ਵਾਸ਼ਿੰਗਟਨ: ਅਮਰੀਕੀ ਫ਼ੌਜ ਵਿਚ ਭਰਤੀ ਸਿੱਖਾਂ ਨੇ ਧਾਰਮਿਕ ਆਜ਼ਾਦੀ ਲਈ ਬਣਾਏ ਨੇਮਾਂ ਵਿਚ ਕੁਝ ਹੋਰ ਸੁਧਾਰਾਂ ਦੀ ਅਪੀਲ ਕੀਤੀ ਹੈ। ਅਮਰੀਕੀ ਥਲ ਸੈਨਾ ਵਿਚ ਸੇਵਾ ਨਿਭਾਉਣ ਵਾਲੇ ਤਿੰਨ ਸਿੱਖਾਂ ਵਿਚੋਂ ਇਕ ਕਮਲਜੀਤ ਸਿੰਘ ਕਲਸੀ ਨੇ ਇਕ ਸੰਸਦੀ ਕਮੇਟੀ ਸਾਹਮਣੇ ਆਪਣੇ ਬਿਆਨ ਦਿੰਦਿਆਂ ਆਖਿਆ ਹੈ ਕਿ ਸਿੱਖ ਖਾਲੀ ਚੈੱਕ ਨਹੀਂ ਮੰਗਦੇ ਪਰ ਸਾਡਾ ਵਿਸ਼ਵਾਸ ਹੈ ਕਿ ਸਿਖਲਾਈ ਵਿਚ ਇੰਦਾਂ ਦੇ ਸੁਧਾਰ ਹੋਣੇ ਚਾਹੀਦੇ ਹਨ ਜਿਨ੍ਹਾਂ ਨਾਲ ਫ਼ੌਜ ਦੇ ਤਕਾਜ਼ਿਆਂ ਅਤੇ ਧਾਰਮਿਕ ਆਜ਼ਾਦੀ ਦੋਵਾਂ ਦਾ ਸਤਿਕਾਰ ਹੋਵੇ।
ਪ੍ਰਤੀਨਿਧ ਸਦਨ ਦੀ ਫ਼ੌਜੀ ਕਰਮੀਆਂ ਬਾਰੇ ਹਥਿਆਰਬੰਦ ਸੇਵਾਵਾਂ ਦੀ ਕਮੇਟੀ ਦੀ ਸੁਣਵਾਈ ਹੋਈ ਸੀ। ਹਾਲ ਹੀ ਵਿਚ ਪੈਂਟਾਗਨ ਨੇ ਸਿੱਖਾਂ ਅਤੇ ਹੋਰਨਾਂ ਧਾਰਮਿਕ ਭਾਈਚਾਰਿਆਂ ਨੂੰ ਫ਼ੌਜ ਵਿਚ ਸੇਵਾ ਨਿਭਾਉਂਦਿਆਂ ਆਪਣੇ ਧਾਰਮਿਕ ਚਿੰਨ੍ਹ ਬਰਕਰਾਰ ਰੱਖਣ ਦੀ ਖੁੱਲ੍ਹ ਦਿੱਤੀ ਸੀ। ਸ਼ ਕਲਸੀ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਨਿਰਦੇਸ਼ਾਂ ਨੂੰ ਸਾਫ਼-ਸਪਸ਼ਟ ਕੀਤਾ ਜਾਵੇ ਤੇ ਇਸ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਸਿੱਖਾਂ ਨੂੰ ਅਮਰੀਕੀ ਫ਼ੌਜ ਵਿਚ ਸੇਵਾ ਨਿਭਾਉਣ ਦਾ ਮੌਕਾ ਮਿਲ ਸਕੇ। ਜੇਕਰ ਕੋਈ ਸਿੱਖ ਫ਼ੌਜੀ ਬੂਟ ਕੈਂਪ ਤੋਂ ਗਰੈਜੂਏਟ ਹੋ ਕੇ ਨਿਕਲ ਸਕਦਾ ਹੈ, ਹੈਲਮਟ ਅਤੇ ਸੁਰੱਖਿਆ ਕਵਚ ਨਾਲ ਸਬੰਧਤ ਲੋੜਾਂ ਦੀ ਪੂਰਤੀ ਕਰਦਾ ਹੈ ਅਤੇ ਫ਼ੌਜੀ ਡਿਊਟੀ ਤਨਦੇਹੀ ਨਾਲ ਨਿਭਾ ਕੇ ਇਕਜੁੱਟਤਾ ਨੂੰ ਬੜ੍ਹਾਵਾ ਦਿੰਦਾ ਹੈ ਤਾਂ ਸਾਨੂੰ ਉਸ ਅਮਰੀਕੀ ਫ਼ੌਜੀ ਨੂੰ ਆਪਣੀ ਧਾਰਮਿਕ ਆਜ਼ਾਦੀ ਅਤੇ ਫ਼ੌਜ ਦੇ ਕਰੀਅਰ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਲੰਘੀ 22 ਜਨਵਰੀ ਨੂੰ ਅਮਰੀਕੀ ਰੱਖਿਆ ਵਿਭਾਗ ਨੇ ਧਾਰਮਿਕ ਚਿੰਨ੍ਹ ਧਾਰਨ ਕਰਨ ਦੀ ਆਜ਼ਾਦੀ ਦੇਣ ਬਾਰੇ ਸੇਧਾਂ ਜਾਰੀ ਕੀਤੀਆਂ ਸਨ।ਮੇਜਰ ਕਲਸੀ ਨੇ ਆਖਿਆ ਕਿ ਹਾਲਾਂਕਿ ਇਹ ਸੇਧਾਂ ਸਾਡੀ ਕੌਮ ਦੇ ਫ਼ੌਜੀਆਂ ਦੀ ਧਾਰਮਿਕ ਆਜ਼ਾਦੀ ਦੀ ਅਹਿਮੀਅਤ ਨੂੰ ਮਾਨਤਾ ਦੇਣ ਦੀ ਦਿਸ਼ਾ ਵਿਚ ਇਕ ਕਦਮ ਹੈ, ਤਾਂ ਵੀ ਸੇਧਾਂ ਵਿਚ ਅਮਰੀਕੀ ਫ਼ੌਜ ਵਿਚ ਸਿੱਖੀ ਦੇ ਚਿੰਨ੍ਹ ਧਾਰਨ ਕਰਨ ‘ਤੇ ਸੰਭਾਵੀ ਪਾਬੰਦੀ ਅਜੇ ਵੀ ਆਇਦ ਹੁੰਦੀ ਹੈ ਜਿਸ ਨਾਲ ਚਾਹਵਾਨ ਸਿੱਖ ਫ਼ੌਜੀਆਂ ਦੀ ਧਾਰਮਿਕ ਆਜ਼ਾਦੀ ‘ਤੇ ਭਾਰੀ ਅਸਰ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ 2009 ਵਿਚ ਅਮਰੀਕੀ ਫ਼ੌਜ ਨੇ ਉਸ ਨੂੰ ਪੱਗ ਬੰਨ੍ਹਣ, ਕੇਸ ਅਤੇ ਦਾੜ੍ਹੀ ਰੱਖਣ ਦੀ ਖੁੱਲ੍ਹ ਦੇ ਕੇ ਇਤਿਹਾਸਕ ਕਾਰਜ ਕੀਤਾ ਸੀ ਅਤੇ ਉਸ ਨੂੰ ਅਮਰੀਕੀ ਫ਼ੌਜੀ ਬਣਨ ‘ਤੇ ਬੇਹੱਦ ਮਾਣ ਹੈ। ਉਸ ਤੋਂ ਬਾਅਦ ਦੋ ਹੋਰ ਸਿੱਖਾਂ ਕੈਪਟਨ ਤੇਜਦੀਪ ਸਿੰਘ ਰਤਨ ਤੇ ਕਾਰਪੋਰਲ ਸਿਮਰਨਪ੍ਰੀਤ ਸਿੰਘ ਲਾਂਬਾ ਨੂੰ ਵੀ ਇਹ ਛੋਟਾਂ ਹਾਸਲ ਹੋਈਆਂ ਸਨ। ਸਿੱਖ ਕੁਲੀਸ਼ਨ ਨਾਂਅ ਦੀ ਜਥੇਬੰਦੀ ਨੇ ਆਪਣੇ ਸ਼ਾਹਦੀ ਵਿਚ ਆਖਿਆ ਸੀ ਕਿ ਸੋਧੀਆਂ ਹੋਈਆਂ ਸੇਧਾਂ ਤੋਂ ਧਾਰਮਿਕ ਚਿੰਨ੍ਹਾਂ ਪ੍ਰਤੀ ਖੁੱਲ੍ਹਦਿਲੀ ਦਾ ਸੰਕੇਤ ਤਾਂ ਮਿਲਦਾ ਹੈ ਪਰ ਇਸ ਨਾਲ ਸਿੱਖ ਫ਼ੌਜੀਆਂ ਨੂੰ ਬਹੁਤਾ ਲਾਭ ਨਹੀਂ ਮਿਲੇਗਾ ਅਤੇ ਸਿੱਖ ਫੌਜ ਵਿਚ ਭਰਤੀ ਤੋਂ ਦੂਰ ਹੀ ਰਹਿਣਗੇ।
Leave a Reply