ਮਹਾਤਮਾ ਗਾਂਧੀ ਦੀ ਅੰਤਮ ਘੜੀ ਤੇ ਲਾਰਡ ਮਾਊਂਟ ਬੈਟਨ

ਗੁਲਜ਼ਾਰ ਸਿੰਘ ਸੰਧੂ
ਮਹਾਤਮਾ ਗਾਂਧੀ ਨੂੰ ਇਸ ਦੁਨੀਆਂ ਤੋਂ ਕੂਚ ਕੀਤਿਆਂ ਸਾਢੇ ਛੇ ਦਹਾਕੇ ਹੋ ਗਏ ਹਨ ਪਰ ਉਨ੍ਹਾਂ ਦੇ ਨਵੇਂ ਜੀਵਨੀਕਾਰ ਪਰਮੋਦ ਕਪੂਰ ਨੇ ਆਪਣੀ ਪੁਸਤਕ Ḕਮਾਈ ਐਕਸਪੈਰੀਮੈਂਟ ਵਿਦ ਗਾਂਧੀḔ ਵਿਚ ਉਨ੍ਹਾਂ ਦੀ ਅੰਤਮ ਘੜੀ ਦਾ ਹੈਰਾਨ ਕਰਨ ਵਾਲਾ ਚਿਤਰਨ ਪੇਸ਼ ਕੀਤਾ ਹੈ। 125 ਸਾਲ ਜਿਉਣ ਦਾ ਦਾਅਵਾ ਕਰਨ ਵਾਲੇ ਗਾਂਧੀ ਜੀ 80 ਵਰ੍ਹੇ ਦੀ ਉਮਰ ਵਿਚ ਜਨਵਰੀ 1948 ਦੇ ਅੰਤਲੇ ਦਿਨਾਂ ਵਿਚ ਹਰ ਗੱਲ ‘ਤੇ ਇਹ ਕਹਿਣ ਲੱਗ ਪਏ ਸਨ, “ਜੇ ਮੈਂ ਕੱਲ ਤੱਕ ਜੀਵਤ ਰਿਹਾ ਤਾਂ ਇਹ ਵੀ ਕਰ ਲਵਾਂਗੇ।” 29 ਜਨਵਰੀ ਦਾ ਸਾਰਾ ਦਿਨ ਉਨ੍ਹਾਂ ਦੇ ਮਨ ਉਤੇ ਪੰਡਿਤ ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਦਾ ਇਕ ਦੂਜੇ ਦੇ ਉਲਟ ਤੁਰਨਾ ਹਾਵੀ ਰਿਹਾ।
ਸ਼ਾਇਦ ਇਹੀ ਕਾਰਨ ਸੀ ਕਿ ਉਸ ਦਿਨ ਮਹਾਤਮਾ ਗਾਂਧੀ ਨੂੰ ਮਿਲਣ ਵਾਲਿਆਂ ਵਿਚੋਂ ਸਰੋਜਨੀ ਨਾਇਡੂ ਹੀ ਨਹੀਂ ਪੰਡਤ ਨਹਿਰੂ ਦੀ ਭੈਣ ਕ੍ਰਿਸ਼ਨਾ ਹਾਥੀ ਸਿੰਘ, ਧੀ ਇੰਦਰਾ ਤੇ ਉਸ ਦਾ ਚਾਰ ਸਾਲਾ ਬਾਲਕ ਰਾਜੀਵ ਵੀ ਸੀ। ਜੀਵਨੀਕਾਰ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਰਾਜੀਵ ਨੇ ਖੇਡ ਖੇਡ ਵਿਚ ਉਥੇ ਬਿਖਰੇ ਹੋਏ ਫੁੱਲਾਂ ਵਿਚ ਕੁਝ ਫੁੱਲ ਗਾਂਧੀ ਜੀ ਦੇ ਪੈਰਾਂ ਉਤੇ ਧਰ ਦਿੱਤੇ ਸਨ ਤਾਂ ਗਾਂਧੀ ਨੇ ਉਸ ਦਾ ਕੰਨ ਮਰੋੜ ਕੇ ਇਹ ਕਿਹਾ ਸੀ, Ḕਅਜਿਹਾ ਅਮਲ ਤਾਂ ਮ੍ਰਿਤਕ ਦੇਹਾਂ ਨਾਲ ਕਰੀਦਾ ਹੈ ਕਾਕਾ!Ḕ
ਉਸ ਰਾਤ ਉਨ੍ਹਾਂ ਨੂੰ ਨੀਂਦ ਵੀ ਚੰਗੀ ਨਹੀਂ ਸੀ ਆਈ। ਉਹ ਸਵੇਰੇ ਸਾਢੇ ਤਿੰਨ ਵਜੇ ਹੀ ਜਾਗ ਪਏ ਸਨ। ਉਨ੍ਹਾਂ ਦੇ ਦਿਮਾਗ ਉਤੇ ਕਾਂਗਰਸ ਵਿਚਲੀ ਖਹਿਬਾਜ਼ੀ ਵੀ ਹਾਵੀ ਸੀ। ਖਾਸ ਕਰਕੇ ਨਹਿਰੂ ਤੇ ਪਟੇਲ ਵਾਲੀ। 30 ਜਨਵਰੀ ਨੂੰ ਸ਼ਾਮ ਦੇ ਚਾਰ ਵਜੇ ਜਦੋਂ ਉਨ੍ਹਾਂ ਦੇ ਜੱਦੀ ਖੇਤਰ ਕਾਠੀਆਵਾੜ ਦੇ ਦੋ ਨੇਤਾ ਅਚਾਨਕ ਹੀ ਮਿਲਣ ਆਏ ਤਾਂ ਉਨ੍ਹਾਂ ਕੋਲ ਸਰਦਾਰ ਪਟੇਲ ਆਪਣੀ ਬੇਟੀ ਮਨੀਬੇਨ ਸਮੇਤ ਆਪਣਾ ਦੁੱਖ ਰੋ ਰਿਹਾ ਸੀ। ਕਾਠੀਆਵਾੜੀ ਨੇਤਾਵਾਂ ਲਈ ਉਚੇਰੇ ਉਨ੍ਹਾਂ ਦੇ ਬੋਲ ਵੀ ਇਲਹਾਮੀ ਸਨ, “ਉਨ੍ਹਾਂ ਨੂੰ ਕਹਿ ਦਿਓ ਕਿ ਮੈਂ ਪ੍ਰਾਰਥਨਾ ਸਭਾ ਤੋਂ ਪਿੱਛੋਂ ਹੀ ਮਿਲਾਂਗਾ, ਉਹ ਵੀ ਤਦ ਜੇ ਮੈਂ ਜੀਵਤ ਰਿਹਾ।” ਅਸਲ ਵਿਚ ਉਹ ਪਟੇਲ ਦੀ ਗਿਲਾ ਗੁਜ਼ਾਰੀ ਸੁਣਨ ਦੀ ਥਾਂ ਉਸ ਨੂੰ ਕਾਠੀਆਵਾੜ ਦੀਆਂ ਗੱਲਾਂ ਦੱਸੀ ਜਾ ਰਹੇ ਸਨ ਜਿਥੇ ਉਨ੍ਹਾਂ ਦਾ ਪਿਤਾ ਕਰਮਚੰਦ ਦੀਵਾਨ ਰਹਿ ਚੁੱਕਾ ਸੀ। ਇਹ ਅਜਿਹੀ ਮਨਹੂਸ ਘੜੀ ਸੀ ਕਿ ਇਕ ਪਾਸੇ ਪਟੇਲ ਆਪਣਾ ਅਸਤੀਫਾ ਚੁਕੀ ਫਿਰਦਾ ਸੀ, ਦੂਜੇ ਪਾਸੇ ਨੱਥੂ ਰਾਮ ਗੌਡਸੇ ਆਪਣੀ ਬੁੱਕਲ ਵਿਚ ਪਿਸਤੌਲ ਲੈ ਕੇ ਪਹੁੰਚਿਆ ਹੋਇਆ ਸੀ।
ਗਾਂਧੀ, ਨਹਿਰੂ ਤੇ ਪਟੇਲ ਦੇ ਮਨਾਂ ਦੀ ਬੁੱਝਣ ਵਾਲਾ ਉਥੇ ਕੋਈ ਵੀ ਨਹੀਂ ਸੀ। ਉਧਰ ਲਾਰਡ ਮਾਊਂਟ ਬੈਟਨ ਨੇ ਵੀ ਸਮਾਂ ਮੰਗ ਰਖਿਆ ਸੀ। ਉਸ ਨੇ ਮਹਾਤਮਾ ਗਾਂਧੀ ਕੋਲੋਂ ਨਹਿਰੂ ਤੇ ਪਟੇਲ ਨੂੰ ਮਿਲ ਕੇ ਕੰਮ ਕਰਨ ਲਈ ਕਹਾਉਣਾ ਸੀ। ਗਾਂਧੀ ਜੀ ਨੇ ਉਸ ਨੂੰ ਵੀ ਪ੍ਰਾਰਥਨਾ ਸਭਾ ਤੋਂ ਪਿੱਛੋਂ ਦਾ ਸਮਾਂ ਦੇ ਰੱਖਿਆ ਸੀ। ਮੌਲਾਨਾ ਆਜ਼ਾਦ ਨੇ ਵੀ ਆਪਣੇ ਤੌਰ ‘ਤੇ ਇਸ ਸਮੇਂ ਇਥੇ ਹੀ ਸਾਰਿਆਂ ਨੂੰ ਮਿਲਣਾ ਸੀ।
ਅਚਾਨਕ ਹੀ ਚਾਰ ਚੁਫੇਰੇ ਏਨਾ ਕੁਝ ਵਾਪਰ ਰਿਹਾ ਸੀ ਕਿ ਸਮੇਂ ਦੀ ਪਾਬੰਦੀ ਲਈ ਜਾਣੇ ਜਾਂਦੇ ਮਹਾਤਮਾ ਗਾਂਧੀ ਪ੍ਰਾਰਥਨਾ ਸਭਾ ਤੋਂ ਪੰਦਰਾਂ ਮਿੰਟ ਲੇਟ ਹੋ ਗਏ। ਜਦੋਂ ਉਨ੍ਹਾਂ ਨੂੰ ਸਹਾਰਾ ਦੇ ਕੇ ਤੋਰਨ ਵਾਲੀਆਂ ਕੁੜੀਆਂ ਮਨੂੰ ਤੇ ਆਭਾ ਵਿਚੋਂ ਇੱਕ ਨੇ ਮਹਾਤਮਾ ਗਾਂਧੀ ਨੂੰ ਹੱਥ ਘੜੀ ਦਿਖਾਈ ਤਾਂ ਉਹ Ḕਬਾਕੀ ਸਭ ਕੁਝ ਫੇਰḔ ਕਹਿ ਕੇ ਅਚਾਨਕ ਹੀ ਉਠ ਕੇ ਤੁਰ ਪਏ। ਉਹ ਕੀ ਜਾਣਦੇ ਸਨ ਕਿ ਉਨ੍ਹਾਂ ਨੂੰ ਪ੍ਰਣਾਮ ਕਰਨ ਵਾਲੇ ਨੱਥੂ ਰਾਮ ਨੇ ਉਨ੍ਹਾਂ ਦੀ ਛਾਤੀ ਵਿਚ ਤਿੰਨ ਗੋਲੀਆਂ ਦਾਗ ਦੇਣੀਆਂ ਹਨ। ਅੱਖ ਦੇ ਫੋਰ ਵਿਚ ਏਨਾ ਕੁਝ ਵਾਪਰ ਗਿਆ ਸੀ ਕਿ ਨੱਥੂ ਰਾਮ ਨੂੰ ਮੋਢਿਆਂ ਤੋਂ ਫੜ ਕੇ ਰੱਖਣ ਵਾਲਾ ਹਰਬਰਟ ਰੀਨਰ ਨਾਂ ਦਾ ਉਹ ਅਮਰੀਕਨ ਸੀ ਜਿਸ ਨੇ ਚਾਰ-ਪੰਜ ਘੰਟੇ ਪਹਿਲਾਂ ਹੀ ਅਮਰੀਕੀ ਦੂਤਾਵਾਸ ਵਿਚ ਆਪਣੀ ਨਵੀਂ ਨੌਕਰੀ Ḕਤੇ ਹਾਜ਼ਰੀ ਭਰੀ ਸੀ ਤੇ ਪ੍ਰਾਰਥਨਾ ਸਭਾ ਰਾਹੀਂ ਮਹਾਤਮਾ ਗਾਂਧੀ ਤੋਂ ਆਸ਼ੀਰਵਾਦ ਲੈਣ ਆਇਆ ਸੀ।
ਮਹਾਤਮਾ ਗਾਂਧੀ ਦੀ ਹੱਤਿਆ ਵਾਲੀ ਖਬਰ ਏਨੀ ਤੇਜ਼ੀ ਨਾਲ ਫੈਲੀ ਸੀ ਕਿ ਸਰਦਾਰ ਪਟੇਲ ਮੁੜਦੇ ਪੈਰੀਂ ਪਰਤ ਆਇਆ ਸੀ ਤੇ ਗਾਂਧੀ ਦਾ ਪੁੱਤਰ ਦੇਵਦਾਸ ਤੇ ਪੋਤਰਾ ਗੋਪਾਲ ਵੀ ਪਹੁੰਚ ਗਏ ਸਨ। ਉਨ੍ਹਾਂ ਨੇ ਦੇਖਿਆ ਕਿ ਪ੍ਰਧਾਨ ਮੰਤਰੀ ਨਹਿਰੂ ਆਪਣਾ ਮੂੰਹ ਗਾਂਧੀ ਦੀ ਲਹੂ ਭਿੱਜੀ ਚਾਦਰ ਵਿਚ ਦੇ ਕੇ ਬੱਚਿਆਂ ਵਾਂਗ ਰੋ ਰਿਹਾ ਹੈ। ਪਟੇਲ ਤੇ ਨਹਿਰੂ ਇਕ ਦੂਜੇ ਦੇ ਸਾਹਮਣੇ ਹੋਏ ਤਾਂ ਮਾਊਂਟ ਬੈਟਨ ਦੇ ਮੂੰਹੋਂ ਇਹ ਵਾਕ ਸੁਣ ਕੇ ਕਿ ਗਾਂਧੀ ਜੀ ਦੇ ਮਨ ਉਤੇ ਉਨ੍ਹਾਂ ਨੂੰ ਮਿਲਾ ਕੇ ਤੋਰਨਾ ਬਹੁਤ ਭਾਰੂ ਸੀ। ਉਹ ਦੋਵੇਂ ਇਕ ਦੂਜੇ ਨੂੰ ਜੱਫੀ ਪਾ ਕੇ ਭੁੱਬੀਂ ਰੋ ਪਏ, ਕੁਝ ਇਸ ਤਰ੍ਹਾਂ ਜਿਵੇਂ ਦੋਨਾਂ ਦਾ ਪਿਤਾ ਤੁਰ ਗਿਆ ਹੋਵੇ।
ਜਿਸ ਮਹਾਤਮਾ ਤੋਂ ਆਪਣੇ ਜੀਵਤ ਹੁੰਦਿਆਂ ਸਰਦਾਰ ਪਟੇਲ ਤੇ ਪੰਡਤ ਨਹਿਰੂ ਦੀ ਜੱਫੀ ਨਹੀਂ ਸੀ ਪੁਆਈ ਗਈ, ਉਸ ਦੀ ਹੱਤਿਆ ਨੇ ਪੁਆ ਦਿੱਤੀ ਸੀ। ਇਸ ਘੜੀ ਮਾਊਂਟ ਬੈਟਨ ਦਾ ਇਕ ਹੋਰ ਯੋਗਦਾਨ ਇਸ ਤੋਂ ਵੀ ਵੱਡਾ ਸੀ। ਉਹ ਇਹ ਕਿ ਜਦੋਂ ਉਸ ਨੇ ਭੀੜ ਵਿਚੋਂ ਕਿਸੇ ਸਿਰਫਿਰੇ ਦੇ ਮੂੰਹੋਂ ਹਤਿਆਰੇ ਨੂੰ ਮੁਸਲਮਾਨ ਕਿਹਾ ਜਾਣਾ ਸੁਣਿਆ ਤਾਂ ਉਸ ਨੇ ਉਚੀ ਆਵਾਜ਼ ਵਿਚ Ḕਸ਼ਟ ਅੱਪḔ ਕਹਿ ਕੇ ਉਸ ਨੂੰ ਚੁੱਪ ਕਰਾ ਛੱਡਿਆ ਸੀ। ਉਸ ਮਾਹੌਲ ਵਿਚ ḔਮੁਸਲਮਾਨḔ ਸ਼ਬਦ ਦੀ ਗੂੰਜ ਕਿਹੋ ਜਿਹੀ ਆਫਤ ਲਿਆ ਸਕਦੀ ਸੀ, ਇੰਦਰਾ ਗਾਂਧੀ ਦੀ ਹੱਤਿਆ ਤੋਂ ਪਿੱਛੋਂ Ḕਸਿੱਖ ਬਾਡੀਗਾਰਡḔ ਦੀ ਗੂੰਜ ਤੋਂ ਉਪਜੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਵਾਲੇ ਜਾਣਦੇ ਹਨ। ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਉਸ ਨਾਜ਼ਕ ਘੜੀ ਹਤਿਆਰੇ ਦੇ ਮੋਢੇ ਫੜਨ ਵਾਲਾ ਵੀ ਵਿਦੇਸ਼ੀ ਸੀ ਤੇ ਮੁਸਲਮਾਨ ਸ਼ਬਦ ਉਤੇ ਲੀਕ ਫੇਰਨ ਵਾਲਾ ਵੀ। ਇਸ ਲਈ ਨਹੀਂ ਕਿ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਸਗੋਂ ਇਸ ਲਈ ਕਿ ਉਹੀਓ ਸਨ ਜਿਹੜੇ ਆਪਣੇ ਪੈਰਾਂ ਉਤੇ ਖੜ੍ਹੇ ਸਨ। ਮਹਾਤਮਾ ਦੀ ਹੱਤਿਆ ਨੇ ਬਾਕੀ ਸਭਨਾਂ ਦੇ ਪੈਰਾਂ ਥਲਿਓਂ ਮਿੱਟੀ ਪੁੱਟ ਛੱਡੀ ਸੀ।
ਅੰਤਿਕਾ: (ਮਿਰਜ਼ਾ ਗ਼ਾਲਿਬ)
ਸੰਭਲਨੇ ਦੇ ਮੁਝੇ ਐ ਨਾਉਮੀਦੀ
ਕਿਆ ਕਿਆਮਤ ਹੈ,
ਕਿ ਦਾਮਨ-ਏ-ਖਿਆਲ-ਏ-ਯਾਰ
ਛੂਟਾ ਜਾਏ ਹੈ ਮੁੱਝ ਸੇ।

Be the first to comment

Leave a Reply

Your email address will not be published.