ਸਰਵਮੀਤ
ਪ੍ਰਤਿਭਾਸ਼ਾਲੀ ਕਹਾਣੀਕਾਰ ਸਰਵਮੀਤ ਦੀ ਕਹਾਣੀ ‘ਕਲਾਣ’ ਅਸਲ ਵਿਚ ਤੇਜੀ ਨਾਲ ਬਦਲ ਰਹੇ ਯੁੱਗ ਦੀ ਗਾਥਾ ਹੈ। ਵਕਤ ਕਰਵਟ ਲੈ ਰਿਹਾ ਹੈ ਅਤੇ ਪੁਰਾਣੇ ਦੁਰਗ ਢਹਿ ਰਹੇ ਹਨ ਪਰ ਕਹਾਣੀ ਦੇ ਮੁੱਖ ਪਾਤਰ ਲਈ ਇਹ ਤਬਦੀਲੀ ਬਹੁਤ ਓਪਰੀ ਹੈ। ਸਰਵਮੀਤ ਨੇ ਜਿਸ ਬਾਰੀਕੀ ਨਾਲ ਮੁੱਖ ਪਾਤਰ ਦੀ ਮਨੋਦਸ਼ਾ ਬਿਆਨ ਕੀਤੀ ਹੈ, ਉਹ ਲਾਜਵਾਬ ਹੈ।ਇਸ ਕਹਾਣੀ ਦਾ ਤੇਜ ਬਹੁਤ ਤਿੱਖਾ ਅਤੇ ਧੁਰ ਅੰਦਰ ਤੱਕ ਮਾਰ ਕਰਨ ਵਾਲਾ ਹੈ। ਮਸ਼ਹੂਰ ਰੰਗਕਰਮੀ ਗੁਰਸ਼ਰਨ ਸਿੰਘ ਨੇ ਇਸ ਕਹਾਣੀ ਨੂੰ ਆਧਾਰ ਬਣਾ ਕੇ ‘ਨਵਾਂ ਜਨਮ’ ਨਾਂ ਦਾ ਨਾਟਕ ਆਪ ਤਿਆਰ ਕੀਤਾ ਸੀ ਅਤੇ ਪੰਜਾਬ ਭਰ ਵਿਚ ਖੇਡਿਆ ਸੀ। ਕੋਈ ਗਿਣਤੀ ਨਹੀਂ ਕਿ ਇਸ ਨਾਟਕ ਦੀਆਂ ਕਿੰਨੀਆਂ ਪੇਸ਼ਕਾਰੀਆਂ ਹੁਣ ਤੱਕ ਹੋ ਚੁੱਕੀਆਂ ਹਨ। ਕਈ ਨਾਟਕ ਮੰਡਲੀਆਂ ਹੁਣ ਵੀ ਇਹ ਨਾਟਕ ਖੇਡ ਰਹੀਆਂ ਹਨ। ਨੌਜਵਾਨ ਕਥਾਕਾਰ ਸਰਵਮੀਤ ਭਾਵੇਂ ਕੁਝ ਸਾਲ ਪਹਿਲਾਂ ਇਸ ਫਾਨੀ ਸੰਸਾਰ ਨੂੰ ਬਹੁਤ ਅਗੇਤੀ ਅਲਵਿਦਾ ਆਖ ਗਿਆ ਸੀ, ਪਰ ਉਸ ਦੀਆਂ ਜਾਨਦਾਰ ਕਹਾਣੀਆਂ ਪੰਜਾਬੀ ਸਾਹਿਤ ਜਗਤ ਦੇ ਅੰਗ-ਸੰਗ ਹਨ। ਉਹਦੀ ਇਹ ਕਹਾਣੀ ਨਵੇਂ ਯੁੱਗ ਨੂੰ ਰੂਹ ਨਾਲ ਲਾਈ ਸੱਦ ਹੈ। -ਸੰਪਾਦਕ
“ਉਏ ਹੱਦ ਹੋ ਗੀ ਮੁਲਖਾ-ਇਨ੍ਹਾਂ ਕੰਜਰ ਦਿਆਂ ਦੇ ਮਜਾਜ ਈ ਨੀ ਸਾਂਭਣ ‘ਚ ਆਉਂਦੇ-ਇਹ ਪਟਿਆਲੇ ਆਲੇ ਦੇ ਬੀਅ ਕਿਥੋਂ ਜੰਮ ਪੇ-ਉਏ ਹੋਰ ਤੇ ਹੋਰ ਆਹ ਮੇਜੋ ਈ ਨੀ ਜੇ ਮਾਣ-ਚੰਦਰੀ ਮੂੰਹ ਨੀ ਵੇਂਹਦੀ ਆਪਣਾ-ਸਾਰੀ ਉਮਰ ਜੱਟਾਂ ਦੇ ਟੁੱਕਰਾਂ ‘ਤੇ ਪਲਦੀ ਮਰਦੀ ਰਹੀ ਆæææਹੁਣ ਸਰਦਾਰਨੀ ਬਣ ਬਣ ਬਹਿੰਦੀ ਆæææ।” ਅਤੇ ਅਜਿਹਾ ਹੀ ਕਈ ਕੁਝ ਹੋਰ ਗਾਲਾਂ ‘ਚ ਰਲਗੱਡ ਕਰਦਾ ਸ਼ਿੱਬੂ ਗੁੱਸੇ ‘ਚ ਰਿੱਝਦਾ-ਕ੍ਰਿਝਦਾ ਘਰੋਂ ਬਾਹਰ ਹੋ ਗਿਆ।
ਅੱਜ ਲੋਹੜੀ ਦਾ ‘ਸ਼ੁਭ ਦਿਹਾੜਾ’ ਸੀ।
ਸ਼ਿੱਬੂ ਪਿੰਡ ਦਾ ਸਾਂਸੀ ਸੀ ਜਿਹਦਾ ਕੰਮ ਸੀ, ਪਿੰਡ ਦੇ ਲੋਕਾਂ ਦੀਆਂ ‘ਬੁੱਤੀਆਂ’ ਕਰਨੀਆਂ। ਖੁਸ਼ੀ, ਗਮੀ ਦੇ ਸੁਨੇਹੇ ਖੜਨੇ ਅਤੇ ਲਿਆਉਣੇ। ਪਿੰਡ ਦੇ ਵਿਆਹ ਸ਼ਾਦੀਆਂ ਜਾਂ ਅਜਿਹੇ ਹੋਰ ਮੌਕਿਆਂ ‘ਤੇ ਮੰਜੇ ਬਿਸਤਰੇ ਇਕੱਠੇ ਕਰਨੇ। ਹੋਰ ਛੋਟੇ ਮੋਟੇ ਕੰਮ ਅਤੇ ਉਸ ਸਭ ਕੁਝ ਤੋਂ ਇਲਾਵਾ ਪਿੰਡ ਦੇ ਲੋਕਾਂ ਦੇ ਹਬੀ ਨਬੀ ਵੇਲੇ ਕੰਮ ਆਉਣਾ।
ਸ਼ਿੱਬੂ ਦਾ ਪਿਉ ਲੱਭੂ ਅਤੇ ਲੱਭੂ ਦਾ ਪਿਉ ਵੀ ਇਸੇ ਤਰ੍ਹਾਂ ਲਾਗੀ ਰਹੇ ਸਨ। ਇਹ ਪਿੰਡ ਬਾਰ ‘ਚੋਂ ਉਜੜ ਕੇ ਆਇਆ ਸੀ ਤੇ ਪਿੰਡ ਦੇ ਨਾਲ ਹੀ ਏਧਰ ਆਣ ਟਿਕਿਆ ਸੀ। ਲੱਭੂ ਸਾਂਸੀ ਦਾ ਘਰ ਵੀ।
ਲੱਭੂ ਦੋ ਕੁ ਸਾਲ ਪਹਿਲਾਂ ਮਰ ਗਿਆ ਸੀ। ਅਗਰ ਅੱਜ ਉਹ ਜਿਉਂਦਾ ਹੁੰਦਾ ਤਾਂ ਸ਼ਿੱਬੂ ਲਈ ਹੁਣ ਵਾਲੀ ਮੁਸੀਬਤ ਨਹੀਂ ਸੀ ਆਉਣੀ ਤੇ ਨਾ ਹੀ ਅੱਜ ਘਰ ‘ਚ ਯੁੱਧ ਹੋਣਾ ਸੀ।
ਲੋਹੜੀ ਤੋਂ ਹਫ਼ਤਾ ਪਹਿਲਾਂ ਹੀ ਸ਼ਿੱਬੂ, ਆਪਣੇ ਵੱਡੇ ਮੁੰਡੇ ਬਲਦੇਵ ਦੇ ਤਰਲੇ ਕਰਦਾ ਰਿਹਾ ਸੀ। ਬਿੱਲੂ ਨੇ ਨਾਂਹ ਤਾਂ ਕਰਨੀ ਹੀ ਸੀ ਸਗੋਂ ਉਲਟਾ ਪੈ ਗਿਆ-ਆਰਾਮ ਨਾਲ ਘਰ ਨੀ ਬਹਿ ਹੁੰਦਾ ਤੇਰੇ ਕੋਲੋਂ? ਚੰਗਾ ਭਲਾ ਖਾਣ ਪੀਣ ਨੂੰ ਘਰ ਹੈਗਾ, ਫੇਰ ਵੀ ਤੇਰੀ ਪੁਰਾਣੀ ਨੀਤ ਨੀ ਜਾਂਦੀ ਮਾੜੀਆਂ ਕੌਮਾਂ ਆਲੀ।
ਸ਼ਿੱਬੂ ਦੇ ਤਾਂ ਸੱਤੀਂ ਕੱਪੜੀਂ ਅੱਗ ਲੱਗ ਗਈ। “ਉਏ ਨ੍ਹੇਰ ਆ ਗਿਆ ਉਏ ਮੁਲਖਾ। ਅਖੇ ਮਾੜੀਆਂ ਕੌਮਾਂ ਆਲੀ ਨੀਤ ਨੀ ਜਾਂਦੀæææਉਏ ਕਬੀਅ ਦੀਏ ਅਲਾਦੇ, ਤੂੰ ਨੀ ਮਾੜੀ ਕੌਮ ਦਾæææਜੇ ਐਡਾ ਈ ਨੱਕ ਸੀ ਤੇ ਉਦੋਂ ਹੀ ਸੰਧਾਵਾਲੀਏ ਸਰਦਾਰਾਂ ਦੇ ਘਰ ਜੰਮਣਾ ਸੀæææਮੇਰੇ ਘਰ ਕਾਹਨੂੰ ਗੰਦ ਪਾਇਆ, ਮਾੜੀ ਜਾਤ ਆਲੇ ਦੇ, ਉਏ ਮੁਲਖਾ! ਪਈ ਜੇ ਰੱਬ ਕੰਜਰ ਨੇ ਲੇਖ ਹੀ ਲੱਭੂ ਦੇ ਘਰ ਲਿਖੇ ਸੀ ਤੇ ਮੈਂ ਬਨਾਰਸੀ ਆੜ੍ਹਤੀਏ ਦੇ ਕਿੱਦਾਂ ਜੰਮ ਪੈਂਦਾ।”
ਸ਼ਿੱਬੂ ਰੌਲਾ ਪਾ ਸਕਦਾ ਸੀ, ਸੋ ਉਹ ਪਾਉਂਦਾ ਰਿਹਾ। ਜਵਾਨ ਪੁੱਤ ‘ਤੇ ਹੱਥ ਚੁੱਕਣੋਂ ਤਾਂ ਸ਼ਿੱਬੂ ਰਿਹਾ ਤੇ ਫਿਰ ਜਦ ਪੁੱਤ ਹੁਣ ਸਿਰਫ਼ ਜਵਾਨ ਹੀ ਨਹੀਂ, ਕਮਾਊ ਵੀ ਬਣ ਗਿਆ ਸੀ।
ਦਸਵੀਂ ਪਾਸ ਕਰਨ ਤੋਂ ਬਾਅਦ ਉਸ ਬੈਂਕ ਦੀ ਕਲਰਕੀ ਲਈ ਇਮਤਿਹਾਨ ਦਿੱਤਾ। ਅਨੁਸੂਚਿਤ ਜਾਤੀ ਦੀਆਂ ਰਾਖਵੀਆਂ ਸੀਟਾਂ ਹੋਣ ਕਾਰਨ, ਉਹ ਬੈਂਕ ‘ਚ ਕਲਰਕ ਲੱਗ ਗਿਆ। ਬੈਂਕ ਤੋਂ ਲੋਨ ਲੈ, ਥੋੜ੍ਹੇ ਜਿਹੇ ਚਿਰ ‘ਚ ਹੀ ਕੱਚੇ ਕੋਠੇ ਦੀ ਥਾਂ ਇਕ ਬੈਠਕ ਤੇ ਨਾਲ ਲੱਗਦੇ ਦੋ ਮਕਾਨ ਬਣਾ ਲਏ। ਘਰ ਦੀ ਚਾਰ ਦੀਵਾਰੀ ਹੈ ਹੀ ਨਹੀਂ ਸੀ, ਉਹ ਵੀ ਪੱਕੀ ਕੰਧ ਬਣ ਗਈ। ਵੱਡੀਆਂ ਦੋਹਾਂ ਭੈਣਾਂ ਦੇ ਵਿਆਹ ‘ਤੇ ਚੁੱਕੇ ਕਰਜ਼ੇ ਦੀ ਰਹਿੰਦ ਖੂੰਹਦ ਵੀ ਚੁਕਾ ਦਿੱਤੀ। ਸ਼ਿੱਬੂ ਇਸ ਗੱਲੋਂ ਬਿੱਲੂ ‘ਤੇ ਡਾਢਾ ਖ਼ੁਸ਼ ਸੀ ਤੇ ਮਾਣਮੱਤਾ ਵੀ।
ਪਰ ਇਹ ਕਿਵੇਂ ਹੋ ਸਕਦਾ ਸੀ। ਬਿੱਲੂ ਜੋ ਕਹਿੰਦਾ ਸੀ-ਭਾਪਾ! ਹੁਣ ਪਿੰਡ ਦਾ ਕੰਮ ਕਰਨਾ ਛੱਡ ਦੇæææਸਾਰੀ ਉਮਰ ਜੱਟਾਂ ਦੀਆਂ ਬੁੱਤੀਆਂ ਕਰਦਿਆਂ ਲੰਘ’ਗੀ, ਹੁਣ ਤੇ ਚਾਰ ਦਿਨ ‘ਰਾਮ ਨਾਲ ਬਹਿ ਜਾæææਐਵੇਂ ਜਣੇ ਖਣੇ ਨੂੰ ਸਰਦਾਰ ਜੀ, ਸਰਦਾਰ ਜੀ ਕਰਦਾ ਫਿਰਦਾਂæææਜੱਟਾਂ ਦੇ ਮੁੰਡੇ ਜਿਨ੍ਹਾਂ ਨੂੰ ਨਲੀ ਪੂੰਝਣੀ ਨਹੀਂ ਆਉਂਦੀ, ਉਹ ਵੀ ਬੀਬੀ ਨੂੰ ‘ਭਾਬੀ’ ਤੇ ਤੈਨੂੰ ‘ਸ਼ਿੱਬੂ ਕਾਣਿਆਂ’ ਕਹਿ ਕੇ ‘ਵਾਜ ਮਾਰਦੇ ਆ।
ਬਿੱਲੂ ਠੀਕ ਹੀ ਕਹਿੰਦਾ ਹੈ। ਇਹ ਤਾਂ ਸ਼ਿੱਬੂ ਦੀ ਸਮਝ ਵਿਚ ਵੀ ਆਉਂਦਾ ਸੀ, ਪਰ ਲੱਭੂ ਵੀ ਤਾਂ ਜੱਟਾਂ ਨੂੰ ‘ਸਰਦਾਰ ਜੀ’ ਹੀ ਕਹਿੰਦਾ ਸੀ, ਲੱਭੂ ਦਾ ਪਿਉ ਵੀ ਤੇ ਸ਼ਾਇਦ ਉਹ ਦੇ ਪਿਉ ਦਾ ਪਿਉ ਵੀ ਇਹੀ ਕਹਿੰਦਾ ਰਿਹਾ ਹੋਵੇæææਤੇ ਜੇ ਹੁਣ ਸ਼ਿੱਬੂ ਵੀ ਇਹੀ ਕਹਿੰਦਾ ਹੈ ਤਾਂ ਕੀ ਪਹਾੜ ਡਿੱਗਣ ਲੱਗਾ ਹੈ।
ਪਰ ਬਿੱਲੂ ਇਸ ਗੱਲ ਨੂੰ ਨਹੀਂ ਸਮਝਦਾ। ਉਹ ਤਾਂ ਕਹਿੰਦਾ ਸੀ-ਭਾਪਾ! ਦਿਮਾਗ ਤੋਂ ਕੰਮ ਲੈæææਪਈ ਜਦੋਂ ਰੱਬ ਨੇ ਸਾਰੇ ਬੰਦੇ ਇਕੋ ਜਿਹੇ ਬਣਾਏ, ਫਿਰ ਇਹ ਜੱਟ ਬ੍ਰਾਹਮਣ ਸਾਡੇ ਤੋਂ ਉਚੀ ਜਾਤ ਦੇ ਕਿੱਦਾਂ ਹੋਏ? ਆਹ ਗੁਰਦੁਆਰੇ ਦਾ ਭਾਈ ਜਿਹੜਾ ਰੋਜ਼ ਮੁਨ੍ਹੇਰੇ ‘ਅੱਵਲ ਅੱਲਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ’ ਗਾਉਂਦਾ ਰਹਿੰਦਾ, ਇਹਨੂੰ ਕਹਿ ਖਾਂ, ਕਿਸੇ ਦਿਨ ਸਾਡੇ ਘਰ ਦਾ ਬਣਿਆ ਪ੍ਰਸ਼ਾਦ ਖਾਵੇ, ਜੇ ਉਲਟੀ ਨਾ ਆ ਜੇ ਇਹਨੂੰ ਤੇæææਤੇ ਆਹ ਪ੍ਰੀਤਮ ਸੌਂਹ ਸਰਪੰਚ ਜਿਹੜਾ ਗਾਤਰਾ ਪਾ ਕੇ ਵੱਡਾ ਸਮਾਜ ਸੇਵਕ ਬਣਿਆ ਫਿਰਦਾ, ਇਹਨੂੰ ਕਹਿ ਖਾਂ ਮੈ ਇਹਨੂੰ ਦੂਣੇ ਪੈਸੇ ਦਿਨਾਂ ਤੇ ਸਾਡੀ ਬੁੱਤੀ ਕਰ ਕੇ ਆਵੇ।
ਬਿੱਲੂ ਦੀਆਂ ਦਲੀਲਾਂ ਸ਼ਿੱਬੂ ਨੂੰ ਸੱਚੀਆਂ ਵੀ ਜਾਪਦੀਆਂ, ਪਰ ਉਹਦੀਆਂ ਸੋਚਾਂ ਦੀ ਗਰਾਰੀ ਫੇਰ ਉਥੇ ਆ ਕੇ ਹੀ ਅੜ ਜਾਂਦੀ। ਆਖਰ ਕਿੱਦਾਂ ਆਪਣਾ ਜੱਦੀ ਪੁਸ਼ਤੀ ਕੰਮ ਛੱਡ ਦਿਆਂ, ਕੋਈ ਜਜਮਾਨ ਮਿਲੇ ਤੇ ਉਹਨੂੰ ‘ਸਰਦਾਰ ਜੀ! ਮਹਾਰਾਜ!’ ਨਾ ਕਹਾਂ!
ਇਹ ਸਭ ਕੁਝ ਤਾਂ ਜਿਵੇਂ ਸ਼ਿੱਬੂ ਦੇ ਲਹੂ ‘ਚ ਰਚਮਿਚ ਚੁੱਕਾ ਸੀ। ਉਹਦੇ ਜੀਵਨ ਦਾ ਇਕ ਅੰਗ ਬਣ ਗਈਆਂ ਸਨ ਇਹ ਗੱਲਾਂæææਕੋਈ ਆ ਕੇ ਆਖੇ ‘ਸ਼ਿੱਬੂ ਵਿਆਹ ਦੇ ਸੱਦੇ ਦੇਣੇ ਆਂ ਸਾਰੇ ਪਿੰਡ ‘ਚ-ਫਲਾਣੇ ਥਾਂ ਮੱਝ ਛੱਡ ਕੇ ਆਉਣੀ ਹੈ, ਮੁੰਡੇ ਦੀ ਭਾਜੀ ਦੇ ਕੇ ਆ’ ਤਾਂ ਸ਼ਿੱਬੂ ਕਿੰਜ ਨਾਂਹ ਕਰੇਗਾ। ਕਿੰਜ ਕਹੇਗਾ ਕਿ ਮੈਂ ਹੁਣ ਬੁੱਤੀਆਂ ਨਹੀਂ ਕਰਨੀਆਂæææਆਪਣਾ ਕੰਮ ਆਪ ਕਰੋ ਜਾਂ ਹੋਰ ਲਾਗੀ ਲੈ ਆਓ।
ਹੋਰ ਲਾਗੀ ਦੇ ਪਿੰਡ ‘ਚ ਆਉਣ ਤੋਂ ਵੀ ਸ਼ਿੱਬੂ ਬੜਾ ਖਿੱਝਦਾ ਸੀ। ਹੋਰ ਲਾਗੀ ਵੀ ਤਾਂ ਉਹਦੇ ਵਰਗਾ ਹੀ ਹੋਏਗਾ, ਸਾਂਸੀ ਹੀ। ਤੇ ਫਿਰ ਉਹਦੇ ਪੁਰਖਿਆਂ ਦੀ ਕਲਾਣ ਕੋਈ ਹੋਰ ਕਰੇ-ਸ਼ਿੱਬੂ ਨਮੋਸ਼ੀ ‘ਚ ਨਾ ਗਰਕ ਜਾਏਗਾ?
ਇਕ ਦਿਨ ਮੇਜੋ ਨੇ ਵੀ ਕਿਹਾ ਸੀ-ਬਿੱਲੂ ਦੇ ਭਾਪਾ! ਤੂੰ ਵੀ ਕਾਹਤੋਂ ਐਡੀ ਜਿਦ ਕਰਦਾਂ, ਤੂੰ ਨਾ ਕਰੇਂਗਾ ਇਹ ਕੰਮ, ਤੇ ਪਿੰਡ ਤਾਂ ਨੀ ਉੱਜੜ ਚੱਲਿਆ। ਆਪੇ ਕੋਈ ਹੋਰ ਲਾਗੀ ਆ ਜੂ।
“ਉਏ ਕਮਜਾਤੇ! ਤੂੰ ਵੀ ਏਸੇ ਖਸਮ ਦੀ ਬਣ ਬਣ ਬਹਿੰਦੀ ਆਂ। ਤੂੰ ਮੈਨੂੰ ਦੱਸ ਤੇ ਸਹੀ, ਪਈ ਜਿਨ੍ਹਾਂ ਦੇ ਘਰਾਂ ਤੋਂ ਮੰਗ ਤੰਗ ਕੇ ਖਾਂਦੇ ਰਹੇ, ਜਿਨ੍ਹਾਂ ਦੇ ਵੱਟਾਂ ਬੰਨਿਆਂ ਤੋਂ ਘਾਹ ਪੱਠਾ ਲਿਆਂਦੇ ਰਹੇ, ਬੱਕਰੀਆਂ ਚਾਰਦੇ ਰਹੇ, ਸੌ ਵਗਾਰਾਂ ਪੂਰੀਆਂ ਕੀਤੀਆਂ, ਹੁਣ ਕਿੱਦਾਂ ਉਨ੍ਹਾਂ ਨੂੰ ਦੋ ਟੁੱਕ ਜਵਾਬ ਦੇ ਦਿਆਂ। ਉਏ ਮੁਲਖਾ! ਪਈ ਜੇ ਹੋਰ ਲਾਗੀ ਲੱਗ ਜੂ ਤੇ ਤੈਨੂੰ ਵਿਹਲੀ ਨੂੰ ਨੌਂ-ਲੱਖਾ ਹਾਰ ਤੇ ਨੀ ਮਿਲਣ ਲੱਗਾ, ਭਲਕ ਨੂੰ ਨਿਕਲਣਾ ਤੇ ਜੱਟਾਂ ਦੀਆਂ ਪੈਲੀਆਂ ‘ਚ ਈ ਆ।” ਸ਼ਿੱਬੂ ਨੇ ਆਪਣਾ ਪੱਖ ਪੇਸ਼ ਕੀਤਾ ਸੀ।
ਉਹਨੂੰ ਹੁਣ ਤੱਕ ‘ਔਖ’ ਵੀ ਤਾਂ ਕੋਈ ਨਹੀਂ ਸੀ ਆਈ, ਜਿਹਦੇ ਮਰਜ਼ੀ ਪੱਠੇ ਢੇਰੀ ਵੱਢ ਲਏæææਰੁਪਈਏ ਲੋੜ ਪੈਣ ‘ਤੇ ਲੈ ਲਏ। ਗੁੜ ਗੰਨੇ ਲੈ ਆਂਦੇ, ਸਾਗ ਤੋੜ ਲਿਆæææਤੇ ਹੁਣ ਉਨ੍ਹਾਂ ਦੇ ਹੀ ‘ਬਰਾਬਰ’ ਦਾ ਬਣ ਬਹੇ ਤਾਂ ਕੌਣ ਉਹਦੀ ਗਰਜ਼ ਵੀ ਪੂਰੀ ਕਰੇਗਾ, ਕੌਣ ਉਹਦਾ ‘ਮਾਣ’ ਕਰੇਗਾ? ਚਾਹੇ ਸਾਰੇ ਪਿੰਡ ‘ਚ ਉਹਨੂੰ ‘ਸ਼ਿੱਬੂ ਸਾਂਸੀ’ ਜਾਂ ‘ਸ਼ਿੱਬੂ ਕਾਣਾ’ ਹੀ ਕਿਹਾ ਜਾਂਦਾ ਸੀ ਪਰ ਜਦ ਕੋਈ ਉਹਨੂੰ ਆਪਣਾ ਪੁਰਾਣਾ ਕੱਪੜਾ ‘ਆਹ ਲੈ ਸ਼ਿੱਬੂ ਚਾਰ ਦਿਨ ਹੰਢਾ ਲਈਂ, ਅਜੇ ਨਵਾਂ ਈ ਆ’ ਕਹਿ ਕੇ ਦਿੰਦਾ ਤਾਂ ਸ਼ਿੱਬੂ ਨੂੰ ਲੱਗਦਾ ਇਹ ਉਹਦਾ ‘ਮਾਣ ਦਾਅਵਾ’ ਹੀ ਤਾਂ ਹੈ।
ਪਰ ਬਿੱਲੂ ਤਾਂ ਹੁਣ ਗੱਲਾਂ ਹੀ ਹੋਰ ਤਰ੍ਹਾਂ ਦੀਆਂ ਕਰਨ ਲੱਗ ਪਿਆ ਸੀ। ਨਵੀਂ ਨਵੀਂ ਨੌਕਰੀ ਲੱਗਣ ‘ਤ ਉਸ ਕਹਿ-ਕਹਾ ਕੇ ਸ਼ਿੱਬੂ ਦੀਆਂ ਬੱਕਰੀਆਂ ਵਿਕਾ ਦਿੱਤੀਆਂ ਸਨ; ਭਾਵੇਂ ਸ਼ਿੱਬੂ ਨਹੀਂ ਸੀ ਚਾਹੁੰਦਾ ਬੱਕਰੀਆਂ ਵੇਚਣਾ। ਸ਼ਿੱਬੂ ਨੇ ਬੱਕਰੀਆਂ ਓਨੀਆਂ ਹੀ ਪਿਆਰੀਆਂ ਸਨ, ਜਿੰਨੀਆਂ ਕਿਸੇ ਜੱਟ ਨੂੰ ਪੈਲੀਆਂ। ਪਰ ਇਹ ਜੋ ਬਿੱਲੂ ਕਰਨ ਲੱਗ ਪਿਆ ਸੀ।
ਉਸ ਦਿਨ ਸੰਗਰਾਂਦ ਵਾਲੇ ਦਿਨ ਬਿੱਲੂ ਦੇ ਕਹਿਣ ‘ਤੇ ਗੁਰਦੁਆਰੇ ਦੇ ਭਾਈ ਨੇ ‘ਸਰਦਾਰ ਨਸੀਬ ਸਿੰਘ ਮਾਹਲਾ ਸਵਾ ਪੰਜ ਲੱਖ ਦਮੜੇ ਗੁਰੂ ਮਹਾਰਾਜ ਦੀ ਹਜ਼ੂਰੀ ‘ਚ ਅਰਦਾਸ ਕਰੌਂਦੇ ਹਨ’ ਕਿਹਾ ਸੀ ਤਾਂ ਸ਼ਿੱਬੂ ਨੂੰ ਮਹਿਸੂਸ ਹੋਇਆ ਸੀ ਜਿਵੇਂ ਕਿਸੇ ਨੇ ਉਹਨੂੰ ਗਾਲ੍ਹ ਕੱਢੀ ਹੋਵੇ। ਨਸੀਬ ਸਿੰਘ ਤਾਂ ਉਹਦੇ ਆਪਣੇ ਲਈ ਵੀ ਓਪਰਾ ਓਪਰਾ ਜਿਹਾ ਨਾਂ ਸੀ-ਬੱਸ ਵੋਟਾਂ ਵਾਲੀ ਲਿਸਟ ਜਾਂ ਰਾਸ਼ਨ ਕਾਰਡ ਤੱਕ ਸੀਮਿਤ; ਪਰ ਇੰਜ ਨਾਂ ਨਾਲ ‘ਸਰਦਾਰ’ ਤੇ ਫਿਰ ਜੱਟਾਂ ਦੀਆਂ ਗੋਤਾਂ ‘ਸਿੱਧੂ’, ‘ਦੋਸਾਂਝ’ ਵਾਂਗ ‘ਮਾਹਲਾ’ ਲਾਉਣਾ ਉਹਨੂੰ ਬੜਾ ਅਜੀਬ ਮਹਿਸੂਸ ਹੋਇਆ ਸੀ। ਉਂਜ ਤਾਂ ਜਦ ਉਹ ਆਪਣੀ ਬਰਾਦਰੀ ਦੇ ਚਾਰ ਬੰਦਿਆਂ ਵਿਚ ਬੈਠਾ ਹੁੰਦਾ, ਘੁੱਟ ਲਾਈ ਵੀ ਹੁੰਦੀ ਤਾਂ ਬੜੀ ਸ਼ਾਨ ਨਾਲ ਦੱਸਦਾ ਹੁੰਦਾ ਕਿ ਉਨ੍ਹਾਂ ਦੇ ਵੱਡੇ ਵਡੇਰੇ ‘ਮਾਹਲਾ’ ਤੇ ‘ਬੀਡੂ’ ਸਨ ਤੇ ਉਹ ‘ਮਾਹਲੇ’ ਦੀ ਔਲਾਦ ਸੀ। ਹੋਰ ਜਾਤਾਂ ਵਾਂਗ ਉਹ ਵੀ ਆਪਣੀ ਗੋਤ ਵਿਚ ਵਿਆਹ ਨਹੀਂ ਸਨ ਕਰ ਸਕਦੇ। ਸ਼ਿੱਬੂ ਨੂੰ ਇਹ ਤਾਂ ਪਤਾ ਸੀ ਕਿ ‘ਮਾਹਲੇ’ ਦੀ ਔਲਾਦ ਹੈ ਪਰ ਆਪਣੇ ਖਾਨਦਾਨ ਦੀ ਕਲਾਣ ਉਹਨੂੰ ਨਹੀਂ ਸੀ ਆਉਂਦੀ। ਬੱਸ ਇੰਨਾ ਹੀ ਪਤਾ ਸੀ ਕਿ ਉਹਦੇ ਪਿਓ ਲੱਭੂ ਦੇ ਪਿਓ ਦਾ ਨਾਂ ਰੂੜਾ ਸੀ ਤੇ ਉਹਦੇ ਪਿਓ ਦਾ ਨਾਂ ਭਾਨਾ ਅਤੇ ਭਾਨੇ ਹੋਰੀਂ ਸੱਤ ਭਰਾ ਸਨ। ਏਦੋਂ ਵੱਧ ਉਹਨੂੰ ਕਦੀ ਲੱਭੂ ਨੇ ਸ਼ਾਇਦ ਦੱਸਿਆ ਹੀ ਨਹੀਂ ਸੀ। ਉਹ ਤਾਂ ਜਜਮਾਨਾਂ ਦੀ ਕਲਾਣ ਸਿੱਖਣ ‘ਤੇ ਹੀ ਜ਼ੋਰ ਲਾਉਂਦਾ ਰਿਹਾ ਸੀ। ਚਲੋ ਠੀਕ ਹੈ, ਉਨ੍ਹਾਂ ਦਾ ਆਪਣਾ ਵੀ ਕੋਈ ਇਤਿਹਾਸ ਹੈ ਪਰ ਇੰਜ ਨਾਂ ਨਾਲ ਸਰਦਾਰ ਲਾਇਆ ਤਾਂ ਸਰਦਾਰ ਕੀ ਸੋਚਣਗੇ?
ਹੁਣ ਬਿੱਲੂ ਤਾਂ ਕਈ ਗੱਲਾਂ ਨਹੀਂ ਮੰਨਦਾ। ਅਜੇ ਉਸ ਦਿਨ ਜਦ ਸਰਦਾਰ ਪ੍ਰੀਤਮ ਸਿੰਘ ਕਿਆਂ ਦੇ ਅਖੰਡ ਪਾਠ ਦਾ ਭੋਗ ਪਿਆ ਸੀ ਤਾਂ ਸ਼ਿੱਬੂ ਘਰ ਵਾਸਤੇ ਕੜਾਹ ਤੇ ਰੋਟੀ ਲਿਆਇਆ-ਕੜਾਹ ਦਾ ਭਰਿਆ ਥਾਲ ਤੇ ਥੱਬਾ ਰੋਟੀਆਂ ਦਾ; ਪਰ ਬਿੱਲੂ ਆਹੰਦਾ-ਤੂੰ ਜੇ ਕੜਾਹ ਖੁਣੋਂ ਔਖਾਂ ਤੇ ਉਥੇ ਹੀ ਖਾ ਆਇਆ ਕਰ, ਘਰ ਲਿਆਉਣ ਦੀ ਲੋੜ ਨਹੀਂæææਜੋ ਜਹਾਨ ਦੀ ਜੂਠ ਚੁੱਕ ਕੇ ਘਰ ਲੈ ਆਉਂਦਾ।
“ਹੈ ਨ੍ਹੇਰ ਆ ਗਿਆ ਉਏ ਮੁਲਖਾ।æææਉਏ ਕੁਬੀਅ ਦੀਏ ਔਲਾਦੇ, ਤੂੰ ਐਡਾ ਏਹੋ ਜੂਠ ਖਾ ਖਾ ਕੇ ਈ ਹੋਇਆਂ, ਹੁਣ ਚੰਗੇ ਭਲੇ ਰਿਜ਼ਕ ਨੂੰ ਜੋ ਜਹਾਨ ਦੀ ਜੂਠ ਕਹਿਣ ਡਿਆਂæææਉਏ ਮੂਰਖਾ! ਪਈ ਰੋਟੀ ਬਦਲੇ ਦੁਨੀਆਂ ਧੱਕੇ ਖਾਣ ਡਹੀ ਏ। ਮੈਨੂੰ ਕੀ, ਜੇ ਨਹੀਂ ਖਾਣੀ ਤੇ ਨਾ ਖਾਉ, ਮਾਂ ਦੀæææ।” ਸ਼ਿੱਬੂ ਉਬਲਦਾ ਰਿਹਾ ਸੀ। ਹਾਰਿਆ ਜਿਹਾ ਸਾਰੇ ਜੀਆਂ ਦੇ ਮੂੰਹ ਵੱਲ ਵੇਂਹਦਾ ਰਿਹਾ, ਛੋਟੇ ਕੁੜੀ ਤੇ ਮੁੰਡਾ ਜਿਨ੍ਹਾਂ ਦਾ ਕੜਾਹ ਵੱਲ ਵੇਖ ਕੇ ਜੀਅ ਲਲਚਾ ਰਿਹਾ ਸੀ, ਵੱਡੇ ਵੀਰ ਤੋਂ ਡਰਦੇ ਮੰਗ ਨਹੀਂ ਸਨ ਰਹੇ ਤੇ ਸਭ ਤੋਂ ਜ਼ਿਆਦਾ ਹੈਰਾਨੀ ਤੇ ਗੁੱਸਾ ਸੀ ਸ਼ਿੱਬੂ ਨੂੰ ਮੇਜੋ ‘ਤੇ। ਮੇਜੋ ਜੋ ਇੰਨੇ ਸਾਲਾਂ ਤੋਂ ਉਹਦੇ ਅੰਗ ਸੰਗ ਰਹੀ ਸੀ, ਉਹ ਮੰਜੇ ਬਿਸਤਰੇ ਇਕੱਠੇ ਕਰਦਾ ਤਾਂ ਮੇਜੋ ਪਿੰਡ ‘ਚ ਸੱਦੇ ਦੇ ਆਉਂਦੀ, ਜ਼ਿਆਦਾ ਥਾਈਂ ਰੁੱਕੇ ਜਾਂ ਭਾਜੀ ਖੜਨੀ ਹੁੰਦੀ ਤਾਂ ਇਕ ਦੋ ਥਾਈਂ ਮੇਜੋ ਚਲੇ ਜਾਂਦੀ, ਵਿਆਹਾਂ ਛੁਹਾਰਿਆਂ ‘ਤੇ ਅੜ ਅੜ ਕੇ ਲਾਗ ਲੈਂਦੀ, ਜੱਟੀਆਂ ਨੂੰ ਸਰਦਾਰਨੀ ਜੀ, ਜਜਮਾਨਣੀ ਜੀ ਕਰਦੀ ਦਾ ਮੂੰਹ ਨਾ ਥੱਕਦਾ। ਸ਼ਿੱਬੂ ਹੋਰ ਕੰਮ ਵੀ ਰੁੱਝਿਆ ਹੁੰਦਾ ਤਾਂ ਉਹ ਪਿੰਡ ਆਈ ਜੰਝ ਦੀ ਬਚੀ ਮਠਿਆਈ ਝੋਲੀ ਪਾ ‘ਆਪਣੇ ਲਾਲ’ ਬਲਦੇਵ ਲਈ ਲੈ ਆਉਂਦੀ। ਹੋਰ ਤਾਂ ਹੋਰ, ਹਾੜ੍ਹੀ ਸਾਉਣੀ ਸ਼ਿੱਬੂ ਨਾਲ ਖੇਤਾਂ ‘ਚ ਫਿਰ ਕੇ ਮੱਕੜੇ, ਭਰੀਆਂ ਇਕੱਠੀਆਂ ਕਰਦੀ। ਜਜਮਾਨਣੀਆਂ ਦਾ ਉਤਾਰ ਚਾਈਂ ਚਾਈਂ ਪਹਿਨਦੀ ਸਗੋਂ ਕਿਸੇ ਦੇ ਪਾਇਆ ਲਿਸ਼ਕਵੇਂ ਡਿਜਾਇਨ ਵਾਲਾ ਸੂਟ ਕਹਿ ਕੇ ਵੀ ਉਤਰਵਾ ਲੈਂਦੀæææਤੇ ਅੱਜ ਉਹੀ ਮੇਜੋ ਆਫਰੀ ਵਿਟਰੀ ਪਈ ਸੀ। ਕੜਾਹ ਤੇ ਰੋਟੀਆਂ ਨੂੰ ਹੱਥ ਨਹੀਂ ਸੀ ਲਾ ਰਹੀ, ਜਿਵੇਂ ਕਿਤੇ ਹੱਥ ਲੱਗ ਗਿਆ ਤਾਂ ਭਿੱਟੀ ਜਾਏਗੀ ਜਾਂ ਇਹ ਕੜਾਹ ਅੰਦਰ ਚਲੇ ਗਿਆ ਤਾਂ ਜ਼ਹਿਰ ਬਣ ਜਾਏਗਾ।
ਮੇਜੋ ਕੁਝ ਵੀ ਨਹੀਂ ਸੀ ਬੋਲਦੀ ਤੇ ਖ਼ਾਸ ਕਰ ਬਿੱਲੂ ਦੇ ਸਾਹਮਣੇ ਤਾਂ ਗੁੰਗੀ ਹੀ ਹੋ ਜਾਂਦੀ। ਪਹਿਲਾਂ ਪਹਿਲ ਉਹ ਬਿੱਲੂ ਨੂੰ ‘ਚੱਲ ਪੁੱਤ ਜੋ ਕਰਦਾ ਕਰਨ ਦੇ, ਆਖਰ ਤੇਰਾ ਪਿਉ ਆ’ ਕਹਿ ਕੇ ਸਮਝਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਹੌਲੀ ਹੌਲੀ ਉਹ ਵੀ ਸ਼ਿੱਬੂ ਤੋਂ ‘ਬਾਹਰੀ’ ਹੁੰਦੀ ਗਈ। ਸ਼ਾਇਦ ਔਰਤ ਦੀ ਰੂੜ੍ਹੀਗਤ ਸਰਪ੍ਰਸਤੀ ਚਾਹੁਣ ਦੀ ਭਾਵਨਾ ਕਰ ਕੇ ਹੀ ਉਸ ਹੌਲੀ ਹੌਲੀ ਬਿੱਲੂ ਨੂੰ ਆਪਣਾ ‘ਸਵਾਮੀ’ ਮੰਨ ਲਿਆ ਸੀ।
ਸ਼ਿੱਬੂ ਜਿਵੇਂ ਇਕੱਲਾ ਰਹਿ ਗਿਆ ਸੀ ਤੇ ਸਾਰਾ ਟੱਬਰ ਜਿਵੇਂ ਉਹਨੂੰ ਹਰਾਉਣ ‘ਤੇ ਤੁਲਿਆ ਹੋਵੇ। ਉਸ ਰੋਹ ‘ਚ ਆਏ ਨੇ ਸਾਰਾ ਕੜਾਹ ਤੇ ਰੋਟੀਆਂ ਕੁੱਤੇ ਅੱਗੇ ਵਗਾਹ ਮਾਰੀਆਂ ਸਨ ਤੇ ਆਪ ਦੋ ਦਿਨ ਘਰੋਂ ਰੋਟੀ ਨਾ ਖਾਧੀ। ਉਸ ਬਿੱਲੂ ਨੂੰ ਸੁਣਾ ਕੇ ਕਿਹਾ ਸੀ-ਉਏ ਲੋਹੜਾ ਆ ਗਿਆ ਉਏ ਮੁਲਖਾ! ਇਹ ਉਹੋ ਸਰਦਾਰ ਪ੍ਰੀਤਮ ਸੌਂਹ ਆ ਜਿਹਨੇ ਕੁੜੀ ਦੇ ਵਿਆਹ ‘ਤੇ ਖੜ੍ਹੇ ਪੈਰ ਚਾਰ ਹਜ਼ਾਰ ਰੁਪਈਆ ਦੇ ਦਿੱਤਾ ਸੀ।
“ਤੇ ਵਿਆਜ ਵੀ ਤੇ ਪੰਜ ਰੁਪਈਏ ਸੈਂਕੜਾ ਲਾਇਆ ਸੀæææਤੈਨੂੰ ਮੁਖਤ ਤੇ ਨੀ ਸੀ ਦੇ’ਤਾ ਵੱਡੇ ਕਲੇਰਾਂ ਆਲੇ ਸੰਤ ਨੂੰ,” ਬਿੱਲੂ ਕੋਲੋਂ ਨਾ ਚਾਹੁੰਦਿਆਂ ਹੋਇਆਂ ਵੀ ਰਿਹਾ ਨਹੀਂ ਸੀ ਗਿਆ।
“ਹੂੰ! ਵਿਆਜ ਨਾ ਲਾਵੇ ਤੇ ਹੋਰ ਦਾਨ ਕਰੀ ਜਾਵੇ-ਉਏ ਮੂਰਖਾ! ਪਈ ਅਗਲੇ ਦੀ ਹੱਕ ਹਲਾਲ ਦੀ ਕਮਾਈ ਆ।”
“ਆਹੋ ਹੱਕ ਹਲਾਲ ਦੀ ਕਮਾਈ ਤੇ ਭੁੱਲੀ ਆ-ਬਲੈਕ ‘ਚ ਫੀਮ ਵੇਚਣੀ ਤੇ ਇਕੋ ਇਕ ਕੰਮ ਰਹਿ ਗਿਆ ਹੱਕ ਹੱਲਾਲ ਦਾ,” ਬਿੱਲੂ ਵੀ ਝਗੜੇ ‘ਤੇ ਉਤਰ ਆਇਆ ਸੀ।
“ਉਏ ਕਬੀਅ ਦੀਏ ਅਲਾਦੇ! ਅਗਲੇ ਜੋ ਕਰਦੇ ਆ, ਆਪਣੇ ਸਿਰ ‘ਤੇ ਕਰਦੇ ਆ।” ਸ਼ਿੱਬੂ ਜਿਵੇਂ ਕਿਸੇ ਤਰ੍ਹਾਂ ਵੀ ਆਪਣੇ ਜਜਮਾਨ ਨੂੰ ਝੂਠਿਆਂ ਨਹੀਂ ਸੀ ਪੈਣ ਦੇਣਾ ਚਾਹੁੰਦਾ।
“ਚੱਲ ਚੰਗਾ, ਜੇ ਤੈਨੂੰ ਏਡਾ ਵੀ ਹੇਰਵਾ ਉਨ੍ਹਾਂ ਦਾ ਤੇ ਓਧਰ ਈ ਜਾ ਰਹੁæææਏਥੇ ਪੇਹਲੇ ਲੈਣ ਆਉਂਦਾ!”
ਬਿੱਲੂ ਦੀ ਦੋ-ਟੁੱਕ ਗੱਲ ਨੇ ਸ਼ਿੱਬੂ ਦੀਆਂ ਆਂਦਰਾਂ ਲੂਹ ਦਿੱਤੀਆਂ। ਅੰਦਰ ਜਿਵੇਂ ਗੁੱਸੇ ਦਾ ਲਾਵਾ ਫੁੱਟ ਨਿਕਲਿਆ। ਬਿੱਲੂ ਦੀ ਥਾਂ ਉਹ ਡਾਂਗ ਫੜ ਕੇ, ਉਦੋਂ ਦੀ ਚੁੱਪ ਖੜ੍ਹੀ ਮੇਜੋ ਵੱਲ ਹੋ ਗਿਆ, “ਧੀ ਦੇ ਖਸਮ ਦੀਏ! ਤੂੰ ਜੰਮ ਲਾ ਇਹ ਹਰਾਮ ਦੇ ਤੁਖਮæææਲੈ ਉਏ ਮੁਲਖਾ! ਏਹਨੂੰ ਪੜ੍ਹਾ ਲਿਖਾ ਕੇ ਵੱਡਾ ਤਾਂ ਕੀਤਾ ਸੀ ਪਈ ਪਿਓ ਨੂੰ ਈ ਘਰੋਂ ਕੱਢ ਦੇਵੇ।”
ਇਸ ਤੋਂ ਪਹਿਲਾਂ ਕਿ ਸ਼ਿੱਬੂ ਮੇਜੋ ਦੇ ਡਾਂਗ ਮਾਰਦਾ, ਬਿੱਲੂ ਅੱਗੇ ਹੋ ਗਿਆ। ਸ਼ਿੱਬੂ ਨੂੰ ਗੁੱਸੇ ਦਾ ਲਾਵਾ ਗਾਲਾਂ ਦੀ ਵਾਛੜ ਰਾਹੀਂ ਸ਼ਾਂਤ ਕਰਨਾ ਪਿਆ ਸੀ। ਸ਼ਿੱਬੂ ਨੂੰ ਲਗਦਾ ਜਿਵੇਂ ਹੁਣ ਉਹਨੂੰ ਘਰ ਦਾ ਅੰਗ ਹੀ ਨਹੀਂ ਸੀ ਸਮਝਿਆ ਜਾ ਰਿਹਾ। ਕੋਈ ਕਦਰ ਹੀ ਨਹੀਂ ਰਹਿ ਗਈ ਸੀ ਉਸ ਦੀ। ਉਸ ਦੇ ਹਰ ਕੰਮ ‘ਤੇ ਟੋਕਾ ਟੋਕੀ ਹੁੰਦੀ। ਕਦੇ ਬਿੱਲੂ ਨੂੰ ਉਹਦੇ ਮੈਲੇ ਕੱਪੜੇ ਨਾ ਚੰਗੇ ਲਗਦੇ, ਕਦੇ ਉਹਦੇ ਰੱਖੇ ਦੋ ਕੁੱਤੇ ਘਰ ‘ਚ ਵਾਧੂ ਦਾ ਗੰਦ ਜਾਪਦੇ। ਬਿੱਲੂ ਸਮਝਦਾ ਹੀ ਨਹੀਂ ਸੀ ਕਿ ਉਹਦੇ ਵਡੇਰੇ ਸ਼ਿਕਾਰ ਦੇ ਸ਼ੌਕੀਨ ਸਨ ਤੇ ਸ਼ਿੱਬੂ ਇਹ ਸ਼ਿਕਾਰੀ ਕੁੱਤੇ ਰੱਖ ਕੇ ਪੁਰਖਿਆਂ ਦੀ ਰਵਾਇਤ ਨਿਭਾ ਰਿਹਾ ਹੈ।
ਜਦ ਬਿੱਲੂ ਘਰ ਨਾ ਹੁੰਦਾ ਤਾਂ ਸ਼ਿੱਬੂ ਮੇਜੋ ਨੂੰ ਝਈ ਲੈ ਕੇ ਪੈ ਜਾਂਦਾ, “ਮੇਜੋ ਚੰਦਰੀਏ! ਪਛਤਾਏਂਗੀ ਕਿਤੇ ਤੂੰ ਵੀæææਜੇ ਅੱਖਾਂ ‘ਚ ਘਸੁੰਨ ਦੇ ਕੇ ਨਾ ਰੋਈਓਂ ਤੇ ਮੈਨੂੰ ਵੀ ਲੱਭੂ ਦਾ ਪੁੱਤ ਨਾ ਕਹੀਂæææਇਹਦਾ ਕੰਜਰ ਦਾ ਵਿਆਹ ਹੋ ਲੈਣ ਦੇ, ਜੇ ਨਾ ਤੇਰੀ ਗੁੱਤ ਪੁੱਟ ਕੇ ਹੱਥ ‘ਚ ਫੜਾਈ ਤੇ ਮੇਰੀ ਵੀ ਦਾਹੜੀ ਮੂਤ ਨਾਲ ਮੁੰਨ ਦੇਈਂ।”
ਪਰ ਸ਼ਿੱਬੂ ਦੀਆਂ ਗੱਲਾਂ ਦਾ ਮੇਜੋ ‘ਤੇ ਜਿਵੇਂ ਕੋਈ ਅਸਰ ਹੀ ਨਾ ਹੁੰਦਾ। ਉਹ ਚੁੱਪ-ਚਾਪ ਉਹਨੂੰ ਰੋਟੀ ਦੇ ਛੱਡਦੀ, ਉਹਦੇ ਕੱਪੜੇ ਧੋ ਦਿੰਦੀ। ਹੋਰ ਕੰਮ ਵੀ ਕਰਦੀ ਪਰ ਕਹਿੰਦੀ ਕੁਝ ਨਾ। ਵੱਧ ਤੋਂ ਵੱਧ ਇਹੀ, “ਬਿੱਲੂ ਦੇ ਭਾਪਾ! ਕਿਉਂ ਐਵੇਂ ਚੱਤੇ ਪਹਿਰ ਭੁੱਜਦਾ ਰਹਿਨਾਂæææਨਾਲੇ ਸਾਡੀਆਂ ਆਂਦਰਾਂ ਲੂੰਹਦਾਂæææਤੇ ਲੋਕਾਂ ਦਾ ਤਮਾਸ਼ਾ ਵਾਧੂ ਦਾ, ਤੂੰ ਆਪ ਸੋਚ ਪਈ ਜੇ ਰੱਬ ਨੇ ਸਭ ਕੁਝ ਦਿੱਤਾ ਤੇ ਤੂੰ ਕਾਹਨੂੰ ਬੁੱਤੀਆਂ ਕਰ ਲੱਤਾਂ ਤੁੜਾਉਣੀਆਂ, ‘ਰਾਮ ਨਾਲ ਘਰ ਬਹਿ। ਜੇ ਫਿਰ ਵੀ ਬਿੱਲੂ ਤੈਨੂੰ ਰੋਟੀ ਨਾ ਦੇਵੇ ਤੇ ਫੇਰ ਕਹੀਂ।”
ਪਰ ਸ਼ਿੱਬੂ ਉਹਨੂੰ ਕਿੰਜ ਸਮਝਾਵੇ ਕਿ ਗੱਲ ਸਿਰਫ ਰੋਟੀ ਦੀ ਨਹੀਂ, ਸਗੋਂ ਉਸ ਚੀਜ਼ ਦੀ ਹੈ, ਉਸ ਸੰਸਕਾਰ ਦੀ ਹੈ ਜੋ ਗੰਢ ਬਣ ਕੇ ਸ਼ਿੱਬੂ ਦੇ ਦਿਲ ਦਿਮਾਗ ਨੂੰ ਕੱਸੀ ਬੈਠੀ ਹੈ। ਉਹਨੂੰ ਪਤਾ ਹੈ, ਇਸ ਪੀਡੀ ਗੰਢ ਨਾਲ ਉਹਦਾ ਦਿਲ ਦਿਮਾਗ ਜ਼ਖ਼ਮੀ ਰਹਿੰਦਾ ਹੈ, ਬੱਝਾ ਰਹਿੰਦਾ ਹੈ, ਪਰ ਅਗਰ ਇਹ ਗੰਢ ਖੁੱਲ੍ਹ ਗਈ ਤਾਂæææਤਾਂ ਉਹਦਾ ਦਿਲ ਦਿਮਾਗ ਖਿੱਲਰ ਜਾਏਗਾ, ਟੋਟੋ ਹੋ ਜਾਏਗਾæææਤੇ ਸ਼ਿੱਬੂ ਉਸ ਹਾਲਤ ‘ਚ ਜਿਉਂਦਾ ਨਹੀਂ ਰਹੇਗਾ। ਸ਼ਿੱਬੂ ਨੂੰ ਆਪਣਾ ਆਪ ਓਪਰਾ ਲਗਦਾ। ਉਹ ਘਰ ਆਉਂਦਾ ਤਾਂ ਕਈ ਵਾਰ ‘ਆਪਣਾ ਘਰ’ ਵੀ ਬੇ-ਪਛਾਣਿਆ ਜਿਹਾ ਲਗਦਾ। ਮੇਜੋ ਨੂੰ ਬੂਟੀਆਂ ਵਾਲਾ ਨਵਾਂ ਸੂਟ ਪਾਈ ਘਰ ਫਿਰਦੀ ਵੇਂਹਦਾ ਤਾਂ ਉਹਨੂੰ ਲਗਦਾ ਕਿ ਉਹਦੇ ਮੂੰਹੋਂ ਨਿਕਲ ਜਾਏਗਾ-ਮਹਾਰਾਜ ਰਾਜ਼ੀ ਰੱਖੇ, ਵੇਲ ਵਧਾਏ ਤੇ ਭਾਗ ਲਏ, ਸਰਦਾਰਨੀæææਤੇ ਉਹ ਅੱਡੀਆਂ ਅੱਖਾਂ ਨਾਲ ਬਦਲੀ ਹੋਈ ਮੇਜੋ ਵੱਲ ਵੇਂਹਦਾ ਰਹਿੰਦਾ।
ਉਹ ਹੌਲੀ ਹੌਲੀ ਖੁਰਦਾ ਝੂਰਦਾ ਰਹਿੰਦਾ। ਬਿੱਲੂ ਨੂੰ ਸੁਣਾ ਕੇ ਹਵਾ ‘ਚ ਹੀ ਕਹਿੰਦਾ, “ਉਏ ਮੁਲਖਾ! ਪਈ ਜੇ ਮੈਂ ਪਿੰਡ ਦਾ ਕੰਮ ਕਰਨੋਂ ਹਟ ਜੂੰ ਤਾਂ ਮੇਰੀ ਜਾਤ ਤੇ ਨੀ ਬਦਲ ਚੱਲੀ, ਰਹਿਣਾ ਤੇ ਸਾਂਸੀ ਹੀ ਆ, ਜਿਹੜਾ ਰੱਬ ਨੇ ਬਣਾ ‘ਤੇ।”
“ਨਾ ਤੈਨੂੰ ਜਾਤ ਬਦਲਣ ਲਈ ਕਿਹੜਾ ਕਹਿੰਦਾ, ਮੈਂ ਤੇ ਆਂਹਦਾ ਪਈ ਚਾਰ ਦਿਨ ਚੈਨ ਨਾਲ ਘਰ ਬਹਿ ਕੇ ਰੋਟੀ ਖਾ ਲਾ।”
“ਉਏ ਰੱਬ ਨਾ ਈ ਕਰੇ ਤੇਰੀਆਂ ਰੋਟੀਆਂ ਜੋਗਾæææਜਿੰਨਾ ਚਿਰ ਇਹ ਹੱਥ ਪੈਰ ਹੈਗੇ ਆ, ਜ਼ਬਾਨ ਹੈਗੀ ਆ, ਓਨਾ ਚਿਰ ਨਹੀਂ ਮੈਂ ਮਰਦਾ ਭੁੱਖਾ।”
ਸ਼ਿੱਬੂ ਨੂੰ ਜ਼ਬਾਨ ਉਤੇ ਹੱਥਾਂ ਪੈਰਾਂ ਨਾਲੋਂ ਵੀ ਜ਼ਿਆਦਾ ਮਾਣ ਸੀ। ਉਹਨੂੰ ਪਤਾ ਸੀ ਕਿ ਜ਼ਬਾਨ ਦੇ ਰਸ ਨਾਲ ਹੀ ਜਜਮਾਨ ਪਿਘਲ ਜਾਂਦੇ ਹਨ। ਉਹਦੀ ਇਹੀ ਜ਼ਬਾਨ ਹੁਣ ਤਕ ਜਜਮਾਨਾਂ ਨੂੰ ‘ਹਾਂ ਜੀ’ ਤੋਂ ਸਿਵਾ ਕੁਝ ਨਹੀਂ ਬੋਲੀ ਤੇ ਅੱਜ ਏਸੇ ਜ਼ਬਾਨ ਨਾਲ ਨਾਂਹ ਕਿਵੇਂ ਆਖੇ, ਜ਼ਬਾਨ ਗੁੰਗੀ ਨਾ ਹੋ ਜਾਏਗੀ? ਪੁੱਤ ਨੂੰ, ਪਤਨੀ ਨੂੰ ਚਾਹੇ ਲੱਖ ਗਾਲਾਂ ਕੱਢ ਲਵੇ ਪਰ ਜਜਮਾਨ ਦੇ ਵਿਰੁਧ ਕਦੇ ਨਹੀਂ ਬੋਲੇਗੀ ਇਹ ਜ਼ਬਾਨ। ਸ਼ਿੱਬੂ ਇਨ੍ਹੀਂ ਦਿਨੀਂ ਇੰਜ ਵਿਚਰਦਾ ਜਿਵੇਂ ਉਹ ਕੋਈ ਜੰਗ ਲੜ ਰਿਹਾ ਹੋਵੇ; ਆਪਣੇ ਮਾਣ ਦੀ, ਵੱਕਾਰ ਦੀ ਬਹਾਲੀ ਦੀ ਜੰਗ।
æææਅਤੇ ਲੋਹੜੀ ‘ਤੇ ਆ ਕੇ ਤਾਂ ਇਹ ਠੰਢੀ ਜੰਗ ਇਕ ਦਮ ਹੀ ਭੜਕ ਉਠੀ ਸੀ। ਬਿੱਲੂ ਨੇ ‘ਕਲਾਣ’ ਲਿਖ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਸ਼ਿੱਬੂ ਮੋਟੀ ਮੋਟੀ ਲਿਖੀ ਪੰਜਾਬੀ ਅੱਖਰ ਜੋੜ ਜੋੜ ਕੇ ਪੜ੍ਹ ਲੈਂਦਾ ਸੀ। ਇਹ ਪੰਜਾਬੀ ਸਿਖਾਈ ਵੀ ਤਾਂ ਉਹਨੂੰ ਉਹਦੇ ਬਿੱਲੂ ਨੇ ਹੀ ਸੀ। ਜਦ ਬਿੱਲੂ ਨਿੱਕਾ ਹੁੰਦਾ ਸੀæææਸਕੂਲ ਜਾਂਦਾæææਸਕੂਲੋਂ ਸਿੱਖਿਆ ‘ਊੜਾ ਐੜਾ’ ਪਿਉ ਦੀ ਬੁੱਕਲ ‘ਚ ਬਹਿ ਦੁਹਰਾਉਂਦਾ ਤੇ ਆਪ ‘ਏ ਬੀ ਸੀ’ ਲਿਖਣ ਤੱਕ ਉਸ ਸ਼ਿੱਬੂ ਨੂੰ ਵੀ ਗੁਜ਼ਾਰੇ ਜੋਗੀ ਪੰਜਾਬੀ ਪੜ੍ਹਨੀ ਸਿਖਾ ਦਿੱਤੀ ਸੀ।
ਲੱਭੂ ਦੇ ਜਿਉਂਦੇ ਰਹਿਣ ਤੱਕ ਤਾਂ ਸ਼ਿੱਬੂ ਨੂੰ ਕੋਈ ਫਿਕਰ ਹੀ ਨਹੀਂ ਸੀ। ਲੱਭੂ ਨੂੰ ਪਿੰਡ ਦਾ ਸਾਰਾ ਇਤਿਹਾਸ ਜ਼ਬਾਨੀ ਯਾਦ ਸੀ। ਪਿੰਡ ਦੇ ਜਜਮਾਨਾਂ ਦੇ ਵੱਡੇ ਵਡੇਰਿਆਂ ਦੇ ਨਾਂਵਾਂ ਤੇ ਗੁਣਾਂ ਨਾਲ ਲੱਦਿਆ ਪਿਆ ਸੀ, ਲੱਭੂ ਤੇ ਜਦ ਵਿਸਮਾਦ ‘ਚ ਆਇਆ ਦੇਵੀ ਮਾਤਾ ਨੰਗਿਆਂ ਨੂੰ ਕੱਪੜੇ ਬਖ਼ਸ਼ਦੀæææਭੁੱਖਿਆਂ ਨੂੰ ਅੰਨ ਬਖ਼ਸ਼ਦੀæææਗੌਣ ਵਾਲਿਆਂ ਨੂੰ ਗੌਣ ਬਖ਼ਸ਼ਦੀ ਤੋਂ ਸ਼ੁਰੂ ਕਰ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਕਲਾਣ ‘ਚ ਸਮੇਟ ਸ਼ ਮੁਖ਼ਤਿਆਰ ਸਿੰਘ ਵਲਦ ਪ੍ਰੀਤਮ ਸਿੰਘæææਆæææਣੇæææਕਹਿੰਦਾ ਤਾਂ ਛੋਟੇ ਬੱਚੇ ਤੋਂ ਲੈ ਕੇ ਪੜਦਾਦਿਆਂ, ਨੱਕੜਦਾਦਿਆਂ ਤੋਂ ਵੀ ਅਗਾਂਹ ਦੀ ਲੜੀ ਜੋੜ ਉਥੋਂ ਤੱਕ ਪਹੁੰਚ ਜਾਂਦਾ ਜਿਥੋਂ ‘ਸਿੱਧੂ’, ‘ਦੋਸਾਂਝ’, ਜਾਂ ‘ਗਿੱਲਾਂ’ ਦੀ ਜੜ੍ਹ ਤੁਰੀ ਸੀ। ਜਜਮਾਨ ਵਡੇਰਿਆਂ ਦੇ ਨਾਂ ਅਤੇ ਸਿਫ਼ਤਾਂ ਸੁਣ, ਖ਼ੁਸ਼ ਹੋ ਲੱਭੂ ਨੂੰ ਕੰਬਲ, ਬਿਸਤਰਾ, ਕੋਈ ਮੱਝ ਤੇ ਕੋਈ ਕੁਝ ਹੋਰ ‘ਲੋਹੜੀ’ ਵਜੋਂ ਦੇ ਦਿੰਦੇ। ਇਹ ਉਨ੍ਹਾਂ ਦੇ ਪੁਰਖਿਆਂ ਦੀ ਕਲਾਣ ਕਰਨੀ ਹੈ ਤੇ ਉਨ੍ਹਾਂ ਹਰ ਸਾਲ ਖ਼ੁਸ਼ ਹੋ ਕੇ ਕੁਝ ਨਾ ਕੁਝ ਦੇਣਾ ਹੈ।
ਸ਼ਿੱਬੂ ਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਉਹ ਵੀ ਆਪਣੇ ਪਿਉ ਜਿੰਨਾ ਹੀ ਨਿਪੁੰਨ ਹੋ ਜਾਵੇ ਪਰ ਉਹਦੇ ਕੋਲੋਂ ਉਹ ਗੱਲ ਨਹੀਂ ਸੀ ਬਣਦੀ ਅਤੇ ਪਿਛਲੇ ਸਾਲ ਤਾਂ ਜਦ ਉਹ ਸਰਦਾਰ ਪ੍ਰੀਤਮ ਸਿੰਘ ਦੇ ਮੁੰਡੇ ਦੇ ਵਿਆਹ ਦੀ ਲੋਹੜੀ ‘ਤੇ ਕਲਾਣ ਕਰ ਰਿਹਾ ਸੀ, ਪਤਾ ਨਹੀਂ ਕਿੰਜ ਬਿੱਲੂ ਦੇ ਬੋਲ ਉਹਦੇ ਦਿਮਾਗ ‘ਚ ਆਣ ਵੜੇ ਸਨ, ‘ਭਾਪਾ! ਦਿਮਾਗ ਤੋਂ ਕੰਮ ਲੈ! ਪਈ ਜਦੋਂ ਰੱਬ ਨੇ ਸਾਰੇ ਬੰਦੇ ਇਕੋ ਜਿਹੇ ਪੈਦਾ ਕੀਤੇ ਆ, ਫਿਰ ਇਹ ਜੱਟ ਬ੍ਰਾਹਮਣ ਸਾਡੇ ਤੋਂ ਉਚੇ ਕਿੱਦਾਂ ਹੋਏæææਜਿਹੜੇ ਇਨ੍ਹਾਂ ਦੇ ਗੁਣ ਗਾਉਂਦਾ ਫਿਰਦਾਂ’ ਤਾਂ ਉਹ ਅੱਧ ‘ਚੋਂ ਹੀ ਨਾਂ ਭੁੱਲ ਗਿਆ ਸੀ। ਲੱਖ ਯਤਨ ਕਰਨ ‘ਤੇ ਵੀ ਯਾਦ ਨਹੀਂ ਆਇਆ ਤਾਂ ਲੋਹੜੀ ਤਾਂ ਘੱਟ ਮਿਲਣੀ ਹੀ ਸੀ, ਜਜਮਾਨ ਦੀ ਨਾਰਾਜ਼ਗੀ ਵੱਖਰੀ ਝੱਲਣੀ ਪਈ ਸੀ।
ਇਸੇ ਲਈ ਸ਼ਿੱਬੂ ਨੇ ਇਸ ਵਾਰ ਬਿੱਲੂ ਨੂੰ ਕਿਹਾ ਸੀ ਕਿ ਉਹ ਯਾਦ ਕਰ ਕੇ ਬੋਲੀ ਜਾਏਗਾ ਤੇ ਬਿੱਲੂ ਉਹਨੂੰ ਮੋਟੇ ਅੱਖਰਾਂ ‘ਚ ਇਕ ਕਾਪੀ ਉਤੇ ਲਿਖ ਦੇਵੇ। ਇਕ ਤਾਂ ਉਹ ਭੁੱਲਣ ‘ਤੇ ਨਾਂ ਵੇਖ ਲਏਗਾ ਤੇ ਦੂਜਾ ਇਹ ਰਿਕਾਰਡ ਅਗਾਂਹ ਕੰਮ ਆਏਗਾ।
ਪਰ ਬਿੱਲੂ ਨਹੀਂ ਮੰਨਿਆ। ਤੇ ਸ਼ਿੱਬੂ ਲੜ ਕੇ ਘਰੋਂ ਨਿਕਲ, ਪਿੰਡੋਂ ਬਾਹਰਵਾਰ ਆ ਬੈਠਾ ਸੀ।
ਉਦੋਂ ਦੀ ਹੀ ਦਿਮਾਗ ‘ਚ ਉਥਲ ਪੁਥਲ ਜਾਰੀ ਸੀ-ਬਿੱਲੂ ਨਹੀਂ ਮੰਨਿਆ ਤੇ ਨਾ ਸਹੀ, ਆਪੇ ਜਜਮਾਨ ਹੋਰ ਘੜੀ ਨੂੰ ਲੈਣ ਆ ਜਾਣਗੇ, ਨਾਲੇ ਸਰਦਾਰ ਪ੍ਰੀਤਮ ਸੌਂਹ ਨੇ ਤਾਂ ਪੋਤਰੇ ਦੀ ਲੋਹੜੀ ਵੰਡਣੀ ਹੈ ਇਸ ਵਾਰ, ਉਹ ਤਾਂ ਆਪ ਹੀ ਕਿਸੇ ਨੂੰ ਸੱਦਣ ਘੱਲ ਦੇਣਗੇ।
ਪਰ ਹੈਂ? ਇਹ ਕੀ? ਸਰਦਾਰ ਪ੍ਰੀਤਮ ਸੌਂਹ ਵੱਡੇ ਮੁੰਡੇ ਪਿੱਛੇ ਸਕੂਟਰ ‘ਤੇ ਬੈਠਾ ਸ਼ਿੱਬੂ ਦੇ ਕੋਲੋਂ ਲੰਘ ਗਿਆ ਸੀ। ਉਸ ਸ਼ਿੱਬੂ ਵੱਲ ਵੇਖਿਆ ਵੀ ਨਹੀਂ ਤੇ ਕੱਚੇ ਪਹੇ ਤੋਂ ਉਡਿਆ ਘੱਟਾ ਜਿਵੇਂ ਸਾਰੇ ਦਾ ਸਾਰਾ ਸ਼ਿੱਬੂ ਦੇ ਦਿਲ ਦਿਮਾਗ ‘ਤੇ ਜੰਮ ਗਿਆ ਹੋਵੇ, ਉਹਦੀ ਸੋਚ ਸਥਿਰ ਹੋ ਗਈ ਹੋਵੇ। ਪਿੰਡ ‘ਚੋਂ ਕੁੜੀਆਂ ਦੇ ਲੋਹੜੀ ਮੰਗਣ ਦੀ ਆਵਾਜ਼ ਆ ਰਹੀ ਸੀ,
ਪਾ ਨੀ ਮਾਈ ਪਾ
ਕਾਲੇ ਕੁੱਤੇ ਨੂੰ ਵੀ ਪਾ।
ਕਾਲਾ ਕੁੱਤਾ ਦੇਵੇ ਵਧਾਈ
ਤੇਰੀ ਜੀਵੇ ਮੱਝੀਂ ਗਾਈਂ।
ਮੱਝੀਂ ਗਾਈਂ ਦਿੱਤਾ ਦੁੱਧ
ਤੇਰੇ ਜੀਣ ਪੰਜੇ ਪੁੱਤ।
ਇਕ ਪਲ ਸ਼ਿੱਬੂ ਨੂੰ ਲੱਗਾ ਜਿਵੇਂ ਕੁੜੀਆਂ ਕਾਲੇ ਕੁੱਤੇ ਦੀ ਥਾਂ ‘ਪਾ ਨੀ ਮਾਈ ਪਾ/ਕਾਣੇ ਸ਼ਿੱਬੂ ਨੂੰ ਵੀ ਪਾ’ ਕਹਿ ਰਹੀਆਂ ਹੋਣ।
ਦੁਪਹਿਰ ਢਲ ਗਈ ਸੀ। ਉਹ ਬਿਨਾਂ ਕੁਝ ਸੋਚਿਆ ਹੀ ਪਿੰਡ ਵੱਲ ਤੁਰ ਪਿਆ ਪਰ ਉਹਨੂੰ ਲੱਤਾਂ ਕੰਬਦੀਆਂ ਲੱਗੀਆਂ। ਪਿੰਨੀਆਂ ‘ਚੋਂ ਕੋਈ ਚੀਸ ਜਿਹੀ ਉਠ ਨਾੜ ‘ਚੋਂ ਹੁੰਦੀ ਹੋਈ, ਮੱਥੇ ‘ਚੋਂ ਹੁੰਦੀ ਹੋਈ ਮੱਥੇ ‘ਚ ਤਰਾਟ ਬਣ ਫਿਰ ਗਈ। ਉਹਨੂੰ ਲੱਗਾ ਜਿਵੇਂ ਉਹ ਸਾਹ-ਸਤਹੀਣ ਹੋ ਗਿਆ ਹੋਵੇ। ਇਕ ਪਲ ਸ਼ਿੱਬੂ ਠਠੰਬਰਿਆ।
ਅੱਗਿਓਂ ਬਿੱਲੂ ਤੇ ਮੇਜੋ ਉਹਦੇ ਵੱਲ ਹੀ ਆ ਰਹੇ ਸਨ। “ਬਿੱਲੂ ਦੇ ਭਾਪਾ! ਤੂੰ ਕਿੱਥੇ ਬਹਿ ਰਿਹਾਂ ਸਵੇਰ ਦਾ, ਸਾਡੀ ਤੇ ਜਾਨ ਸੁੱਕਣੇ ਪਈ ਸੀ, ਲੱਭ ਲੱਭ ਕੇ ਕਮਲੇ ਹੋਗੇ,” ਮੇਜੋ ਦੇ ਬੋਲਾਂ ਤੋਂ ਪਤਾ ਨਹੀਂ ਸੀ ਲੱਗਦਾ ਕਿ ਉਹ ‘ਰੁੱਸੇ ਹੋਏ ਪਤੀ’ ਨਾਲ ਬੋਲ ਰਹੀ ਸੀ।
“ਮੈਂ ਤੇ ਘਰ ਨੂੰ ਹੀ ਆਉਣ ਲੱਗਾ ਸਾਂ,” ਸ਼ਿੱਬੂ ਖੁਦ ਨਹੀਂ ਸਮਝ ਸਕਿਆ ਕਿ ਬੋਲ ਉਹਦੇ ਮੂੰਹੋਂ ਹੀ ਨਿਕਲੇ ਸਨ।
ਉਹਦੀਆਂ ਅੱਖਾਂ ਬਿੱਲੂ ਨਾਲ ਮਿਲੀਆਂ। ਉਹ ਸਵੈਮਾਣ ਨਾਲ ਭਰਿਆ ਪਿਆ ਸੀ। ਸ਼ਿੱਬੂ ਦੀਆਂ ਅੱਖਾਂ ‘ਚ ਸਵੈਮਾਣ ਦੀ ਥਾਂ ਬੇਵਸੀ ਸੀ। ਸੂਰਜ ਚਾਹੇ ਡੁੱਬਣ ਹੀ ਵਾਲਾ ਸੀ ਪਰ ਆਖਰੀ ਕਿਰਨਾਂ ਨੇ ਅਸਮਾਨ ਨੂੰ ਲਾਲ ਕਰ ਦਿੱਤਾ ਸੀ।
ਉਹ ਤਿੰਨੇ ਆਪਣੇ ਘਰ ਨੂੰ ਤੁਰੇ ਜਾ ਰਹੇ ਸਨ-ਸੱਜੇ ਹੱਥ ਲਾਚਾਰ ਜਿਹਾ ਬਣਿਆ ਸ਼ਿੱਬੂ, ਵਿਚਕਾਰ ਮੇਜੋ ਤੇ ਖੱਬੇ ਹੱਥ ਬਿੱਲੂ। ਉਨ੍ਹਾਂ ਵਿਚਕਾਰ ‘ਸਮਝੌਤਾ’ ਤਾਂ ਲੱਗ ਰਿਹਾ ਸੀ ਪਰ ‘ਸੁਲਾਹ’ ਵਰਗਾ ਠੋਸ ਕੁਝ ਨਹੀਂ ਸੀ ਜਾਪਦਾ। ਪਿੰਡ ‘ਚ ਮੁੰਡੇ ਕੁੜੀਆਂ ਦੀ ਲੋਹੜੀ ਮੰਗਣ ਦੀ ਆਵਾਜ਼ ਹੋਰ ਵੀ ਉਚੀ ਹੋ ਗਈ ਲਗਦੀ ਸੀ।
Leave a Reply