ਪੰਜਾਬ ਦਾ ਉਹ ਖੂਨੀ ਘੱਲੂਘਾਰਾ

ਜਸਟਿਸ ਸੱਯਦ ਆਸਿਫ ਸ਼ਾਹਕਾਰ ਨੇ ਪੰਜਾਬ ਦੇ ਇਕ ਅਤਿਅੰਤ ਦੁਖਦਾਈ ਦੌਰ, ਜਿਸ ਨੂੰ ਅਸੀਂ ਚੁੱਪ ਚਪੀਤੇ ਭੁਲਾ ਕੇ ਉਸ ਤੋਂ ਪਿੱਛਾ ਛੁਡਾਉਣ ਵਿਚ ਲੱਗੇ ਹੋਏ ਹਾਂ, ਨੂੰ ‘ਪੰਜਾਬੀ ਘੱਲੂਘਾਰੇ ਦੇ ਜ਼ਿਮੇਵਾਰ ਕੌਣ?’ ਲੇਖ ਵਿਚ ਸਾਡੇ ਰੂਬਰੂ ਕਰ ਦਿੱਤਾ ਹੈ। ਇਹ ਘੱਲੂਘਾਰਾ ਮਨੁੱਖਾਂ ਦੀ ਗਿਰਾਵਟ, ਵਹਿਸ਼ਤ, ਡਰਪੋਕਪੁਣੇ ਅਤੇ ਮੂਰਖਤਾ ਦੀ ਲਾਸਾਨੀ ਮਿਸਾਲ ਹੈ।
ਦਖਣੀ ਏਸ਼ੀਆ ਦੇ ਉਤਰ-ਪੱਛਮ ਵਿਚ ਸਦੀਆਂ ਤੋਂ ਵਿਦੇਸ਼ੀ ਕਬਾਇਲੀ ਧਾੜਵੀਆਂ ਦੀ ਸਤਾਈ ਵਸੋਂ ਨੇ ਗੁਰਮਤਿ ਦੇ ਪ੍ਰਭਾਵ ਅਧੀਨ ਇਕ ਨਵੇਂ ਸ਼ਕਤੀਸ਼ਾਲੀ ਪੰਜਾਬੀ ਸਭਿਅਚਾਰ ਨੂੰ ਜਨਮ ਦਿੱਤਾ ਸੀ, ਜਿਸ ਦੀ ਫੁਲਵਾੜੀ ਨੂੰ ਸੂਫੀ ਅਤੇ ਰੁਮਾਂਚਕ ਕਿੱਸਾਕਾਰਾਂ ਨੇ ਸ਼ਿੰਗਾਰ ਕੇ ਹੋਰ ਮਨ ਲੁਭਾਊ ਬਣਾ ਦਿੱਤਾ ਸੀ। ਭਾਵੇਂ ਰਾਜ ਮੁਗਲਾਂ ਅਧੀਨ ਮੁਸਲਮਾਨਾਂ ਅਤੇ ਪਹਾੜੀ ਰਾਜਪੂਤ ਰਾਜਿਆਂ ਦਾ ਸੀ ਪਰ ਪਿਸ਼ਾਵਰ ਤੋਂ ਗੁੜਗਾਓਂ ਤਕ ਗੁਰਾਂ ਦੀ ਵਰੋਸਾਈ ਪੰਜਾਬੀ ਸਭਿਅਤਾ ਲਹਿਲਹਾਉਣ ਲੱਗ ਪਈ ਸੀ, ਕਿਉਂਕਿ ਗੁਰਬਾਣੀ ਮੁਸਲਮਾਨ ਨੂੰ ਅੱਛਾ ਮੁਸਲਮਾਨ, ਹਿੰਦੂ ਨੂੰ ਅੱਛਾ ਹਿੰਦੂ, ਖਤਰੀ, ਬ੍ਰਾਹਮਣ, ਸੂਦ, ਵੈਸ਼ ਅਤੇ ਹਰ ਇਕ ਨੂੰ ਗੁਰਮਤਿ ਦੇ ਮਾਨਵਵਾਦੀ ਰਾਹ ‘ਤੇ ਚਲਣ ਅਤੇ ਸਭ ਨੂੰ ਆਪਸ ਵਿਚ ਰਲ ਮਿਲ ਕੇ ਰਹਿਣ ਲਈ ਪ੍ਰੇਰਤ ਕਰਦੀ ਸੀ। ਗੁਰਬਾਣੀ ਦਾ ਉਪਦੇਸ਼ ਮਨੁੱਖਤਾ ਨੂੰ ਬਰਾਬਰੀ, ਸੇਵਾ, ਪ੍ਰੇਮ ਭਾਵਨਾ ਅਤੇ ਪਰਉਪਕਾਰ ਲਈ ਉਤਸ਼ਾਹਤ ਕਰਨਾ ਸੀ। ਨਾਨਕ ਪੀਰ ਨੇ ਮੁਸਲਮਾਨਾਂ ਨੂੰ ਇਹ ਉਪਦੇਸ਼ ਦਿੱਤਾ,
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥
ਕਰਨੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥
(ਗੁਰੂ ਗ੍ਰੰਥ ਸਾਹਿਬ, ਪੰਨਾ 141)
ਪੰਜਾਬ ਉਹ ਧਰਤੀ ਹੈ ਜਿਸ ਨੇ ਵੇਦਾਂ ਦੀ ਰਚਨਾ, ਮਹਾਭਾਰਤ ਦਾ ਵਿਨਾਸ਼ਕਾਰੀ ਯੁੱਧ, ਗੀਤਾ ਦੇ ਗਿਆਨ ਦਾ ਉਚਾਰਨ, ਗੁਰਬਾਣੀ ਦੀ ਰਚਨਾ, ਪਾਣੀਪਤ ਦੀਆਂ ਤਿੰਨ ਲੜਾਈਆਂ, ਹਿੰਦ-ਪੰਜਾਬ ਦੀ ਜੰਗ ਅਤੇ 1947 ਵਿਚ ਬ੍ਰਿਟਿਸ਼ ਸਾਮਰਾਜ ਦਾ ਸਿਰਜਿਆ, ਸਵਾਰਥੀ ਆਗੂਆਂ ਦਾ ਉਤਸ਼ਾਹਤ ਕੀਤਾ ਅਤੇ ਪੰਜਾਬੀਆਂ ਦੀ ਵਹਿਸ਼ਤ ਦਾ ਸਿਰੇ ਚਾੜ੍ਹਿਆ ਦਿਲ ਕੰਬਾਊ ਘੱਲ਼ੂਘਾਰਾ ਦੇਖੇ ਅਤੇ ਆਪਣੇ ਪਿੰਡੇ ਉਤੇ ਹੰਢਾਏ ਹਨ। ਇਥੇ ਪਿਆਰ ਨਫਰਤ ਵਿਚ, ਸ਼ਾਂਤੀ ਹਿੰਸਾ ਵਿਚ, ਸੱਭਿਆ ਵਿਹਾਰ ਵਹਿਸ਼ਤ ਵਿਚ, ਧਰਮ ਧੋਖੇਬਾਜ਼ੀ ਵਿਚ, ਹਲੀਮੀ ਧੱਕੇਸ਼ਾਹੀ ਵਿਚ ਅਤੇ ਦੋਸਤੀ ਦੁਸ਼ਮਣੀ ਵਿਚ ਬਦਲਦੇ ਦੇਰ ਨਹੀਂ ਲਗੀ। ਅੰਗ੍ਰੇਜ਼ੀ ਸਾਮਰਾਜ ਦੀ ਬੀਜੀ ਨਫਰਤ ਨੂੰ ਸਾਮਰਾਜੀ ਸ਼ਕਤੀਆਂ ਹਾਲੇ ਵੀ ਵਿਕਾਊ ਆਗੂਆਂ ਦੀ ਮਿਲੀਭੁਗਤ ਨਾਲ ਲੋਕਾਂ ਦੀ ਲੋਭੀ ਸੋਚ ਅਤੇ ਕਮ ਅਕਲੀ ਦੇ ਸਿਰ ‘ਤੇ ਪ੍ਰਫੁਲਤ ਕਰ ਕੇ ਲੋਕਾਂ ਦਾ ਸ਼ੋਸ਼ਣ ਕਰੀ ਜਾ ਰਹੀਆਂ ਹਨ। ਪੰਜਾਬੀਆਂ ਨੂੰ ਆਪਣੀ ਮਾਨਸਿਕਤਾ ਵਿਚੋਂ ਹਜ਼ਾਰਾਂ ਸਾਲਾਂ ਤੋਂ ਨਿਰੰਤਰ ਹੋ ਰਹੀ ਮਾਰ ਧਾੜ ਦੇ ਡਰ ਅਤੇ ਮਾਰ ਧਾੜ ਵਲ ਰੁਚੀ ਦੇ ਚੱਕਰ ਨੂੰ ਤੋੜਨ ਲਈ ਯਤਨਸ਼ੀਲ ਹੋਣ ਦੀ ਵੀ ਲੋੜ ਹੈ।
ਪੰਜਾਬੀ ਘੱਲੂਘਾਰਾ 65 ਸਾਲਾ ਬੁਢਾ ਹੋ ਗਿਆ ਹੈ ਇਸ ਦਾ ਅੰਤ ਨੇੜੇ ਹੋਣਾ ਚਾਹੀਦਾ ਹੈ। ਪੰਜਾਬ ਦੇ ਘਰ ਵਿਚ ਪਈ ਦੀਵਾਰ ਨੇ ਪੰਜਾਬੀ ਸੀਭਆਚਾਰਕ ਭਾਈਚਾਰੇ ਨੂੰ ਇਕ ਦੂਜੇ ਦੇ ਵੈਰੀ ਬਣਾ ਕੇ ਵੰਡਿਆ ਹੋਇਆ ਹੈ। ਇਸ ਦੀਵਾਰ ਨੂੰ ਢਾਹੁਣਾ ਸ਼ਾਇਦ ਸੌਖਾ ਨਾ ਹੋਵੇ ਪਰ ਇਕ ਇਕ ਇੱਟ ਪੁਟ ਕੇ ਇਸ ਦੇ ਆਕਾਰ ਨੂੰ ਘਟਾਉਣਾ ਸੰਭਵ ਹੈ।
-ਹਾਕਮ ਸਿੰਘ
ਸੈਕਰਾਮੈਂਟ, ਕੈਲੀਫੋਰਨੀਆ
ਫੋਨ: 916-682-3317

Be the first to comment

Leave a Reply

Your email address will not be published.