੱਤਰ ਆਇਆ ਜਿਸ ਨੇ ਪੂੰਝ-ਪੂੰਝਾਈ ਨੂੰ ਪਖੰਡ ਸਮਝ ਕੇ ਬਿਨਾਂ ਪੂੰਝਿਆਂ ਹੀ ਮਾਰਗਰੇਟ ਦੇ ਹੱਥੋਂ ਗਿਲਾਸ ਲੈ ਕੇ ਪੀਂਦਿਆਂ ਕਿਹਾ, “ਇਸ ਦੀ ਕੀ ਲੋੜ ਹੈ, ਅਸੀਂ ਸਾਰੇ ਇਕੋ ਰੱਬ ਦੇ ਪੁੱਤਰ ਹਾਂ।” ਇਹ ਸੀ ਮੋਸ਼ੀਓ ਕਾਰਨੂਟੇਡ।
ਸਭ ਨੂੰ ਖਾਂਦਿਆਂ-ਪੀਂਦਿਆਂ ਵੇਖ ਕੇ, ਤੇ ਖਾਣੇ ਦੀ ਖੁਸ਼ਬੋ ਨਾਲ ਗਲਾ ਭਰ ਕੇ ਕਾਊਂਟ ਤੇ ਕਾਊਂਟੈਸ, ਅਥਵਾ ਸ੍ਰੀਮਾਨ ਤੇ ਸ੍ਰੀਮਤੀ ਕੈਰੇ ਇਸ ਨਿਰਾਦਰ ਨੂੰ ਸਹਾਰ ਨਾ ਸਕੇ। ਮਿੱਲ ਮਾਲਕ ਦੀ ਜਵਾਨ ਵਹੁਟੀ ਨੇ ਲੰਮਾ ਤੇ ਉਚਾ ਸਾਹ ਲਿਆ, ਜਿਸ ਕਰ ਕੇ ਸਭ ਖਾਊਆਂ ਦਾ ਧਿਆਨ ਉਸ ਵੱਲ ਖਿਚਿਆ ਗਿਆ। ਸੁੰਦਰੀ ਦਾ ਚਿਹਰਾ ਬਾਹਰ ਪੈ ਰਹੀ ਬਰਫ਼ ਵਾਂਗ ਬੱਗਾ ਹੋ ਗਿਆ ਸੀ, ਤੇ ਵੇਖਦਿਆਂ ਹੀ ਵੇਖਦਿਆਂ ਉਸ ਨੇ ਸਿਰ ਸੁੱਟ ਦਿੱਤਾ। ਉਹ ਬੇਹੋਸ਼ ਹੋ ਗਈ। ਉਸ ਦੇ ਪਤੀ ਨੇ ਸਾਥੀਆਂ ਪਾਸੋਂ ਮਦਦ ਮੰਗੀ, “ਇਹ ਭੁੱਖ ਨਾਲ ਬੇਹੋਸ਼ ਹੋ ਗਈ।” ਅਖੀਰ ਵੱਡੀ ਬ੍ਰਹਮਚਾਰਨੀ ਨੇ ਉਸ ਦਾ ਸਿਰ ਚੁੱਕਿਆ ਤੇ ਮਾਰਗਰੇਟ ਦੇ ਹੱਥੋਂ ਭਰਿਆ ਹੋਇਆ ਗਲਾਸ ਫੜ ਕੇ ਉਹਦੇ ਬੁੱਲ੍ਹਾਂ ਨਾਲ ਲਾ ਦਿੱਤਾ। ਬੇਹੋਸ਼ੀ ਦੀ ਹਾਲਤ ਵਿਚ ਹੀ ਸ੍ਰੀਮਤੀ ਕੈਰੇ ਸਾਰਾ ਗਲਾਸ ਗਟਕ ਗਈ।
ਪੀਣ ਤੋਂ ਬਾਅਦ ਝੱਟ ਹੀ ਉਹ ਸੁੰਦਰੀ ਚੇਤੰਨ ਹੋ ਬੈਠੀ, ਤੇ ਉਸ ਦੀਆਂ ਮੀਟੀਆਂ ਹੋਈਆਂ ਅੱਖਾਂ ਆਪਣੇ ਆਪ ਖੁੱਲ੍ਹ ਗਈਆਂ। ਫਿਰ ਉਹ ਕੁਝ ਮੁਸਕਰਾ ਕੇ ਹੌਲੀ ਜਿਹੀ ਬੋਲੀ, “ਧੰਨਵਾਦ!” ਪਰ ਬ੍ਰਹਮਚਾਰਨੀ ਨੂੰ ਫਿਕਰ ਸੀ, ਮਤੇ ਫੇਰ ਨਾ ਇਹੋ ਜਿਹੀ ਦੁਰਘਟਨਾ ਹੋ ਜਾਵੇ; ਸੋ ਉਸ ਨੇ ਗਲਾਸ ਵਿਚ ਥੋੜ੍ਹੀ ਕੁ ਹੋਰ ਸ਼ਰਾਬ ਉਲੱਦ ਕੇ ਉਸ ਨੂੰ ਪਿਆਲ ਦਿੱਤੀ, ਤੇ ਕਹਿਣ ਲੱਗੀ, “ਭੁੱਖ ਕਰ ਕੇ ਹੀ ਇਹ ਤਕਲੀਫ਼ ਹੋ ਗਈ ਸੀ।”
ਇਹ ਸੁਣ ਕੇ ਮਾਰਗਰੇਟ ਨੇ ਇਕ ਵਾਰੀ ਪਟਾਰੀ ਵਿਚਲੀਆਂ ਬਚੀਆਂ-ਖੁਚੀਆਂ ਚੀਜ਼ਾਂ ਵੱਲ ਤੱਕਿਆ, ਤੇ ਫੇਰ ਕੁਝ ਸੰਗਦੀ ਸ਼ਰਮਾਂਦੀ ਉਨ੍ਹਾਂ ਜੋੜਿਆਂ ਵੱਲ ਤੱਕ ਕੇ ਕਹਿਣ ਲੱਗੀ, “ਜੇ ਤੁਸੀਂ ਕੋਈ ਹਰਜ ਨਾ ਸਮਝੋ ਤਾਂæææ।” ਤੇ ਉਹ ਗੱਲ ਕਰਦੀ-ਕਰਦੀ ਇਸ ਸ਼ੰਕਾ ਤੋਂ ਰੁਕ ਗਈ ਕਿ ਉਤਰ ਵਿਚ ਮਤੇ ਉਸ ਨੂੰ ਝਾੜ ਪਾ ਦਿੱਤੀ ਜਾਵੇ, ਪਰ ਲੋਸ਼ੀਓ ਨੇ ਉਸ ਦਾ ਮਨੋਰਥ ਇਹ ਕਹਿ ਕੇ ਪੂਰਾ ਕਰ ਦਿੱਤਾ, “ਚੁੱਲ੍ਹੇ ਵਿਚ ਪਾਓ ਇਨ੍ਹਾਂ ਫ਼ਜ਼ੂਲ ਵਹਿਮਾਂ ਨੂੰ ਜੀæææਇਸ ਵੇਲੇ ਅਸੀਂ ਸਾਰੇ ਮੁਸਾਫ਼ਿਰ ਭੈਣਾਂ-ਭਰਾਵਾਂ ਵਾਂਗ ਹਾਂ। ਸਾਨੂੰ ਸੱਚੇ ਦਿਲੋਂ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਆਓ, ਕਾਊਂਟ ਤੇ ਕਾਊਂਟੈਸ, ਨਾਲੇ ਸ੍ਰੀਮਾਨ ਤੇ ਸ੍ਰੀਮਤੀ ਕੈਰੇ! ਸ਼ਿਸ਼ਟਾਚਾਰ ਨੂੰ ਕੁਝ ਚਿਰ ਲਈ ਛੁੱਟੀ ਦਿਓ, ਤੇ ਥੋੜ੍ਹਾ-ਬਹੁਤਾ ਖਾ ਲਓ। ਜਾਨ ਹੈ ਜਹਾਨ ਹੈ। ਜਿਸ ਤੋਰੇ ਸਾਡੀ ਗੱਡੀ ਟੁਰੀ ਜਾ ਰਹੀ ਹੈ, ਇਸ ਤੋਂ ਤਾਂ ਇਹ ਵੀ ਭਰੋਸਾ ਨਹੀਂ ਕਿ ਰਾਤੀਂ ਵੀ ਸਾਨੂੰ ਕੁਝ ਖਾਣ ਨੂੰ ਮਿਲ ਸਕੇ।”
ਦਿਲੋਂ-ਮਨੋਂ ਇਸ ਰਾਇ ਨਾਲ ਸਹਿਮਤ ਹੁੰਦਿਆਂ ਵੀ ਉਹ ਚਾਰੇ ਸਾਊ, ਸੁਆਣੀਆਂ ਝਿਜਕ ਰਹੇ ਸਨ। ਖਾਣੇ ਵੱਲ ਹੱਥ ਵਧਾਉਣ ਵਿਚ ਪਹਿਲ ਕਰਨ ਦਾ ਕੋਈ ਵੀ ਹੌਸਲਾ ਨਹੀਂ ਸੀ ਕਰ ਸਕਦਾ। ਛੇਕੜ ਕਾਊਂਟ ਹੋਰਾਂ ਹੀ ਇਸ ਉਲਝਣ ਨੂੰ ਸੁਲਝਾਇਆ। ਉਸ ਨੇ ਸ਼ਰਮਾਉਂਦੀ ਮਾਰਗਰੇਟ ਵੱਲ ਤੱਕ ਕੇ ਕਿਹਾ, “ਸ੍ਰੀਮਤੀ ਜੀ, ਅਸੀਂ ਬੜੀ ਖੁਸ਼ੀ ਨਾਲ ਤੁਹਾਡੀ ਸੇਵਾ ਪ੍ਰਵਾਨ ਕਰਦੇ ਹਾਂ।”
ਆਮ ਤੌਰ ‘ਤੇ ਇਹੋ ਜਿਹੇ ਵੇਲੇ ਪਹਿਲਾ ਕਦਮ ਚੁੱਕਣ ਵਿਚ ਹੀ ਦਿੱਕਤ ਹੁੰਦੀ ਹੈ। ਸੋ, ਇਸ ਦੇ ਦੂਰ ਹੁੰਦਿਆਂ ਹੀ ਚਾਰੇ ਇਕੋ ਵਾਰਗੀ ਖਾਣੇ ਉਤੇ ਟੁੱਟ ਪਏ, ਤੇ ਵੇਖਦਿਆਂ-ਵੇਖਦਿਆਂ ਟੋਕਰੀ ਖਾਲੀ ਹੋਣੀ ਸ਼ੁਰੂ ਹੋ ਗਈ।
(ਚਲਦਾ)

Be the first to comment

Leave a Reply

Your email address will not be published.