ਪਿੱਥੋ ਦਾ ਮਾਣ: ਭਾਈ ਕਾਨ੍ਹ ਸਿੰਘ ਨਾਭਾ

ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਪਹਿਲੀ ਵਾਰ 13 ਅਪਰੈਲ 1930 ਨੂੰ ਛਪਿਆ ਜਿਸ ਨੂੰ Ḕਸਿੱਖ ਧਰਮ ਦਾ ਐਨਸਾਈਕਲੋਪੀਡੀਆḔ ਅਤੇ Ḕਸਿੱਖ ਸਾਹਿਤ ਦੀ ਡਿਕਸ਼ਨਰੀḔ ਮੰਨਿਆ ਜਾਂਦਾ ਹੈ। ਮਹਾਨ ਕੋਸ਼ ਵਿਚ 64263 ਸ਼ਬਦਾਂ ਦੇ ਅਰਥ ਅਤੇ ਉਨ੍ਹਾਂ ਦੀ ਵਿਆਖਿਆ ਦਰਜ ਹੈ। ਬਹੁਤੇ ਲੋਕਾਂ ਦਾ ਇਹ ਗ਼ਲਤ ਵਿਚਾਰ ਬਣਿਆ ਹੋਇਆ ਹੈ ਕਿ ਇਸ ਵਿਚ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਰਥ ਦਿਤੇ ਗਏ ਹਨ। ਅਸਲ ਵਿਚ ਇਹ ਇਸ ਤੋਂ ਬਹੁਤ ਵੱਧ ਕੁਛ ਹੈ। ਪੰਜਾਬ ਟਾਈਮਜ਼ ਵਿਚ ਕਹਾਣੀਕਾਰ ਤੇ ਪੱਤਰਕਾਰ ਸ਼ ਗੁਰਬਚਨ ਸਿੰਘ ਭੁੱਲਰ ਦੀਆਂ ਪਹਿਲਾਂ ਛਪੀਆਂ ਲਿਖਤਾਂ ਵਿਚ ਪਾਠਕ ਪੜ੍ਹ ਹੀ ਚੁਕੇ ਹਨ ਕਿ ਮਹਾਨ ਕੋਸ਼ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਉਨ੍ਹਾਂ ਦੇ ਪਿੰਡ ਪਿਥੋ ਦੇ ਸਨ। ਭਾਈ ਕਾਨ੍ਹ ਸਿੰਘ ਨਾਭਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ, ਇਸ ਲੇਖ ਲੜੀ ਵਿਚ ਲੇਖਕ ਨੇ ਇਸ ਦੇਣ ਦਾ ਪਾਠਕਾਂ ਨਾਲ ਤੁਆਰਫ ਕਰਵਾਇਆ ਹੈ। ਇਸ ਲੜੀ ਦੇ ਹਥਲੇ ਲੇਖ ਵਿਚ ਉਨ੍ਹਾਂ ਭਾਈ ਕਾਨ੍ਹ ਸਿੰਘ ਨਾਭਾ ਦੀ ਸਿੱਖ ਸਾਹਿਤ ਨੂੰ ਮਹਾਨ ਦੇਣ ਦਾ ਜ਼ਿਕਰ ਕੀਤਾ ਹੈ। -ਸੰਪਾਦਕ

ਗੁਰਬਚਨ ਸਿੰਘ ਭੁੱਲਰ
ਫੋਨ: 01191-1165736868
ਘਰ ਵਿਚ ਕਦੀ ਕਦੀ ਸਾਹਿਤ ਬਾਰੇ ਪਾਠਕੀ ਗੱਲਬਾਤ ਵੀ ਚਲਦੀ। ਨਾਨਕ ਸਿੰਘ ਨੇ ਕਹਾਣੀ ਨੂੰ ਕਿਵੇਂ ਗੁੰਦਿਆ ਹੈ ਤੇ ਕਲਪਿਤ ਪਾਤਰਾਂ ਨੂੰ ਕਿਵੇਂ ਜਿਉਂਦੇ-ਜਾਗਦੇ, ਚੰਗੇ-ਮਾੜੇ ਮਨੁੱਖ ਬਣਾ ਦਿੱਤਾ ਹੈ। ਗੁਰਬਖ਼ਸ਼ ਸਿੰਘ ਨੇ ਕਿਵੇਂ ਜੀਵਨ-ਜਾਚ ਤੇ ਜੀਵਨ-ਚੱਜ ਦੀਆਂ ਜੁਗਤਾਂ ਪੰਜਾਬੀ ਵਿਚ ਪਹਿਲੀ ਵਾਰ ਦੱਸੀਆਂ ਹਨ। ਸਾਧੂ ਦਯਾ ਸਿੰਘ ਨੇ ਕਿਵੇਂ ਮਨੁੱਖੀ ਜੀਵਨ ਦੇ ਇਕ ਇਕ ਸਾਲ ਦੀ ਸੱਚੀ ਤਸਵੀਰ ਖਿੱਚ ਕੇ ਬੰਦੇ ਨੂੰ ਸਿੱਧੇ ਰਾਹ ਤੁਰਨ ਦੀ ਸਿੱਖਿਆ ਦਿੱਤੀ ਹੈ। ਪਰ ਸਾਹਿਤਕਾਰਾਂ ਦੇ ਨਿੱਜ ਬਾਰੇ ਬਹੁਤੀ ਗੱਲ ਨਹੀਂ ਸੀ ਚਲਦੀ। ਲੇਖਕਾਂ ਦੇ ਨਿੱਜੀ ਜੀਵਨ ਦੀ ਜਾਣਕਾਰੀ ਉਸ ਸਮੇਂ ਆਮ ਪਾਠਕ ਤੱਕ ਘੱਟ ਹੀ ਪੁਜਦੀ ਸੀ। ਮਨੁੱਖੀ ਜੀਵਨ ਬਾਰੇ ਚੱਲੀਆਂ ਗੱਲਾਂ ਵਿਚ ਕਿਸੇ ਵਿਚਾਰ ਦੇ ਖੰਡਣ-ਮੰਡਣ ਲਈ ਗੁਰਬਾਣੀ ਦੇ ਹਵਾਲੇ ਅਕਸਰ ਹੀ ਦਿੱਤੇ ਜਾਂਦੇ। ਸਗੋਂ ਗੁਰਬਾਣੀ ਦੀਆਂ ਅਨੇਕ ਤੁਕਾਂ ਤਾਂ ਸਾਧਾਰਨ, ਅਨਪੜ੍ਹ ਲੋਕਾਂ ਦੀ ਰੋਜ਼ਾਨਾ ਬੋਲਬਾਣੀ ਤੱਕ ਦਾ ਅੰਗ ਬਣ ਚੁੱਕੀਆਂ ਸਨ। ਭਾਈ ਗੁਰਦਾਸ ਦੀਆਂ ਵਾਰਾਂ ਵਿਚੋਂ ਕਥਾ-ਆਧਾਰਤ ਪੌੜੀਆਂ ਵੀ ਅਕਸਰ ਚਿਤਾਰੀਆਂ ਜਾਂਦੀਆਂ। ਕਿਸੇ ਅਕ੍ਰਿਤਘਣ ਬੰਦੇ ਦੀ ਨਿੰਦਣਯੋਗਤਾ ਦੱਸਣ ਲਈ ਬਾਪੂ ਜੀ ਪੌੜੀ ਉਚਾਰਦੇ, “ਮਦ ਵਿਚਿ ਰਿਧਾ ਪਾਇਕੈ ਕੁਤੇ ਦਾ ਮਾਸੁ, ਧਰਿਆ ਮਾਣਸ ਖੋਪਰੀ ਤਿਸ ਮੰਦੀ ਵਾਸੁ।” ਤ੍ਰਿਸਕਾਰਨਜੋਗ ਇਸਤਰੀ ਭੋਗ-ਵਿਲਾਸ ਕਰਨ ਮਗਰੋਂ ਇਸ ਮਾਸ ਨੂੰ ਰੱਤ-ਲਿੱਬੜੇ ਕੱਪੜੇ ਨਾਲ ਕੱਜ ਕੇ ਜਾਂਦੀ ਹੋਈ ਕਿਸੇ ਦੇ ਪੁੱਛੇ ਤੋਂ ਆਖਦੀ ਹੈ, “ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ!” ਇਵੇਂ ਹੀ ਨਮਕਹਰਾਮੀ ਬਾਰੇ “ਚੋਰੁ ਗਇਆ ਘਰਿ ਸਾਹ ਦੈ ਘਰ ਅੰਦਰਿ ਵੜਿਆ” ਪੌੜੀ ਸੁਣਾਉਂਦੇ ਜੋ ਖੱਲਾਂ-ਖੂੰਜੇ ਫਰੋਲ ਕੇ ਸੋਨੇ-ਚਾਂਦੀ ਦੀ ਪੰਡ ਬੰਨ੍ਹ ਲੈਣ ਮਗਰੋਂ ਭੁਲੇਖੇ ਨਾਲ ਨੂਣ ਨੂੰ ਹੱਥ ਪਾ ਬੈਠਦਾ ਹੈ ਅਤੇ “ਚੁਖਕੁ ਲੈ ਕੇ ਚਖਿਆ ਤਿਸੁ ਕਖੁ ਨਾ ਖੜਿਆ!” ਤੇ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਹੋਰ ਕਈ ਪੌੜੀਆਂ ਦੇ ਹਵਾਲੇ ਵੀ ਮੈਨੂੰ ਅੱਜ ਤੱਕ ਚੇਤੇ ਹਨ। ਹਾਂ, ਗੁਰੂ ਸਾਹਿਬਾਨ ਦੇ ਜੀਵਨ ਬਾਰੇ ਜ਼ਿਕਰ ਜ਼ਰੂਰ ਚਲਦਾ ਕਿਉਂਕਿ ਗੁਰਬਾਣੀ ਦੇ ਨਾਲ ਨਾਲ ਉਨ੍ਹਾਂ ਦੀਆਂ ਜਨਮ-ਸਾਖੀਆਂ ਅਤੇ ਜੀਵਨੀਆਂ ਆਮ ਪ੍ਰਾਪਤ ਸਨ।
ਸਮਕਾਲੀ ਸਾਹਿਤਕਾਰਾਂ ਵਿਚੋਂ ਜੇ ਕਿਸੇ ਦੇ ਨਿੱਜੀ-ਭਾਈਚਾਰਕ ਜੀਵਨ ਦੀ ਗੱਲ ਅਕਸਰ ਚਲਦੀ ਸੀ, ਉਹ ਸਨ ‘ਮਹਾਨ ਕੋਸ਼’ ਦੇ ਰਚਨਾਕਾਰ ਭਾਈ ਕਾਨ੍ਹ ਸਿੰਘ। ਕਾਰਨ ਇਹ ਕਿ ਉਹ ਸਾਡੇ ਪਿੰਡ ਦੇ ਸਨ ਅਤੇ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਜੀਵਨ ਤੇ ਸੁਭਾਅ ਆਦਿ ਦੀ ਸਿੱਧੀ ਜਾਣਕਾਰੀ ਸੀ। ਮੈਂ ਉਨ੍ਹਾਂ ਬਾਰੇ ਕਈ ਗੱਲਾਂ ਅਜਿਹੀਆਂ ਵੀ ਸੁਣੀਆਂ ਹੋਈਆਂ ਹਨ, ਜਿਹੜੀਆਂ ਕਦੀ ਕਿਸੇ ਲਿਖਤ ਵਿਚ ਨਹੀਂ ਆਈਆਂ। ਸਾਡੇ ਘਰ ਵਿਚ ਉਨ੍ਹਾਂ ਦਾ ਨਾਂ ਬੜੇ ਆਦਰ ਨਾਲ ਲਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਵਿੱਦਵਤਾ ਤੋਂ ਪ੍ਰਭਾਵਿਤ ਸਾਡੇ ਬਜ਼ੁਰਗ ਉਨ੍ਹਾਂ ਨੂੰ ‘ਭਾਈ ਸਾਹਿਬ’ ਜਾਂ ‘ਭਾਈ ਸਾਹਿਬ ਭਾਈ ਕਾਨ੍ਹ ਸਿੰਘ’ ਆਖਦੇ। ਉਨ੍ਹਾਂ ਦੇ ਵਡੇਰੇ ਸਾਡੇ ਪਿੰਡ ਦੇ ਢਿੱਲੋਂ ਗੋਤ ਦੇ ਸਾਧਾਰਨ ਕਿਸਾਨ ਸਨ ਅਤੇ ਦਾਦਿਉਂ-ਪੜਦਾਦਿਉਂ ਭਰਾਵਾਂ ਦੀਆਂ ਔਲਾਦਾਂ ਅੱਜ ਵੀ ਪਿੰਡ ਵਿਚ ਸਾਧਾਰਨ ਕਿਸਾਨੀ ਜੀਵਨ ਬਤੀਤ ਕਰਦੀਆਂ ਹਨ। ਇਸੇ ਕਰਕੇ ਜਦੋਂ ਕੋਈ ਲੇਖਕ ਉਨ੍ਹਾਂ ਦਾ ਜਨਮ ‘ਪਿੱਥੋ ਦੇ ਚੌਧਰੀ ਘਰਾਣੇ’ ਵਿਚ ਹੋਇਆ ਲਿਖਦਾ ਹੈ, ਹਾਸਾ ਆ ਜਾਂਦਾ ਹੈ। ਇਹ ਸਾਮੰਤਵਾਦੀ-ਬ੍ਰਾਹਮਣਵਾਦੀ ਸੋਚ ਦੀ ਗੁਲਾਮ ਪਹੁੰਚ ਦਾ ਕਾਰਨਾਮਾ ਹੈ। ਸਾਡੇ ਪਿੰਡਾਂ ਵਿਚ ਕੋਈ ਚੌਧਰੀ ਹੀ ਨਹੀਂ ਸੀ ਹੁੰਦਾ। ਸਾਡੇ ਇਲਾਕੇ ਵਿਚ ਇਹ ਸ਼ਬਦ ਮੰਡੀਆਂ ਤੇ ਸ਼ਹਿਰਾਂ ਦੇ ਹਿੰਦੂ ਭਾਈਚਾਰੇ ਦੀਆਂ ਆਗੂ ਹਸਤੀਆਂ ਲਈ ਹੀ ਵਰਤਿਆ ਜਾਂਦਾ ਸੀ। ਇਸ ਕਥਨ ਪਿੱਛੇ ਉਹੋ ਭਾਵਨਾ ਕੰਮ ਕਰਦੀ ਹੈ ਜਿਸ ਅਧੀਨ ਕਿਹਾ ਜਾਂਦਾ ਹੈ ਕਿ ਜੁਲਾਹਿਆਂ ਦੇ ਘਰ ਜੰਮਿਆ ਕਬੀਰ ਏਨਾ ਗੁਣਵੰਤ ਕਿਵੇਂ ਹੋ ਸਕਦਾ ਹੈ, ਉਹ ਤਾਂ ਉਨ੍ਹਾਂ ਦਾ ਪਾਲਿਆ ਹੋਇਆ ਇਕ ਬ੍ਰਾਹਮਣ ਬੱਚਾ ਸੀ। ਅਜਿਹੇ ਕਥਿਤ ਲੇਖਕ ਸੋਚਦੇ ਹਨ ਕਿ ਉਸ ਸਮੇਂ ਦੇ ਪਛੜੇ ਹੋਏ ਮਾਲਵੇ ਦੇ ਇਕ ਪਿੰਡ ਵਿਚੋਂ ਉਠ ਕੇ ਭਾਈ ਕਾਨ੍ਹ ਸਿੰਘ ਏਨਾਂ ਵਿੱਦਵਾਨ ਬਣ ਸਕਿਆ ਤਾਂ ਜ਼ਰੂਰ ਉਹ ਵੱਡੇ ਚੌਧਰੀਆਂ ਦਾ ਪੁੱਤਰ ਹੀ ਹੋਵੇਗਾ!
ਅਸਲੀਅਤ ਇਹ ਹੈ ਕਿ ਭਾਈ ਸਾਹਿਬ ਦਾ ਪੜਦਾਦਾ, ਬਾਬਾ ਸਰੂਪ ਸਿੰਘ (1783-1861) ਕੁਛ ਮਹੀਨੇ ਨਾਭੇ ਨੌਕਰੀ ਕਰਨ ਪਿੱਛੋਂ ਉਥੋਂ ਨੇੜੇ ਹੀ ‘ਡੇਰਾ ਬਾਬਾ ਅਜਾਪਾਲ ਸਿੰਘ’ ਦਾ ਮਹੰਤ ਬਣ ਗਿਆ। ਉਸ ਸਮੇਂ ਸਾਡੇ ਪਿੰਡਾਂ ਦੇ ਲਗਭਗ ਅਨਪੜ੍ਹ ਸਾਧਾਰਨ ਕਿਸਾਨ ਨੌਕਰੀ ਵਿਚ ਕਿਸੇ ਉੱਚੀ ਪਦਵੀ ਦੀ ਆਸ ਤਾਂ ਕਰ ਨਹੀਂ ਸਨ ਸਕਦੇ, ਆਮ ਕਰਕੇ ਉਹ ਆਰਥਕ ਤੰਗੀ ਕਾਰਨ ਛੋਟੀ-ਮੋਟੀ ਨੌਕਰੀ ਲੱਭਣ ਘਰੋਂ ਨਿਕਲਦੇ ਸਨ ਜੋ ਮੀਂਹ-ਆਧਾਰਤ ਖੇਤੀ ਦੇ ਉਸ ਜੁੱਗ ਵਿਚ ਅਕਸਰ ਹੀ ਬਣੀ ਰਹਿੰਦੀ ਸੀ। ਕਿਸੇ ਗੁਰਦੁਆਰੇ-ਡੇਰੇ ਜਾ ਬੈਠਣ ਦਾ ਫ਼ੈਸਲਾ ਵੀ ਜਾਂ ਤਾਂ ਨੌਕਰੀ ਵਾਂਗ ਹੀ ਆਰਥਕ ਤੰਗੀ ਕਾਰਨ ਲਿਆ ਜਾਂਦਾ ਸੀ ਤੇ ਜਾਂ ਫੇਰ ਅਜਿਹੇ ਫ਼ੈਸਲੇ ਦੇ ਪਿੱਛੇ ਮਨ ਨੂੰ ਦੁਨੀਆਂ ਤੋਂ ਉਚਾਟ ਕਰ ਦੇਣ ਵਾਲਾ ਕੋਈ ਨਿਜੀ ਕਾਰਨ ਹੁੰਦਾ ਸੀ। ਤੇ ਇਨ੍ਹਾਂ ਫ਼ੈਸਲਿਆਂ ਨੂੰ ‘ਉੱਤਮ ਖੇਤੀ, ਮੱਧਮ ਵਪਾਰ; ਨਖਿਧ ਨੌਕਰੀ, ਭੀਖ ਖੁਆਰ’ ਦੇ ਵਿਸ਼ਵਾਸੀ ਆਮ ਲੋਕਾਂ ਵੱਲੋਂ ਚੰਗੀ ਨਜ਼ਰ ਨਾਲ ਨਹੀਂ ਸੀ ਦੇਖਿਆ ਜਾਂਦਾ। ਖ਼ੈਰ, ਉਹਦੇ ਮਹੰਤ ਜਾ ਬਨਣ ਦਾ ਕਾਰਨ ਕੁਛ ਵੀ ਹੋਵੇ, ਇਸ ਘਰ ਦਾ ਨਾਤਾ ਗੁਰਬਾਣੀ ਨਾਲ ਤਾਂ ਜੁੜ ਹੀ ਗਿਆ ਜੋ ਭਾਈ ਕਾਨ੍ਹ ਸਿੰਘ ਤੱਕ ਪੁਜਦਿਆਂ ਗੁਰਬਾਣੀ ਦੇ ਨਾਲ ਨਾਲ ਭਾਸ਼ਾ, ਸਾਹਿਤ ਤੇ ਸਭਿਆਚਾਰ ਤੱਕ ਪੁੱਜ ਗਿਆ। ਸਰੂਪ ਸਿੰਘ ਦੇ ਦਿਹਾਂਤ ਮਗਰੋਂ ਉਨ੍ਹਾਂ ਦੇ ਪੋਤੇ ਨਰਾਇਣ ਸਿੰਘ (1841-1916) ਨੇ ਸਾਡੇ ਪਿੰਡ ਪਿੱਥੋ ਤੋਂ ਜਾ ਕੇ ਡੇਰਾ ਬਾਬਾ ਅਜਾਪਾਲ ਸਿੰਘ ਦੀ ਸੇਵਾ ਸੰਭਾਲ ਲਈ ਕਿਉਂਕਿ ਸਰੂਪ ਸਿੰਘ ਦੇ ਪੁੱਤਰ, ਭਾਵ ਨਰਾਇਣ ਸਿੰਘ ਦੇ ਪਿਤਾ ਗੁਰਦਿਆਲ ਸਿੰਘ (1808-1846) ਦਾ ਦਿਹਾਂਤ ਪਹਿਲਾਂ ਹੀ ਸਿਰਫ਼ 38 ਸਾਲ ਦੀ ਭਰ ਜਵਾਨ ਉਮਰ ਵਿਚ ਹੋ ਚੁੱਕਿਆ ਸੀ।
ਨਰਾਇਣ ਸਿੰਘ ਦਾ ਸਬੰਧ ਨਾਭਾ ਦੇ ਰਾਜਘਰਾਣੇ ਨਾਲ ਜੁੜਨ ਦਾ ਸਬੱਬ ਬੜਾ ਅਨੋਖਾ ਹੈ ਅਤੇ ਮਹੱਤਵਪੂਰਨ ਵੀ ਹੈ। ਆਖ਼ਰ ਇਹੋ ਕੜੀ ਸੀ ਜੋ ਉਹਦੇ ਪੁੱਤਰ ਕਾਨ੍ਹ ਸਿੰਘ ਦੇ ‘ਭਾਈ ਕਾਨ੍ਹ ਸਿੰਘ ਨਾਭਾ’ ਬਣਨ ਵਿਚ ਸਹਾਈ ਹੋਈ। ਨਰਾਇਣ ਸਿੰਘ ਹਰ ਹਫ਼ਤੇ ਗੁਰੂ ਗ੍ਰੰਥ ਸਾਹਿਬ ਦਾ ਇਕ ਪਾਠ ਜ਼ਰੂਰ ਕਰਿਆ ਕਰਦਾ ਸੀ। ਇਉਂ ਉਸ ਨੂੰ ਸੰਪੂਰਨ ਪਾਠ ਕੰਠ ਹੋ ਗਿਆ ਸੀ। ਇਸ ਪਿੱਛੋਂ ਉਹਨੇ ਦੋ ਵਾਰ ਇਕੋ ਆਸਣ ਬੈਠ ਕੇ ਇਕੱਲਿਆਂ ਹੀ ਅਖੰਡ ਪਾਠ ਸੰਪੂਰਨ ਕੀਤਾ ਜਿਸ ਨੂੰ ਅਤੀ-ਅਖੰਡ ਪਾਠ ਆਖਦੇ ਹਨ। ਇਉਂ ਉਹਨੂੰ ਇਹ ਪਾਠ ਕਰ ਸਕਣ ਦੀ ਆਪਣੀ ਸਮਰੱਥਾ ਉਤੇ ਵਿਸ਼ਵਾਸ ਹੋ ਗਿਆ।
ਨਾਭਾ ਰਿਆਸਤ ਦੇ ਲੋਕਾਂ ਦੇ ਚੇਤੇ ਵਿਚ ਰਾਜਾ ਹੀਰਾ ਸਿੰਘ ਦਾ ਉਹੋ ਸਥਾਨ ਹੈ ਜੋ ਪੰਜਾਬ ਦੇ ਲੋਕਾਂ ਦੇ ਮਨ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰਾਪਤ ਹੈ। ਉਸ ਤੋਂ ਪਹਿਲੇ ਰਾਜੇ ਦੇ ਦਿਹਾਂਤ ਮਗਰੋਂ ਜਦੋਂ ਕਿਸੇ ਨਾ ਕਿਸੇ ਕਾਰਨ ਅੰਗਰੇਜ਼ ਰੈਜ਼ੀਡੈਂਟ ਵੱਲੋਂ ਇਕ ਮਗਰੋਂ ਦੂਜਾ ਵਾਰਿਸ ਰੱਦ ਕੀਤਾ ਗਿਆ ਤਾਂ ਆਖ਼ਰ ਕੁਰਸੀਨਾਮੇ ਨੇ ਹੀਰਾ ਸਿੰਘ ਦੀ ਦੱਸ ਪਾਈ। ਆਮ ਕਹਾਵਤ ਹੈ ਕਿ ਜਦੋਂ ਉਹਨੂੰ ਪਿੰਡ ਤੋਂ ਲਿਆਉਣ ਲਈ ਪਾਲਕੀ ਭੇਜੀ ਗਈ, ਉਹ ਖੇਤ ਵਿਚ ਗਾਜਰਾਂ ਪੁੱਟ ਰਿਹਾ ਸੀ ਅਤੇ ਆਮ ਲੋਕਾਂ ਵਾਲਾ ਜੀਵਨ ਲੰਮੇ ਸਮੇਂ ਤੱਕ ਜੀਵਿਆ ਹੋਣ ਕਰਕੇ ਹੀ ਉਹ ਏਨਾਂ ਨਿਆਂਈਂ ਰਾਜ ਦੇ ਸਕਿਆ।
ਰਾਜਾ ਹੀਰਾ ਸਿੰਘ ਹਰ ਸਵੇਰ ‘ਪਰਜਾ ਦਰਸ਼ਨ’ ਵਿਚ ਆਮ ਲੋਕਾਂ ਦੀਆਂ ਅਰਜੋਈਆਂ ਵੀ ਸੁਣਦਾ ਅਤੇ ਜੇ ਕਿਸੇ ਵੀ ਖੇਤਰ ਵਿਚ ਕਿਸੇ ਵਿਅਕਤੀ ਦੀ ਕੋਈ ਪ੍ਰਾਪਤੀ ਜਾਂ ਵਿਸ਼ੇਸ਼ਤਾ ਹੁੰਦੀ, ਉਹਦਾ ਢੁੱਕਵਾਂ ਮਾਣ-ਸਤਿਕਾਰ ਵੀ ਕਰਦਾ। ਗੁਣਵੰਤ ਬੰਦਿਆਂ ਦਾ ਉਹ ਵੱਡਾ ਕਦਰਦਾਨ ਸੀ। ਨਰਾਇਣ ਸਿੰਘ ਨੇ ‘ਪਰਜਾ ਦਰਸ਼ਨ’ ਸਮੇਂ ਅਤੀ-ਅਖੰਡ ਪਾਠ ਕਰ ਸਕਣ ਦੀ ਆਪਣੀ ਸਮਰੱਥਾ ਬਾਰੇ ਦੱਸ ਕੇ ਉਹਦੇ ਸਾਹਮਣੇ ਇਹ ਪਾਠ ਕਰਨ ਦੀ ਇੱਛਾ ਜ਼ਾਹਿਰ ਕੀਤੀ। ਰਾਜੇ ਦਾ ਹੈਰਾਨ ਹੋਣਾ ਸੁਭਾਵਿਕ ਸੀ। ਮੇਰੇ ਬਾਪੂ ਜੀ ਦੱਸਿਆ ਕਰਦੇ ਸਨ, ਰਾਜੇ ਨੇ ਸ਼ੰਕਾ ਕੀਤਾ ਕਿ ਏਨੇ ਲੰਮੇ ਸਮੇਂ ਲਈ ਮਨੁੱਖ ਭੁੱਖ-ਤੇਹ ਤਾਂ ਭਲਾ ਸਹਾਰ ਸਕਦਾ ਹੈ, ਪਰ ਮਲ-ਮੂਤਰ ਦੀ ਹਾਜਤ ਦਾ ਕੀ ਬਣਦਾ ਹੋਵੇਗਾ! ਨਰਾਇਣ ਸਿੰਘ ਨੇ ਦੱਸਿਆ ਕਿ ਉਹ ਪਾਠ ਤੋਂ ਕੁਛ ਦਿਨ ਪਹਿਲਾਂ ਅੰਨ ਦਾ ਤੇ ਫੇਰ ਜਲ ਦਾ ਵੀ ਤਿਆਗ ਕਰ ਕੇ ਕੇਵਲ ਵੱਡੀਆਂ ਦਾਖਾਂ ਖਾਣੀਆਂ ਸ਼ੁਰੂ ਕਰ ਦਿੰਦਾ ਹੈ ਜਿਸ ਸਦਕਾ ਨਾ ਤਾਂ ਭੁੱਖ-ਤੇਹ ਤੇ ਨਿਰਬਲਤਾ ਮਹਿਸੂਸ ਹੁੰਦੀ ਹੈ ਅਤੇ ਨਾ ਹੀ ਹਾਜਤ ਦੀ ਸਮੱਸਿਆ ਆਉਂਦੀ ਹੈ। ਉਹਦੀ ਜੁਗਤ ਸੁਣ ਕੇ ਰਾਜਾ ਬੋਲਿਆ,”ਮੈਂ ਵੀ ਸੁੱਤੇ ਜਾਂ ਆਰਾਮ ਕੀਤੇ ਬਿਨਾਂ ਸੰਪੂਰਨ ਪਾਠ ਸਰਵਣ ਕਰਾਂਗਾ ਪਰ ਸਰੀਰ ਸਾਧਿਆ ਨਾ ਹੋਣ ਕਰਕੇ ਬੱਸ ਹਾਜਤ ਰਫ਼ਾ ਕਰਨ ਵਾਸਤੇ ਹੀ ਉਠਣ ਦੀ ਆਗਿਆ ਚਾਹਾਂਗਾ।” ਰਾਜੇ ਦੇ ਨਾਲ ਹੀ ਸਭ ਅਮਲੇ-ਫ਼ੈਲੇ ਨੇ ਤਾਂ ਬੈਠਣਾ ਹੀ ਹੋਇਆ।
ਨਰਾਇਣ ਸਿੰਘ ਨੇ ਅਤੀ-ਅਖੰਡ ਪਾਠ ਸਫ਼ਲਤਾ ਨਾਲ ਸੰਪੂਰਨ ਕੀਤਾ ਤਾਂ ਏਨਾਂ ਲੰਮਾ ਸਮਾਂ ਇਕੋ ਆਸਣ ਬੈਠਿਆਂ ਉਹਦੀਆਂ ਲੱਤਾਂ ਦਾ ਸੌਂ ਜਾਣਾ ਕੁਦਰਤੀ ਸੀ। ਰਾਜਾ ਹੀਰਾ ਸਿੰਘ ਨੇ ਆਪ ਉਹਦਾ ਆਲਤੀ-ਪਾਲਤੀ ਆਸਣ ਖੁਲ੍ਹਵਾਇਆ ਅਤੇ ਸੁੱਤੀਆਂ ਲੱਤਾਂ ਘੁੱਟ-ਘੁਟਵਾ ਕੇ ਉਹਨੂੰ ਖੜ੍ਹਾ ਹੋਣ ਦੇ ਜੋਗ ਕੀਤਾ! ਜਦੋਂ ਨਰਾਇਣ ਸਿੰਘ ਨੇ ਆਪਣੇ ਡੇਰੇ ਜਾਣ ਲਈ ਵਿਦਾਇਗੀ ਮੰਗੀ, ਰਾਜੇ ਨੇ ਪਾਲਕੀ ਮੰਗਵਾਈ ਅਤੇ ਤਿੰਨ ਹੋਰ ਪਾਲਕੀ-ਬਰਦਾਰਾਂ ਨਾਲ ਮਹਿਲ ਦੇ ਬਾਹਰਲੇ ਦੁਆਰ ਤੱਕ ਚੌਥਾ ਮੋਢਾ ਆਪ ਦਿੱਤਾ। ਇਸ ਪਿੱਛੋਂ ਰਾਜਾ ਹੀਰਾ ਸਿੰਘ ਅਤੇ ਮਹੰਤ ਨਰਾਇਣ ਸਿੰਘ ਦਾ ਨਿੱਘਾ ਨਾਤਾ ਬਣ ਗਿਆ।
ਨਰਾਇਣ ਸਿੰਘ ਦੇ ਪੁੱਤਰ ਭਾਈ ਕਾਨ੍ਹ ਸਿੰਘ (1861-1938) ਇਸ ਮਾਹੌਲ ਵਿਚ ਵੱਡੇ ਹੋਏ। ਬਹੁਭਾਸ਼ਾਈ ਗਿਆਨ ਦੇ ਸੁਆਮੀ ਭਾਈ ਕਾਨ੍ਹ ਸਿੰਘ ਨੇ ਕੋਈ ਡੇਢ ਦਰਜਨ ਪ੍ਰਕਾਸ਼ਿਤ-ਅਪ੍ਰਕਾਸ਼ਿਤ ਪੁਸਤਕਾਂ ਦੀ ਰਚਨਾ ਕੀਤੀ। ਭਾਵੇਂ ਉਨ੍ਹਾਂ ਦਾ ਮੁੱਖ ਖੇਤਰ ਸਿੱਖ ਧਰਮ ਅਤੇ ਗੁਰਬਾਣੀ ਰਿਹਾ, ਉਨ੍ਹਾਂ ਨੇ ਦੇਸ-ਪਰਦੇਸ ਦੀਆਂ ਯਾਤਰਾਵਾਂ ਦਾ ਹਾਲ ਵੀ ਲਿਖਿਆ ਅਤੇ ਪੰਜਾਬੀ ਤੇ ਹਿੰਦੀ ਵਿਚ ਕਵਿਤਾ ਵੀ ਰਚੀ। ਉਨ੍ਹਾਂ ਦੀ ਸਮੁੱਚੀ ਬਹੁਭਾਂਤੀ ਰਚਨਾ ਵਿਚੋਂ ‘ਗੁਰਸ਼ਬਦ ਰਤਨਾਕਰ’ ਨੂੰ, ਜਿਸ ਨੂੰ ਆਮ ਕਰਕੇ ‘ਮਹਾਨ ਕੋਸ਼’ ਕਿਹਾ ਜਾਂਦਾ ਹੈ, ਬਿਨਾਂ-ਸ਼ੱਕ ਪ੍ਰਮੁੱਖ ਸਥਾਨ ਪ੍ਰਾਪਤ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਇਕ ਹੋਰ ਪ੍ਰਸ਼ੰਸਾਯੋਗ ਅਤੇ ਮਹੱਤਵਪੂਰਨ ਕਾਰਜ ਮੈਕਾਲਿਫ਼ ਵੱਲੋਂ ਕੀਤੇ ਗਏ ਗੁਰਬਾਣੀ ਦੇ ਅੰਗਰੇਜ਼ੀ ਅਨੁਵਾਦ ਵਿਚ ਭਰਪੂਰ ਸਹਾਇਤਾ ਕਰਨਾ ਸੀ। ਇਹ ਦੋਵੇਂ ਗੱਲਾਂ ਵੱਖਰੀ ਵਿਚਾਰ-ਚਰਚਾ ਦੀਆਂ ਹੱਕਦਾਰ ਹਨ।
ਮੇਰੇ ਬਚਪਨ ਵਿਚ ਸਾਡੇ ਘਰ ਪੜ੍ਹਿਆ ਜਾਂਦਾ ‘ਮਹਾਨ ਕੋਸ਼’ ਚਾਰ ਵਡ-ਆਕਾਰੀ ਸੈਂਚੀਆਂ ਵਿਚ ਸੀ। ਇਨ੍ਹਾਂ ਸੈਂਚੀਆਂ ਦੇ ਕੁੱਲ ਪੰਨੇ 3338 ਸਨ। ਹਰ ਸੈਂਚੀ ਏਨੀਂ ਭਾਰੀ ਹੁੰਦੀ ਸੀ ਕਿ ਉਹਨੂੰ ਪੁਸਤਕ ਵਾਂਗ ਹੱਥ ਵਿਚ ਫੜ ਕੇ ਪੜ੍ਹਨਾ ਅਸੰਭਵ ਸੀ। ਇਸ ਲਈ ਇਹਨੂੰ ਧਰਮ-ਪੋਥੀਆਂ ਵਾਂਗ ਰੇਹਲ ਉਤੇ ਰੱਖ ਕੇ ਪੜ੍ਹਿਆ ਜਾਂਦਾ ਸੀ। ਇਹਦਾ ਸਤਿਕਾਰ ਵੀ ਉਨ੍ਹਾਂ ਵਾਂਗ ਹੀ ਕੀਤਾ ਜਾਂਦਾ। ਆਮ ਕਰਕੇ ਇਹਨੂੰ ਅਰਥਾਂ ਦੀ ਅਸਪੱਸ਼ਟਤਾ ਜਾਂ ਦੁਬਿਧਾ ਵਾਲੇ ਕਿਸੇ ਸ਼ਬਦ ਦਾ ਸਹੀ ਭਾਵ ਸਮਝਣ ਲਈ ਵਰਤਿਆ ਜਾਂਦਾ। ਮੇਰੀ ਇਹ ਹੈਰਾਨੀ ਕਿ ਇਕ ਆਦਮੀ ਨੇ ਇਕੱਲਿਆਂ ਏਨੀ ਵੱਡੀ ਪੁਸਤਕ ਕਿਵੇਂ ਲਿਖ ਲਈ, ਬਚਪਨ ਵਿਚ ਤਾਂ ਸੁਭਾਵਿਕ ਸੀ ਹੀ, ਅੱਜ ਵੀ ਅਜਿਹੇ ਕਾਰਜ ਲਈ ਲੋੜੀਂਦੀਆਂ ਸਹੂਲਤਾਂ ਤੋਂ ਵਿਰਵੇ ਉਸ ਜ਼ਮਾਨੇ ਵਿਚ ਇਸ ਦੇ ਆਕਾਰ-ਪ੍ਰਕਾਰ ਬਾਰੇ ਸੋਚਿਆਂ ਇਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਜਾਪਦਾ। ਵਣਜਾਰਾ ਬੇਦੀ ਦੀ ਦੂਜੀ ਮਿਸਾਲ ਤੋਂ ਇਲਾਵਾ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਅਜਿਹੀ ਘਾਲਣਾ ਦੀ ਕੋਈ ਤੀਜੀ ਮਿਸਾਲ ਨਹੀਂ ਮਿਲਦੀ। ਬਾਪੂ ਜੀ ਦਸਦੇ, ਮੁੱਢਲੇ ਆਧਾਰੀ ਕਾਰਜ ਅਤੇ ਮਗਰੋਂ ਛਪਾਈ ਨੂੰ ਛੱਡ ਕੇ ਕੇਵਲ ਇਸ ਨੂੰ ਲਿਖਣ ਵਿਚ ਭਾਈ ਕਾਨ੍ਹ ਸਿੰਘ ਦੇ ਪੰਦਰਾਂ ਸਾਲ ਖਰਚ ਹੋਏ। ਉਹ ਇਹ ਵੀ ਦਸਦੇ ਕਿ ਇਸ ਨੂੰ ਛਾਪਣ ਦਾ ਖਰਚ ਏਨਾਂ ਹੋਣਾ ਸੀ ਕਿ ਵਸੀਲਿਆਂ ਦੇ ਬਾਵਜੂਦ ਭਾਈ ਸਾਹਿਬ ਦੇ ਵੱਸ ਦਾ ਨਹੀਂ ਸੀ ਜਿਸ ਕਰਕੇ ਇਹ ਜ਼ਿੰਮਾ ਮਹਾਰਾਜਾ ਪਟਿਆਲਾ ਭੂਪਿੰਦਰ ਸਿੰਘ ਨੇ ਲਿਆ। ਇਹਦਾ ਪੂਰਾ ਨਾਂ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਹੈ ਅਤੇ ਇਹਦੇ ਹੇਠ ਅੰਗਰੇਜ਼ੀ ਵਿਚ ‘ਐਨਸਾਈਕਲੋਪੀਡੀਆ ਆਫ਼ ਸਿੱਖ ਲਿਟਰੇਚਰ’ ਲਿਖਿਆ ਹੋਇਆ ਹੈ।
ਮਹਾਨ ਕੋਸ਼ ਵਿਚ 64263 ਸ਼ਬਦਾਂ ਦੇ ਅਰਥ ਅਤੇ ਉਨ੍ਹਾਂ ਦੀ ਵਿਆਖਿਆ ਦਰਜ ਹੈ। ਬਹੁਤੇ ਲੋਕਾਂ ਦਾ ਇਹ ਗ਼ਲਤ ਵਿਚਾਰ ਬਣਿਆ ਹੋਇਆ ਹੈ ਕਿ ਇਸ ਵਿਚ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਰਥ ਦਿਤੇ ਗਏ ਹਨ। ਅਸਲ ਵਿਚ ਇਹ ਇਸ ਤੋਂ ਬਹੁਤ ਵੱਧ ਕੁਛ ਹੈ। ਭਾਈ ਸਾਹਿਬ ਲਿਖਦੇ ਹਨ ਕਿ ਪੰਡਿਤ ਤਾਰਾ ਸਿੰਘ ਦਾ ‘ਗੁਰੂ ਗਿਰਾਰਥ ਕੋਸ਼’ ਅਤੇ ਭਾਈ ਹਜ਼ਾਰਾ ਸਿੰਘ ਦਾ ‘ਸ੍ਰੀ ਗੁਰੂ ਗ੍ਰੰਥ ਕੋਸ਼’ ਪੜ੍ਹ ਕੇ ਉਨ੍ਹਾਂ ਨੇ ਸੋਚਿਆ, ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਵਿਚ ਨਹੀਂ ਆਏ, ਉਹ ਵੀ ਲੈ ਕੇ ਇਕ ਉਤਮ ਕੋਸ਼ ਲਿਖਿਆ ਜਾਵੇ। ਪੰਜ ਸਾਲ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਪਾਠ ਦੇ ਸ਼ਬਦੀ ਹਵਾਲੇ ਲੈਂਦਿਆਂ ਲੱਗ ਗਏ। ਹਵਾਲਿਆਂ ਨੂੰ ਤਰਤੀਬ ਦੇਣ ਦੇ ਸਬੰਧ ਵਿਚ ‘ਐਨਸਾਈਕਲੋਪੀਡੀਆ ਬ੍ਰਿਟੈਨਿਕਾ’ ਦੇਖਦਿਆਂ ਉਨ੍ਹਾਂ ਨੂੰ ਖਿਆਲ ਆਇਆ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਹੀ ਨਹੀਂ ਸਗੋਂ ਸਿੱਖ ਸਾਹਿਤ ਦਾ ਕੋਸ਼ ਹੋਵੇ। ਇਸ ਆਸ਼ੇ ਨਾਲ ਉਨ੍ਹਾਂ ਨੇ ਦਸਮ ਗ੍ਰੰਥ, ਭਾਈ ਗੁਰਦਾਸ ਦੀ ਬਾਣੀ, ਭਾਈ ਨੰਦ ਲਾਲ ਦੀ ਰਚਨਾ, ਭਾਈ ਮਨੀ ਸਿੰਘ ਦੀਆਂ ਸਾਖੀਆਂ, ਭਾਈ ਬਾਲੇ ਵਾਲੀ ਜਨਮਸਾਖੀ, ਰਹਿਤਨਾਮੇ, ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਆਦਿ ਗ੍ਰੰਥ ਘੋਖ ਕੇ ਹਵਾਲੇ ਇਕੱਠੇ ਕੀਤੇ। ਅਰਥ ਅਤੇ ਵਿਆਖਿਆ ਨੂੰ ਵੱਧ ਤੋਂ ਵੱਧ ਸੰਪੂਰਨਤਾ ਦੇਣ ਦੇ ਮਨੋਰਥ ਨਾਲ ਉਨ੍ਹਾਂ ਨੇ ਹਉਮੈ ਤੋਂ ਮੁਕਤ ਰਹਿੰਦਿਆਂ ਸ਼ਬਦਾਂ ਨਾਲ ਸਬੰਧਿਤ ਖੇਤਰਾਂ ਦੇ ਸਿਆਣਿਆਂ ਨਾਲ ਸੰਪਰਕ ਅਤੇ ਵਿਚਾਰਾਂ ਕਰਨ ਵਿਚ ਕੋਈ ਝਿਜਕ ਨਹੀਂ ਸੀ ਦਿਖਾਈ। ਮੇਰਾ ਇਹ ਸੋਚਣਾ ਵੀ ਨਿਰਾਧਾਰ ਨਹੀਂ ਕਿ ਗੁਰਮਤਿ ਦੀ ਵਿਆਖਿਆ ਦਾ ਉਨ੍ਹਾਂ ਦਾ ਆਪਣਾ ਪਹਿਲਾਂ ਦਾ ਕਾਰਜ ਵੀ ਜ਼ਰੂਰ ਕੋਸ਼-ਰਚਨਾ ਦੇ ਵਿਚਾਰ ਦਾ ਬੀ ਅਤੇ ਆਧਾਰ ਬਣਿਆ ਹੋਵੇਗਾ। 1889 ਵਿਚ ਪ੍ਰਕਾਸ਼ਿਤ ‘ਗੁਰਮਤ ਪ੍ਰਭਾਕਰ’ ਅਤੇ 1899 ਵਿਚ ਪ੍ਰਕਾਸ਼ਿਤ ‘ਗੁਰਮਤ ਸੁਧਾਕਰ’ ਤੇ ‘ਗੁਰ ਗਿਰਾ ਕਸੌਟੀ’, ਉਨ੍ਹਾਂ ਦੀਆਂ ਤਿੰਨੇ ਪੁਸਤਕਾਂ ਗੁਰਮਤਿ ਦੀ ਵਿਆਖਿਆ ਨਾਲ ਹੀ ਸਬੰਧਿਤ ਸਨ।
ਸ਼ਬਦਾਂ ਨੂੰ ਤਰਤੀਬ ਦਿੰਦਿਆਂ ਉਨ੍ਹਾਂ ਨੇ ਅਜੋਕੇ ਸ਼ਬਦਕੋਸ਼ਾਂ ਵਾਂਗ ਅੱਖਰਮਾਲਾ ਨੂੰ ਅਤੇ ਅੱਗੋਂ ਹਰ ਅੱਖਰ ਦੇ ਸਬੰਧ ਵਿਚ ਲਗਾਂ-ਮਾਤਰਾਂ ਨੂੰ ਆਧਾਰ ਬਣਾਇਆ ਹੈ। ਭਾਈ ਸਾਹਿਬ ਦੀ ਲਿਖਤ ਦੀ ਇਕ ਦਿਲਚਸਪ ਗੱਲ ਵਾਕ ਦੇ ਅੰਤ ਉਤੇ ਆਮ ਪੰਜਾਬੀ ਲਿਖਾਈ ਵਾਲੀ ਡੰਡੀ ਦੀ ਥਾਂ ਅੰਗਰੇਜ਼ੀ ਵਾਂਗ ਫੁਲਸਟਾਪੀ ਬਿੰਦੀ ਪਾਉਣਾ ਹੈ। ਕੋਸ਼ ਵਿਚ ਅਤੇ ਉਥੇ ਦਿੱਤੇ ਗਏ ਸ਼ਮਸ਼ੇਰ ਸਿੰਘ ਅਸ਼ੋਕ ਦੇ ਨਾਂ ਉਨ੍ਹਾਂ ਦੀ ਹੱਥ-ਲਿਖਤ ਚਿੱਠੀ ਦੇ ਫ਼ੋਟੋ-ਉਤਾਰੇ ਵਿਚ ਡੰਡੀਆਂ ਦੀ ਥਾਂ ਫੁਲਸਟਾਪੀ ਬਿੰਦੀਆਂ ਹੀ ਹਨ।
ਜਦੋਂ ਸਾਹਿਤ ਦੀ ਕੁਛ ਸੋਝੀ ਆਈ ਤੋਂ ਮੈਂ ‘ਮਹਾਨ ਕੋਸ਼’ ਬਾਰੇ ਜਾਨਣਾ ਚਾਹਿਆ, ਜਿੰਨੀ ਹੈਰਾਨ ਕਰਨ ਵਾਲੀ ਇਸ ਨੂੰ ਲਿਖੇ ਜਾਣ ਵਿਚ ਲੱਗੀ ਮਿਹਨਤ ਦੀ ਵਾਰਤਾ ਸੀ, ਓਨੀਂ ਹੀ ਮੁਸ਼ਕਲਾਂ-ਭਰੀ ਇਹਦੇ ਛਪਣ ਦੀ ਕਹਾਣੀ ਸੀ। ਭਾਈ ਸਾਹਿਬ ਕਈ ਸਾਲ ਆਪਣਾ ਇਹ ਕੰਮ ਰਿਆਸਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਕਰਦੇ ਰਹੇ ਅਤੇ ਕਈ ਸਾਲ ਉਨ੍ਹਾਂ ਨੇ ਨਿਰੋਲ ਇਸੇ ਕੰਮ ਦੇ ਲੇਖੇ ਲਾਏ। ਉਨ੍ਹਾਂ ਦੇ ਆਪਣੇ ਦੱਸਣ ਅਨੁਸਾਰ ਕੁੱਲ ਮਿਲਾ ਕੇ ਇਸ ਕਾਰਜ ਦੇ ਲੇਖੇ ਉਨ੍ਹਾਂ ਦੇ 28 ਸਾਲ ਲੱਗ ਗਏ। 1911 ਵਿਚ ਉਨ੍ਹਾਂ ਦੇ ਕਦਰਦਾਨ ਨਾਭਾਪਤੀ ਮਹਾਰਾਜਾ ਹੀਰਾ ਸਿੰਘ ਗੁਜ਼ਰ ਗਏ। 1912 ਵਿਚ ਆਜ਼ਾਦ-ਖ਼ਿਆਲ ਟਿੱਕਾ ਰਿਪੁਦਮਨ ਸਿੰਘ ਨੇ ਇੰਗਲੈਂਡ ਤੋਂ ਆ ਕੇ ਗੱਦੀ ਸੰਭਾਲੀ ਤਾਂ ਪ੍ਰਬੰਧਕ ਢਾਂਚੇ ਅਤੇ ਨੀਤੀਆਂ ਵਿਚ ਕਈ ਤਬਦੀਲੀਆਂ ਕੀਤੀਆਂ। ਭਾਈ ਸਾਹਿਬ ਦੇ ਆਪਣੇ ਕਹਿਣ ਅਨੁਸਾਰ ‘ਕਈ ਕਾਰਨਾਂ ਕਰਕੇ’ ਉਹ ਨਾਭੇ ਦੀ ਨੌਕਰੀ ਤੋਂ ਵੱਖ ਹੋ ਗਏ, ਭਾਵੇਂ ਕਿ ਉਹ ਬਾਲ ਰਿਪੁਦਮਨ ਸਿੰਘ ਦੇ ਸਿੱਖਿਆਦਾਤਾ ਰਹੇ ਸਨ। ਇਸ ਵਿਹਲ ਨੂੰ ਗ਼ਨੀਮਤ ਸਮਝਦਿਆਂ ਉਹ ਕਸ਼ਮੀਰ ਚਲੇ ਗਏ ਅਤੇ ’20 ਮਈ 1912 ਨੂੰ ਅਰਦਾਸਾ ਸੋਧ ਕੇ’ ਰਚਨਾ-ਕਾਰਜ ਆਰੰਭ ਕਰ ਦਿੱਤਾ। 1915 ਵਿਚ ਉਨ੍ਹਾਂ ਨੇ ਮਹਾਰਾਜਾ ਭੂਪਿੰਦਰ ਸਿੰਘ ਪਟਿਆਲਾ ਦੀ ਨੌਕਰੀ ਦੀ ਪੇਸ਼ਕਸ਼ ਪਰਵਾਨ ਤਾਂ ਕਰ ਲਈ ਪਰ 1917 ਵਿਚ ਬੁਲਾਵਾ ਆਉਣ ਸਦਕਾ ਫੇਰ ਨਾਭੇ ਚਲੇ ਗਏ। 1923 ਵਿਚ ਰਿਪੁਦਮਨ ਸਿੰਘ ਨੂੰ ਗੱਦੀਉਂ ਲਾਹੇ ਜਾਣ ਮਗਰੋਂ ਉਹ ਰਿਆਸਤੀ ਨੌਕਰੀ ਤੋਂ ਵੱਖ ਹੋ ਕੇ ਇਕ ਵਾਰ ਫੇਰ ਨਿਰੋਲ ਕੋਸ਼-ਰਚਨਾ ਨੂੰ ਸਮਰਪਿਤ ਹੋ ਗਏ। ਕੋਸ਼ ਦੇ ਖਰੜੇ ਦਾ ਅੰਤਲਾ ਸ਼ਬਦ ਉਨ੍ਹਾਂ ਨੇ 6 ਫ਼ਰਵਰੀ 1926 ਨੂੰ ਲਿਖਿਆ।
ਸਿੱਖ ਵਿਦਵਾਨਾਂ ਨੇ ਇਸ ਉਦਮ ਦੀ ਭਰਪੂਰ ਪ੍ਰਸ਼ੰਸਾ ਕੀਤੀ। ਕੋਸ਼ ਦੇ ਅੰਗਰੇਜ਼ੀ ਵਿਚ ਲਿਖੇ ਮੁੱਖਬੰਦ ਵਿਚਲੇ ਤੇਜਾ ਸਿੰਘ ਦੇ ਇਹ ਸ਼ਬਦ ਅਜਿਹੀ ਰਚਨਾ ਕਰਨ ਸਬੰਧੀ ਭਾਈ ਕਾਨ੍ਹ ਸਿੰਘ ਦੀ ਯੋਗਤਾ ਤੇ ਸਮਰੱਥਾ ਨੂੰ ਪ੍ਰਤੀਨਿਧ ਰੂਪ ਵਿਚ ਭਲੀਭਾਂਤ ਉਜਾਗਰ ਕਰਦੇ ਹਨ, “ਸਿੱਖ ਧਰਮ-ਗ੍ਰੰਥਾਂ ਅਤੇ ਇਤਿਹਾਸ ਬਾਰੇ ਉਨ੍ਹਾਂ ਦਾ ਗਿਆਨ ਅਤਿਅੰਤ ਡੂੰਘਾ ਅਤੇ ਲਾਸਾਨੀ ਹੈ। ਸਿੱਖ ਵਿੱਦਵਤਾ ਦੀ ਪੁਰਾਣੀ ਧਾਰਾ, ਜਿਸ ਵਿਚ ਗਿਆਨ ਦੀ ਗਹਿਰਾਈ ਅਤੇ ਵਿਸਤਾਰ ਦੀ ਵਡਿਆਈ ਉਤੇ ਜ਼ੋਰ ਵਧੇਰੇ ਦਿੱਤਾ ਜਾਂਦਾ ਸੀ, ਵਿਚ ਸਿੱਖਿਅਤ ਹੋਣ ਤੋਂ ਇਲਾਵਾ ਉਨ੍ਹਾਂ ਨੇ ਵਿਚਾਰਾਂ ਦੀ ਅਨੇਕਤਾ ਅਤੇ ਵਿਸ਼ਾਲਤਾ, ਜੋ ਪੱਛਮੀ ਵਿੱਦਵਤਾ ਦਾ ਵਿਸ਼ੇਸ਼ ਲੱਛਣ ਹਨ, ਵੀ ਧਾਰਨ ਕੀਤੀਆਂ ਹੋਈਆਂ ਹਨ।” ਓਰੀਐਂਟਲ ਕਾਲਜ ਲਾਹੌਰ ਦੇ ਪ੍ਰਿੰਸੀਪਲ, ਏæਸੀæਵੂਲਨਰ ਨੇ ਕੋਸ਼ ਨੂੰ ‘ਸਿੱਖ ਧਰਮ ਦਾ ਐਨਸਾਈਕਲੋਪੀਡੀਆ’ ਅਤੇ ‘ਸਿੱਖ ਸਾਹਿਤ ਦੀ ਡਿਕਸ਼ਨਰੀ’ ਕਿਹਾ। ਉਹਨੇ ਇਹ ਵੀ ਕਿਹਾ ਕਿ “ਭਾਵੇਂ ਇਹ ਇਸ ਦਾ ਮੁੱਖ ਉਦੇਸ਼ ਨਹੀਂ, ਤਾਂ ਵੀ ਇਹ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਇਕ ਸ਼ਬਦਕੋਸ਼ ਵਜੋਂ ਵੀ ਬਹੁਤ ਮੁੱਲਵਾਨ ਰਹੇਗਾ।”
ਦੂਜੇ ਪਾਸੇ ਭਾਈ ਸਾਹਿਬ ‘ਭੂਮਿਕਾ’ ਵਿਚ ਜੋ ਕੁਝ ਲਿਖਦੇ ਹਨ, ਉਹ ਅੱਜ ਦੇ ਲੇਖਕਾਂ ਵੱਲੋਂ ਪਾਠਕਾਂ ਦੀ ਘਾਟ, ਬੇਰੁਖ਼ੀ ਅਤੇ ਅਗਿਆਨਤਾ ਸਬੰਧੀ ਅਕਸਰ ਕੀਤੇ ਜਾਂਦੇ ਗਿਲੇ-ਸ਼ਿਕਵੇ ਨਾਲ ਹੂਬਹੂ ਮੇਲ ਖਾਂਦਾ ਹੈ, “ਇਸ ਗ੍ਰੰਥ ਦੇ ਪੂਰਨ ਕਰਨ ਅਤੇ ਪ੍ਰਕਾਸ਼ਨ ਵਿਚ ਜੋ ਨਿਰਾਸਤਾ, ਔਖ ਅਤੇ ਵਿਘਨ ਹੋਏ ਹਨ, ਉਨ੍ਹਾਂ ਦਾ ਇੱਥੇ ਵਿਸਤਾਰ ਨਾਲ ਲਿਖਣਾ ਲੇਖਕਾਂ ਦੇ ਉਤਸਾਹ ਘਟਾਉਣ ਦਾ ਕਾਰਨ ਹੈ, ਪਰ ਸੰਖੇਪ ਨਾਲ ਇਤਨਾ ਪ੍ਰਗਟ ਕਰ ਦੇਣਾ ਭੀ ਜਰੂਰੀ ਹੈ ਕਿ ਅਜੇ ਅਸਾਡੀ ਕੌਮ ਦੇ ਸੱਜਨਾਂ ਨੂੰ ਅਜਿਹੇ ਕੰਮਾਂ ਨਾਲ ਬਹੁਤ ਹੀ ਘੱਟ ਪਿਆਰ ਹੈ, ਅਰ ਕਿਤਨਿਆਂ ਨੂੰ ਇਹ ਪਤਾ ਭੀ ਨਹੀਂ ਕਿ ਇਸ ਪ੍ਰਕਾਰ ਦੇ ਗ੍ਰੰਥ ਕਿਵੇਂ ਲਿਖੇ ਜਾਂਦੇ ਹਨ ਅਰ ਇਨ੍ਹਾਂ ਤੋਂ ਕੀ ਲਾਭ ਹੁੰਦਾ ਹੈ?”
ਉਨ੍ਹਾਂ ਦੀ ਇਸ ਢਹਿੰਦੀ ਮਨੋਦਸ਼ਾ ਦਾ ਕਾਰਨ ਵੀ ਜਾਣ ਲਵੋ। ਮਹਾਰਾਜਾ ਫ਼ਰੀਦਕੋਟ, ਬਰਜਿੰਦਰ ਸਿੰਘ ਨੇ ਕੋਸ਼ ਛਪਵਾਉਣ ਦਾ ਵਚਨ ਦਿੱਤਾ ਹੋਇਆ ਸੀ ਪਰ ਬਦਕਿਸਮਤੀ ਨੂੰ ਉਹ ਗੁਜ਼ਰ ਚੁਕਿਆ ਸੀ। ਮਹਾਰਾਜਾ ਨਾਭਾ, ਰਿਪੁਦਮਨ ਸਿੰਘ, ਜਿਸ ਨੇ ਡੇਢ ਸਾਲ ਲਈ ਭਾਈ ਸਾਹਿਬ ਦੇ ਸਾਰੇ ਅਮਲੇ ਦਾ ਖਰਚ ਦਿਤਾ ਸੀ ਅਤੇ ਛਪਾਈ ਲਈ ਨਿੱਗਰ ਸਹਾਇਤਾ ਦਾ ਇਕਰਾਰ ਕੀਤਾ ਸੀ, ਨੂੰ ਗੱਦੀ ਛੱਡਣੀ ਪੈ ਗਈ ਸੀ। ਜਦੋਂ ਉਨ੍ਹਾਂ ਨੇ ਮਹਾਰਾਜੇ ਦੇ ਇਸ ਇਕਰਾਰ ਸਬੰਧੀ ਰਿਆਸਤ ਦੇ ਨਵੇਂ ਪ੍ਰਬੰਧਕ ਨਾਲ ਗੱਲ ਕੀਤੀ, ਉਹਨੇ ਖ਼ਜ਼ਾਨਾ ਖਾਲੀ ਦੱਸ ਕੇ ਕਿਸੇ ਮਦਦ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਸ਼ੁਭਚਿੰਤਕਾਂ ਨਾਲ ਵਿਚਾਰ-ਚਰਚਾ ਦੇ ਸਿੱਟੇ ਵਜੋਂ ਸਲਾਹ ਬਣੀ ਕਿ ਕੋਸ਼ ਦੀ ਸੱਤਰ ਰੁਪਏ ਅੰਦਾਜ਼ਨ ਕੀਮਤ ਦਾ ਅੱਧ ਪੇਸ਼ਗੀ ਲੈ ਕੇ ਪੰਜ ਸੌ ਗਾਹਕ ਬਣਾਏ ਜਾਣ ਅਤੇ ਛਪਾਈ ਸ਼ੁਰੂ ਕਰ ਦਿੱਤੀ ਜਾਵੇ। ਕੋਸ਼ ਦੇ ਨਮੂਨੇ ਦਾ ਪੱਤਰਾ ਛਪਵਾ ਕੇ ਇਕ ਹਜ਼ਾਰ ਸਿੱਖ ਵਿੱਦਵਾਨਾਂ ਤੇ ਮੋਹਰੀਆਂ ਨੂੰ ਭੇਜਿਆ ਗਿਆ ਅਤੇ ਅਖ਼ਬਾਰਾਂ ਵਿਚ ਵੀ ਪੇਸ਼ਗੀ ਗਾਹਕ ਬਣਨ ਦੀ ਬੇਨਤੀ ਛਪਵਾਈ ਗਈ। ਇਨ੍ਹਾਂ ਠੋਸ ਜਤਨਾਂ ਦੇ ਬਾਵਜੂਦ ਨੌਂ ਮਹੀਨਿਆਂ ਵਿਚ ਕੁੱਲ ਦੋ ਸੌ ਗਾਹਕ ਹੀ ਬਣੇ। ਇਨ੍ਹਾਂ ਵਿਚੋਂ ਵੀ ਸੱਤਰ ਕੋਸ਼ਾਂ ਦੀ ਪੇਸ਼ਗੀ ਇਕੱਲੇ ਸਰਦਾਰ ਬਹਾਦਰ ਧਰਮ ਸਿੰਘ ਨੇ ਭੇਜੀ ਸੀ ਜੋ ਦਿੱਲੀ ਦਾ ਇਕ ਪ੍ਰਸਿੱਧ ਠੇਕੇਦਾਰ ਸੀ। ਇਉਂ ਸਿਰਫ਼ 131 ਬੰਦਿਆਂ ਨੇ ਪੇਸ਼ਗੀ ਗਾਹਕ ਬਣਨ ਦੀ ਕਿਰਪਾ ਕੀਤੀ!
ਸਿਆਣੇ ਗਾਹਕਾਂ ਦੇ ਪੱਖੋਂ ਨਿਰਾਸ ਹੋ ਕੇ ਭਾਈ ਸਾਹਿਬ ਨੇ ਆਖ਼ਰ ਸਿੱਖ ਰਾਜਿਆਂ ਨੂੰ ਹੀ ਫੇਰ ਇਕ ਬੇਨਤੀ-ਪੱਤਰ ਭੇਜਿਆ ਕਿ ਉਹ ਤਿੰਨ ਸੌ ਕੋਸ਼ ਪੇਸ਼ਗੀ ਖਰੀਦਣ। ਇਹ ਪੱਤਰ ਪੜ੍ਹ ਕੇ ਮਹਾਰਾਜਾ ਪਟਿਆਲਾ, ਭੂਪਿੰਦਰ ਸਿੰਘ ਕਦਰਦਾਨ ਬਣ ਕੇ ਨਿੱਤਰਿਆ। ਉਹਨੇ 1 ਅਕਤੂਬਰ 1927 ਨੂੰ ਭਾਈ ਸਾਹਿਬ ਨੂੰ ਚੈਲ ਬੁਲਾਇਆ ਅਤੇ ਕਿਹਾ ਕਿ ਛਪਾਈ ਦਾ ਸਾਰਾ ਖ਼ਰਚ ਉਹ ਦੇਵੇਗਾ ਤੇ ਲੋਕਾਂ ਦੀ ਪੇਸ਼ਗੀ ਮੋੜ ਦਿੱਤੀ ਜਾਵੇ। ਪੇਸ਼ਗੀ ਸਭ ਨੂੰ ਮੋੜ ਦਿੱਤੀ ਗਈ। ਭਾਈ ਸਾਹਿਬ ਨੇ ਪੰਜਾਬੀ ਸਾਹਿਤ ਦੇ ਉਸ ਸਮੇਂ ਦੇ ਪ੍ਰਸਿੱਧ ਛਾਪਕ, ਸੁਦਰਸ਼ਨ ਪ੍ਰੈਸ ਅੰਮ੍ਰਿਤਸਰ ਦੇ ਮਾਲਕ, ਮੁਹਰੈਲ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਕੋਲ ਪੁੱਜ ਕੇ ਕੋਸ਼ ਲਈ ਨਵਾਂ ਵਧੀਆ ਟਾਈਪ ਢਾਲਣ ਦੀ ਬੇਨਤੀ ਕੀਤੀ। ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ, ਚਾਤ੍ਰਿਕ ਜੀ ਨੇ “ਮੇਰੀ ਇੱਛਾ ਅਨੁਸਾਰ ਨਵੇਂ ਟਾਈਪ ਤਿਆਰ ਕਰ ਕੇ ‘ਮਹਾਨ ਕੋਸ਼’ ਨੂੰ ਵਪਾਰੀਆਂ ਵਾਕਰ ਨਹੀਂ ਬਲਕਿ ਪ੍ਰੇਮੀ ਗੁਣੀਆਂ ਦੀ ਤਰ੍ਹਾਂ ਵੱਡੀ ਮਿਹਨਤ ਨਾਲ ਉਤਮ ਛਾਪਿਆ ਹੈ।” ਹਿੰਦੀ-ਸੰਸਕ੍ਰਿਤ, ਫ਼ਾਰਸੀ-ਅਰਬੀ, ਅੰਗਰੇਜ਼ੀ ਆਦਿ ਭਾਸ਼ਾਵਾਂ ਤੋਂ ਆਏ ਸ਼ਬਦਾਂ ਨੂੰ ਗੁਰਮੁਖੀ ਵਿਚ ਛਾਪਣ ਦੇ ਨਾਲ ਨਾਲ ਛਾਪੇ ਦੇ ਉਸ ਜ਼ਮਾਨੇ ਦੇ ਪੱਧਰ ਦੇ ਸਹਾਰੇ ਹੀ ਉਨ੍ਹਾਂ ਦੀਆਂ ਮੂਲ ਭਾਸ਼ਾਵਾਂ ਅਤੇ ਲਿਪੀਆਂ ਵਿਚ ਛਾਪਣਾ ਚਾਤ੍ਰਿਕ ਜੀ ਲਈ ਕਿੰਨਾ ਔਖਾ ਸਗੋਂ ਮੁਸੀਬਤੀ ਕੰਮ ਰਿਹਾ ਹੋਵੇਗਾ, ਇਹ ਛਾਪੇ ਦੀ ਜਾਣਕਾਰੀ ਰੱਖਣ ਵਾਲਾ ਵਿਅਕਤੀ ਹੀ ਜਾਣ-ਸਮਝ ਸਕਦਾ ਹੈ। ਛਪਾਈ 26 ਅਕਤੂਬਰ 1927 ਨੂੰ ਅਰੰਭ ਹੋ ਕੇ ਲਗਭਗ ਢਾਈ ਸਾਲਾਂ ਮਗਰੋਂ ਵਿਸਾਖੀ ਵਾਲੇ ਦਿਨ 13 ਅਪਰੈਲ 1930 ਨੂੰ ਸਮਾਪਤ ਹੋਈ। ਇਕ ਤਾਂ ਗਿਣਤੀ ਇਕ ਹਜ਼ਾਰ ਦੀ ਥਾਂ ਪੰਜ ਸੌ ਕਰਨ ਦਾ ਫ਼ੈਸਲਾ ਕੀਤਾ ਗਿਆ, ਦੂਜੇ ਕੁਛ ਖਰਚੇ ਅੰਦਾਜ਼ਿਉਂ ਵੱਧ ਨਿਕਲੇ, ਜਿਸ ਕਰਕੇ ਕੁੱਲ 51,000 ਰੁਪਏ ਤੋਂ ਵੱਧ ਦੀ ਲਾਗਤ ਦੇ ਹਿਸਾਬ ਕੋਸ਼ ਦਾ ਮੁੱਲ, ਕਿਸੇ ਨਫ਼ੇ ਤੋਂ ਬਿਨਾਂ, ਪਟਿਆਲਾ ਦਰਬਾਰ ਨੇ 110 ਰੁਪਏ ਰੱਖਿਆ। ਭਾਈ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਇਸ ਲੇਖੇ ਵਿਚ ਲੇਖਕ ਦੀ ਮਿਹਨਤ ਸ਼ਾਮਲ ਨਹੀਂ।
ਅਗਸਤ 1948 ਵਿਚ ਪੰਜਾਬ ਦੀਆਂ ਰਿਆਸਤਾਂ ਖ਼ਤਮ ਕਰਕੇ ਉਨ੍ਹਾਂ ਦੇ ਮਿਲਵੇਂ ਇਲਾਕੇ ਦਾ ਨਵਾਂ ਰਾਜ, ਪੈਪਸੂ ਸਿਰਜਿਆ ਗਿਆ। ਇਸ ਅਦਲਾ-ਬਦਲੀ ਸਮੇਂ ਉਸ ਵੇਲੇ ਤੱਕ ਬਚੇ ਹੋਏ ਇਕ ਸੌ ਦੇ ਕਰੀਬ ਕੋਸ਼ ਪਟਿਆਲਾ ਦਰਬਾਰ ਨੇ ਪੈਪਸੂ ਦੇ ‘ਮਹਿਕਮਾ ਪੰਜਾਬੀ’ ਨੂੰ ਸੌਂਪ ਦਿੱਤੇ ਜੋ ਤੁਰਤ ਵਿਕ ਗਏ। ਅੱਗੇ ਚੱਲ ਕੇ ‘ਮਹਿਕਮਾ ਪੰਜਾਬੀ’ ਤੋਂ ਬਣੇ ‘ਭਾਸ਼ਾ ਵਿਭਾਗ, ਪੰਜਾਬ’ ਦੇ ਡਾਇਰੈਕਟਰ, ਗਿਆਨੀ ਲਾਲ ਸਿੰਘ ਦੀ ਅਗਵਾਈ ਵਿਚ ਇਸ ਦਾ ਨਵਾਂ ਸੰਸਕਰਣ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਵਿਉਂਤ ਦੀ ਸੂਚਨਾ ਅਖ਼ਬਾਰਾਂ ਵਿਚ ਛਪਵਾ ਕੇ ਸਲਾਹਾਂ ਮੰਗੀਆਂ ਗਈਆਂ ਅਤੇ ਅੰਤ ਨੂੰ ਵਿਦਵਾਨਾਂ ਦੀ ਇਕ ਬੈਠਕ ਬੁਲਾਈ ਗਈ। ਕੁਛ ਵਿਦਵਾਨਾਂ ਨੇ ਕੋਸ਼ ਦੀ ਸੋਧ-ਸੁਧਾਈ ਦਾ ਸੁਝਾਅ ਦਿਤਾ ਜੋ ਖ਼ੁਸ਼ਕਿਸਮਤੀ ਨੂੰ ਇਸ ਸਹੀ ਦਲੀਲ ਨਾਲ ਰੱਦ ਹੋ ਗਿਆ ਕਿ ਰਚਨਾ ਲੇਖਕ ਵਾਲੇ ਰੂਪ ਵਿਚ ਹੀ ਰੱਖੀ ਜਾਣੀ ਚਾਹੀਦੀ ਹੈ, ਨਹੀਂ ਤਾਂ ਸੋਧਾਂ ਦਾ ਕੋਈ ਅੰਤ ਹੀ ਨਹੀਂ ਹੋਵੇਗਾ! ਹਾਂ, ਜੋ ਵਾਧੇ 1930-1938 ਦੇ ਸਮੇਂ ਵਿਚ ਭਾਈ ਸਾਹਿਬ ਨੇ ਆਪ ਕੀਤੇ ਸਨ, ਉਨ੍ਹਾਂ ਵਾਧਿਆਂ ਵਾਲੀਆਂ ਸੈਂਚੀਆਂ ਉਨ੍ਹਾਂ ਦੇ ਸਪੁੱਤਰ, ਭਗਵੰਤ ਸਿੰਘ ਹਰੀ ਜੀ ਤੋਂ ਲੈ ਕੇ ਉਹ ਅੰਤਕੇ ਦੇ ਰੂਪ ਵਿਚ ਜੋੜ ਦਿੱਤੇ ਜਾਣੇ ਚਾਹੀਦੇ ਹਨ। ਹਰੀ ਜੀ ਨੇ ਨਾ ਕੇਵਲ ਵਾਧਿਆਂ ਵਾਲੀਆਂ ਸੈਂਚੀਆਂ ਹੀ ਖ਼ੁਸ਼ੀ ਖ਼ੁਸ਼ੀ ਦੇ ਦਿੱਤੀਆਂ ਸਗੋਂ ਇਸ ਸੰਸਕਰਣ ਲਈ ਆਗਿਆ ਵੀ ਦਿੱਤੀ ਅਤੇ ਛਪਾਈ ਦੀ ਨਿਗਰਾਨੀ ਵਿਚ ਵੀ ਪੂਰੀ ਮਦਦ ਦਿੱਤੀ। ਸਿੱਟੇ ਵਜੋਂ 1960 ਵਿਚ ਪ੍ਰਕਾਸ਼ਿਤ ਇਸ ਸੰਸਕਰਣ ਵਿਚ ਇਨ੍ਹਾਂ ਵਾਧਿਆਂ ਦੇ 99 ਪੰਨੇ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਨਵੇਂ ਵਾਧੇ’ ਸਿਰਲੇਖ ਹੇਠ ਅੰਤ ਵਿਚ ਜੋੜ ਦਿੱਤੇ ਗਏ।
ਇਸ ਸੰਸਕਰਣ ਦਾ ਆਕਾਰ ਪਹਿਲੇ, 1930 ਦੇ ਪਟਿਆਲਾ ਦਰਬਾਰੀ ਸੰਸਕਰਣ ਵਾਲਾ, ਭਾਵ ਪੌਣੇ ਤੇਰਾਂ ਇੰਚ ਅਤੇ ਸਾਢੇ ਨੌਂ ਇੰਚ ਹੀ ਰੱਖਿਆ ਗਿਆ। ਦੋ ਹਜ਼ਾਰ ਦੀ ਗਿਣਤੀ ਵਿਚ ਛਾਪੇ ਗਏ ਕੋਸ਼ ਦਾ ਮੁੱਲ ਕੇਵਲ 42 ਰੁਪਏ ਸੀ। ਇਸ ਸੰਸਕਰਣ ਦੀ ਛਪਾਈ ਲਈ ਚਾਰ ਸੈਂਚੀਆਂ ਵਾਲੇ ਮੂਲ ਸੰਸਕਰਣ ਦੇ ਦੋ ਪੰਨੇ ਪਹਿਲੇ ਕਾਲਮ ਵਿਚ ਅਤੇ ਦੋ ਪੰਨੇ ਦੂਜੇ ਕਾਲਮ ਵਿਚ ਹੇਠ-ਉਤੇ ਚੇਪ ਕੇ ਇਕ ਪੰਨਾ ਬਣਾਇਆ ਗਿਆ। ਗਵਰਨਮੈਂਟ ਸਰਵੇ ਆਫ਼ ਇੰਡੀਆ ਪ੍ਰੈਸ, ਡੇਹਰਾਦੂਨ ਨੇ ਇਨ੍ਹਾਂ ਲਗਭਗ ਇਕ ਹਜ਼ਾਰ ਵਡ-ਆਕਾਰੀ ਪੰਨਿਆਂ ਨੂੰ ਫ਼ੋਟੋ-ਵਿਧੀ ਰਾਹੀਂ ਛੋਟੇ ਕਰ ਕੇ ਲੋੜੀਂਦੇ ਆਕਾਰ ਵਿਚ ਲਿਆਉਣ ਮਗਰੋਂ ਤੇਰਾਂ ਮਹੀਨਿਆਂ ਦੇ ਸਮੇਂ ਵਿਚ ਪੂਰਾ ਕੋਸ਼ ਛਾਪ ਦਿੱਤਾ। ਪਹਿਲੇ ਸੰਸਕਰਣ ਦੇ ਅੱਖਰ ਉਸ ਸਮੇਂ ਦੇ ਛਾਪੇ ਅਨੁਸਾਰ ਕਾਫ਼ੀ ਵੱਡੇ ਸਨ ਜਿਸ ਕਾਰਨ ਆਕਾਰ ਛੋਟਾ ਕਰ ਕੇ ਛਾਪੇ ਗਏ ਇਸ ਭਾਸ਼ਾ ਵਿਭਾਗੀ ਸੰਸਕਰਣ ਦੇ ਅੱਖਰ ਅਜੋਕੇ ਸਾਧਾਰਨ ਪੁਸਤਕੀ ਅੱਖਰਾਂ ਤੋਂ ਕੁਛ ਛੋਟੇ ਤਾਂ ਹੋਏ ਪਰ ਏਨੇਂ ਨਹੀਂ ਕਿ ਪੜ੍ਹਨ ਵਿਚ ਔਖ ਹੋਵੇ। ਇਕ ਜਿਲਦ ਵਿਚ ਆ ਜਾਣ ਨਾਲ ਕੋਸ਼ ਨਿਸਚੇ ਹੀ ਵਧੇਰੇ ਵਰਤੋਂਯੋਗ ਹੋ ਗਿਆ, ਭਾਵੇਂ ਕਿ ਇਸ ਦਾ ਭਾਰ ਅਜੇ ਵੀ ਪੰਜ ਕਿਲੋ ਸੱਤ ਸੌ ਗਰਾਮ ਸੀ!
ਇਕ ਗੱਲ ਜੋ ਅਸਲੋਂ ਹੀ ਹੈਰਾਨ ਕਰਨ ਵਾਲੀ ਹੈ ਅਤੇ ਪਾਠਕਾਂ ਦੀ ਘਾਟ ਦੇ ਸ਼ਿਕਾਇਤੀ ਲੇਖਕਾਂ ਦੀਆਂ ਅੱਖਾਂ ਖੋਲ੍ਹਣ ਵਾਲੀ ਵੀ ਹੈ। ਸੋਚਦਾ ਹਾਂ, ਜੇ ਅੱਜ ਭਾਈ ਕਾਨ੍ਹ ਸਿੰਘ ਹੁੰਦੇ, ਇਹ ਜਾਣ ਕੇ ਕਿੰਨੇ ਗਦਗਦ ਹੁੰਦੇ! ਮਹਾਨ ਕੋਸ਼ ਦੇ ਕਾਪੀਰਾਈਟ ਦੀ ਸਮਾਂ-ਸੀਮਾ ਸਮਾਪਤ ਹੋਣ ਮਗਰੋਂ, ਉਸ ਸਮੇਂ ਤੱਕ ਪ੍ਰਕਾਸ਼ਨ ਦਾ ਕੰਮ ਵੱਡੀ ਹੱਦ ਤੱਕ ਛੱਡ ਚੁੱਕੇ ਭਾਪਾ ਪ੍ਰੀਤਮ ਸਿੰਘ ਨਵਯੁੱਗ ਨੇ ਨੈਸ਼ਨਲ ਬੁੱਕ ਸ਼ਾਪ, ਦਿੱਲੀ ਦੇ ਮਾਲਕ ਰਾਜਿੰਦਰ ਸਿੰਘ ਨੂੰ ਇਹਦੇ ਪ੍ਰਕਾਸ਼ਨ ਲਈ ਪ੍ਰੇਰਿਆ। ਵਿਕਣ ਦੀ ਬੇਯਕੀਨੀ ਕਾਰਨ ਉਸ ਨੂੰ ਏਨੀਂ ਪੂੰਜੀ ਲਾਉਣ ਤੋਂ ਝਿਜਕਦਾ ਦੇਖ ਭਾਪਾ ਜੀ ਨੇ ਭਰੋਸਾ ਦਿੱਤਾ ਕਿ ਇਸ ਕੰਮ ਵਿਚ ਨੁਕਸਾਨ ਨਹੀਂ ਹੋਵੇਗਾ। 1999 ਵਿਚ ਉਹਨੇ 160 ਰੁਪਏ ਮੁੱਲ ਰੱਖ ਕੇ 1100 ਦਾ ਸੰਸਕਰਣ ਛਾਪਿਆ ਜਿਸਨੂੰ ਭਾਪਾ ਜੀ ਦੀ ਪ੍ਰਧਾਨਗੀ ਹੇਠ ਕਰਤਾਰ ਸਿੰਘ ਦੁੱਗਲ ਨੇ ਜਾਰੀ ਕੀਤਾ। ਇਹ ਸੰਸਕਰਣ ਕੁਛ ਮਹੀਨਿਆਂ ਵਿਚ ਹੀ ਪੂਰਾ ਵਿਕ ਗਿਆ। ਉਸ ਪਿੱਛੋਂ ਉਹ ਨਾਗਾ ਪਾਏ ਬਿਨਾਂ ਹਰ ਸਾਲ 1100 ਦਾ ਸੰਸਕਰਣ ਛਾਪ ਰਹੇ ਹਨ। ਵਰਤਮਾਨ ਸੰਸਕਰਣ ਦਾ ਮੁੱਲ 460 ਰੁਪਏ ਹੈ। ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਪਾ ਜੀ ਮੈਨੂੰ ਪ੍ਰੇਰ ਕੇ ਮਹਾਨ ਕੋਸ਼ ਛਾਪਣਾ ਹੀ ਸ਼ੁਰੂ ਨਹੀਂ ਕਰਵਾ ਗਏ ਸਗੋਂ ਇਉਂ ਮੇਰੀ ਪੱਕੀ ਪੈਨਸ਼ਨ ਲੁਆ ਗਏ ਹਨ। ਇਕ ਹੋਰ ਪ੍ਰਕਾਸ਼ਕ ਨੇ ਕਈ ਸਾਲ ਪਹਿਲਾਂ ਇਹਨੂੰ ਦੋ ਜਿਲਦਾਂ ਵਿਚ ਛਾਪਿਆ ਸੀ ਪਰ ਸ਼ਾਇਦ ਮੁੱæਲ 1100 ਰੱਖਿਆ ਹੋਣ ਕਰਕੇ ਵਿੱਕਰੀ ਢਿੱਲੀ-ਮੱਠੀ ਹੀ ਦੱਸੀ ਜਾਂਦੀ ਹੈ।
ਅੰਤ ਵਿਚ ਮਹਾਨ ਕੋਸ਼ ਬਾਰੇ ਇਕ ਟੋਟਕਾ ਜੋ ਪੁਸਤਕ-ਪ੍ਰਕਾਸ਼ਨ ਦੇ ਮਿਆਰ ਵੱਲ ਸਰਕਾਰੀ ਸੰਸਥਾਵਾਂ ਅਤੇ ਨਿੱਜੀ ਪ੍ਰਕਾਸ਼ਕਾਂ ਦੀਆਂ ਪਹੁੰਚਾਂ ਵਿਚਲੇ ਫ਼ਰਕ ਨੂੰ ਉਜਾਗਰ ਕਰਦਾ ਹੈ। ਪੰਜਾਬੋਂ ਆਏ ਭਾਸ਼ਾ ਵਿਭਾਗ ਦੇ ਇਕ ਸੇਵਾਮੁਕਤ ਡਾਇਰੈਕਟਰ ਨੇ ਕੋਸ਼ ਮੰਗਿਆ ਤਾਂ ਨੈਸ਼ਨਲ ਬੁੱਕ ਸ਼ਾਪ ਦੇ ਮਾਲਕ ਨੇ ਹੈਰਾਨ ਹੋ ਕੇ ਕਿਹਾ, ਤੁਸੀਂ ਤਾਂ ਮਹਾਨ ਕੋਸ਼ ਦੇ ਘਰ, ਭਾਸ਼ਾ ਵਿਭਾਗ ਦੇ ਮਾਲਕ ਰਹੇ ਹੋ, ਫੇਰ ਕੋਸ਼ ਸਾਥੋਂ ਕਿਉਂ? ਉਤਰ ਮਿਲਿਆ, ਸਾਡੇ ਕੋਸ਼ ਦੀ ਜਿਲਦ ਤੇ ਦਿੱਖ ਸੁਹਣੀ ਨਹੀਂ ਤੇ ਮੈਂ ਇਹ ਕੋਸ਼ ਕਿਸੇ ਨੂੰ ਨਿਸ਼ਾਨੀ ਵਜੋਂ ਦੇਣਾ ਹੈ!
(ਚਲਦਾ)

Be the first to comment

Leave a Reply

Your email address will not be published.