ਬਲਜੀਤ ਬਾਸੀ
ਦੱਸਣ ਦੀ ਲੋੜ ਨਹੀਂ ਕਿ ਸਿਉਣ ਵਾਲੀ ਮਸ਼ੀਨ ਤੋਂ ਪਹਿਲਾਂ ਕਪੜੇ ਸੂਈ ਨਾਲ ਹੀ ਸੀਤੇ ਜਾਂਦੇ ਸਨ। ਸਿਉਣ ਵਾਲੀ ਮਸ਼ੀਨ ਤਾਂ ਕਿਤੇ ਜਾ ਕੇ ਉਨ੍ਹੀਂਵੀਂ ਸਦੀ ਵਿਚ ਪ੍ਰਗਟ ਹੋਈ। ਅਸਲ ਵਿਚ ਫੈਸ਼ਨ ਦਾ ਅਰੰਭ ਵੀ ਇਸ ਮਸ਼ੀਨ ਨਾਲ ਹੀ ਬੱਝਾ। ਸਭ ਤੋਂ ਪਹਿਲਾਂ ਤਨ ਨੂੰ ਖੱਲਾਂ, ਕਪੜੇ ਆਦਿ ਨਾਲ ਲਪੇਟਾ ਮਾਰ ਕੇ ਹੀ ਕੱਜਿਆ ਜਾਂਦਾ ਸੀ। ਫਿਰ ਪਹਿਨਣ ਸਮੱਗਰੀ ਦੇ ਦੋ ਤਿੰਨ ਟੋਟੇ ਕਰਕੇ ਤੇ ਉਨ੍ਹਾਂ ਵਿਚ ਸੂਈ ਨਾਲ ਸਿਉਣ ਪਾ ਕੇ ਮੋਟਾ ਠੁੱਲਾ ਜਿਹਾ ਰੂਪ ਦਿੱਤਾ ਜਾਣ ਲੱਗਾ। ਮਿਸਾਲ ਵਜੋਂ ਚੋਲਾ, ਸਾੜੀ, ਪਗੜੀ, ਧੋਤੀ, ਚਾਦਰਾ, ਦੁਪੱਟਾ, ਫੇਰਨ, ਆਦਿ ਸਾਡੀ ਪੁਸ਼ਾਕ ਦੇ ਮੁਢਲੇ ਰੂਪ ਸਨ ਜਿਨ੍ਹਾਂ ਵਿਚ ਕੋਈ ਸਿਉਣ ਮਾਰਨ ਦੀ ਵੀ ਜ਼ਰੂਰਤ ਨਹੀਂ ਸੀ। ਜਿਉਂ ਜਿਉਂ ਮਨੁਖ ਪੁਰਾਣੇ ਪਹਿਰਾਵੇ ਦੀਆਂ ਸਮੱਗਰੀਆਂ ਜਿਵੇਂ ਖੱਲ, ਦਰਖਤਾਂ ਦੀ ਛਿੱਲ ਆਦਿ ਛੱਡ ਕੇ ਕਪੜਾ ਅਪਨਾਉਣ ਲੱਗਾ, ਸੂਈ ਦੀ ਵਰਤੋਂ ਵਧਣ ਲੱਗ ਪਈ। ਆਧੁਨਿਕ ਫੈਸ਼ਨ ਦਾ ਸੰਕਲਪ ਵੀ ਮੁੱਖ ਰੂਪ ਵਿਚ ਸਿਉਂਤੇ ਹੋਏ ਕਪੜੇ ਦੀ ਵੰਨ-ਸਵੰਨਤਾ ਨਾਲ ਜੁੜਿਆ ਹੋਇਆ ਹੈ। ਪਹਿਲਾਂ ਪਹਿਲ ਹਰ ਵਿਅਕਤੀ ਦੇ ਵਸਤਰ ਇਕੋ ਜਿਹੇ ਹੀ ਹੁੰਦੇ ਸਨ ਪਰ ਸਭਿਅਤਾ ਦੇ ਵਿਕਾਸ ਨਾਲ ਕਪੜੇ ਸਿਉਣ ਲਈ ਪੇਸ਼ੇਵਰ ਦਰਜ਼ੀ ਪ੍ਰਗਟ ਹੋਇਆ ਜੋ ਹਰ ਮਨੁਖ ਦੇ ਸਰੀਰਕ ਆਕਾਰ, ਅੰਗਾਂ ਦੇ ਉਭਾਰ ਅਤੇ ਨਿੱਜੀ ਰੁਚੀ ਅਨੁਸਾਰ ਪੁਸ਼ਾਕ ਤਿਆਰ ਕਰਨ ਵਿਚ ਮਾਹਿਰ ਹੋਣ ਲੱਗ ਪਿਆ।
ਭਾਰਤ ਵਿਚ ਦਰਜ਼ੀ ਦੇ ਬਾਕਾਇਦਾ ਪੇਸ਼ੇ ਦਾ ਅਰੰਭ ਇਸਲਾਮੀ, ਖਾਸ ਤੌਰ ‘ਤੇ ਸੁਲਤਾਨੀ ਹਕੂਮਤ ਨਾਲ ਹੋਇਆ ਲਗਦਾ ਹੈ। ਬਾਦਸ਼ਾਹਾਂ, ਰਾਜਿਆਂ, ਵੱਡੇ-ਵੱਡੇ ਅਹਿਲਕਾਰਾਂ, ਰਈਸਾਂ, ਸਰਦਾਰਾਂ, ਫੌਜੀਆਂ ਆਦਿ ਦੀ ਉਭਰੀ ਨਵੀਂ ਜਮਾਤ ਲਈ ਵਿਸ਼ੇਸ਼ ਪੁਸ਼ਾਕਾਂ ਚਾਹੀਦੀਆਂ ਸਨ। ਇਸ ਨਾਲ ਸਬੰਧਤ ਕਾਫੀ ਸ਼ਬਦਾਵਲੀ ਵੀ ਅਰਬੀ ਫਾਰਸੀ ਵਾਲੀ ਹੀ ਹੈ ਜਿਵੇਂ ਦਰਜ਼ੀ, ਕੈਂਚੀ, ਰੇਵ, ਸਲਵਾਰ, ਪਜਾਮਾ, ਕੁੜਤਾ, ਐਚਕਨ ਆਦਿ। ਇਨ੍ਹਾਂ ਵਿਚੋਂ ਕੈਂਚੀ ਸ਼ਾਇਦ ਤੁਰਕੀ ਦਾ ਸ਼ਬਦ ਹੈ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਤਰ ਪੱਛਮੀ ਭਾਰਤ ਦੇ ਹਿੰਦੂ ਛੀਂਬਾ ਜਾਤ ਦੇ ਲੋਕਾਂ ਨੇ ਮੁਸਲਮਾਨ ਧਰਮ ਗ੍ਰਹਿਣ ਕੀਤਾ ਤਾਂ ਉਨ੍ਹਾਂ ਨੇ ਕੱਪੜੇ ਛਾਪਣ ਦੇ ਨਾਲ ਨਾਲ ਦਰਜ਼ੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ। ਭੂਗੋਲਿਕ ਖਿਤਿਆਂ ਅਨੁਸਾਰ ਪੂਰਬੀ ਅਤੇ ਪਛਮੀ ਪੰਜਾਬ ਵਿਚ ਸਿਰਹੰਦੀ, ਦੇਸਵਾਲ ਅਤੇ ਮੁਲਤਾਨੀ ਨਾਂ ਨਾਲ ਜਾਣੇ ਜਾਂਦੇ ਦਰਜ਼ੀਆਂ ਦੀਆਂ ਕਿਸਮਾਂ ਹਨ। ਪੰਜਾਬ, ਸਿੰਧ, ਯੂਪੀ, ਬਿਹਾਰ, ਨੇਪਾਲ, ਮੈਸੂਰ ਆਦਿ ਵਿਚ ਦਰਜ਼ੀ ਵਜੋਂ ਜਾਣੀ ਜਾਂਦੀ ਇਕ ਨਵੀਂ ਜਾਤੀ ਹੀ ਉਭਰ ਗਈ ਹਾਲਾਂ ਕਿ ਕਈ ਸੂਰਤਾਂ ਵਿਚ ਇਹ ਪਤਾ ਨਹੀਂ ਲਗਦਾ ਕਿ ਦਰਜ਼ੀ ਇਕ ਵੱਖਰੀ ਪੇਸ਼ੇਵਰ ਜਾਤ ਹੈ ਜਾਂ ਕਿਸੇ ਵੀ ਵਿਅਕਤੀ ਦਾ ਆਪ ਚੁਣਿਆ ਕਿੱਤਾ। ਕੁਝ ਥਾਂਵਾਂ ‘ਤੇ ਬ੍ਰਾਹਮਣ ਵੀ ਦਰਜ਼ੀ ਦਾ ਕੰਮ ਕਰਦੇ ਦੇਖੇ ਗਏ ਹਨ। ਹਰ ਪੇਸ਼ੇ ਦੀ ਤਰ੍ਹਾਂ ਅੱਜ ਕਲ੍ਹ ਤਾਂ ਇਸ ਕੰਮ ਵਿਚ ਜਾਤੀ ਦਾ ਕੋਈ ਦਖਲ ਨਹੀਂ ਰਿਹਾ, ਕਮਾਈ ਹੋਣੀ ਚਾਹੀਦੀ ਹੈ। ਇਸ ਲਈ ਦਰਜ਼ੀ ਨੂੰ ਟੇਲਰ ਮਾਸਟਰ ਕਿਹਾ ਜਾਣ ਲੱਗਾ ਹੈ। ਦਸਵੀਂ-ਗਿਆਰਵੀਂ ਸਦੀ ਵਿਚ Ḕਦਰੁਜ਼Ḕ ਨਾਂ ਦਾ ਇਕ ਸ਼ੀਆ ਫਿਰਕਾ ਵੀ ਉਭਰਿਆ ਜਿਸ ਦਾ ਨਾਂ ਇਸ ਦੇ ਬਾਨੀ ਇਸਮਾਈਲ ਨਸ਼ਾਤਕਿਨ ਦਰੁਜ਼ ਦੇ ਨਾਂ ਦੇ ਆਖਰੀ ਹਿੱਸੇ ਤੋਂ ਬਣਿਆ ਦੱਸਿਆ ਜਾਂਦਾ ਹੈ। ਇਸ ਦਾ ਇਹ ਨਾਂ ਇਸ ਲਈ ਪਿਆ ਕਿ ਉਹ ਪਹਿਲਾਂ ਪੇਸ਼ੇ ਵਜੋਂ ਦਰਜ਼ੀ ਸੀ। ਪਰ ਦਰਜ਼ੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਕੁਲ ਇਕ ਬਾਈਬਲੀ ਪੈਗੰਬਰ ਇਦਰਿਸ ਤੋਂ ਸ਼ੁਰੂ ਹੋਈ। ਉਨ੍ਹਾਂ ਅਨੁਸਾਰ ਇਦਰਿਸ ਪਹਿਲਾ ਸ਼ਖਸ ਸੀ ਜਿਸ ਨੇ ਕਪੜੇ ਸਿਉਣ ਦਾ ਕੰਮ ਚਾਲੂ ਕੀਤਾ। ਖੈਰ, ਹਰ ਜਾਤ ਜਾਂ ਕਿੱਤੇ ਦੇ ਲੋਕ ਆਪਣਾ ਉਦਗਮ ਕਿਸੇ ਦੈਵੀ ਪੁਰਸ਼ ਤੋਂ ਹੀ ਦੱਸਦੇ ਹਨ, ਇਨ੍ਹਾਂ ਵਿਚ ਕਦੇ ਸੱਚਾਈ ਨਹੀਂ ਹੁੰਦੀ। ਸੁਲਤਾਨਾਂ ਦੇ ਰਾਜ ਵਿਚ ਤੁਰਕੀ ਤੋਂ ਆਏ ਬਹੁਤ ਸਾਰੇ ਦਰਜੀ ਹਿੰਦੁਸਤਾਨ ਵਿਚ ਵਸ ਗਏ। ਉਤਰ ਪ੍ਰਦੇਸ਼ ਅਤੇ ਸਿੰਧ ਵਿਚ ਸੁਲਤਾਨ ਰਾਜ ਨਾਲ ਆਏ ਬਹੁਤ ਸਾਰੇ ਅਜਿਹੇ ਤੁਰਕ ਅਜੇ ਵੀ ਦਰਜ਼ੀ ਦਾ ਪੇਸ਼ਾ ਕਰਦੇ ਹਨ। ਕਰਾਚੀ ਦੇ ਇਲਾਕੇ ਵਿਚ ਇਨ੍ਹਾਂ ਨੂੰ ਅੱਜ ਵੀ ਤੁਰਕੀ ਜਾਂ ਤੁਰਕ ਦਰਜ਼ੀ ਕਿਹਾ ਜਾਂਦਾ ਹੈ। ਬਿਹਾਰ ਅਤੇ ਝਾਰਖੰਡ ਦੇ ਦਰਜ਼ੀ ਆਪਣੇ ਆਪ ਨੂੰ ਇਦਰਿਸੀ ਕਹਾਉਂਦੇ ਹਨ।
ਹੁਣ ਜ਼ਰਾ ਦਰਜ਼ੀ ਸ਼ਬਦ ਬਾਰੇ ਕੁਝ ਜਾਣ ਲਈਏ। ਇਹ ਮੁਢਲੇ ਤੌਰ ‘ਤੇ ਫਾਰਸੀ ਦਾ ਸ਼ਬਦ ਹੈ ਜੋ ਦਰਜ਼ ਸ਼ਬਦ ਤੋਂ ਬਣਿਆ। ਪੁਰਾਤਨ ਜ਼ੈਂਦ ਭਾਸ਼ਾ ਵਿਚ ਵੀ ਇਸ ਦਾ ਇਹੋ ਜਿਹਾ ਰੂਪ ਹੀ ਸੀ। ਦਰਜ਼ ਦਾ ਅਰਥ ਹੁੰਦਾ ਹੈ ਤ੍ਰੇੜ, ਦਰਾੜ, ਲਗਾਰ, ਪਾੜਾ, ਕਾਟ। ਕਿਸੇ ਇਮਾਰਤ ਵਿਚ ਇੱਟਾਂ ਆਦਿ ਦੇ ਜੋੜ ਦਰਮਿਆਨ ਦੀ ਖਾਲੀ ਜਗ੍ਹਾ ਨੂੰ ਦਰਜ਼ ਕਿਹਾ ਜਾਂਦਾ ਹੈ। ਰਾਜਗੀਰੀ ਦੇ ਕਿੱਤੇ ਵਿਚ ਟੀਪ ਕਰਕੇ ਦਰਜ਼ ਭਰੀ ਜਾਂਦੀ ਹੈ। ਸੋ, ਦਰਜ਼ੀ ਦਾ ਸ਼ਾਬਦਿਕ ਅਰਥ ਉਹ ਵਿਅਕਤੀ ਹੈ ਜੋ ਕੱਟਦਾ ਹੈ। ਧਿਆਨ ਨਾਲ ਸੋਚਿਆਂ ਪਤਾ ਲਗਦਾ ਹੈ ਕਿ ਸਰੀਰ ਦੇ ਮੇਚੇ ਅਨੁਸਾਰ ਕਪੜੇ ਨੂੰ ਕਾਟ ਪਾਉਣਾ ਦਰਜ਼ੀ ਦਾ ਮੁਖ ਕਸਬ ਹੈ, ਬਾਕੀ ਸਿਉਣਾ ਤਾਂ ਇਕ ਮਸ਼ੀਨੀ ਜਿਹਾ ਹੀ ਕਰਮ ਹੈ। ਪਰ ਸਾਡੇ ਸਾਹਮਣੇ ਦਰਜ਼ੀ ਦਾ ਬਿੰਬ ਇਕ ਸਿਉਣ ਵਾਲੇ ਬੰਦੇ ਵਜੋਂ ਪੇਸ਼ ਹੁੰਦਾ ਹੈ। ਖੈਰ, ਸਮਾਂ ਪਾ ਕੇ ਫਾਰਸੀ ਵਿਚ ਦਰਜ਼ ਦਾ ਅਰਥ ਸਿਉਣ ਵੀ ਹੋ ਗਿਆ ਤੇ ਹੋਰ ਅੱਗੇ ਜਾ ਕੇ ਲੀਰ ਜਾਂ ਕਾਤਰ ਵੀ। ਅੰਗਰੇਜ਼ੀ ਸ਼ਬਦ ਟੇਲਰ ਦੇ ਮੁਢਲੇ ਲਾਤੀਨੀ ਰੂਪ ਦਾ ਅਰਥ ਵੀ ਕੱਟਣਾ ਹੀ ਹੈ। ਉਂਜ ਸੰਸਕ੍ਰਿਤ ਵਿਚ ਦਰਜੀ ਲਈ ḔਸੋਚੀḔ ਜਾਂ ḔਸੂਜੀḔ ਸ਼ਬਦ ਆਉਂਦਾ ਹੈ ਜਿਸ ਦਾ ਸਾਬਦਿਕ ਅਰਥ ਸਿਉਣ ਵਾਲਾ ਹੈ। ਸੂਈ ਦਾ ਸੰਸਕ੍ਰਿਤ ਰੂਪ ਸੂਚੀ ਹੈ। ਦਰਜ਼ੀ ਦੇ ਕੰਮ ਨੂੰ ਦਰਜ਼ੀਗੀਰੀ ਕਿਹਾ ਜਾਂਦਾ ਹੈ। ਦਰਜ਼ੀ ਦੀ ਘਰ ਵਾਲੀ ਦਰਜ਼ਨ ਹੁੰਦੀ ਹੈ। ਦਰਜ਼ੀ ਦਾ ਕੰਮ ਕਰਨ ਵਾਲੀ ਇਸਤਰੀ ਨੂੰ ਦਰਜਾਣੀ ਕਿਹਾ ਜਾਂਦਾ ਹੈ। ਇਕ ਪੰਛੀ ਦਾ ਨਾਂ ਵੀ ਦਰਜ਼ਨ ਹੈ ਜੋ ਬਰੀਕ ਬਰੀਕ ਤੀਲਿਆਂ ਨੂੰ ਜੋੜ ਕੇ ਆਲ੍ਹਣਾ ਬਣਾਉਂਦਾ ਹੈ।
ਕਹਿੰਦੇ ਹਨ, ਦਰਜ਼ੀ ਕੈਂਚੀ ਪੈਰਾਂ ਵਿਚ ਰੱਖਦਾ ਹੈ ਕਿਉਂਕਿ ਇਹ ਪਾੜਦੀ ਹੈ ਜਦ ਕਿ ਸੂਈ ਨੂੰ ਸਿਰ ਜਾਂ ਪੱਗ ਤੇ ਰੱਖਣ ਦਾ ਮਾਣ ਬਖਸ਼ਦਾ ਹੈ। ਸਦਾਚਾਰਕ ਕਦਰਾਂ ਕੀਮਤਾਂ ਅਨੁਸਾਰ ਮਨੁਖ ਨੂੰ ਮਨੁਖ ਨਾਲ ਜੋੜਨ ਵਾਲੇ ਨੂੰ ਭਲਾਮਾਣਸ ਮੰਨਿਆ ਜਾਂਦਾ ਹੈ ਜਦ ਕਿ ਲੋਕਾਂ ਨੂੰ ਪਾੜਨ ਵਾਲੇ ਨੂੰ ਭੰਡਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, “ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ॥” ਇਸ ਕਪੜੇ ਨੂੰ ਕੈਂਚੀ ਕਤਰਦੀ ਹੈ, ਦਰਜ਼ੀ ਇਸ ਨੂੰ ਪਾੜਦਾ ਹੈ ਤੇ ਸੂਈ ਧਾਗਾ ਸਿਊਂਦਾ ਹੈ। ਇਥੇ ਲੋਹਾ ਕੈਂਚੀ ਨੂੰ ਕਿਹਾ ਗਿਆ ਹੈ। ਉਂਜ ਦਰਜ਼ੀਆਂ ਦੀ ਭਾਸ਼ਾ ਵਿਚ ਲੋਹਾ ਪਰੈਸ ਯਾਨਿ ਇਸਤਰੀ ਹੈ। ਅੰਗਰੇਜ਼ੀ ਵਿਚ ਵੀ ਇਸ ਲਈ ਆਇਰਨ ਸ਼ਬਦ ਹੈ। ਗੁਰੂ ਨਾਨਕ ਜਿਹੇ ਭਾਵ ਭਾਈ ਗੁਰਦਾਸ ਨੇ ਵੀ ਪ੍ਰਗਟ ਕੀਤੇ ਹਨ,
ਦਰਜ਼ੀ ਪਾੜ ਵਿਗਾੜਦਾ
ਪਾਟਾ ਮੁਲ ਨਾ ਲਹੈ ਵਿਕਾਣਾ।
ਕਤਰਣਿ ਕਤਰੈ ਕਤਰਣੀ
ਹੋਇ ਦੁਮੂਹੀ ਚੜ੍ਹਦੀ ਸਾਣਾ।
ਸੂਈ ਸੀਵੈ ਜੋੜਿ ਕੈ
ਵਿਛੁੜਿਆਂ ਕਰਿ ਮੇਲਿ ਮਿਲਾਣਾ।
ਸੁਲਤਾਨ ਬਾਹੂ ਨੇ ਦਰਜ਼ੀ ਸ਼ਬਦ ਵਰਤਿਆ ਹੈ,
ਬੇ ਬਗ਼ਦਾਦ ਸ਼ਹਿਰ ਦੀ ਕਿਆ ਨਿਸ਼ਾਨੀ
ਉਚੀਆਂ ਲੰਮੀਆਂ ਚੀੜਾਂ ਹੂ।
ਤਨ ਮਨ ਮੇਰਾ ਪੁਰਜ਼ੇ ਪੁਰਜ਼ੇ
ਜਿਉਂ ਦਰਜ਼ੀ ਦੀਆਂ ਲੀਰਾਂ ਹੂ।
ਲੀਰਾਂ ਦੀ ਗਲ ਕਫਨੀ ਪਾ ਕੇ
ਰਲਸਾਂ ਸੰਗ ਫਕੀਰਾਂ ਹੂ।
ਕਹਿੰਦੇ ਹਨ, ਦਰਜ਼ੀ ਸਿਉਣ ਲਈ ਦਿੱਤੇ ਹੋਏ ਕਪੜੇ ‘ਚੋਂ ਕਾਟ ਜ਼ਰੂਰ ਰਖਦਾ ਹੈ। ਕਈ ਹੁਸੀਨ ਔਰਤਾਂ ਜਾਂ ਕੁੜੀਆਂ ਦੇ ਕਪੜੇ ਦੀ ਤਾਂ ਇਕ ਛੋਟੀ ਜਿਹੀ ਟਾਕੀ ਵੀ ਰੱਖ ਲੈਂਦਾ ਹੈ। ਇਸ ਪਿਛੇ ਆਰਥਕ ਨਾਲੋਂ ਮਨੋਵਿਗਿਆਨਕ ਕਾਰਨ ਵਧੇਰੇ ਹੁੰਦੇ ਹਨ। ਰੱਬ ਜਾਣੇਂ। ਦਰਜ਼ੀਆਂ ਦੇ ਗੁਝੇ ਗੁਣ ਜਾਨਣੇ ਹੋਣ ਤਾਂ ਤਾਰਾ ਸਿੰਘ ਕਾਮਿਲ ਦੀ ਇਕ ਕਵਿਤਾ, “ਮੈਂ ਵੀ ਦਰਜ਼ੀ, ਤੂੰ ਵੀ ਦਰਜ਼ੀ” ਜ਼ਰੂਰ ਪੜ੍ਹੋ ਜੋ ਉਸ ਨੇ ਦਿੱਲੀ ਦੇ ਦਰਜ਼ੀ ਪੇਸ਼ੇ ਤੋਂ ਉਪਰ ਉਠੇ ਦੋ ਮਸ਼ਹੂਰ ਸਿੱਖ ਲੀਡਰਾਂ-ਜਥੇਦਾਰ ਸੰਤੋਖ ਸਿੰਘ ਅਤੇ ਜਥੇਦਾਰ ਰਛਪਾਲ ਸਿੰਘ ਦੀ ਆਪਸੀ ਖਹਿਬਾਜ਼ੀ ਅਤੇ ਸ਼ਾਤਰ ਸਿਆਸਤ ਬਾਰੇ ਲਿਖੀ ਸੀ। ਦਰਜ਼ ਸ਼ਬਦ ਅੱਗੋਂ ḔਦਰḔ ਧਾਤੂ ਤੋਂ ਬਣਿਆ ਹੈ ਜਿਸ ਵਿਚ ਫਟਣ, ਕੱਟਣ, ਚੀਰਨ, ਲੰਗਾਰਨ ਆਦਿ ਦੇ ਭਾਵ ਹਨ। ਇਸ ਤੋਂ ਪਾੜ ਖਾਣੇ ਜਾਨਵਰ ਲਈ ਵਰਤਿਆ ਜਾਂਦਾ ਦਰਿੰਦਾ ਸ਼ਬਦ ਬਣਿਆ। ਉਰਦੂ ਫਾਰਸੀ ਦਾ ਦਰੀਦਾ ਸ਼ਬਦ ਵੀ ਇਸੇ ਤੋਂ ਬਣਿਆ ਜਿਸ ਦਾ ਅਰਥ ਹੁੰਦਾ ਹੈ, ਫਟਿਆ। ਪੰਜਾਬ ਦੇ ਮਸ਼ਹੂਰ ਉਰਦੂ ਸ਼ਾਇਰ ਇਬਨੇ ਇੰਸ਼ਾਂ ਦੀਆਂ ਚੰਦ ਲਾਈਨਾਂ ਹਾਜ਼ਰ ਹਨ,
ਇਸ ਦਿਲ ਕੇ ਦਰੀਦਾ ਦਾਮਨ ਮੇਂ
ਦੇਖੋ ਤੋ ਸਹੀ, ਸੋਚੋ ਤੋ ਸਹੀ।
ਜਿਸ ਝੋਲੀ ਮੇਂ ਸੌ ਛੇਦ ਹੂਏ
ਉਸ ਝੋਲੀ ਕੋ ਫੈਲਾਨਾ ਕਯਾ?
—
ਫੈਜ਼ ਕਹਿੰਦਾ ਹੈ,
ਦਰੀਦਾ ਦਿਲ ਹੈ ਸ਼ਹਰ ਮੇਂ
ਕੋਈ ਹਮਾਰੀ ਤਰਹ,
ਕੋਈ ਦਰੀਦਾ ਦਹਨ
ਸ਼ੈਖੇ-ਸ਼ਹਰ ਕੇ ਮਨੰਦ।
ਦਰਾੜ ਸ਼ਬਦ ਵੀ ਇਸੇ ਮੂਲ ਤੋਂ ਵਿਗਸਿਆ ਹੈ ਜਿਸ ਵਿਚ ਤ੍ਰੇੜ ਦਾ ਭਾਵ ਹੈ। ਫਾਰਸੀ ਦਾ ਇਹ ਮੂਲ ਸੰਸਕ੍ਰਿਤ ਦੇ Ḕਦ੍ਰੀḔ ਧਾਤੂ ਦਾ ਸੁਜਾਤੀ ਹੈ ਜਿਸ ਵਿਚ ਇਸ ਤੋਂ ਵਿਕਸਿਤ ਬਹੁਤ ਸਾਰੇ ਸ਼ਬਦ ਮਿਲਦੇ ਹਨ। ਇਸ ਤੋਂ ਇਕ ਸ਼ਬਦ ḔਦਾਰੀḔ ਬਣਿਆ ਹੈ ਜਿਸ ਦਾ ਅਰਥ ਚੀਰ ਸੁੱਟਣ ਵਾਲਾ ਹੁੰਦਾ ਹੈ। ਵਿਕਸਿਤ ਹੋ ਕੇ ਇਹ ਸ਼ਬਦ ਮਿਟਾ ਦੇਣ ਦੇ ਅਰਥ ਵੀ ਦੇਣ ਲੱਗ ਪਿਆ। ਪਿਛੇਤਰ ਵਜੋਂ ਇਸ ਦੀ ਵਰਤੋਂ ਦੇਖੋ, “ਗਈ ਬਹੋੜ ਬੰਦੀ ਛੋੜ ਨਿਰੰਕਾਰੁ ਦੁਖਦਾਰੀ॥” (ਗੁਰੂ ਅਰਜਨ ਦੇਵ) ਪਰਮਾਤਮਾ ਗਵਾਚੀ ਪੂੰਜੀ ਨੂੰ ਵਾਪਸ ਦਿਵਾਣ ਵਾਲਾ ਹੈ, ਮੁਕਤੀਦਾਤਾ ਅਤੇ ਦੁਖਾਂ ਦਾ ਨਾਸ ਕਰਨ ਵਾਲਾ ਹੈ। ਗੁਰੂ ਅਰਜਨ ਦੇਵ ਨੇ ਦਾਰਨ ਸ਼ਬਦ ਵੀ ਵਰਤਿਆ ਹੈ, ਜਿਸ ਦਾ ਅਰਥ ਚੀਰ ਸੁਟਣ ਵਾਲਾ, ਡਾਢਾ ਹੈ, “ਦਾਰਨ ਦੁਖ ਦੁਤਰੁ ਸੰਸਾਰ॥” ਸੰਸਾਰ ਰੂਪੀ ਸਮੁੰਦਰ ਨੂੰ ਪਾਰ ਕਰਨਾ ਡਾਢਾ ਔਖਾ ਕੰਮ ਹੈ। ਦਰਦਰਾ ਸ਼ਬਦ ਵੀ ਇਸੇ ਤੋਂ ਬਣਿਆ ਜਿਸ ਦਾ ਅਰਥ ਮੋਟਾ ਪੀਸਿਆ ਆਟਾ ਹੁੰਦਾ ਹੈ। ਪੰਜਾਬੀ ਦਾ ਦਰੜਨਾ ਅਤੇ ਦਰੜ ਸ਼ਬਦ ਵੀ ਇਸੇ ਦੇ ਨਾਲ ਜਾ ਜੁੜਦੇ ਹਨ। ਦਰਜ਼ੀ ਸ਼ਬਦ ਦੇ ਸਕੇ ਬਹੁਤ ਸਾਰੇ ਸ਼ਬਦ ਕਈ ਹਿੰਦ-ਆਰਿਆਈ ਭਾਸ਼ਾਵਾਂ ਵਿਚ ਮਿਲਦੇ ਹਨ। ਅਸੀਂ ਕੁਝ ਕੁ ਹੀ ਗਿਣਾਏ ਹਨ। ਭਾਰਤੀ ਤੇ ਹੋਰ ਭਾਰੋਪੀ ਭਾਸ਼ਾਵਾਂ ਵਿਚ ਮਿਲਦੇ ਇਸ ਦੇ ਢੇਰ ਸਾਰੇ ਸਹਿਮੂਲਕ ਸ਼ਬਦਾਂ ਦਾ ਜ਼ਿਕਰ ਇਕ ਹੋਰ ਕੜੀ ਵਿਚ ਕਰਾਂਗੇ।
Leave a Reply