ਸੰਘਰਸ਼ ਦੀ ਸਿਆਸਤ ਅਤੇ ਸਟੇਟ

ਪੈਰੋਲ ਉਤੇ ਬਾਹਰ ਆਏ ਬੰਦੀ ਸਿੱਖ ਫਿਰ ਜੇਲ੍ਹਾਂ ਵਿਚ ਪਰਤਣੇ ਸ਼ੁਰੂ ਹੋ ਗਏ ਹਨ। ਕੁਰੂਕਸ਼ੇਤਰ ਦੇ ਨੌਜਵਾਨ ਗੁਰਬਖਸ਼ ਸਿੰਘ ਦੀ ਤਕਰੀਬਨ ਡੇਢ ਮਹੀਨਾ ਲੰਮੀ ਭੁੱਖ ਹੜਤਾਲ ਤੋਂ ਬਾਅਦ ਇਨ੍ਹਾਂ ਸਿੱਖਾਂ ਦੀ ਰਿਹਾਈ ਸੰਭਵ ਹੋਈ ਸੀ। ਇਹ ਉਹ ਕੈਦੀ ਸਨ ਜਿਨ੍ਹਾਂ ਦੀ ਸਜ਼ਾ ਖਤਮ ਹੋ ਚੁੱਕੀ ਹੈ ਪਰ ਅਜੇ ਵੀ ਜੇਲ੍ਹਾਂ ਦੇ ਅੰਦਰ ਹਨ। ਉਸ ਵੇਲੇ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਖਤਮ ਕਰਵਾਉਣ ਲਈ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਮੋਹਰੀ ਭੂਮਿਕਾ ਨਿਭਾਈ ਸੀ। ਜਥੇਦਾਰ ਅਤੇ ਇਨ੍ਹਾਂ ਆਗੂਆਂ ਨੇ ਭਰੋਸਾ ਦਿਵਾਇਆ ਸੀ ਕਿ ਇਨ੍ਹਾਂ ਬੰਦੀਆਂ ਦੀ ਪੱਕੀ ਰਿਹਾਈ ਲਈ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਗੁਰਬਖਸ਼ ਸਿੰਘ ਨੇ ਆਪਣਾ ਮੋਰਚਾ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਅਰੰਭ ਕੀਤਾ ਸੀ। ਉਸ ਦੇ ਇਸ ਮੋਰਚੇ ਨੂੰ ਪਹਿਲਾਂ ਤਾਂ ਨਾ ਮੀਡੀਏ ਅਤੇ ਨਾ ਹੀ ਸਿਆਸੀ ਆਗੂਆਂ ਨੇ ਬਹੁਤਾ ਗੌਲਿਆ ਸੀ, ਪਰ ਉਸ ਦਾ ਹਠ ਇਸ ਸੰਘਰਸ਼ ਨੂੰ ਬਹੁਤ ਅਗਾਂਹ ਤੱਕ ਲੈ ਗਿਆ ਅਤੇ ਸਿਆਸੀ ਆਗੂਆਂ ਨੂੰ ਖੁਦ ਉਸ ਕੋਲ ਅੱਪੜਨਾ ਪੈ ਗਿਆ। ਇਥੋਂ ਹੀ ਸਿਆਸੀ ਲਾਹਿਆਂ ਦੀ ਦਾਸਤਾਨ ਵੀ ਅਰੰਭ ਹੋ ਗਈ। ਗਰਮ-ਖਿਆਲ ਧੜਿਆਂ ਦਾ ਦਾਈਆ ਸੀ ਕਿ ਇਸ ਸੰਘਰਸ਼ ਨੂੰ ਸਿਆਸਤ ਦੀ ਪੁੱਠ ਦਿੱਤੀ ਜਾਵੇ। ਕੁਝ ਹੋਰ ਦਾ ਕਹਿਣਾ ਸੀ ਕਿ ਇਸ ਸੰਘਰਸ਼ ਨੂੰ ਮਨੁੱਖੀ ਹੱਕਾਂ ਦੇ ਮੁੱਦੇ ਨਾਲ ਜੋੜ ਕੇ ਅੱਗੇ ਵਧਾਇਆ ਜਾਵੇ। ਇਸ ਬਾਰੇ ਕੁਝ ਧੜਿਆਂ ਵਿਚਕਾਰ ਕੁਝ ਮੱਤਭੇਦ ਵੀ ਉਭਰ ਕੇ ਸਾਹਮਣੇ ਆਏ ਪਰ ਇਨ੍ਹਾਂ ਮੱਤਭੇਦਾਂ ਦੇ ਬਾਵਜੂਦ ਗੁਰਬਖਸ਼ ਸਿੰਘ ਦੇ ਇਸ ਸੰਘਰਸ਼ ਨੂੰ ਹੌਲੀ-ਹੌਲੀ ਕਰ ਕੇ ਭਰਪੂਰ ਸਮਰਥਨ ਮਿਲਿਆ। ਗੁਰਬਖਸ਼ ਸਿੰਘ ਦਾ ਇਹ ਸੰਘਰਸ਼ ਮੀਡੀਏ ਦੇ ਕਥਿਤ ਵਿਤਕਰੇ ਨੂੰ ਪਾਰ ਕਰ ਕੇ ਲੋਕਾਂ ਦੇ ਦਿਲਾ ਤੱਕ ਪੁੱਜਣ ਵਿਚ ਸਫਲ ਰਿਹਾ। ਵੱਖ-ਵੱਖ ਸ਼ਖਸੀਅਤਾਂ ਅਤੇ ਜਥੇਬੰਦੀਆਂ ਨੇ ਵੀ ਇਸ ਸੰਘਰਸ਼ ਦੀ ਬਣਦੀ-ਸਰਦੀ ਹਮਾਇਤ ਕੀਤੀ ਅਤੇ ਪੂਰੇ ਜ਼ੋਰ ਨਾਲ ਹਾਅ ਦਾ ਨਾਅਰਾ ਮਾਰਿਆ। ਇਨ੍ਹਾਂ ਸ਼ਖਸੀਅਤਾਂ ਅਤੇ ਜਥੇਬੰਦੀਆਂ ਦੇ ਨਾਲ-ਨਾਲ ਮੀਡੀਏ ਦੇ ਇਕ ਹਿੱਸੇ ਨੇ ਇਹ ਨੁਕਤਾ ਬਹੁਤ ਜ਼ੋਰ-ਸ਼ੋਰ ਨਾਲ ਉਭਾਰਿਆ ਕਿ ਇਸ ਸੰਘਰਸ਼ ਨੂੰ ਹੁਣ ਹੋਰ ਮੋਕਲਾ ਕੀਤਾ ਜਾਵੇ ਤਾਂ ਕਿ ਇਸ ਨੂੰ ਸਾਬੋਤਾਜ ਕਰਨ ਦੀ ਹਰ ਚਾਲ ਨੂੰ ਪੈਂਦੀ ਸੱਟੇ ਹੀ ਪਛਾੜਿਆ ਜਾ ਸਕੇ। ਇਹ ਸੰਘਰਸ਼ 6 ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਨਾਲ ਸ਼ੁਰੂ ਹੋਇਆ ਸੀ ਪਰ ਮਗਰੋਂ ਮੀਡੀਏ ਵਿਚ ਅਜਿਹੇ ਹੋਰ 100 ਤੋਂ ਵੱਧ ਕੇਸਾਂ ਦਾ ਖੁਲਾਸਾ ਹੋਇਆ ਜਿਹੜੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹਾਂ ਅੰਦਰ ਸੜ ਰਹੇ ਸਨ। ਇਹੀ ਉਹ ਮੋੜ ਸੀ ਜਿਥੇ ਇਸ ਸੰਘਰਸ਼ ਦੇ ਸੰਚਾਲਕਾਂ ਨੇ ਦੋ-ਟੁਕ ਫੈਸਲਾ ਕਰਨਾ ਸੀ। ਇਹੀ ਉਹ ਮੋੜ ਸੀ ਜਿਥੋਂ ਸੰਘਰਸ਼ ਦੀ ਅਗਲੀ ਰੂਪ-ਰੇਖਾ ਲਈ ਰਾਹ ਬਣਨਾ ਸੀ, ਪਰ ਐਨ ਇਸੇ ਵਕਤ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਨਾਲ ਜੁੜੇ ਲੋਕ ਧੁਸ ਦੇ ਕੇ ਆਏ, ਤੇ ਡੇਢ ਮਹੀਨੇ ਤੋਂ ਚੱਲ ਰਹੇ ਸੰਘਰਸ਼ ਨੂੰ ਖਿੱਚ ਕੇ ਆਪਣੇ ਪਾਲੇ ਵਿਚ ਲੈ ਗਏ। ਹੁਣ ਨਤੀਜਾ ਸਭ ਦੇ ਸਾਹਮਣੇ ਹੈ। ਬੰਦੀ ਸਿੱਖ ਇਕ ਇਕ ਕਰ ਕੇ ਫਿਰ ਜੇਲ੍ਹਾਂ ਵਿਚ ਬੰਦ ਹੋਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਦੀ ਪੱਕੀ ਰਿਹਾਈ ਬਾਰੇ ਫੈਸਲਾ ਅਜੇ ਵੀ ਕਿਸੇ ਤਣ-ਪੱਤਣ ਨਹੀਂ ਲੱਗਿਆ। ਇਨ੍ਹਾਂ ਵੱਲੋਂ ਅਦਾਲਤ ਵਿਚ ਕੀਤੀ ਚਾਰਾਜੋਈ ਵੀ ਸਿਫਰ ਹੋ ਕੇ ਰਹਿ ਗਈ ਹੈ।
ਹੁਣ ਗੁਰਬਖਸ਼ ਸਿੰਘ ਦਾ ਇਕ ਵਾਰ ਫਿਰ ਬਿਆਨ ਆਇਆ ਹੈ ਕਿ ਜੇ ਸਰਕਾਰ ਨੇ ਸਜ਼ਾ ਕੱਟ ਚੁੱਕੇ ਇਨ੍ਹਾਂ ਸਿੱਖਾਂ ਨੂੰ ਰਿਹਾ ਨਾ ਕੀਤਾ ਤਾਂ ਉਹ ਆਪਣਾ ਸੰਘਰਸ਼ ਮੁੜ ਸ਼ਰੂ ਕਰ ਦੇਵੇਗਾ। ਉਸ ਨੇ ਅਕਾਲ ਤਖਤ ਦੇ ਜਥੇਦਾਰ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਆਗੂਆਂ ਵੱਲੋਂ ਦਿੱਤਾ ਭਰੋਸਾ ਵੀ ਯਾਦ ਕਰਵਾਇਆ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਾਂ ਇਸ ਮੁੱਦੇ ਬਾਰੇ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਗੁਰਬਖਸ਼ ਸਿੰਘ ਨੂੰ ਬੰਦੀ ਸਿੱਖਾਂ ਦੀ ਪੈਰੋਲ ‘ਤੇ ਰਿਹਾਈ ਦਾ ਭਰੋਸਾ ਦਿੱਤਾ ਸੀ ਅਤੇ ਨਾਲ ਹੀ ਕਿਹਾ ਸੀ ਕਿ ਬੰਦੀਆਂ ਦੀ ਪੱਕੀ ਰਿਹਾਈ ਵੱਖ-ਵੱਖ ਕੇਸਾਂ ਨਾਲ ਸਬੰਧਤ ਕਾਨੂੰਨੀ ਅੜਿੱਕੇ ਦੂਰ ਕਰਨ ਤੋਂ ਬਾਅਦ ਹੀ ਸੰਭਵ ਹੋਵੇਗੀ, ਇਸ ਬਾਰੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਕ ਲਿਹਾਜ ਨਾਲ ਉਨ੍ਹਾਂ ਨੇ ਆਪਣੇ ਵੱਲੋਂ ਭਰੋਸੇ ਦੀ ਗੱਲ ਨਿਬੇੜ ਦਿੱਤੀ ਹੈ। ਦਰਅਸਲ ਇਸ ਮਾਮਲੇ ਵਿਚ ਸਮਝਣ ਵਾਲਾ ਪੱਖ ਇਹ ਹੈ ਕਿ ਇਹ ਕੋਈ ਸਾਧਾਰਨ ਮਾਮਲਾ ਨਹੀਂ। ਇਸ ਨਾਲ ਸਟੇਟ ਅਤੇ ਸਟੇਟ ਨੂੰ ਚਲਾ ਰਹੇ ਕਾਰਿੰਦੇ ਜੁੜੇ ਹੋਏ ਹਨ। ਇਸੇ ਕਰ ਕੇ ਗੁਰਬਖਸ਼ ਸਿੰਘ ਦੇ ਸੰਘਰਸ਼ ਨੂੰ ਵਾਚ ਰਹੀਆਂ ਸੰਜੀਦਾ ਧਿਰਾਂ, ਇਸ ਸੰਘਰਸ਼ ਨੂੰ ਮੋਕਲਾ ਕਰਨ ਲਈ ਅਹੁਲ ਰਹੀਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸੰਘਰਸ਼ ਦਾ ਘੇਰਾ ਜਿੰਨਾ ਵੱਧ ਵਿਸ਼ਾਲ ਅਤੇ ਮੋਕਲਾ ਹੋਵੇਗਾ, ਸਟੇਟ ਦੀ ਮਾਰ ਉਤਨੀ ਹੀ ਘੱਟ ਹੋਵੇਗੀ। ਜ਼ਰਾ ਕੁ ਗਹਿਰਾਈ ਨਾਲ ਸੋਚਿਆ ਜਾਵੇ ਤਾਂ ਇਹ ਤੱਥ ਸਾਫ ਹੋ ਜਾਂਦਾ ਹੈ ਕਿ ਸਟੇਟ ਤਾਂ ਦਿਨ-ਰਾਤ ਆਪਣਾ ਕੰਮ ਕਰ ਰਹੀ ਹੈ ਅਤੇ ਸੰਘਰਸ਼ਸ਼ੀਲ ਧਿਰਾਂ ਦਾ ਫਰਜ਼ ਸਟੇਟ ਦੀ ਹਰ ਚਾਲ ਪਛਾੜ ਕੇ ਪਹਿਲ ਹਾਸਲ ਕਰਨਾ ਹੁੰਦਾ ਹੈ। ਇਸ ਕਾਰਜ ਲਈ ਸਰਗਰਮੀ ਦੇ ਨਾਲ-ਨਾਲ, ਲੀਡਰਸ਼ਿਪ ਦੇ ਪੈਂਤੜੇ ਬਹੁਤ ਮਾਇਨੇ ਰੱਖਦੇ ਹਨ। ਗੁਰਬਖਸ਼ ਸਿੰਘ ਦੇ ਹਠ ਨੇ ਲੀਡਰਸ਼ਿਪ ਨੂੰ ਇਸ ਰਾਹ ਉਤੇ ਪੈਣ ਦਾ ਰਾਹ ਵੀ ਦਿਖਾਇਆ ਸੀ, ਪਰ ਗੱਲ ਬਣੀ ਨਹੀਂ। ਇਸੇ ਕਰ ਕੇ ਡੇਢ ਮਹੀਨੇ ਦਾ ਸੰਘਰਸ਼ ਇਕ ਵਾਰ ਫਿਰ ਉਸੇ ਥਾਂ ਤੋਂ ਸ਼ੁਰੂ ਕਰਨ ਦੀ ਨੌਬਤ ਆ ਗਈ ਹੈ। ਵਧੀਕੀਆਂ ਖਿਲਾਫ ਲੜਨਾ ਮਨੁੱਖ ਦੀ ਫਿਤਰਤ ਹੈ, ਇਹ ਕਾਰਜ ਰਹਿੰਦੀ ਦੁਨੀਆਂ ਤੱਕ ਚੱਲਦਾ ਰਹਿਣਾ ਹੈ ਪਰ ਇਹ ਮੋਰਚਾ ਉਦੋਂ ਹੀ ਫਤਿਹ ਹੁੰਦਾ ਹੈ ਜਦੋਂ ਚੱਲ ਰਹੇ ਸੰਘਰਸ਼ ਦੀ ਲੀਡਰਸ਼ਿਪ, ਸਟੇਟ ਨਾਲੋਂ ਕਿਤੇ ਵੱਧ ਉਚੀ ਉਡਾਣ ਭਰਦੀ ਹੈ। ਜਿੰਨੀ ਦੇਰ ਇਹ ਉਡਾਣ ਸਟੇਟ ਦੀਆਂ ਚਾਲਾਂ ਤੋਂ ਪਾਰ ਨਹੀਂ ਜਾਂਦੀ, ਸੰਘਰਸ਼ਾਂ ਦੇ ਰਾਹ ਇਸੇ ਤਰ੍ਹਾਂ ਹੋਰ ਦਿਸ਼ਾ ਵੱਲ ਮੋੜੇ ਜਾਂਦੇ ਰਹਿਣਗੇ। ਇਹ ਸਮੇਂ ਦਾ ਸੱਚ ਹੈ, ਇਸ ਨੂੰ ਜਿੰਨੀ ਛੇਤੀ ਕੋਈ ਧਿਰ ਸਮਝ ਲਵੇਗੀ, ਉਤਨੀ ਹੀ ਛੇਤੀ ਵਧੀਕੀਆਂ ਦੀਆਂ ਜ਼ੰਜੀਰਾਂ ਵੱਢੀਆਂ ਜਾ ਸਕਣਗੀਆਂ।

Be the first to comment

Leave a Reply

Your email address will not be published.