ਜਦ ਚਿੜੀਆਂ ਚੁਗ ਜਾਣ ਖੇਤæææ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਅਸੀਂ ਆਪਣੇ ਪੰਜ ਭੂਤਕ ਸਰੀਰ ਦਾ ਬਹੁਤ ਮਾਣ ਕਰਦੇ ਹਾਂ ਪਰ ਇਹ ਤਾਂ ਟਿੱਬਿਆਂ ਦੀ ਰੇਤ ਵਾਂਗ ਦੁੱਖਾਂ ਦਾ ਇਕ ਵੀ ਵਾ-ਵਰੋਲਾ ਨਹੀਂ ਝੱਲਦਾ ਤੇ ਝੱਟ-ਪੱਟ ਹੀ ਉਡ ਜਾਂਦਾ ਹੈ। ਪਰਮਾਤਮਾ ਦੀ ਖੁੱਲ੍ਹੀ ਅੱਖ ਨੂੰ ਅਸੀਂ ਹਮੇਸ਼ਾਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਆਪਣੇ ਰੁਤਬੇ, ਮਾਇਆ ਦੇ ਹੰਕਾਰ ਵਿਚ ਕਈ ਵਾਰ ਉਹ ਕੰਮ ਕਰ ਜਾਂਦੇ ਹਾਂ ਜੋ ਸਾਨੂੰ ਕਰਨੇ ਨਹੀਂ ਚਾਹੀਦੇ ਸੀ। ਜਦੋਂ ਸਾਡੇ ਆਪਣੇ ਸਰੀਰ ਉਤੇ ਦੁੱਖਾਂ ਦਾ ਗੇੜ ਚੱਲਦਾ ਹੈ ਤਾਂ ਸਾਨੂੰ ਪਾਪਾਂ ਦੀਆਂ ਭਰੀਆਂ ਟਿੰਡਾਂ ਦਿਖਾਈ ਦਿੰਦੀਆਂ ਹਨ। ਅਸੀਂ ਮਾਲਾ ਦੇ ਮਣਕਿਆਂ ਨਾਲ ਇਸ ਟਿੰਡਾਂ ਨੂੰ ਖਾਲੀ ਕਰਨਾ ਚਾਹੁੰਦੇ ਹਾਂ ਪਰ ਅਫਸੋਸ! ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਆਪਣੀ ਜ਼ਿੰਦਗੀ ਵਿਚ ਹੰਕਾਰ ਨਾਲ ਤੁਰਨ ਵਾਲਾ, ਦੁੱਖਾਂ ਦੇ ਬਿਸਤਰੇ ‘ਤੇ ਪਿਆ ਫਿਰ ਇੰਜ ਹੱਥ ਜੋੜ ਕੇ ਮੁਆਫੀ ਮੰਗਦਾ ਹੈ:
ਮੇਰਾ ਨਾਂ ਤਾਂ ਗਿਆਨ ਸਿੰਘ ਹੈ ਪਰ ਮੈਂ ਸਾਰੀ ਉਮਰ ਹੰਕਾਰ ਦੇ ਹਨੇਰੇ ਵਿਚ ਹੀ ਤੁਰਿਆ ਰਿਹਾ। ਲਾਲਚ ਨੇ ਮੇਰੀਆਂ ਅੱਖਾਂ ਅੱਗੇ ਅਜਿਹੀ ਪੱਟੀ ਬੰਨ੍ਹ ਦਿੱਤੀ ਸੀ ਕਿ ਮੈਨੂੰ ਆਪਣੇ ਅਤੇ ਪਰਾਏ ਦੀ ਪਛਾਣ ਵੀ ਭੁੱਲ ਗਈ ਸੀ ਪਰ ਅੱਜ ਮੈਨੂੰ ਹਰ ਰਾਹਗੀਰ ਵੀ ਆਪਣਾ ਲੱਗਦਾ ਹੈ, ਪਰ ਅਫਸੋਸ! ਅੱਜ ਮੈਨੂੰ ਕੋਈ ਵੀ ਆਪਣਾ ਬਣਾਉਣ ਲਈ ਤਿਆਰ ਨਹੀਂ ਹੈ।
ਮੇਰੇ ਤਿੰਨ ਭਰਾ ਤੇ ਤਿੰਨ ਭੈਣਾਂ ਹਨ। ਪਿੰਡ ਦੇ ਸਕੂਲ ਵਿਚੋਂ ਥੋੜ੍ਹਾ ਬਹੁਤਾ ਲਿਖਣਾ ਪੜ੍ਹਨਾ ਸਿੱਖ ਲਿਆ ਸੀ। ਬਾਪੂ ਅਤੇ ਭਰਾਵਾਂ ਨਾਲ ਖੇਤੀ ਕਰਵਾਉਂਦਾ। ਕਈ ਵਾਰ ਸਿਰ ਤੋਂ ਏਅਰਫੋਰਸ ਵਾਲਿਆਂ ਦੇ ਲੜਾਕੂ ਜਹਾਜ਼ ਲੰਘਦੇ ਤਾਂ ਮਨ ਵਿਚ ਜਹਾਜ਼ ਦਾ ਝੂਟਾ ਲੈਣ ਦੀ ਚਾਹਤ ਪੈਦਾ ਹੁੰਦੀ ਪਰ ਗਰੀਬੀ ਦੀ ਚਾਦਰ ਉਸ ਚਾਹਤ ਨੂੰ ਢਕ ਦਿੰਦੀ। ਸਾਡਾ ਹਾੜ੍ਹੀ-ਸਾਉਣੀ ਦਾ ਕੰਮ ਹੀ ਨਾ ਮੁੱਕਦਾ। ਮੇਰੇ ਅੰਦਰ ਹਮੇਸ਼ਾ ਵੱਖਰਾ ਕਰਨ ਦੀ ਤਾਂਘ ਰਹਿੰਦੀ ਪਰ ਅੜਬ ਸੁਭਾਅ ਦੇ ਬਾਪੂ ਅੱਗੇ ਮੈਂ ਝੁਕ ਜਾਂਦਾ। ਫਿਰ ਜਦੋਂ ਮੱਸ ਫੁੱਟਣ ਲੱਗੀ ਤਾਂ ਮੈਂ ਬਾਹਰ ਜਾਣ ਵਾਸਤੇ ਬਾਪੂ ਨੂੰ ਕਿਹਾ।
ਬਾਪੂ ਕਹਿੰਦਾ, ਹੁਣ ਤਾਂ ਸਾਰਾ ਟੱਬਰ ਰੋਟੀ ਖਾਈ ਜਾਂਦਾ ਹੈ, ਜੇ ਏਜੰਟਾਂ ਨੇ ਧੋਖਾ ਕਰ ਦਿੱਤਾ ਤਾਂ ਆਹ ਖੇਤ ਆਉਣੋਂ ਵੀ ਰਹਿ ਜਾਵਾਂਗੇ। ਮੈਂ ਚੁੱਪ ਕਰ ਜਾਂਦਾ। ਫਿਰ ਜਦੋਂ ਕਿਸੇ ਕੈਨੇਡੀਅਨ ਜਾਂ ਵਲੈਤੀਏ ਨੂੰ ਪਿੰਡ ਆਇਆ ਦੇਖਦਾ, ਮੈਂ ਬਾਹਰ ਜਾਣ ਦੀ ਜ਼ਿਦ ਕਰਨ ਲਗਦਾ। ਉਸ ਸਮੇਂ ਤਾਂ ਮੈਂ ਜਿਵੇਂ ਅੱਧਾ ਹੀ ਰਹਿ ਗਿਆ, ਜਦੋਂ ਮੇਰਾ ਹਮ-ਉਮਰ ਮਿੱਤਰ ਸੁਖਵੀਰ ਆਪਣੇ ਮਾਮੇ ਕੋਲ ਅਮਰੀਕਾ ਪਹੁੰਚ ਗਿਆ। ਮੈਨੂੰ ਪਿੰਡ ਦੀਆਂ ਸੱਥਾਂ ਤੇ ਜੂਹਾਂ ਉਜੜੀਆਂ ਹੋਈਆਂ ਲੱਗਣ ਲੱਗੀਆਂ। ਖਾਣਾ-ਪੀਣਾ ਵੀ ਛੱਡ ਦਿੱਤਾ। ਮਾਂ ਨੇ ਮੇਰੀ ਹਾਲਤ ਦੇਖ ਕੇ ਮੇਰੇ ਬਾਪੂ ਤੇ ਭਰਾਵਾਂ ਨੂੰ ਮਨਾ ਲਿਆ ਕਿ ਇਸ ਨੂੰ ਬਾਹਰਲੇ ਦੇਸ਼ ਤੋਰ ਦੇਈਏ। ਸਾਰਿਆਂ ਨੇ ਸਲਾਹ ਕਰ ਕੇ ਸਾਡੀ ਜੱਦੀ ਜ਼ਮੀਨ ਤਿੰਨ ਕਿੱਲੇ ਕਾਨਪੁਰੀਆਂ ਕੋਲ ਗਹਿਣੇ ਧਰ ਦਿੱਤੀ। ਉਨ੍ਹਾਂ ਦਿਨਾਂ ਵਿਚ ਮੁੰਡੇ ਜਰਮਨੀ ਨੂੰ ਜਾਂਦੇ ਸਨ। ਮੈਂ ਵੀ ਪਿੰਡ ਦੇ ਦੋ ਮੁੰਡਿਆਂ ਨਾਲ ਜਰਮਨੀ ਪਹੁੰਚ ਗਿਆ। ਮੈਨੂੰ ਇੰਜ ਲੱਗਿਆ ਕਿ ਸਵਰਗ ਰੱਬ ਕੋਲ ਨਹੀਂ, ਇੱਥੇ ਹੀ ਹੈ। ਮੈਂ ਛੇਤੀ ਹੀ ਇਸ ਸਵਰਗ ਦਾ ਝੂਟਾ ਲੈਣਾ ਸ਼ੁਰੂ ਕਰ ਦਿੱਤਾ। ਪਿੱਛੇ ਗਹਿਣੇ ਰੱਖੀ ਜ਼ਮੀਨ ਭੁੱਲ ਗਿਆ। ਰੈਸਟੋਰੈਂਟ ਉਤੇ ਕੰਮ ਕਰਦੀ ਗੋਰੀ ਨਾਲ ਇਸ਼ਕ ਦਾ ਪੇਚਾ ਪੈ ਗਿਆ ਤੇ ਸਾਡੀਆਂ ਗੁੱਡੀਆਂ ਅਸਮਾਨੀਂ ਚੜ੍ਹਨ ਲੱਗੀਆਂ। ਪਿੰਡ ਤੋਂ ਚਿੱਠੀ ਆਉਣੀ ਤਾਂ ਸ਼ਰਾਬ ਦੇ ਨਸ਼ੇ ਵਿਚ ਹੀ ਪੜ੍ਹ ਕੇ ਪਾੜ ਦੇਣੀ। ਰੈਸਟੋਰੈਂਟ ਦੀ ਕਮਾਈ ਕੰਜਰਪੁਣੇ ਵਿਚ ਹੀ ਲੁਟਾ ਦੇਣੀ। ਫਿਰ ਇਕ ਦਿਨ ਇਕ ਪੇਂਡੂ ਮਿਲਿਆ, ਤੇ ਉਸ ਨੇ ਦੱਸਿਆ ਕਿ ਜੇ ਤੁਸੀਂ ਗਹਿਣੇ ਦੇ ਪੈਸੇ ਵਾਪਸ ਨਾ ਮੋੜੇ ਤਾਂ ਕਾਨਪੁਰੀਆਂ ਨੇ ਇਕ ਕਿੱਲਾ ਜ਼ਮੀਨ ਬੈਅ ਲਿਖਵਾ ਲੈਣੀ ਹੈ। ਤੂੰ ਪੈਸੇ ਭੇਜ, ਜ਼ਮੀਨ ਦੇ ਨਾਲ ਆਪਣੇ ਮਾਂ-ਪਿਉ ਦੀ ਇੱਜ਼ਤ ਵੀ ਬਚਾ ਲੈ। ਮੈਂ ਸਾਰੀ ਗੱਲ ਗੋਰੀ ਨੂੰ ਦੱਸੀ। ਉਸ ਨੇ ਦੂਜੇ ਦਿਨ ਪੈਸੇ ਲਿਆ ਦਿੱਤੇ ਤੇ ਮੈਂ ਪਿੰਡ ਪਾ ਦਿੱਤੇ। ਬਾਪੂ ਹੋਰੀਂ ਕਾਨਪੁਰੀਆਂ ਦੇ ਕਾਗਜ਼ਾਂ ਤੋਂ ਮੁਕਤ ਹੋ ਗਏ। ਮੈਂ ਇੱਧਰ ਥਾਣੇ ਪਹੁੰਚ ਗਿਆ। ਗੋਰੀ ਨੇ ਆਪਣੇ ਪਿਉ ਦਾ ਚੈਕ ਆਪ ਹੀ ਸਾਈਨ ਕਰ ਕੇ ਕੈਸ਼ ਕਰਵਾ ਲਿਆ ਸੀ। ਜਦੋਂ ਉਸ ਦੇ ਪਿਉ ਨੂੰ ਪਤਾ ਲੱਗਾ ਤਾਂ ਯਾਰ ਹੋਰੀਂ ਥਾਣੇ ਪੁੱਜ ਗਏ।
ਗੋਰੀ ਦਾ ਬਾਪੂ ਕਹੇ ਕਿ ਮੇਰੇ ਪੈਸੇ ਵਾਪਸ ਕਰ, ਪਰ ਮੈਂ ਪੈਸੇ ਕਿੱਥੋਂ ਦਿੰਦਾ। ਪੈਸੇ ਤਾਂ ਕਾਨਪੁਰੀਆਂ ਦੇ ਖਾਤੇ ਵਿਚ ਜਮ੍ਹਾ ਹੋ ਚੁੱਕੇ ਸਨ। ਅਖੀਰ ਇਸ ਝੰਜਟ ਨੇ ਮੈਨੂੰ ਡੀਪੋਰਟ ਕਰਵਾ ਦਿੱਤਾ। ਫਿਰ ਉਹੀ ਪਿੰਡ ਤੇ ਉਹੀ ਖੇਤ ਪੱਲੇ ਪੈ ਗਏ। ਹਾਲਤ ਇਹ ਹੋ ਗਏ ਸਨ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਰਿਹਾ, ਨਾ ਘਾਟ ਦਾ। ਫਿਰ ਸੁਖਵੀਰ ਨੂੰ ਲੰਮੇ-ਲੰਮੇ ਖਤ ਲਿਖਣੇ ਸ਼ੁਰੂ ਕੀਤੇ। ਉਸ ਦੇ ਮਨ ਮਿਹਰ ਪਈ। ਉਸ ਨੇ ਫਿਜ਼ੀ ਮੂਲ ਦੀ ਕੋਈ ਕੁੜੀ ਭੇਜ ਕੇ ਮੇਰਾ ਵਿਆਹ ਕਰ ਦਿੱਤਾ। ਇਕ ਸਾਲ ਵਿਚ ਮੈਂ ਨਿਊ ਯਾਰਕ ਆ ਗਿਆ। ਫਿਜ਼ੀ ਕੁੜੀ ਕੋਲੋਂ ਮੈਂ ਸਿਟੀਜ਼ਨਸ਼ਿਪ ਲੈ ਕੇ ਉਸ ਨੂੰ ਤਲਾਕ ਦੇ ਦਿੱਤਾ। ਹੁਣ ਮਨ ਵਿਚ ਲਾਲਚ ਨੇ ਡੇਰਾ ਲਾਇਆ ਕਿ ਪਿੰਡ ਜਾ ਕੇ ਵਿਆਹ ਕਰਵਾ ਲਵਾਂ ਤੇ ਪੂਰਾ ਦਾਜ-ਦਹੇਜ ਮੰਗਾਂ। ਕਾਰ ਵੀ ਜ਼ਰੂਰ ਮੰਗਣੀ ਹੈ।
ਪਿੰਡ ਜਾਣ ਦੀ ਤਿਆਰੀ ਕਰਨ ਲੱਗਾ ਤਾਂ ਮੈਨੂੰ ਸੁਖਵੀਰ ਕਹਿੰਦਾ, “ਬਾਈ ਗਿਆਨ, ਜੇ ਤੂੰ ਵਿਆਹ ਕਰਵਾਉਣ ਚੱਲਿਆ ਹੈਂ, ਤਾਂ ਮੈਂ ਵੀ ਤੇਰੇ ਨਾਲ ਚਲਦਾ ਹਾਂ। ਮੇਰੀ ਮਾਸੀ ਦੀ ਧੀ ਹੈ, ਤੂੰ ਉਥੇ ਉਸ ਨਾਲ ਵਿਆਹ ਕਰਵਾ ਲੈ। ਉਹ ਵਿਚਾਰੇ ਗਰੀਬ ਹਨ। ਉਨ੍ਹਾਂ ਦਾ ਵੀ ਭਲਾ ਹੋ ਜਾਵੇਗਾ ਤੇ ਆਪਣੀ ਮਿੱਤਰਤਾ ਵੀ ਰਿਸ਼ਤੇਦਾਰੀ ਵਿਚ ਬਦਲ ਜਾਵੇਗੀ।” ਪਰ ਮੈਂ ਸੁਖਵੀਰ ਦੇ ਕੀਤੇ ਅਹਿਸਾਨਾਂ ਨੂੰ ਭੁੱਲ ਗਿਆ। ਮੈਂ ਲਾਲਚੀ ਹੋ ਬਚਪਨ ਦੀ ਯਾਰੀ ਕੱਚ ਦੇ ਗਲਾਸ ਵਾਂਗ ਤੋੜ ਕੇ ਖਿਲਾਰ ਗਿਆ। ਪਿੰਡ ਜਾ ਕੇ ਅਖ਼ਬਾਰ ਵਿਚ ਵਿਆਹ ਦਾ ਇਸ਼ਤਿਹਾਰ ਦਿੱਤਾ। ਕੁੜੀ ਵਾਲਿਆਂ ਨੇ ਸਾਡੇ ਘਰ ਦੀ ਦਹਿਲੀਜ਼ ਨੀਵੀਂ ਕਰ ਦਿੱਤੀ। ਦਾਜ ਨਾਲ ਭਰੇ ਟਰੱਕ ਤੇ ਕਾਰ ਨਾਲ ਨਕਦ ਰਕਮ ਵਾਲੇ ਰਿਸ਼ਤੇ ਆਉਣ ਲੱਗੇ। ਮੇਰੇ ਮਾਂ-ਪਿਉ ਨੇ ਬਥੇਰਾ ਸਮਝਾਇਆ ਸੀ ਕਿ ਆਪਾਂ ਤੇਰੀਆਂ ਭੈਣਾਂ ਨੂੰ ਕੀ ਦੇ ਕੇ ਤੋਰਿਆ ਹੈ? ਜੇ ਤੂੰ ਪਿੰਡ ਹੁੰਦਾ ਤਾਂ ਪੈਸੇ ਦੇ ਕੇ ਵੀ ਵਿਆਹ ਨਹੀਂ ਹੋਣਾ ਸੀ ਪਰ ਮੈਂ ਸ਼ਰਮ ਦੀਆਂ ਸਾਰੀਆਂ ਹੱਦਾਂ ਟੱਪ ਗਿਆ। ਜਿਥੋਂ ਸਭ ਤੋਂ ਵੱਧ ਨਕਦੀ ਤੇ ਸੋਨਾ ਮਿਲਿਆ, ਉਨ੍ਹਾਂ ਦੇ ਬੂਹੇ ਜਾ ਢੁੱਕਿਆ। ਵਿਆਹ ਤੋਂ ਦੋ ਮਹੀਨੇ ਬਾਅਦ ਹੀ ਮੈਂ ਕਾਰ ਵੇਚ ਦਿੱਤੀ। ਜਿੰਨਾ ਸੋਨਾ ਸੀ, ਉਹ ਵੀ ਵੇਚ ਕੇ ਡਾਲਰ ਬਣਾ ਕੇ ਇਥੇ ਆ ਗਿਆ। ਘਰਵਾਲੀ ਦੇ ਆਉਣ ਤੋਂ ਪਹਿਲਾਂ ਮੈਂ ਸਟੋਰ ਲੈਣ ਵਿਚ ਕਾਮਯਾਬ ਹੋ ਗਿਆ। ਹੌਲੀ ਹੌਲੀ ਮੈਂ ਇਕ ਤੋਂ ਤਿੰਨ ਸਟੋਰ ਕਰ ਲਏ। ਇਸ ਸਭ ਨੇ ਮੇਰੇ ਹੰਕਾਰ ਨੂੰ ਹੋਰ ਪੁੱਠ ਦਿੱਤੀ। ਮੈਂ ਹਰ ਇਕ ਨੂੰ ਟਿੱਚਰ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ। ਪਿੰਡ ਆਪਣੇ ਭਰਾਵਾਂ ਨੂੰ ਇਕ ਵੀ ਸਿਆੜ ਜ਼ਮੀਨ ਦਾ ਨਹੀਂ ਲੈ ਕੇ ਦਿੱਤਾ। ਮਾਂ-ਪਿਉ ਨੇ ਬਥੇਰਾ ਕਿਹਾ ਕਿ ਭੈਣ-ਭਰਾਵਾਂ ਦੇ ਕਾਗਜ਼ ਭਰ ਦੇ, ਪਰ ਮੇਰੇ ਕੰਨਾਂ ‘ਤੇ ਜੂੰ ਨਾ ਸਰਕੀ। ਉਨ੍ਹਾਂ ਨੇ ਆਪਣੇ ਵਿਆਹ ਆਪ ਕਰਵਾਏ। ਮਾੜੇ-ਚੰਗੇ ਘਰ ਬਣਾ ਲਏ। ਮਾਂ ਨੇ ਕਿਹਾ ਸੀ, ਪਿੰਡ ਕੋਠੀ ਪਾ ਲੈ, ਅਸੀਂ ਵੀ ਚਾਰ ਸਾਲ ਸੁੱਖ ਦੇ ਕੱਢ ਜਾਵਾਂਗੇ; ਪਰ ਨਹੀਂ! ਮੈਂ ਤਾਂ ਆਪਣੇ ਹਿੱਸੇ ਦਾ ਥਾਂ ਵੀ ਭਰਾਵਾਂ ਦੇ ਘਰਾਂ ਵਿਚਕਾਰ ਛੁਡਾ ਲਿਆ। ਮੈਂ ਇਥੇ ਵਧੀਆ ਘਰ ਖਰੀਦ ਲਿਆ ਤੇ ਵਧੀਆ ਕਾਰਾਂ ਖਰੀਦੀਆਂ। ਘਰਵਾਲੀ ਆਉਣ ਤੋਂ ਬਾਅਦ ਮੇਰੇ ਘਰ ਦੋ ਜੌੜੀਆਂ ਧੀਆਂ ਹੋਈਆਂ, ਪਰ ਮੈਂ ਟੱਸ ਤੋਂ ਮੱਸ ਨਹੀਂ ਹੋਇਆ। ਸਿਆਣੇ ਕਹਿੰਦੇ ਨੇ ਜਿਸ ਦਿਨ ਘਰ ਵਿਚ ਧੀ ਜਨਮ ਲੈਂਦੀ ਹੈ, ਉਸ ਦਿਨ ਬਾਪ ਦੀ ਪੱਗ ਦਾ ਰੰਗ ਚਿੱਟਾ ਹੋ ਜਾਂਦਾ ਹੈ। ਚਿੱਟਾ ਰੰਗ ਕਿਸੇ ਅਫਸੋਸ ਦਾ ਪ੍ਰਤੀਕ ਨਹੀਂ ਸਗੋਂ ਸਹਿਜ, ਨਿਮਰਤਾ ਤੇ ਇੱਜ਼ਤਦਾਰ ਬਾਪ ਦਾ ਫਰਜ਼ ਪਛਾਣਨ ਲਈ ਹੁੰਦਾ ਹੈ ਪਰ ਮੈਂ ਤਾਂ ਧਨ ਨਾਲ ਹੀ ਕਮਲਾ ਹੋਇਆ ਰਿਹਾ।
ਫਿਰ ਪਿੰਡੋਂ ਫੋਨ ਆਇਆ ਕਿ ਮਾਂ ਮੁੱਕ ਗਈ ਹੈ, ਸਸਕਾਰ ਕਰ ਦੇਈਏ ਜਾਂ ਆਉਣਾ ਹੈ? ਮੈਂ ਭੋਗ ‘ਤੇ ਪਹੁੰਚਣ ਦਾ ਕਹਿ ਕੇ ਮਾਂ ਦਾ ਸਸਕਾਰ ਕਰਵਾ ਦਿੱਤਾ। ਭੋਗ ‘ਤੇ ਪਹੁੰਚਿਆ, ਮੈਨੂੰ ਕਿਸੇ ਵੀ ਪਿੰਡ ਵਾਲੇ ਨੇ ਨਹੀਂ ਬੁਲਾਇਆ। ਮੈਂ ਇਸ ਕਰ ਕੇ ਆਕੜਿਆ ਰਿਹਾ ਕਿ ਮੈਂ ਤਾਂ ਅਮੀਰ ਹਾਂ, ਮੈਂ ਇਨ੍ਹਾਂ ਤੋਂ ਕੀ ਲੈਣਾ ਹੈ? ਭਰਾਵਾਂ ਨਾਲ ਸ਼ਰੀਕੇਬਾਜ਼ੀ ਕਰ ਕੇ ਸਾਰਾ ਖਰਚਾ ਬਰਾਬਰ ਕਰਵਾਇਆ। ਮਾਂ ਦੀਆਂ ਵਾਲੀਆਂ ਤੇ ਮੁੰਦਰੀਆਂ ਵਿਚੋਂ ਵੀ ਆਪਣਾ ਬਣਦਾ ਹਿੱਸਾ ਲਿਆ। ਮੇਰਾ ਅਮਰੀਕਾ ਦਾ ਸਹਾਰਾ ਨਾ ਮਾਂ-ਪਿਉ ਤੇ ਨਾ ਹੀ ਭਰਾਵਾਂ ਨੂੰ ਹੋਇਆ। ਦੂਜੇ ਪਾਸੇ ਘਰਵਾਲੀ ਦਾ ਪੇਕਾ ਪਰਿਵਾਰ ਆਪਣੇ ਬੱਚੇ ਲੈ ਕੇ ਅਮਰੀਕਾ ਆ ਗਿਆ। ਮੈਂ ਹਮੇਸ਼ਾ ਆਪਣੇ ਸਾਲਿਆਂ ਤੋਂ ਕੰਨ ਭੰਨਦਾ ਰਿਹਾ, ਕਿਉਂਕਿ ਉਨ੍ਹਾਂ ਦੀ ਨਿਗ੍ਹਾ ਵਿਚ ਮੈਂ ਕੋਈ ਅਮੀਰ ਆਦਮੀ ਨਹੀਂ ਸੀ ਸਗੋਂ ਕਿਸੇ ਪੁਲ ‘ਤੇ ਬੈਠਾ ਹੋਇਆ ਕੋਈ ਮੰਗਤਾ ਸੀ ਜਿਹੜਾ ਮੰਗ ਕੇ ਆਪਣਾ ਪੇਟ ਪਾਲਦਾ ਹੈ।
ਫਿਰ ਇਕ ਦਿਨ ਬਾਪੂ ਵੀ ਤੁਰ ਗਿਆ। ਭੋਗ ‘ਤੇ ਪਹੁੰਚਿਆ, ਪਿੰਡ ਵਾਲਿਆਂ ਨੇ ਪਹਿਲਾਂ ਵਾਲੇ ਚੁੱਪ ਦੇ ਹਾਰ ਫਿਰ ਮੇਰੇ ਗਲ ਪਾ ਦਿੱਤੇ। ਬਾਪੂ ਦੇ ਭੋਗ ‘ਤੇ ਜਲੇਬੀਆਂ ਦਾ ਲੰਗਰ ਗੁਰਦੁਆਰੇ ਲਾ ਦਿੱਤਾ। ਭਰਾਵਾਂ ਨੇ ਕਿਹਾ ਕਿ ਉਹ ਵੀ ਬਾਪੂ ਦੇ ਮਰਨੇ ‘ਤੇ ਬਰਾਬਰ ਦਾ ਹਿੱਸਾ ਪਾਉਣਗੇ, ਜੇ ਤੂੰ ਆਪਣੇ ਵੱਲੋਂ ਲੰਗਰ ਲਾਇਆ ਤਾਂ ਕਿਸੇ ਨੇ ਛਕਣ ਨਹੀਂ ਆਉਣਾ ਪਰ ਮੈਂ ਨਾ ਮੰਨਿਆ। ਜਦੋਂ ਬਾਬਾ ਕਰਮ ਸਿਉਂ ਸਭ ਤੋਂ ਪਹਿਲਾਂ ਪ੍ਰਸ਼ਾਦਾ ਛਕਣ ਆਇਆ ਤਾਂ ਉਸ ਨੇ ਪੁੱਛਿਆ, “ਭਾਈ ਲੰਗਰ ਪਰਿਵਾਰ ਵੱਲੋਂ ਹੈ ਕਿ ਅਮਰੀਕਾ ਵਾਲੇ ਵੱਲੋਂ”, ਮੈਂ ਝੱਟ ਆਪਣਾ ਨਾਮ ਮੂਹਰੇ ਕਰ ਦਿੱਤਾ। ਬਾਬਾ ਕਰਮ ਸਿਉਂ ਨੇ ਝੱਟ ਥਾਲੀ ਮੇਰੇ ਹੱਥਾਂ ‘ਤੇ ਧਰ ਦਿੱਤੀ ਤੇ ਬੋਲਿਆ, “ਲੈ ਫੜ, ਫਿਰ ਇਕੱਲਾ ਹੀ ਛਕ ਲੈ। ਤੂੰ ਸੁੱਖ ਵੇਲੇ ਤਾਂ ਆਪਣੇ ਭਰਾ ਨਾਲ ਨਹੀਂ ਰਲਾਏ, ਹੁਣ ਦੁੱਖ ਵਿਚ ਤਾਂ ਇਨ੍ਹਾਂ ਨੂੰ ਬਰਾਬਰ ਖੜ੍ਹਨ ਦੇ। ਜੇ ਪਿਉ ਦਾ ਹੱਕ ਜਿਤਾਉਣਾ ਸੀ ਤਾਂ ਉਦੋਂ ਆਉਂਦਾ ਜਦੋਂ ਉਹ ਸਾਰੀ ਕਿਰਿਆ ਬਿਸਤਰ ‘ਤੇ ਹੀ ਕਰਦਾ ਸੀ। ਤੇਰੇ ਭਰਾ ਉਸ ਦਾ ਗੰਦ ਧੋਂਦੇ ਰਹੇ।”
ਮੈਂ ਲਾਊਡ ਸਪੀਕਰ ਵਿਚੋਂ ਅਨਾਊਸਮੈਂਟ ਕਰਵਾ ਦਿੱਤੀ ਕਿ ਉਤਮ ਸਿੰਘ ਦੇ ਭੋਗ ‘ਤੇ ਲੰਗਰ ਦੀ ਸੇਵਾ ਉਸ ਦੇ ਚਾਰਾਂ ਪੁੱਤਰ ਵੱਲੋਂ ਹੀ ਹੈ। ਵਿਹੜੇ ਵਾਲਾ ਮਿਲਖਾ ਸਿੰਘ ਆਇਆ, ਉਸ ਨੇ ਚਾਰ ਪ੍ਰਸ਼ਾਦੇ ਤੇ ਚਾਰ ਜਲੇਬੀਆਂ ਲਈਆਂ। ਇਕ ਪ੍ਰਸ਼ਾਦਾ ਤੇ ਇਕ ਜਲੇਬੀ ਮੈਨੂੰ ਦਿੰਦਾ ਬੋਲਿਆ, “ਗਿਆਨ ਸਿਆਂ! ਆਹ ਰੋਟੀ ਤੇ ਜਲੇਬੀ ਮੇਰੇ ਸੰਘ ਤੋਂ ਲੰਘਣੀ ਨਹੀਂ, ਆਪਣਾ ਹਿੱਸਾ ਆਪ ਹੀ ਖਾ ਲਈਂ।” ਮਿਲਖੇ ਦੀ ਗੱਲ ਨਾਲ ਮੇਰੇ ਅੰਦਰ ਜਵਾਲਾਮੁਖੀ ਫਟ ਗਿਆ, ਪਰ ਪਤਾ ਨਹੀਂ ਕੀ ਕਾਰਨ ਸੀ ਕਿ ਮੈਂ ਚੁੱਪ ਹੀ ਹੋ ਗਿਆ।
ਪਿੰਡੋਂ ਵਾਪਸ ਆ ਕੇ ਫਿਰ ਅਮੀਰੀ ਦੀ ਸ਼ਾਨ ਵਿਚ ਆਕੜ ਕੇ ਤੁਰਨ ਲੱਗਿਆ। ਪਰਮਾਤਮਾ ਨੇ ਪੁੱਤ ਦਿੱਤਾ, ਸ਼ੁਕਰਾਨੇ ਲਈ ਗੁਰਦੁਆਰੇ ਨਹੀਂ ਗਿਆ ਸਗੋਂ ਪੱਬਾਂ ਤੇ ਕਲੱਬਾਂ ਵਿਚ ਲੋਕਾਂ ਨੂੰ ਪਾਰਟੀਆਂ ਕੀਤੀਆਂ। ਮੈਂ ਪੰਜ ਸਟੋਰਾਂ ਦਾ ਮਾਲਕ ਬਣ ਗਿਆ। ਦੋਵੇਂ ਧੀਆਂ ਕਾਲਜ ਪਹੁੰਚ ਗਈਆਂ। ਪੁੱਤ ਹਾਈ ਸਕੂਲ ਜਾਂਦਾ। ਮੈਂ ਖੁਸ਼ੀ ਵਿਚ ਫੁੱਲਿਆ ਨਾ ਸਮਾਉਂਦਾ। ਫਿਰ ਧੀਆਂ ਦੇ ਵਿਆਹਾਂ ਬਾਰੇ ਸੋਚਣ ਲੱਗਿਆ, ਤਾਂ ਧੀਆਂ ਨੇ ਕਿਹਾ, ‘ਡੈਡ! ਫਿਕਰ ਨਾ ਕਰ। ਵਿਆਹ ਵਾਲਾ ਕਾਰਜ ਅਸੀਂ ਆਪ ਹੀ ਕਰ ਲਵਾਂਗੀਆਂ।’ ਇਕ ਧੀ ਨੇ ਗੋਰਾ ਫਰੈਂਡ ਰੱਖਿਆ ਸੀ ਤੇ ਦੂਜੀ ਨੇ ਅਫਰੀਕੀ ਮੂਲ ਦਾ ਕਾਲਾ। ਜਦੋਂ ਦੋਹਾਂ ਬਾਰੇ ਮੈਨੂੰ ਪਤਾ ਲੱਗਿਆ ਤਾਂ ਮੈਂ ਸੋਚਿਆ ਕਿ ਸ਼ਰਮ ਦੀ ਪੱਗ ਪੈਰਾਂ ਵਿਚ ਡਿੱਗ ਪਈ ਹੈ। ਫਿਰ ਖਿਆਲ ਆਇਆ ਕਿ ਸ਼ਰਮ ਦੀ ਪੱਗ ਤਾਂ ਮੈਂ ਪਿੰਡੋਂ ਤੁਰਨ ਲੱਗਾ ਹੀ ਲਾਹ ਆਇਆ ਸੀ। ਜੋ ਕੁਝ ਧੀਆਂ ਨੇ ਕੀਤਾ ਹੈ, ਇਹ ਇਨ੍ਹਾਂ ਦਾ ਹੱਕ ਹੀ ਬਣਦਾ ਸੀ। ਮੈਂ ਬੇਹੋਸ਼ ਕੇ ਡਿੱਗ ਪਿਆ।
ਜਦੋਂ ਮੈਨੂੰ ਹੋਸ਼ ਆਈ ਤਾਂ ਹਾਰਟ ਦੀ ਸਰਜਰੀ ਹੋ ਚੁੱਕੀ ਸੀ ਤੇ ਮੈਂ ਹਸਪਤਾਲ ਦੇ ਪ੍ਰਾਈਵੇਟ ਕਮਰੇ ਵਿਚ ਪਿਆ ਸੀ। ਛੁੱਟੀ ਹੋਈ ਤਾਂ ਹਸਪਤਾਲ ਦੇ ਚੱਕਰ ਲੱਗਣੇ ਸ਼ੁਰੂ ਹੋ ਗਏ। ਕਦੇ ਲੀਵਰ ਦੀ ਸ਼ਿਕਾਇਤ, ਕਦੇ ਕਿਡਨੀ ਦੀ। ਸਟੋਰਾਂ ਵਿਚ ਸਾਲਿਆਂ ਦਾ ਹਿੱਸਾ ਰੱਖਿਆ ਮਹਿੰਗਾ ਪੈਣ ਲੱਗਿਆ। ਮੂੰਹੋਂ ਮੰਗਿਆ ਦਾਜ ਮੈਨੂੰ ਵਾਪਸ ਜਾਂਦਾ ਦਿਸਣ ਲੱਗਾ। ਅਚਾਨਕ ਆਏ ਸਟਰੋਕ (ਅਧਰੰਗ) ਨੇ ਮੈਨੂੰ ਘਰੇ ਰੱਖੇ ਕੁੱਤੇ ਨਾਲੋਂ ਵੀ ਭੈੜਾ ਬਣਾ ਦਿੱਤਾ। ਪੁੱਤ ਨਸ਼ਿਆਂ ਦੀ ਬੇੜੀ ਚੜ੍ਹ ਗਿਆ, ਪਤਾ ਨਹੀਂ ਕਦੋਂ ਉਹ ਨਸ਼ਿਆਂ ਦੇ ਤੂਫਾਨ ਵਿਚ ਲਾਪਤਾ ਹੋ ਜਾਵੇ। ਧੀਆਂ ਨੇ ਤਾਂ ਕੰਨਿਆਦਾਨ ਵੀ ਨਹੀਂ ਕਰਵਾਇਆ। ਮੈਂ ਸ਼ਾਇਦ ਕੰਨਿਆਦਾਨ ਕਰਨ ਦੇ ਲਾਇਕ ਹੀ ਨਹੀਂ ਸੀ। ਹੁਣ ਬੱਸ ਘਰੇ ਹੀ ਥੋੜ੍ਹਾ ਬਹੁਤਾ ਤੁਰ ਲੈਂਦਾ ਹਾਂ। ਆਉਂਦੇ-ਜਾਂਦੇ ਨੂੰ ਦੇਖਦਾ ਰਹਿੰਦਾ ਹਾਂ। ਕੋਈ ਵੀ ਹੱਥ ਖੜ੍ਹਾ ਕਰ ਕੇ ਨਹੀਂ ਜਾਂਦਾ।
ਇਕ ਦਿਨ ਭਰਾ ਦਾ ਫੋਨ ਆਇਆ। ਕਹਿੰਦਾ, ਸਾਡੇ ਕੋਲ ਆ ਜਾ, ਅਸੀਂ ਤੈਨੂੰ ਸਾਂਭ ਲਵਾਂਗੇ। ਜੇ ਕੋਈ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ ਪਰ ਮੈਨੂੰ ਤਾਂ ਆਪਣਾ ਘਰ ਸਾਰੀ ਉਮਰ ਹੀ ਭੁੱਲਿਆ ਰਿਹਾ। ਹੰਕਾਰ ਨਾਲ ਧੌਣ ਅਕੜਾ ਕੇ ਤੁਰਦਿਆਂ ਪਤਾ ਨਹੀਂ ਕਿਥੇ ਠੋਕਰ ਖਾ ਕੇ ਮੂਧੇ ਡਿੱਗ ਪਉਗੇ, ਇਹ ਹੁਣ ਹੀ ਪਤਾ ਲੱਗਾ। ਇਹ ਵੀ ਮਹਿਸੂਸ ਹੋਇਆ ਕਿ ਕਦੀ ਨਹੁੰਆਂ ਨਾਲੋਂ ਮਾਸ ਨਹੀਂ ਟੁੱਟਦੇ।

Be the first to comment

Leave a Reply

Your email address will not be published.